ਮਾਧੁਰੀ ਨੇ ਬੌਲੀਵੁੱਡ ’ਚ ਮਿਹਨਤਾਨਾ ਨਾਬਰਾਬਰੀ ਬਾਰੇ ਕੀਤੀ ਚਰਚਾ
ਬੌਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਫਿਲਮ ਸਨਅਤ ਵਿੱਚ ਮਿਹਨਤਾਨੇ ’ਚ ਨਾਬਰਾਬਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਇਥੇ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਤਨਖਾਹ ਦਾ ਪਾੜਾ ਭਾਵੇਂ ਸਾਰੇ ਪੇਸ਼ਿਆਂ ’ਚ ਆਮ ਜਿਹੀ ਗੱਲ ਹੈ ਪਰ ਇਸ ’ਚ ਬਰਾਬਰਤਾ ਲਈ ਲੜਾਈ ਵੀ ਲੜੀ ਜਾ ਰਹੀ ਹੈ। ਬਰਾਬਰ ਮਿਹਨਤਾਨੇ ਲਈ ਸੰਘਰਸ਼ ਸਾਰੇ ਖੇਤਰਾਂ ਵਿੱਚ ਮਹੱਤਵਪੂਰਨ ਚਿੰਤਾ ਦਾ ਵਿਸ਼ਾ ਹੈ। ਮਾਧੁਰੀ, ਜਿਸ ਨੇ ਸ਼ਾਹਰੁਖ ਖਾਨ, ਸਲਮਾਨ ਖਾਨ, ਆਮਿਰ ਖਾਨ, ਅਨਿਲ ਕਪੂਰ ਅਤੇ ਸੰਜੇ ਦੱਤ ਵਰਗੇ ਪ੍ਰਮੁੱਖ ਬੌਲੀਵੁੱਡ ਸਿਤਾਰਿਆਂ ਨਾਲ ਸਕ੍ਰੀਨ ਸਾਂਝੀ ਕੀਤੀ ਹੈ, ਨੇ ਕਿਹਾ ਕਿ ਉਸ ਨੂੰ ਆਪਣੇ ਸਿਖਰਲੇ ਸਾਲਾਂ ਦੌਰਾਨ ਕਦੇ ਬਰਾਬਰ ਮਿਹਨਤਾਨੇ ਲਈ ਦਾਅਵਾ ਕਰਨ ਦੀ ਜ਼ਰੂਰਤ ਪਈ ਸੀ।
ਮਾਧੁਰੀ ਨੇ ਕਿਹਾ, ‘‘ਔਰਤਾਂ ਲਈ ਇਹ ਅਸੰਤੁਲਨ ਵਿਆਪਕ ਹੈ।’ ਉਸ ਨੇ ਕਿਹਾ ਕਿ ਔਰਤਾਂ ਨੂੰ ਅਦਾਕਾਰਾਂ ਨਾਲੋਂ ਵੱਧ ਮਿਹਨਤਾਨਾ ਮਿਲਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਅਦਾਕਾਰਾ ਭੂਮੀ ਪੇਡਨੇਕਰ, ਕ੍ਰਿਤੀ ਸੈਨਨ, ਦੀਪਿਕਾ ਪਾਦੂਕੋਨ, ਪ੍ਰਿਯੰਕਾ ਚੋਪੜਾ ਅਤੇ ਹੋਰਨਾਂ ਸਮੇਤ ਕਈ ਪ੍ਰਮੁੱਖ ਅਭਿਨੇਤਰੀਆਂ ਨੇ ਇਸ ਪਾੜੇ ਅਤੇ ਢਾਂਚਾਗਤ ਅਸਮਾਨਤਾਵਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।
