ਪੜ੍ਹਦਿਆਂ ਸੁਣਦਿਆਂ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸੁਰਿੰਦਰ ਸਿੰਘ ਤੇਜ

ਕਾਹਿਰਾ (ਮਿਸਰ) ਦੇ ਸਭ ਤੋਂ ਪ੍ਰਾਚੀਨ ਤੇ ਮਸ਼ਹੂਰ ਕਬਰਿਸਤਾਨ ‘ਅਲ-ਕਾਰਾਫ਼ਾ’ (ਸਿਟੀ ਆਫ਼ ਦਿ ਡੈੱਡ) ਵਿਚ ਇਕ ਖ਼ਸਤਾਹਾਲ ਮਕਬਰਾ ਮੌਜੂਦ ਹੈ। ਪੰਜ ਦਹਾਕਿਆਂ ਤੋਂ ਇਸ ਦੀ ਸਾਂਭ-ਸੰਭਾਲ ਵੱਲ ਕੋਈ ਤਵੱਜੋ ਨਹੀਂ ਦਿੱਤੀ ਗਈ। ਆਪਣੇ ਖੰਡਰਨੁਮਾ ਜਿਸਮ ਵਿਚੋਂ ਵੀ ਇਹ ਮਕਬਰਾ, ਅਤੀਤ ਦੇ ਹੁਸਨ ਦੀ ਝਲਕ ਪੇਸ਼ ਕਰਦਾ ਹੈ। ਇਹ ਸ਼ਾਇਦ ਇਕੋ-ਇਕ ਮਕਬਰਾ ਹੈ ਜੋ ਭਾਰਤ ਸਰਕਾਰ ਨੇ ਆਪਣੇ ਕਿਸੇ ਸਫ਼ੀਰ ਦੀ ਯਾਦ ਵਿਚ ਵਿਦੇਸ਼ੀ ਭੂਮੀ ’ਤੇ ਉਸਰਵਾਇਆ। 1949 ਵਿਚ ਜਦੋਂ ਇਸ ਦੀ ਤਾਮੀਰ ਹੋਈ ਤਾਂ ਇਸ ਦੀ ਅਜ਼ਮਤ ਸੱਚਮੁੱਚ ਹੀ ਜ਼ਿਕਰਯੋਗ ਸੀ। ਇਕ ਦਹਾਕੇ ਤਕ ਇਸ ਦੀ ਦੇਖਭਾਲ ਵੀ ਹੁੰਦੀ ਰਹੀ। ਫਿਰ ਇਸ ਨੂੰ ਵਿਸਾਰ ਦਿੱਤਾ ਗਿਆ। ਇਸ ਦੇ ਅੰਦਰ ਦਫ਼ਨ ਹਸਤੀ ਸੱਯਦ ਹੁਸੈਨ ਦੇ ਭਾਰਤੀ ਆਜ਼ਾਦੀ ਸੰਗਰਾਮ ਅਤੇ ਭਾਰਤੀ ਕੂਟਨੀਤੀ ਵਿਚਲੇ ਯੋਗਦਾਨ ਵਾਂਗ।

ਜ਼ਹੀਨਤਰੀਨ ਇਨਸਾਨ ਸੀ ਸੱਯਦ ਹੁਸੈਨ (ਅੰਗਰੇਜ਼ੀ ਵਿਚ Syud Hossain)। ਦਿਲਦਾਰ, ਦਿਲਕਸ਼, ਦਿਲਫਰੇਬ। ਖ਼ੁਦਾ ਨੇ ਉਸ ਨੂੰ ਨਿਹਾਇਤ ਉਮਦਾ ਦਿਮਾਗ਼ ਨਾਲ ਨਿਵਾਜਿਆ ਸੀ, ਪਰ ਦਿਲ ਦੇ ਮਾਮਲੇ ਵਿਚ ਉਸ ਨੇ ਦਿਲ ਦੀ ਹੀ ਆਵਾਜ਼ ਸੁਣੀ, ਦਿਮਾਗ਼ ਦੀ ਨਹੀਂ। ਇਸ ਦਾ ਖ਼ਮਿਆਜ਼ਾ ਵੀ ਖ਼ੂੁਬ ਭੁਗਤਿਆ; ਦਿਲਜਲਿਆਂ ਵਾਂਗ ਨਹੀਂ, ਨਫ਼ੀਸ ਆਸ਼ਿਕ ਵਾਂਗ; ਮਹਿਬੂਬ ਦੇ ਨਾਲ-ਨਾਲ ਉਸ ਦੇ ਖ਼ਾਨਦਾਨ ਦੀ ‘ਆਬਰੂ’ ਦੀ ਆਖ਼ਰੀ ਸਾਹਾਂ ਤਕ ਹਿਫ਼ਾਜ਼ਤ ਕਰਕੇ। ਇੰਡੀਅਨ ਨੈਸ਼ਨਲ ਕਾਂਗਰਸ ਦੇ 1919 ਵਾਲੇ ਅੰਮ੍ਰਿਤਸਰ ਸੈਸ਼ਨ ਦੀ ਇਕ ਤਸਵੀਰ ਗੂਗਲ ’ਤੇ ਮੌਜੂਦ ਹੈ। ਉਸ ਵਿਚ ਲੋਕਮਾਨਿਆ ਤਿਲਕ, ਮੋਤੀ ਲਾਲ ਨਹਿਰੂ, ਐਨੀ ਬੀਸੈਂਟ, ਮਦਨ ਮੋਹਨ ਮਾਲਵੀਆ ਦੇ ਨਾਲ ਸੱਯਦ ਹੁਸੈਨ ਵੀ ਨਜ਼ਰ ਆਉਂਦਾ ਹੈ। ਉਹ ਇਨ੍ਹਾਂ ਹਸਤੀਆਂ ਜਿੰਨਾ ਕੱਦਾਵਾਰ ਨਹੀਂ ਸੀ, ਪਰ ਕੱਦਾਵਾਰ ਬਣਨ ਦੀਆਂ ਸੰਭਾਵਨਾਵਾਂ ਪੂਰੀਆਂ ਮੌਜੂਦ ਸਨ। ਜੇਕਰ ਉਹ ਆਪਣੇ ਦਿਮਾਗ਼ ਦੀ ਆਵਾਜ਼ ਸੁਣਦਾ ਤਾਂ ਮੁਹੰਮਦ ਅਲੀ ਜਿਨਾਹ, ਚੌਧਰੀ ਲਿਆਕਤ ਅਲੀ ਜਾਂ ਮੌਲਾਨਾ ਅਬੁਲ ਕਲਾਮ ਆਜ਼ਾਦ ਵਾਂਗ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਹੋਇਆ ਕਿਸੇ ਉਪਰਲੇ ਮੁਕਾਮ ਉੱਤੇ ਪਹੁੰਚ ਸਕਦਾ ਸੀ। ਉਸ ਕੋਲ ਨਾਮਵਰ ਮੁਸਲਿਮ ਆਗੂ ਦਾ ਰੁਤਬਾ ਹਾਸਲ ਕਰਨ ਦੇ ਵਸੀਲੇ ਤੇ ਗੁਣ ਵੀ ਭਰਪੂਰ ਮਿਕਦਾਰ ਵਿਚ ਮੌਜੂਦ ਸਨ। ਜ਼ੁਬਾਨ ਵਿਚ ਮਿਠਾਸ ਸੀ, ਜ਼ਿਹਨ ਵੱਡਿਆਂ ਵੱਡਿਆਂ ਨੂੰ ਕੀਲਣ ਦੀ ਕਾਬਲੀਅਤ ਨਾਲ ਲੈਸ ਸੀ। ਉਹ ਗੁਣਵਾਨ ਸੀ, ਵਿਦਵਾਨ ਸੀ, ਗਿਆਨਵਾਨ ਸੀ, ਰਸੂਖ਼ਵਾਨ ਸੀ, ਧਨਵਾਨ ਸੀ, ਖ਼ਾਨਦਾਨ ਵੀ ਨਾਮਵਾਨ ਸੀ। ਪਿਤਾ ਨਵਾਬ ਸੱਯਦ ਮੁਹੰਮਦ ਹੁਸੈਨ, ਢਾਕਾ (ਉਦੋਂ ਪੂਰਬੀ ਬੰਗਾਲ) ਦਾ ਜਾਗੀਰਦਾਰ ਸੀ। ਮਾਂ ਫ਼ਰੀਦਪੁਰ (ਪੂਰਬੀ ਬੰਗਾਲ) ਦੇ ਨਵਾਬ ਦੀ ਧੀ ਸੀ। ਵਿੱਦਿਆ ਪੱਖੋਂ ਸੱਯਦ ਹੁਸੈਨ ਖ਼ੁਦ ਕਲਕੱਤਾ ਦੇ ਬਿਸ਼ਪ ਕੌਟਨ ਕਾਨਵੈਂਟ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੇ ਲੰਡਨ ਦੀ ਲਿੰਕਨ’ਜ਼ ਇੰਨ ਦੀ ਪੈਦਾਇਸ਼ ਸੀ। ਅੰਗਰੇਜ਼ੀ ਸਾਹਿਤ ਤੇ ਵਿਆਕਰਣ ਦਾ ਗੂੜ੍ਹ-ਗਿਆਨੀ; ਭਾਰਤੀ ਤੇ ਵਿਸ਼ਵ ਇਤਿਹਾਸ ਦਾ ਗਿਆਤਾ; ਦਿੱਖ ਪੱਖੋਂ ਸੁਨੱਖਾ, ਲਹਿਜੇ ਪੱਖੋਂ ਤਮੀਜ਼ਦਾਰ। ਪੱਤਰਕਾਰ, ਵਕੀਲ ਤੇ ਸੁਹਜਵਾਨ ਵਕਤਾ ਵਜੋਂ ਚੋਖਾ ਨਾਮ ਪਹਿਲਾਂ ਹੀ ਕਮਾ ਚੁੱਕਾ ਸੀ ਉਹ। ਮਹਾਤਮਾ ਗਾਂਧੀ ਨੂੰ ਵੀ ਪਸੰਦ ਸੀ ਤੇ ਮੋਤੀ ਲਾਲ ਨਹਿਰੂ ਨੂੰ ਵੀ। ਮੋਤੀ ਲਾਲ ਹੀ ਉਸ ਨੂੰ ਬੰਬਈ ਦੇ ‘ਬਾਂਬੇ ਕ੍ਰੌਨੀਕਲ’ ਅਖ਼ਬਾਰ ਤੋਂ ਪੁੱਟ ਕੇ ਅਲਾਹਾਬਾਦ ਲੈ ਆਏ ਸਨ। ਉਨ੍ਹਾਂ ਦੇ ਨਿਵਾਸ ‘ਆਨੰਦ ਭਵਨ’ ਵਿਚ ਉਸ ਨੂੰ ਕਮਰਾ ਮਿਲਿਆ ਹੋਇਆ ਸੀ। ਇਸੇ ਭਵਨ ਦੇ ਪੁਰਾਣੇ ਤਬੇਲੇ ਵਿਚ ਸਥਾਪਿਤ ਛਾਪੇਖਾਨੇ ਦੇ ਬਗ਼ਲ ਵਿਚ ਹੁਸੈਨ ਦਾ ਸੰਪਾਦਕੀ ਦਫ਼ਤਰ ਸੀ। ਉਹ ਨਹਿਰੂ ਖ਼ਾਨਦਾਨ ਵੱਲੋਂ ਛਾਪੇ ਜਾਂਦੇ ਅਖ਼ਬਾਰ ‘ਦਿ ਇੰਡੀਪੈਂਡੈਂਟ’ ਦਾ ਸੰਪਾਦਕ ਸੀ। ‘ਇੰਡੀਪੈਂਡੈਂਟ’ ਉਨ੍ਹੀਂ ਦਿਨੀਂ ਪੂਰੀ ਚੜ੍ਹਤ ’ਤੇ ਸੀ। ਉੱਤਰੀ ਭਾਰਤ ਵਿਚ ਉਸ ਦੀ ਅਸ਼ਾਇਤ, ਉਸ ਦੇ ਤਿੰਨ ਮੁਕਾਬਲੇਬਾਜ਼ ਅਖ਼ਬਾਰਾਂ ਦੀ ਸਾਂਝੀ ਅਸ਼ਾਇਤ ਤੋਂ ਦੋ ਗੁਣਾਂ ਵੱਧ ਸੀ। ਹੁਸੈਨ ਦੀ ਲੇਖਣੀ ਦੇ ਪ੍ਰਸ਼ੰਸਕਾਂ ਵਿਚ ਸਰੋਜਿਨੀ ਨਾਇਡੂ ਤੇ ਆਸਫ਼ ਅਲੀ ਵੀ ਸ਼ੁਮਾਰ ਸਨ। ਦੋਵੇਂ ਉਸ ਦੇ ਹਮਰਾਜ਼ ਵੀ ਸਨ। ਪ੍ਰਸ਼ੰਸਕਾਂ ਦਾ ਦਾਇਰਾ ਤੇਜ਼ੀ ਨਾਲ ਵਧ ਰਿਹਾ ਸੀ- ਕੁਝ ਹੁਸੈਨ ਦੀ ਸ਼ਕਲ-ਓ-ਸੂਰਤ ਕਾਰਨ, ਕੁਝ ਅਕਲ-ਓ-ਅਜ਼ਮਤ ਕਾਰਨ। ਇਸੇ ਦਾਇਰੇ ਵਿਚ 19 ਵਰ੍ਹਿਆਂ ਦੀ ਸਰੂਪ ਕੁਮਾਰੀ ਵੀ ਆ ਦਾਖ਼ਿਲ ਹੋਈ। ਹੁਸੈਨ ਤੋਂ 12 ਵਰ੍ਹੇ ਛੋਟੀ, ਪਰ ਖ਼ੁਦ ਨੂੰ ਉਸ ਦੀ ਹਕੀਕੀ/ਮਿਜ਼ਾਜੀ ਹਾਣੀ ਸਮਝਣ ਵਾਲੀ। ਹੁਸੈਨ ਵੀ ਉਸ ’ਤੇ ਫ਼ਿਦਾ ਹੋ ਗਿਆ। ਉਨ੍ਹੀਂ ਦਿਨੀਂ ਸਰੂਪ ਦੇ ਰਣਜੀਤ ਸੀਤਾਰਾਮ ਪੰਡਿਤ ਨਾਲ ਰਿਸ਼ਤੇ ਦੀ ਗੱਲ ਸ਼ੁਰੂ ਹੋ ਚੁੱਕੀ ਸੀ। ਸਰੂਪ ਨੇ ਸੋਨੂ (ਹੁਸੈਨ) ਉੱਤੇ ਫੌ਼ਰੀ ਕੁਝ ਕਰਨ ਲਈ ਦਬਾਅ ਪਾਇਆ। ਹੁਸੈਨ ਸਮੇਂ ਦੀਆਂ ਹਕੀਕਤਾਂ ਤੋਂ ਵਾਕਫ਼ ਸੀ, ਪਰ ਉਸ ਨੇ ਦਿਲ ਦੀ ਆਵਾਜ਼ ਸੁਣਨ ਨੂੰ ਤਰਜੀਹ ਦਿੱਤੀ। ਉਹ ਤੇ ਸਰੂਪ ਰੂਪੋਸ਼ ਹੋ ਗਏ। ਇਹ ਗੱਲ 1919 ਵਾਲੇ ਅੰਮ੍ਰਿਤਸਰ ਸੈਸ਼ਨ ਤੋਂ ਚੰਦ ਮਹੀਨੇ ਬਾਅਦ ਦੀ ਹੈ। ਰੂਪੋਸ਼ੀ ਦੌਰਾਨ ਹੀ ਇਕ ਮੌਲਵੀ ਨੂੰ ਤਲਬ ਕਰ ਕੇ ਹੁਸੈਨ ਤੇ ਸਰੂਪ ਨੇ ਨਿਕਾਹ ਕਰਵਾ ਲਿਆ। ਪਤਾ ਲੱਗਣ ’ਤੇ ਆਨੰਦ ਭਵਨ ਵਿਚ ਕੋਹਰਾਮ ਮੱਚ ਗਿਆ। ਮੋਤੀ ਲਾਲ ਨਹਿਰੂ ਨੇ ਹੁਸੈਨ ਤੇ ਸਰੂਪ ਦਾ ਤਲਾਕ ਕਰਵਾਉਣ ਲਈ ਮਹਾਤਮਾ ਗਾਂਧੀ ਦੀਆਂ ਸੇਵਾਵਾਂ ਲਈਆਂ। ਮਹਾਤਮਾ ਨੇ ਹੁਸੈਨ ਨੂੰ ਨਹਿਰੂ ਖ਼ਾਨਦਾਨ ਦੀ ਇੱਜ਼ਤ ਬਚਾਉਣ ਦਾ ਵਾਸਤਾ ਪਾਇਆ। ਸਰੂਪ ਨੂੰ ‘ਸ਼ੁੱਧੀਕਰਨ’ ਲਈ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਭੇਜ ਦਿੱਤਾ ਗਿਆ। ਤਲਾਕਨਾਮਾ ਸਿਰੇ ਚੜ੍ਹਦਿਆਂ ਹੀ ਹੁਸੈਨ ਨੂੰ ਯੂ.ਕੇ. ਤੇ ਯੂਰੋਪ ਵਿਚ ਭਾਰਤੀ ਆਜ਼ਾਦੀ ਲਈ ਲੋਕ-ਰਾਇ ਲਾਮਬੰਦ ਕਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ। ਮਹਾਤਮਾ ਦੇ ਰੁਖ਼ ਤੋਂ ਨਾਖੁਸ਼ ਸੀ ਹੁਸੈਨ, ਪਰ 1920 ਵਿਚ ਸੱਚੇ-ਸੁੱਚੇ ਮੁਰੀਦ ਵਾਂਗ ਸਮੁੰਦਰੀ ਜਹਾਜ਼ ਚੜ੍ਹ ਗਿਆ। ਇਹ ਜਲਾਵਤਨੀ 1946 ਤੱਕ ਚਲਦੀ ਰਹੀ। ਇਸ ਦੌਰਾਨ ਉਹ ਦੋ ਵਾਰ 1929 ਤੇ 1939 ਵਿਚ ਵਤਨ ਪਰਤਿਆ, ਪਰ ਉਸ ਨੂੰ ਦੋਵੇਂ ਵਾਰ ਵਿਦੇਸ਼ ਪਰਤਣ ਦਾ ‘ਹੁਕਮ’ ਮਿਲਦਾ ਰਿਹਾ। ਯੂ.ਕੇ. ਤੇ ਯੂ.ਐੱਸ.ਏ. ਦੇ ਅਦਬੀ, ਅਕਾਦਮਿਕ ਤੇ ਆਲਿਮਾਨਾ ਹਲਕਿਆਂ ਵਿਚ ਹੁਸੈਨ ਵੱਡੇ ਹਸਤਾਖ਼ਰ ਵਜੋਂ ਵਿਚਰਦਾ ਰਿਹਾ। ਐਚ.ਜੀ. ਵੈੱਲਜ਼, ਜੌਰਜ ਬਰਨਾਰਡ ਸ਼ਾਅ ਤੇ ਜੀ.ਕੇ. ਚੈਸਟਰਟਨ ਉਸ ਦੇ ਕਰੀਬੀ ਦੋਸਤਾਂ ਵਿਚ ਸ਼ੁਮਾਰ ਸਨ। ਅਮਰੀਕਾ ਵਿਚ 1924 ਤੋਂ 1928 ਤੱਕ ਉਸ ਨੇ ‘ਦਿ ਨਿਊ ਓਰੀਐਂਟ’ ਨਾਮੀ ਰਸਾਲੇ ਦਾ ਸੰਪਾਦਨ ਕੀਤਾ। ਇਕ ਵਜ਼ਨੀ ਵਕਤੇ ਵਜੋਂ ਵੀ ਉਸ ਨੇ ਚੰਗਾ ਨਾਂਅ ਕਮਾਇਆ। ਦੂਜੇ ਪਾਸੇ, ‘ਸ਼ੁੱਧੀਕਰਨ’ ਪੂਰਾ ਹੁੰਦਿਆਂ ਹੀ ਸਰੂਪ, ਵਿਜੈ ਲਕਸ਼ਮੀ ਦੇ ਨਵੇਂ ਨਾਮ ਨਾਲ ਰਣਜੀਤ ਪੰਡਿਤ ਨਾਲ ਵਿਆਹ ਦਿੱਤੀ ਗਈ। ਪਰ ਹੁਸੈਨ ਨੇ ਮੁੜ ਵਿਆਹ ਨਹੀਂ ਕਰਵਾਇਆ। ‘ਸਕੈਂਡਲ’ ਦੀ ਗ਼ਰਦ ਬੈਠਦਿਆਂ ਹੀ ਵਿਜੈ ਲਕਸ਼ਮੀ ਜਨਤਕ ਪਿੜ ਵਿਚ ਪਰਤ ਆਈ। ਆਜ਼ਾਦੀ ਅੰਦੋਲਨਾਂ ਵਿਚ ਚਾਰ ਵਾਰ ਜੇਲ੍ਹ ਗਈ। ਆਲਮੀ ਮੰਚਾਂ ਉੱਤੇ ਵੀ ਉਹ ਭਾਰਤੀ ਆਜ਼ਾਦੀ ਸੰਗਰਾਮ ਦੀ ਪ੍ਰਮੁੱਖ ਤਰਜਮਾਨ ਵਜੋਂ ਉੱਭਰੀ। ਇਸੇ ਕਵਾਇਦ ਤੇ ਅਭਿਆਸ ਨੇ ਕੌਮੀ ਆਜ਼ਾਦੀ ਤੋਂ ਮਗਰੋਂ ਉਸ ਨੂੰ ਸੋਵੀਅਤ ਸੰਘ, ਯੂ.ਕੇ. ਤੇ ਅਮਰੀਕਾ ਵਿਚ ਭਾਰਤੀ ਰਾਜਦੂਤ ਅਤੇ ਬਾਅਦ ਵਿਚ ਮਹਾਰਾਸ਼ਟਰ ਦੀ ਰਾਜਪਾਲ ਵਰਗੇ ਅਹੁਦਿਆਂ ’ਤੇ ਪਹੁੰਚਾਇਆ। ਸੰਯੁਕਤ ਰਾਸ਼ਟਰ ਮਹਾਂਸਭਾ (ਯੂਐਨਜੀਏ) ਦੀ ਉਹ ਪਹਿਲੀ ਮਹਿਲਾ ਪ੍ਰਧਾਨ ਵੀ ਬਣੀ। 1945 ਤੋਂ 1946 ਤੱਕ ਉਹ ਅਮਰੀਕਾ ਦੇ ਲੈਕਚਰ ਟੂਅਰ ’ਤੇ ਰਹੀ। ਇਸ ਅਰਸੇ ਦੌਰਾਨ ਹੁਸੈਨ ਉਸ ਦੇ ਨਾਲ ਰਿਹਾ। ਸੰਗੀ ਵਜੋਂ ਨਹੀਂ, ਸਹਾਇਕ ਵਜੋਂ, ਇੰਜ ‘ਤੱਥ’ ਦੀ ਤਸਦੀਕ ਨਹਿਰੂ ਪਰਿਵਾਰ ਦੇ ਸੂਹੀਏ ਨਿਰੰਤਰ ਕਰਦੇ ਰਹੇ।

ਹੁਸੈਨ ਵੀ 1946 ਵਿਚ ਵਤਨ ਪਰਤਿਆ। ਸਭ ਤੋਂ ਪਹਿਲਾਂ ਉਹ ਬੰਬਈ ਵਿਚ ਆਪਣੇ ਮਿੱਤਰ ਮੁਹੰਮਦ ਅਲੀ ਜਿਨਾਹ ਨੂੰ ਮਿਲਣ ਗਿਆ- ਉਸ ਨੂੰ ਮੁਲਕ ਦੇ ਬਟਵਾਰੇ ਉੱਤੇ ਜ਼ੋਰ ਦੇਣ ਤੋਂ ਵਰਜਣ ਲਈ। ਇਹ ਮੁਲਾਕਾਤ ਬਹੁਤ ਨਾਖੁਸ਼ਗਵਾਰ ਰਹੀ। ਜਿਨਾਹ, ਹੁਸੈਨ ਨਾਲ ਦੋਸਤ ਵਜੋਂ ਨਹੀਂ, ਦੁਸ਼ਮਣ ਵਜੋਂ ਪੇਸ਼ ਆਇਆ। ਪਾਕਿਸਤਾਨ ਬਣਨ ’ਤੇ ਹੁਸੈਨ ਨੇ ਹਿੰਦ ਵਿਚ ਰਹਿਣਾ ਚੁਣਿਆ। ਇਹ ਤਵੱਕੋ ਕੀਤੀ ਜਾਂਦੀ ਸੀ ਕਿ ਨਹਿਰੂ ਕੈਬਨਿਟ ਵਿਚ ਉਸ ਨੂੰ ਵੀ ਥਾਂ ਮਿਲੇਗੀ। ਪਰ ਜਵਾਹਰ ਲਾਲ ਅਤੀਤ ਦੀ ਅਣਦੇਖੀ ਦੇ ਰੌਂਅ ਵਿਚ ਨਹੀਂ ਸੀ। ਹੁਸੈਨ ਨੂੰ ਮਿਸਰ ਤੇ ਅਰਬ ਜਗਤ ਵਿਚ ਭਾਰਤੀ ਹਿੱਤਾਂ ਦੀ ਰਾਖੀ ਲਈ ਰਾਜਦੂਤ ਥਾਪ ਦਿੱਤਾ ਗਿਆ। 1948 ਵਿਚ ਨਿਊਯਾਰਕ ਜਾਂਦਿਆਂ ਵਿਜੈ ਲਕਸ਼ਮੀ ਪੰਡਿਤ ਬਿਮਾਰ ਸੱਯਦ ਹੁਸੈਨ ਦਾ ਪਤਾ ਲੈਣ ਲਈ ਕਾਹਿਰਾ ਵਿਚ ਰੁਕੀ। ਵੱਡੇ ਭਰਾ ਜਵਾਹਰ ਲਾਲ ਨੇ ਇਸ ਦਾ ਬੁਰਾ ਮਨਾਇਆ। ਫਰਵਰੀ 1949 ਵਿਚ ਹੁਸੈਨ ਦਾ ਇੰਤਕਾਲ ਹੋ ਗਿਆ। ਉਸ ਦੀ ਦੇਹ ਨੂੰ ਵਤਨ ਪਰਤਾਉਣ ਦੀ ਥਾਂ ਕਾਹਿਰਾ ਵਿਚ ਹੀ ਦਫ਼ਨ ਕਰਨਾ ਚੁਣਿਆ ਗਿਆ। ਇਸ ਨੂੰ ਹੁਸੈਨ ਦੀ ਆਪਣੀ ‘ਇੱਛਾ’ ਦੱਸਿਆ ਗਿਆ। ਪਰ ਸਰੋਜਨੀ ਨਾਇਡੂ ਨਾਲ 28 ਵਰ੍ਹਿਆਂ ਤੋਂ ਚਲਦੀ ਆ ਰਹੀ ਖ਼ਤੋ-ਕਿਤਾਖ਼ਤ ਵਿਚ ਹੁਸੈਨ ਨੇ ਕਦੇ ਵੀ ਉਪਰੋਕਤ ‘ਇੱਛਾ’ ਦਾ ਜ਼ਿਕਰ ਨਹੀਂ ਕੀਤਾ। ਹੁਸੈਨ ਨੂੰ ਸਪੁਰਦ-ਇ-ਖ਼ਾਕ ਕੀਤੇ ਜਾਣ ਤੋਂ ਪੰਜ ਦਿਨਾਂ ਬਾਅਦ ਵਿਜੈ ਲਕਸ਼ਮੀ ਉਸ ਦੀ ਕਬਰ ’ਤੇ ਫੁੱਲ ਚੜ੍ਹਾਉਣ ਪੁੱਜੀ। ਫਿਰ ਅਗਲੀਆਂ ਪੰਜ ਬਰਸੀਆਂ ਦੌਰਾਨ ਵੀ ਉਹ ਹੁਸੈਨ ਦੇ ਮਕਬਰੇ ਉੱਤੇ ਹਾਜ਼ਰੀ ਭਰਦੀ ਰਹੀ।

ਹੁਸੈਨ ਦੀ ਜ਼ਿੰਦਗਾਨੀ ਨੂੰ ਐੱਨ.ਐੱਸ. ਵਿਨੋਦ ਨੇ ਆਪਣੀ ਕਿਤਾਬ ‘ਏ ਫੌਰਗੌਟਨ ਅੰਬੈਸਡਰ ਇਨ ਕਾਇਰੋ’ (ਕਥਾ ਕਾਹਿਰਾ ਵਿਚ ਵਿਸਰੇ ਸਫ਼ੀਰ ਦੀ; ਸਾਇਮਨ ਐਂਡ ਸ਼ੁਸਟਰ; 392 ਪੰਨੇ; 799 ਰੁਪਏ) ਵਿਚ ਨਿਹਾਇਤ ਖ਼ੂਬਸੂਰਤੀ ਤੇ ਮਾਰਮਿਕਤਾ ਨਾਲ ਕਲਮਬੰਦ ਕੀਤਾ ਹੈ। ਵਿਨੋਦ, ਬੰਗਲੌਰ ਵਿਚ ਵਸਿਆ ਕਾਰੋਬਾਰੀ ਹੈ; ਲਿਖਣਾ ਉਸ ਦਾ ਸ਼ੌਕ ਹੈ। ਬੜੀ ਸ਼ਾਇਸਤਗੀ ਹੈ ਉਸ ਦੇ ਲੇਖਣ ਵਿਚ। ਤਿੰਨ ਵਰ੍ਹਿਆਂ ਦੀ ਲੰਮੀ ਖੋਜ ਤੇ ਮੁਸ਼ੱਕਤ ਦੀ ਪੈਦਾਇਸ਼ ਹੈ ਇਹ ਕਿਤਾਬ। ਸਨਸਨੀ ਤੋਂ ਮੁਕਤ, ਹੁਸੈਨ ਦੀ ਜ਼ਹਾਨਤ ਨਾਲ ਪੂਰਾ ਨਿਆਂ ਕਰਨ ਵਾਲੀ। ਨਾਲ ਹੀ ਇਹ ਸਵਾਲ ਉਭਾਰਨ ਵਾਲੀ ਕਿ ਜੇਕਰ ਸੱਯਦ ਹੁਸੈਨ ਦਿਲ ਦੀ ਥਾਂ ਦਿਮਾਗ਼ ਦੀ ਆਵਾਜ਼ ਸੁਣ ਲੈਂਦਾ ਤਾਂ ਅੱਜ ਸਾਡੇ ਸਮਕਾਲੀ ਇਤਿਹਾਸ ਵਿਚ ਉਸ ਦਾ ਰੁਤਬਾ ਕੀ ਹੋਣਾ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All