ਲੜੀ ਨੰਬਰ 13

ਮਡਾਹੜ ਦੀ ਕਹਾਣੀ ‘ਏਕਲਵਯ’

ਮਡਾਹੜ ਦੀ ਕਹਾਣੀ ‘ਏਕਲਵਯ’

ਗੁਰਮੇਲ ਮਡਾਹੜ ਦੀ ਸੰਪਾਦਤ ਕਿਤਾਬ ਦਾ ਟਾਈਟਲ।

ਪ੍ਰਿੰ. ਸਰਵਣ ਸਿੰਘ

ਐਤਕੀਂ ਇਸ ਕਾਲਮ ਵਿਚ ਪ੍ਰਿੰਸੀਪਲ ਸਰਵਣ ਸਿੰਘ ਨੇ ਕਹਾਣੀਕਾਰ ਗੁਰਮੇਲ ਮਡਾਹੜ ਦੀ ਕਹਾਣੀ ‘ਏਕਲਵਯ’ ਨਾਲ ਸਾਂਝ ਪੁਆਈ ਹੈ। ਪੰਜਾਬੀ ਕਹਾਣੀ ਜਗਤ ਵਿਚ ਗੁਰਮੇਲ ਮਡਾਹੜ (1 ਜੁਲਾਈ 1945-28 ਨਵੰਬਰ 2011) ਦੀ ਆਪਣੀ ਵੱਖਰੀ ਪਛਾਣ ਹੈ। ਉਨ੍ਹਾਂ ਨੇ 100 ਤੋਂ ਵੱਧ ਕਿਤਾਬਾਂ ਦੀ ਰਚਨਾ ਕੀਤੀ। ਇਨ੍ਹਾਂ ਵਿਚ ਕਹਾਣੀ ਸੰਗ੍ਰਹਿ ‘ਅਣਗੌਲੇ ਆਦਮੀ’, ‘ਜਾਗਦੇ ਲੋਕ’, ‘ਕੱਚੇ ਕੋਠਿਆਂ ਦੇ ਵਾਸੀ’, ‘ਜੰਗ ਜਾਰੀ ਹੈ’, ‘ਧਰਤੀ ਲਹੂ-ਲੁਹਾਣ’, ‘ਅਸੀਂ ਹਾਰੇ ਨਹੀਂ’, ‘ਕੀੜੀਆਂ’, ‘ਸਾਜ਼ਿਸ਼ੀ ਹਵਾ’, ‘ਜੁਗਨੂੰਆਂ ਦੀ ਤਲਾਸ਼’, ‘ਮਹਾਂਬਲੀ’, ‘ਤੀਸਰੀ ਅੱਖ ਦਾ ਜਾਦੂ’, ‘ਇਖ਼ਲਾਕ ਗੁੰਮ ਹੈ’ ਪ੍ਰਮੁੱਖ ਹਨ। ਉਨ੍ਹਾਂ ਦੀਆਂ ਕਹਾਣੀਆਂ ਵਿਚ ਫੈਂਟੇਸੀ ਦਾ ਨਿਵੇਕਲਾ ਰੰਗ ਉੱਘੜਦਾ ਹੈ। ਉਨ੍ਹਾਂ ਕਵਿਤਾ ਵੀ ਲਿਖੀ ਅਤੇ ‘ਮੈਂ ਕਦੋਂ ਚਾਹਿਆ ਸੀ’ ਨਾਂ ਦਾ ਕਾਵਿ ਸੰਗ੍ਰਹਿ ਵੀ ਛਪਵਾਇਆ। ਇਸ ਤੋਂ ਇਲਾਵਾ ਉਨ੍ਹਾਂ ਨਾਵਲ ‘ਸਮੇਂ ਸਮੇਂ ਦੀਆਂ ਗੱਲਾਂ’, ਸ਼ਬਦ ਚਿੱਤਰਾਂ ਦੀ ਕਿਤਾਬ ‘ਸੂਰਜਾਂ ਦੀ ਸੱਥ’ ਤੇ ‘ਕਲਮੀ ਯੋਧੇ’ ਦੀ ਰਚਨਾ ਕੀਤੀ।

ਗੁਰਮੇਲ ਮਡਾਹੜ ਆਲਰਾਊਂਡਰ ਸੰਗਰੂਰੀਆ ਸੀ। ਆਪਣੇ ਸ਼ਹਿਰ ਨੂੰ ਮੁੱਕੇਬਾਜ਼ਾਂ ਦਾ ਮੱਕਾ ਕਿਹਾ ਕਰਦਾ ਸੀ। ਉਹ ਕਵੀ, ਕਹਾਣੀਕਾਰ, ਨਾਵਲਕਾਰ, ਸ਼ਬਦ ਚਿੱਤਰ-ਕਾਰ, ਸਫ਼ਰਨਾਮੀਆ, ਅਨੁਵਾਦਕ, ਸੰਪਾਦਕ, ਸਾਹਿਤ ਸਭੀਆ, ਸਮਾਜ ਸੇਵੀ ਅਤੇ ਪੰਜਾਬ ਪੱਧਰ ਦਾ ਮੁੱਕੇਬਾਜ਼ ਵੀ ਸੀ। ਉਸ ਨੇ ਪੰਜਾਬੀ, ਹਿੰਦੀ, ਉਰਦੂ ਤੇ ਗੁਜਰਾਤੀ ਵਿਚ ਸੌ ਦੇ ਕਰੀਬ ਕਿਤਾਬਾਂ ਛਪਵਾਈਆਂ। ਉਹ ਕਵੀ ਦਰਬਾਰਾਂ ਦਾ ਵੀ ਸ਼ਿੰਗਾਰ ਬਣਦਾ ਰਿਹਾ ਅਤੇ ਖੇਡ ਮੇਲਿਆਂ ਦੀਆਂ ਰੌਣਕਾਂ ਵਿਚ ਵੀ ਵਾਧਾ ਕਰਦਾ ਰਿਹਾ। ਉਸ ਨੂੰ ਦਰਜਨ ਦੇ ਕਰੀਬ ਸਾਹਿਤਕ ਮਾਣ ਸਨਮਾਨ ਮਿਲੇ। ਉਸ ਦੀਆਂ ਪੁਸਤਕਾਂ ਉਤੇ ਦਰਜਨ ਦੇ ਕਰੀਬ ਐੱਮਫਿੱਲ ਥੀਸਸ ਲਿਖੇ ਗਏ। ਉਹ 1 ਜੁਲਾਈ 1945 ਤੋਂ 28 ਨਵੰਬਰ 2011 ਤਕ ਜੀਵਿਆ ਅਤੇ ਆਪਣੀਆਂ ਵਿਸ਼ੇਸ਼ ਪੈੜਾਂ ਛੱਡ ਗਿਆ। ਉਹਦਾ ਨਾਂ ‘ਗੁਰਮੇਲ’ ਉਹਦੇ ਸੁਭਾਅ ਵਾਂਗ ਕੋਮਲ ਤੇ ਮੇਲ ਮਿਲਾਪ ਵਾਲਾ ਸੀ ਅਤੇ ਤਖੱਲਸ ‘ਮਡਾਹੜ’ ਉਹਦੀਆਂ ਖੜ੍ਹਵੀਆਂ ਮੁੱਛਾਂ ਵਰਗਾ ਖਰ੍ਹਵਾ। ਉਹ ਜਿੰਨਾ ਚਿਰ ਜੀਵਿਆ, ਟਹਿਕਦੇ ਫੁੱਲ ਵਾਂਗ ਜੀਵਿਆ ਤੇ ਮਹਿਕਾਂ ਵੰਡਦਾ ਅਚਨਚੇਤ ਲੋਪ ਹੋ ਗਿਆ। ਜਾਂਦਾ ਜਾਂਦਾ ਪੰਜਾਬੀ ਖੇਡ ਸਾਹਿਤ ਵਿਚ ਵੀ ਆਪਣਾ ਸੀਰ ਪਾ ਗਿਆ।

ਪੰਜਾਬੀ ਖੇਡ ਸਾਹਿਤ ਵਿਚ ਗਲਪੀ ਰੰਗ ਭਰਨ ਵਾਲਾ ਉਹ ਪਹਿਲਾ ਲੇਖਕ ਕਿਹਾ ਜਾ ਸਕਦਾ ਹੈ। ਉਸ ਨੇ ਵੱਖ ਵੱਖ ਭਾਸ਼ਾਵਾਂ ਦੀਆਂ ਬਿਹਤਰੀਨ ਖੇਡ ਕਹਾਣੀਆਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਅਤੇ ‘ਸੰਸਾਰ ਦੀਆਂ ਪ੍ਰਸਿੱਧ ਖੇਡ ਕਹਾਣੀਆਂ’ ਨਾਂ ਦਾ ਸੰਗ੍ਰਹਿ ਛਪਵਾਇਆ। ਉਸ ਨੇ ਰੂਸ, ਇੰਗਲੈਂਡ, ਕੈਨੇਡਾ, ਅਮਰੀਕਾ, ਪੁਰਤਗਾਲ, ਨਿਊਜ਼ੀਲੈਂਡ, ਫਰਾਂਸ, ਪਾਕਿਸਤਾਨ, ਜਰਮਨੀ, ਬਰਤਾਨੀਆ ਤੇ ਬਰਾਜ਼ੀਲ ਦੇ 21 ਲੇਖਕਾਂ ਦੀਆਂ 21 ਖੇਡ ਕਹਾਣੀਆਂ ਤੋਂ ਪੰਜਾਬੀ ਪਾਠਕਾਂ ਨੂੰ ਜਾਣੰ ਕਰਵਾਇਆ। 22ਵੀਂ ਕਹਾਣੀ ਉਸ ਨੇ ਆਪਣੀ ਲਿਖੀ ਸ਼ਾਮਲ ਕੀਤੀ। ਸੰਗ੍ਰਹਿ ਦੀਆਂ ਕਹਾਣੀਆਂ ਦੇ ਨਾਂ ਹੀ ਖੇਡ ਸ਼ਬਦਾਬਲੀ ਵਾਲੇ ਹਨ। ਮਸਲਨ ਖ਼ੂਨੀ ਮੈਚ, ਖਿਡਾਰੀ ਦਾ ਦਿਲ, ਸ਼ਤਰੰਜ ਦੀ ਚਾਲ, ਆਖ਼ਰੀ ਦੰਗਲ, ਆਖ਼ਰੀ ਦੌੜ, ਆਫ਼ ਸਾਈਡ, ਇਕ ਖਿਡਾਰੀ ਦੀ ਡਾਇਰੀ ‘ਚੋਂ, ਮੁਕਾਬਲਾ, ਸਭ ਤੋਂ ਵੱਡਾ ਪਹਿਲਵਾਨ, ਬਾਜ਼ੀ, ਹਾਰਿਆ ਹੋਇਆ ਆਦਮੀ, ਤੈਰਾਕੀ ਮੁਕਾਬਲੇ ਦਾ ਅੰਤ, ਟੇਕ ਆਫ਼, ਕ੍ਰਿਕਟ ਦਾ ਉਹ ਅਭੁੱਲ ਮੈਚ, ਹਜ਼ਾਰਵੇਂ ਗੋਲ ‘ਤੇ ਅਤੇ ਵਿੰਬਲਡਨ ਵਿਚ ਬੱਲੇ ਤੇ ਦੱਲੇ। ਉਸ ਦੀ ਪੰਜਾਬੀ ‘ਚ ਲਿਖੀ ਕਹਾਣੀ ਦਾ ਨਾਂ ‘ਏਕਲਵਯ’ ਹੈ ਜੋ ਮਹਾਂ ਕਾਵਿ ‘ਮਹਾਂਭਾਰਤ’ ਦੇ ਮਿਥਿਹਾਸਕ ਪਾਤਰ ਗੁਰੂ ਦਰੋਣਾਚਾਰੀਆ ਦੇ ਅਨਿੰਨ ਸ਼ਿਸ਼ ਏਕਲਵਯ ਦੇ ਅੰਗੂਠਾ ਕੱਟ ਕੇ ਭੇਟ ਕਰਨ ਦੀ ਥਾਂ ਵਿਗਿਆਨਕ ਯੁਗ ਦੀ ਆਧੁਨਿਕ ਚੇਤਨਾ ਦਾ ਪਸਾਰ ਕਰਨ ਲਈ ਲਿਖੀ ਗਈ ਹੈ।

ਏਕਲਵਯ

ਅੱਜ ਦੇ ਮੁਕਾਬਲੇ ਵਿਚ ਤਾਂ ਉਸ ਨੇ ਕਮਾਲ ਹੀ ਕਰ ਦਿੱਤੀ ਸੀ। ਹਜ਼ਾਰਾਂ ਹੀ ਦਰਸ਼ਕਾਂ ਦੀ ਜ਼ਬਾਨ ‘ਤੇ ਜੰਗ ਬਹਾਦਰ ਬਾਲਮੀਕੀ ਦਾ ਨਾਂ ਸੀ। ਪਹਿਲੇ ਦਿਨ ਜਦ ਉਹ ਰਿੰਗ ਵਿਚ ਉਤਰਿਆ ਸੀ ਤਾਂ ਕਈ ਖੇਡ ਪਾਰਖੂਆਂ ਨੇ ਉਸ ਦੇ ਸਰੀਰ ਦੇ ਪੱਠੇ ਦੇਖ ਕੇ ਭਵਿਸ਼ਬਾਣੀ ਕੀਤੀ ਸੀ ਕਿ ਇਹ ਮੁੰਡਾ ਇਸ ਵਾਰ ਜ਼ਰੂਰ ਸਰਬ-ਭਾਰਤੀ ਮੁੱਕੇਬਾਜ਼ੀ ਦੇ ਹੈਵੀਵੇਟ ਦਾ ਚੈਂਪੀਅਨ ਬਣੇਗਾ। ਉਸ ਦਾ ਸ਼ੇਰ ਦੀ ਤਰ੍ਹਾਂ ਛਾਤੀ ਤਾਣ ਕੇ ਪੂਰੇ ਸਵੈਮਾਣ ਨਾਲ ਰਿੰਗ ਵਿਚ ਵੜਨਾ, ਵਾਰਮ-ਅੱਪ ਹੋਣਾ, ਵਿਰੋਧੀ ਦੇ ਆਉਣ ਵੇਲੇ ਗੁੱਸੇ ਵਿਚ ਲਾਲ ਹੋ ਜਾਣਾ ਤੇ ਫੇਰ ਉਸ ਦਾ ਵਿਰੋਧੀ ਕੋਲ ਜਾ ਕੇ ਪੁੱਛਣਾ, “ਕਿਉਂ ਬਈ ਮਿੱਤਰਾ ਰਾਊਂਡ ਪੂਰਾ ਕਰਨਾ ਹੈ ਕਿ ਨਹੀਂ?”

ਪਹਿਲੀ ਨਜ਼ਰੇ ਤਾਂ ਉਸ ਦਾ ਫੁਕਰਾ ਹੋਣਾ ਹੀ ਸਿੱਧ ਕਰਦਾ ਸੀ ਪਰ ਜਦ ਉਹ ਰੈਫਰੀ ਦੀ ਵਿਸਲ ‘ਤੇ ਆਪਣੇ ਰੈੱਡ ਕਾਰਨਰ ਤੋਂ ਗਰੀਨ ਕਾਰਨਰ ਵੱਲ ਵਧਿਆ, ਮੁਸਕਰਾਇਆ, ਸੱਜੇ ਹੱਥ ਨਾਲ ਦੋ ਤਿੰਨ ਸਿੱਧੇ ਵਾਰ ਕਰਦਾ ਹੋਇਆ ਅੱਗੇ ਵਧਿਆ। ਮੌਕਾ ਦੇਖ ਕੇ ਵਿਰੋਧੀ ਨੇ ਉਸ ਵੱਲ ਪੂਰੇ ਜ਼ੋਰ ਦਾ ਮੁੱਕਾ ਚਲਾਇਆ ਜਿਸ ਨੂੰ ਸਾਈਡ ਕੱਟ ਲਾ ਕੇ ਉਸ ਨੇ ਪਛਾੜ ਦਿੱਤਾ ਤੇ ਇਕ ਜ਼ਬਰਦਸਤ ਖੱਬਾ ਪੰਚ ਉਸ ਦੀ ਕਨਪਟੀ ‘ਤੇ ਦੇ ਮਾਰਿਆ। ਪੰਚ ਪੈਂਦੇ ਹੀ ਉਹ ਕੱਟੇ ਹੋਏ ਦਰੱਖਤ ਵਾਂਗ ਢੇਰੀ ਹੋ ਗਿਆ। ਦਰਸ਼ਕ ਹੈਰਾਨ ਸਨ ਕਿ ਉਸ ਨੇ ਕਿਵੇਂ ਆਪਣੀ ਕਹਿਣੀ ਨੂੰ ਕਰਨੀ ਦੇ ਰੂਪ ਵਿਚ ਬਦਲ ਕੇ ਆਪਣੇ ਆਪ ਨੂੰ ਫੁਕਰਾ ਹੋਣ ਤੋਂ ਬਚਾ ਲਿਆ ਸੀ।

ਪੰਜਾਬ ਦੇ ਇਸ ਮੁੱਕੇਬਾਜ਼ ਜਗਜੀਤ ਸੇਖੋਂ ਨੂੰ ਬੁਰੀ ਤਰ੍ਹਾਂ ਹਰਾਉਣ ਦਾ ਕਾਰਨ ਉਸ ਦਾ ਨਿੱਜੀ ਝਗੜਾ ਵੀ ਸੀ ਜਿਸ ਨੂੰ ਉਸ ਨੇ ਪੰਜਾਬ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਬੁਰੀ ਤਰ੍ਹਾਂ ਖੜਕਾਇਆ ਸੀ। ਦਰਸ਼ਕਾਂ ਨੂੰ ਪੂਰੀ ਉਮੀਦ ਸੀ ਕਿ ਜੰਗ ਬਹਾਦਰ ਹੀ ਜਿੱਤੇਗਾ ਪਰ ਉਹਨਾਂ ਦੀ ਉਦੋਂ ਹੈਰਾਨ ਦੀ ਹੱਦ ਨਾ ਰਹੀ ਜਦੋਂ ਜੱਜਾਂ ਨੇ ਫੈਸਲਾ ਉਸ ਦੇ ਵਿਰੁੱਧ ਸੁਣਾ ਦਿੱਤਾ ਸੀ। ਜੰਗ ਬਹਾਦਰ ਦੇ ਹੱਕ ਵਿਚ ਸੀਟੀਆਂ ਵੱਜੀਆਂ, ਸ਼ੋਰ ਪਿਆ। ਕੁਰਸੀਆਂ ਤਕ ਉਲਟਾਈਆਂ ਗਈਆਂ ਪਰ ਫੈਸਲਾ ਅਟੱਲ ਰਿਹਾ ਸੀ। ਉਸ ਦਿਨ ਜੰਗ ਬਹਾਦਰ ਨੇ ਜਗਜੀਤ ਨੂੰ ਰੋ ਕੇ ਕਿਹਾ ਸੀ, “ਲੈ ਮਿੱਤਰਾ ਇਹ ਤਾਂ ਤੇਰਾ ਸ਼ਹਿਰ ਸੀ। ਮੇਜ਼ਬਾਨੀ ਦਾ ਫਾਇਦਾ ਉਠਾ ਗਿਐਂ ਨੈਸ਼ਨਲ ਵਿਚ ਜੇ ਤੈਨੂੰ ਪਹਿਲਾ ਰਾਊਂਡ ਵੀ ਪੂਰਾ ਕਰਨ ਦੇ ਦਿੱਤਾ ਤਾਂ ਮੈਨੂੰ ਵੀ ਕਿਸੇ ਬਾਲਮੀਕੀ ਔਰਤ ਨੇ ਨਹੀਂ, ਕੁੱਤੀ ਨੇ ਜੰਮਿਆ ਹੋਵੇਗਾ।”

ਪੰਜਾਬ ਦੇ ਮੁੱਕੇਬਾਜ਼ ਨੂੰ ਹਰਾ ਕੇ ਉਸ ਦੇ ਮਨ ਨੂੰ ਬਹੁਤ ਤਸੱਲੀ ਹੋਈ ਸੀ ਕਿਉਂਕਿ ਜਗਜੀਤ ਨੂੰ ਦਿੱਤੀ ਚਣੌਤੀ ਨੂੰ ਪੂਰਾ ਕਰਨ ਲਈ ਉਸ ਨੂੰ ਹਰਿਆਣਾ ਰਾਜ ਮੁੱਕੇਬਾਜ਼ੀ ਚੈਂਪੀਅਨਸ਼ਿਪ ਜਿੱਤਣੀ ਪਈ ਸੀ ਤੇ ਹਰਿਆਣੇ ਰਾਹੀਂ ਹੀ ਉਹ ਨੈਸ਼ਨਲ ਵਿਚ ਆਪਣੇ ਦੁਸ਼ਮਣ ਨਾਲ ਟੱਕਰ ਲੈ ਕੇ ਹਰਾ ਸਕਿਆ ਸੀ ਜਿਸ ਕਰ ਕੇ ਉਹਦਾ ਹੌਂਸਲਾ ਬਹੁਤ ਵਧ ਗਿਆ ਸੀ।

ਉਸ ਤੋਂ ਬਾਅਦ ਉਸ ਨੇ ਜੋ ਵੀ ਮੁਕਾਬਲਾ ਲੜਿਆ ਸੀ, ਪਹਿਲਾਂ ਤਾਂ ਲੱਗਦੀ ਵਾਹ ਕਿਸੇ ਨੂੰ ਸਾਹਮਣੇ ਅੜਨ ਹੀ ਨਹੀਂ ਦਿੱਤਾ। ਸਿੱਧਾ ਨਾਕ ਆਊਟ ਕਰਦਾ ਰਿਹਾ ਪਰ ਜੇ ਕੋਈ ਅੜ ਵੀ ਗਿਆ ਤਾਂ ਉਸ ਦੇ ਨਾਨੀ ਚੇਤੇ ਕਰਵਾ ਦਿੱਤੀ। ਅੱਗੇ ਨੂੰ ਮੁੱਕੇਬਾਜ਼ੀ ਮੁਕਾਬਲੇ ਤੋਂ ਤੌਬਾ ਕਰਾਉਣ ਤਕ ਗਿਆ।

ਜਿਥੇ ਦੋ ਕੋਚ ਜਾਂ ਕੁਝ ਖਿਡਾਰੀ ਇਕੱਠੇ ਹੁੰਦੇ, ਉਥੇ ਹੀ ਜੰਗ ਬਹਾਦਰ ਦੀ ਖੇਡ ਦੀ ਚਰਚਾ ਹੁੰਦੀ ਰਹਿੰਦੀ ਪਰ ਨੈਸ਼ਨਲ ਕੋਚ ਮਿਸਟਰ ਬੋਪਾਰਾਏ ਨੂੰ ਉਸ ਨੂੰ ਦੇਖ ਕੇ ਕੁਝ ਯਾਦ ਆ ਰਿਹਾ ਸੀ। ਉਸ ਨੇ ਦਿਮਾਗ ’ਤੇ ਪੂਰਾ ਜ਼ੋਰ ਦਿੱਤਾ। ਚੇਤੇ ਆਇਆ, ਇਸ ਮੁੰਡੇ ਦੀ ਸ਼ਕਲ ਬਿਲਕੁਲ ਉਸ ਮੁੰਡੇ ਨਾਲ ਮਿਲਦੀ ਸੀ ਜੋ ਉਸ ਨੂੰ ਕੁਲੈਕਟਰ ਸਾਹਿਬ ਦੀ ਕੋਠੀ ਵਿਚ ਅਕਸਰ ਮਿਲਿਆ ਕਰਦਾ ਸੀ। ਉਦੋਂ ਉਹ ਕੁਲੈਕਟਰ ਸਾਹਿਬ ਦੇ ਲੜਕੇ ਨੂੰ ਮੁੱਕੇਬਾਜ਼ੀ ਦੀ ਸਿੱਖਿਆ ਦੇਣ ਜਾਇਆ ਕਰਦਾ ਸੀ। ਉਹ ਚੌਦਾਂ ਪੰਦਰਾਂ ਸਾਲ ਦਾ ਮੁੰਡਾ ਅਕਸਰ ਸਵੇਰੇ ਆਪਣੇ ਪਿਉ ਦੇ ਨਾਲ ਕੋਠੀ ਵਿਚ ਝਾੜੂ ਦੇਣ ਆਉਂਦਾ। ਸਫ਼ਾਈ ਕਰਨ ਤੋਂ ਮਗਰੋਂ ਉਹ ਕਿੰਨਾ ਕਿੰਨਾ ਚਿਰ ਉਥੇ ਹੀ ਬੈਠਾ ਉਸ ਨੂੰ ਕੋਚਿੰਗ ਦਿੰਦੇ ਨੂੰ ਦੇਖਦਾ ਰਹਿੰਦਾ। ਦੇਖਦੇ ਦੇਖਦੇ ਉਹ ਕੁਲੈਕਟਰ ਸਾਹਿਬ ਦੀ ਤਿੰਨ ਸਾਲਾਂ ਦੀ ਉਥੇ ਦੀ ਠਾਹਰ ਦੌਰਾਨ ਪੂਰਾ ਜੁਆਨ ਹੋ ਗਿਆ ਸੀ।

“ਹਾਂ ਬਈ ਰਾਮ ਰੱਖਾ, ਮੁੰਡਾ ਤਾਂ ਤੇਰਾ ਵਾਕਿਆ ਈ ਬੜਾ ਜੁਆਨ ਹੋ ਗਿਐ ਪਰ ਇਸ ਨੂੰ ਖਾਣ ਪੀਣ ਨੂੰ ਕੀ ਦਿੰਨੈਂ?” ਇਕ ਦਿਨ ਕੁਲੈਕਟਰ ਸਾਹਿਬ ਨੇ ਰਾਮ ਰੱਖੇ ਤੋਂ ਪੁੱਛਿਆ ਸੀ। ਜਦ ਉਸ ਨੇ ਆਪਣੇ ਪੁੱਤ ਨੂੰ ਕਮੇਟੀ ਵਿਚ ਸਫਾਈ ਸੇਵਕ ਰਖਾਉਣ ਲਈ ਕੁਲੈਟਰ ਸਾਹਿਬ ਅੱਗੇ ਬੇਨਤੀ ਕੀਤੀ ਸੀ।

“ਮੈਂ ਗਰੀਬ ਕੀ ਖਾਣ ਨੂੰ ਦੇ ਸਕਦਾਂ ਸਾਹਬ ... ਬੱਸ ਸੂਰ ਪਾਲਦਾ ਹੈ ਤੇ ਵੇਚ ਲੈਂਦਾ ਹੈ। ਇਕ ਦਾ ਆਚਾਰ ਪਾ ਲੈਂਦਾ ਹੈ। ਜਦ ਮੁੱਕ ਜਾਂਦਾ ਹੈ ਤਾਂ ਹੋਰ ਝਟਕ

ਲੈਂਦਾ ਹੈ...।”

“ਦੁੱਧ ਫਰੂਟ?” ਉਸ ਨੇ ਪੁੱਛਿਆ ਸੀ।

“ਮੁੱਲ ਦੇ ਦੁੱਧ ਨਾਲ ਤਾਂ ਜੀ ਚਾਹ ਦਾ ਤੋਰਾ ਮਸਾਂ ਤੁਰਦੈ... ਫਰੂਟ ਸਾਡੀ ਕਿਸਮਤ ਵਿਚ ਕਿਥੇ?”

“ਅੱਛਾ ਜੇ ਇਸ ਨੂੰ ਨੌਕਰ ਕਰਵਾ ਦੇਈਏ, ਫੇਰ ਤਾਂ ਫਰੂਟ ਲੈ ਕੇ ਮੁੰਡੇ ਨੂੰ ਦੇ ਦਿਆਂ ਕਰੇਂਗਾ?” ਕੁਲੈਕਟਰ ਸਾਹਿਬ ਦਾ ਸਵਾਲ ਸੁਣ ਕੇ ਰਾਮ ਰੱਖਾ ਇਕ ਵਾਰ ਤਾਂ ਕੁਝ ਪਲ ਚੁੱਪ ਰਿਹਾ, ਫਿਰ ਖੰਘੂਰਾ ਮਾਰ ਕੇ ਇੰਜ ਬੋਲਿਆ ਜਿਵੇਂ ਉਹ ਆਪਣੇ ਸੰਘ ਵਿਚੋਂ ਕੁਝ ਫਸਿਆ ਹੋਇਆ ਕੱਢ ਰਿਹਾ ਹੋਵੇ, “ਕੁੜੀ ਸਰ ਕੋਠੇ ਜਿੱਡੀ ਹੋਈ ਖੜ੍ਹੀ ਐ... ਉਹਦਾ ਵੀ ਕੁਛ ਕਰਨੈਂ ਜੀ...।” ਰਾਮ ਰੱਖੇ ਦਾ ਜਵਾਬ ਸੁਣ ਕੇ ਕੁਲੈਕਟਰ ਸਾਹਿਬ ਉਹਦੇ ਮੂੰਹ ਵੱਲ ਵੇਖਣ ਲੱਗ ਪਏ ਸੀ।

ਅਗਲੇ ਦਿਨ ਰਾਮ ਰੱਖਾ ਕੁਲੈਕਟਰ ਸਾਹਿਬ ਦੇ ਪੈਰੀਂ ਪਿਆ ਕਹਿ ਰਿਹਾ ਸੀ, “ਜਨਾਬ ਦੀ ਮਿਹਰਬਾਨੀ... ਤੁਸੀਂ ਸਾਡਾ ਮੁੰਡਾ ਕਿੱਤੇ ਉਤੇ ਲਗਾ ਦਿੱਤਾ...।”

ਉਸ ਤੋਂ ਬਾਅਦ ਉਸ ਨੇ ਮੁੰਡਾ ਕਦੇ ਨਹੀਂ ਸੀ ਦੇਖਿਆ ਪਰ ਇਕ ਦਿਨ ਜਦ ਉਸ ਨੇ ਉਸ ਨੂੰ ਦੇਖਿਆ, ਉਦੋਂ ਉਹ ਹੈਰਾਨ ਹੀ ਰਹਿ ਗਿਆ ਸੀ। ਬਾਜ਼ਾਰ ਵਿਚ ਬਹੁਤ ਭਾਰੀ ਇਕੱਠ ਹੋਇਆ ਪਿਆ ਸੀ। ਉਸ ਨੇ ਭੀੜ ਚੀਰ ਕੇ ਅੱਗੇ ਵਧ ਕੇ ਕਾਰਨ ਜਾਨਣਾ ਚਾਹਿਆ। ਇਕ ਭੂਸਰੇ ਸਾਨ੍ਹ ਨਾਲ ਮੁੰਡਾ ਦੋ ਹੱਥ ਕਰ ਰਿਹਾ ਸੀ। ਸਾਨ੍ਹ ਉਹਦੇ ਵੱਲ ਭੱਜ ਕੇ ਪੈਂਦਾ। ਮੁੰਡਾ ਪਿੱਛੇ ਹਟਦਾ ਤੇ ਬੇਲਚੇ ਦਾ ਵਾਰ ਉਸ ਦੇ ਨੱਕ ‘ਤੇ ਕਰ ਦਿੰਦਾ। ਸਾਨ੍ਹ ਮਾਰ ਖਾ ਕੇ ਇਕ ਵਾਰ ਰੁਕਦਾ, ਫੇਰ ਗੁੱਸਾ ਖਾ ਕੇ ਮੁੰਡੇ ਵੱਲ ਵਧਦਾ। ਮੁੰਡਾ ਫੇਰ ਜ਼ੋਰ ਦੀ ਵਾਰ ਕਰਦਾ। ਵਿਸ਼ਾਲ ਚੌੜੇ ਬਾਜ਼ਾਰ ਵਿਚ ਆਦਮੀ ਤੇ ਸਾਨ੍ਹ ਦੀ ਜੰਗ ਹੋ ਰਹੀ ਸੀ। ਕਹਿੰਦੇ ਹਨ, ‘ਝੋਟੇ ਤੇ ਊਠ ਦਾ ਵੈਰ ਜਾਨ ਲੇਵਾ ਹੁੰਦਾ ਹੈ’। ਸਾਨ੍ਹ ਇਸ ਕਹਾਵਤ ਨੂੰ ਪੂਰੀ ਕਰ ਰਿਹਾ ਸੀ। ਮਨੁੱਖ ਨੂੰ ਸਾਰੀਆਂ ਸ਼ਕਤੀਆਂ ’ਤੇ ਕਬਜ਼ਾ ਕਰਨ ਦਾ ਮਾਣ ਹੈ, ਉਸ ਕੋਲ ਦਿਮਾਗ ਹੈ। ਉਹ ਵੀ ਆਪਣਾ ਕਬਜ਼ਾ ਨਹੀਂ ਸੀ ਛੱਡਣਾ ਚਾਹੁੰਦਾ। ਦਰਸ਼ਕਾਂ ਵਿਚੋਂ ਕੋਈ ਵੀ ਉਸ ਮੁੰਡੇ ਦੀ ਮਦਦ ਲਈ ਅੱਗੇ ਨਹੀਂ ਵਧ ਰਿਹਾ ਸੀ। ਅਚਾਨਕ ਸਾਰੇ ਇਕੱਠ ਵਿਚ ਸ਼ੋਰ ਮੱਚ ਗਿਆ। ਮੁੰਡੇ ਦਾ ਬੇਲਚਾ ਤਿੰਨ ਜਗ੍ਹਾ ਤੋਂ ਟੁੱਟ ਗਿਆ। ਉਹ ਬਿਲਕੁਲ ਨਿਹੱਥਾ ਹੋ ਗਿਆ ਸੀ। ਸਾਨ੍ਹ ਫੇਰ ਟੱਕਰ ਲੈ ਕੇ ਉਸ ਵੱਲ ਵਧਿਆ। ਮੁੰਡਾ ਛਾਲ ਮਾਰ ਕੇ ਦੁਕਾਨ ਦੇ ਥੜ੍ਹੇ ਉਤੇ ਜਾ ਚੜ੍ਹਿਆ। ਇਸ ਵਾਰ ਉਸ ਨੇ ਪੂਰੇ ਜ਼ੋਰ ਨਾਲ ਖੱਬਾ ਮੁੱਕਾ ਸਾਨ੍ਹ ਦੇ ਨੱਕ ‘ਤੇ ਮਾਰਿਆ ਤੇ ਸੱਜਾ ਸਿੰਗ ਦੇ ਹੇਠਾਂ ਪੁੜਪੁੜੀ ਵਿਚ। ਸਾਨ੍ਹ ਉਥੇ ਹੀ ਰੁਕ ਗਿਆ। ਇਸ ਤੋਂ ਬਾਅਦ ਉਸ ਨੇ ਦੋਹਾਂ ਪੁੜਪੁੜੀਆਂ ਵਿਚ ਖੱਬੇ ਸੱਜੇ ਮੁੱਕਿਆਂ ਦੀ ਬਾਰਸ਼ ਕਰ ਦਿੱਤੀ। ਸਾਨ੍ਹ ਨਾ ਅੱਗੇ ਹਿੱਲ ਰਿਹਾ ਸੀ ਨਾ ਪਿੱਛੇ। ਜਿਵੇਂ ਉਹ ਸੁਧ ਬੁਧ ਗਵਾ ਬੈਠਾ ਹੋਵੇ। ਉਸ ਨੂੰ ਇਸ ਤਰ੍ਹਾਂ ਖੜ੍ਹਾ ਦੇਖ ਕੇ ਮੁੰਡਾ ਇਕ ਪਾਸੇ ਦੀ ਥੜ੍ਹੇ ਤੋਂ ਉਤਰਿਆ ਤੇ ਲੜਖੜਾਉਂਦਾ ਹੋਇਆ ਭੀੜ ਚੀਰ ਕੇ ਆਪਣੇ ਘਰ ਵੱਲ ਚੱਲ ਪਿਆ। ਸਾਨ੍ਹ ਉਥੇ ਹੀ ਖੜ੍ਹਾ ਸੀ। ਭੀੜ ਤਾੜੀਆਂ ਮਾਰ ਰਹੀ ਸੀ। ਉਹ ਅੱਗੇ ਵਧਿਆ। ਮੁੰਡੇ ਕੋਲ ਸਕੂਟਰ ਰੋਕਿਆ, “ਆ ਬੇਟਾ ਤੈਨੂੰ ਤੇਰੇ ਘਰ ਛੱਡ ਆਵਾਂ।” ਉਹ ਬੋਲਿਆ। ਮੁੰਡੇ ਨੇ ਮੁੜ ਕੇ ਦੇਖਿਆ। ਕੋਚ ਸਾਹਿਬ ਦੇ ਗੋਡੀਂ ਹੱਥ ਲਾਏ। ਉਸ ਦਾ ਸਾਹ ਫੁੱਲਿਆ ਹੋਇਆ ਸੀ। ਥਕੇਵਾਂ ਉਸ ਦੀਆਂ ਅੱਖਾਂ ‘ਚੋਂ ਟਪਕ ਰਿਹਾ ਸੀ ਪਰ ਉਸ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਉਸ ਨੂੰ ਉਹ ਆਦਮੀ ਆਪਣੇ ਸਕੂਟਰ ‘ਤੇ ਬਹਿਣ ਲਈ ਕਹਿ ਰਿਹਾ ਹੈ ਜਿਹੜਾ ਕੁਲੈਕਟਰ ਸਾਹਿਬ ਦੇ ਮੁੰਡੇ ਨੂੰ ਮੁੱਕੇਬਾਜ਼ੀ ਸਿਖਾਉਣ ਆਉਂਦਾ ਹੈ।

“ਆ ਬੈਠ...।” ਕਹਿ ਕੇ ਉਸ ਨੇ ਉਸ ਦੀ ਬਾਂਹ ਤੋਂ ਫੜ ਕੇ ਪਿਛਲੀ ਸੀਟ ‘ਤੇ ਬੈਠਾ ਲਿਆ ਸੀ। ਮੁੰਡੇ ਦੇ ਰਾਹ ਦੱਸਣ ਅਨੁਸਾਰ ਸਕੂਟਰ ਉਸ ਦੇ ਘਰ ਵੱਲ ਚੱਲ ਪਿਆ। ਘਰ ਅੱਗੇ ਆ ਕੇ ਮੁੰਡੇ ਨੇ ਸਕੂਟਰ ਰੁਕਵਾਇਆ। ਉਥੇ ਉਸ ਨੂੰ ਉਤਾਰ ਕੇ ਉਸ ਨੇ ਮੁੜਨਾ ਚਾਹਿਆ ਪਰ ਮੁੰਡੇ ਨੇ ਤਰਲੇ ਨਾਲ ਕਿਹਾ, “ਸਾਹਿਬ ਮੇਰੇ ਘਰ ਨਹੀਂ ਆਓਗੇ?”

“ਜ਼ਰੂਰ, ਕਿਉਂ ਨਹੀਂ?” ਉਹ ਬਹਾਦਰ ਮੁੰਡੇ ਦਾ ਦਿਲ ਨਹੀਂ ਤੋੜਨਾ ਚਾਹੁੰਦਾ ਸੀ। ਸਕੂਟਰ ਸਟੈਂਡ ’ਤੇ ਲਾ ਕੇ ਉਹ ਮੁੰਡੇ ਦੇ ਮਗਰ ਮਗਰ ਕਮਰੇ ਅੰਦਰ ਚਲਾ ਗਿਆ। ਉਸ ਨੇ ਦੇਖਿਆ, ਸਾਹਮਣੇ ਰੇਤ ਦਾ ਭਰਿਆ ਰੇਹ ਵਾਲਾ ਕੱਟਾ ਕਿੱਟ ਦੇ ਰੂਪ ਵਿਚ ਲਟਕ ਰਿਹਾ ਸੀ। ਉਸ ਉਤੇ ਹੀ ਲਾਲ ਰੰਗ ਦੇ ਗਲੱਵਜ਼ ਪਏ ਸਨ। ਉਸ ਨੇ ਦੀਵਾਰ ਤੇ ਨਿਗ੍ਹਾ ਮਾਰੀ, ਕੈਸ਼ੀਅਸ਼ ਕਲੇ ਤੇ ਜੋਅ ਫਰੇਜ਼ੀਅਰ ਦੇ ਭੇੜ ਦੀ ਤਸਵੀਰ ਦਿਖਾਈ ਦੇ ਰਹੀ ਸੀ। ਇਕ ਪਾਸੇ ਅਖ਼ਬਾਰ ਵਿਚੋਂ ਕੱਟ ਕੇ ਚਿਪਕਾਈ ਤਸਵੀਰ ਵਿਚ ਏਸ਼ੀਆ ਦਾ ਚੈਂਪੀਅਨ ਕੌਰ ਸਿੰਘ ਮੁਸਕਰਾ ਰਿਹਾ ਸੀ ਤੇ ਦੂਜੇ ਪਾਸੇ ਉਸ ਦੀ ਆਪਣੀ ਤਸਵੀਰ ਲੱਗੀ ਹੋਈ ਸੀ।

“ਇਹ ਤਸਵੀਰ ਤੇਰੇ ਕੋਲ ਕਿਵੇਂ ਆਈਂ?” ਉਹ ਝੱਟ ਬੋਲ ਉਠਿਆ।

“ਕੁਲੈਕਟਰ ਸਾਹਿਬ ਦੇ ਕਾਕਾ ਜੀ ਤੋਂ ਲਈ ਸੀ ਜਿਸ ਦਿਨ ਮੈਂ ਨੌਕਰੀ ‘ਤੇ ਲੱਗਿਆ ਸੀ, ਉਸ ਤੋਂ ਇਕ ਦਿਨ ਪਹਿਲਾਂ।”

“ਤੈਂ ਕੀ ਕਰਨੀ ਸੀ?” ਉਸ ਨੇ ਫਜ਼ੂਲ ਜਿਹਾ ਸਵਾਲ ਕਰ ਦਿੱਤਾ।

“ਮੈਂ ਸਰ ਤੁਹਾਨੂੰ ਆਪਣਾ ਗੁਰੂ ਮੰਨਿਆ ਹੋਇਐ... ਤੁਹਾਡੀ ਤਸਵੀਰ ਤੋਂ ਹੁਕਮ ਲੈ ਕੇ ਹੀ ਮੈਂ ਆਪਣੀ ਮੁੱਕੇਬਾਜ਼ੀ ਦੀ ਤਿਆਰੀ ਕਰਦਾ ਹਾਂ।”

***

“ਸਰ ਮੈਂ ਵਾਰਮ-ਅੱਪ ਹੋ ਜਾਵਾਂ...।” ਕੋਚ ਬੋਪਾਰਾਏ ਦੇ ਚੇਲੇ ਨੇ ਆ ਕੇ ਉਸ ਨੂੰ ਯਾਦਾਂ ਦੇ ਸਮੁੰਦਰ ਵਿਚੋਂ ਕੱਢ ਲਿਆਂਦਾ।

“ਹਾਂ।” ਉਹ ਉਭੜਵਾਹਾ ਬੋਲ ਉਠਿਆ।

ਦੂਜੇ ਪਾਸੇ ਜੰਗ ਬਹਾਦਰ ਨੇ ਬੈਗ ‘ਚੋਂ ਬੋਪਾਰਾਏ

ਦੀ ਤਸਵੀਰ ਕੱਢ ਕੇ ਪੁੱਛਿਆ, “ਸਰ ਮੈਂ ਵਾਰਮ-ਅੱਪ ਹੋ ਜਾਵਾਂ?” ਤੇ ਆਪੇ ਹੀ ਤਸਵੀਰ ਦੀ ਥਾਂ ਉੱਤਰ ਦਿੱਤਾ, “ਹਾਂ।”

ਅਨਾਊਂਸਰ ਵੱਲੋਂ ਐਲਾਨ ਹੋਇਆ, “ਅਗਲੇ ਵੇਟ ਲਈ ਡੀ. ਵੀ. ਸਿੰਘ ਤੇ ਜੰਗ ਬਹਾਦਰ ਬਾਲਮੀਕੀ ਤਿਆਰ ਰਹਿਣ।”

ਦੋਵੇਂ ਮੁੱਕੇਬਾਜ਼ ਬਸਤਰਾਂ ਵਿਚ ਰਿੰਗ ਕੋਲ ਦੇ ਕੋਲ ਆ ਕੇ ਵਾਰਮ-ਅੱਪ ਹੋਣ ਲੱਗ ਪਏ।

ਪਹਿਲਾ ਮੁਕਾਬਲਾ ਖ਼ਤਮ ਹੋਇਆ। ਫੈਸਲਾ ਸੁਣਾਇਆ ਗਿਆ। ਰਿੰਗ ਵਿਚ ਦੋਵੇਂ ਮੁੱਕੇਬਾਜ਼ ਪਹੁੰਚ ਕੇ ਆਪੋ ਆਪਣੇ ਖੂੰਜਿਆਂ ਵਿਚ ਇਕ ਦੂਜੇ ਵੱਲ ਪਿੱਠ ਕਰ ਕੇ ਵਾਰਮ-ਅੱਪ ਹੋਣ ਲੱਗ ਪਏ।

“ਰੈੱਡ ਕਾਰਨਰ ਜੰਗ ਬਹਾਦਰ ਬਾਲਮੀਕੀ।” ਅਨਾਊਂਸਰ ਬੋਲਿਆ। ਬਾਲਮੀਕੀ ਸਿੱਧਾ ਖੜ੍ਹਾ ਹੋਇਆ, ਹੱਥ ਖੜ੍ਹਾ ਕੀਤਾ ਤੇ ਫੇਰ ਪਹਿਲੀ ਹਾਲਤ ਵਿਚ ਆ ਗਿਆ।

“ਗਰੀਨ ਕਾਰਨਰ ਡੀ. ਵੀ. ਸਿੰਘ।” ਅਨਾਊਂਸਰ ਦੇ ਐਲਾਨ ਨਾਲ ਡੀ. ਵੀ. ਸਿੰਘ ਸਿੱਧਾ ਹੋਇਆ। ਹੱਥ ਖੜ੍ਹਾ ਕੀਤਾ ਤੇ ਫੇਰ ਪਹਿਲੀ ਹਾਲਤ ਵਿਚ ਖੜ੍ਹ ਕੇ ਵਾਰਮ-ਅੱਪ ਹੋਣ ਲੱਗ ਪਿਆ।

“ਬਾਕਸਰ...।” ਰੈਫਰੀ ਨੇ ਸੱਦਾ ਦਿੱਤਾ।

ਦੋਵੇਂ ਮੁੱਕੇਬਾਜ਼ ਰਿੰਗ ਦੇ ਵਿਚਕਾਰ ਰੈਫਰੀ ਕੋਲ ਚਲੇ ਗਏ। ਰੈਫਰੀ ਨੇ ਦੋਹਾਂ ਦੇ ਗਲੱਵਜ਼ ਚੈੱਕ ਕੀਤੇ। ਹੱਥ ਮਿਲਵਾਏ ਤੇ ਪਿੱਛੇ ਹਟ ਗਿਆ।

“ਡੀ. ਵੀ. ਸਾਹਿਬ ਪਹਿਲਾ ਰਾਊਂਡ ਪੂਰਾ ਕਰਨਾ ਹੈ ਜਾਂ ਨਹੀਂ?” ਜੰਗ ਬਹਾਦਰ ਨੇ ਆਦਤ ਅਨੁਸਾਰ ਉਸ ਨੂੰ ਪਹਿਚਾਣਦਿਆਂ ਪੁੱਛਿਆ।

ਜੰਗੀ... ਆਪਣੇ ਬਾਰੇ ਸੋਚ ਕੀ ਸਲਾਹ ਹੈ? ਡੀ. ਵੀ. ਸਿੰਘ ਨੇ ਵੀ ਆਪਣੇ ਸਫਾਈ ਸੇਵਕ ਦੇ ਲੜਕੇ ਨੂੰ ਪਹਿਚਾਣ ਲਿਆ ਸੀ।

“ਜੇ ਤੇਰੇ ਡੈਡੀ ਨੇ ਮੇਰਾ ਰੁਜ਼ਗਾਰ ਨਾ ਲਾਇਆ ਹੁੰਦਾ ਤਾਂ ਮੈਂ ਪਹਿਲੇ ਰਾਊਂਡ ਵਿਚ ਹੀ ਨਾਕ ਆਊਟ ਹੋ ਜਾਣਾ ਸੀ।”

“ਬਾਕਸਰ.।” ਰੈਫਰੀ ਨੇ ਫੇਰ ਇਸ਼ਾਰਾ ਕੀਤਾ। ਘੰਟੀ ਵੱਜੀ। ਦੋਵੇਂ ਮੁੱਕੇਬਾਜ਼ ਮੈਦਾਨ ਵਿਚ ਉੱਤਰ ਆਏ। ਡੀ. ਵੀ. ਗੁੱਸੇ ਵਿਚ ਆਇਆ ਪੂਰੀ ਤਾਕਤ ਨਾਲ ਵਾਰ ਕਰ ਰਿਹਾ ਸੀ। ਜੰਗ ਬਹਾਦਰ ਜਾਂ ਤਾਂ ਉਹਦੇ ਵਾਰ ਨੂੰ ਕੱਟ ਕਰ ਦਿੰਦਾ ਜਾਂ ਫੇਰ ਗੁਟਾਰ ਵਾਂਗੂੰ ਪੱਬਾਂ ਦੀ ਫੁਰਤੀ ਦਿਖਾ ਕੇ ਉਸ ਦੇ ਵਾਰ ਨੂੰ ਹਵਾ ਵਿਚ ਹੀ ਲਹਿਰਾ ਦਿੰਦਾ। ਲੋਕ ਹੈਰਾਨ ਸਨ ਕਿ ਜੰਗ ਬਹਾਦਰ ਅੱਜ ਰਖਸ਼ਕ ਖੇਡ ਕਿਉਂ ਖੇਡ ਰਿਹਾ ਹੈ, ਹਮਲਾ ਕਿਉਂ ਨਹੀਂ ਕਰ ਰਿਹਾ? ਏਨੇ ਵਿਚ ਰਾਊਂਡ ਪੂਰਾ ਹੋਣ ਦੀ ਘੰਟੀ ਵੱਜੀ। ਜੰਗ ਬਹਾਦਰ ਆਰਾਮ ਨਾਲ ਆਪਣੀ ਸੀਟ ’ਤੇ ਆ ਬੈਠਿਆ ਪਰ ਡੀ. ਵੀ. ਸਿੰਘ ਕੁਝ ਥਕੇਵਾਂ ਮਹਿਸੂਸ ਕਰਦਾ ਹੋਇਆ ਆਰਾਮ ਸੀਟ ਤਕ ਪੁੱਜਿਆ। ਉਸ ਦੇ ਕੋਚ ਬੋਪਾਰਾਏ ਨੇ ਉਸ ਦੀਆਂ ਬਾਹਾਂ ਤੇ ਪੱਟਾਂ ਦੇ ਪੱਠਿਆਂ ਨੂੰ ਥਪਥਪਾ ਕੇ ਹਲਕਾ ਕੀਤਾ। ਹਦਾਇਤਾਂ ਦਿੱਤੀਆਂ। ਘੰਟੀ ਵੱਜੀ। ਦੋਵੇਂ ਮੁੱਕੇਬਾਜ਼ ਫਿਰ ਰਿੰਗ ਵਿਚਕਾਰ ਪੁੱਜ ਗਏ। ਡੀ. ਵੀ. ਸਿੰਘ ਨੇ ਸਾਰਾ ਜ਼ੋਰ ਉਸ ਨੂੰ ਪਿਛਾੜਨ ‘ਤੇ ਲਾ ਦਿੱਤਾ। ਅੰਧਾ ਧੁੰਦ ਉਸ ‘ਤੇ ਮੁੱਕੇ ਬਰਸਾਉਣੇ ਸ਼ੁਰੂ ਕਰ ਦਿੱਤੇ। ਜੰਗ ਬਹਾਦਰ ਉਸ ਦੇ ਮੁੱਕਿਆਂ ਦਾ ਬੜੇ ਹਲਕੇ-ਹਲਕੇ ਮੁੱਕਿਆਂ ਨਾਲ ਜਵਾਬ ਦਿੰਦਾ ਰਿਹਾ ਸੀ। ਸਿਰਫ਼ ਪੁਆਇੰਟ ਲੈਣ ਲਈ। ਇਸ ਰਾਊਂਡ ਦੇ ਅੱਧ ਤਕ ਡੀ. ਵੀ. ਸਿੰਘ ਆਪਣੀ ਸ਼ਕਤੀ ਗੁਆ ਗਿਆ ਸੀ ਪਰ ਜੰਗ ਬਹਾਦਰ ਉਸੇ ਤਰ੍ਹਾਂ ਉਸ ਉਤੇ ਮੁੱਕਿਆਂ ਦੀ ਬਾਛੜ ਕਰਦਾ ਰਿਹਾ। ਉਸੇ ਅੰਦਾਜ਼ ਵਿਚ।

ਘੰਟੀ ਵੱਜੀ। ਡੀ ਵੀ. ਸਿੰਘ ਲੜਖੜਾਉਂਦਾ ਹੋਇਆ ਬੜੀ ਮੁਸ਼ਕਿਲ ਨਾਲ ਆਪਣੀ ਆਰਾਮ ਸੀਟ ਤਕ ਪੁੱਜ ਸਕਿਆ। ਇਸ ਵਾਰ ਉਸ ਦੇ ਕੋਚ ਦੀ ਥਾਂ ਇਕ ਹੋਰ ਕੋਚ ਉਹਦੇ ਪੱਠਿਆਂ ਦੀ ਸੇਵਾ ਕਰਨ ਲਈ ਆਇਆ ਸੀ। ਤੌਲੀਏ ਨਾਲ ਉਹਦਾ ਚਿਹਰਾ ਸਾਫ਼ ਕੀਤਾ। ਹਵਾ ਦਿੱਤੀ। ਉਸ ਨੂੰ ਲੰਮੇ ਸਾਹ ਦਿਵਾ ਕੇ ਤਾਜ਼ਾ ਦਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜੂਸ ਦੀਆਂ ਘੁੱਟਾਂ ਭਰਵਾਈਆਂ ਜਾ ਰਹੀਆਂ ਸਨ। ਉਧਰ ਜੰਗ ਬਹਾਦਰ ਦਾ ਛੋਟਾ ਭਰਾ ਉਹਦੇ ਪੱਠਿਆਂ ਦੀ ਸੇਵਾ ਕਰ ਰਿਹਾ ਸੀ। ਸਪੰਜ ਨਾਲ ਉਸ ਦਾ ਮੂੰਹ ਤਰ ਕਰਵਾਇਆ।

“ਵੈਰੀ ਗੁੱਡ ਜੰਗ ਬਹਾਦਰ।” ਕੋਚ ਬੋਪਾਰਾਏ ਨੇ ਆ ਕੇ ਕਿਹਾ।

“ਥੈਂਕ ਯੂ ਸਰ।” ਜੰਗ ਬਹਾਦਰ ਨੇ ਵੀ ਆਪਣੇ ਗੁਰੂ ਵੱਲ ਸਿਰ ਭੁਆ ਕੇ ਜਵਾਬ ਦਿੱਤਾ।

“ਤੈਂ ਮੈਨੂੰ ਪਛਾਣ ਲਿਐ?”

“ਹਾਂ ਸਰ।” ਉਸ ਨੇ ਬੈਠੇ ਬੈਠੇ ਨੇ ਹੀ ਬਾਂਹ ਲੰਮੀ ਕਰ ਕੇ ਕੋਚ ਬੋਪਾਰਾਏ ਦੇ ਗੋਡੇ ਹੱਥ ਲਾਇਆ।

“ਇਸ ਦਾ ਮਤਲਬ ਹੈ ਤੂੰ ਮੈਨੂੰ ਆਪਣਾ ਗੁਰੂ

ਮੰਨਦਾ ਹੈਂ?”

“ਇਸ ਵਿਚ ਕੋਈ ਸ਼ੱਕ ਹੈ ਸਰ? ਮੇਰੀਆਂ ਸਾਰੀਆਂ ਜਿੱਤਾਂ ਤੁਹਾਡੇ ਕਰ ਕੇ ਹੀ ਤਾਂ ਹਨ।”

“ਫੇਰ ਆਪਣੇ ਗੁਰੂ ਨੂੰ ਗੁਰਦੱਖਸ਼ਣਾ ਨਹੀਂ ਦੇਵੇਂਗਾ?”

“ਮੇਰੀ ਜਾਨ ਤਕ ਹਾਜ਼ਰ ਹੈ ਸਰ।”

“ਇਸ ਦੀ ਲੋੜ ਨਹੀਂ...।”

“ਹੋਰ ਹੁਕਮ...?”

“ਬੱਸ... ਇਹ ਮੈਚ ਹਾਰ ਜਾ...ਅ...।”

ਇਸ ਤੋਂ ਪਹਿਲਾਂ ਕਿ ਉਹ ਕੋਈ ਉੱਤਰ ਦੇਵੇ, ਘੰਟੀ ਵੱਜ ਗਈ। ਉਹ ਉੱਠਿਆ। ਅੱਗੇ ਵਧਿਆ। ਤੜਾਕ ਕਰਦਾ ਮੁੱਕਾ ਉਸ ਦੇ ਜਬਾੜੇ ’ਤੇ ਪਿਆ। ਉਸ ਦੇ ਪੈਰ ਲੜਖੜਾ ਗਏ। ਸਿਰ ਕੂਹਣੀਆਂ ਵਿਚ ਦੇ ਕੇ ਪਲ ਭਰ ਲਈ ਆਰਾਮ ਕੀਤਾ। ਦਰਸ਼ਕ ਸਹਿਮ ਗਏ। ਰੈਫਰੀ ਨੇ ਇਕ ਦੋ ਤਿੰਨ ਗਿਣੇ। ਜੰਗ ਬਹਾਦਰ ਖੜ੍ਹਾ ਹੋ ਗਿਆ। ਮੁਕਾਬਲਾ ਫਿਰ ਸ਼ੁਰੂ ਹੋ ਗਿਆ। ਡੀ. ਵੀ. ਸਿੰਘ ਪੂਰੀ ਤਾਕਤ ਇਕੱਠੀ ਕਰ ਕੇ ਉਸ ‘ਤੇ ਚੀਤੇ ਦੀ ਤਰ੍ਹਾਂ ਵਰ੍ਹਿਆ। ਜੰਗ ਬਹਾਦਰ ਨੇ ਪਾਸਾ ਵੱਟ ਲਿਆ। ਉਸ ਦਾ ਮੁੱਕਾ ਹਵਾ ਵਿਚ ਹੀ ਲਹਿਰਾ ਕੇ ਰਹਿ ਗਿਆ। ਉਸ ਦੇ ਜਵਾਬ ਵਿਚ ਜੰਗ ਬਹਾਦਰ ਨੇ ਇਕ ਜ਼ਬਰਦਸਤ ਪੰਚ ਉਸ ਦੀ ਠੀਕ ਨੱਕ ਦੀ ਘੋੜੀ ’ਤੇ ਜਮਾ ਦਿੱਤਾ। ਡੀ. ਵੀ. ਸਿੰਘ ਦੇ ਪੈਰ ਧਰਤੀ ਤੋਂ ਚੁੱਕੇ ਗਏ ਤੇ ਉਹ ਕਿਸੇ ਦਰੱਖਤ ਦੇ ਟੁੱਟੇ ਹੋਏ ਟਾਹਣੇ ਦੀ ਤਰ੍ਹਾਂ ਧਰਤੀ ‘ਤੇ ਪਿੱਠ ਭਾਰ ਡਿੱਗ ਪਿਆ। ਜੰਗ ਬਹਾਦਰ ਵ੍ਹਾਈਟ ਕਾਰਨਰ ਵਿਚ ਚਲਿਆ ਗਿਆ। ਰੈਫਰੀ ਨੇ ਇਕ ਦੋ ਤਿੰਨ ਗਿਣਨੇ ਸ਼ੁਰੂ ਕਰ ਦਿੱਤੇ ਪਰ ਜਦ ਡੀ. ਵੀ. ਸਿੰਘ ਦਸ ਗਿਣਨ ਤੋਂ ਬਾਅਦ ਵੀ ਨਾ ਉੱਠਿਆ ਤਾਂ ਰੈਫਰੀ ਨੇ ਉਸ ਨੂੰ ਉਠ ਕੇ ਰਿੰਗ ਤੋਂ ਬਾਹਰ ਲੈ ਜਾਣ ਦਾ ਇਸ਼ਾਰਾ ਕੀਤਾ। ਫੈਸਲੇ ਤੋਂ ਬਾਅਦ ਜੰਗ ਬਹਾਦਰ ਬਾਹਰ ਆਇਆ। ਆਪਣੇ ਕੋਚ ਵੱਲ ਵਧਿਆ ਜੋ ਡੀ. ਵੀ. ਸਿੰਘ ਨੂੰ ਡਾਕਟਰੀ ਸਹਾਇਤਾ ਦਿਵਾ ਕੇ ਹੋਸ਼ ਵਿਚ ਲਿਆ ਰਿਹਾ ਸੀ। ਜੰਗ ਬਹਾਦਰ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਉਹ ਕ੍ਰੋਧ ਵਿਚ ਖੜ੍ਹਾ ਹੋ ਗਿਆ। ਉਸ ਦੀਆਂ ਅੱਖਾਂ ਅੱਗ ਬਰਸਾ ਰਹੀਆਂ ਸਨ ਤੇ ਚਿਹਰਾ ਤੰਦੂਰ ਵਾਂਗ ਭਖਿਆ ਹੋਇਆ ਸੀ।

ਜੰਗ ਬਹਾਦਰ ਬਿਜਲੀ ਦੀ ਫੁਰਤੀ ਨਾਲ ਅੱਗੇ ਵਧਿਆ। ਗੁਰੂ ਦੇ ਪੈਰੀਂ ਹੱਥ ਲਾਉਣੇ ਚਾਹੇ ਪਰ ਗੁਰੂ ਪਿੱਛੇ ਹਟ ਗਿਆ। ਜੰਗ ਬਹਾਦਰ ਦੇ ਮਨ ‘ਤੇ ਇਸ ਕਰਮ ਦਾ ਕੋਈ ਅਸਰ ਨਾ ਹੋਇਆ। ਉਸ ਨੇ ਹੱਥ ਜੋੜ ਕੇ ਕਿਹਾ, “ਮੁਆਫ਼ ਕਰਨਾ ਸਰ... ਮੇਰੇ ਕਰ ਕੇ ਤੁਹਾਡਾ ਮਨ ਦੁਖੀ ਹੋਇਆ ਹੈ...।”

ਕੋਚ ਬੋਪਾਰਾਏ ਨੇ ਜੰਗ ਬਹਾਦਰ ਦੀ ਗੱਲ ਦਾ ਜਵਾਬ ਦੇਣ ਦੀ ਥਾਂ ਹੋਰ ਗੁੱਸਾ ਪ੍ਰਗਟ ਕਰਦਿਆਂ ਉਸ ਵੱਲ ਪਿੱਠ ਕਰ ਲਈ। ਆਖ਼ਰ ਜੰਗ ਬਹਾਦਰ ਨੂੰ ਵੀ ਗੁੱਸਾ ਆ ਗਿਆ ਪਰ ਉਹ ਆਪਣੇ ਜਜ਼ਬਾਤ ‘ਤੇ ਕਾਬੂ ਪਾਉਂਦਾ ਹੋਇਆ ਫੇਰ ਬੜੀ ਅਧੀਨਗੀ ਨਾਲ ਬੋਲਿਆ, “ਸਰ ਮੈਂ ਕੋਈ ਮਹਾਂਭਾਰਤ ਦਾ ਪਾਤਰ ਏਕਵਲਯ ਨਹੀਂ, ਮੈਂ ਤਾਂ ਇੱਕੀਵੀਂ ਸਦੀ ਦਾ ਚੇਤੰਨ ਮਨੁੱਖ ਹਾਂ!”
ਸੰਪਰਕ: +1-905-799-1661

ਘੰਟੀ ਵੱਜੀ। ਦੋਵੇਂ ਮੁੱਕੇਬਾਜ਼ ਮੈਦਾਨ ਵਿਚ ਉੱਤਰ ਆਏ। ਡੀ. ਵੀ. ਗੁੱਸੇ ਵਿਚ ਆਇਆ ਪੂਰੀ ਤਾਕਤ ਨਾਲ ਵਾਰ ਕਰ ਰਿਹਾ ਸੀ। ਜੰਗ ਬਹਾਦਰ ਜਾਂ ਤਾਂ ਉਹਦੇ ਵਾਰ ਨੂੰ ਕੱਟ ਕਰ ਦਿੰਦਾ ਜਾਂ ਫੇਰ ਗੁਟਾਰ ਵਾਂਗੂੰ ਪੱਬਾਂ ਦੀ ਫੁਰਤੀ ਦਿਖਾ ਕੇ ਉਸ ਦੇ ਵਾਰ ਨੂੰ ਹਵਾ ਵਿਚ ਹੀ ਲਹਿਰਾ ਦਿੰਦਾ। ਲੋਕ ਹੈਰਾਨ ਸਨ ਕਿ ਜੰਗ ਬਹਾਦਰ ਅੱਜ ਰਖਸ਼ਕ ਖੇਡ ਕਿਉਂ ਖੇਡ ਰਿਹਾ ਹੈ, ਹਮਲਾ ਕਿਉਂ ਨਹੀਂ ਕਰ ਰਿਹਾ? ਏਨੇ ਵਿਚ ਰਾਊਂਡ ਪੂਰਾ ਹੋਣ ਦੀ ਘੰਟੀ ਵੱਜੀ। ਜੰਗ ਬਹਾਦਰ ਆਰਾਮ ਨਾਲ ਆਪਣੀ ਸੀਟ ’ਤੇ ਆ ਬੈਠਿਆ ਪਰ ਡੀ. ਵੀ. ਸਿੰਘ ਕੁਝ ਥਕੇਵਾਂ ਮਹਿਸੂਸ ਕਰਦਾ ਹੋਇਆ ਆਰਾਮ ਸੀਟ ਤਕ ਪੁੱਜਿਆ। ਉਸ ਦੇ ਕੋਚ ਬੋਪਾਰਾਏ ਨੇ ਉਸ ਦੀਆਂ ਬਾਹਾਂ ਤੇ ਪੱਟਾਂ ਦੇ ਪੱਠਿਆਂ ਨੂੰ ਥਪਥਪਾ ਕੇ ਹਲਕਾ ਕੀਤਾ। ਹਦਾਇਤਾਂ ਦਿੱਤੀਆਂ।...

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਫ਼ਸਲੀ ਕਰਜ਼ੇ, ਟਰੈਕਟਰ ਤੇ ਹੋਰ ਸੰਦਾਂ ਲਈ ਕਰਜ਼ਿਆਂ ਨੂੰ ਸਕੀਮ ਦੇ ਘੇਰੇ...

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

* ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਜਾਰੀ ਨਵੇਂ ਆਰਡੀਨੈਂਸ ਨੂੰ ‘ਬਦਲਾਲਊ’ ...

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਪ੍ਰਸ਼ਾਸਨ ਨੇ ਰਿਹਾਇਸ਼ ਦੇ ਬਾਹਰ ਟਰੱਕ ਖੜ੍ਹਾ ਕਰਕੇ ਰਾਹ ਰੋਕਿਆ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਮਾਂ ਦੇ ਗਰਭਵਤੀ ਹੋਣ ਦੀ ਭਿਣਕ ਪੈਣ ਮਗਰੋਂ ਦਿੱਤਾ ਵਾਰਦਾਤ ਨੂੰ ਅੰਜਾਮ, ...

ਸ਼ਹਿਰ

View All