ਸਾਂਵਲ ਧਾਮੀ
ਸਿਆਲਕੋਟ ਦੇ ਪਿੰਡ ਗੋਜਰੇ ’ਚ ਬੱਲ ਗੋਤ ਦੇ ਸਿੱਖ ਅਤੇ ਮੁਸਲਮਾਨ ਜੱਟ ਵੱਸਦੇ ਸਨ। ਉਨ੍ਹਾਂ ’ਚੋਂ ਸਰਵਣ ਸਿੰਘ ਦਾ ਬੈਠਣ-ਉੱਠਣ ਮੁਸਲਮਾਨਾਂ ’ਚ ਸੀ ਤੇ ਉਹ ਪੀਰਾਂ ਨੂੰ ਮੰਨਦਾ ਸੀ। ਉਸ ਦੀਆਂ ਦੋ ਧੀਆਂ ਸਨ। ਵੱਡੀ ਹਰਨਾਮ ਕੌਰ ਡਸਕੇ ਨੇੜਲੇ ਪਿੰਡ ਭਾਂਡੇਆਲੇ ਦੇ ਸੋਹਣ ਸਿੰਘ ਚੀਮਾ ਨਾਲ ਵਿਆਹੀ ਹੋਈ ਸੀ। ਸੋਹਣ ਸਿੰਘ ਦੇ ਪਿਉ ਦਾ ਨਾਂ ਮੋਹਕਮ ਚੰਦ ਅਤੇ ਚਾਚੇ ਦਾ ਨਾਂ ਵਧਾਵਾ ਚੰਦ ਸੀ। ਮੋਹਕਮ ਚੰਦ ਦੇ ਅਗਾਂਹ ਤਿੰਨ ਪੁੱਤਰ ਸਨ। ਮੱਖਣ ਸਿੰਘ, ਸੋਹਣ ਸਿੰਘ ਤੇ ਮੰਗਲ ਸਿੰਘ।
ਸੋਹਣ ਸਿੰਘ ਅਤੇ ਹਰਨਾਮ ਕੌਰ ਦੇ ਛੇ ਬੱਚੇ ਪੈਦਾ ਹੋਏ। ਵੱਡੀਆਂ ਤਿੰਨ ਕੁੜੀਆਂ ਹਰਬੰਸ ਕੌਰ, ਅਮਰ ਕੌਰ ਤੇ ਮਹਿੰਦਰ ਕੌਰ ਅਤੇ ਛੋਟੇ ਤਿੰਨ ਮੁੰਡੇ ਭਜਨ ਸਿੰਘ, ਜੋਗਿੰਦਰ ਸਿੰਘ ਤੇ ਮਹਿੰਦਰ ਸਿੰਘ। ਮਹਿੰਦਰ ਕੌਰ ਉਦੋਂ ਤੇਰ੍ਹਾਂ ਸਾਲਾਂ ਦੀ ਸੀ। ਹੁਣ ਉਹ ਤਿੰਨ ਪੁੱਤਰਾਂ ਤੇ ਤਿੰਨ ਧੀਆਂ ਦੀ ਮਾਂ ਏ ਤੇ ਸਿਆਲਕੋਟੀਏ ਘੁੰਮਣਾਂ ਦੇ ਘਰ ਕਪੂਰਥਲੇ ਦੇ ਪਿੰਡ ਫੱਤੂਢੀਂਗਾ ’ਚ ਰਹਿ ਰਹੀ ਏ। ਉਹਦੀ ਦਰਦ-ਕਹਾਣੀ ਸੁਣਨ ਲਈ ਮੈਂ ਫੱਤੂਢੀਂਗੇ ਗਿਆ।
“ਸੰਤਾਲੀ ਦੇ ਅਗਸਤ ਮਹੀਨੇ ਦੀ ਗੱਲ ਏ। ਸਾਡੇ ਪਿੰਡ ਦੇ ਬਹੁਤੇ ਘਰ ਪਿੰਡੋਂ ਨਿਕਲ ਕੇ ਖੂਹਾਂ ’ਤੇ ਆ ਗਏ ਸਨ। ਘਰੋਂ ਸਿਰਫ਼ ਥੋੜ੍ਹਾ ਜਿਹਾ ਆਟਾ ਚੁੱਕ ਲਿਆ। ਮੈਨੂੰ ਯਾਦ ਆ ਕਿ ਖੂਹ ’ਤੇ ਮੇਰਾ ਪਿਉ ਪੱਠੇ ਕੁਤਰਦਾ ਪਿਆ ਸੀ। ਮੇਰੀ ਮਾਂ ਪਿੰਡੋਂ ਰੋਟੀਆਂ ਲੈ ਕੇ ਆਈ ਸੀ, ਪਰ ਅਸੀਂ ਉਹ ਰੋਟੀ ਨਾ ਖਾਧੀ। ਉਵੇਂ ਤੁਰ ਪਏ। ਦੋ ਵੱਡੇ ਭਰਾ ਕਪਾਹਾਂ ਵਿਚ ਦੀ ਸਾਡੇ ਪਿੱਛੇ ਭੱਜੇ ਆਏ, ਪਰ ਉਹ ਪਿਉ ਨੇ ਆਵਾਜ਼ਾਂ ਮਾਰ ਕੇ ਮੋੜ ਲਏ।
ਜਦੋਂ ਅਸੀਂ ਪਿੰਡੋਂ ਨਿਕਲੇ ਤਾਂ ਸਾਨੂੰ ਸਾਡੇ ਪਿੰਡ ਦੇ ਅਰਾਂਈਂ ਟੱਕਰ ਗਏ। ਉਹ ਸਾਡੇ ਖੂਹ ਤੋਂ ਪਾਣੀ ਲਾਉਂਦੇ ਹੁੰਦੇ ਸਨ। ਉਨ੍ਹਾਂ ਨੂੰ ਵੇਖ ਅਸੀਂ ਦੌੜ ਪਏ। ਮੇਰੀ ਮਾਸੀ ਤੇ ਤਾਈ ਪਿਛਾਂਹ ਰਹਿ ਗਈਆਂ। ਉਹ ’ਵਾਜ਼ਾਂ ਮਾਰਨ ਕਿ ਖੜੋ ਜਾਓ ਕਿ ਸਾਨੂੰ ਬੰਦੇ ਪੈ ਗਏ ਨੇ। ਮੇਰੇ ਚਾਚੇ ਆਖਣ ਲੱਗੇ ਤੁਹਾਨੂੰ ਤਾਂ ਉਨ੍ਹਾਂ ਕੁਝ ਨਹੀਂ ਆਖਣਾ, ਪਰ ਸਾਨੂੰ ਵੱਢ ਸੁੱਟਣਾ ਏ। ਬਚ ਜਾਓ, ਚਾਹੇ ਮਰ ਜਾਓ। ਹੁਣ ਅਸੀਂ ਨਹੀਂ ਮੁੜਨਾ। ਮੇਰੀ ਮਾਸੀ ਛੇਆਂ ਦਿਨਾਂ ਦੇ ਮੁੰਡੇ ਨੂੰ ਓਥੇ ਈ ਛੱਪੜੀ ਕੋਲ ਸੁੱਟ ਕੇ ਆਪ ਭੱਜ ਆਈ। ਇਕ ਕਾਂਟਾ ਵੀ ਉਨ੍ਹਾਂ ਧਰੂਹ ਲਿਆ। ਉਹ ਫਿਰ ’ਵਾਜ਼ਾਂ ਮਾਰਨ ਕਿ ਆਪਣਾ ਮੁੰਡਾ ਲੈ ਜਾਓ। ਫਿਰ ਮੀਲ ਤੋਂ ਜਾ ਕੇ ਮੁੰਡਾ ਚੁੱਕ ਕੇ ਲਿਆਂਦਾ।
ਸਾਡੇ ਪਿੰਡੋਂ ਚਾਰ ਕੁ ਕੋਹ ਪੈਂਡਾ ਸੀ ਡਸਕੇ ਦਾ। ਅਸੀਂ ਓਥੇ ਜਾ ਕੇ ਡੇਰਾ ਲਾ ਲਿਆ। ਸਾਨੂੰ ਓਥੇ ਪਤਾ ਲੱਗਿਆ ਕਿ ਸਾਡੇ ਮਾਪਿਆਂ ਤੇ ਭਰਾਵਾਂ ਨੇ ਤਾਂ ਆਉਣਾ ਹੀ ਨਹੀਂ। ਮੰਗਲ ਚਾਚਾ ਸਾਡਾ ਮਾਸੜ ਵੀ ਲੱਗਦਾ ਸੀ। ਉਹਦੇ ਤਿੰਨ ਪੁੱਤਰ ਸਨ। ਵੱਡੇ ਨੂੰ ਤਾਂ ਉਹ ਨਾਨਕਿਆਂ ਦੇ ਛੱਡ ਆਇਆ ਸੀ। ਉਹ ਆਪਣਾ ਟੂੰਮ-ਛੱਲਾ ਵੀ ਓਥੇ ਦੱਬ ਆਇਆ ਸੀ। ਦੂਜਾ ਤਿੰਨਾਂ ਕੁ ਵਰ੍ਹਿਆਂ ਦਾ ਸੀ ਤੇ ਤੀਜਾ ਸਿਰਫ਼ ਪੰਜਾਂ-ਛੇਆਂ ਦਿਨਾਂ ਦਾ। ਅਸੀਂ ਨਿਆਣੇ ਚੁੱਕ ਕੇ ਉਨ੍ਹਾਂ ਦੇ ਨਾਲ-ਨਾਲ ਤੁਰ ਪਏ।
ਸੰਭੜੇਆਲ ਆ ਕੇ ਅਸੀਂ ਗੱਡੀ ਫੜ ਲਈ। ਜਦੋਂ ਗੱਡੀ ਆਈ ਸਿਆਲਕੋਟ ਤਾਂ ਛੋਟਾ ਮੁੰਡਾ ਮਰ ਗਿਆ। ਉਹ ਮੇਰੇ ਚਾਚੇ ਨੇ ਉਵੇਂ ਚੁੱਕੀ ਰੱਖਿਆ। ਜਦੋਂ ਅਸੀਂ ਰੇਲ-ਗੱਡੀਓਂ ਉਤਰ ਕੇ ਵੇਈਂ ਪਾਰ ਕਰਨ ਲੱਗੇ ਤਾਂ ਮੁੰਡੇ ਦੀ ਦੇਹ ਪਾਣੀ ’ਚ ਤਾਰਨ ਨੂੰ ਉਹਦਾ ਦਿਲ ਨਾ ਕਰੇ। ਦਿਨ ਡੁੱਬ ਗਿਆ। ਸਾਰੇ ਲੋਕ ਤੁਰ ਗਏ। ਮੇਰੀ ਚਾਚੀ ਤੇ ਮੇਰਾ ਚਾਚਾ ਓਥੇ ਖੜੋਤੇ ਰਹੇ। ਇਕ ਮਿਲਟਰੀ ਵਾਲਾ ਪੁੱਛਣ ਲੱਗਾ-ਭਾਊ ਤੁਸੀਂ ਇੱਥੇ ਕਿਉਂ ਖੜ੍ਹੇ ਓ? ਚਾਚੇ ਨੇ ਸਾਰੀ ਕਹਾਣੀ ਸੁਣਾਈ। ਉਹਨੇ ਬੱਚਾ ਚਾਚੇ ਕੋਲੋਂ ਫੜਿਆ, ਨਿੱਕੀ ਜਿਹੀ ਖੇਸੀ ’ਚ ਵਲ੍ਹੇਟਿਆ ਤੇ ਉਹਦੀ ਫੁੱਲ ਜਿਹੀ ਦੇਹੀ ਉੱਤੇ ਨਿੱਕਾ ਜਿਹਾ ਪੱਥਰ ਧਰ ਕੇ ਉਹਨੂੰ ਤਾਰ ਦਿੱਤਾ।
ਅਸੀਂ ਪਹਿਲਾਂ ਡੇਰਾ ਬਾਬਾ ਨਾਨਕ ਤੇ ਫਿਰ ਸ਼ਾਮ ਸਿੰਘ ਦੀ ਅਟਾਰੀ ਪਹੁੰਚ ਗਏ। ਓਥੇ ਮੇਰੀ ਮਾਂ ਦੀ ਮਾਸੀ ਰਹਿੰਦੀ ਸੀ। ਉਸ ਪਿੰਡ ਦੇ ਬੰਦਿਆਂ ਨੇ ਸਾਨੂੰ ਮੱਝ ਦਿੱਤੀ, ਦਾਣੇ ਦਿੱਤੇ, ਮੰਜਾ-ਪੀਹੜਾ ਵੀ ਦਿੱਤਾ। ਥੋੜ੍ਹੇ ਦਿਨਾਂ ਬਾਅਦ ਚਾਚੇ ਨੇ ਮੂੰਹ-ਸਿਰ ਮੁੰਨਾ ਲਿਆ ਤੇ ਇਕ ਸ਼ਾਮ ਖੇਸੀ ਦੀ ਬੁੱਕਲ ਮਾਰ ਉਹ ਬਾਰਡਰ ਟੱਪ ਗਿਆ।
ਪਹਿਲਾਂ ਉਹ ਗੋਜਰੇ ਗਿਆ। ਸਹੁਰਿਆਂ ਦੇ ਘਰ ਦੇ ਬੂਹੇ ਮੂਹਰੇ ਖੜੋ ਗਿਆ। ਮੇਰੀ ਨਾਨੀ ਬਾਹਰ ਨਿਕਲੀ ਤਾਂ ਦੇਖਿਆ ਕਿ ਕੋਈ ਬੰਦਾ ਬੂਹੇ ਨਾਲ ਲੱਗ ਕੇ ਰੋਂਦਾ ਪਿਆ ਸੀ। ਉਹਨੂੰ ਆਂਹਦੀ ਆ ਕਿ ਤੂੰ ਕੌਣ ਏਂ? ਉਹ ਆਂਹਦਾ ਮੈਂ ਮੰਗਲ ਸਿੰਘ ਆਂ। ਭੁੱਖ ਨਾਲ ਉਹਦਾ ਮੰਦੜਾ ਹਾਲ ਸੀ। ਲਓ ਜੀ ਉਹਨੂੰ ਨਹਾਇਆ। ਨਵੇਂ ਕੱਪੜੇ ਦਿੱਤੇ। ਰੋਟੀ ਖਵਾਈ। ਸੰਵਾਇਆ। ਸਵੇਰ ਹੋਈ ਤਾਂ ਮੇਰਾ ਨਾਨਾ ਮੁਸਲਮਾਨ ਚੌਧਰੀ ਕੋਲ ਗਿਆ। ਉਹਨੂੰ ਦੱਸਿਆ ਕਿ ਮੇਰਾ ਜਵਾਈ ਆਇਆ। ਉਹਨੂੰ ਕੋਈ ਕੁਝ ਆਖੇ ਨਾ।
ਸਹੁਰਿਆਂ ਦੇ ਘਰੋਂ ਚਾਚੇ ਨੇ ਆਪਣਾ ਗਹਿਣਾ-ਗੱਟਾ ਪੁੱਟ ਲਿਆ। ਮੇਰੇ ਨਾਨੇ ਨੇ ਉਹਦਾ ਮੁੰਡਾ ਉਹਦੇ ਨਾਲ ਨਾ ਤੋਰਿਆ। ਆਖਣ ਲੱਗਾ-ਤੂੰ ਖੌਰੇ ਅੱਪੜਨਾ ਕਿ ਨਹੀਂ। ਹੋਰ ਨਾ ਮੈਂ ਧੀ ਦੀ ਨਿਸ਼ਾਨੀ ਵੀ ਗਵਾ ਦਿਆਂ। ਗੋਜਰੇ ਤੋਂ ਸਾਰੇ ਗਹਿਣੇ ਤੇ ਵਹੁਟੀ ਦੇ ਕੱਪੜਿਆਂ ਦੀ ਗੱਠੜੀ ਬੰਨ੍ਹ ਕੇ ਉਹ ਆ ਗਿਆ ਭਾਂਡੇਆਲੇ। ਇਕ ਰਾਤ ਉਹ ਓਥੇ ਰਿਹਾ। ਸਵੱਖਤੇ ਆਪਣੇ ਭਰਾ ਨੂੰ ਆਂਹਦਾ ਕਿ ਮੈਨੂੰ ਗੁੱਜਰਾਂਵਾਲਿਓਂ ਗੱਡੀ ਚੜ੍ਹਾ ਆ। ਮੇਰਾ ਬਾਪੂ ਉਹਨੂੰ ਕਹਿਣ ਲੱਗਾ- ਥੋੜ੍ਹਾ ਅਮਨ ਅਮਾਨ ਹੋ ਲੈਣ ਦੇ, ਫਿਰ ਚਲਾ ਜਾਈਂ।
ਉਹ ਨਾ ਮੰਨ੍ਹਿਆ। ਮੇਰਾ ਬਾਪੂ ਉਹਨੂੰ ਟੇਸ਼ਣ ’ਤੇ ਛੱਡ ਕੇ ਮੁੜ ਆਇਆ। ਚਾਚਾ ਸਹੁਰਿਆਂ ਦੇ ਆਉਂਦਾ-ਜਾਂਦਾ ਰਹਿੰਦਾ ਸੀ। ਸਾਰੇ ਉਹਦੇ ਵਾਕਫ਼ ਸਨ। ਉਹ ਬਾਬੂ ਨੂੰ ਪੁੱਛਣ ਲੱਗਾ- ਲਹੌਰ ਵਾਲੀ ਗੱਡੀ ਕਿਹੜੇ ਟੈਮ ’ਤੇ ਔਣੀ ਏ?
ਅੱਗਿਓਂ ਬਾਬੂ ਆਂਹਦਾ- ਤੇਰੀ ਗੱਡੀ ਤਾਂ ਮੰਗਲ ਸਿਆਂ ਆ ਗਈ ਏ।
ਉਹਨੇ ਮੁਸਲਮਾਨਾਂ ਨੂੰ ਕਿਹਾ ਕਿ ਇਹਦਾ ਬਿਸਤਰਾ ਕਾਬੂ ਕਰੋ ਤੇ ਇਹਨੂੰ ਇੱਥੇ ਈ ਮਾਰ ਦਿਓ। ਚਾਚਾ ਬੜਾ ਜਵਾਨ ਸੀ। ਓਥੋਂ ਜੁੱਤੀ ਲਾਹ ਕੇ ਭੱਜ ਪਿਆ। ਸਾਡੇ ਪਿੰਡ ਦੇ ਰਾਹ ਦੇ ਅੱਧ ’ਚ ਭੱਠਾ ਸੀ। ਓਥੇ ਵੱਟੇ ਦਾ ਠੇਡਾ ਵੱਜਾ ਤੇ ਡਿੱਗ ਪਿਆ। ਉਨ੍ਹਾਂ ਓਥੇ ਈ ਉਹਨੂੰ ਮਾਰ ਦਿੱਤਾ।
ਚਾਚੇ ਦੇ ਤਿੰਨਾਂ ਵਰ੍ਹਿਆਂ ਦੇ ਮੁੰਡੇ ਦੇ ਮਾਤਾ ਨਿਕਲੀ ਤੇ ਉਹ ਵੀ ਵਾਹਿਗੁਰੂ ਨੂੰ ਪਿਆਰਾ ਹੋ ਗਿਆ। ਅਸੀਂ ਚਾਚੇ ਨੂੰ ਦੋ ਮਹੀਨੇ ਉਡੀਕਦੇ ਰਹੇ। ਆਖ਼ਰ ਮੇਰੀ ਮਾਸੀ ਨੇ ਸਾਡੇ ਬਾਗ਼ ਦੇ ਮਾਲੀ ਨੂੰ ਚਿੱਠੀ ਲਿਖੀ ਕਿ ਮੰਗਲ ਸਿੰਘ ਦੀ ਖ਼ਬਰ ਦਿਓ। ਚੌਥੇ ਦਿਨ ਸਾਨੂੰ ਚਿੱਠੀ ਆ ਗਈ। ਉਹ ਮੇਰੇ ਨਾਨੇ ਨੇ ਲਿਖਾ ਕੇ ਭੇਜੀ ਸੀ। ਉਹਨੇ ਕਿਹਾ ਕਿ ਉਹ ਫੜ ਘੱਤਾ ਏ। ਅਸੀਂ ਵੀ ਕੋਸ਼ਿਸ਼ ਕਰਦੇ ਆਂ ਬੀਰੋ ਤੂੰ ਵੀ ਕੋਸ਼ਿਸ਼ ਕਰ। ਓਦਾਂ ਇਕ ਗੱਲ ਈ, ਮੇਰੀ ਪੱਗ ਨੂੰ ਦਾਗ਼ ਨਾ ਲਾਈਂ। ਤੂੰ ਕੋਈ ਬੰਦਾ ਨਾ ਕਰ ਲਈਂ।
ਕੁਝ ਦੇਰ ਬਾਅਦ ਚਾਚੇ ਦੇ ਮੁੰਡੇ ਨੂੰ ਮੇਰੀ ਮਾਂ ਆਣ ਕੇ ਬਾਰਡਰ ’ਤੇ ਛੱਡ ਗਈ ਸੀ। ਕੋਈ ਪੰਝੀ-ਤੀਹ ਵਰ੍ਹਿਆਂ ਬਾਅਦ ਮੇਰੀ ਮਾਂ ਤੇ ਮੇਰਾ ਭਰਾ ਜੋਗਿੰਦਰ ਮੈਨੂੰ ਮਿਲਣ ਆਏ। ਉਹ ਹੁਣ ਬਸ਼ੀਰਾ ਹੋ ਗਿਆ ਸੀ। ਮੇਰੀ ਮਾਂ ਬੜੀ ਪਛਾਣ ਕਰੇ ਪੱਗਾਂ ਵਾਲਿਆਂ ਦੀ। ਉਹ ਪੱਗਾਂ ਵਾਲਿਆਂ ਨੂੰ ਬੜਾ ਪਿਆਰ ਦੇਵੇ।
ਮੇਰੇ ਘਰ ਬੜਾ ਜੀ ਲੱਗਾ, ਉਨ੍ਹਾਂ ਦਾ। ਮੈਂ ਵੀ ਸੰਤਾਲੀ ਦੇ ਵੇਲੇ ਬਾਰੇ ਪੁੱਛਿਆ। ਮਾਂ ਨੇ ਦੱਸਿਆ ਕਿ ਸਾਨੂੰ ਓਥੋਂ ਆਇਆਂ ਥੋੜ੍ਹੇ ਦਿਨ ਹੀ ਹੋਏ ਸਨ ਤਾਂ ਖੂਹ ’ਤੇ ਗਏ ਮੇਰੇ ਦਾਦੇ ਨੂੰ ‘ਉਹਨਾਂ’ ਵੱਢ ਛੱਡਿਆ ਸੀ। ਮੇਰੇ ਪਿਉ ਨੇ ਉਹਦੀ ਲਾਸ਼ ਨੂੰ ਦੱਬਣ ਲਈ ਹਾਲੇ ਟੋਆ ਕੱਢਿਆ ਹੀ ਸੀ ਕਿ ਉਹ ਫਿਰ ਆ ਗਏ ਸਨ। ਸਾਡੇ ਪਿੰਡ ਦਾ ਇਕ ਦਰਜੀ ਹੁੰਦਾ ਸੀ। ਮੌਕੇ ’ਤੇ ਉਹ ਆ ਗਿਆ। ਉਹਨੇ ਫੜ ਕੇ ਟੋਕਾ ਆਖਿਆ-ਮੈਂ ਤੁਹਾਡੇ ਹੱਥ ਵੱਢ ਦੇਣੇ ਨੇ ਜੇ ਤੁਸਾਂ ਸੋਹਣ ਸਿੰਘ ਨੂੰ ਮਾਰਿਆ। ਉਹਨੇ ਫਿਰ ਮੇਰੇ ਪਿਉ ਨਾਲ ਲੱਗ ਕੇ ਮੇਰੇ ਦਾਦੇ ਨੂੰ ਦਫ਼ਨਾਇਆ। ਉਹਦੇ ਘਰ ਫਿਰ ਮੇਰੀ ਮਾਂ ਅੱਠ ਦਿਨ ਰਹੀ ਸੀ। ਦਿਨੇ ਉਨ੍ਹਾਂ ਨੂੰ ਪੇਟੀ ’ਚ ਵਾੜ ਛੱਡਣਾ ਤੇ ਰਾਤ ਨੂੰ ਬਾਹਰ ਕੱਢਣਾ। ਇਕ ਵਾਰ ਮਾਰਨ ਵਾਲੇ ਉਨ੍ਹਾਂ ਦੇ ਘਰ ਵੀ ਆ ਗਏ ਸਨ। ਹਾਕਮ ਬੀਬੀ ਨੇ ਪੁੱਤਰ ਦੀ ਝੂਠੀ ਸਹੁੰ ਖਾ ਲਈ ਸੀ।
ਫਿਰ ਸੱਠ ਸਾਲਾਂ ਬਾਅਦ ਮੈਂ ਗਈ। ਮੇਰੇ ਭਤੀਜੇ ਬਾਹਰ ਗਏ ਨੇ। ਰੱਜਵੀਆਂ ਕਮਾਈਆਂ ਕਰਦੇ ਨੇ। ਜਿਹੜੇ-ਜਿਹੜੇ ਵੀ ਪਿਛਲੇ ਬੰਦੇ ਸਨ, ਸਾਰੇ ਮੈਨੂੰ ਮਿਲਣ ਆਏ। ਅਸੀਂ ਚਾਰ ਰਾਤਾਂ ਰਹੇ। ਲੋਕਾਂ ਸਾਨੂੰ ਸੌਣ ਨਹੀਂ ਦਿੱਤਾ। ਮੇਰੇ ਭਰਾ ਹੱਥ ਜੋੜਨ ਕਿ ਹੁਣ ਸਾਡੀ ਭੈਣ ਨੂੰ ਸੌਂ ਲੈਣ ਦਿਓ। ਮੈਂ ਆਪਣੇ ‘ਬੀਕੇ ਵਾਲੇ ਖੂਹ’ ’ਤੇ ਵੀ ਗਈ ਸਾਂ।
ਆਖਰੀ ਦਿਨ ਮੇਰੇ ਭਰਾ ਮੈਨੂੰ ਕਹਿਣ ਲੱਗੇ- ਭੈਣ ਅੱਜ ਤੂੰ ਸਾਨੂੰ ਰੋਟੀ ਪਕਾ ਕੇ ਖੁਆ। ਜਿਵੇਂ ਸਾਨੂੰ ਛੋਟੇ ਹੁੰਦਿਆਂ ਨੂੰ ਖਵਾਉਂਦੀ ਹੁੰਦੀ ਸੈਂ। ਭਰਜਾਈ ਮੇਰੀ ਪੇੜੇ ਕਰਨ ਡਹਿ ਪਈ। ਮੈਂ ਰੋਟੀ ਪਕਾਵਾਂ ਤਾਂ ਉਹ ਸਾਰਾ ਟੱਬਰ ਇਕ-ਇਕ ਬੁਰਕੀ ਇਉਂ ਵੰਡ-ਵੰਡ ਕੇ ਖਾਣ ਜਿਉਂ ਪ੍ਰਸ਼ਾਦ ਹੁੰਦਾ।” ਇਹ ਆਖਦਿਆਂ ਉਹਦਾ ਗੱਚ ਭਰ ਆਇਆ।
“ਇਕ ਆਹ ਜਿਹੜਾ ਵਿਛੋੜਾ ਏ ਨਾ, ਇਹ ਨਹੀਂ ਜ਼ਰ ਹੁੰਦਾ। ਅਗਰ ਕੋਈ ਮਰ ਜਾਏ ਤਾਂ ਬੰਦਾ ਸਬਰ ਕਰ ਲੈਂਦਾ। ਮੈਂ ਧੀਆਂ-ਪੁੱਤਰਾਂ ਦੇ ਵਿਆਹ ਕੀਤੇ ਨੇ ਤੇ ਮੈਨੂੰ ਰੋਣ ਆਉਂਦਾ ਰਿਹਾ। ਸੋਚਣਾ, ਕੋਈ ਸਕਾ ਹੁੰਦਾ ਤਾਂ ਅੱਜ ਮਾਮਿਆਂ ਦੇ ਥਾਂ ਖੜ੍ਹਦਾ। ਹੁਣ ਦੋ ਭੈਣਾਂ ਮੇਰੀਆਂ ਮਰ ਗਈਆਂ ਨੇ ਤੇ ਮੈਂ ਹੀ ਰਹਿ ਗਈ ਆਂ। ਮੇਰਾ ਨਿੱਕਾ ਭਰਾ ਜੋਗਿੰਦਰ ਹਾਲੇ ਜਿਉਂਦਾ। ਉਹਦਾ ਫੋਨ ਆਉਂਦਾ ਰਹਿੰਦਾ। ਇਕ ਦਿਨ ਮੈਨੂੰ ਆਂਹਦਾ -ਤੇਰੇ ਬਿਨਾਂ ਮੇਰਾ ਕੌਣ ਆ ਦੁਨੀਆਂ ਉੱਤੇ। ਭੈਣ ਤੂੰ ਨਾ ਮਰੀਂ। ਮੈਂ ਉਹਨੂੰ ਆਂਹਦੀ ਆਂ ਕਿ ਮੈਂ ਹੁਣ ਮਰਨਾ ਚਾਹੁੰਦੀ ਆਂ। ਸ਼ਾਇਦ ਗਵਾਚੇ ਰਿਸ਼ਤੇ ਮਰ ਕੇ ਹੀ ਲੱਭ ਜਾਣ!” ਇਹ ਆਖ ਮਹਿੰਦਰ ਕੌਰ ਨੇ ਹੱਸਣ ਦੀ ਕੋਸ਼ਿਸ਼ ਕੀਤੀ, ਪਰ ਰੋ ਪਈ।
ਸੰਪਰਕ: 97818-43444