ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਹਾਰਾਜਾ ਰਣਜੀਤ ਸਿੰਘ: ਅੱਛਾ ਰੱਜ ਕੇ ਰਾਜ ਕਮਾਇ ਗਿਆ

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,/ ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।/ ਮੁਲਤਾਨ, ਕਸ਼ਮੀਰ, ਪਸ਼ੌਰ, ਚੰਬਾ,/ ਜੰਮੂ, ਕਾਂਗੜਾ ਕੋਟ ਨਿਵਾਇ ਗਿਆ।/ ਹੋਰ ਦੇਸ਼ ਲੱਦਾਖ ਤੇ ਚੀਨ ਤੋੜੀ,/ ਸਿੱਕਾ ਆਪਣੇ ਨਾਮ ਚਲਾਇ ਗਿਆ।/ ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ/ ਅੱਛਾ ਰੱਜ ਕੇ ਰਾਜ...
Advertisement

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,/ ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।/ ਮੁਲਤਾਨ, ਕਸ਼ਮੀਰ, ਪਸ਼ੌਰ, ਚੰਬਾ,/ ਜੰਮੂ, ਕਾਂਗੜਾ ਕੋਟ ਨਿਵਾਇ ਗਿਆ।/ ਹੋਰ ਦੇਸ਼ ਲੱਦਾਖ ਤੇ ਚੀਨ ਤੋੜੀ,/ ਸਿੱਕਾ ਆਪਣੇ ਨਾਮ ਚਲਾਇ ਗਿਆ।/ ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ/ ਅੱਛਾ ਰੱਜ ਕੇ ਰਾਜ ਕਮਾਇ ਗਿਆ।

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਸ਼ਾਹ ਮੁਹੰਮਦ ਵੱਲੋਂ ਲਿਖੀਆਂ ਗਈਆਂ ਇਹ ਸਤਰਾਂ ਬਿਲਕੁਲ ਸੱਚ ਹਨ। ਪੰਜਾਬੀ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਬਾਤਾਂ ਪਾਉਂਦੇ ਥੱਕਦੇ ਨਹੀਂ।

Advertisement

ਬਾਰਾਂ ਨਵੰਬਰ 1780 ਨੂੰ ਗੁੱਜਰਾਂਵਾਲਾ ਵਿਖੇ ਪਿਤਾ ਮਹਾਂ ਸਿੰਘ ਦੇ ਘਰ ਰਣਜੀਤ ਸਿੰਘ ਦਾ ਜਨਮ ਹੋਇਆ। ਰਣਜੀਤ ਸਿੰਘ ਦੀ ਅਗਵਾਈ ਹੇਠ ਪੰਜਾਬੀਆਂ ਨੇ ਦੱਰਾ ਖ਼ੈਬਰ ਰਾਹੀਂ ਹੁੰਦੇ ਹਮਲਿਆਂ ਨੂੰ ਸਦਾ ਲਈ ਬੰਦ ਕਰ ਦਿੱਤਾ ਅਤੇ ਇੱਕ ਵਿਸ਼ਾਲ ਖ਼ਾਲਸਾ ਰਾਜ ਨੂੰ ਕਾਇਮ ਕਰਕੇ ਇਤਿਹਾਸ ਸਿਰਜ ਦਿੱਤਾ।

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਏਨਾ ਵਿਸ਼ਾਲ ਸੀ ਕਿ ਇੱਕ ਪਾਸੇ ਉਸ ਦੀਆਂ ਹੱਦਾਂ ਕਰਾਕੋਰਮ ਦੀ ਪਹਾੜੀਆਂ, ਉੱਤਰ-ਪੂਰਬ ਵਿੱਚ ਗਿਲਗਿਤ, ਲੱਦਾਖ ਦੇ ਇਲਾਕੇ ਤੇ ਪੂਰਬ ਵੱਲ ਸਤਲੁਜ ਦਰਿਆ ਅਤੇ ਦੱਖਣ ਵਿੱਚ ਮੁਲਤਾਨ ਤੋਂ ਅੱਗੇ ਘਾਰਾ ਦਾ ਇਲਾਕਾ ਸੀ। ਇਸ ਤੋਂ ਇਲਾਵਾ ਪੱਛਮ ਵਿੱਚ ਖ਼ੈਬਰ ਦੱਰੇ ਸਮੇਤ ਸੁਲੇਮਾਨ ਪਰਬਤ ਲੜੀ ਤੋਂ ਸਿੰਧ ਦੇ ਸ਼ਿਕਾਰਪੁਰ ਤੱਕ ਹੱਦ ਫੈਲੀ ਹੋਈ ਸੀ। ਇਤਿਹਾਸਕਾਰ ਦੱਸਦੇ ਹਨ ਕਿ ਸਰਕਾਰ-ਏ-ਖ਼ਾਲਸਾ ਦੇ ਰਾਜ ਦਾ ਕੁੱਲ ਖੇਤਰਫਲ 1 ਲੱਖ ਵਰਗ ਮੀਲ ਤੋਂ ਵੀ ਵਧੇਰੇ ਸੀ। ਸੰਨ 1839 ਵਿੱਚ ਸਰਕਾਰ-ਏ-ਖ਼ਾਲਸਾ ਦੀ ਸਾਲਾਨਾ ਆਮਦਨ 3 ਕਰੋੜ ਰੁਪਏ ਤੋਂ ਵੀ ਵੱਧ ਸੀ।

ਸ਼ੇਰ-ਏ-ਪੰਜਾਬ ਦੇ ਰਾਜ ਵਿੱਚ ਭਾਵੇਂ ਮਰਦਮਸ਼ੁਮਾਰੀ ਤਾਂ ਨਹੀਂ ਹੁੰਦੀ ਸੀ ਪਰ ਇੱਕ ਅਨੁਮਾਨ ਅਨੁਸਾਰ ਖ਼ਾਲਸਾ ਰਾਜ ਵਿੱਚ 35 ਲੱਖ ਦੇ ਕਰੀਬ ਆਬਾਦੀ ਸੀ।

ਹਾਲਾਂਕਿ ਅੰਗਰੇਜ਼ ਅਫਸਰ ਵਾਨ ਓਰਲਿਚ ਨੇ ਆਬਾਦੀ 50 ਲੱਖ, ਹੈਨਰੀ ਲਾਰੈਂਸ ਨੇ 15 ਲੱਖ, ਸਮਿੱਥ ਨੇ 50 ਲੱਖ ਅਤੇ ਫ਼ਕੀਰ ਸੱਯਦ ਵਹੀਦ-ਉਦ-ਦੀਨ ਨੇ 53 ਲੱਖ 50 ਹਜ਼ਾਰ ਦੱਸੀ ਹੈ। ਧਰਮ ਆਧਾਰਿਤ ਆਬਾਦੀ ਅਨੁਪਾਤ ਦੀ ਗੱਲ ਕਰੀਏ ਤਾਂ ਕੁੱਲ ਵਸੋਂ ਵਿੱਚੋਂ ਅੱਧੇ ਤੋਂ ਜ਼ਿਆਦਾ ਮੁਸਲਿਮ ਸਨ ਜਦੋਂਕਿ ਦੋ-ਤਿਹਾਈ ਹਿੰਦੂ ਅਤੇ ਇੱਕ-ਤਿਹਾਈ ਸਿੱਖ ਸਨ।

ਖ਼ਾਲਸਾ ਰਾਜ ਵਿੱਚ ਹਰ ਤਰ੍ਹਾਂ ਦੇ ਮੌਸਮ ਸਨ। ਇੱਕ ਪਾਸੇ ਮੁਲਤਾਨ ਸੂਬੇ ਦੇ ਇਲਾਕਿਆਂ ਵਿੱਚ ਅਤਿ ਦੀ ਗਰਮੀ ਪੈ ਰਹੀ ਹੁੰਦੀ ਤਾਂ ਦੂਜੇ ਪਾਸੇ ਉਸੇ ਸਮੇਂ ਕਸ਼ਮੀਰ ਤੇ ਲੱਦਾਖ ਦੇ ਪਹਾੜਾਂ ਉੱਪਰ ਬਰਫ਼ ਪੈ ਰਹੀ ਹੁੰਦੀ ਸੀ।

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਅੱਠ ਸੂਬਿਆਂ ਵਿੱਚ ਵੰਡਿਆ ਹੋਇਆ ਸੀ। ਜਿਨ੍ਹਾਂ ਦੇ ਨਾਮ ਲਾਹੌਰ, ਜਲੰਧਰ, ਕਾਂਗੜਾ ਦੇ ਪਹਾੜੀ ਇਲਾਕੇ, ਜੰਮੂ, ਕਸ਼ਮੀਰ, ਪਿਸ਼ਾਵਰ, ਗੁਜਰਾਤ (ਵਜ਼ੀਰਾਬਾਦ) ਅਤੇ ਮੁਲਤਾਨ ਸਨ। ਹਰੇਕ ਸੂਬੇ ਨੂੰ ਅੱਗੋਂ ਪਰਗਣਿਆਂ ਵਿੱਚ ਵੰਡਿਆ ਹੁੰਦਾ ਸੀ। ਅਤੇ ਪਰਗਣਿਆਂ ਨੂੰ ਅੱਗੇ ਤੁਅੱਲਕਾ ਵਿੱਚ। ਇੱਕ ਤੁਅੱਲਕਾ ਵਿੱਚ 50 ਤੋਂ 100 ਪਿੰਡ ਹੁੰਦੇ ਸਨ।

ਅਜੋਕੇ ਸਮੇਂ ਵਿੱਚ ਜਿਵੇਂ ਕਿਸੇ ਦੇਸ਼ ਵਿੱਚ ਰਾਸ਼ਟਰਪਤੀ ਦਾ ਅਹੁਦਾ ਹੁੰਦਾ ਹੈ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਵਿੱਚ ਉਹ ਮੁਕਾਮ ਰੱਖਦੇ ਸਨ।

ਉਨ੍ਹਾਂ ਕੋਲ ਅਜੋਕੇ ਪ੍ਰਧਾਨ ਮੰਤਰੀ ਵਾਂਗ ਸਰਕਾਰ ਦੀਆਂ ਸਾਰੀਆਂ ਤਾਕਤਾਂ ਹੁੰਦੀਆਂ ਸਨ ਅਤੇ ਉਹ ਸੁਪਰੀਮ ਕੋਰਟ ਦੇ ਮੁੱਖ ਜੱਜ ਵਾਂਗ ਵੀ ਸਾਰੀਆਂ ਤਾਕਤਾਂ ਰੱਖਦੇ ਸਨ।

ਇਸ ਸਭ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਨੇ ਕਦੇ ਵੀ ਕਿਸੇ ਤਾਨਾਸ਼ਾਹ ਵਾਂਗ ਵਿਹਾਰ ਨਹੀਂ ਕੀਤਾ। ਉਨ੍ਹਾਂ ਦਾ ਰਾਜ ਸਿੱਖ ਧਰਮ ਦੇ ਅਸੂਲਾਂ ਅਨੁਸਾਰ ‘ਹਲੇਮੀ ਰਾਜ’ ਸੀ ਅਤੇ ਉਹ ਆਪਣੇ ਆਪ ਨੂੰ ਪਰਜਾ ਦਾ ਸੇਵਕ ਸਮਝਦੇ ਸਨ। ਇੱਥੋਂ ਤੱਕ ਕਿ ਕੋਈ ਗ਼ਲਤੀ ਹੋਣ ’ਤੇ ਉਹ ਇੱਕ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖਾਂ ਦੀ ਕੇਂਦਰੀ ਜਥੇਬੰਦੀ ਨੂੰ ਜੁਆਬਦੇਹ ਸਨ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਰਣਜੀਤ ਸਿੰਘ ਦਾ ਰਾਜ ਬਿਲਕੁਲ ਨਹੀਂ ਕਿਹਾ ਸਗੋਂ ਉਨ੍ਹਾਂ ਨੇ ਆਪਣੀ ਹਕੂਮਤ ਨੂੰ ‘ਸਰਕਾਰ-ਏ-ਖ਼ਾਲਸਾ’ ਦਾ ਨਾਮ ਦਿੱਤਾ ਸੀ। ਭਾਵ ਖ਼ਾਲਸਿਆਂ ਦਾ ਰਾਜ।

ਇਹ ਰਾਜ ਪੂਰੀ ਤਰ੍ਹਾਂ ਧਰਮ ਨਿਰਪੱਖ ਸੀ। ਦਰਅਸਲ, ਸਿੱਖ ਧਰਮ ਦੇ ਅਸੂਲ ‘ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ’ ਦੇ ਹਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਪ੍ਰਧਾਨ ਮੰਤਰੀ ਧਿਆਨ ਸਿੰਘ ਡੋਗਰਾ, ਜਮਾਂਦਾਰ ਖ਼ੁਸ਼ਹਾਲ ਸਿੰਘ, ਰਾਜਾ ਸੁਚੇਤ ਸਿੰਘ, ਵਿਦੇਸ਼ ਮੰਤਰੀ ਫ਼ਕੀਰ ਅਜ਼ੀਜ਼-ਉਦ-ਦੀਨ, ਫ਼ਕੀਰ ਨੂਰ-ਉਦ-ਦੀਨ ਅਤੇ ਵਿੱਤ ਮੰਤਰੀ ਦੀਵਾਨ ਦੀਨਾ ਨਾਥ ਸਨ।

ਰਣਜੀਤ ਸਿੰਘ ਸਾਰੇ ਵਿਭਾਗਾਂ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਰੱਖਦੇ ਸਨ। ਜਦੋਂ ਕਦੇ ਕੋਈ ਮੁਸ਼ਕਿਲ ਆਉਂਦੀ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਹੁਕਮਨਾਮਾ ਲੈ ਕੇ ਅਗਵਾਈ ਲੈਂਦੇ ਸਨ।

ਮਹਾਰਾਜਾ ਰਣਜੀਤ ਸਿੰਘ ਅਤੇ ਉਨ੍ਹਾਂ ਦਾ ਰਾਜ ਏਨਾ ਹਰਮਨ-ਪਿਆਰਾ ਕਿਉਂ ਸੀ, ਇਹ ਮਹਾਰਾਜਾ ਰਣਜੀਤ ਸਿੰਘ ਦੀ ਜ਼ੁਬਾਨੀ ਹੀ ਜਾਣਿਆ ਜਾ ਸਕਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ 5 ਮਈ 1830 ਨੂੰ ਇੱਕ ਪੱਤਰ ਰਾਹੀਂ ਮੇਜਰ ਲਾਰੈਂਸ (ਜਿਸ ਨੇ ਇੱਕ ਨਵੀਂ ਖ਼ਾਲਸਾ ਰੈਜਮੈਂਟ ਦਾ ਚਾਰਜ ਲਿਆ ਸੀ) ਨੂੰ ਆਪਣੀਆਂ ਸਫ਼ਲਤਾਵਾਂ ਤੇ ਪ੍ਰਾਪਤੀਆਂ ਦਾ ਸਾਰ ਹੇਠ ਲਿਖੇ ਸ਼ਬਦਾਂ ਵਿੱਚ ਲਿਖਿਆ ਸੀ, ਜੋ ਉਨ੍ਹਾਂ ਦੇ ਚਰਿੱਤਰ ਦਾ ਸ਼ੀਸ਼ਾ ਹੈ।

ਮਹਾਰਾਜਾ ਰਣਜੀਤ ਸਿੰਘ ਪੱਤਰ ਵਿੱਚ ਲਿਖਦੇ ਹਨ: ‘ਮੇਰੀ ਬਾਦਸ਼ਾਹੀ ਇੱਕ ਮਹਾਨ ਬਾਦਸ਼ਾਹੀ ਹੈ, ਪਹਿਲਾਂ ਇਹ ਨਿੱਕੀ ਜਿਹੀ ਸੀ, ਹੁਣ ਇਹ ਵੱਡੀ ਤੇ ਵਿਸ਼ਾਲ ਹੈ, ਪਹਿਲਾਂ ਇਹ ਛਿੰਨ-ਭਿੰਨ, ਟੁੱਟੀ-ਭੱਜੀ ਤੇ ਵੰਡੀ ਵਿਹਾਜੀ ਹੋਈ ਸੀ, ਹੁਣ ਇਹ ਬਿਲਕੁਲ ਸੰਗਠਿਤ ਹੈ। ਇਸ ਨੂੰ ਹੋਰ ਉੱਨਤ ਤੇ ਪ੍ਰਫੁੱਲਿਤ ਹੋਣਾ ਚਾਹੀਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਸੇ ਵਿੱਚ ਇਸੇ ਤਰ੍ਹਾਂ ਸੰਪੂਰਨ ਤੇ ਸੰਗਠਿਤ ਰੂਪ ਵਿੱਚ ਮਿਲਣੀ ਚਾਹੀਦੀ ਹੈ। ਮੈਂ ਇਹ ਰਾਜ-ਭਾਗ ਵਾਹਿਗੁਰੂ ਦੀ ਮਿਹਰ ਤੇ ਉਸ ਦੇ ਬਖ਼ਸ਼ੇ ਹੋਏ ਬਲ ਤੇ ਬੁੱਧੀ ਰਾਹੀਂ ਫ਼ਤਿਹ ਕੀਤਾ ਹੈ। ਮੈਂ ਆਪਣੀ ਹਕੂਮਤ ਨੂੰ ਉਦਾਰਤਾ, ਜ਼ਬਤ ਤੇ ਨੀਤੀ ਨਾਲ ਬਾਕਾਇਦਾ ਤੇ ਸੰਗਠਿਤ ਬਣਾਇਆ ਹੈ। ਮੈਂ ਦਲੇਰ ਲੋਕਾਂ ਨੂੰ ਇਨਾਮ ਦਿੱਤੇ ਹਨ, ਯੋਗਤਾ ਨੂੰ ਜਿੱਥੇ ਤੇ ਜਦੋਂ ਵੀ ਉਹ ਨਜ਼ਰ ਆਈ ਹੈ, ਉਤਸ਼ਾਹਿਤ ਕੀਤਾ ਹੈ ਅਤੇ ਰਣਭੂਮੀ ਵਿੱਚ ਸੂਰਬੀਰਾਂ ਨੂੰ ਵਡਿਆਇਆ ਹੈ। ਮੈਂ ਸਭ ਖ਼ਤਰਿਆਂ ਤੇ ਥਕੇਵਿਆਂ ਵਿੱਚ ਆਪਣੀ ਫ਼ੌਜ ਦੇ ਅੰਗ-ਸੰਗ ਰਿਹਾ ਹਾਂ। ਮੈਂ ਪੱਖਪਾਤੀ ਰੁਚੀ ਨੂੰ ਨਾ ਮੰਤਰੀ ਮੰਡਲ ਵਿੱਚ ਤੇ ਨਾ ਹੀ ਕਦੇ ਰਣਭੂਮੀ ਵਿੱਚ ਆਪਣੇ ਹਿਰਦੇ ਅੰਦਰ ਦਾਖ਼ਲ ਹੋਣ ਦਿੱਤਾ ਹੈ। ਮੈਂ ਆਪਣੀ ਸੁਖ-ਸੁਵਿਧਾ ਵੱਲੋਂ ਸਦਾ ਬੇਧਿਆਨਾ ਰਿਹਾ ਹਾਂ ਤੇ ਸ਼ਹਿਨਸ਼ਾਹੀ ਖ਼ਿਲਅਤ ਪਹਿਨਣ ਦੇ ਨਾਲ-ਨਾਲ ਮੈਂ ਲੋਕਾਂ ਲਈ ਚਿੰਤਾ ਤੇ ਖ਼ਬਰਦਾਰੀ ਦਾ ਵੇਸ ਹੁਸ਼ਿਆਰੀ ਨਾਲ ਪਹਿਨਿਆ ਹੈ। ਮੈਂ ਫ਼ਕੀਰਾਂ ਤੇ ਧਰਮੀ ਪੁਰਸ਼ਾਂ ਦੀ ਸੇਵਾ ਕਰਦਾ ਰਿਹਾ ਹਾਂ ਅਤੇ ਉਨ੍ਹਾਂ ਦੀਆਂ ਅਸੀਸਾਂ ਪ੍ਰਾਪਤ ਕਰਦਾ ਰਿਹਾ ਹਾਂ। ਮੈਂ ਦੋਸ਼ੀਆਂ ਨੂੰ ਵੀ ਨਿਰਦੋਸ਼ਾਂ ਵਾਂਗ ਹੀ ਬਖ਼ਸ਼ ਦਿੰਦਾ ਰਿਹਾ ਹਾਂ ਅਤੇ ਜਿਹੜੇ ਬੰਦਿਆਂ ਨੇ ਮੇਰੀ ਜ਼ਾਤ ਵਿਰੁੱਧ ਵੀ ਹੱਥ ਉਠਾਇਆ ਹੈ, ਉਨ੍ਹਾਂ ਉੱਪਰ ਵੀ ਮੈਂ ਦਇਆ ਕੀਤੀ ਹੈ। ਸ੍ਰੀ ਅਕਾਲ ਪੁਰਖ ਜੀ ਆਪਣੇ ਸੇਵਕ ਉੱਤੇ ਇਸੇ ਲਈ ਦਿਆਲੂ ਰਹੇ ਹਨ ਤੇ ਉਸ ਦੀ ਰਾਜ ਸ਼ਕਤੀ ਵਿੱਚ ਵਾਧਾ ਕਰਦੇ ਰਹੇ ਹਨ। ਇੱਥੋਂ ਤੱਕ ਕਿ ਉਸ ਦੇ ਰਾਜ ਦਾ ਵਿਸਤਾਰ ਹੁਣ ਚੀਨ ਤੇ ਅਫ਼ਗ਼ਾਨਿਸਤਾਨ ਦੀਆਂ ਸਰਹੱਦਾਂ ਤੱਕ ਹੋ ਗਿਆ ਹੈ ਤੇ ਇਸ ਵਿੱਚ ਸਤਲੁਜੋਂ ਪਾਰ ਦੀਆਂ ਉਪਜਾਊ ਬਸਤੀਆਂ ਵੀ ਸ਼ਾਮਿਲ ਹਨ।’

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਲਿਖੇ ਪੱਤਰ ਦਾ ਇੱਕ-ਇੱਕ ਸ਼ਬਦ ਉਨ੍ਹਾਂ ਦੀ ਅਤੇ ਖ਼ਾਲਸਾ ਰਾਜ ਦੀ ਮਹਾਨਤਾ ਨੂੰ ਦਰਸਾਉਂਦਾ ਹੈ। ਮੇਜਰ ਲਾਰੈਂਸ ਨੇ ਖ਼ੁਦ ਇਸ ਪੱਤਰ ਬਾਬਤ ਲਿਖਿਆ ਸੀ ਕਿ ‘ਇਹ ਕੇਵਲ ਪੱਤਰ ਨਹੀਂ, ਇਹ ਮਹਾਰਾਜੇ ਦੇ ਆਪਣੇ ਚਰਿੱਤਰ ਦਾ ਸ਼ੀਸ਼ਾ ਹੈ, ਜਿਸ ਵਿੱਚ ਰਣਜੀਤ ਸਿੰਘ ਦਾ ਆਪਣੇ ਆਪ ਬਾਬਤ ਦਿੱਤਾ ਹੋਇਆ ਇਹ ਬਿਆਨ ਇੱਕ ਮਹੱਤਵਪੂਰਨ ਨਿਰਣਾ ਹੈ ਜੋ ਕਿ ਇਤਿਹਾਸਕ ਤੇ ਯਾਦਗਾਰੀ ਪੱਤਰ ਬਣ ਕੇ ਰਹਿ ਗਿਆ ਹੈ’।

ਮਹਾਰਾਜਾ ਰਣਜੀਤ ਸਿੰਘ ਏਨੇ ਕਾਬਲ ਸਨ ਕਿ ਸੰਸਾਰ ਭਰ ਦੇ ਲੋਕ ਅੱਜ ਵੀ ਉਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਬਹਾਦਰ ਅਤੇ ਯੋਗ ਹੁਕਮਰਾਨ ਮੰਨਦੇ ਹਨ। ਮਹਾਰਾਜਾ ਰਣਜੀਤ ਸਿੰਘ ਦੀ ਇਹ ਦਿਲੀ ਇੱਛਾ ਸੀ ਕਿ ਖ਼ਾਲਸਾ ਰਾਜ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਸੇ ਵਿੱਚ ਇਸੇ ਤਰ੍ਹਾਂ ਸੰਪੂਰਨ ਤੇ ਸੰਗਠਿਤ ਰੂਪ ਵਿੱਚ ਮਿਲੇ ਪਰ ਅਫ਼ਸੋਸ ਮਹਾਰਾਜੇ ਦੀ ਮੌਤ ਦੇ ਨਾਲ ਹੀ ਖ਼ਾਲਸਾ ਰਾਜ ਢਹਿ-ਢੇਰੀ ਹੋ ਗਿਆ ਅਤੇ ਮਹਾਰਾਜੇ ਦੇ ਚਲਾਣੇ ਤੋਂ ਬਾਅਦ ਦਸ ਸਾਲਾਂ ਵਿੱਚ ਏਨੀ ਤੇਜ਼ੀ ਨਾਲ ਕਈ ਘਟਨਾਵਾਂ ਵਾਪਰ ਗਈਆਂ, ਜਿੰਨੀਆਂ 10 ਦਹਾਕਿਆਂ ਵਿੱਚ ਵਾਪਰਦੀਆਂ ਹਨ। ਦੇਖਦਿਆਂ ਹੀ ਦੇਖਦਿਆਂ ਸਰਕਾਰ-ਏ-ਖ਼ਾਲਸਾ ਦਾ ਰਾਜ ਇਤਿਹਾਸ ਬਣ ਕੇ ਰਹਿ ਗਿਆ।

ਸਰਕਾਰ-ਏ-ਖ਼ਾਲਸਾ ਅਸਲ ਵਿੱਚ ਪੰਜਾਬੀਆਂ ਦਾ ਆਪਣਾ ਰਾਜ ਸੀ। ਇਸ ਰਾਜ ਵਿੱਚ ਹਰ ਕੋਈ ਖ਼ੁਸ਼ਹਾਲ ਸੀ ਅਤੇ ਪੰਜਾਬ ਨੇ ਪਹਿਲੀ ਵਾਰ ਅਮਨ-ਸ਼ਾਂਤੀ ਤੇ ਹਲੇਮੀ ਰਾਜ ਦਾ ਅਨੰਦ ਮਾਣਿਆ ਸੀ। ਇਹੀ ਕਾਰਨ ਹੈ ਕਿ ਪੰਜਾਬੀ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਨੂੰ ਸੁਨਹਿਰੀ ਦੌਰ ਦੱਸਦੇ ਹੋਏ ਉਸ ਦੇ ਰਾਜ ਦੀਆਂ ਬਾਤਾਂ ਪਾਉਂਦੇ ਹਨ।

ਸੰਪਰਕ: 98155-77574

Advertisement
Show comments