ਪੰਜਾਬ ਦੀ ਤਲਾਸ਼

ਪੰਜਾਬ ਦੀ ਤਲਾਸ਼

ਸੰਨ ਸੰਤਾਲੀ ਦੀ ਵੰਡ ਸਮੇਂ ਹਿਜਰਤ ਕਰਦੇ ਪੰਜਾਬੀੇ।

ਸਮਾਜ ਸ਼ਾਸਤਰੀ ਜੇ.ਪੀ.ਐੱਸ. ਓਬਰਾਏ ਅਨੁਸਾਰ ‘ਪੰਜਾਬ ਇਕ ਵਿਚਾਰ ਦਾ ਨਾਂ ਹੈ (ਪੰਜਾਬ ਇਜ਼ ਐਨ ਆਈਡੀਆ)। ਇਤਿਹਾਸਕਾਰ ਇਸ ਵਿਸ਼ੇ ’ਤੇ ਬਹਿਸ ਕਰਦੇ ਰਹੇ ਹਨ ਕਿ ਪੰਜਾਬ ਅਤੇ ਪੰਜਾਬੀਅਤ ਨੇ ਇਤਿਹਾਸ ਵਿਚ ਆਪਣਾ ਸਥਾਨ ਅਤੇ ਆਪਣੀ ਪਛਾਣ ਕਿਵੇਂ ਬਣਾਈ। ਉੱਘੇ ਇਤਿਹਾਸਕਾਰ ਜੇ.ਐੱਸ. ਗਰੇਵਾਲ ਦਾ ਇਹ ਲੇਖ ਪੰਜਾਬ ਅਤੇ ਪੰਜਾਬੀਅਤ ਦੀ ਕਹਾਣੀ ਦੱਸਦਾ ਹੈ।

ਡਾ. ਜੇ.ਐੱਸ. ਗਰੇਵਾਲ

ਪੰਜਾਬ ਤੇ ਪੰਜਾਬੀਅਤ

ਇਹ ਇਕ ਅਨੋਖਾ ਦੇਸ਼ ਹੈ। ਹੋਰਨਾਂ ਦੇਸ਼ਾਂ ਦੇ ਮੁਕਾਬਲੇ ਇੱਥੋਂ ਦੀ ਦੁਨੀਆਂ ਹੀ ਨਿਰਾਲੀ ਹੈ, ਇੱਥੋਂ ਦੇ ਪਹਾੜ, ਦਰਿਆ, ਜੰਗਲ ਤੇ ਮਾਰੂਥਲ, ਇੱਥੋਂ ਦੇ ਸ਼ਹਿਰ, ਲਹਿਲਹਾਉਂਦੇ ਖੇਤ, ਇੱਥੋਂ ਦੇ ਪਸ਼ੂ-ਪੰਛੀ ਅਤੇ ਰੁੱਖ, ਇੱਥੋਂ ਦੇ ਲੋਕ ਅਤੇ ਉਨ੍ਹਾਂ ਦੀਆਂ ਭਾਸ਼ਾਵਾਂ, ਇੱਥੋਂ ਦੀਆਂ ਬਾਰਿਸ਼ਾਂ ਅਤੇ ਹਵਾਵਾਂ ਬਿਲਕੁਲ ਵੱਖਰੀਆਂ ਹਨ। ਇਹ ਗੱਲ ਬਾਬਰ ਨੇ ਭਾਰਤ ਬਾਰੇ 16ਵੀਂਂ ਸਦੀ ਦੇ ਸ਼ੁਰੂ ਵਿਚ ਆਖੀ ਸੀ। ਕਾਬੁਲ ਤੋਂ ਆਉਂਦਿਆਂ ਉਸ ਨੂੰ ਵੱਖਰਤਾਵਾਂ ਨਜ਼ਰ ਆਉਣ ਲੱਗੀਆਂ ਸਨ ਪਰ ਸਿੰਧ ਦਰਿਆ ਪਾਰ ਕਰਨ ਤੋਂ ਬਾਅਦ ਉਸ ਦੇ ਮਨ ਵਿਚ ਕਿਸੇ ਕਿਸਮ ਦੇ ਸ਼ੱਕ ਦੀ ਗੁੰਜਾਇਸ਼ ਨਹੀਂ ਸੀ ਰਹਿ ਗਈ: ‘ਸਿੰਧ ਦਾ ਦਰਿਆ ਪਾਰ ਕਰਦਿਆਂ ਹੀ ਹਰ ਚੀਜ਼ ਹਿੰਦੋਸਤਾਨ ਦੇ ਰੰਗ ਵਿਚ ਰੰਗੀ ਦਿਖਾਈ ਦਿੰਦੀ ਹੈ- ਧਰਤੀ, ਪਾਣੀ, ਪਹਾੜ, ਲੋਕ ਅਤੇ ਜਾਨਵਰਾਂ ਦੇ ਝੁੰਡ, ਰਸਮਾਂ ਅਤੇ ਰੀਤਾਂ, ਸਾਰਾ ਕੁਝ।’ ਭਾਰਤ ਵਿਚ ਆ ਕੇ ਉਸ ਨੇ ਕਈ ਅੰਦਰੂਨੀ ਵਖਰੇਵੇਂ ਵੀ ਮਹਿਸੂਸ ਕੀਤੇ। ਗੰਗਾ ਅਤੇ ਸਿੰਧ ਨਾਲ ਸਬੰਧ ਰੱਖਣ ਵਾਲੇ ਦਰਿਆਵਾਂ ਦੇ ਦੋ ਵੱਖੋ-ਵੱਖਰੇ ਖਿੱਤੇ ਸਨ। ਸਿੰਧ ਦੇ ਉਪਰ ਵਾਲੇ ਖਿੱਤੇ ਵਿਚ ਰਾਜਨੀਤਕ ਅਤੇ ਪ੍ਰਸ਼ਾਸਨਿਕ ਦ੍ਰਿਸ਼ਟੀ ਤੋਂ ਕਈ ਵੱਖੋ-ਵੱਖਰੀਆਂ ਇਕਾਈਆਂ ਦੀ ਹੋਂਦ ਸੀ ਜਿਵੇਂ ਭੇਰਾ, ਸਿਆਲਕੋਟ, ਲਾਹੌਰ ਅਤੇ ਦੀਪਾਲਪੁਰ। ਪਰ ਉੱਥੇ ਪੰਜਾਬ ਦਾ ਕੋਈ ਨਾਮ ਨਿਸ਼ਾਨ ਨਹੀਂ ਸੀ। ਇਸ ਸ਼ਬਦ ਦਾ ‘ਤੁਜ਼ਕ-ਏ-ਬਾਬਰੀ’ ਵਿਚ ਕੋਈ ਹਵਾਲਾ ਨਹੀਂ ਮਿਲਦਾ।

ਮਹਾਰਾਜਾ ਰਣਜੀਤ ਸਿੰਘ

ਫਿਰ ਵੀ 16ਵੀਂ ਸਦੀ ਦੇ ਅਖੀਰ ਤੱਕ ਇਹ ਸ਼ਬਦ (ਪੰਜਾਬ) ਜ਼ਰੂਰ ਪ੍ਰਚੱਲਤ ਹੋ ਗਿਆ ਸੀ। ਮਿਸਾਲ ਵਜੋਂ ‘ਅਕਬਰਨਾਮਾ’ ਵਿਚ ਪੰਜਾਬ ਬਾਰੇ ਕਈ ਹਵਾਲੇ ਮਿਲਦੇ ਹਨ। ਇਹ ਇਸ ਕਰਕੇ ਸੀ ਕਿ ਅਕਬਰ ਨੇ ਲਾਹੌਰ ਦੇ ਸੂਬੇ ਨੂੰ ਪੁਨਰ-ਸੰਗਠਿਤ ਕਰ ਦਿੱਤਾ ਸੀ ਅਤੇ ਸਤਲੁਜ ਅਤੇ ਸਿੰਧ ਵਿਚਕਾਰਲੇ ਪੰਜ ਦੋਆਬਾਂ ਦੇ ਨਾਂ ਵੀ ਧਰ ਦਿੱਤੇ ਸਨ। ਉਸ ਦੀ ਸਲਤਨਤ ਵਿਚ ਇਹ ਇਕੱਲਾ ਸੂਬਾ ਸੀ ਜਿਸ ਵਿਚ ਪੰਜ ਦੋਆਬ ਸਨ। ਇਹ ਗੱਲ ਇਸ ਦੇ ਨਾਲ ਲੱਗਦੇ ਸੂਬੇ ਮੁਲਤਾਨ ਉੱਤੇ ਵੀ ਲਾਗੂ ਨਹੀਂ ਹੁੰਦੀ ਸੀ। ਪੰਜ-ਦੋਆਬ ਸ਼ਬਦ ਵਿਚੋਂ ‘ਦਾਲ’ ਅਤੇ ‘ਵਾਉ’ (ਦੋ) ਨੂੰ ਹਟਾਉਣ ਨਾਲ ਇਸ ਸੂਬੇ ਦਾ ਨਾਂ ਪੰਜਆਬ ਰੱਖਿਆ ਜਾ ਸਕਦਾ ਸੀ। ਅਕਬਰ ਅਤੇ ਉਸ ਦੇ ਸਮਕਾਲੀਆਂ ਨੂੰ ਇਹ ਗੱਲ ਕਾਫ਼ੀ ਸਾਰਥਕ ਲੱਗਦੀ ਹੋਵੇਗੀ। ਜੇ ਅਸੀਂ ਅੱਖਰੀ ਅਰਥਾਂ ਵਿਚ ਇਸ ਨੂੰ ‘ਪੰਜ ਦਰਿਆਵਾਂ ਦੀ ਧਰਤੀ’ ਮੰਨ ਲਈਏ, ਜਿਵੇਂ ਕਿ ਬਹੁਤ ਸਾਰੇ ਲੇਖਕਾਂ ਨੇ ਕੀਤਾ ਹੈ ਤਾਂ ਸਾਨੂੰ ਇਹ ਸਮਝਾਉਣਾ ਔਖਾ ਹੋ ਜਾਂਦਾ ਹੈ ਕਿ ਕਿਹੜੇ ਪੰਜ ਦਰਿਆ ਅਤੇ ਕਿਉਂ। ਹਰ ਹਾਲਤ ਵਿਚ ਮੁਗ਼ਲ ਕਾਲ ਦੇ ਸਮੁੱਚੇ ਸਮੇਂ ਦੌਰਾਨ ਪੰਜਾਬ ਲਾਹੌਰ ਦੇ ਸੂਬੇ ਦਾ ਹੀ ਸਮਾਨਾਰਥਕ ਰਿਹਾ ਸੀ। ਗਣੇਸ਼ ਦਾਸ ਦੀ ਪੁਸਤਕ ‘ਚਾਰਬਾਗਿ-ਪੰਜਾਬ’, ਜਿਸ ਦੀ ਰਚਨਾ 19ਵੀਂ ਸਦੀ ਦੇ ਅੱਧ ਵਿਚ ਲਾਹੌਰ ਦਰਬਾਰ ਉੱਤੇ ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਅਦ ਹੋਈ, ਵਿਚ ਵੀ ਪੰਜਾਬ ਨੂੰ ਮੁਗ਼ਲ ਰਾਜ ਦੇ ਲਾਹੌਰ ਸੂਬੇ ਨਾਲ ਇਕਮਿਕ ਕਰਕੇ ਪ੍ਰਗਟਾਇਆ ਗਿਆ ਹੈ। ਇੱਥੇ ਇਕ ਹੋਰ ਗੱਲ ਵੱਲ ਸੰਕੇਤ ਕਰਨਾ ਵੀ ਜ਼ਰੂਰੀ ਹੈ ਕਿ ਗਣੇਸ਼ ਦਾਸ ਆਪਣੀ ਪੁਸਤਕ ਵਿਚ ਕਈ ਥਾਵਾਂ ਉੱਤੇ ਰਣਜੀਤ ਸਿੰਘ ਦੇ ਅਧੀਨ ਇਲਾਕਿਆਂ ਨੂੰ ‘ਸਲਤਨਤ-ਏ-ਪੰਜਾਬ’ ਦਾ ਨਾਮ ਦਿੰਦਾ ਹੈ, ਇਸ ਸ਼ਬਦ ਨੂੰ ਬਾਅਦ ਦੇ ਕਈ ਲੇਖਕਾਂ ਨੇ ਵੀ ਪ੍ਰਵਾਨ ਕਰ ਲਿਆ। ਅੰਗਰੇਜ਼ਾਂ ਨੇ ਜਦੋਂ ਲਾਹੌਰ ਦੇ ਰਾਜ ਨੂੰ ਆਪਣੇ ਅਧਿਕਾਰ ਵਿਚ ਲੈ ਲਿਆ ਤਾਂ ਉਨ੍ਹਾਂ ਨੇ ਇਕ ਨਵਾਂ ਸੂਬਾ ਬਣਾ ਕੇ ਉਸ ਦਾ ਪੰਜਾਬ ਨਾਮ ਰੱਖ ਦਿੱਤਾ। ਉਹ ਇਸ ਦੇ ਅਤੀਤ ਵਿਚ ਏਨੀ ਦਿਲਚਸਪੀ ਨਹੀਂ ਸਨ ਰੱਖਦੇ ਜਿੰਨੀ ਇਸ ਦੇ ਵਰਤਮਾਨ ਵਿਚ ਰੱਖਦੇ ਸਨ। ਇਸ ਲਈ ਸੁਭਾਵਿਕ ਹੀ ਉਨ੍ਹਾਂ ਨੇ ‘ਪੰਜਾਬ’ ਬਾਰੇ ਪੁਸਤਕਾਂ ਲਿਖੀਆਂ ਜਿਵੇਂ ‘ਕਾਸਟਸ ਐਂਡ ਦਿ ਟ੍ਰਾਈਬਜ਼ ਆਫ ਦਿ ਪੰਜਾਬ’, ‘ਦਿ ਲੀਜੰਡਸ ਆਫ ਦਿ ਪੰਜਾਬ’, ‘ਦਿ ਪੰਜਾਬ ਇਨ ਪੀਸ ਐਂਡ ਵਾਰ’, ‘ਦਿ ਪੇਜ਼ੰਟਰੀ ਇਨ ਪ੍ਰਾਸਪੈਰਟੀ ਐਂਡ ਡੈਟ’। ਇਸੇ ਕਿਸਮ ਦਾ ਇਸਤੇਮਾਲ ਕਈ ਅਜੋਕੀਆਂ ਲਿਖਤਾਂ ਵਿਚ ਮਿਲ ਸਕਦਾ ਹੈ- ਜਿਵੇਂ ਰਿਚਰਡ ਫਾਕਸ ਦੀ ਪੁਸਤਕ ‘ਲਾਇਨਜ਼ ਆਫ ਦਿ ਪੰਜਾਬ’। ਕੁਝ ਲੇਖਕਾਂ ਨੇ ਆਪਣੀਆਂ ਪੁਸਤਕਾਂ ਦੇ ਸਿਰਲੇਖਾਂ ਵਿਚ ‘ਪੰਜ ਦਰਿਆਵਾਂ ਦੀ ਧਰਤੀ’ (ਦਿ ਲੈਂਡ ਆਫ ਦੀ ਫਾਈਵ ਰਿਵਰਜ਼) ਦੀ ਵਰਤੋਂ ਵੀ ਕੀਤੀ ਹੈ ਜਿਵੇਂ ਡੈਵਿਡ ਰਾੱਸ ਦੀ ਪੁਸਤਕ ‘ਲੈਂਡ ਆਫ ਦਿ ਫਾਈਵ ਰਿਵਰਜ਼ ਐਂਡ ਸਿੰਧ’ ਅਤੇ ਐਚ.ਕੇ. ਤ੍ਰੇਵਸਕੀ ਦੀ ਪੁਸਤਕ ‘ਦਿ ਲੈਂਡ ਆਫ ਦਿ ਫਾਈਵ ਰਿਵਰਜ਼: ਐਨ ਇਕਨਾਮਿਕ ਹਿਸਟਰੀ ਆਫ ਦਿ ਪੰਜਾਬ’ ਵਿਚ। ਉਨ੍ਹਾਂ ਲਈ ਪੰਜ ਦਰਿਆਵਾਂ ਦੀ ਧਰਤੀ ਦਾ ਅਰਥ ਸੀ ਬ੍ਰਿਟਿਸ਼ ਪੰਜਾਬ। ਵਿਰੋਧਾਭਾਸ ਇਹ ਹੈ ਕਿ ਇਸ ਸ਼ਬਦ ਦੀ ਅੱਖਰੀ ਵਰਤੋਂ ਰੂਪਕ ਬਣ ਗਈ। ਇਸ ਨੇ ਕਈ ਉਲਝਣਾਂ ਵੀ ਪੈਦਾ ਕਰ ਦਿੱਤੀਆਂ।

ਇਤਿਹਾਸਕਾਰਾਂ ਨੇ ਵੀ ਆਪਣੀਆਂ ਲਿਖਤਾਂ ਵਿਚ ਪੰਜਾਬ ਦੇ ਬਰਤਾਨਵੀ ਸੰਕਲਪ ਨੂੰ ਹੀ ਪ੍ਰਵਾਨ ਕਰ ਲਿਆ। ਇਸ ਦੀ ਸ਼ਾਇਦ ਸਭ ਤੋਂ ਉੱਘੜਵੀਂ ਮਿਸਾਲ ਬੀ.ਐੱਸ. ਨਿੱਝਰ ਦੀ ਪੁਸਤਕ ‘ਦਿ ਪੰਜਾਬ ਅੰਡਰ ਬ੍ਰਿਟਿਸ਼’ ਵਿਚ ਦੇਖੀ ਜਾ ਸਕਦੀ ਹੈ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਉਸ ਨੇ ਅੰਗਰੇਜ਼ੀ ਰਾਜ ਤੋਂ ਪੂਰਬਲੇ ਪੰਜਾਬ ਨੂੰ ਵੀ ਇਸੇ ਸੰਕਲਪ ਨਾਲ ਜੋੜਿਆ ਹੈ: ‘ਦਿ ਪੰਜਾਬ ਅੰਡਰ ਦਿ ਲੇਟਰ ਮੁਗ਼ਲਜ਼’, ‘ਦਿ ਪੰਜਾਬ ਅੰਡਰ ਦਿ ਗ੍ਰੇਟ ਮੁਗ਼ਲ’ ਅਤੇ ‘ਦਿ ਪੰਜਾਬ ਅੰਡਰ ਦਿ ਸੁਲਤਾਨਜ਼’ ਵਿਚ। ਹੋਰਨਾਂ ਕਈ ਇਤਿਹਾਸਕਾਰਾਂ ਨੇ ਪੰਜਾਬ ਸ਼ਬਦ ਦੀ ਵਰਤੋਂ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਉਤਰਾਧਿਕਾਰੀਆਂ ਦੇ ਅਧੀਨ ਇਲਾਕਿਆਂ ਲਈ ਕੀਤੀ ਹੈ। ਇਸ ਕਿਸਮ ਦੇ ਇਸਤੇਮਾਲ ਦੀਆਂ ਕੁਝ ਮਿਸਾਲਾਂ ਹਨ- ਐਲ. ਚੋਪੜਾ ਦੀ ਪੁਸਤਕ ‘ਪੰਜਾਬ ਐਜ਼ ਏ ਸਾਵਰਿਨ’ ਅਤੇ ਬੀ.ਆਰ. ਚੋਪੜਾ ਦੀ ਪੁਸਤਕ ‘ਕਿੰਗਡਮ ਆਫ ਦਿ ਪੰਜਾਬ 1839-45’। ਹਰੀ ਰਾਮ ਗੁਪਤਾ ਵੀ ਆਪਣੀ ਪੁਸਤਕ ‘ਪੰਜਾਬ ਆਨ ਦਿ ਈਵ ਆਫ ਫਸਟ ਸਿੱਖ ਵਾਰ’ ਵਿਚ ਇਸ ਸ਼ਬਦ ਦੀ ਵਰਤੋਂ ਇਨ੍ਹਾਂ ਅਰਥਾਂ ਵਿਚ ਹੀ ਕਰਦਾ ਹੈ। ਇਸ ਪੁਸਤਕ ਵਿਚ ਦਿੱਤਾ ਹੋਇਆ ਪੰਜਾਬ ਦਾ ਨਕਸ਼ਾ ਅਚੇਤ ਹੀ ਬ੍ਰਿਟਿਸ਼ ਪੰਜਾਬ ਨੂੰ ਦਿਖਾਉਂਦਾ ਹੈ।

ਪੰਜਾਬ ਦੀ ਤਲਾਸ਼ ਵਿਚ ਹੁਣ ਅਸੀਂ ਕੁਝ ਭੂਗੋਲ ਸ਼ਾਸਤਰੀਆਂ ਵੱਲ ਮੁੜਦੇ ਹਾਂ। ਓ.ਐਚ.ਕੇ. ਸਪੇਟ ਗੰਗਾ-ਸਿੰਧ ਦੇ ਮੈਦਾਨਾਂ ਨੂੰ ਉਪ ਮਹਾਂਦੀਪ ਦੇ ਚਾਰ ਮੁੱਖ ਭਾਗਾਂ ਵਿਚੋਂ ਇਕ ਮੰਨਦਾ ਹੈ। ਇਸ ਨੂੰ ਅੱਗੋਂ ਖਿੱਤਿਆਂ ਅਤੇ ਉਪ ਖਿੱਤਿਆਂ ਵਿਚ ਵੰਡਿਆ ਜਾਂਦਾ ਹੈ। ਗੰਗਾ-ਸਿੰਧ ਦੇ ਮੈਦਾਨਾਂ ਵਿਚਲੇ ਇਕ ਖਿੱਤੇ ਵਜੋਂ ਸਪੇਟ ਦੇ ‘ਪੰਜਾਬ’ ਵਿਚ ‘ਬਿਸਤ ਜਲੰਧਰ ਦੋ-ਆਬ’ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਵਿਚ ਪੋਠੋਹਾਰ ਅਤੇ ਸਾਲਟ ਰੇਂਜ ਦਾ ਇਲਾਕਾ ਆਉਂਦਾ ਹੈ। ਇਸ ਤੋਂ ਇਲਾਵਾ ਉਸ ਦੇ ਪੰਜਾਬ ਵਿਚ ਸਿੰਧ ਅਤੇ ਸਤਲੁਜ ਦੇ ਦਰਿਆਵਾਂ ਤੋਂ ਬਾਹਰਲਾ ਇਲਾਕਾ ਵੀ ਰੱਖਿਆ ਗਿਆ ਹੈ: ਡੇਰਾ ਇਸਮਾਈਲ ਖਾਂ ਅਤੇ ਡੇਰਾ ਗਾਜ਼ੀ ਖਾਂ ਦੇ ਮੈਦਾਨੀ ਇਲਾਕੇ ਅਤੇ ਬਹਾਵਲਪੁਰ ਦਾ ਕਾਫ਼ੀ ਵੱਡਾ ਇਲਾਕਾ। ਇਸ ਤੋਂ ਇਲਾਵਾ ਸਪੇਟ ਅਨੁਸਾਰ ਗੰਗਾ-ਸਿੰਧ ਦੇ ਮੈਦਾਨਾਂ ਵਿਚਲਾ ਇਕ ਹੋਰ ਖਿੱਤਾ ਵੀ ਸਾਡੇ ਮੰਤਵ ਅਨੁਸਾਰ ਮਹੱਤਵਪੂਰਨ ਹੈ: ਗੰਗਾ-ਸਿੰਧ ਨੂੰ ਵੰਡਣ ਵਾਲਾ ਉਹ ਇਲਾਕਾ ਜਿਹੜਾ ਪੂਰੇ ਬਿਸਤ ਜਲੰਧਰ ਦੋਆਬ ਉੱਤੇ ਆਧਾਰਿਤ ਹੈ, ਸਤਲੁਜ ਤੋਂ ਲੈ ਕੇ ਜਮੁਨਾ ਤੱਕ ਦੀ ਪੱਟੀ ਅਤੇ ਦਿੱਲੀ ਦੇ ਨੇੜੇ ਅਰਾਵਲੀ ਪਰਬਤ ਤੱਕ ਦੇ ਮੈਦਾਨ ਅਤੇ ਥਾਰ ਰੇਗਿਸਤਾਨ ਤੋਂ ਉਪਰ ਵਾਲਾ ਘੱਗਰ ਨਦੀ ਦੇ ਸੁੱਕੇ ਥਲ ਵਾਲਾ ਇਲਾਕਾ। ਗੰਗਾ-ਸਿੰਧ ਮੈਦਾਨ ਨੂੰ ਵੰਡਣ ਵਾਲੀ ਇਹ ਪੱਟੀ ਪੰਜਾਬ ਅਤੇ ਉਪਰਲੇ ਮੈਦਾਨਾਂ ਦੇ ਵਿਚਕਾਰਲਾ ਇਲਾਕਾ ਹੈ ਜਿਸ ਦਾ ਅਰਥ ਇਹ ਨਿਕਲਦਾ ਹੈ ਕਿ ਸਤਲੁਜ ਅਤੇ ਘੱਗਰ ਨਦੀ ਦੇ ਵਿਚਕਾਰਲਾ ਇਲਾਕਾ ਭੌਤਿਕ ਤੌਰ ’ਤੇ ਹੀ ਨਹੀਂ ਸਗੋਂ ਸਭਿਆਚਾਰਕ ਤੌਰ ’ਤੇ ਵੀ ਪੰਜਾਬ ਦੇ ਨੇੜੇ ਹੈ, ਉਵੇਂ ਹੀ ਘੱਗਰ ਅਤੇ ਜਮੁਨਾ ਨਦੀ ਦੇ ਵਿਚਕਾਰਲਾ ਇਲਾਕਾ ਉਪਰਲੇ ਗੰਗਾ ਦੇ ਮੈਦਾਨਾਂ ਦੇ ਨੇੜੇ ਹੈ।

ਪ੍ਰੋ. ਆਰ.ਐਲ. ਸਿੰਘ ਦੀ ਸੰਪਾਦਿਤ ਪੁਸਤਕ ‘ਇੰਡੀਆ ਏ ਰੀਜਨਲ ਜਿਓਗ੍ਰਾਫੀ’ ਨੂੰ ਵੀ ਭਾਰਤ ਦੇ ਇਲਾਕਾਈ ਭੂਗੋਲ ਦੀ ਇਕ ਹੋਰ ਮਿਸਾਲ ਵਜੋਂ ਲਿਆ ਜਾਵੇ ਤਾਂ ਗੰਗਾ ਅਤੇ ਸਿੰਧ ਦੇ ਮੈਦਾਨਾਂ ਨੂੰ ਭਾਰਤ ਦਾ ਇਕ ਇਕੱਲਾ ਵਿਰਾਟ ਖੰਡ ਮੰਨਿਆ ਜਾ ਸਕਦਾ ਹੈ। ਇਹ ਪੁਸਤਕ ਸਿਰਫ਼ ਭਾਰਤ ਨਾਲ ਹੀ ਸਬੰਧ ਰੱਖਦੀ ਹੈ। ਇਸ ਵਿਚੋਂ ਪਾਕਿਸਤਾਨ ਦੇ ਮੈਦਾਨਾਂ ਨੂੰ ਬਾਹਰ ਰੱਖਿਆ ਗਿਆ ਹੈ। ਫਿਰ ਵੀ ਇਸ ਪੁਸਤਕ ਵਿਚ ਪੰਜਾਬ ਦੇ ਮੈਦਾਨਾਂ ਦਾ ਜ਼ਿਕਰ ਹੈ। ਇਨ੍ਹਾਂ ਮੈਦਾਨਾਂ ਵਿਚ ਪੰਜਾਬ ਅਤੇ ਹਰਿਆਣਾ ਦੇ ਇਲਾਕੇ ਅਤੇ ਦਿੱਲੀ ਅਤੇ ਚੰਡੀਗੜ੍ਹ ਦੇ ਕੇਂਦਰ ਪ੍ਰਸ਼ਾਸਿਤ ਇਲਾਕੇ ਸ਼ਾਮਿਲ ਹਨ। ਇਸ ਪੁਸਤਕ ਵਿਚਲੇ ਪੰਜਾਬ ਦੇ ਮੈਦਾਨ ਓ.ਐਚ.ਕੇ. ਸਪੇਟ ਅਨੁਸਾਰ ਗੰਗਾ-ਸਿੰਧ ਨੂੰ ਵੰਡਣ ਵਾਲੀ ਪੱਟੀ ਨਾਲ ਮੇਲ ਖਾਂਦੇ ਹਨ। ਇਸ ਇਲਾਕਾਈ ਭੂਗੋਲ ਦੇ ਲੇਖਕ ਆਪਣੀਆਂ ਭੂਗੋਲਿਕ ਕਸਵੱਟੀਆਂ ਨੂੰ ਰਾਜਨੀਤਕ ਯਥਾਰਥ ਅਨੁਸਾਰ ਤਬਦੀਲ ਕਰਨ ਦੀ ਪ੍ਰਵਿਰਤੀ ਰੱਖਦੇ ਹਨ। ਉਹ ਵਿਕਾਸ ਦੇ ਪ੍ਰੋਗਰਾਮਾਂ ਦੀ ਦ੍ਰਿਸ਼ਟੀ ਤੋਂ ਮਹੱਤਵ ਰੱਖਣ ਵਾਲੇ ਮਨੁੱਖੀ ਤੱਤਾਂ ਨੂੰ ਵਧੇਰੇ ਮਹੱਤਵ ਦਿੰਦੇ ਹਨ। ਜੇ ਨਿਰੋਲ ਭੂਗੋਲਿਕ ਕਸਵੱਟੀ ਉੱਤੇ ਪਰਖ ਕੇ ਦੇਖਿਆ ਜਾਵੇ ਤਾਂ ਪੰਜਾਬ ਉੱਤਰ ਵਿਚ ਹਿਮਾਲਿਆ ਪਰਬਤ ਲੜੀ, ਦੱਖਣ ਵਿਚ ਅਰਾਵਲੀ ਪਰਬਤ ਲੜੀ ਅਤੇ ਥਾਰ ਰੇਗਿਸਤਾਨ, ਪੱਛਮ ਅਤੇ ਪੂਰਬ ਦੇ ਪਾਸੇ ਸਿੰਧ ਅਤੇ ਜਮੁਨਾ ਨਦੀਆਂ ਨਾਲ ਘਿਰਿਆ ਇਲਾਕਾ ਹੋ ਨਿਬੜਦਾ ਹੈ। ਕੁਝ ਇਕ ਇਤਿਹਾਸਕਾਰਾਂ ਨੇ ਹੀ ਇਲਾਕਾਈ ਇਤਿਹਾਸ ਲਿਖਣ ਦੇ ਮਨੋਰਥ ਨਾਲ ਸੁਚੇਤ ਤੌਰ ’ਤੇ ਪੰਜਾਬ ਨੂੰ ਪਰਿਭਾਸ਼ਿਤ ਕਰਨ ਦੀ ਸਮੱਸਿਆ ਨਾਲ ਜੂਝਣ ਦਾ ਯਤਨ ਕੀਤਾ ਹੈ। 1976 ਵਿਚ ਹੋਈ ‘ਪੰਜਾਬ ਇਤਿਹਾਸ ਕਾਨਫਰੰਸ’ ਮੌਕੇ ਬੋਲਦਿਆਂ ਰੋਮਿਲਾ ਥਾਪਰ ਨੇ ਆਖਿਆ ਸੀ ਕਿ ‘ਇਕ ਅਰਥ ਵਿਚ ਪੰਜਾਬ ਨੂੰ ਪਰਿਭਾਸ਼ਿਤ ਕਰਨਾ ਸੌਖਾ ਹੈ, ਇਹ ਪੰਜ ਦਰਿਆਵਾਂ ਦੀ ਧਰਤੀ ਹੈ ਅਤੇ ਦੋ-ਆਬਾਂ ਦੇ ਵਿਚਕਾਰਲੇ ਖਿੱਤੇ ਇਸ ਵਿਚ ਆਉਂਦੇ ਹਨ।’ ਇੱਥੇ ਪੰਜਾਬ ਨੂੰ ਅੱਖਰੀ ਅਰਥਾਂ ਵਿਚ ਪੰਜਾਂ ਦਰਿਆਵਾਂ ਦੀ ਧਰਤੀ ਦਾ ਸੂਚਕ ਮੰਨਿਆ ਗਿਆ ਹੈ, ਪਰ ਪੰਜਾਂ ਦਰਿਆਵਾਂ ਦੇ ਤਾਂ ਚਾਰ ਦੋਆਬ ਹੀ ਬਣਦੇ ਹਨ। ਇਸ ਲਈ ਪੰਜਾਂ ਦਰਿਆਵਾਂ ਦੀ ਧਰਤੀ ਇਕੋ ਵੇਲੇ ਪੰਜ-ਦੋਆਬਾਂ ਦੀ ਧਰਤੀ ਨਹੀਂ ਹੋ ਸਕਦੀ। ਰੋਮਿਲਾ ਥਾਪਰ ਨੇ ਅੱਗੇ ਜਾ ਕੇ ਆਖਿਆ ਹੈ ਕਿ ‘ਇਸ ਭੂਗੋਲਿਕ ਪਰਿਭਾਸ਼ਾ ਨਾਲ ਰਾਜਨੀਤਕ ਅਤੇ ਸਭਿਆਚਾਰਕ ਤੱਤਾਂ ਨੂੰ ਜੋੜਨ ਦੀ ਪ੍ਰਵਿਰਤੀ ਤਾਂ ਇਸ ਦੇ ਸਮੁੱਚੇ ਇਤਿਹਾਸ ਵਿਚ ਕੇਵਲ ਥੋੋੜ੍ਹੇ ਸਮੇਂ ਲਈ ਹੀ ਉਭਰੀ ਹੈ।’ ਅਸਲ ਵਿਚ ਇਹ ਕਥਨ ਇਸ ਇਲਾਕੇ ਦੇ ਇਤਿਹਾਸ ਨਾਲ ਸਬੰਧਿਤ ਕਿਸੇ ਵੀ ਕਾਲ ਉੱਤੇ ਨਹੀਂ ਢੁੱਕਦਾ। ਪਰ ਇੱਥੇ ਇਲਾਕਾਈ ਇਤਿਹਾਸ ਬਾਰੇ ਇਕ ਮਹੱਤਵਪੂਰਨ ਮੁੱਦਾ ਉਠਾਇਆ ਗਿਆ ਹੈ। ਇਤਿਹਾਸਕਾਰ ਲਈ ਕਿਸੇ ਇਲਾਕੇ ਨੂੰ ਪਰਿਭਾਸ਼ਿਤ ਕਰਨ ਲਈ ਸਿਰਫ਼ ਭੂਗੋਲਿਕ ਪਰਿਭਾਸ਼ਾ ਹੀ ਨਹੀਂ ਸਗੋਂ ਰਾਜਨੀਤਕ ਅਤੇ ਸਭਿਆਚਾਰਕ ਤੱਤ ਵੀ ਮਹੱਤਵਪੂਰਨ ਹਨ। ਰੋਮਿਲਾ ਥਾਪਰ ਨੇ ਇਹ ਸੱਚ ਹੀ ਆਖਿਆ ਹੈ ਕਿ ਪੰਜਾਬ ਦੇ ਇਤਿਹਾਸ ਦਾ ਵਡੇਰਾ ਭਾਗ ਇਸ ਦੇ ਉਪ ਖਿੱਤਿਆਂ ਵਿਚਲੇ ਰਿਸ਼ਤੇ ਅਤੇ ਅੰਤਰ-ਕਿਰਿਆ ਦਾ ਅਧਿਐਨ ਕਰਨ ਨਾਲ ਸਬੰਧ ਰੱਖਦਾ ਹੈ।

ਇੱਥੇ ਇਕ ਹੋਰ ਤੱਥ ਵੱਲ ਧਿਆਨ ਦਿਵਾਉਣਾ ਵੀ ਦਿਲਚਸਪ ਹੋਵੇਗਾ ਕਿ ਬੁੱਧ ਪ੍ਰਕਾਸ਼ ਨੇ ਆਪਣੀ ਪੁਸਤਕ ‘ਪੁਲੀਟੀਕਲ ਐਂਡ ਸੋਸ਼ਲ ਮੂਵਮੈਂਟਸ ਇਨ ੲੇਂਸ਼ੀਐਂਟ ਪੰਜਾਬ’ ਵਿਚ ਸਮਾਜਿਕ, ਸਭਿਆਚਾਰਕ ਵਿਕਾਸ ਦੀਆਂ ਗਤੀਵਿਧੀਆਂ ਦੇ ਮਹੱਤਵ ਨੂੰ ਪਛਾਣਨ ਉੱਤੇ ਜ਼ੋਰ ਦਿੱਤਾ ਹੈ। ਉਸ ਨੇ ਸ਼ੁਰੂ ਵਿਚ ਹੀ ਸਪਸ਼ਟ ਕਰ ਦਿੱਤਾ ਕਿ ਉਸ ਦਾ ਪੰਜਾਬ ਨਾ ਤਾਂ ਸਮਕਾਲੀ ਪੰਜਾਬ ਹੈ ਅਤੇ ਨਾ ਹੀ ਬਰਤਾਨਵੀ ਰਾਜ ਵਾਲਾ ਪੰਜਾਬ। ਉਹ ਕਹਿੰਦਾ ਹੈ ਕਿ ਉਸ ਦੇ ਅਧਿਐਨ ਵਾਲੇ ਪੰਜਾਬ ਵਿਚ ਅਫ਼ਗਾਨਿਸਤਾਨ ਅਤੇ ਸਿੰਧ ਦੇ ਕੁਝ ਹਿੱਸੇ ਵੀ ਸ਼ਾਮਿਲ ਸਨ। ਇਸ ਤਰ੍ਹਾਂ ਉਸ ਦੀ ਮੂਲ ਕਸਵੱਟੀ ਨਾ ਤਾਂ ਭੂਗੋਲਿਕ ਹੈ ਅਤੇ ਨਾ ਰਾਜਨੀਤਕ ਸਗੋਂ ਸਮਾਜਿਕ-ਸਭਿਆਚਾਰਕ ਹੈ। ਇਸੇ ਲਈ ਉਹ ਕਹਿ ਸਕਦਾ ਹੈ ਕਿ ਇਸ ਖਿੱਤੇ ਦਾ ਸਮਾਜਿਕ-ਸਭਿਆਚਾਰਕ ਵਿਕਾਸ ਭੂਗੋਲਿਕ ਅਤੇ ਰਾਜਨੀਤਕ ਹੱਦਬੰਦੀਆਂ ਤੋਂ ਪਾਰ ਜਾਂਦਾ ਹੈ। ਇਤਫ਼ਾਕ ਨਾਲ ਇਸ ਪੁਸਤਕ ਦੇ ਸਿਰਲੇਖ ਨੂੰ ਨਿਰਧਾਰਤ ਕਰਨ ਵਾਲੇ ਤੱਤ ਪੰਜਾਬ ਦੀ ਪਰਿਭਾਸ਼ਾ ਕਰਨ ਵੇਲੇ ਸੋਧ ਲਏ ਗਏ ਹਨ।

ਬੁੱਧ ਪ੍ਰਕਾਸ਼ ਦਾ ਪੰਜਾਬ ਮਹੱਤਵਪੂਰਨ ਸਮਾਜਿਕ-ਸਭਿਆਚਾਰਕ ਗਤੀਵਿਧੀਆਂ ਦਾ ਲਖਾਇਕ ਸੀ। ਇਸ ਪੁਸਤਕ ਵਿਚ ਪੇਸ਼ ਹੋਈ ਮੂਲ ਸਥਾਪਨਾ ਇਹ ਹੈ ਕਿ ਸਪਤ ਸਿੰਧੂ ਆਖੀ ਜਾਣ ਵਾਲੀ ਧਰਤੀ ਉੱਤੇ ਵਸਦੀ ਸਿੰਧ ਘਾਟੀ ਦੀ ਸਭਿਅਤਾ ਅਤੇ ਆਰੀਆ ਦੇ ਵਿਚਕਾਰ ਜੋ ਸਭਿਆਚਾਰਕ ਸਮਨਵੈ ਹੋਇਆ ਸੀ ਉਸ ਨੇ ਅਜਿਹੇ ਹੀ ਇਕ ਹੋਰ ਸਮਨਵੈ ਨੂੰ ਵੀ ਜਨਮ ਦਿੱਤਾ ਸੀ ਜੋ ਬਿਲਕੁਲ ਵਿਲੱਖਣ ਸੀ ਅਤੇ ਕਿਤੇ ਵਡੇਰੇ ਇਲਾਕੇ ਤੱਕ ਫੈਲਿਆ ਹੋਇਆ ਸੀ। ਸਪਤ ਸਿੰਧੂ ਦੇ ਸਭਿਆਚਾਰ ਬਾਰੇ ਵੇਦਾਂ ਵਿਚ ਵੀ ਸੰਕੇਤ ਮਿਲਦੇ ਹਨ ਜਿਵੇਂ ਵਰਣ-ਆਸ਼ਰਮ ਧਰਮ ਨਾਲ ਸਬੰਧ ਰੱਖਣ ਵਾਲੇ ਸਮਾਜਿਕ ਆਦਰਸ਼ਾਂ, ਹੋਮ ਯੱਗ ਨਾਲ ਸਬੰਧਿਤ ਕਰਮ-ਕਾਂਡਾਂ, ਰਿਸ਼ੀਆਂ ਦੇ ਜੰਗਲ ਵਿਚ ਨਿਵਾਸ ਕਰਨ, ਨੈਤਿਕ ਕਦਰਾਂ-ਕੀਮਤਾਂ ਅਤੇ ਰਹੁ-ਰੀਤਾਂ ਦੀ ਸਮੁੱਚੀ ਸਮਾਨਤਾ ਅਤੇ ਸੰਸਕ੍ਰਿਤ ਭਾਸ਼ਾ ਦੇ ਸਾਂਝੇ ਮਾਧਿਅਮ ਵਿਚ। ਉਸ ਯੁੱਗ ਦੇ ਲੋਕ ਆਪਣੀ ਮਾਤ-ਭੂਮੀ ਉਪਰ ਫ਼ਖਰ ਕਰਦੇ ਸਨ। ਪ੍ਰੋਫੈਸਰ ਬੁੱਧ ਪ੍ਰਕਾਸ਼ ਨੇ ਸਮਾਜਿਕ-ਸਭਿਆਚਾਰਕ ਇਕਸੁਰਤਾ ਅਤੇ ਏਕਤਾ ਬਾਰੇ ਜੋ ਗੱਲ ਆਖੀ ਹੈ ਉਹ ਕਿਸੇ ਹੱਦ ਤੱਕ ਭਾਵੇਂ ਅਤਿਕਥਨੀ ਹੀ ਹੋਵੇ ਪਰ ਉਸ ਨੇ ਸਮਾਜਿਕ-ਸਭਿਆਚਾਰਕ ਪੱਖ ਦੇ ਮਹੱਤਵ ਉੱਤੇ ਹੱਕੀ ਤੌਰ ’ਤੇ ਜ਼ੋਰ ਦਿੱਤਾ ਹੈ।

ਇਕ ਹਜ਼ਾਰ ਈਸਾ ਪੂਰਬਲੇ ਸਮੇਂ ਦੇ ਪਹਿਲੇ ਅੱਧ ਵਿਚ ਸਪਤ ਸਿੰਧੂ ਦੇ ਇਲਾਕੇ ਵਿਚ ਕੁਝ ਨਵੀਆਂ ਜਾਤੀਆਂ ਨੇ ਪ੍ਰਵੇਸ਼ ਕੀਤਾ ਜਿਨ੍ਹਾਂ ਨੇ ਹੌਲੀ ਹੌਲੀ ਵੈਦਿਕ ਸਭਿਅਤਾ ਦੇ ਅਨੁਯਾਈਆਂ ਨੂੰ ਪੂਰਬ ਵੱਲ ਧੱਕ ਦਿੱਤਾ ਜੋ ਪਹਿਲਾਂ ਕੁਰੂਕਸ਼ੇਤਰ ਦੇ ਇਲਾਕੇ ਵਿਚ ਆਏ ਅਤੇ ਫੇਰ ਗੰਗਾ-ਜਮਨਾ ਦੋਆਬ ਤੇ ਗੰਗਾ ਦੇ ਉਪਰ ਵਾਲੇ ਪਾਸੇ ਦੇ ਮੈਦਾਨਾਂ ਵਿਚ ਫੈਲ ਗਏ। ਆਪਣੇ ਨਵੇਂ ਨਿਵਾਸ ਸਥਾਨ ਵਿਚ ਆ ਕੇ ਉਨ੍ਹਾਂ ਨੇ ਆਪਣੀਆਂ ਸ਼ੁੱਧਤਾਵਾਦੀ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਕਰਦਿਆਂ ਪੰਜਾਬ ਦੇ ਵਸਨੀਕਾਂ ਨੂੰ ਆਪਣੇ ਸੱਭਿਆਚਾਰ ਦੇ ਦਾਇਰੇ ਤੋਂ ਬਾਹਰ ਮੰਨਣਾ ਸ਼ੁਰੂ ਕਰ ਦਿੱਤਾ। ਪੰਜਾਬੀ ਉਦੋਂ ਉੱਨ ਅਤੇ ਘੋੜਿਆਂ ਦਾ ਵਪਾਰ ਕਰਦੇ ਸਨ। ਉਹ ਸਮੁੰਦਰੀ ਸਫ਼ਰ ਵੀ ਕਰਦੇ ਸਨ। ਉਨ੍ਹਾਂ ਨੂੰ ਯੁੱਧ ਕਰਨ ਦਾ ਸ਼ੌਕ ਸੀ। ਉਹ ਲਸਣ ਅਤੇ ਪਿਆਜ਼ ਖਾਂਦੇ ਸਨ ਅਤੇ ਵੱਖ-ਵੱਖ ਤਰ੍ਹਾਂ ਦੇ ਪਸ਼ੂ-ਪੰਛੀਆਂ ਦਾ ਮਾਸ ਵੀ ਖਾਂਦੇ ਸਨ ਜਿਵੇਂ ਮੁਰਗੇ, ਭੇਡਾਂ, ਖੋਤੇ, ਸੂਰ, ਊਠ ਆਦਿ ਦਾ ਮਾਸ। ਸਮਾਜਿਕ ਪਰਿਵਰਤਨ ਦੀ ਧਾਰਾ ਵਿਚ ਯੂਨਾਨੀਆਂ, ਪਾਰਥੀਆਂ, ਸ਼ੱਕਾਂ ਅਤੇ ਕੁਸ਼ਾਣਾਂ ਦੇ ਆਉਣ ਨਾਲ ਹੋਰ ਵੀ ਤੇਜ਼ੀ ਆ ਗਈ। ਅਸਲ ਵਿਚ ਕੁਸ਼ਾਣ ਸਾਮਰਾਜ ਇਰਾਨੀ, ਚੀਨੀ, ਰੋਮਨ ਅਤੇ ਭਾਰਤੀ ਸਭਿਆਚਾਰਾਂ ਦਾ ਮਿਲਣ ਬਿੰਦੂ ਸੀ ਅਤੇ ਇਸ ਦੇ ਸਿੱਟੇ ਵਜੋਂ ਜੀਵਨ ਅਤੇ ਸਭਿਆਚਾਰ ਦੇ ਤਕਰੀਬਨ ਸਾਰੇ ਪੱਖਾਂ ਵਿਚ ਇਨਕਲਾਬੀ ਤਬਦੀਲੀ ਆ ਗਈ। ਮਹਾਂਯਾਨੀ ਬੁੱਧਮਤ ਦੇ ਫ਼ਲਸਫ਼ੇ ਨੂੰ ਹੁਣ ਸੰਸਕ੍ਰਿਤੀ ਨਾਲੋਂ ਵੱਖਰੀਆਂ ਜ਼ੁਬਾਨਾਂ ਵਿਚ ਸਮਝਾਇਆ ਜਾਣ ਲੱਗਿਆ। ਇਉਂ ਏਸ਼ੀਆ ਦੇ ਭਿੰਨ-ਭਿੰਨ ਸਭਿਆਚਾਰਾਂ ਦੇ ਸੁਮੇਲ ਰਾਹੀਂ ਇਸ ਖੇਤਰ ਦੇ ਲੋਕਾਂ ਦੀ ਮਾਨਸਿਕਤਾ ਅਤੇ ਦ੍ਰਿਸ਼ਟੀ ਵਿਚ ਉਦਾਰਤਾ ਆ ਗਈ।

* * *

ਸਾਡਾ ਸਰੋਕਾਰ ਬੁੱਧ ਪ੍ਰਕਾਸ਼ ਦੀ ਇਤਿਹਾਸ ਦ੍ਰਿਸ਼ਟੀ ਵਿਚਲੇ ਤੱਥਾਂ ਦੀ ਪ੍ਰਮਾਣਿਕਤਾ ਨਾਲ ਇੰਨਾ ਨਹੀਂ ਜਿੰੰਨਾ ਉਸ ਦੀ ਇਸ ਖਿੱਤੇ ਬਾਰੇ ਕੀਤੀ ਗਈ ਮਹੱਤਵਪੂਰਨ ਵਿਆਖਿਆ ਨਾਲ ਹੈ। ਕੀ ਅਸੀਂ ਬਾਦਸ਼ਾਹ ਅਕਬਰ, ਮਹਾਰਾਜਾ ਰਣਜੀਤ ਸਿੰਘ ਅਤੇ ਬ੍ਰਿਟਿਸ਼ ਕਾਲ ਵਿਚ ਪੰਜਾਬ ਵਜੋਂ ਜਾਣੇ ਜਾਣ ਵਾਲੇ ਇਸ ਇਲਾਕੇ ਵਿਚ ਮਹੱਤਵਪੂਰਨ ਸਮਾਜਿਕ-ਸਭਿਆਚਾਰਕ ਗਤੀਵਿਧੀਆਂ ਦੀ ਜਾਣਕਾਰੀ ਹਾਸਿਲ ਕਰ ਸਕਦੇ ਹਾਂ। ਅਸੀਂ ਇਸ ਪ੍ਰਸ਼ਨ ਦਾ ਸੰਖੇਪ ਵਿਚ ਉੱਤਰ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਇਹ ਵੇਖਿਆ ਜਾਵੇ ਕਿ ਪੰਜਾਬ ਦੇ ਸੰਕਲਪ ਨੂੰ ਉਸਾਰਨ ਅਤੇ ਵਿਕਸਤ ਕਰਨ ਵਿਚ ਸਮਾਜਿਕ-ਸਭਿਆਚਾਰਕ ਤੱਤਾਂ ਦਾ ਕੋਈ ਪ੍ਰਭਾਵ ਸੀ ਵੀ ਜਾਂ ਨਹੀਂ। 16ਵੀਂ ਸਦੀ ਦੇ ਅਖੀਰ ’ਤੇ ਪਹੁੰਚ ਕੇ ਇਸ ਇਲਾਕੇ ਦੀ ਜਨਸੰਖਿਆ ਦੇ ਆਧਾਰ ਤੇ ਰੂਪ-ਰੇਖਾ ਬਦਲ ਗਈ ਸੀ। ਕਨਿਸ਼ਕ ਦੇ ਸਮੇਂ ਤੋਂ ਲੈ ਕੇ ਰਾਜਨੀਤਕ ਤਬਦੀਲੀਆਂ ਕਾਰਨ ਤੇ ਅਮਨ-ਅਮਾਨ ਵਾਲੇ ਪਰਵਾਸ ਦੀ ਲਹਿਰ ਕਾਰਨ ਭੂਮੀ ਉੱਤੇ ਪੱਕਾ ਟਿਕਾਣਾ ਬਣਾ ਕੇ ਬੈਠੇ ਲੋਕ ਦੋਆਬਾ ਦੇ ਉਪਰਲੇ ਪਾਸੇ ਅਤੇ ਦਰਿਆਈ ਘਾਟੀਆਂ ਵੱਲ ਜਾਣੇ ਸ਼ੁਰੂ ਹੋ ਗਏ। ਇਹ ਸਾਰਾ ਕੁਝ ਇਸ ਲਈ ਸੰਭਵ ਹੋ ਸਕਿਆ ਕਿ ਉਹ ਇਰਾਨੀ ਢੰਗ ਦੇ ਖੂਹਾਂ ਦੀ ਸਿੰਜਾਈ ਨੂੰ ਅਪਣਾ ਚੁੱਕੇ ਸਨ। ਇਸ ਇਲਾਕੇ ਦੀ ਇਸ ਵਿਸ਼ੇਸ਼ਤਾ ਤੋਂ ਬਾਬਰ ਵੀ ਬਹੁਤ ਪ੍ਰਭਾਵਿਤ ਸੀ। ਅਬੁਲ ਫ਼ਜ਼ਲ ਨੇ ਪੰਜਾਬ ਦੀ ਸੰਘਣੀ ਵਸੋਂ ਅਤੇ ਖ਼ੁਸ਼ਹਾਲੀ ਬਾਰੇ ਟਿੱਪਣੀਆਂ ਕੀਤੀਆਂ ਹਨ। ਸ਼ਹਿਰੀ ਕੇਂਦਰਾਂ ਦੀ ਗਿਣਤੀ ਅਤੇ ਆਕਾਰ ਵਿਚ ਵਾਧਾ ਹੋਣ ਲੱਗਾ ਸੀ ਜੋ ਵਧਦੇ ਵਪਾਰ ਦੀ ਨਿਸ਼ਾਨੀ ਸੀ। ਇਸ ਤੋਂ ਇਹ ਅੰਦਾਜ਼ਾ ਵੀ ਲੱਗਦਾ ਹੈ ਕਿ ਉਸ ਵੇਲੇ ਵਪਾਰੀ ਸ਼੍ਰੇਣੀ ਕਿੰਨੀ ਅਮੀਰ ਹੋਵੇਗੀ।

ਧਰਮ ਦੇ ਖੇਤਰ ਵਿਚ ਬੁੱਧਮਤ ਦੀ ਥਾਂ ਵੈਸ਼ਨਵ ਅਤੇ ਸ਼ੈਵ ਮਤ ਪ੍ਰਚਲਿਤ ਹੋ ਗਏ ਸਨ ਤੇ ਇਨ੍ਹਾਂ ਦੋਹਾਂ ਹੀ ਮਤਾਂ ਵਿਚ ਬ੍ਰਾਹਮਣ ਦੀ ਸਰਦਾਰੀ ਨਿਸ਼ਚਿਤ ਸੀ। ਸ਼ੈਵਮਤ ਵਿਚੋਂ ਹੀ ਗੋਰਖਨਾਥ ਨੂੰ ਮੰਨਣ ਵਾਲੇ ਯੋਗੀਆਂ ਦੀ ਇਕ ਲਹਿਰ ਪੈਦਾ ਹੋਈ ਜੋ ਮੁਕਾਬਲਤਨ ਵਧੇਰੇ ਉਦਾਰ ਗੁਣਾਂ ਵਾਲੀ ਸੀ। ਵੈਸ਼ਨਵ ਭਗਤੀ ਦੀ ਲਹਿਰ ਵੀ ਉਭਰਨੀ ਸ਼ੁਰੂ ਹੋ ਗਈ ਸੀ। ਪੰਜਾਬ ਵਿਚ ਇਸਲਾਮ ਨੂੰ ਮੰਨਣ ਵਾਲੇ ਦੇਸੀ ਅਤੇ ਵਿਦੇਸ਼ੀ ਦੋਵੇਂ ਸਨ। ਪਿੰਡਾਂ ਅਤੇ ਸ਼ਹਿਰਾਂ ਵਿਚ ਅਨੇਕਾਂ ਮਸਜਿਦਾਂ ਅਤੇ ਖਾਨਗਾਹਾਂ ਬਣ ਗਈਆਂ ਸਨ। ਇਉਂ ਅੱਧ-ਪਚੱਧੇ ਧਰਮ ਗ੍ਰੰਥਾਂ ਦੇ ਰੂਪ ਵਿਚ ਮਿਲਦੇ ਪੁਰਾਣਾਂ ਅਤੇ ਮਹਾਂਕਾਵਾਂ ਦੇ ਨਾਲ ਇਕ ਪੈਗੰਬਰੀ ਧਰਮ ਪੁਸਤਕ ਵੀ ਆ ਕੇ ਸ਼ਾਮਿਲ ਹੋ ਗਈ। ਸੰਸਕ੍ਰਿਤ ਦੇ ਨਾਲ-ਨਾਲ ਕੁਲੀਨ ਵਰਗ ਦੀ ਇਕ ਹੋਰ ਭਾਸ਼ਾ ਅਰਬੀ ਵੀ ਆ ਗਈ ਜਦੋਂਕਿ ਸੂਫੀ ਫ਼ਕੀਰ ਅਜਿਹੇ ਧਰਮ ਦੀ ਸਿੱਖਿਆ ਦੇ ਰਹੇ ਸਨ ਜੋ ਆਮ ਲੋਕਾਂ ਵਿਚ ਮਕਬੂਲ ਹੋ ਰਿਹਾ ਸੀ। ਗੁਰੂ ਨਾਨਕ ਦੇਵ ਜੀ ਦੀ ਚਲਾਈ ਲਹਿਰ ਨੂੰ ਉਨ੍ਹਾਂ ਦੇ ਉਤਰਾਧਿਕਾਰੀਆਂ ਨੇ 16ਵੀਂ ਸਦੀ ਵਿਚ ਹੋਰ ਵੀ ਮਕਬੂਲ ਕਰ ਦਿੱਤਾ ਸੀ।

ਫ਼ਾਰਸੀ ਦੇ ਰੂਪ ਵਿਚ ਇਕ ਨਵੀਂ ਭਾਸ਼ਾ ਆ ਗਈ ਸੀ ਜਿਸ ਦਾ ਇਸਤੇਮਾਲ ਸਮਾਜ ਦੇ ਉੱਚੇ ਵਰਗਾਂ ਅਤੇ ਜਾਤੀਆਂ ਵੱਲੋਂ ਪ੍ਰਸ਼ਾਸਨ, ਸਿੱਖਿਆ, ਸਾਹਿਤ ਅਤੇ ਇਤਿਹਾਸਕਾਰੀ ਲਈ ਕੀਤਾ ਜਾਂਦਾ ਸੀ। ਆਮ ਲੋਕਾਂ ਦੀਆਂ ਪ੍ਰਚਲਿਤ ਉਪ ਭਾਸ਼ਾਵਾਂ ਜਿਨ੍ਹਾਂ ਵਿਚ ਵਾਰਾਂ ਅਤੇ ਕਿੱਸਿਆਂ ਦੀ ਮੌਖਿਕ ਪਰੰਪਰਾ ਮੌਜੂਦ ਸੀ, ਹੁਣ ਸਾਹਿਤਕ ਭਾਸ਼ਾ ਦਾ ਦਰਜਾ ਗ੍ਰਹਿਣ ਕਰ ਰਹੀਆਂ ਸਨ। ਅਮੀਰ ਖੁਸਰੋ ਜਿਸ ਵੇਲੇ ਆਮ ਲੋਕਾਂ ਦੀ ਬੋਲੀ ਜਾਣ ਵਾਲੀ ਭਾਸ਼ਾ ਲਾਹੌਰੀ ਬਾਰੇ ਸੋਚ ਰਿਹਾ ਸੀ, ਉਸ ਤੋਂ ਢੇਰ ਸਮਾਂ ਪਹਿਲਾਂ ਪਾਕਪਟਨ ਵਿਚ ਸ਼ੇਖ ਫ਼ਰੀਦ ਮੁਲਤਾਨ ਦੇ ਖਿੱਤੇ ਨਾਲ ਸਬੰਧਿਤ ਆਮ ਲੋਕਾਂ ਦੀ ਬੋਲੀ ਵਿਚ ਧਾਰਮਿਕ ਕਵਿਤਾ ਜਾਂ ਬਾਣੀ ਰਚ ਰਹੇ ਸਨ। ਆਮ ਲੋਕਾਂ ਦੀ ਬੋਲੀ ਵਿਚ ਉਨ੍ਹਾਂ ਨੂੰ ਸੰਬੋਧਨ ਕਰਨ ਵਾਲੇ ਸੂਫ਼ੀ ਫ਼ਕੀਰਾਂ ਵਿਚੋਂ ਉਹ ਇਕੱਲੇ ਨਹੀਂ ਸਨ। ਗੁਰੂ ਨਾਨਕ ਦੇਵ ਜੀ ਦੇ ਪੰਜਾਬ ਦੇ ਆਮ ਲੋਕਾਂ ਦੀ ਭਾਸ਼ਾ ਨੂੰ ਜ਼ੋਰ-ਸ਼ੋਰ ਨਾਲ ਇਸਤੇਮਾਲ ਕਰਨ ਤੋਂ ਬਾਅਦ ਸ਼ਾਹ ਹੁਸੈਨ ਵੀ ਇਸ ਭਾਸ਼ਾ ਵਿਚ ਕਾਫ਼ੀ ਰਚਨਾ ਕਰ ਰਹੇ ਸਨ। ਗੁਰੂ ਨਾਨਕ ਦੇਵ ਜੀ ਦੇ ਉਤਰਾਧਿਕਾਰੀਆਂ ਨੇ ਵੀ ਉਨ੍ਹਾਂ ਦੀ ਹੀ ਲੀਹ ’ਤੇ ਤੁਰਨ ਦਾ ਯਤਨ ਕੀਤਾ। ਇਸ ਤਰ੍ਹਾਂ ਵੀਰ ਰਸ ਅਤੇ ਸ਼ਿੰਗਾਰ ਰਸ ਨਾਲ ਸਬੰਧਿਤ ਲੋਕ ਸਾਹਿਤ ਤੇ ਧਾਰਮਿਕ ਕਵਿਤਾ ਦੇ ਰੂਪ ਵਿਚ ਨਵੀਂ ਸਾਹਿਤਕ ਪਰੰਪਰਾ ਬਣ ਕੇ ਉੱਭਰ ਰਹੀ ਸੀ। ਧਰਮ ਨਿਰਪੇਖ ਕਵਿਤਾ ਦੀ ਪਹਿਲੀ ਪੰਜਾਬੀ ਰਚਨਾ ਅਕਬਰ ਦੇ ਸਮਕਾਲੀ ਸ਼ਾਇਰ ਨੇ ਕੀਤੀ ਸੀ। ਇਹ ਰਚਨਾ ਸੀ ਦਮੋਦਰ ਗੁਲਾਟੀ ਦਾ ਲਿਖਿਆ ਹੋਇਆ ਕਿੱਸਾ ਹੀਰ ਰਾਂਝਾ।

ਮੋੜਵੀਂ ਝਾਤ ਪਾਉਂਦਿਆਂ ਅਸੀਂ ਦੇਖ ਸਕਦੇ ਹਾਂ ਕਿ ਬਾਦਸ਼ਾਹ ਅਕਬਰ ਨੇ ਰਾਜਨੀਤਕ ਅਤੇ ਪ੍ਰਸ਼ਾਸਨਿਕ ਨੁਕਤੇ ਤੋਂ ਜਿਸ ਇਲਾਕੇ ਨੂੰ ਇਕ ਪਛਾਣ ਦਿੱਤੀ ਸੀ ਉਸ ਨੇ ਇਸ ਪਛਾਣ ਨੂੰ ਸਮਾਂ ਪਾ ਕੇ ਲੋਕਾਂ ਨਾਲ ਸਬੰਧਿਤ ਕਰਨ ਦੀ ਸੰਭਾਵਨਾ ਪੈਦਾ ਕਰ ਦਿੱਤੀ। ਇਹ ਗੱਲ ਵੀ ਦਿਲਚਸਪ ਹੋਵੇਗੀ ਕਿ ਸ਼ਾਹਜਹਾਂ ਦਾ ਪ੍ਰਸਿੱਧ ਵਜ਼ੀਰ ਸਾ-ਦੁੱਲਾਖਾਂ ਇਕ ਪੰਜਾਬੀ ਦੇ ਤੌਰ ’ਤੇ ਜਾਣਿਆ ਜਾਂਦਾ ਸੀ। ਇਹ ਵੀ ਸੰਭਵ ਹੈ ਕਿ ਮੁਗ਼ਲਾਂ ਦੀ ਹਾਕਮ ਜਮਾਤ ਦੇ ਲੋਕ ਇਸ ਖਿੱਤੇ ਨਾਲ ਆਪਣੀ ਲੰਮੀ ਸਾਂਝ ਕਾਰਨ ਆਪਣੇ ਆਪ ਨੂੰ ਇਸ ਨਾਲ ਮੇਲ ਕੇ ਦੇਖਣ ਲੱਗ ਗਏ ਸਨ ਅਤੇ ਇਉਂ ਉਹ ਵੀ ‘ਪੰਜਾਬੀ’ ਬਣ ਗਏ ਸਨ। ਉਸੇ ਤਾਕਤ ਦੇ ਆਧਾਰ ’ਤੇ ਇਸ ਇਲਾਕੇ ਦੇ ਬਹੁਤੇ ਲੋਕਾਂ ਵੱਲੋਂ ਬੋਲੀ ਅਤੇ ਲਿਖੀ ਜਾਂਦੀ ਭਾਸ਼ਾ ਵੀ ਹੁਣ ਪੰਜਾਬੀ ਅਖਵਾਉਣ ਲੱਗੀ ਸੀ। ਇਹ ਭਾਸ਼ਾ ਹੁਣ ਲਾਹੌਰ ਦੇ ਸੂਬੇ ਤੋਂ ਬਾਹਰ ਵੀ ਬੋਲੀ ਜਾਂਦੀ ਸੀ ਇਸ ਲਈ ਪੰਜਾਬ ਦੀਆਂ ਹੱਦਾਂ ਦੇ ਵੀ ਦੂਰ-ਦੂਰ ਤੱਕ ਫੈਲਣ ਦੀਆਂ ਸੰਭਾਵਨਾਵਾਂ ਬਣ ਗਈਆਂ।

17ਵੀਂ ਸਦੀ ਤੋਂ ਲੈ ਕੇ 19ਵੀ ਸਦੀ ਦੇ ਮੁੱਢਲੇ ਸਮੇਂ ਤੱਕ ਪੰਜਾਬੀ ਸਾਹਿਤ ਦੇ ਵਿਕਾਸ ਨੇ ਵੱਧ ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੇ ਸਾਂਝੇ ਰਿਸ਼ਤੇ ਬਾਰੇ ਚੇਤੰਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਜਨਮ-ਸਾਖੀਆਂ ਦੇ ਸੰਕਲਨ ਨਾਲ 17ਵੀਂ ਸਦੀ ਵਿਚ ਪੰਜਾਬੀ ਵਾਰਤਕ ਵੱਡੇ ਪੈਮਾਨੇ ’ਤੇ ਪ੍ਰਚਲਿਤ ਹੋ ਗਈ। ਦਮੋਦਰ ਨੇ ਬਿਰਤਾਂਤਕ ਕਵਿਤਾ ਦੇ ਜਿਸ ਰੂਪਾਕਾਰ ਨੂੰ ਲੋਕਾਂ ਵਿਚ ਹਰਮਨ ਪਿਆਰਾ ਬਣਾਇਆ ਸੀ ਉਸ ਵਿਚ 18ਵੀਂ ਸਦੀ ਦੇ ਅੰਤਲੇ ਦਹਾਕਿਆਂ ਅਤੇ 19ਵੀਂ ਸਦੀ ਦੇ ਸ਼ੁਰੂ ਦੇ ਦਹਾਕਿਆਂ ਵਿਚ ਪਿਆਰ ਦੇ ਕਿੱਸਿਆਂ ਵਿਚ ਬਹਾਦਰੀ ਦੀ ਥੀਮ ਵੀ ਸ਼ਾਮਲ ਹੋ ਗਈ ਸੀ। ਇਉਂ ਧਰਮ ਨਿਰਲੇਪ ਸਾਹਿਤ ਦੇ ਉਭਾਰ ਨੇ ਸਿਰਜਨਾਤਮਕ ਲੇਖਕਾਂ ਵਿਚ ਸਾਰੇ ਪੰਜਾਬੀਆਂ ਨੂੰ ਸੰਬੋਧਿਤ ਹੋ ਕੇ ਰਚਨਾ ਕਰਨ ਦੀ ਪ੍ਰਵਿਰਤੀ ਵਿਚ ਵਾਧਾ ਕਰ ਦਿੱਤਾ ਸੀ। ਇਹ ਲੇਖਕ ਭਾਵੇਂ ਕਿਸੇ ਵੀ ਜਾਤੀ ਜਾਂ ਧਰਮ ਨਾਲ ਸਬੰਧ ਰੱਖਦੇ ਸਨ। ਸਿਰਜਨਾਤਮਕ ਲੇਖਕਾਂ ਵੱਲੋਂ ਪੰਜਾਬੀ ਭਾਸ਼ਾ ਵਿਚ ਇਕ ਖ਼ਾਸ ਕਿਸਮ ਦੇ ਮਾਣ ਦਾ ਪ੍ਰਗਟਾਵਾ ਵੀ ਕੀਤਾ ਜਾਣ ਲੱਗਿਆ। ਇਸ ਮਾਣ ਦੀ ਭਾਵਨਾ ਸਮੁੱਚੇ ਖਿੱਤੇ ਨਾਲ ਸੰਬੰਧਿਤ ਹੁੰਦੀ ਹੋਈ ਮਗਰੋਂ ਜਾ ਕੇ ਪੰਜਾਬੀਅਤ ਦੀ ਪਛਾਣ ਨਾਲ ਵੀ ਜੁੜ ਗਈ। ਮਿਸਾਲ ਵਜੋਂ ਵਾਰਿਸ ਸ਼ਾਹ ਪੰਜਾਬ ਦੀ ਤੁਲਨਾ ਇਕ ਅਜਿਹੇ ਗਹਿਣੇ ਨਾਲ ਕਰਦਾ ਹੋ ਜੋ ਹਿੰਦ ਦੇ ਮੱਥੇ ਉੱਤੇ ਚਮਕ ਰਿਹਾ ਹੈ। ਅਹਿਮਦ ਯਾਰ ਤਾਂ ਪੰਜਾਬੀਅਤ ਅਤੇ ਪੰਜਾਬ ਉੱਤੇ ਸਿੱਧੇ ਤੌਰ ’ਤੇ ਮਾਣ ਦਾ ਪ੍ਰਗਟਵਾ ਕਰਦਾ ਹੈ।

ਵਿਕਾਸ ਦੀ ਇਸ ਪ੍ਰਕਿਰਿਆ ਨਾਲ ਨਿਰੋਲ ਭਾਸ਼ਾ ਅਤੇ ਸਾਹਿਤ ਹੀ ਨਹੀਂ ਸਗੋਂ ਸਮੇਂ ਦੀ ਰਾਜਨੀਤੀ ਵੀ ਸਬੰਧ ਰੱਖਦੀ ਸੀ। ਸਿੱਖ ਲਹਿਰ ਤਾਂ ਪੰਜਾਬ ਵਿਚ ਉੱਠੀਆਂ ਉਨ੍ਹਾਂ ਸਾਰੀਆਂ ਧਾਰਮਿਕ ਲਹਿਰਾਂ ਨਾਲੋਂ ਵਧੇਰੇ ਮਹੱਤਵਪੂਰਨ ਸਿੱਧ ਹੋਈ ਜਿਨ੍ਹਾਂ ਨੇ ਇਸ ਖਿੱਤੇ ਦੇ ਇਤਿਹਾਸ ਉੱਤੇ ਡੂੰਘਾ ਪ੍ਰਭਾਵ ਪਾਇਆ। ਗੁਰੂ ਗੋਬਿੰਦ ਸਿੰਘ ਜੀ ਦੇ ਅਨੁਯਾਈਆਂ ਨੇ ਮੁਗ਼ਲ ਰਾਜ ਦੇ ਸਮੁੱਚੇ ਇਲਾਕੇ ਉੱਤੇ ਹੀ ਨਹੀਂ ਸਗੋਂ ਇਸ ਨਾਲੋਂ ਵੀ ਵਧੇਰੇ ਇਲਾਕੇ ਉੱਤੇ ਆਪਣੀ ਹਕੂਮਤ ਸਥਾਪਤ ਕਰ ਲਈ। ਇਹ ਨਾ ਸਿਰਫ਼ ਦੇਸੀ ਹਕੂਮਤ ਸੀ ਸਗੋਂ ਇਹ ਤਾਂ ਉਨ੍ਹਾਂ ਸਾਧਾਰਨ ਲੋਕਾਂ ਦੀ ਹਕੂਮਤ ਸੀ ਜਿਨ੍ਹਾਂ ਉੱਤੇ ਮੁਗ਼ਲ ਹਾਕਮ ਸ਼੍ਰੇਣੀ ਦੇ ਲੋਕਾਂ ਨਾਲੋਂ ‘ਪੰਜਾਬੀ’ ਵਿਸ਼ੇਸ਼ਣ ਵਧੇਰੇ ਢੁੱਕਦਾ ਸੀ। ਇਹ ਗੱਲ ਬਹੁਤ ਸਾਰੇ ਗੈਰ-ਸਿੱਖ ਹਾਕਮਾਂ ਉੱਤੇ ਵੀ ਢੁੱਕਦੀ ਸੀ। ਆਪਣੇ ਰਾਜ ਦੇ ਮੁੱਢਲੇ ਸਮੇਂ ਵਿਚ ਹੀ ਉਨ੍ਹਾਂ ਨੇ ਸਾਰੇ ਪੰਜਾਬੀਆਂ ਨੂੰ ਸਰਪ੍ਰਸਤੀ ਦੇਕੇ ਪ੍ਰਸ਼ਾਸਨ ਵਿਚ ਹਿੱਸੇਦਾਰ ਬਣਾਇਆ। 19ਵੀਂ ਸਦੀ ਦੇ ਸ਼ੁਰੂ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਹਾਕਮ ਸ਼੍ਰੇਣੀ ਦੀ ਬਣਤਰ ਅਤੇ ਸਰਪ੍ਰਸਤੀ ਦੇ ਪੈਟਰਨ ਨੂੰ ਦੇਖਿਆਂ ਪਤਾ ਚਲਦਾ ਹੈ ਕਿ ਉਸ ਦੇ ਰਾਜ ਵਿਚ ਤਕਰੀਬਨ ਸਾਰੀਆਂ ਜਾਤਾਂ ਅਤੇ ਕੌਮਾਂ ਦੇ ਲੋਕ ਸ਼ਾਮਲ ਸਨ। ਇਸ ਨੇ ਰਾਜਨੀਤੀ ਨੂੰ ਖ਼ਾਸ ਹੱਦ ਤੱਕ ਧਰਮ ਨਿਰਪੇਖ ਬਣਾਉਣ ਦਾ ਉਪਰਾਲਾ ਕੀਤਾ। ਅਸਲ ਵਿਚ ਪੰਜਾਬੀ ਸਾਹਿਤ ਦਾ ਧਰਮ ਨਿਰਪੇਖਤਾ ਵੱਲ ਝੁਕਾਅ 18ਵੀਂ ਸਦੀ ਦੇ ਅੱਧ ਤੋਂ ਲੈਕੇ 19ਵੀਂ ਸਦੀ ਦੇ ਅੱਧ ਤੱਕ ਹੋਏ ਵਿਕਾਸ ਦਾ ਸਭਿਆਚਾਰਕ ਬਦਲ ਹੀ ਪ੍ਰਤੀਤ ਹੁੰਦਾ ਹੈ। ਇਨ੍ਹਾਂ ਦੋਹਾਂ ਤੱਤਾਂ ਨੇ ਮਿਲ ਕੇ ਇਲਾਕਾਈ ਪਛਾਣ ਨੂੰ ਮਜ਼ਬੂਤ ਕੀਤਾ। ਇਸੇ ਪਿਛੋਕੜ ਵਿਚ ਹੀ ਸ਼ਾਇਦ ਸ਼ਾਹ ਮੁਹੰਮਦ ਨੇ ਈਸਟ ਇੰਡੀਆ ਕੰਪਨੀ ਅਤੇ ਲਾਹੌਰ ਦੀ ਹਕੂਮਤ ਦਰਮਿਆਨ ਹੋਏ ਯੁੱਧ ਨੂੰ ਹਿੰਦ ਅਤੇ ਪੰਜਾਬ ਵਿਚਾਲੇ ਯੁੱਧ ਆਖਿਆ ਹੈ। ਪੰਜਾਬੀਅਤ ਦੀ ਪਛਾਣ ਨੇ ਸਭਿਆਚਾਰਕ ਵਖਰੇਵਿਆਂ ਨੂੰ ਆਪਣੇ ਅੰਦਰ ਸਮੋ ਲਿਆ ਸੀ। ਸ਼ਾਇਦ ਇਹੀ ਕਾਰਨ ਹੈ ਕਿ ਪੰਜਾਬ ਦੇ ਸੰਕਲਪ ਨੇ ਆਮ ਲੋਕਾਂ ਦੀ ਕਲਪਨਾ ਨੂੰ ਡੂੰਘੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ। ਇਹ ਗੱਲ ਤਾਂ ਸਪਸ਼ਟ ਹੈ ਕਿ ਅੰਗਰੇਜ਼ਾਂ ਦੇ ਰਾਜ ਦੌਰਾਨ ਪੰਜਾਬੀ ਪ੍ਰਭੂਸੱਤਾਧਾਰੀ ਲੋਕ ਨਹੀਂ ਸਨ ਪਰ ਨਵੇਂ ਪੰਜਾਬ ਨੇ ਬਹੁਤ ਸਾਰੇ ਹੋਰ ਪੰਜਾਬੀਆਂ ਨੂੰ ਇਕੱਠਿਆਂ ਕਰ ਦਿੱਤਾ ਸੀ। ਪੱਛਮ ਦੇ ਧਰਮ ਨਿਰਪੇਖ ਅਤੇ ਮਾਨਵਵਾਦੀ ਸਾਾਹਿਤ ਦੇ ਪ੍ਰਭਾਵ ਨੇ ਹੋਰਨਾਂ ਗੱਲਾਂ ਦੇ ਨਾਲ-ਨਾਲ ਪੰਜਾਬੀ ਸਾਹਿਤ ਨੂੰ ਪ੍ਰਫੁਲਿਤ ਕਰਨ ਵਿਚ ਵੀ ਸਹਾਇਤਾ ਕੀਤੀ। ਜਿਸ ਵਿਚ ਪੈਦਾ ਹੋ ਰਹੇ ਨਵੇਂ ਰੂਪਾਕਾਰ ਸਮਾਂ ਬੀਤਣ ਨਾਲ ਵਧੇਰੇ ਧਰਮ-ਨਿਰਪੇਖ ਹੋ ਰਹੇ ਸਨ ਅਤੇ ਜਿਨ੍ਹਾਂ ਦੀ ਸਿਰਜਣਾ ਵਿਚ ਸਮੂਹ ਧਰਮ-ਸੰਪਰਦਾਵਾਂ ਦੇ ਲੋਕ ਹਿੱਸਾ ਪਾ ਰਹੇ ਸਨ। ਪੰਜਾਬੀਅਤ ਦੀ ਪਛਾਣ ਅਤੇ ਪੰਜਾਬੀ ਚੇਤਨਾ ਮਹਿਫ਼ੂਜ਼ ਅਤੇ ਪ੍ਰਫੁਲਿਤ ਹੋਈ। 1940 ਦੇ ਦਹਾਕੇ ਵਿਚ ਵੀ ਇਕ ਮੁਸਲਮਾਨ ਸ਼ਾਇਰ ਪੰਜਾਬ ਅਤੇ ਇਸ ਦੀ ਭਾਸ਼ਾ ਵਿਚ ਆਪਣੇ ਮਾਣ ਦੇ ਸੋਹਲੇ ਗਾਉਂਦਾ ਨਜ਼ਰ ਆਉਂਦਾ ਹੈ। ਸਰ ਸਿਕੰਦਰ ਹਯਾਤ ਖਾਂ ਵਰਗਾ ਵਿਅਕਤੀ ਵਿਧਾਨ ਸਭਾ ਵਿਚ ਪੰਜਾਬੀ ਭਾਵਨਾਵਾਂ ਨੂੰ ਟੁੰਬਣ ਲਈ ਇਸ ਕਿਸਮ ਦੀ ਅਪੀਲ ਕਰ ਸਕਦਾ ਸੀ ਕਿ ਪੰਜਾਬ ਦਾ ਅਹਿੱਤ ਸੋਚਣ ਵਾਲੇ ਸਾਰੇ ਬਾਹਰਲੇ ਬੰਦੇ ਇਸ ਤੋਂ ਦੂਰ ਰਹਿਣ। ਸਮੁੱਚੇ ਦੇਸ਼ ਲਈ ਸਾਂਝੀ ਵਫ਼ਾਦਾਰੀ ਦੀ ਭਾਵਨਾ ਨੇ ਇਸ ਇਲਾਕਾਈ ਜਜ਼ਬੇ ਨੂੰ ਕਮਜ਼ੋਰ ਨਹੀਂ ਸੀ ਕੀਤਾ। ਅਸਲ ਵਿਚ ਦੋਵੇਂ ਵਫ਼ਾਦਾਰੀਆਂ ਪਰਸਪਰ ਵਿਰੋਧੀ ਦਿਖਾਈ ਨਹੀਂ ਦਿੰਦੀਆਂ ਸਨ।

ਇਹ ਬਸਤੀਵਾਦੀ ਹਕੂਮਤ ਦਾ ਪੂਰਾ ਸੱਚ ਨਹੀਂ ਸੀ। ਨਵੇਂ ਹਾਕਮਾਂ ਵੱਲੋਂ ਕੀਤੇ ਗਏ ਰਾਜਨੀਤਕ-ਪ੍ਰਸ਼ਾਸਨਿਕ ਪ੍ਰਬੰਧਾਂ ਅਤੇ ਉਨ੍ਹਾਂ ਦੀਆਂ ਨੀਤੀਆਂ ਤੇ ਉਪਰਾਲਿਆਂ ਰਾਹੀਂ ਕੀਤੀਆਂ ਗਈਆਂ ਆਰਥਿਕ ਤਬਦੀਲੀਆਂ ਨੇ ਇਕ ਨਵੀਂ ਮੱਧ ਸ਼੍ਰੇਣੀ ਨੂੰ ਜਨਮ ਦਿੱਤਾ ਜਿਹੜੀ ਇਸ ਖਿੱਤੇ ਦੇ ਇਤਿਹਾਸ ਵਿਚ ਹੁਣ ਤੱਕ ਸਭ ਤੋਂ ਅਮੀਰ, ਬਹੁਗਿਣਤੀ ਵਾਲੀ, ਅਸਰਦਾਰ ਅਤੇ ਆਪਣੇ ਹਿੱਤਾਂ ਦੀ ਰਾਖੀ ਲਈ ਵਧੇਰੇ ਚੇਤੰਨ ਸੀ। ਬਸਤੀਵਾਦੀ ਹਾਕਮ ਆਪਣੀ ਐਲਾਨੀਆ ਧਰਮ ਨਿਰਪੇਖਤਾ ਦੀ ਨੀਤੀ ਦੇ ਬਾਵਜੂਦ ਧਾਰਮਿਕ ਸੰਪਰਦਾਵਾਂ ਦੇ ਵਿਚਾਰ ਨਾਲ ਬੱਝੇ ਹੋਏ ਸਨ। ਇਉਂ ਉਹ ਆਪਣੇ ਮਾਤਹਿਤ ਲੋਕਾਂ ਨੂੰ ਵੀ ਧਾਰਮਿਕ ਸੰਪਰਦਾਇ ਦੇ ਮੈਂਬਰ ਆਗੂ ਵਜੋਂ ਸੋਚਣ ਲਈ ਪ੍ਰੇਰਦੇ ਸਨ। ਜੇ ਇਸਾਈ ਮਿਸ਼ਨਰੀ ਨਾ ਹੁੰਦੇ ਤਾਂ ਸ਼ਾਇਦ ਇਸ ਦੀ ਹਲਕੀ ਜਿਹੀ ਪ੍ਰਤੀਕਿਰਿਆ ਹੀ ਹੋਣੀ ਸੀ, ਪਰ ਮਿਸ਼ਨਰੀਆਂ ਦੀਆਂ ਸਾਰੀਆਂ ਗਤੀਵਿਧੀਆਂ ਤਾਂ ਧਰਮ ਪਰਿਵਰਤਨ ਦੀ ਯੋਜਨਾ ਨਾਲ ਜੁੜੀਆਂ ਸਨ ਅਤੇ ਇੱਥੋਂ ਦੀਆਂ ਪਰੰਪਰਾਵਾਂ ਉੱਤੇ ਸਿੱਧਾ ਹਮਲਾ ਸਨ। ਉਸ ਦਾ ਪ੍ਰਤੀਉੱਤਰ ਧਾਰਮਿਕ ਪੱਧਰ ’ਤੇ ਸਾਹਮਣੇ ਆਇਆ।

ਧਰਮ ਸੁਧਾਰ ਅਤੇ ਪੁਨਰ ਸੁਰਜੀਤੀ ਦੀਆਂ ਲਹਿਰਾਂ ਸਾਰੇ ਦੇਸ਼ ਵਿਚ ਉੱਠ ਖੜ੍ਹੀਆਂ ਹੋਈਆਂ ਜਿਨ੍ਹਾਂ ਦੀ ਅਗਵਾਈ ਨਵੀਂ ਮੱਧ ਸ਼੍ਰੇਣੀ ਦੇ ਹੱਥ ਵਿਚ ਸੀ। ਇਨ੍ਹਾਂ ਲਹਿਰਾਂ ਦਾ ਅਸਰ ਪੰਜਾਬ ਉੱਤੇ ਵੀ ਪਿਆ ਜਿਸ ਦੀਆਂ ਆਪਣੀਆਂ ਦੇਸੀ ਲਹਿਰਾਂ ਵੀ ਸਨ। ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ, ਸਾਰਿਆਂ ਨੇ ਹੀ ਆਪੋ-ਆਪਣੀਆਂ ਧਾਰਮਿਕ ਵਿਚਾਰਧਾਰਾਵਾਂ ਵਿਕਸਿਤ ਕੀਤੀਆਂ ਜਿਸ ਨੇ ਵੱਧ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ। ਭਾਸ਼ਾਵਾਂ ਅਤੇ ਲਿਪੀਆਂ ਦਾ ਮਸਲਾ ਵੀ ਉਠਾਇਆ ਗਿਆ ਜਿਸ ਦੇ ਆਲੇ-ਦੁਆਲੇ ਤਿੱਖੇ ਮਤਭੇਦ ਸਨ। ਪੰਜਾਬੀ ਭਾਸ਼ਾ, ਜਿਸ ਨੇ ਘੱਟੋ-ਘੱਟ ਕੁਝ ਸਦੀਆਂ ਤੱਕ ਲੋਕਾਂ ਨੂੰ ਸਰਬ-ਸਾਂਝ ਵਿਚ ਬੰਨ੍ਹਿਆ ਸੀ, ਨੂੰ ਫ਼ਾਰਸੀ ਲਿਪੀ ਵਿਚ ਉਰਦੂ ਭਾਸ਼ਾ ਦੇ ਸਮਰਥਕਾਂ ਅਤੇ ਦੇਵਨਾਗਰੀ ਲਿਪੀ ਵਿਚ ਹਿੰਦੀ ਭਾਸ਼ਾ ਦੇ ਸਮਰਥਕਾਂ ਨੇ ਦੂਜੇ ਦਰਜੇ ’ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਜਿਹੜੇ ਪੰਜਾਬੀ ਦੀ ਹਮਾਇਤ ਕਰਦੇ ਸਨ, ਉਹ ਇਸ ਨਾਲ ਗੁਰਮੁਖੀ ਲਿਪੀ ਨੂੰ ਜੋੜਨ ਲੱਗ ਪਏ ਤੇ ਉਹ ਵੀ ਸਾਰੇ ਧਾਰਮਿਕ ਅਤੇ ਧਰਮ ਨਿਰਪੇਖ ਮਨੋਰਥਾਂ ਲਈ। ਇਸ ਤੋਂ ਇਲਾਵਾ ਫ਼ਿਰਕਿਆਂ ਅਤੇ ਉਨ੍ਹਾਂ ਨਾਲ ਜੁੜੇ ਸੱਭਿਆਚਾਰਕ ਹਿੱਤਾਂ ਬਾਰੇ ਸਾਹਮਣੇ ਆਇਆ ਨਵਾਂ-ਨਵਾਂ ਤਿੱਖਾ ਪ੍ਰਗਟਾਵਾ, ਹੌਲੀ-ਹੌਲੀ ਰਾਜਨੀਤਕ ਪ੍ਰਗਟਾਵੇ ਦੀ ਬੁਨਿਆਦ ਬਣ ਗਿਆ। ਆਪੋ-ਆਪਣੇ ਫ਼ਿਰਕੇ ਦੇ ਹਿੱਤਾਂ ਦੀ ਵਧੇਰੇ ਚਿੰਤਾ ਕਰਨ ਦੀ ਪ੍ਰਵਿਰਤੀ ਨੇ ਸਾਂਝੀ ਪੰਜਾਬੀ ਪਛਾਣ ਨੂੰ ਕਮਜ਼ੋਰ ਕਰ ਦਿੱਤਾ।

ਜਦੋਂ ਦੇਸ਼ ਦੀ ਵੰਡ ਪ੍ਰਤੱਖ ਤੌਰ ’ਤੇ ਕੇਵਲ ਇਕ ਧਾਰਮਿਕ ਫ਼ਿਰਕੇ ਦੇ ਹਿੱਤਾਂ ਨੂੰ ਹੀ ਮੁੱਖ ਰੱਖ ਕੇ ਕੀਤੀ ਜਾਣ ਲੱਗੀ ਤਾਂ ਦੂਸਰੇ ਧਾਰਮਿਕ ਫ਼ਿਰਕਿਆਂ ਨੇ ਵੀ ਸੂਬੇ ਨੂੰ ਵੰਡਣ ਦੇ ਇਸ ਸੁਝਾਅ ਨੂੰ ਪ੍ਰਵਾਨ ਕਰਨ ਵਿਚ ਅੱਧੀ ਤੋਂ ਵੱਧ ਤਤਪਰਤਾ ਦਿਖਾਈ ਅਤੇ ਇਹੀ ਸਿਧਾਂਤ ਬੰਗਾਲ ਉੱਤੇ ਵੀ ਲਾਗੂ ਕੀਤਾ ਗਿਆ। ਭਾਸ਼ਾ ਦੇ ਆਧਾਰ ਉੱਤੇ ਫਿਰ ਪੰਜਾਬ ਰਾਜ ਦਾ 1956 ਵਿਚ ਪੁਨਰਗਠਨ ਕੀਤਾ ਗਿਆ ਅਤੇ ਮੌਜੂਦਾ ਪੰਜਾਬ 1966 ਵਿਚ ਕਾਇਮ ਕੀਤਾ ਗਿਆ। ਹਜ਼ਾਰਾਂ ਲੋਕ, ਜਿਨ੍ਹਾਂ ਦੀ ਮਾਤ ਭਾਸ਼ਾ ਪੰਜਾਬੀ ਹੈ, ਹਾਲੀ ਵੀ ਪੰਜਾਬ ਤੋਂ ਬਾਹਰ ਹਨ। ਪੰਜਾਬ ਵਿਚ ਰਹਿਣ ਵਾਲੇ ਕੁਝ ਪੰਜਾਬੀ ਵੀ, ਜੋ ਵੱਧ ਨਹੀਂ ਤਾਂ ਇੰਨੀ ਹੀ ਗਿਣਤੀ ਵਿਚ ਆਪਣੀ ਭਾਸ਼ਾ ਨੂੰ ਮੰਨਣ ਤੋਂ ਇਨਕਾਰੀ ਹਨ। ਇਉਂ ਇਲਾਕੇ ਦੇ ਘਟਣ ਨਾਲ ਵੀ ਸਮਾਜਿਕ ਸੱਭਿਆਚਾਰਕ ਇਕਸੁਰਤਾ ਸਥਾਪਤ ਨਹੀਂ ਹੋ ਸਕੀ। ਮੌਜੂਦਾ ਪੰਜਾਬ ਅਜਿਹੀ ਰਾਜਨੀਤਕ ਪ੍ਰਸ਼ਾਸਨਿਕ ਇਕਾਈ ਨਜ਼ਰ ਆਉਂਦਾ ਹੈ ਜੋ ਅੰਦਰੋਂ ਵੰਡਿਆ ਹੋਇਆ ਹੈ।

* * *

ਪੰਜਾਬ ਦੇ ਇਤਿਹਾਸ ਅਤੇ ਇਸ ਦੀ ਇਤਿਹਾਸਕਾਰੀ ਨਾਲ ਸਬੰਧਤ ਇਕ ਪੱਖ ਹੋਰ ਵੀ ਹੈ ਜਿਹੜਾ ਖ਼ਾਸ ਤੌਰ ’ਤੇ ਇਸ ਇਲਾਕੇ ਦੀ ਵਿਸ਼ੇਸ਼ਤਾ ਹੈ। ਅਸੀਂ ਪਹਿਲੋਂ ਹੀ ਇਸ ਦੇ ਇਤਿਹਾਸ ਵਿਚ ਸਿੱਖ ਲਹਿਰ ਦੀ ਭੂਮਿਕਾ ਦੇ ਮਹੱਤਵ ਦਾ ਜ਼ਿਕਰ ਕਰ ਚੁੱਕੇ ਹਾਂ। ਇਹੀ ਕਾਰਨ ਹੈ ਕਿ ਪੰਜਾਬ ਦੀ ਇਤਿਹਾਸਕਾਰੀ ਦੇ ਖੇਤਰ ਦਾ ਮੁੱਢ ਬੱਝਣ ਵੇਲੇ ਸਿੱਖਾਂ ਬਾਰੇ ਇਤਿਹਾਸਕ ਲਿਖਤਾਂ ਦਾ ਵਿਕਾਸ ਹੋ ਚੁੱਕਿਆ ਸੀ। ਈਸਟ ਇੰਡੀਆ ਕੰਪਨੀ ਦੇ ਰਾਜਨੀਤਕ ਹਿੱਤਾਂ ਨੇ ਇਸ ਦੇ ਪ੍ਰਸ਼ਾਸਕਾਂ ਅਤੇ ਨੀਤੀਵਾਨਾਂ ਨੂੰ ਸਿੱਖਾਂ ਵੱਲ ਧਿਆਨ ਆਕਰਸ਼ਿਤ ਕਰਨ ਦੀ ਪ੍ਰੇਰਣਾ ਜਗਾ ਦਿੱਤੀ ਸੀ ਜਿਹੜੇ 19ਵੀਂ ਸਦੀ ਦੇ ਅਖੀਰ ਵਿਚ ਇਕ ਰਾਜਨੀਤਕ ਸ਼ਕਤੀ ਵਜੋਂ ਉਭਰੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਉਭਾਰ ਅਤੇ ਈਸਟ ਇੰਡੀਆ ਕੰਪਨੀ ਨਾਲ ਕੀਤੇ ਗਏ ਉਸ ਦੇ ਸਮਝੌਤਿਆਂ ਨੇ ਸਾਰੇ ਸਿੱਖਾਂ ਨੂੰ ਅੰਗਰੇਜ਼ਾਂ ਦੀਆਂ ਨਜ਼ਰਾਂ ਵਿਚ ਵਧੇਰੇ ਮਹੱਤਵਪੂਰਨ ਬਣਾ ਦਿੱਤਾ ਸੀ। ਇਨ੍ਹਾਂ ਸਥਿਤੀਆਂ ਵਿਚ ਸਿੱਖਾਂ ਬਾਰੇ ਵੱਡੀ ਗਿਣਤੀ ਵਿਚ ਇਤਿਹਾਸਕ ਲਿਖਤਾਂ ਸਾਹਮਣੇ ਆਈਆਂ ਜਿਸ ਦਾ ਸਿਖਰ 1949 ਵਿਚ ਲਿਖੀ ਗਈ ਜੇ.ਡੀ. ਕਨਿੰਘਮ ਦੀ ਰਚਨਾ ‘ਹਿਸਟਰੀ ਆਫ ਦਿ ਸਿਖਸ’ ਸੀ। ਇਹ ਉਹ ਵਰ੍ਹਾ ਸੀ ਜਦੋਂ ਲਾਹੌਰ ਦੇ ਰਾਜ ਨੂੰ ਬਰਤਾਨਵੀ ਸਾਮਰਾਜ ਵਿਚ ਮਿਲਾ ਦਿੱਤਾ ਗਿਆ। ਪੰਜਾਬ ਉਪਰ ਕਬਜ਼ੇ ਤੋਂ ਬਾਅਦ ਅੰਗਰੇਜ਼ ਸਿੱਖਾਂ ਦੇ ਅਤੀਤ ਬਾਰੇ ਬਹੁਤੀ ਗੰਭੀਰ ਦਿਲਚਸਪੀ ਨਹੀਂ ਰੱਖਦੇ ਸਨ। ਉਹ ਤਾਂ ਪੰਜਾਬ ਦੇ ਅਤੀਤ ਪ੍ਰਤੀ ਵੀ ਬਹੁਤੀ ਦਿਲਚਸਪੀ ਨਹੀਂ ਰੱਖਦੇ ਸਨ।

ਭਾਰਤੀ ਇਤਿਹਾਸਕਾਰਾਂ ਨੇ ਸਿੱਖਾਂ ਬਾਰੇ ਇਤਿਹਾਸ ਲੇਖਣ ਦੀ ਪਰੰਪਰਾ ਨੂੰ ਪ੍ਰਪੱਕ ਕੀਤਾ। ਇਸ ਸਬੰਧ ਵਿਚ ਇਕ ਦਿਲਚਸਪ ਤੱਥ ਇਹ ਹੈ ਕਿ ਇਸ ਵਿਸ਼ੇ ਨਾਲ ਸਬੰਧ ਰੱਖਣ ਵਾਲੀਆਂ ਮੁੱਢਲੀਆਂ ਪ੍ਰਕਾਸ਼ਨਾਵਾਂ ਵਿਚੋਂ ਦੋ ਲਿਖਤਾਂ ਗ਼ੈਰ ਸਿੱਖ ਪੰਜਾਬੀਆਂ ਦੇ ਡਾਕਟਰੇਟ ਪੱਧਰ ਦੇ ਖੋਜ-ਪ੍ਰਬੰਧਾਂ ਉਪਰ ਆਧਾਰਿਤ ਸਨ। ਇਹ ਸਨ ਜੀ.ਸੀ. ਨਾਰੰਗ ਦੀ ਪੁਸਤਕ ‘ਟਰਾਂਸਫਰਮੇਸ਼ਨ ਆਫ ਸਿੱਖਿਜ਼ਮ’ ਅਤੇ ਜੀ.ਐਲ. ਚੋਪੜਾ ਦੀ ਪੁਸਤਕ ‘ਪੰਜਾਬ ਐਜ਼ ਏ ਸੌਵਰੇਨ ਸਟੇਟ’। ਗ਼ੈਰ-ਪੰਜਾਬੀ ‘ਰਾਸ਼ਟਰਵਾਦੀ’ ਇਤਿਹਸਾਕਾਰਾਂ ਨੇ ਵੀ ਸਿੱਖਾਂ ਬਾਰੇ ਲਿਖਿਆ, ਜਿਵੇਂ ਇੰਦੂ ਭੂਸ਼ਨ ਬੈਨਰਜੀ ਨੇ ਆਪਣੀ ਪੁਸਤਕ ‘ਐਵੋਲੂਸ਼ਨ ਆਫ ਦਿ ਖਾਲਸਾ’ ਵਿਚ ਅਤੇ ਐਨ.ਕੇ. ਸਿਨਹਾ ਨੇ ਆਪਣੀਆਂ ਪੁਸਤਕਾਂ ‘ਰਾਈਜ਼ ਆਫ ਦਿ ਸਿੱਖ ਪਾਵਰ’ ਅਤੇ ‘ਰਣਜੀਤ ਸਿੰਘ’ ਵਿਚ ਕੀਤਾ। ਇਸ ਤੋਂ ਇਲਾਵਾ ਸਿੰਘ ਸਭਾ ਲਹਿਰ ਬਰਤਾਨਵੀ ਰਾਜ ਸਮੇਂ ਉਭਰਨ ਵਾਲੀ ਧਾਰਮਿਕ ਜਾਗ੍ਰਿਤੀ ਦੀ ਲਹਿਰ ਸੀ ਅਤੇ ਸਿੱਖ ਇਤਿਹਾਸ ਵਿਚ ਇਸ ਲਹਿਰ ਦੀ ਦਿਲਚਸਪੀ ਤਾਂ ਇਸ ਦਾ ਜ਼ਰੂਰੀ ਅੰਗ ਸੀ। ਇਸ ਦਾ ਚਿਰ ਸਥਾਈ ਪ੍ਰਭਾਵ ਡਾ. ਗੰਡਾ ਸਿੰਘ ਅਤੇ ਪ੍ਰੋ. ਹਰਬੰਸ ਸਿੰਘ ਦੀ ਸਿੱਖ ਇਤਿਹਾਸ ਨਾਲ ਜੀਵਨ ਭਰ ਦੀ ਪ੍ਰਤੀਬੱਧਤਾ ਵਿਚ ਦੇਖਿਆ ਜਾ ਸਕਦਾ ਹੈ। ਇਉਂ ਪੰਜਾਬ ਅਤੇ ਦੇਸ਼ ਦੇ ਇਤਿਹਾਸ ਵਿਚ ਸਿੱਖਾਂ ਦੀ ਅਹਿਮੀਅਤ ਨੇ ਸਿੱਖ ਅਤੇ ਗ਼ੈਰ-ਸਿੱਖ, ਦੋਹਾਂ ਤਰ੍ਹਾਂ ਦੇ ਇਤਿਹਾਸਕਾਰਾਂ ਦਾ ਧਿਆਨ ਆਕਰਸ਼ਿਤ ਕੀਤਾ। ਸਿੱਖ ਇਤਿਹਾਸ ਅਕਾਦਮਿਕ ਖੋਜ ਦਾ ਵਿਸ਼ਾ ਬਣ ਗਿਆ ਜਿਸ ਦਾ ਸਬੂਤ ਮਿਸਾਲ ਦੇ ਤੌਰ ’ਤੇ ਹਰੀ ਰਾਮ ਗੁਪਤਾ ਦੇ ਵੱਡ ਅਕਾਰੀ ਖੋਜ ਕਾਰਜ ਤੋਂ ਵੀ ਮਿਲ ਸਕਦਾ ਹੈ। ਭਾਵੇਂ ਉਹ ‘ਸਿੱਖ’ ਇਤਿਹਾਸਕਾਰ ਨਹੀਂ ਹੈ। ਇਸ ਤੋਂ ਇਕ ਗੱਲ ਤਾਂ ਸਿੱਧ ਹੁੰਦੀ ਹੀ ਹੈ ਕਿ ਸਿੱਖਾਂ ਬਾਰੇ ਇਤਿਹਾਸ ਲੇਖਣ ਦੀ ਪਰੰਪਰਾ ਪੰਜਾਬ ਬਾਰੇ ਇਤਿਹਾਸ ਲੇਖਣ ਨਾਲੋਂ ਲੰਮੀ ਵੀ ਹੈ ਅਤੇ ਤਕੜੀ ਵੀ।

ਨਤੀਜੇ ਵਜੋਂ ਕਈ ਲੋਕ ਸਿੱਖ ਇਤਿਹਾਸ ਨੂੰ ਪੰਜਾਬ ਦੇ ਇਤਿਹਾਸ ਨਾਲ ਇਕਮਿਕ ਕਰਦੇ ਦੇਖਦੇ ਹਨ ਅਤੇ ਅਜਿਹਾ ਕੇਵਲ ਸਿੱਖ ਪਰੰਪਰਾ ਵਿਚ ਸ਼ਰਧਾ ਰੱਖਣ ਵਾਲੇ ਹੀ ਨਹੀਂ ਸਗੋਂ ਹੋਰ ਲੋਕ ਵੀ ਕਰਦੇ ਹਨ। ਫਿਰ ਵੀ ਕਿਸੇ ਇਕ ਅੰਗ ਦੇ ਇਤਿਹਾਸ ਨੂੰ ਸਮੁੱਚੇ ਖਿੱਤੇ ਦੇ ਇਤਿਹਾਸ ਨਾਲ ਰਲਗੱਡ ਨਹੀਂ ਕੀਤਾ ਜਾ ਸਕਦਾ। ਇਲਾਕਾਈ ਇਤਿਹਾਸਕਾਰ ਦੇ ਸਾਹਮਣੇ ਸਮੱਸਿਆ ਇਹ ਹੈ ਕਿ ਉਹ ਸਿੱਖ ਇਤਿਹਾਸ ਨੂੰ ਪੰਜਾਬ ਦੇ ਇਤਿਹਾਸ ਨਾਲ ਅਜਿਹੇ ਕਿਹੜੇ ਢੰਗ ਨਾਲ ਸੁਮੇਲ ਕੇ ਪੇਸ਼ ਕਰੇ ਕਿ ਦੋਹਾਂ ਵਿਚੋਂ ਕਿਸੇ ਵੀ ਮਹੱਤਵ ਨਾਲ ਬੇਇਨਸਾਫ਼ੀ ਨਾ ਹੋਵੇ।

ਮੋੜਵੀਂ ਝਾਤ ਪਾਉਂਦਿਆਂ ਅਸੀਂ ਆਖ ਸਕਦੇ ਹਾਂ ਕਿ ਪੰਜਾਬ ਦਾ ਵਿਸ਼ੇਸ਼ਣ ਸ਼ੁਰੂ-ਸ਼ੁਰੂ ਵਿਚ ਇਕ ਅਜਿਹੀ ਰਾਜਨੀਤਕ ਪ੍ਰਸ਼ਾਸਨਿਕ ਇਕਾਈ ਲਈ ਵਰਤਿਆ ਜਾਂਦਾ ਸੀ ਜਿਸ ਦੇ ਕੁਝ ਵਿਸ਼ੇਸ਼ ਭੂਗੋਲਿਕ ਲੱਛਣ ਤਾਂ ਸਨ ਪਰ ਸਮੁੱਚੇ ਤੌਰ ’ਤੇ ਉਹ ਭੂਗੋਲਿਕ ਖਿੱਤਾ ਨਹੀਂ ਸੀ। ਇਹ ਪਛਾਣ ਇਸ ਨੂੰ ਉਦੋਂ ਪ੍ਰਾਪਤ ਹੋਈ ਜਦੋਂ ਕੁਝ ਮਹੱਤਵਪੂਰਨ ਸਮਾਜਿਕ-ਸੱਭਿਆਚਾਰਕ ਗਤੀਵਿਧੀਆਂ ਹੋ ਰਹੀਆਂ ਸਨ। ਆਮ ਲੋਕਾਂ ਵੱਲੋਂ ਬੋਲੀ ਜਾਣ ਵਾਲੀ ਭਾਸ਼ਾ ਨੇ ਇਨ੍ਹਾਂ ਗਤੀਵਿਧੀਆਂ ਵਿਚ ਅਹਿਮ ਭੂਮਿਕਾ ਨਿਭਾਈ, ਖ਼ਾਸ ਤੌਰ ’ਤੇ ਉਸ ਮਗਰੋਂ ਜਦੋਂ ਇਹ ਭਾਸ਼ਾ ਸਾਹਿਤਕ ਭਾਸ਼ਾ ਬਣਨੀ ਸ਼ੁਰੂ ਹੋਈ। ਇਸ ਇਲਾਕੇ ਨੂੰ ਮਿਲੀ ਪਛਾਣ ਨੇ ਇੱਥੋਂ ਦੀ ਭਾਸ਼ਾ ਅਤੇ ਇੱਥੋਂ ਦੇ ਲੋਕਾਂ ਨੂੰ ਵੀ ਪਛਾਣ ਦੇ ਦਿੱਤੀ। ਭਾਸ਼ਾ ਦੀਆਂ ਫੈਲੀਆਂ ਹੋਈਆਂ ਸਰਹੱਦਾਂ ਨੇ ‘ਪੰਜਾਬੀ’ ਖਿੱਤੇ ਦੇ ਫੈਲਾਉ ਦੀ ਸੰਭਾਵਨਾ ਵੀ ਪੈਦਾ ਕਰ ਦਿੱਤੀ। ਆਮ ਲੋਕਾਂ ਦੇ ਹੱਥ ਹਕੂਮਤ ਆ ਜਾਣ ਨਾਲ ਅਤੇ ਉਸ ਹਕੂਮਤ ਦੇ ਰਾਜਨੀਤਕ ਸੁਭਾਅ ਨੇ ‘ਪੰਜਾਬੀ’ ਖਿੱਤੇ ਦੇ ਫੈਲਾਉ ਦੀ ਸਥਿਤੀ ਨੂੰ ਇਕ ਨਵਾਂ ਪਾਸਾਰ ਪ੍ਰਦਾਨ ਕੀਤਾ। ਇਨ੍ਹਾਂ ਸਮੁੱਚੀਆਂ ਗਤੀਵਿਧੀਆਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੀ ਇਲਾਕਾਈ ਪਛਾਣ ਬਾਰੇ ਸੁਚੇਤ ਕਰ ਦਿੱਤਾ ਸੀ। ਬਰਤਾਨਵੀ ਪੰਜਾਬ ਦੇ ਹੋਂਦ ਵਿਚ ਆਉਣ ਨਾਲ ਇਸ ਦੀ ਪ੍ਰੀਭਾਸ਼ਾ ਅਤੇ ਇਸ ਦੇ ਖੇਤਰ ਦਾ ਹੋਰ ਵਿਸਥਾਰ ਹੋਇਆ। ਪੰਜਾਬ ਹੁਣ ਕਿਸੇ ਹੱਦ ਤੱਕ ਇਕ ਭੂਗੋਲਿਕ ਖਿੱਤੇ ਦਾ ਸਮਾਨਅਰਥਕ ਬਣ ਗਿਆ ਜਿਸ ਵਿਚਲਾ ਇਲਾਕਾ ਹਿਮਾਲਿਆ ਅਤੇ ਥਾਰ ਮਾਰੂਥਲ ਅਤੇ ਸਿੰਧ ਤੇ ਜਮਨਾ ਵਿਚਕਾਰ ਪੈਂਦਾ ਸੀ। ਸਮਾਜਿਕ ਸਭਿਆਚਾਰਕ ਤੌਰ ’ਤੇ ਇਹ ਇਕਸਾਰਤਾ ਵਾਲਾ ਖਿੱਤਾ ਨਹੀਂ ਸੀ। ਪੰਜਾਬ ਦੀ ਬਹੁਗਿਣਤੀ ਵਸੋਂ ਇਕ ਸਾਂਝੀ ਪਛਾਣ ਨੂੰ ਪ੍ਰਵਾਨ ਕਰਦੀ ਸੀ। ਪੰਜਾਬ ਇਕ ਅਜਿਹਾ ਸੰਕਲਪ ਬਣ ਗਿਆ ਸੀ ਜੋ ਇਤਿਹਾਸਕਾਰਾਂ ਦੀ ਇਸ ਖਿੱਤੇ ਦੇ ਪ੍ਰਾਚੀਨਤਮ ਕਾਲ ਦਾ ਇਤਿਹਾਸ ਲਿਖਣ ਵਿਚ ਵੀ ਮਦਦ ਕਰਦਾ ਸੀ।

ਪੰਜਾਬ ਜਿਹੜਾ ਇਕ ਸੁਨਿਸ਼ਚਿਤ ਭੂਗੋਲਿਕ ਖਿੱਤੇ ਨਾਲ ਸਮਾਨਤਾ ਰੱਖਦਾ ਸੀ, ਹੁਣ ਪੰਜਾਬ ਤੇ ਹਰਿਆਣਾ, ਕੇਂਦਰ ਪ੍ਰਸ਼ਾਸਿਤ ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਦੇ ਹਿੱਸਿਆਂ ਅਤੇ ਪਾਕਿਸਤਾਨੀ ਪੰਜਾਬ ਵਿਚ ਵੰਡਿਆ ਗਿਆ ਹੈ। ਇਸੇ ਕਾਰਨ ਇਸ ਨੂੰ ਅਧਿਐਨ ਦੀ ਇਕ ਇਕਾਈ ਵਜੋਂ, ਖ਼ਾਸ ਤੌਰ ’ਤੇ ਸਮਕਾਲੀ ਇਤਿਹਾਸ ਦੇ ਪ੍ਰਸੰਗ ਵਿਚ ਰੱਖ ਕੇ ਵਾਚਣ ਦੀ ਪ੍ਰਮਾਣਿਕਤਾ ਅਤੇ ਉਪਯੋਗਤਾ ਬਾਰੇ ਸ਼ੰਕੇ ਪੈਦਾ ਹੋਣੇ ਸੁਭਾਵਕ ਹੀ ਹਨ। ਫਿਰ ਵੀ ਇਤਿਹਾਸਕਾਰ ਲਈ ਕੋਈ ਖਿੱਤਾ ਅਪਰਿਵਰਤਨਸ਼ੀਲ ਤੇ ਸਮਰੂਪ ਹਕੀਕਤ ਨਹੀਂ ਹੁੰਦਾ। ਇਹ ਤਾਂ ਇਕ ਘੜਿਆ ਹੋਇਆ ਸੰਕਲਪ ਹੁੰਦਾ ਹੈ ਜੋ ਵਿਹਾਰਕ ਜੀਵਨ ਦੀਆਂ ਹਕੀਕਤਾਂ ਦਾ ਸ਼ੀਸ਼ਾ ਨਹੀਂ ਹੁੰਦਾ, ਭਾਵੇਂ ਇਹ ਉਨ੍ਹਾਂ ਹਕੀਕਤਾਂ ਨਾਲੋਂ ਵਿਛੁੰਨਿਆ ਹੋਇਆ ਵੀ ਨਹੀਂ ਹੁੰਦਾ। ਇਸੇ ਲਈ ‘ਪੰਜਾਬ’ ਇਲਾਕਾਈ ਇਤਿਹਾਸ ਦੇ ਅਧਿਐਨ ਲਈ ਲਾਹੇਵੰਦਾ ਸੰਕਲਪ ਬਣ ਸਕਦਾ ਹੈ, ਖ਼ਾਸ ਤੌਰ ’ਤੇ ਜੇ ਅਸੀਂ ਇਸ ਦੀਆਂ ਰਾਜਨੀਤਕ ਤੇ ਸਮਾਜਿਕ ਸਭਿਆਚਾਰਕ ਗਤੀਵਿਧੀਆਂ ਦਾ ਵਡੇਰੇ ਭੂਗੋਲਿਕ ਦ੍ਰਿਸ਼ ਵਿਚ ਰੱਖ ਕੇ ਅਧਿਐਨ ਕਰਨਾ ਚਾਹੁੰਦੇ ਹਾਂ ਅਤੇ ਇਸ ਦੇ ਉਪ-ਖਿੱਤਿਆਂ ਅਤੇ ਇਸ ਦੀ ਆਲੇ-ਦੁਆਲੇ ਦੇ ਸੰਸਾਰ ਨਾਲ ਅੰਤਰ-ਕਿਰਿਆ ਵੱਲ ਵੀ ਉਤਨਾ ਹੀ ਧਿਆਨ ਦੇਣਾ ਚਾਹੀਦਾ ਹੈ।

(ਡਾਇਰੈਕਟਰ, ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼, ਸ਼ਿਮਲਾ)

ਬੁੱਧ ਪ੍ਰਕਾਸ਼ ਦੀ ਪੁਸਤਕ ਪੋਰਸ

ਇਤਿਹਾਸਕਾਰ ਬੁੱਧ ਪ੍ਰਕਾਸ਼ ਅਨੁਸਾਰ ਪੰਜਾਬ

ਬੁੱਧ ਪ੍ਰਕਾਸ਼ ਨੇ ਆਪਣੀ ਪੁਸਤਕ ‘ਪੁਲੀਟੀਕਲ ਐਂਡ ਸੋਸ਼ਲ ਮੂਵਮੈਂਟਸ ਇਨ ੲੇਂਸ਼ੀਐਂਟ ਪੰਜਾਬ’ ਵਿਚ ਸਮਾਜਿਕ, ਸਭਿਆਚਾਰਕ ਵਿਕਾਸ ਦੀਆਂ ਗਤੀਵਿਧੀਆਂ ਦੇ ਮਹੱਤਵ ਨੂੰ ਪਛਾਣਨ ਉੱਤੇ ਜ਼ੋਰ ਦਿੱਤਾ ਹੈ। ਉਸ ਨੇ ਸ਼ੁਰੂ ਵਿਚ ਹੀ ਸਪਸ਼ਟ ਕਰ ਦਿੱਤਾ ਕਿ ਉਸ ਦਾ ਪੰਜਾਬ ਨਾ ਤਾਂ ਸਮਕਾਲੀ ਪੰਜਾਬ ਹੈ ਅਤੇ ਨਾ ਹੀ ਬਰਤਾਨਵੀ ਰਾਜ ਵਾਲਾ ਪੰਜਾਬ। ਉਹ ਕਹਿੰਦਾ ਹੈ ਕਿ ਉਸ ਦੇ ਅਧਿਐਨ ਵਾਲੇ ਪੰਜਾਬ ਵਿਚ ਅਫ਼ਗਾਨਿਸਤਾਨ ਅਤੇ ਸਿੰਧ ਦੇ ਕੁਝ ਹਿੱਸੇ ਵੀ ਸ਼ਾਮਿਲ ਸਨ। ਇਸ ਤਰ੍ਹਾਂ ਉਸ ਦੀ ਮੂਲ ਕਸਵੱਟੀ ਨਾ ਤਾਂ ਭੂਗੋਲਿਕ ਹੈ ਅਤੇ ਨਾ ਰਾਜਨੀਤਕ ਸਗੋਂ ਸਮਾਜਿਕ-ਸਭਿਆਚਾਰਕ ਹੈ।

ਸੋਲ੍ਹਵੀਂ ਸਦੀ ਦੇ ਅਖੀਰ ਤੱਕ ਇਹ ਸ਼ਬਦ (ਪੰਜਾਬ) ਜ਼ਰੂਰ ਪ੍ਰਚੱਲਤ ਹੋ ਗਿਆ ਸੀ। ਮਿਸਾਲ ਵਜੋਂ ‘ਅਕਬਰਨਾਮਾ’ ਵਿਚ ਪੰਜਾਬ ਬਾਰੇ ਕਈ ਹਵਾਲੇ ਮਿਲਦੇ ਹਨ। ਇਹ ਇਸ ਕਰਕੇ ਸੀ ਕਿ ਅਕਬਰ ਨੇ ਲਾਹੌਰ ਦੇ ਸੂਬੇ ਨੂੰ ਪੁਨਰ-ਸੰਗਠਿਤ ਕਰ ਦਿੱਤਾ ਸੀ ਅਤੇ ਸਤਲੁਜ ਅਤੇ ਸਿੰਧ ਵਿਚਕਾਰਲੇ ਪੰਜ ਦੋਆਬਾਂ ਦੇ ਨਾਂ ਵੀ ਧਰ ਦਿੱਤੇ ਸਨ। ਉਸ ਦੀ ਸਲਤਨਤ ਵਿਚ ਇਹ ਇਕੱਲਾ ਸੂਬਾ ਸੀ ਜਿਸ ਵਿਚ ਪੰਜ ਦੋਆਬ ਸਨ। ਇਹ ਗੱਲ ਇਸ ਦੇ ਨਾਲ ਲੱਗਦੇ ਸੂਬੇ ਮੁਲਤਾਨ ਉੱਤੇ ਵੀ ਲਾਗੂ ਨਹੀਂ ਹੁੰਦੀ ਸੀ। ਪੰਜ-ਦੋਆਬ ਸ਼ਬਦ ਵਿਚੋਂ ‘ਦਾਲ’ ਅਤੇ ‘ਵਾਉ’ (ਦੋ) ਨੂੰ ਹਟਾਉਣ ਨਾਲ ਇਸ ਸੂਬੇ ਦਾ ਨਾਂ ਪੰਜਆਬ ਰੱਖਿਆ ਜਾ ਸਕਦਾ ਸੀ। ਜੇ ਅਸੀਂ ਅੱਖਰੀ ਅਰਥਾਂ ਵਿਚ ਇਸ ਨੂੰ ‘ਪੰਜ ਦਰਿਆਵਾਂ ਦੀ ਧਰਤੀ’ ਮੰਨ ਲਈਏ, ਜਿਵੇਂ ਕਿ ਬਹੁਤ ਸਾਰੇ ਲੇਖਕਾਂ ਨੇ ਕੀਤਾ ਹੈ ਤਾਂ ਸਾਨੂੰ ਇਹ ਸਮਝਾਉਣਾ ਔਖਾ ਹੋ ਜਾਂਦਾ ਹੈ ਕਿ ਕਿਹੜੇ ਪੰਜ ਦਰਿਆ ਅਤੇ ਕਿਉਂ।

ਅਣਵੰਡੇ ਪੁਰਾਣੇ ਪੰਜਾਬ ਦੀ ਮਿੱਟੀ, ਤਾਪਮਾਨ, ਨਮੀ, ਖੁਸ਼ਕੀ, ਵਸੋਂ, ਧਰਮ, ਜਾਤ, ਫ਼ਿਰਕੇ ਅਨੇਕ ਸਨ। ਜੇ ਇਨ੍ਹਾਂ ਵਿਚ ਸਾਂਝ ਦੀ ਕੋਈ ਜ਼ੰਜੀਰ ਸੀ ਉਹ ਸੀ ਪੰਜਾਬੀ ਜ਼ਬਾਨ, ਬੇਸ਼ੱਕ ਇਹ ਜ਼ਬਾਨ ਵੀ ਕਈ ਲਿਪੀਆਂ ਵਿਚ ਲਿਖੀ ਜਾਂਦੀ ਸੀ। ਸਾਰੇ ਪੰਜਾਬ ਦੀ ਪੰਜਾਬੀ ਦੀ ਸੁਰ ਵੀ ਇਕ ਨਹੀਂ ਸੀ ਤਾਂ ਵੀ ਪੰਜਾਬੀ ਪੰਜਾਬੀ ਸੀ ਤੇ ਪੰਜਾਬੀ ਬੋਲਣ ਵਾਲੇ ਲੋਕ ਬਾਕੀ ਜਹਾਨ ਤੋਂ ਵੱਖਰੇ ਸਨ।

- ਰਾਜਮੋਹਨ ਗਾਂਧੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All