ਫੇਫੜਿਆਂ ਦੀ ਤੰਦਰੁਸਤੀ ਲਈ ਪੌਸ਼ਟਿਕ ਆਹਾਰ ਜ਼ਰੂਰੀ
ਅਸੀਂ ਜਾਣਦੇ ਹਾਂ ਕਿ ਫੇਫੜੇ ਸਾਡੇ ਸਰੀਰ ਦਾ ਬਹੁਤ ਪ੍ਰਭਾਵਸ਼ਾਲੀ ਅੰਗ ਹਨ। ਇਨ੍ਹਾਂ ਰਾਹੀਂ ਹੀ ਆਕਸੀਜਨ ਸਾਡੇ ਸਰੀਰ ਦੇ ਅੰਦਰ ਜਾਂਦੀ ਹੈ ਅਤੇ ਕਾਰਬਨ ਡਾਇਆਕਸਾਈਡ ਬਾਹਰ ਨਿਕਲਦੀ ਹੈ। ਇਸ ਲਈ ਸਾਡੇ ਫੇਫੜਿਆਂ ਦਾ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਹੀ...
ਅਸੀਂ ਜਾਣਦੇ ਹਾਂ ਕਿ ਫੇਫੜੇ ਸਾਡੇ ਸਰੀਰ ਦਾ ਬਹੁਤ ਪ੍ਰਭਾਵਸ਼ਾਲੀ ਅੰਗ ਹਨ। ਇਨ੍ਹਾਂ ਰਾਹੀਂ ਹੀ ਆਕਸੀਜਨ ਸਾਡੇ ਸਰੀਰ ਦੇ ਅੰਦਰ ਜਾਂਦੀ ਹੈ ਅਤੇ ਕਾਰਬਨ ਡਾਇਆਕਸਾਈਡ ਬਾਹਰ ਨਿਕਲਦੀ ਹੈ। ਇਸ ਲਈ ਸਾਡੇ ਫੇਫੜਿਆਂ ਦਾ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਖੁਸ਼ਹਾਲ ਜੀਵਨ ਜਿਊਂ ਸਕਦੇ ਹਾਂ। ਸਾਡੇ ਖਾਣ-ਪੀਣ (ਭੋਜਨ) ਦਾ ਅਸਰ ਸਿੱਧਾ ਸਾਡੇ ਫੇਫੜਿਆਂ ’ਤੇ ਪੈਂਦਾ ਹੈ। ਅਜੋਕੇ ਜੀਵਨ ਦੇ ਸ਼ਹਿਰੀਕਰਨ ਹੋਣ ਨਾਲ ਵਾਤਾਵਰਨ ਬਹੁਤ ਪ੍ਰਦੂਸ਼ਿਤ ਹੋ ਗਿਆ ਹੈ, ਜਿਸ ਕਾਰਨ ਹਵਾ ਵਿੱਚ ਪ੍ਰਦੂਸ਼ਣ ਦੇ ਕਣ ਭਾਰੀ ਮਾਤਰਾ ’ਚ ਪਾਏ ਜਾਂਦੇ ਹਨ। ਅਜਿਹੀ ਹਵਾ ਵਿੱਚ ਸਾਹ ਲੈਣ ਕਾਰਨ ਸਾਡੇ ਫੇਫੜੇ ਕਮਜ਼ੋਰ ਹੋ ਰਹੇ ਹਨ ਤੇ ਫੇਫੜਿਆਂ ਨੂੰ ਤੰਦਰੁਸਤ ਰੱਖਣ, ਖੁੱਲ੍ਹ ਕੇ ਸਾਹ ਲੈਣ ਅਤੇ ਸਾਹ ਸਬੰਧੀ ਬਿਮਾਰੀਆਂ ਤੋਂ ਬਚਾਉਣ ਲਈ ਪੌਸ਼ਟਿਕ ਆਹਾਰ ਲੈਣਾ ਬਹੁਤ ਜ਼ਰੂਰੀ ਹੈ। ਚੰਗਾ ਭੋਜਨ ਸਾਡੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਸਹਾਈ ਹੁੰਦਾ ਹੈ।
ਸਹੀ ਤੇ ਸਮਝਦਾਰੀ ਨਾਲ ਚੁਣਿਆ ਭੋਜਨ ਸਰੀਰ ਨੂੰ ਊਰਜਾ ਦਿੰਦਾ ਹੈ ਅਤੇ ਸਾਡਾ ਦਿਨ ਬਿਹਤਰ ਬਣਾਉਂਦਾ ਹੈ। ਫੇਫੜਿਆਂ ਲਈ ਚੰਗਾ ਭੋਜਨ: ਸੇਬ, ਸੰਤਰਾ ਅਮਰੂਦ, ਅਨਾਰ, ਬੈਰੀਜ਼, ਟਮਾਟਰ, ਗਾਜਰ, ਪਾਲਕ, ਬਰੌਕਲੀ ਅਤੇ ਹੋਰ ਹਰੀਆਂ ਸਬਜ਼ੀਆਂ, ਵਿਟਾਮਿਨ, ਖਣਿਜ ਅਤੇ ਐਂਟੀ-ਆਕਸੀਡੈਂਟਾਂ ਨਾਲ ਭਰਪੂਰ ਹੁੰਦੀਆਂ ਹਨ। ਇਨ੍ਹਾਂ ਨੂੰ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਉਣ ਨਾਲ ਸਾਡੇ ਫੇਫੜੇ ਤੰਦਰੁਸਤ ਰਹਿ ਸਕਦੇ ਹਨ।
ਵਿਟਾਮਿਨ ‘ਸੀ’ ਭਰਪੂਰ ਭੋਜਨ: ਸੰਤਰਾ, ਨਿੰਬੂ, ਆਂਵਲਾ ਅਤੇ ਕਿਵੀ ਵਰਗੇ ਫ਼ਲ ਵਿਟਾਮਿਨ ‘ਸੀ’ ਦੇ ਵਧੀਆ ਸਰੋਤ ਹੁੰਦੇ ਹਨ। ਇਹ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਸਹਾਰਾ ਦਿੰਦੇ ਹਨ ਜਿਸ ਨਾਲ ਸਰੀਰ ਤੰਦਰੁਸਤ ਰਹਿਣ ਸਮੇਤ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਉਮੇਗਾ 3 ਵਾਲੇ ਭੋਜਨ: ਫੇਫੜਿਆਂ ਦੀ ਤੰਦਰੁਸਤੀ ਲਈ ਅਖਰੋਟ, ਅਲਸੀ, ਚੀਆ ਬੀਜ ਅਤੇ ਮੱਛੀ ਵਰਗੇ ਭੋਜਨ ਉਮੇਗਾ 3 ਦੇ ਚੰਗੇ ਸਰੋਤ ਹਨ। ਇਨ੍ਹਾਂ ਦਾ ਸੰਤੁਲਿਤ ਮਾਤਰਾ ਵਿੱਚ ਸੇਵਨ ਕਰਨਾ ਚਾਹੀਦਾ ਹੈ ਜਿਸ ਕਾਰਨ ਸਰੀਰ ਤੰਦਰੁਸਤ ਰਹਿ ਸਕਦਾ ਹੈ।
ਸਾਬਤ ਅਨਾਜ ਅਤੇ ਦਾਲਾਂ: ਓਟਸ, ਦਲੀਆ, ਭੂਰੇ ਚੌਲ, ਦਾਲਾਂ, ਛੋਲੇ ਤੇ ਰਾਜਮਾਂਹ ਵਰਗੇ ਭੋਜਨ ਫਾਈਬਰ ਅਤੇ ਹੋਰ ਪੌਸ਼ਟਿਕ ਤੱਤ ਸਰੀਰ ਨੂੰ ਪ੍ਰਦਾਨ ਕਰਦੇ ਹਨ। ਇਸੇ ਤਰ੍ਹਾਂ ਪਾਣੀ ਪੀਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ। ਇਸ ਲਈ ਸਾਨੂੰ ਰੋਜ਼ਾਨਾ ਢਾਈ ਤੋਂ ਤਿੰਨ ਲਿਟਰ ਤੱਕ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ।
ਭੋਜਨ ਬਾਰੇ ਸਾਵਧਾਨੀਆਂ: ਬਹੁਤ ਜ਼ਿਆਦਾ ਲੂਣ ਵਾਲੀ ਖੁਰਾਕ ਸਰੀਰ ਵਿੱਚ ਪਾਣੀ ਰੋਕ ਸਕਦੀ ਹੈ। ਇਸ ਲਈ ਫੇਫੜਿਆਂ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਲੂਣ ਦੀ ਮਾਤਰਾ ਸਬੰਧੀ ਡਾਕਟਰ ਦੀ ਸਲਾਹ ਅਨੁਸਾਰ ਚੱਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਫਾਸਟ ਫੂਡ, ਡੀਪ ਫ੍ਰਾਈਡ ਫੂਡ ਅਤੇ ਬਹੁਤ ਜ਼ਿਆਦਾ ਚਰਬੀ ਵਾਲੇ ਪਦਾਰਥਾਂ ਦਾ ਸੇਵਨ ਸੀਮਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ। ਇਨ੍ਹਾਂ ਪਦਾਰਥਾਂ ਦਾ ਸੇਵਨ ਸਮੁੱਚੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ। ਇਸ ਤੋਂ ਇਲਾਵਾ ਡੱਬਾਬੰਦ ਮੀਟ ਜ਼ਿਆਦਾ ਮਾਤਰਾ ’ਚ ਨਹੀਂ ਖਾਣਾ ਚਾਹੀਦਾ। ਇਸੇ ਤਰ੍ਹਾਂ ਕੋਲਡ ਡਰਿੰਕਸ, ਮਿੱਠੇ ਡੱਬਾ ਬੰਦ ਫੂਡ ਅਤੇ ਹੋਰ ਵੱਧ ਜ਼ਿਆਦਾ ਚੀਨੀ ਵਾਲੇ ਖਾਧ-ਪਦਾਰਥਾਂ ਨੂੰ ਵੀ ਸੀਮਤ ਮਾਤਰਾ ਵਿੱਚ ਲੈਣਾ ਚਾਹੀਦਾ ਹੈ।
ਸਿਗਰਟਨੋਸ਼ੀ: ਫੇਫੜਿਆਂ ਦੀ ਤੰਦਰੁਸਤੀ ਲਈ ਸਿਰਫ਼ ਖਾਣ-ਪੀਣ ਦਾ ਧਿਆਨ ਹੀ ਨਹੀਂ ਰੱਖਣਾ ਚਾਹੀਦਾ ਬਲਕਿ ਸਿਗਰਟਨੋਸ਼ੀ ਤੋਂ ਵੀ ਪੂਰੀ ਤਰ੍ਹਾਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਸਿਗਰਟ, ਬੀੜੀ ਅਤੇ ਹੋਰ ਤੰਬਾਕੂ ਵਾਲੇ ਪਦਾਰਥ ਫੇਫੜਿਆਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦੇ ਹਨ। ਇਸ ਲਈ ਇਨ੍ਹਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਸਿਗਰਟ ਦਾ ਧੂੰਆਂ (passive smoking) ਵੀ ਫੇਫੜਿਆਂ ਲਈ ਹਾਨੀਕਾਰਕ ਹੁੰਦਾ ਹੈ।
ਸੋ, ਫੇਫੜਿਆਂ ਦੀ ਤੰਦਰੁਸਤੀ ਲਈ ਕਿਸੇ ‘ਸੁਪਰਫੂਡ’ ਦੀ ਲੋੜ ਨਹੀਂ ਹੈ। ਤਾਜ਼ੇ ਫ਼ਲ, ਤਾਜ਼ੀਆਂ ਸਬਜ਼ੀਆਂ, ਸਾਬਤ ਅਨਾਜ, ਦਾਲਾਂ ਤੇ ਪ੍ਰੋਟੀਨ ਨਾਲ ਭਰਪੂਰ ਸੰਤੁਲਿਤ ਖੁਰਾਕ ਸਭ ਤੋਂ ਵਧੀਆ ਚੋਣ ਹੈ। ਇਸ ਨਾਲ ਨਿਯਮਿਤ ਕਸਰਤ, ਸਿਗਰਟਨੋਸ਼ੀ ਤੋਂ ਪ੍ਰਹੇਜ਼ ਅਤੇ ਲੋੜ ਪੈਣ ’ਤੇ ਸਮੇਂ ਸਿਰ ਡਾਕਟਰੀ ਜਾਂਚ ਨਾਲ ਹੀ ਫੇਫੜੇ ਸਿਹਤਮੰਦ ਰਹਿ ਸਕਦੇ ਹਨ। ਤੰਦਰੁਸਤ ਜੀਵਨ ਲਈ ਫੇਫੜਿਆਂ ਦੀ ਤੰਦਰੁਸਤੀ ਬਹੁਤ ਜ਼ਰੂਰੀ ਹੈ। ਇਸ ਲਈ ਫੇਫੜਿਆਂ ਅਤੇ ਸਮੁੱਚੇ ਸਰੀਰ ਦੀ ਤੰਦਰੁਸਤੀ ਲਈ ਸਾਨੂੰ ਪੌਸ਼ਟਿਕ ਆਹਾਰ ਦੇ ਨਾਲ-ਨਾਲ ਚੰਗੀ ਜੀਵਨ ਸ਼ੈਲੀ ਅਪਣਾਉਣ ਦੀ ਜ਼ਰੂਰਤ ਹੈ, ਜਿਸ ਨਾਲ ਅਸੀਂ ਖੁਸ਼ਹਾਲ ਤੇ ਤੰਦਰੁਸਤ ਜੀਵਨ ਜਿਊਂ ਸਕਦੇ ਹਾਂ।
*ਐੱਮ ਬੀ ਬੀ ਐੱਸ, ਐੱਮ ਡੀ (ਛਾਤੀ ਰੋਗਾਂ ਦੇ ਮਾਹਿਰ)
ਸੰਪਰਕ: 88722-91333

