ਨਰਿੰਦਰ ਸਿੰਘ ਕਪੂਰ
ਜੀਵਨ ਦੇ ਰੰਗ
ਵਨ ਵਿਚ ਅਨੇਕਾਂ ਉਨ੍ਹਾਂ ਲੋਕਾਂ ਨਾਲ ਵਾਹ ਪਏਗਾ, ਜਿਹੜੇ ਸਾਨੂੰ ਦੁਖੀ ਅਤੇ ਪ੍ਰੇਸ਼ਾਨ ਕਰਦੇ ਰਹਿਣਗੇ। ਇਹ ਸਾਡੀਆਂ ਮੁਸ਼ਕਲਾਂ ਵਧਾਉਂਦੇ ਅਤੇ ਸਾਡੇ ਅਨੁਭਵ ਵਿਚ ਜ਼ਹਿਰ ਘੋਲਦੇ ਰਹਿੰਦੇ ਹਨ। ਇਨ੍ਹਾਂ ਵਿਚੋਂ ਕਈ ਸਾਡੇ ਅਧਿਕਾਰੀ, ਮੁਖੀ, ਆਗੂ, ਰਿਸ਼ਤੇਦਾਰ, ਦੋਸਤ, ਮੰਤਰੀ, ਪ੍ਰਧਾਨ ਮੰਤਰੀ, ਸਹਿਕਰਮੀ, ਗਵਾਂਢੀ ਆਦਿ ਹੋਣਗੇ। ਇਹ ਸਾਡੀਆਂ ਭਾਵਨਾਵਾਂ ’ਤੇ ਹਮਲੇ ਕਰਦੇ ਹਨ। ਜੋ ਕੀਤਾ ਜਾਣਾ ਚਾਹੀਦਾ ਹੈ, ਉਹ ਨਾ ਕਰਕੇ ਸਾਨੂੰ ਚਿੰਤਾ ਵਿਚ ਪਾਉਂਦੇ ਹਨ ਅਤੇ ਜੋ ਨਹੀਂ ਕੀਤਾ ਜਾਣਾ ਚਾਹੀਦਾ, ਉਸ ਨੂੰ ਕਰਕੇ ਸਾਨੂੰ ਲੀਹ ਤੋਂ ਲਾਹ ਦਿੰਦੇ ਹਨ। ਹਿਲਦੇ ਦੰਦਾਂ ਵਾਂਗ, ਇਹ ਨਾ ਰੱਖੇ ਜਾ ਸਕਦੇ ਹਨ ਨਾ ਤਿਆਗੇ ਜਾ ਸਕਦੇ ਹਨ। ਭੈੜੀ ਸੰਤਾਨ ਵਾਂਗ ਇਨ੍ਹਾਂ ਨੂੰ ਬਰਦਾਸ਼ਤ ਕਰਨਾ ਬੜਾ ਮੁਸ਼ਕਲ ਹੁੰਦਾ ਹੈ। ਇਹ ਸਾਡੀ ਸਿਰਜਣਾਤਮਕ ਊਰਜਾ ਨੂੰ ਖੀਣ ਕਰਦੇ ਹਨ। ਇਹ ਸਾਡੀਆਂ ਪ੍ਰਾਪਤੀਆਂ ਦਾ ਮੁੱਲ ਹੀ ਨਹੀਂ ਘਟਾਉਂਦੇ, ਸਾਡਾ ਅਕਸ ਵੀ ਵਿਗਾੜਦੇ ਹਨ। ਇਹ ਭੈੜੇ ਕੰਮ ਕਰਨ ਵਿਚ ਬੜੇ ਉਤਸ਼ਾਹੀ ਹੁੰਦੇ ਹਨ ਅਤੇ ਸਬਜ਼ਬਾਗ਼ ਵਿਖਾਉਣ ਵਿਚ ਨਿਪੁੰਨ। ਅਸੀਂ ਅਕਸਰ ਇਨ੍ਹਾਂ ਨੂੰ ਸੁਧਾਰਨ ਦੀ ਮਨਸ਼ਾ ਨਾਲ ਇਨ੍ਹਾਂ ਦੇ ਚੁੰਗਲ ਵਿਚ ਫਸ ਜਾਂਦੇ ਹਾਂ। ਇਨ੍ਹਾਂ ਦੀ ਉਪਜਾਈ ਮੰਝਧਾਰ ਦੇ ਅੱਧ ਵਿਚ ਪਹੁੰਚ ਕੇ ਹੀ ਸਾਨੂੰ ਆਪਣੇ ਨਾਲ ਵਾਪਰ ਗਏ ਧੋਖੇ ਦੀ ਸੋਝੀ ਹੁੰਦੀ ਹੈ। ਇਨ੍ਹਾਂ ਦੀਆਂ ਵਿਉਂਤਾਂ, ਵਿਹਾਰ ਅਤੇ ਵਿਚਾਰ ਸਾਨੂੰ ਡੋਬਣ ਵਾਲੇ ਹੁੰਦੇ ਹਨ। ਅਕਸਰ ਸਾਡੇ ਸਾਥੀ, ਭਾਈਵਾਲ, ਸਹਿਕਰਮੀ ਆਦਿ ਆਪਣਾ ਸਵਾਰਥ ਸਿੱਧ ਕਰਨ ਵਾਸਤੇ ਸਾਨੂੰ ਦਾਅ ’ਤੇ ਲਾ ਦਿੰਦੇ ਹਨ ਅਤੇ ਅਸੀਂ ਹੱਥ ਮਲਦੇ ਰਹਿ ਜਾਂਦੇ ਹਾਂ। ਸਾਨੂੰ ਪਤਾ ਹੀ ਨਹੀਂ ਲਗਦਾ ਕਿ ਕਦੋਂ ਅਤੇ ਕਿਵੇਂ ਅਸੀਂ ਇਨ੍ਹਾਂ ਦੇ ਛੁਪੇ ਮੰਦੇ ਇਰਾਦਿਆਂ ਦਾ ਸ਼ਿਕਾਰ ਹੋ ਕੇ ਆਪਣਾ ਸਾਰਾ ਸਰਮਾਇਆ ਅਤੇ ਮਾਣ-ਸਤਿਕਾਰ ਗੁਆ ਬੈਠਦੇ ਹਾਂ। ਕਾਫ਼ਲਾ ਲੰਘ ਜਾਣ ਮਗਰੋਂ ਗੁਬਾਰ ਦੇਖਦੇ ਰਹਿਣ ਵਾਂਗ, ਅਸੀਂ ਵਰਤੇ ਗਏ ਪੌੜੀ ਦੇ ਡੰਡਿਆਂ ਵਾਂਗ ਲਾਚਾਰ ਹੋ ਕੇ ਰਹਿ ਜਾਂਦੇ ਹਾਂ। ਇਹ ਭਰਾ, ਭੈਣਾਂ ਦੀ ਜਾਇਦਾਦ ਦੱਬ ਲੈਂਦੇ ਹਨ, ਰਿਸ਼ਤੇਦਾਰ ਵਿਧਵਾ ਨੂੰ ਲੁੱਟ ਲੈਂਦੇ ਹਨ, ਕਈ ਮਿਹਰਬਾਨੀ ਦੇ ਚੋਲੇ ਥੱਲੇ ਕਿਸੇ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲੈਂਦੇ ਹਨ। ਸੰਸਾਰ ਵਿਚ ਕੋਈ ਹੀ ਹੋਵੇਗਾ, ਜਿਸ ਨਾਲ ਧੋਖਾ ਨਾ ਹੋਇਆ ਹੋਵੇ, ਜਿਸ ਦੀ ਜੇਬ ਨਾ ਕੱਟੀ ਗਈ ਹੋਵੇ, ਜਿਸ ਦਾ ਆਪਣਿਆਂ ਦੇ ਹੱਥੋਂ ਅਪਮਾਨ ਨਾ ਹੋਇਆ ਹੋਵੇ, ਜਿਨ੍ਹਾਂ ਨੂੰ ਉਧਾਰ ਦੇ ਨਾਂ ਅਧੀਨ ਲੁੱਟਿਆ ਨਾ ਹੋਵੇ। ਇਨ੍ਹਾਂ ਨੂੰ ਭਾਵੇਂ ਅਸੀਂ ਕੂੜੇ ਵਾਂਗ ਜਾਂ ਗੰਦੇ ਪਾਣੀ ਦੀ ਬਾਲਟੀ ਵਾਂਗ ਬਾਹਰ ਸੁੱਟ ਦੇਈਏ, ਪਰ ਅਛੋਪਲੇ ਹੀ ਇਨ੍ਹਾਂ ਵਰਗਾ ਕੋਈ ਹੋਰ ਸਾਡੀ ਅੱਖ ਬਚਾ ਕੇ ਸਾਡੀ ਜ਼ਿੰਦਗੀ ਵਿਚ ਆਣ ਵੜਦਾ ਹੈ ਅਤੇ ਨਾਟਕ ਨਵੇਂ ਸਿਰਿਓਂ ਆਰੰਭ ਹੋ ਜਾਂਦਾ ਹੈ।
ਗਲਤੀਆਂ ਸਾਡੇ ਤੋਂ ਵੀ ਹੋਈਆਂ ਹੋਣਗੀਆਂ, ਜਿਨ੍ਹਾਂ ਨੂੰ ਦੂਜੇ ਧੋਖਾ ਕਹਿੰਦੇ ਹਨ। ਜੀਵਨ ਦਾ ਯਥਾਰਥ ਇਹ ਹੈ ਕਿ ਜੀਵਨ ਦੇ ਤਾਣੇ-ਬਾਣੇ ਵਿਚ ਜੋ ਸਾਡੀ ਲੋੜ ਹੁੰਦੀ ਹੈ, ਉਹ ਹੋਰਾਂ ਦੀਆਂ ਨਜ਼ਰਾਂ ਵਿਚ ਸਵਾਰਥ ਅਤੇ ਕਮੀਨਾਪਣ ਬਣ ਜਾਂਦਾ ਹੈ। ਵਾਸਤਵਿਕਤਾ ਇਹ ਹੈ ਕਿ ਕਿਸੇ ਦਾ ਸਾਰਾ ਵਿਹਾਰ ਕਿਸੇ ਨੂੰ ਪਸੰਦ ਨਹੀਂ ਆਉਂਦਾ। ਕਿਸੇ ਦਾ ਵਿਹਾਰ, ਉਸ ਦੀ ਮਿੱਠੀ ਬੋਲ-ਬਾਣੀ, ਸੋਹਣੇ ਨੈਣ-ਨਕਸ਼ਾਂ ਅਤੇ ਸਥਿਤੀ ਦੇ ਦਬਾਓ ਅਧੀਨ ਅਸੀਂ ਬਰਦਾਸ਼ਤ ਕਰ ਲੈਂਦੇ ਹਾਂ, ਪਰ ਥੋੜ੍ਹੇ ਚਿਰ ’ਚ ਹੀ ਗੂੜ੍ਹੇ ਰੰਗ ਫਿੱਕੇ ਪੈ ਜਾਂਦੇ ਹਨ ਅਤੇ ਅਸੀਂ ਉਕਤਾ ਜਾਂਦੇ ਹਾਂ ਅਤੇ ਨੁਕਸ ਕੱਢਣ ਲੱਗ ਪੈਂਦੇ ਹਾਂ। ਇਸਤਰੀ-ਪੁਰਸ਼ਾਂ ਦੀਆਂ ਆਪਸੀ ਲੜਾਈਆਂ ਇਸੇ ਕਾਰਨ ਹੁੰਦੀਆਂ ਹਨ। ਨੁਕਸ ਦਾ ਅਰਥ ਹੀ ਉਹ ਹੈ, ਜੋ ਸਾਨੂੰ ਪਸੰਦ ਨਹੀਂ। ਜੋ ਕੋਈ ਸਾਨੂੰ ਵਸਤ ਵਾਂਗ ਵਰਤਣ ਲੱਗ ਜਾਵੇ ਤਾਂ ਉਸ ਨੂੰ ਅਸੀਂ ਨਫ਼ਰਤ ਤਾਂ ਕਰਦੇ ਹੀ ਹਾਂ, ਉਸ ਨਾਲ ਲੜਨ ਵੀ ਲੱਗ ਪੈਂਦੇ ਹਾਂ। ਕੋਈ ਵੀ ਵਿਅਕਤੀ ਜੋ ਕਰਦਾ ਹੈ, ਉਹ ਕੁਝ ਕਰਨ ਦਾ ਉਸ ਕੋਲ ਤਰਕ ਹੁੰਦਾ ਹੈ, ਪਰ ਉਹ ਤਰਕ ਵੀ ਉਸ ਵਿਅਕਤੀ ਵਾਂਗ ਸਾਨੂੰ ਪਸੰਦ ਨਹੀਂ ਹੁੰਦਾ। ਨਿਰਸੰਦੇਹ ਕਈ ਨਾਟਕ ਚੰਗਾ ਕਰ ਲੈਂਦੇ ਹਨ, ਭਰਮ ਉਸਾਰਨ ਵਿਚ ਮਾਹਿਰ ਹੁੰਦੇ ਹਨ ਅਤੇ ਥੋਖਾ ਦੇਣ ਵਿਚ ਨਿਪੁੰਨ ਹੁੰਦੇ ਹਨ। ਇਹ ਵਾਹੋ-ਦਾਹੀ ਬੋਲਦੇ ਹਨ ਅਤੇ ਸੋਚਣ ਦਾ, ਸੁਣਨ ਵਾਲੇ ਨੂੰ ਵਕਤ ਹੀ ਨਹੀਂ ਦਿੰਦੇ। ਇਨ੍ਹਾਂ ਵਿਚ ਹੋਰਾਂ ਨੂੰ ਕਾਬੂ ਕਰਨ ਅਤੇ ਆਪਣੇ ਭਰਮ ਜਾਲ ਵਿਚ ਫਸਾਉਣ ਦੀ ਯੋਗਤਾ ਹੁੰਦੀ ਹੈ। ਅਜਿਹੀ ਹਾਲਤ ਵਿਚ ਅਸੀਂ ਇਨ੍ਹਾਂ ਦੇ ਪ੍ਰਭਾਵ ਅਧੀਨ ਆ ਕੇ ਕੋਈ ਸੌਦਾ ਕਰ ਲੈਂਦੇ ਹਾਂ, ਕੋਈ ਰਿਸ਼ਤਾ, ਵਾਅਦਾ ਜਾਂ ਇਕਰਾਰਨਾਮਾ ਕਰ ਲੈਂਦੇ ਹਾਂ, ਜਿਹੜਾ ਜਲਦੀ ਹੀ ਸਾਨੂੰ ਆਪਣੀ ਮੂਰਖਤਾ ਪ੍ਰਤੀਤ ਹੋਣ ਲੱਗ ਪੈਂਦਾ ਹੈ, ਪਰ ਉਦੋਂ ਤੱਕ ਸਾਡਾ ਸਮਾਂ, ਪੈਸਾ ਅਤੇ ਮਨ ਦੀ ਸ਼ਾਂਤੀ ਸਭ ਕੁਝ ਬਰਬਾਦ ਹੋ ਚੁੱਕਾ ਹੁੰਦਾ ਹੈ। ਸਾਨੂੰ ਆਪ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਿ ਆਪਣੇ ਨੁਕਸਾਨ ਲਈ ਅਸੀਂ ਆਪ ਜ਼ਿੰਮੇਵਾਰ ਹਾਂ। ਕਈ ਵਾਰ ਇੰਜ ਲਗਦਾ ਹੈ, ਜਿਵੇਂ ਸਾਡੇ ਵਿਚ ਵੜ ਕੇ ਕੋਈ ਹੋਰ ਸਾਡੇ ਤੋਂ ਗਲਤ ਕੰਮ ਕਰਵਾਈ ਜਾਂਦਾ ਹੈ। ਕਈ ਵਾਰੀ ਅਸੀਂ ਅਜਿਹਾ ਮੋੜ ਮੁੜ ਜਾਂਦੇ ਹਾਂ, ਜਿਸ ਦੇ ਅੱਗੇ ਹੀ ਜਾਇਆ ਜਾ ਸਕਦਾ ਹੈ, ਨਾ ਰੁਕਿਆ ਜਾ ਸਕਦਾ ਹੈ ਅਤੇ ਨਾ ਪਿੱਛੇ ਮੁੜਿਆ ਜਾ ਸਕਦਾ ਹੈ। ਅਕਸਰ ਕਈ ਵਾਰ ਲੱਗੇ ਸਰਮਾਏ ਨੂੰ ਡੁੱਬਣ ਤੋਂ ਬਚਾਉਣ ਲਈ ਸਾਨੂੰ ਹੋਰ ਸਰਮਾਇਆ ਲਾਉਣਾ ਪੈਂਦਾ ਹੈ, ਪਰ ਨਵਾਂ ਅਤੇ ਪੁਰਾਣਾ ਦੋਵੇਂ ਸਰਮਾਏ, ਸਮੁੰਦਰੀ ਜਹਾਜ਼ ਵਾਂਗ, ਸਾਡੇ ਵੇਖਦੇ-ਵੇਖਦੇ ਡੁੱਬ ਜਾਂਦੇ ਹਨ।
ਅਜਿਹੀ ਸਥਿਤੀ ਵਿਚ ਅਸੀਂ ਕਿਸ ਨੂੰ ਦੋਸ਼ ਦੇਵਾਂਗੇ, ਦੂਜਿਆਂ ਦੀ ਚਲਾਕੀ ਨੂੰ ਜਾਂ ਆਪਣੀ ਮੂਰਖਤਾ ਨੂੰ। ਬੇਰੁਜ਼ਗਾਰੀ ਕਾਰਨ ਧੋਖਾ ਦੇਣਾ ਹੁਣ ਕਈਆਂ ਦਾ ਰੋਜ਼ਾਨਾ ਰੁਜ਼ਗਾਰ ਬਣ ਗਿਆ ਹੈ। ਟੈਲੀਫੋਨ ਉੱਤੇ ਧੋਖਾਧੜੀ ਨਾਲ ਤੁਹਾਡੇ ਖਾਤੇ ਵਿਚੋਂ ਸਾਰੇ ਪੈਸੇ ਲੋਪ ਹੋ ਜਾਂਦੇ ਹਨ। ਲੁੱਟਾਂ-ਖੋਹਾਂ ਵਿਚ ਵਾਧਾ ਵੀ ਬੇਰੁਜ਼ਗਾਰੀ ਦਾ ਇੱਕ ਲੱਛਣ ਹੈ। ਕਰੋਨਾ ਕਾਰਨ ਲੱਖਾਂ ਦੇ ਰੁਜ਼ਗਾਰ ਖੁੱਸਣਗੇ, ਆਮਦਨਾਂ ਘਟਣਗੀਆਂ, ਚੀਜ਼ਾਂ ਮਹਿੰਗੀਆਂ ਹੋਣਗੀਆਂ, ਇਲਾਜ ਕਰਵਾਉਣੇ ਸੰਭਵ ਨਹੀਂ ਰਹਿਣਗੇ, ਲੋਕ ਮੱਖੀਆਂ ਵਾਂਗ ਮਰਨਗੇ। ਇਕ ਵਿਅਕਤੀ ਇੱਕ ਗਰੋਹ ਨਾਲ ਰਲ ਕੇ ਕਾਰਾਂ ਚੋਰੀ ਕਰਦਾ ਸੀ। ਪਤਨੀ ਨੂੰ ਦੱਸਦਾ ਸੀ ਕਿ ਉਸ ਦੀ ਰਾਤ ਦੀ ਡਿਊਟੀ ਹੈ। ਚੋਰੀ ਕੀਤੀਆਂ ਕਾਰਾਂ ਇਹ ਦੱਸ ਕੇ ਸਸਤੀਆਂ ਵੇਚਦਾ ਸੀ ਕਿ ਇਹ ਕਾਰ ਬੈਂਕ ਤੋਂ ਕਿਸ਼ਤਾਂ ’ਤੇ ਲਈ ਗਈ ਸੀ ਅਤੇ ਕਿਸ਼ਤਾਂ ਨਾ ਭਰਨ ਕਰਕੇ ਇਹ ਜ਼ਬਤ ਕੀਤੀ ਗਈ ਹੈ ਅਤੇ ਬਕਾਇਆ ਉਗਰਾਹੁਣ ਲਈ ਇਵੇਂ ਵੇਚੀ ਜਾ ਰਹੀ ਹੈ। ਜਦੋਂ ਉਹ ਫੜਿਆ ਗਿਆ ਤਾਂ ਚੋਰੀ ਦੀਆਂ ਕਾਰਾਂ ਸਸਤੀਆਂ ਖਰੀਦਣ ਵਾਲੇ ਵਿਅਕਤੀ ਵੀ ਫੜੇ ਗਏ, ਇਹ ਬਿਨ ਬੁਲਾਏ ਆਈ ਮੁਸੀਬਤ ਸੀ। ਅਜਿਹੀਆਂ ਘਟਨਾਵਾਂ ਅਤੇ ਵਾਰਦਾਤਾਂ ਵਧ ਰਹੀਆਂ ਹਨ। ਮਨੁੱਖ ਦਾ ਵਿਹਾਰ ਵਿਗੜ ਗਿਆ ਹੈ, ਵਿਗੜ ਰਿਹਾ ਹੈ ਅਤੇ ਇਹ ਹੋਰ ਵਿਗੜੇਗਾ।
ਅਜੋਕੇ ਸਮਿਆਂ ਵਿਚ ਕਈ ਨਾਂਹਦਰੂ ਪ੍ਰਭਾਵਾਂ ਦੇ ਉਪਜਾਏ ਮਨੁੱਖੀ ਵਿਹਾਰ ਨੂੰ ਸਮਝਣ ਦੀ ਲੋੜ ਹੈ। ਇਹ ਅਜੋਕੇ ਮਨੁੱਖ ਨੂੰ ਵਾਧੂ ਪਈ ਮੁਸੀਬਤ ਹੈ। ਹੁਣ ਇਹ ਸਮਝਣ ਦੀ ਲੋੜ ਹੈ ਕਿ ਕੌਣ ਸਾਡਾ ਆਪਣਾ ਬਣ ਕੇ ਸਾਨੂੰ ਧੋਖਾ ਦੇਣ ਦੀ ਤਿਆਰੀ ਕਰ ਰਿਹਾ ਹੈ। ਇਹ ਜਾਨਣਾ ਬੜਾ ਜ਼ਰੂਰੀ ਹੈ ਕਿ ਕਿਹੜੀਆਂ ਗੱਲਾਂ ਦੱਸਣੀਆਂ ਹਨ ਅਤੇ ਕਿਹੜੀਆਂ ਨਹੀਂ। ਲੜਕੀਆਂ ਅਕਸਰ ਭੋਲੀਆਂ ਹੋਣ ਕਰਕੇ ਹਰ ਕਿਸੇ ’ਤੇ ਵਿਸ਼ਵਾਸ ਕਰ ਲੈਂਦੀਆਂ ਹਨ, ਫੋਟੋਆਂ ਖਿਚਵਾ ਲੈਂਦੀਆਂ ਹਨ। ਦੂਜੇ ਸਾਨੂੰ ਪਿਆਰ ਦੀ ਚਾਬੀ, ਕਈ ਸਾਨੂੰ ਸਤਿਕਾਰ ਦੀ ਚਾਬੀ ਅਤੇ ਕਈ ਸਾਨੂੰ ਰੋਮਾਂਸ ਦੀ ਕੁੰਜੀ ਨਾਲ ਖੋਲ੍ਹ ਲੈਂਦੇ ਹਨ। ਕਈ ਉਂਜ ਠੀਕ ਹੁੰਦੇ ਹਨ, ਪਰ ਉਨ੍ਹਾਂ ਦੀ ਇਕ ਮੰਗ ਪੂਰੀ ਨਾ ਕਰ ਸਕਣ ਕਰਕੇ ਅਚਾਨਕ ਜ਼ਹਿਰੀਲੇ ਹੋ ਜਾਂਦੇ ਹਨ। ਕਈ ਵਾਰੀ ਅਸੀਂ ਗਲਤ ਬੰਦੇ ਨੂੰ ਕਿਰਾਏਦਾਰ ਜਾਂ ਨੌਕਰ ਰੱਖ ਲੈਂਦੇ ਹਾਂ ਅਤੇ ਲੋੜ ਨਾਲੋਂ ਵਧੇਰੇ ਇਤਬਾਰ ਕਰਨ ਲੱਗ ਪੈਂਦੇ ਹਾਂ। ਜਦੋਂ ਕੋਈ ਅਚਾਨਕ ਸਾਡੇ ਹਿੱਤ ਦੀਆਂ ਗੱਲਾਂ ਕਰਨ ਲੱਗ ਜਾਵੇ ਤਾਂ ਸਾਵਧਾਨ ਹੋਣ ਦੀ ਲੋੜ ਹੈ। ਜਿਹੜੇ ਥੋੜ੍ਹੇ ਸਮੇਂ ਵਿਚ ਵੱਡੇ ਲਾਭ ਪਹੁੰਚਾਉਣ ਦੀਆਂ ਗੱਲਾਂ ਕਰਦੇ ਹਨ ਜਾਂ ਪੈਸੇ ਡਿਊਢੇ-ਦੁੱਗਣੇ ਕਰਨ ਦਾ ਲਾਲਚ ਦਿੰਦੇ ਹਨ, ਉਨ੍ਹਾਂ ਤੋਂ ਬਚਣ ਦੀ ਲੋੜ ਹੁੰਦੀ ਹੈ। ਸੰਸਾਰ ਬੜਾ ਭੇਤਪੂਰਨ, ਜਟਿਲ ਅਤੇ ਗੁੰਝਲਦਾਰ ਹੋ ਗਿਆ ਹੈ, ਚਮਕ ਵਧ ਗਈ ਹੈ ਤਾਂ ਕਿ ਹਨੇਰੇ ਪੱਖ ਵਿਖਾਈ ਨਾ ਦੇਣ, ਸ਼ਰਤਾਂ ਇੰਨੇ ਬਰੀਕ ਟਾਈਪ ਵਿਚ ਲਿਖੀਆਂ ਹੁੰਦੀਆਂ ਹਨ ਕਿ ਪੜ੍ਹੀਆਂ ਨਾ ਜਾਣ। ਸਾਡਾ ਆਪਣੇ ਆਪ ਉੱਤੇ ਵੀ ਕੰਟਰੋਲ ਢਿੱਲਾ ਹੋ ਗਿਆ ਹੈ। ਇਹੀ ਕਾਰਨ ਹੈ ਕਿ ਸਾਨੂੰ ਇਕ ਦੀ ਵੀ ਲੋੜ ਨਹੀਂ ਹੁੰਦੀ ਅਤੇ ਦੋ ਨਾਲ ਦੋ ਮੁਫ਼ਤ ਖਰੀਦ ਲਿਆਉਂਦੇ ਹਾਂ। ਧੋਖਾ ਖਾਣ ਵੇਲੇ ਅਸੀਂ ਕਿਸੇ ਨਾਲ ਸਲਾਹ ਨਹੀਂ ਕਰਦੇ, ਕਿਉਂਕਿ ਸਾਨੂੰ ਆਪਣੀ ਅਕਲ ’ਤੇ ਲੋੜ ਨਾਲੋਂ ਵਧੇਰੇ ਭਰੋਸਾ ਹੁੰਦਾ ਹੈ। ਭਾਰੀ ਦਾਜ ਦੇ ਲਾਲਚ ਕਾਰਨ ਰਿਸ਼ਤਾ ਕਰਨ ਵੇਲੇ, ਨੌਕਰੀ ਲਈ ਰਿਸ਼ਵਤ ਦੇਣ ਵੇਲੇ, ਟਰੈਵਲ ਏਜੰਟ ਕੋਲ ਵਿਦੇਸ਼ ਜਾਣ ਵੇਲੇ ਅਤੇ ਝਗੜੇ ਵਾਲੀ ਜਾਇਦਾਦ ਸਸਤੀ ਖਰੀਦਣ ਸਮੇਂ ਸਾਡੀ ਸੋਚ ’ਤੇ ਪਰਦਾ ਪੈ ਜਾਂਦਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਜੋ ਹੋਰਾਂ ਕੋਲ ਹੁੰਦਾ ਹੈ, ਆਪਣੀ ਸਥਿਤੀ ਅਤੇ ਸਮਰਥਾ ਸਮਝਣ ਤੋਂ ਬਿਨਾਂ ਅਸੀਂ ਉਸ ਦੀ ਇੱਛਾ ਕਿਉਂ ਕਰਨ ਲੱਗ ਪੈਂਦੇ ਹਾਂ। ਉੱਚੇ ਅਹੁਦਿਆਂ ਵਾਲਿਆਂ ਨੂੰ ਅਸੀਂ ਆਪਣੇ ਰਿਸ਼ਤੇਦਾਰ ਦੱਸਣ ਦਾ ਝੂਠ ਕਿਉਂ ਮਾਰਦੇ ਹਾਂ। ਆਪਣੇ ਆਪ ਨੂੰ ਅਸੀਂ ਆਪ ਹੀ ਧੋਖਾ ਦਿੰਦੇ ਹਾਂ। ਸਾਡੇ ਲਾਲਚ ਦਾ ਕਾਰਨ ਸਾਡੇ ਬਚਪਨ ਅਤੇ ਜਵਾਨੀ ਵਿਚ ਛੁਪਿਆ ਹੁੰਦਾ ਹੈ ਅਤੇ ਅਤ੍ਰਿਪਤ ਇੱਛਾਵਾਂ ਦੀ ਪੂਰਤੀ ਲਈ ਸਾਨੂੰ ਸਾਡਾ ਅਚੇਤ ਮਨ ਚਲਾਈ ਜਾਂਦਾ ਹੈ। ਭੀੜ ਤਮਾਸ਼ਾ ਵੇਖ ਰਹੀ ਹੁੰਦੀ ਹੈ, ਵਿਚ ਵੜ ਕੇ ਅਸੀਂ ਆਪਣੀ ਜੇਬ ਕਟਵਾ ਲੈਂਦੇ ਹਾਂ। ਜੇ ਕੋਈ ਇਸਤਰੀ ਗਹਿਣੇ ਪਾ ਕੇ ਸੁੰਨੇ ਰਾਹਾਂ ’ਤੇ ਪ੍ਰੇਮੀ ਨਾਲ ਘੁੰਮਣ ਜਾਵੇਗੀ ਤਾਂ ਗਹਿਣੇ ਅਤੇ ਇੱਜ਼ਤ ਦੋਵੇਂ ਲੁੱਟੇ ਜਾਣ ਦਾ ਖ਼ਤਰਾ ਵਧ ਜਾਵੇਗਾ। ਪ੍ਰਸਿੱਧ ਥਾਵਾਂ ਜੁਰਮਾਂ ਦੇ ਸਥਾਨ ਹੁੰਦੀਆਂ ਹਨ। ਰਾਜਧਾਨੀਆਂ ਵਿਚ ਭੋਲੇ ਬੰਦੇ ਨਹੀਂ ਰਹਿ ਸਕਦੇ, ਕਿਉਂਕਿ ਜਿਹੜਾ ਮਿਲਦਾ ਹੈ, ਉਹ ਨਹਿਲੇ ’ਤੇ ਦਹਿਲਾ ਹੁੰਦਾ ਹੈ। ਹੁਣ ਮਨੁੱਖ ਨੂੰ ਘਰੋਂ ਬਾਹਰ ਵਿਚਰਦਿਆਂ ਵਧੇਰੇ ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ ਹੁਣ ਉਸ ਕੋਲ ਖੋਹੇ-ਲੁੱਟੇ ਜਾਣ ਵਾਲਾ ਬੜਾ ਕੁਝ ਹੁੰਦਾ ਹੈ। ਹੁਣ ਆਲਾ-ਦੁਆਲਾ ਖ਼ਤਰਨਾਕ ਹੋ ਗਿਆ ਹੈ। ਅਜੋਕਾ ਮਨੁੱਖ ਪ੍ਰੇਸ਼ਾਨ ਹੈ ਕਿ ਉਹ ਕਿੰਨੀਆਂ ਕੁ ਸਾਵਧਾਨੀਆਂ ਵਰਤੇ?
ਮਨੁੱਖ ਦਾ ਵਿਨਾਸ਼ਕਾਰੀ ਵਿਹਾਰ ਵਧੇਰੇ ਬਲਵਾਨ ਹੁੰਦਾ ਜਾ ਰਿਹਾ ਹੈ। ਅਜੋਕੇ ਸਮੇਂ ਤੋਂ ਪਹਿਲਾਂ ਮਨੁੱਖ ਕਦੇ ਵੀ ਇੰਨਾ ਵਿਨਾਸ਼ਕਾਰੀ ਨਹੀਂ ਸੀ। ਅਧਿਆਪਕ, ਵਿਦਿਆਰਥੀਆਂ ਦਾ ਜਿਨਸੀ ਸ਼ੋਸ਼ਣ ਕਰਨ ਲੱਗ ਪਏ ਹਨ, ਮਾਵਾਂ ਆਪਣੀ ਔਲਾਦ ਨੂੰ ਆਪ ਮਾਰ ਰਹੀਆਂ ਹਨ, ਪਿਤਾ ਦੇ ਧੀ ਨਾਲ ਸਬੰਧ ਹਨ। ਇਹੀ ਨਹੀਂ, ਮਨੁੱਖ ਦੇ ਈ ਭਿਆਨਕ ਵਿਨਾਸ਼ਕਾਰੀ ਰੂਪ ਉੱਭਰ ਆਏ ਹਨ। ਉਹ ਇਕੋ ਵੇਲੇ ਕਈਆਂ ਨੂੰ ਧੋਖਾ ਦੇਣ ਦੇ ਸਮਰੱਥ ਹੋ ਗਿਆ ਹੈ। ਹੁਣ ਮਨੁੱਖ ਨੂੰ ਉਨ੍ਹਾਂ ’ਤੇ ਵੀ ਸ਼ੱਕ ਕਰਨ ਦੀ ਲੋੜ ਪੈ ਰਹੀ ਹੈ, ਜਿਹੜੇ ਉਸ ਦੇ ਵਿਸ਼ਵਾਸ ਦੇ ਪਾਤਰ ਹੋਣੇ ਚਾਹੀਦੇ ਸਨ। ਬਦਲੇ ਹੋਏ ਮਨੁੱਖੀ ਵਿਹਾਰ ਦੇ ਨੇਮ ਸਮਝਣੇ ਬੜੇ ਜ਼ਰੂਰੀ ਹੋ ਗਏ ਹਨ। ਹੁਣ ਅਜੋਕੇ ਨਾਵਲਾਂ, ਕਹਾਣੀਆਂ, ਫਿ਼ਲਮਾਂ ਆਦਿ ਵਿਚਲੇ ਵੇਰਵਿਆਂ ਦਾ ਸਬੰਧ ਵਧੇਰੇ ਕਰਕੇ ਮਨੁੱਖ ਦੇ ਛੁਪੇ ਹੋਏ ਇਰਾਦਿਆਂ ਦਾ ਵਿਸ਼ਲੇਸ਼ਣ ਕਰਨਾ ਹੋ ਗਿਆ ਹੈ। ਲੋਕਾਂ ਨਾਲ ਵਿਚਰਦਿਆਂ ਅਸੀਂ ਲੋੜ ਨਾਲੋਂ ਵਧੇਰੇ ਸੁਚੇਤ ਹੋਣ ਲੱਗ ਪਏ ਹਾਂ ਕਿ ਲੋਕ ਸਾਡੇ ਬਾਰੇ ਕੀ ਸੋਚਦੇ ਹਨ, ਉਹ ਸਾਨੂੰ ਕਿਵੇਂ ਨਾਪਦੇ-ਤੋਲਦੇ ਹਨ। ਜਾਂ ਤਾਂ ਅਸੀਂ ਹੋਰਾਂ ਦੀ ਰਾਇ ਬਾਰੇ ਬਹੁਤਾ ਸੋਚਣ ਲੱਗ ਪਏ ਹਾਂ, ਜਾਂ ਉਨ੍ਹਾਂ ਦੀ ਸੋਚ ਪ੍ਰਤੀ ਪੂਰੀ ਲਾਪ੍ਰਵਾਹੀ ਵਰਤਣ ਲੱਗੇ ਹਾਂ। ਸਮਝਣ ਵਾਲੀ ਗੱਲ ਇਹ ਹੈ ਕਿ ਸਾਡੇ ਵਾਂਗ ਹੋਰ ਵੀ ਇੱਛਾਵਾਂ, ਤੌਖਲਿਆਂ ਅਤੇ ਨਿਰਾਸ਼ਤਾਵਾਂ ਵਿਚ ਵਿਚਰਦੇ ਹਨ। ਉਨ੍ਹਾਂ ਦਾ ਗੁੱਸਾ ਕਈ ਸਾਲਾਂ-ਦਹਾਕਿਆਂ ਤੋਂ ਉਸਰ ਰਿਹਾ ਹੁੰਦਾ ਹੈ, ਇਹ ਇਤਫ਼ਾਕ ਦੀ ਗੱਲ ਹੁੰਦੀ ਹੈ ਕਿ ਜਦੋਂ ਉਨ੍ਹਾਂ ਦਾ ਗੁੱਸਾ ਫਟਣਾ ਹੁੰਦਾ ਹੈ, ਅਸੀਂ ਉਨ੍ਹਾਂ ਦੇ ਰਸਤੇ ਵਿਚ ਆ ਜਾਂਦੇ ਹਾਂ। ਜਦੋਂ ਸੱਸ ਨੇ ਲੜਨਾ ਹੁੰਦਾ ਹੈ, ਉਸ ਨੂੰ ਨੂੰਹ ਦਿਸਣ ਲੱਗ ਪੈਂਦੀ ਹੈ। ਸੱਸ ਆਪਣੀਆਂ ਕੁੰਠਾਵਾਂ ਵਿਚੋਂ ਗੁਜ਼ਰ ਰਹੀ ਹੁੰਦੀ ਹੈ ਤੇ ਕਈ ਵਾਰੀ ਤਰਸ ਦੀ ਮੰਗ ਕਰ ਰਹੀ ਹੁੰਦੀ ਹੈ। ਸਾਨੂੰ ਦੂਜਿਆਂ ਦਾ ਸੁਭਾਓ ਸਮਝਣਾ ਤੇ ਉਨ੍ਹਾਂ ਦੇ ਗ਼ੈਰ-ਵਾਜਬਿ ਵਿਹਾਰ ਤੋਂ ਪ੍ਰੇਸ਼ਾਨ ਹੋਣ ਦੀ ਥਾਂ ਆਪਣੀ ਸਹਿਣਸ਼ੀਲਤਾ ਦਾ ਪ੍ਰਮਾਣ ਦੇਣਾ ਚਾਹੀਦਾ ਹੈ। ਹੁਣ ਕਵਿਤਾ ਨਹੀਂ ਲਿਖੀ ਜਾ ਰਹੀ, ਕਿਉਂਕਿ ਕਿਸੇ ਕੋਲ ਕਾਵਿਕ ਅਨੁਭਵ ਨਹੀਂ ਹੈ। ਹੁਣ ਵਿਅੰਗ ਅਤੇ ਮਖੌਲ ਉਡਾਉਣ ਵਾਲੀਆਂ ਰਚਨਾਵਾਂ ਹੀ ਸੰਭਵ ਹਨ। ਹੁਣ ਹਰ ਕੋਈ ਕਰੋਨਾ ਦਾ ਮਰੀਜ਼ ਲਗਦਾ ਹੈ।
ਸਾਡੇ ਵਿਚ ਇਕ ਨੀਵਾਂ ਅਤੇ ਇਕ ਉਚੇਰਾ ਆਪਾ ਹੁੰਦਾ ਹੈ। ਨੀਵਾਂ ਆਪਾ ਵਧੇਰੇ ਸ਼ਕਤੀਸ਼ਾਲੀ ਹੁੰਦਾ ਹੈ। ਇਸ ਦਾ ਸਰੋਤ ਹਉਮੈ ਅਤੇ ਆਪਣੇ ਆਪ ਨੂੰ ਹਰ ਪੱਖੋਂ ਸਹੀ ਅਤੇ ਯੋਗ ਸਮਝਣ ਵਿਚ ਹੁੰਦਾ ਹੈ। ਇਸ ਦੀ ਬਿਰਤੀ ਹਮਲਾਵਰੀ ਅਤੇ ਬਲਾਤਕਾਰੀ ਹੁੰਦੀ ਹੈ। ਮਨੁੱਖ ਦੀਆਂ ਪਸ਼ੂ-ਬਿਰਤੀਆਂ ਅਤੇ ਮੂਲ ਪ੍ਰਵਿਰਤੀਆਂ ਕਾਰਨ, ਇਹ ਵਧੇਰੇ ਕਾਰਜਸ਼ੀਲ ਹੁੰਦਾ ਹੈ। ਇਸ ਵਿਚ ਹੋਰਾਂ ਨੂੰ ਝੁਕਾਉਣ ਦੀ ਅਤੇ ਹਕੂਮਤੀ ਬਿਰਤੀ ਬਲਵਾਨ ਹੁੰਦੀ ਹੈ। ਕੌਮ, ਰਾਸ਼ਟਰ, ਭਾਸ਼ਾ, ਧਰਮ ਆਦਿ ਦੇ ਆਧਾਰ ’ਤੇ ਇਹ ਨਫ਼ਤਰ ਫੈਲਾਉਂਦਾ ਹੈ। ਸੰਕੀਰਣਤਾ, ਸਾੜੇ, ਈਰਖਾ, ਭੇਦ-ਭਾਵ ਦੀਆਂ ਭਾਵਨਾਵਾਂ ਕਾਰਨ ਇਹ ਬਹੁਗਿਣਤੀ ਨੂੰ ਆਪਣੇ ਸਹੀ ਹੋਣ ਦੀ ਭਾਵਨਤਮਕ ਤਸੱਲੀ ਦਿੰਦਾ ਹੈ। ਬਹੁਤੇ ਮਨੁੱਖ ਭਾਵੁਕ ਹੁੰਦੇ ਹਨ, ਪਰ ਸੰਸਾਰ ਨੂੰ ਚਲਾਉਂਦਾ ਤਰਕ ਹੈ। ਪ੍ਰਕਿਰਤੀ ਵਿਚ ਤਰਕ ਹੈ, ਰੂਹਾਨੀ ਦ੍ਰਿਸ਼ਟੀ ਤਾਰਕਿਕ ਹੁੰਦੀ ਹੈ। ਸਾਨੂੰ ਦੁਸ਼ਮਣ ਦੀ ਤਾਕਤ ਤੋਂ ਨਹੀਂ, ਆਪਣੀਆਂ ਕਮਜ਼ੋਰੀਆਂ ਤੋਂ ਡਰਨਾ ਚਾਹੀਦਾ ਹੈ। ਕਿਸੇ ਦਾ ਨੀਵਾਂ ਵਿਹਾਰ ਵੇਖ ਕੇ ਤਣਾਓ ਵਿਚ ਆਉਣ ਦੀ ਥਾਂ, ਇਸ ਨੂੰ ਮਨੁੱਖੀ ਵਿਹਾਰ ਨੂੰ ਸਮਝਣ ਦਾ ਇਕ ਅਵਸਰ ਸਮਝ ਕੇ, ਇਸ ਨੂੰ ਮਨੁੱਖੀ ਵਿਹਾਰ ਦਾ ਇਕ ਲੱਛਣ ਸਮਝਣਾ ਚਾਹੀਦਾ ਹੈ।
ਨੀਵੇਂ ਆਪੇ ਦਾ ਸਭ ਤੋਂ ਭੈੜਾ ਰੂਪ ਕਮੀਨਾਪਣ ਹੁੰਦਾ ਹੈ। ਹਰ ਕੋਈ ਕਿਸੇ ਨਾ ਕਿਸੇ ਪੱਖੋਂ ਕਮੀਨਾ ਹੁੰਦਾ ਹੈ। ਅਸੀਂ ਕਮੀਨਾ ਵਿਹਾਰ ਸੋਚ-ਸਮਝ ਕੇ ਨਹੀਂ ਕਰਦੇ, ਅਜਿਹਾ ਵਿਹਾਰ ਅਣਜਾਣੇ ਹੀ ਹੋ ਜਾਂਦਾ ਹੈ। ਕਈ ਸੁਭਾਅ ਵਜੋਂ ਹੀ ਕਮੀਨੇ ਹੁੰਦੇ ਹਨ। ਇਕ ਦੁਕਾਨਦਾਰ ਨੌਕਰ ਰੱਖਦਾ ਸੀ ਅਤੇ ਉਜਰਤ ਵੇਲੇ ਅੱਧੇ ਨਾਲੋਂ ਵੀ ਘੱਟ ਪੈਸੇ ਇਹ ਕਹਿ ਕੇ ਦਿੰਦਾ ਸੀ ਕਿ ਤੂੰ ਇਹ ਨੁਕਸਾਨ ਕੀਤਾ ਸੀ, ਤੂੰ ਇਹ ਚੀਜ਼ ਤੋੜੀ ਸੀ। ਇਕ ਮਾਲਕਣ, ਸਫ਼ਾਈ ਕਰਨ ਵਾਲੀ ਨਾਲ ਪਸ਼ੂ ਨਾਲੋਂ ਵੀ ਭੈੜਾ ਵਿਹਾਰ ਕਰਦੀ ਸੀ। ਇਕ ਪਤੀ ਨੇ ਇਕ ਦਿਨ ਅਚਾਨਕ ਪਤਨੀ ਨੂੰ ਕਿਹਾ ਕਿ ਮੈਂ ਤੈਨੂੰ ਨਹੀਂ ਰੱਖਣਾ, ਤੂੰ ਮੈਨੂੰ ਚੰਗੀ ਨਹੀਂ ਲਗਦੀ। ਲੋਕ ਡੂੰਘੇ ਕਾਰਨਾਂ ਕਰਕੇ ਕਮੀਨੇ ਹੁੰਦੇ ਹਨ, ਉਹ ਹਰ ਕਿਸੇ ਨੂੰ ਹੀ ਪ੍ਰੇਸ਼ਾਨ ਨਹੀਂ ਕਰਦੇ, ਉਹ ਆਪਣੇ ਨਾਲ ਵੀ ਨਾਰਾਜ਼ ਹੁੰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਚਿਹਰੇ ’ਤੇ ਹਰ ਵੇਲੇ ਤਿਊੜੀ ਚੜ੍ਹੀ ਹੀ ਰਹਿੰਦੀ ਹੈ, ਉਨ੍ਹਾਂ ਨੂੰ ਇਵੇਂ ਲਗਦਾ ਹੈ, ਜਿਵੇਂ ਹਰ ਕੋਈ ਉਨ੍ਹਾਂ ਨੂੰ ਧੋਖਾ ਦੇ ਰਿਹਾ ਹੈ। ਕਮੀਨੇ ਕਦੇ ਬਰਦਾਸ਼ਤ ਨਹੀਂ ਕਰਦੇ ਕਿ ਕੋਈ ਉਨ੍ਹਾਂ ਨਾਲ ਕਮੀਨਾ ਵਿਹਾਰ ਕਰੇ। ਕਮੀਨੇ ਵਿਅਕਤੀ ਮਾਨਸਿਕ ਰੋਗੀ ਹੁੰਦੇ ਹਨ, ਉਨ੍ਹਾਂ ਦੀਆਂ ਨਾੜਾਂ ਵਿਚ ਤੇਜ਼ਾਬ ਹੁੰਦਾ ਹੈ।
ਉਚੇਰਾ ਆਪਾ ਸਾਨੂੰ ਪ੍ਰਤੀਕਰਮ ਪ੍ਰਗਟਾਉਣ ਦੀ ਥਾਂ ਸੋਚਣ ਲਈ ਅਤੇ ਆਪਣੇ ਆਪ ਵਿਚੋਂ ਬਾਹਰ ਨਿਕਲਣ ਲਈ ਪ੍ਰੇਰਦਾ ਹੈ। ਇਹ ਹੋਰਾਂ ਨਾਲ ਪਿਆਰ ਅਤੇ ਸਤਿਕਾਰ ਦੀ ਭਾਵਨਾ ਨਾਲ ਜੁੜਨ ਲਈ, ਕੰਮ ਵਿਚੋਂ ਆਨੰਦ ਲੈਣ ਲਈ, ਕੁਝ ਕਰ ਕੇ ਵਿਖਾਉਣ ਲਈ ਅਤੇ ਅਨੋਖਾ ਬਣਨ ਲਈ ਪ੍ਰੇਰਦਾ ਹੈ। ਉਚੇਰਾ ਆਪਾ, ਨੀਵੇਂ ਆਪੇ ਨਾਲੋਂ ਕਮਜ਼ੋਰ ਹੁੰਦਾ ਹੈ, ਜਿਵੇਂ ਕਿਸੇ ਦੀ ਪ੍ਰਸੰਸਾ ਵਿਚ ਇਕ-ਦੋ ਵਾਕ ਹੀ ਬੋਲੇ ਜਾਂਦੇ ਹਨ, ਜਦੋਂਕਿ ਨਿੰਦਾ ਅਤੇ ਅਪਮਾਨ ਕਰਨ ਵੇਲੇ ਸਾਰਾ ਬਾਰੂਦ ਝੋਕ ਦਿੱਤਾ ਜਾਂਦਾ ਹੈ। ਚੰਗੇਰੇ ਆਪੇ ਨੂੰ ਜਗਾਉਣ ਲਈ ਅਤੇ ਜਾਗਦੇ ਰੱਖਣ ਲਈ ਦ੍ਰਿੜ੍ਹ ਯਤਨ, ਅੰਤਰ-ਦ੍ਰਿਸ਼ਟੀ, ਸਿਦਕ ਅਤੇ ਸਿਰੜ ਦੀ ਲੋੜ ਪੈਂਦੀ ਹੈ। ਕਮੀਨਿਆਂ ਦੇ ਸੰਸਾਰ ਵਿਚ ਜਿਹੜੇ ਲੋਕ ਉਦਾਰ, ਸਹਿਯੋਗੀ ਅਤੇ ਸਦਭਾਵੀ ਹੁੰਦੇ ਹਨ, ਉਹ ਮਾਨਸਿਕ ਪੱਖੋਂ ਤੰਦਰੁਸਤ ਹੁੰਦੇ ਹਨ। ਉਹ ਆਪਣੇ ਸੀਮਤ ਹਿੱਤਾਂ ਦੀ ਥਾਂ ਸਰਬੱਤ ਦੇ ਭਲੇ ਦੇ ਅਭਿਲਾਸ਼ੀ ਹੁੰਦੇ ਹਨ। ਇਹ ਤਣਾਓ, ਦਬਾਓ ਨੂੰ ਸੌਖਿਆਂ ਬਰਦਾਸ਼ਤ ਕਰ ਲੈਂਦੇ ਹਨ। ਇਨ੍ਹਾਂ ਨੂੰ ਸ਼ਾਂਤ ਹੋਣ ਦੀ ਜਾਚ ਆਉਂਦੀ ਹੈ। ਇਹ ਸਰਲ, ਸਾਦੇ, ਸਿੱਧੇ ਅਤੇ ਸਾਫ਼ ਨੀਅਤ ਵਾਲੇ ਹੁੰਦੇ ਹਨ। ਇਹ ਹੋਰਾਂ ਨੂੰ ਸੁਣਦੇ ਹਨ, ਇਹ ਆਪਣੇ ਆਪ ਨੂੰ ਧਰਤੀ ਦਾ ਕੇਂਦਰ ਹੋਣ ਦੇ ਭੁਲੇਖੇ ਤੋਂ ਮੁਕਤ ਹੁੰਦੇ ਹਨ। ਪ੍ਰਸੰਨ, ਸੰਤੁਸ਼ਟ, ਉਦੇਸ਼ ਪੂਰਨ, ਤੰਦਰੁਸਤ, ਸਦਭਾਵਨਾ ਵਾਲੇ ਮਿਹਰਬਾਨ ਵਿਅਕਤੀ ਜ਼ਿੰਦਗੀ ਦਾ ਸੁਭਾਗ ਹੁੰਦੇ ਹਨ। ਹੋਰਾਂ ਪ੍ਰਤੀ ਮਿਹਰਬਾਨ ਹੋਣਾ ਰੋਗਾਂ-ਸੋਗਾਂ ਦਾ ਇਲਾਜ ਹੁੰਦਾ ਹੈ। ਹੋਰਾਂ ਪ੍ਰਤੀ ਮਿਹਰਬਾਨੀਆਂ ਕਰਨ ਵਾਲੇ, ਕੈਂਸਰ ਦੇ ਕਈ ਮਰੀਜ਼ਾਂ ਨੂੰ ਠੀਕ ਹੁੰਦੇ ਵੇਖਿਆ ਗਿਆ ਹੈ। ਅਧਰੰਗ ਦੇ ਮਰੀਜ਼, ਆਪਣੇ ਉਚੇਰੇ ਆਪੇ ਨਾਲ ਰੋਗ ਤੋਂ ਮੁਕਤ ਹੋ ਜਾਂਦੇ ਹਨ। ਜਿਉਂ ਹੀ ਤੁਸੀਂ ਹੋਰਾਂ ਦੀ ਭਲਾਈ ਬਾਰੇ ਸੋਚੋਗੇ ਅਤੇ ਕੁਝ ਕਰੋਗੇ, ਤੁਹਾਡੀਆਂ ਆਪਣੀਆਂ ਸਮੱਸਿਆਵਾਂ ਤੁਹਾਨੂੰ ਪ੍ਰੇਸ਼ਾਨ ਕਰਨਾ ਬੰਦ ਕਰ ਦੇਣਗੀਆਂ। ਤੁਹਾਡੀ ਊਰਜਾ ਵਧ ਜਾਵੇਗੀ, ਤੁਹਾਡਾ ਮਨ ਟਿਕ ਜਾਵੇਗਾ, ਬਿਰਤੀ ਸ਼ਾਂਤ ਹੋ ਜਾਵੇਗੀ ਅਤੇ ਸ਼ਾਂਤ ਮਨ ਬੜੀਆਂ ਗੁੰਝਲਦਾਰ ਸਮੱਸਿਆਵਾਂ ਦਾ ਸੌਖਿਆਂ ਹੀ ਇਲਾਜ ਲੱਭ ਲੈਂਦਾ ਹੈ। ਇਸ ਵਿਚ ਸਭ ਕੁਝ ਬਰਦਾਸ਼ਤ ਕਰਨ ਦੀ ਸ਼ਕਤੀ ਉਪਜ ਪੈਂਦੀ ਹੈ। ਉਚੇਰੇ ਆਪੇ ਨਾਲ ਅਸੀਂ ਨੀਵੇਂ ਆਪੇ ਨੂੰ ਮਾਤ ਦੇ ਸਕਦੇ ਹਾਂ।