ਨੌਜਵਾਨ ਸੋਚ

ਕਰੋਨਾ ਸੰਕਟ ਤੇ ਸਥਾਨਕ ਸੰਸਥਾਵਾਂ

ਕਰੋਨਾ ਸੰਕਟ ਤੇ ਸਥਾਨਕ ਸੰਸਥਾਵਾਂ

ਲੋੜਵੰਦਾਂ ਲਈ ਮਦਦਗਾਰ ਬਣੀਆਂ ਸਥਾਨਕ ਸੰਸਥਾਵਾਂ

ਕਰੋਨਾ ਕਹਿਰ ਨੂੰ ਕਈ ਮਹੀਨੇ ਗੁਜ਼ਰ ਚੁੱਕੇ ਹਨ। ਹਰ ਵਰਗ- ਪੰਚਾਇਤੀ ਸੰਸਥਾਵਾਂ, ਮਿਉਂਸਿਪਲ ਕਰਪੋਰੇਸ਼ਨ ਆਦਿ ਨੇ ਇਸ ਮੁਸ਼ਕਿਲ ਦੌਰ ਨਾਲ ਨਜਿੱਠਣ ਲਈ ਸਮਰੱਥਾ ਮੁਤਾਬਕ ਹਰ ਸੰਭਵ ਯਤਨ ਕੀਤਾ। ਪਰ ਕਿਤੇ ਨਾ ਕਿਤੇ ਅਣਗੌਲੀਆਂ ਰਹਿ ਗਈਆਂ ਸਮਾਜਕ ਸੰਸਥਾਵਾਂ ਲਗਾਤਾਰ ਮਾਨਵਤਾ ਹਿੱਤ ਕੰਮ ਕਰ ਰਹੀਆਂ ਹਨ। ਸਥਾਨਕ ਪੱਧਰ ‘ਤੇ ਇਹ ਸੰਸਥਾਵਾਂ ਲੋੜਵੰਦਾਂ ਲਈ ਮਸੀਹਾ ਬਣ ਚੁੱਕੀਆਂ ਹਨ। ਪੁਲੀਸ ਪ੍ਰਸ਼ਾਸਨ ਨੂੰ ਡਿਊਟੀ ਦੌਰਾਨ ਮਾਸਕ-ਹੈਂਡ ਸੈਨੇਟਾਈਜ਼ਰ ਵੰਡਣੇ, ਲੋੜਵੰਦਾਂ ਨੂੰ ਖਾਣਾ ਅਤੇ ਮੁੱਢਲੀਆਂ ਜ਼ਰੂਰਤਾਂ ਮੁਹੱਈਆ ਕਰਵਾਉਣਾ, ਖੂਨਦਾਨ ਕੈਂਪ ਲਾਉਣੇ, ਪਿੰਡਾਂ ਨੂੰ ਸੈਨੇਟਾਈਜ਼ ਕਰਨਾ, ਕਰੋਨਾ ਦੇ ਕਹਿਰ ਤੋਂ ਬਚਣ ਲਈ ਜਾਗਰੂਕਤਾ ਮੁਹਿੰਮਾਂ ਆਦਿ। ਇਨ੍ਹਾਂ ਸਭ ਸੰਸਥਾਵਾਂ ਨੂੰ ਸ਼ੁਕਰੀਆ ਅਤੇ ਦੁਆਵਾਂ!

ਅਮੀਨਾ, ਪਿੰਡ ਵਾ ਡਾਕਖ਼ਾਨਾ ਬਹਿਰਾਮਪੁਰ ਜ਼ਿਮੀਦਾਰੀ, ਰੋਪੜ।

ਸੰਸਥਾਵਾਂ ਬਿਨਾਂ ਪੱਖਪਾਤ ਕੰਮ ਕਰਨ

ਕਰੋਨਾ ਮਹਾਂਮਾਰੀ ਕਾਰਨ ਪੂਰੀ ਦੁਨੀਆਂ ਵਿਚ ਹਾਹਾਕਾਰ ਮੱਚੀ ਹੋਈ ਹੈ। ਇਸ ਸੰਕਟਮਈ ਸਥਿਤੀ ਨਾਲ ਨਜਿੱਠਣ ਲਈ ਸਥਾਨਕ ਸੰਸਥਾਵਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਨੂੰ ਘਰ ਘਰ ਜਾ ਕੇ ਇਸ ਬਿਮਾਰੀ ਬਾਰੇ ਜਾਗਰੂਕ ਕਰਨ ਅਤੇ ਲੋੜਵੰਦ ਲੋਕਾਂ ਦੀ ਬਿਨਾਂ ਜਾਤੀ ਤੇ ਧਰਮ ਦੇ ਵਿਤਕਰੇ ਅਤੇ ਸਿਆਸਤਬਾਜ਼ੀ ਤੋਂ ਉੱਪਰ ਉੱਠ ਕੇ ਹਰ ਪੱਖੋਂ ਸਹਾਇਤਾ ਕਰਨ। ਪਿਛਲੇ ਦਿਨੀਂ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਕਰੋਨਾ ਦੇ ਸ਼ਿਕਾਰ ਮ੍ਰਿਤਕਾਂ ਦਾ ਆਪਣੇ ਪਿੰਡਾਂ ਵਿਚ ਅੰਤਿਮ ਸੰਸਕਾਰ ਨਹੀਂ ਕਰਨ ਦਿੱਤਾ। ਕਈ ਥਾਈਂ ਰਾਸ਼ਨ ਵੰਡਣ ਸਮੇਂ ਪੱਖਪਾਤ ਹੋ ਰਿਹਾ ਹੈ। ਕੁਝ ਪੰਚਾਇਤਾਂ ਨੇ ਤਾਂ ਮਜ਼ਦੂਰਾਂ ਦੀ ਦਿਹਾੜੀ ਤੈਅ ਕਰਨ ਤੱਕ ਦੇ ਮਤਾ ਪਾਸ ਕਰ ਦਿੱਤੇ ਅਤੇ ਮਤੇ ਦੀ ਉਲੰਘਣਾ ਕਰਨ ’ਤੇ ਗ਼ਰੀਬ ਲੋਕਾਂ ਨੂੰ ਸਮਾਜਿਕ ਬਾਈਕਾਟ ਦੀਆਂ ਧਮਕੀਆਂ ਦਿੱਤੀਆਂ। ਅਜਿਹੇ ਨਾਜ਼ੁਕ ਮੌਕੇ ਪੰਚਾਇਤਾਂ ਵੱਲੋਂ ਇੰਝ ਵਿਤਕਰੇ ਕਰਨਾ ਦੁੱਖ ਦੀ ਗੱਲ ਹੈ।

ਗੁਰਮੀਤ ਸਿੰਘ ਰੌਣੀ, ਤਹਿਸੀਲ ਪਾਇਲ, ਲੁਧਿਆਣਾ। ਸੰਪਰਕ: 99148-90230

ਪੰਚਾਇਤਾਂ ਆਪਣੀ ਜ਼ਿੰਮੇਵਾਰੀ ਸਮਝਣ

ਕੋਵਿਡ-19 ਨੇ ਜਿਸ ਤਰ੍ਹਾਂ ਹਰ ਪਾਸੇ ਤਬਾਹੀ ਮਚਾਈ ਹੋਈ ਹੈ। ਉਸ ਨੂੰ ਦੇਖਦਿਆਂ ਸਾਡਾ ਫਰਜ਼ ਬਣਦਾ ਹੈ ਕਿ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਤੇ ਸਹੀ ਢੰਗ ਨਾਲ ਨਿਭਾੲਆ ਜਾਵੇ। ਨਾਲ ਹੀ ਸਥਾਨਕ ਸੰਸਥਾਵਾਂ ਅਤੇ ਪੰਚਾਇਤਾਂ ਨੂੰ ਵੀ ਆਮ ਲੋਕਾਂ ਤੇ ਗਰੀਬਾਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੂੰ ਬਿਮਾਰੀ ਬਾਰੇ ਵਧੇਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ, ਮਾਸਕ, ਸੈਨੇਟਾਈਜ਼ਰ ਦੇ ਕੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।

ਅਮਨਦੀਪ ਕੌਰ, ਬਾਜਕ, ਬਠਿੰਡਾ।

ਆਪਣੇ ਆਪ ਸਮਝਦਾਰੀ ਦਿਖਾਉਣ ਦੀ ਲੋੜ

ਕਰੋਨਾ ਸਾਡੇ ਚਾਰੇ ਪਾਸੇ ਆਪਣਾ ਜਾਲ ਵਿਛਾ ਚੁਕਿਆ ਹੈ। ਸਾਨੂੰ ਇਸ ਜਾਲ ਤੋਂ ਬਾਹਰ ਨਿਕਲਣ ਲਈ ਸਮਝਦਾਰੀ ਦੀ ਲੋੜ ਹੈ। ਇਸ ਲਈ ਪੰਚਾਇਤ ਪੱਧਰ ’ਤੇ ਕਰੋਨਾ ਬਾਰੇ ਘਰ ਘਰ ਜਾ ਕੇ ਦੱਸਣਾ ਤੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ। ਹਰ ਪਿੰਡ ਦੇ ਸਰਪੰਚ ਨੂੰ ਸਕੂਲ ਜਾਂ ਕੋਈ ਹੋਰ ਸਰਕਾਰੀ ਇਮਾਰਤ ਵਿਚ ਕੁੱਝ ਕਮਰਿਆਂ ਨੂੰ ਆਈਸੋਲੇਸ਼ਨ ਵਿਚ ਤਬਦੀਲ ਕਰ ਦੇਣਾ ਚਾਹੀਦਾ ਹੈ, ਤਾਂ ਕਿ ਔਖੇ ਸਮੇਂ ਕੰਮ ਆ ਸਕਣ। ਹਰ ਹਫ਼ਤੇ ਪਿੰਡ ਦੀਆਂ ਗਲੀਆਂ, ਨਾਲੀਆਂ ਨੂੰ ਸੈਨੇਟਾਈਜ਼ ਕਰਨਾ ਚਾਹੀਦਾ ਹੈ, ਲੋੜਵੰਦਾਂ ਨੂੰ ਲੋੜੀਂਦਾ ਸਾਮਾਨ ਦੇਣਾ ਚਾਹੀਦਾ ਹੈ। ਪੰਚਾਇਤ ਨੂੰ ਪਿੰਡ ਵਿਚ ਹਰ ਆਉਣ ਜਾਣ ਵਾਲਿਆਂ ਦਾ ਸਮਾਂ ਤੈਅ ਕਰ ਦੇਣਾ ਚਾਹੀਦਾ ਹੈ।

ਹਰਦੇਵ ਸਿੰਘ, ਕੁਰੂਕਸ਼ੇਤਰ, ਹਰਿਆਣਾ।

ਲੋਕਾਂ ਦਾ ਸਹਿਯੋਗ ਜ਼ਰੂਰੀ

ਕਰੋਨਾ ਮਹਾਂਮਾਰੀ ਦੇ ਪਸਾਰ ਨੂੰ ਰੋਕਣ ਲਈ ਸਰਕਾਰਾਂ ਤੇ ਸਿਹਤ ਵਿਭਾਗ ਵੱਲੋਂ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ। ਪੂਰੀ ਦੁਨੀਆਂ ਵਿਚ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਬਿਮਾਰੀ ਦੇ ਫੈਲਣ ਤੋਂ ਰੋਕਣ ਲਈ ਕਰਫਿਊ, ਲਾਕਡੌਨ ਵਰਗੀਆਂ ਪਾਬੰਦੀਆਂ ਲਗਾਈਆਂ ਗਈਆਂ ਤਾਂ ਕਿ ਇਸ ਬਿਮਾਰੀ ਦੀ ਲੜੀ ਨੂੰ ਤੋੜਿਆ ਜਾ ਸਕੇ। ਬਹੁਤ ਸਾਰੇ ਲੋਕ ਇਨ੍ਹਾਂ ਪਾਬੰਦੀਆਂ ਤੋਂ ਦੁਖੀ ਹਨ ਹਨ। ਪਰ ਸਾਨੂੰ ਇਹ ਜ਼ਰੂਰ ਸਮਝਣਾ ਚਾਹੁੰਦਾ ਹੈ ਕਿ ਜੇ ਜਾਨ ਹੈ ਤਾਂ ਜਹਾਨ ਹੈ। ਕਰੋਨਾ ਸੰਕਟ ਖ਼ਿਲਾਫ਼ ਪਿੰਡਾਂ ਅਤੇ ਸ਼ਹਿਰਾਂ ਦੀਆਂ ਸਥਾਨਕ ਸੰਸਥਾਵਾਂ ਚੰਗਾ ਰੋਲ ਨਿਭਾ ਸਕਦੀਆਂ ਹਨ। ਸਾਨੂੰ ਵੀ ਸਵੈ-ਅਨੁਸ਼ਾਸਨ ਵਿਚ ਰਹਿੰਦੇ ਹੋਏ ਇਨ੍ਹਾਂ ਸੰਸਥਾਵਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ।

ਅਰਸ਼ ਪ੍ਰਤਾਪ ਸਿੰਘ ਰੰਧਾਵਾ, ਪਿੰਡ ਤੇ ਡਾਕ. ਮੀਮਸਾ, ਜ਼ਿਲ੍ਹਾ ਸੰਗਰੂਰ।

ਸਰਕਾਰ ਨੇ ਬਿਆਨ ਵੰਡੇ, ਸਮਾਜਸੇਵੀਆਂ ਨੇ ਰਾਸ਼ਨ

ਸਰਕਾਰ ਨੇ ਕਰੋਨਾ ਦੇ ਟਾਕਰੇ ਲਈ ਭਾਂਡੇ ਖੜਕਾਉਣ ਵਾਸਤੇ ਆਖ ਕੇ ਦੱਸ ਦਿੱਤਾ ਸੀ ਕਿ ਉਸ ਕੋਲ ਲੋਕਾਂ ਨੂੰ ਖਾਣ ਲਈ ਦੇਣ ਨੂੰ ਕੁਝ ਨਹੀਂ। ਜੇ ਦੇਸ਼ ਵਿਚ ਸਮਾਜਸੇਵੀ ਸੰਸਥਾਵਾਂ ਜਾ ਸਮਾਜਸੇਵੀ ਨਾ ਹੁੰਦੇ ਤਾਂ ਕਰੋਨਾ ਵਾਇਰਸ ਨਾਲ ਘੱਟ ਤੇ ਭੁੱਖ ਨਾਲ ਮੌਤਾਂ ਕਿਤੇ ਜ਼ਿਆਦਾ ਹੋਣੀਆਂ ਸਨ, ਕਿਉਂਕਿ ਲੀਡਰ ਤਾਂ ਕਮਰਿਆਂ ’ਚ ਬੈਠ ਕੇ ਫੋਕੇ ਬਿਆਨ ਵੰਡ ਰਹੇ ਸਨ ਅਤੇ ਸਮਾਜਸੇਵੀ ਸੰਸਥਾਵਾਂ ਤੇ ਸਮਾਜਸੇਵੀ ਹੀ ਜ਼ਰੂਰਤਮੰਦਾਂ ਨੂੰ ਮੁਫਤ ਰਾਸ਼ਨ ਵੰਡ ਰਹੇ ਸਨ। ਸਾਨੂੰ ਸਮਾਜਸੇਵੀ ਸੰਸਥਾਵਾਂ ਤੇ ਸਮਾਜ ਸੇਵੀ ਲੋਕਾਂ ਦਾ ਸਾਥ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ। ਸਾਦੇ ਭੋਗ, ਸਾਦੇ ਵਿਆਹ ਬਿਨਾਂ ਦਾਜ ਕਰਨ ਦੀ ਪਿਰਤ ਪਾਉਣੀ ਚਾਹੀਦੀ ਹੈ।

ਹਰਦੀਪ ਸਿੰਘ ਚੌਹਾਨ, ਪਿੰਡ ਭਲਵਾਨ, ਜ਼ਿਲ੍ਹਾ ਸੰਗਰੂਰ। ਸੰਪਰਕ: 94175-12231

ਸੰਸਥਾਵਾਂ ਦਾ ਸਲਾਹੁਣਯੋਗ ਕਾਰਜ

ਕਰੋਨਾ ਸੰਕਟ ਕਾਰਨ ਪੂਰੇ ਸੰਸਾਰ ਵਿਚ ਚੁੱਪ ਪਸਰੀ ਹੈ। ਕੁਦਰਤ ਤੇ ਸਮਾਜ ਵਿਚ ਸੰਘਰਸ਼ ਤਾਂ ਹਰ ਸਮੇਂ ਕਿਸੇ ਨਾ ਕਿਸੇ ਰੂਪ ਵਿਚ ਚੱਲ ਰਿਹਾ ਹੈ। ਇੰਨਾਂ ਸੰਘਰਸ਼ਾਂ ਦੌਰਾਨ ਹੀ ਇਨਸਾਨੀਅਤ ਦੀ ਪਰਖ ਹੁੰਦੀ ਹੈ। ਇਸ ਵੇਲੇ ਕਰੋਨਾ ਸੰਘਰਸ਼ ਦੌਰਾਨ ਸਥਾਨਕ ਸੰਸਥਾਵਾਂ ਨੇ ਇਨਸਾਨੀਅਤ ਪ੍ਰਤੀ ਜ਼ਿੰਮੇਵਾਰੀਆਂ ਨਿਭਾ ਕੇ ਆਪਣਾ ਫਰਜ਼ ਨਿਭਾਇਆ। ਬਹੁਗਿਣਤੀ ਸੰਸਥਾਵਾਂ ਨੇ ਲੋਕਾਂ ਦੀ ਪੂਰੀ ਸੇਵਾ ਕੀਤੀ, ਪਰ ਕਿਤੇ ਕਿਤੇ ਮਹਿਜ਼ ਫੋਟੋਆਂ ਖਿਚਵਾਉਣ ਵਾਲੇ ਵੀ ਸਰਗਰਮ ਸਨ। ਅਜੇ ਅਸੀਂ ਕਰੋਨਾ ਕਹਿਰ ‘ਚੋਂ ਨਿਕਲੇ ਨਹੀਂ। ਇਸ ਲਈ ਸਾਡਾ ਇਕਜੁੱਟ ਤੇ ਚੌਕਸ ਹੋਣਾ ਜ਼ਰੂਰੀ ਹੈ। ਜੋ ਪਿੰਡ ਜਾਂ ਸ਼ਹਿਰ ਪੱਧਰ ਦੀਆਂ ਸੰਸਥਾਵਾਂ ਤੋਂ ਕਮੀਆਂ ਰਹਿ ਗਈਆਂ, ਉਸ ਬਾਰੇ ਅਗਲੀ ਰਣਨੀਤੀ ਬਣਾ ਕੇ ਕਰੋਨਾ ਦਾ ਮੁਕਾਬਲਾ ਕਰਨ ਲਈ ਤਿਆਰ ਹੋਣਾ ਪੈਣਾ ਹੈ।

ਗੁਰਪ੍ਰੀਤ ਮਾਨ ਮੌੜ, ਫਰੀਦਕੋਟ। ਸੰਪਰਕ: 98761-98000

ਸੰਕਟ ਹੀ ਪਰਖ ਦਾ ਸਮਾਂ

ਕਰੋਨਾ ਸੰਕਟ ਸਮੇਂ ਸਾਡੀਆਂ ਸਰਕਾਰਾਂ ਵੱਲੋਂ ਕੀ ਭੂਮਿਕਾ ਨਿਭਾਈ ਜਾ ਰਹੀ ਹੈ, ਇਹ ਗੌਰ ਕਰਨ ਦੀ ਗੱਲ ਹੈ। ਜਿਥੇ ਤੱਕ ਸਥਾਨਕ ਸਰਕਾਰਾਂ ਦਾ ਸਵਾਲ ਹੈ, ਤਾਂ ਸਾਫ਼ ਹੈ ਕਿ ਜੇ ਅਸੀਂ ਈਮਾਨਦਾਰ ਤੇ ਪੜ੍ਹੇ ਲਿਖੇ ਆਗੂ ਚੁਣੇ ਤਾਂ ਯਕੀਨਨ ਉਨ੍ਹਾਂ ਬਿਨਾਂ ਸਰਕਾਰੀ ਆਦੇਸ਼ਾਂ ਦੇ ਹੀ ਲੋਕਾਂ ਵਿਚ ਕਰੋਨਾ ਸਬੰਧੀ ਜਾਗਰੂਕਤਾ, ਬਚਾਅ ਦੇ ਤਰੀਕੇ ਆਦਿ ਦੇ ਪ੍ਰਚਾਰ ਦਾ ਕੰਮ ਤੇ ਤਾਲਾਬੰਦੀ ਦੌਰਾਨ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕੀਤੀ ਹੋਵੇਗੀ। ਪੜ੍ਹੇ ਲਿਖੇ ਤੇ ਸੂਝਵਾਨ ਪੰਚਾਇਤ ਮੈਂਬਰ ਹੀ ਤਾਲਾਬੰਦੀ ਦੌਰਾਨ ਠੱਪ ਹੋਏ ਕੰਮਾਂ ਦੀ ਥਾਂ ਨਵੇਂ ਰੁਜ਼ਗਾਰ ਸਿਰਜਣ ਦੀ ਯੋਜਨਾ ਬਣਾ ਸਕਦੇ ਹਨ। ਪਰ ਲੋੜ ਅਜੇ ਵੀ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਪੰਚਾਇਤੀ ਢਾਂਚੇ ਵਿਚ ਸੁਧਾਰ ਦੀ।

ਬਲਵੀਰ ਸਿੰਘ, ਨਿਊ ਮਾਡਲ ਟਾਊਨ, ਰਾਹੋਂ ਰੋਡ, ਮਾਛੀਵਾੜਾ। ਸੰਪਰਕ: 94179-72961

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All