ਆਪਬੀਤੀ

ਅੰਦਰ ਵਸਦੇ ਵਜੂਦ

ਅੰਦਰ ਵਸਦੇ ਵਜੂਦ

ਪਰਮਜੀਤ ਕੌਰ ਸਰਹਿੰਦ

ਪਰਮਜੀਤ ਕੌਰ ਸਰਹਿੰਦ

ਕੁਝ ਯਾਦਾਂ ਨਾਸੂਰ ਬਣ ਕੇ ਤੜਪਦੀਆਂ ਤੇ ਸਹਿਕਦੀਆਂ ਰਹਿੰਦੀਆਂ ਹਨ। ਉਨ੍ਹਾਂ ਯਾਦਾਂ ਦਾ ਦਿਲੋ ਦਿਮਾਗ਼ ’ਤੇ ਐਨਾ ਅਸਰ ਪੈਂਦਾ ਹੈ ਕਿ ਅਸੀਂ ਆਪਾ ਵੀ ਭੁੱਲ ਜਾਂਦੇ ਹਾਂ। ਇਸ ਦੇ ਦਬਾਅ ਹੇਠ ਮਨੁੱਖ ਦੀ ਚੇਤਨਤਾ ਕਈ ਵਾਰ ਨਿਤਾਣੀ ਹੋ ਜਾਂਦੀ ਹੈ। ਅਜਿਹੀਆਂ ਯਾਦਾਂ ਦਾ ਦਰਦ ਸਬੰਧਿਤ ਵਿਅਕਤੀ ਨੂੰ ਨਾਜ਼ੁਕ ਮੋੜ ’ਤੇ ਲਿਆ ਖੜ੍ਹਾਉਂਦਾ ਹੈ। ਇਹ ਸੰਤਾਪ ਮੈਂ ਆਪ ਹੱਡੀਂ ਹੰਢਾਇਆ ਹੈ। ਮੈਨੂੰ ਵੀ ਇਸ ਨੇ ਖ਼ਤਰਨਾਕ ਮੋੜ ’ਤੇ ਪਹੁੰਚਾ ਦਿੱਤਾ ਸੀ। ਥੋੜ੍ਹੀ ਜਿਹੀ ਤਿਲਕਣਬਾਜ਼ੀ, ਬੇਹਿੰਮਤੀ ਤੇ ਬੇਅਕਲੀ ਨਾਲ ਸਾਡਾ ਪਹਿਲਾਂ ਹੀ ਦੁੱਖਾਂ ਵਿਚ ਘਿਰਿਆ ਪਰਿਵਾਰ ਬਹੁਤ ਵੱਡਾ ਧੋਖਾ ਖਾ ਸਕਦਾ ਸੀ। ਮੇਰੀ ਜਾਨ ਵੀ ਜਾ ਸਕਦੀ ਸੀ।

ਚਾਰ ਅਪਰੈਲ 2005 ਨੂੰ ਸਾਡਾ ਇਕੱਤੀ ਵਰ੍ਹਿਆਂ ਦਾ ਇਕਲੌਤਾ ਪੁੱਤਰ ਕਾਰ ਹਾਦਸੇ ਵਿਚ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਮਾਂ, ਭੈਣ ਤੇ ਪਤਨੀ ਨੂੰ ਗੰਭੀਰ ਸੱਟਾਂ ਨਾਲ ਬੇਹੋਸ਼ੀ ਦੀ ਹਾਲਤ ਵਿਚ ਛੱਡ ਕੇ ਦੂਰ ਦੇਸ਼ ਦਾ ਵਾਸੀ ਹੋ ਗਿਆ। ਉਸ ਦੀ ਸੱਤ ਮਹੀਨਿਆਂ ਦੀ ਧੀ ਅਤੇ ਦੋ ਸਾਲ ਦਾ ਪੁੱਤਰ ਪਿਤਾ ਦੇ ਪਿਆਰ ਤੋਂ ਵਾਂਝੇ ਹੋ ਗਏ। ਸੱਜ ਵਿਆਹੀਆਂ ਦੋਵੇਂ ਭੈਣਾਂ ਖ਼ੁਸ਼ੀਆਂ-ਖੇੜਿਆਂ ਦੀ ਰੁੱਤੇ ਦੁੱਖਾਂ ਦੇ ਤੂਫ਼ਾਨਾਂ ਵਿਚ ਘਿਰ ਗਈਆਂ। ਕੁੱਲ ਸਵਾ ਤਿੰਨ ਸਾਲਾਂ ਦਾ ਰੰਗਲਾ ਸੁਹਾਗ ਮਾਣ ਕੇ ਸਾਡੀ ਭਰ ਜੁਆਨ ਨੂੰਹ ਦਾ ਜੱਗ ਲੁੱਟਿਆ ਗਿਆ। ਮਾਪਿਆਂ ਦਾ ਕਲੇਜਾ ਹੋਣੀ ਨੇ ਰੁੱਗ ਭਰ ਕੇ ਕੱਢ ਲਿਆ!

ਹਾਦਸੇ ਸਮੇਂ ਅਸੀਂ ਸਾਰਾ ਪਰਿਵਾਰ ਇੱਕੋ ਕਾਰ ਵਿਚ ਸਵਾਰ ਸਾਂ। ਕਿਸੇ ਵੱਡੀ ਸਰੀਰਕ ਸੱਟ ਤੋਂ ਬਚੇ ਮੇਰੇ ਪਤੀ ਨੇ ਜੁਆਨ ਪੁੱਤ ਦੇ ਅਚਾਨਕ ਵਿਛੋੜੇ ਦਾ ਦੁੱਖ ਸਹਿ ਕੇ ਵੀ ਸਬਰ, ਸਿਦਕ ਤੇ ਹੌਸਲੇ ਨਾਲ ਮੁਸੀਬਤਾਂ ਦਾ ਸਾਹਮਣਾ ਕੀਤਾ। ਸਦਮੇ ਤੇ ਸੱਟਾਂ ਨਾਲ ਤਨੋਂ-ਮਨੋਂ ਝੰਬੀ ਨੂੰ ਮੈਨੂੰ ਅੱਠ- ਨੌਂ ਮਹੀਨਿਆਂ ਬਾਅਦ ਆਪਣੀ ਸੁਰਤ ਆਈ। ਮੇਰੀ ਖੱਬੀ ਬਾਂਹ ਦੀ ਹੱਡੀ ਬੁਰੀ ਤਰ੍ਹਾਂ ਟੁੱਟ ਗਈ ਸੀ ਅਤੇ ਸਿਰ-ਮੱਥੇ ਉੱਤੇ ਗਹਿਰੀਆਂ ਸੱਟਾਂ ਲੱਗੀਆਂ ਸਨ। ਨੂੰਹ ਦੀ ਸੱਜੀ ਬਾਂਹ ਟੁੱਟ ਗਈ ਸੀ। ਅਸੀਂ ਆਪਣੇ ਮਾਸੂਮ ਬੱਚਿਆਂ ਨੂੰ ਸੰਭਾਲਣ ਜੋਗੀਆਂ ਵੀ ਨਹੀਂ ਸਾਂ। ਉਹ ਨੌਕਰਾਂ ਤੇ ਰਿਸ਼ਤੇਦਾਰਾਂ ਦੇ ਆਸਰੇ ਸਨ ਕਿਉਂਕਿ ਦੋਵੇਂ ਧੀਆਂ ਕਾਗਜ਼ੀ ਕਾਰਵਾਈਆਂ ਤੇ ਕਾਨੂੰਨੀ ਮਜਬੂਰੀ ਕਾਰਨ ਮਹੀਨੇ ਕੁ ਪਿੱਛੋਂ ਆਪਣੇ ਸਹੁਰੇ ਘਰ ਨੌਰਵੇ ਤੇ ਇੰਗਲੈਂਡ ਚਲੀਆਂ ਗਈਆਂ ਸਨ। ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਬਹੁਤ ਮਾਨਸਿਕ ਕਸ਼ਟ ਵਿਚ ਘਿਰ ਗਈ। ਮੈਂ ਜਿਵੇਂ ਸੰਸਾਰ ਤੋਂ ਬੇਮੁੱਖ ਹੋ ਗਈ। ਨੀਂਦ ਮੇਰੀ ਦੁਸ਼ਮਣ ਹੋ ਗਈ ਸੀ। ਡਾਕਟਰ ਬੇਵੱਸ ਸਨ ਅਤੇ ਮੈਂ ਜਿਉਂਦੀ ਲਾਸ਼ ਵਰਗੀ ਹੋ ਕੇ ਰਹਿ ਗਈ। ਆਪਣੀ ਨੂੰਹ ਅਤੇ ਬੱਚਿਆਂ ਵੱਲ ਦੇਖਦੀ ਤਾਂ ਅੰਦਰੋਂ ਲਾਟ ਵਰਗਾ ਹਾਉਕਾ ਨਿਕਲਦਾ। ਭਰਾ ਵਾਹਰੀਆਂ ਹੋਈਆਂ ਆਪਣੀਆਂ ਧੀਆਂ ਬਾਰੇ ਸੋਚ ਕੇ ਕਲੇਜਾ ਮੂੰਹ ਨੂੰ ਆਉਂਦਾ। ਮੈਂ ਦਿਨ-ਰਾਤ ਆਪਣੇ ਤੁਰ ਗਏ ਪੁੱਤਰ ਨਾਲ ਗੱਲਾਂ ਕਰਦੀ ਰਹਿੰਦੀ ਜੋ ਹੋਰ ਕਿਸੇ ਨੂੰ ਨਾ ਸੁਣਦੀਆਂ। ਮੈਨੂੰ ਲੱਗਦਾ ਮੇਰਾ ਰਾਜਾ ਪੁੱਤ ਕਿਤੇ ਨਹੀਂ ਗਿਆ ਉਹ ਤਾਂ ਮੇਰੇ ਅੰਦਰ ਹੀ ਵਸਦਾ ਹੈ, ਉਹ ਤਾਂ ਮੇਰੀ ਰੂਹ ਦੀਆਂ ਆਂਦਰਾਂ ਨਾਲ ਲਿਪਟਿਆ ਹੋਇਆ ਹੈ।

ਸਾਨੂੰ ਔਲਾਦ ਦੀ ਦਾਤ ਪੰਜ ਸਾਲ ਤਰਸ ਕੇ ਮਿਲੀ ਸੀ। ਮੈਂ ਜਿਵੇਂ ਆਪਣੇ ਆਪਣੇ ਬੱਚੇ ਦੇ ਜਨਮ ਤੋਂ ਪਹਿਲਾਂ ਸੁਪਨੇ ਲੈਂਦੀ ਸਾਂ ਕਿ ਆਉਣ ਵਾਲੇ ਬੱਚੇ ਲਈ ਇਹ ਕਰਾਂਗੀ ਉਹ ਕਰਾਂਗੀ, ਉਹ ਸਾਰਾ ਮੈਨੂੰ ਕੱਲ੍ਹ ਵਾਂਗ ਜਾਪਦਾ। ਮੈਂ ਆਪਣੇ ਬੱਚੇ ਲਈ ਨਿੱਕੇ-ਨਿੱਕੇ ਕੱਪੜੇ ਸੀਤੇ, ਕੋਟੀਆਂ ਸਵੈਟਰ ਬੁਣੇ। ਉਹਦੀ ਪਹਿਲੀ ਵਾਰ ਪਹਿਨੀ ਕੇਸਰੀ ਰੰਗ ਦੀ ਸਾਟਨ ਦੀ ਨਿੱਕੀ ਜਿਹੀ ਕਮੀਜ਼ ਮੈਂ ਅੱਜ ਪੂਰੇ 48 ਸਾਲਾਂ ਬਾਅਦ ਵੀ ਸਾਂਭ ਕੇ ਰੱਖੀ ਹੋਈ ਹੈ। ਮੈਂ ਸਾਰੀ ਰਾਤ ਇਹੋ ਗੱਲਾਂ ਯਾਦ ਕਰਦੀ ਸੋਚਦੀ ਰਹਿੰਦੀ। ਮੈਨੂੰ ਮੁੜ-ਮੁੜ ਖ਼ਿਆਲ ਆਉਂਦਾ ਕਿ ਮੇਰੇ ਪੁੱਤਰ ਦੇ ਕਿੰਨੇ ਹੀ ਕੱਪੜੇ ਗਰਮ ਕੱਪੜੇ ਅਤੇ ਪੱਗਾਂ ਆਦਿ ਮੇਰੇ ਬੈੱਡ ਦੇ ਬਾਕਸ, ਅਲਮਾਰੀਆਂ ਤੇ ਸੂਟਕੇਸਾਂ ਵਿਚ ਸਾਂਭੇ ਪਏ ਹਨ, ਪਰ ਉਹ ਇਨ੍ਹਾਂ ਨੂੰ ਨਹੀਂ ਪਹਿਨ ਸਕਦਾ ਕਿਉਂਕਿ ਹੁਣ ਉਸ ਦਾ ਕੋਈ ਵਜੂਦ ਨਹੀਂ।

ਮੈਂ ਇਨ੍ਹਾਂ ਖ਼ਿਆਲਾਂ ਵਿਚ ਡੁੱਬੀ ਰਹਿੰਦੀ ਕਿ ਬੇਸ਼ੱਕ ਮੇਰਾ ਬੱਚਾ ਮੇਰੇ ਧੁਰ ਅੰਦਰ ਵਸਦਾ ਹੈ, ਪਰ ਉਸ ਨੇ ਜਨਮ ਤਾਂ ਨਹੀਂ ਲੈਣਾ, ਉਸ ਦਾ ਵਜੂਦ ਮੈਨੂੰ ਕਦੇ ਨਹੀਂ ਦਿਸਣਾ। ਮੇਰੀ ਬੇਚੈਨ ਮਮਤਾ ਨੂੰ ਘੜੀ ਪਲ ਵੀ ਚੈਨ ਨਾ ਆਉਂਦਾ। ਇਕ ਰਾਤ ਮੈਨੂੰ ਅਜੀਬ ਜਿਹਾ ਅਹਿਸਾਸ ਹੋਇਆ ਜਿਵੇਂ ਬੈੱਡ ਉੱਤੇ ਮੈਂ ਨਹੀਂ ਮੇਰਾ ਗੱਭਰੂ ਪੁੱਤ ਦਿਲਰਾਜ ਪਿਆ ਹੈ। ਮੇਰੀ ਕੋਈ ਹੋਂਦ ਨਹੀਂ ਸੀ। ਮੈਂ ਜਿਵੇਂ ਆਪਣੇ ਪੁੱਤਰ ਦਾ ਰੂਪ ਧਾਰਨ ਕਰ ਲਿਆ ਸੀ। ਆਪਣੇ ਸੁੰਨ ਹੁੰਦੇ ਜਾ ਰਹੇ ਦਿਮਾਗ਼ ਨੂੰ ਮੈਂ ਸਾਰੀ ਤਾਕਤ ਲਾ ਕੇ ਝੰਜੋੜਿਆ। ਹਿੰਮਤ ਕਰ ਕੇ ਪੱਟੀਆਂ ਨਾਲ ਬੰਨ੍ਹੀ ਟੁੱਟੀ ਬਾਂਹ ਨੂੰ ਦੂਜੇ ਹੱਥ ਨਾਲ ਛੋਹ ਕੇ ਦੇਖਿਆ। ਮੈਂ ਥੋੜ੍ਹੀ ਜਿਹੀ ਆਪਣੇ ਆਪ ਵਿਚ ਆਈ ਕਿ ਇਹ ਰਾਜਾ ਪੁੱਤਰ ਨਹੀਂ, ਮੈਂ ਹੀ ਹਾਂ। ਬੇਜਾਨ ਜਿਹੀ ਹੋਈ ਨੇ ਵੀ ਮੈਂ ਉੱਠ ਕੇ ਬੈਠਣ ਦੀ ਕੋਸ਼ਿਸ਼ ਕੀਤੀ, ਪਰ ਉੱਠਿਆ ਨਾ ਗਿਆ। ਮੇਰੀ ਖ਼ਰਾਬ ਸਿਹਤ ਤੇ ਟੁੱਟੀ ਤਿੜਕੀ ਮਾਨਸਿਕਤਾ ਕਾਰਨ ਦਿਨ-ਰਾਤ ਮੇਰਾ ਖ਼ਿਆਲ ਰੱਖਿਆ ਜਾਂਦਾ ਸੀ। ਮੇਰੀ ਭਤੀਜ-ਨੂੰਹ ਅਤੇ ਮੇਰਾ ਪਤੀ ਕੋਲ ਸੁੱਤੇ ਹੋਏ ਸਨ। ਉਨ੍ਹਾਂ ਨੇ ਛੇਤੀ ਨਾਲ ਮੈਨੂੰ ਉਠਾ ਕੇ ਪਾਣੀ ਪਿਆਇਆ। ਮੈਂ ਅਜੇ ਵੀ ਨੀਮ ਬੇਹੋਸ਼ੀ ਦੀ ਹਾਲਤ ਵਿਚ ਸਾਂ। ਫਿਰ ਡਾਕਟਰ ਦੀ ਹਦਾਇਤ ਅਨੁਸਾਰ ਮੈਨੂੰ ਦਵਾਈ ਦਿੱਤੀ। ਮੈਂ ਕੁਝ ਸੰਭਲ ਤਾਂ ਗਈ, ਪਰ ਕਿਸੇ ਨੂੰ ਆਪਣੇ ਨਾਲ ਬੀਤੀ ਬਾਰੇ ਕੋਈ ਗੱਲ ਨਾ ਦੱਸੀ। ਮੈਂ ਬਹੁਤ ਹੈਰਾਨ ਪ੍ਰੇਸ਼ਾਨ ਸਾਂ ਕਿ ਕਿਵੇਂ ਆਪਣੇ ਪੁੱਤਰ ’ਚ ਸਮਾ ਗਈ ਸਾਂ ਜਾਂ ਉਹ ਮੇਰੇ ’ਚ ਸਮਾ ਗਿਆ ਸੀ।

ਤੀਜੀ ਜਾਂ ਸ਼ਾਇਦ ਚੌਥੀ ਰਾਤ ਮੈਨੂੰ ਫਿਰ ਉਹੀ ਅਹਿਸਾਸ ਹੋਇਆ। ਅੱਧੀ ਕੁ ਰਾਤ ਦਾ ਸਮਾਂ ਸੀ। ਮੈਨੂੰ ਜਾਪਿਆ ਮੇਰੀ ਕੋਈ ਹੋਂਦ ਨਹੀਂ ਤੇ ਜਿਵੇਂ ਰਾਜਾ ਪੁੱਤਰ ਹੀ ਬਣ ਗਈ ਹਾਂ... ਬਿਲਕੁਲ ਦਿਲਰਾਜ ਸਿੰਘ ਰਾਜਾ...। ਮੈਨੂੰ ਮਹਿਸੂਸ ਹੋਇਆ ਕਿ ਮੇਰਾ ਚਿਹਰਾ ਖੁੱਲ੍ਹੀ ਭਰਵੀਂ ਤੇ ਕਾਲ਼ੀ ਸ਼ਾਹ ਦਾੜ੍ਹੀ ਵਾਲਾ ਹੈ... ਆਪਣੇ ਤੁਰ ਗਏ ਜੁਆਨ ਪੁੱਤ ਵਰਗਾ...। ਮੈਂ ਆਪਣੀ ਜੜ੍ਹ ਹੋਈ ਚੇਤਨਾ ਨੂੰ ਅਸਲੀਅਤ ਵੱਲ ਮੋੜਨ ਤੇ ਜੋੜਨ ਦਾ ਯਤਨ ਕੀਤਾ। ਆਪਣਾ ਹੱਥ ਚਿਹਰੇ ਤੱਕ ਲਿਜਾਣ ਦੀ ਕੋਸ਼ਿਸ਼ ਕੀਤੀ। ਮੇਰਾ ਨਿਰਜਿੰਦ ਜਿਹਾ ਹੱਥ ਮੇਰੇ ਸੀਨੇ ਉੱਤੇ ਹੀ ਡਿੱਗ ਪਿਆ। ਮੂੰਹੋਂ ਆਵਾਜ਼ ਨਹੀਂ ਸੀ ਨਿਕਲ ਰਹੀ। ਹੱਥ ਹਿਲਾਉਣਾ ਚਾਹਿਆ ਤਾਂ ਪਤਾ ਚਲਿਆ ਕਿ ਮੇਰੇ ਲੰਮੇ ਭਾਰੇ ਕੇਸ ਖੁੱਲ੍ਹ ਕੇ ਖਿੱਲਰੇ ਹੋਏ ਸਨ ਜੋ ਮੈਨੂੰ ਪੁੱਤ ਦੀ ਦਾੜ੍ਹੀ ਦਾ ਭਰਮ ਪਾ ਰਹੇ ਸਨ। ਕੋਸ਼ਿਸ਼ ਦੇ ਬਾਵਜੂਦ ਮੈਂ ਉਸ ਹਾਲਤ ਵਿਚੋਂ ਬਾਹਰ ਨਹੀਂ ਸਾਂ ਆ ਰਹੀ। ਮੈਨੂੰ ਬਹੁਤ ਘਬਰਾਹਟ ਮਹਿਸੂਸ ਹੋਈ ਤੇ ਮੈਂ ਉੱਠਣ ਲਈ ਹੱਥ-ਪੈਰ ਮਾਰੇ। ਇਸ ਹਿਲਜੁਲ ਨਾਲ ਕੋਲ ਸੁੱਤੀ ਭਤੀਜ ਨੂੰਹ ਅਤੇ ਮੇਰੇ ਪਤੀ ਨੂੰ ਜਾਗ ਆ ਗਈ। ਮੈਂ ਬੇਵੱਸ ਹੋਈ ਬੇਹੋਸ਼ ਹੋ ਗਈ। ਘਰ ਦੇ ਸਾਰੇ ਜੀਅ ਤੇ ਨੌਕਰ-ਚਾਕਰ ਵੀ ਘਬਰਾ ਗਏ। ਡਾਕਟਰ ਦੀ ਚਿਤਾਵਨੀ ਸੀ ਕਿ ਅਜਿਹੇ ਮੌਕੇ ਖ਼ੂਨ ਦੇ ਦਬਾਅ ਦਾ ਬਹੁਤ ਧਿਆਨ ਰੱਖਿਆ ਜਾਵੇ। ਨੌਕਰ ਨੇ ਸਿਆਣਪ ਵਰਤੀ ਤੇ ਇਨ੍ਹਾਂ ਨੂੰ ਚੇਤੇ ਕਰਵਾਇਆ ਕਿਉਂਕਿ ਇਹ ਮੈਨੂੰ ਡਾਕਟਰ ਕੋਲ ਲਿਜਾਣਾ ਚਾਹੁੰਦੇ ਸਨ। ਚੈੱਕ ਕੀਤਾ ਤਾਂ ਖ਼ੂਨ ਦਾ ਦਬਾਅ ਬਹੁਤ ਘਟ ਗਿਆ ਸੀ। ਥੋੜ੍ਹੀ ਹੋਸ਼ ਆਈ ਤਾਂ ਮੈਨੂੰ ਬੈਠੀ ਕੀਤਾ ਗਿਆ ਤੇ ਦਵਾਈ ਦਿੱਤੀ। ਦਸੰਬਰ ਦੇ ਮਹੀਨੇ ਠੰਢ ਵਿਚ ਵੀ ਤਰੇਲੀਆਂ ਨਾਲ ਭਿੱਜੀ ਹੋਈ ਸਾਂ। ਮੈਨੂੰ ਖ਼ੌਫ਼ ਆਇਆ ਕਿ ਜੇ ਪਾਗ਼ਲ ਨਹੀਂ ਤਾਂ ਨੀਮ ਪਾਗਲ ਤਾਂ ਮੈਂ ਜ਼ਰੂਰ ਹੋ ਗਈ ਹਾਂ।

ਗ਼ਨੀਮਤ ਇਹ ਰਹੀ ਕਿ ਸਾਡੇ ਪਰਿਵਾਰ ਵਿਚ ਵਹਿਮਾਂ ਭਰਮਾਂ ਨੂੰ ਕੋਈ ਨਹੀਂ ਸੀ ਮੰਨਦਾ। ਮੈਂ ਅਜਿਹੇ ਮਸਲਿਆਂ ਬਾਰੇ ਕਾਫ਼ੀ ਕੁਝ ਪੜ੍ਹਿਆ ਹੋਇਆ ਸੀ। ਮੇਰੇ ਸਦਮੇ ਮਾਰੇ ਮਨ-ਮਸਤਕ ਵਿਚ ਉਹ ਅਜੇ ਵੀ ਅਟਕਿਆ ਪਿਆ ਸੀ। ਅਜਿਹੀ ਹਾਲਤ ਵਿਚ ਪੀੜਤ ਦੀ ਆਵਾਜ਼ ਵੀ ਸਦਾ ਲਈ ਤੁਰ ਗਏ ਸਬੰਧਤ ਵਿਅਕਤੀ ਵਰਗੀ ਹੋ ਜਾਂਦੀ ਹੈ। ਦੁਖਦਾਈ ਯਾਦਾਂ ਜਾਂ ਕਿਸੇ ਕਮਜ਼ੋਰ ਮਾਨਸਿਕਤਾ ਵਾਲੇ ਲਈ ਡਰ ਉਸ ਦੀ ਸੋਚ ਉੱਤੇ ਹਾਵੀ ਹੋ ਜਾਂਦਾ ਹੈ। ਆਮ ਭਾਸ਼ਾ ਵਿਚ ਅਜਿਹੀ ਹਾਲਤ ਨੂੰ ਦਬਾਓ ਪੈਣਾ ਵੀ ਕਿਹਾ ਜਾਂਦਾ ਹੈ। ਚਾਹੁੰਦਿਆਂ ਵੀ ਪੀੜਤ ਨਾ ਬੋਲ ਸਕਦਾ ਹੈ ਤੇ ਨਾ ਹਿੱਲ ਸਕਦਾ ਹੈ। ਸੋਚਦੀ ਹਾਂ ਕਿ ਜੇਕਰ ਮੈਂ ਹਿੰਮਤ ਕਰ ਕੇ ਚੇਤਨ ਅਵਸਥਾ ਵਿਚ ਨਾ ਆਉਂਦੀ ਤਾਂ ਅਨਰਥ ਹੋ ਜਾਂਦਾ। ਕਿਹਾ ਜਾਣਾ ਸੀ, ‘‘ਇਸ ਵਿਚ ਇਸਦੇ ਪੁੱਤਰ ਦੀ ਰੂਹ ਆ ਗਈ ਹੈ... ਇਸ ਨੂੰ ‘ਬਾਹਰਲੀ ਕਸਰ’ ਹੋ ਗਈ ਹੈ।’’

ਮੈਂ ਅਜਿਹੇ ਕਈ ਕੇਸ ਅੱਖੀਂ ਦੇਖੇ ਹੋਏ ਸਨ। ਉਨ੍ਹਾਂ ਨੂੰ ਪੁੱਛਿਆ ਜਾਂਦਾ, ‘‘ਤੂੰ ਕੌਣ ਏਂ ਤੇ ਕਿੱਥੋਂ ਆਇਆ ਏਂ?’’ ਪੀੜਤ ਮਰਦ/ਔਰਤ ਸੁੰਨ ਹੋਈ ਸੁਰਤ ਵਿਚੋਂ ਬੋਲਦਾ ਕਿ ਮੈਂ ਫਲਾਣਾ ਜਾਂ ਫਲਾਣੀ ਬੋਲਦਾ/ਬੋਲਦੀ ਹਾਂ। ਅਜਿਹੇ ਮੌਕੇ ਤਾਂ ਕਈ ਵਾਰ ਪੜ੍ਹੇ-ਲਿਖੇ ਲੋਕ ਵੀ ਧੋਖਾ ਖਾ ਜਾਂਦੇ ਹਨ। ਉਹ ਵੀ ਕਹਿੰਦੇ ਹਨ ਕਿ ਇਸ ਵਿਚ ਕੋਈ ਆਤਮਾ ਆ ਵੜੀ ਹੈ। ਉਸ ‘ਬੋਲਦੀ ਆਤਮਾ’ ਦੀਆਂ ਮੰਗਾਂ ਵੀ ਮੰਨੀਆਂ ਜਾਂਦੀਆਂ ਹਨ। ਬਹੁਤ ਸਾਰੇ ਲੋਕ ਅਖੌਤੀ ਸਾਧਾਂ ਤੇ ਤਾਂਤਰਿਕਾਂ ਦੇ ਚੱਕਰ ਵਿਚ ਫਸ ਜਾਂਦੇ ਹਨ ਜਿਨ੍ਹਾਂ ਨੂੰ ਉਹ ਦੋਵੇਂ ਹੱਥੀਂ ਲੁੱਟਦੇ ਹਨ। ਕਈ ਵਾਰ ਉਨ੍ਹਾਂ ਨੂੰ ਗਰਮ ਚਿਮਟਿਆਂ ਸਲਾਖਾਂ ਜਾਂ ਕਿਸੇ ਛੜੀ/ਸੋਟੀ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ। ਉਸ ਵਿਚ ਵੜ ਬੈਠੀ ਆਤਮਾ ਜਾਂ ਭੂਤ-ਚੁੜੇਲਾਂ ਨੂੰ ਕੁੱਟ-ਕੁੱਟ ਕੇ ਕੱਢਣ ਦਾ ਡਰਾਮਾ ਕੀਤਾ ਜਾਂਦਾ ਹੈ। ਇਸ ਅੰਧ-ਵਿਸ਼ਵਾਸ ਵਿਚ ਕਈ ਲੋਕ ਜਾਨ ਤੋਂ ਹੀ ਹੱਥ ਧੋ ਬੈਠਦੇ ਹਨ ਜਾਂ ਫਿਰ ਉਮਰ ਭਰ ਲਈ ਮਨੋਰੋਗੀ ਹੋ ਜਾਂਦੇ ਹਨ।

ਮੈਂ ਸਾਰੀ ਗੱਲ ਸਮਝਦੀ ਸਾਂ ਕਿ ਪੁੱਤਰ ਦੇ ਅਚਾਨਕ ਵਿਛੋੜੇ ਦੇ ਅਕਹਿ ਤੇ ਅਸਹਿ ਦੁੱਖ ਨੇ ਮੇਰੀ ਇਹ ਹਾਲਤ ਕੀਤੀ ਹੈ। ਪੜ੍ਹੇ ਹੋਏ ਚੰਗੇ ਸਾਹਿਤ ਅਤੇ ਚੰਗੇ ਸੰਸਕਾਰਾਂ ਵਿਚ ਪਲ਼ੀ ਹੋਣ ਨੇ ਸਾਡੇ ਪਰਿਵਾਰ ਨੂੰ ਹੋਰ ਮੁਸੀਬਤਾਂ ਤੋਂ ਬਚਾਅ ਲਿਆ। ਮੈਂ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ। ਉਨ੍ਹਾਂ ਨੂੰ ਚੌਕੰਨੇ ਕੀਤਾ ਕਿ ਅਜਿਹੀ ਹਾਲਤ ਵਿਚ ਮੈਨੂੰ ਉਠਾ ਕੇ ਚਾਹ-ਦੁੱਧ ਜਾਂ ਪਾਣੀ ਪਿਆਇਆ ਜਾਵੇ। ਇਸ ਨਾਲ ਨਿਢਾਲ ਹੋਏ ਤਨ-ਮਨ ਨੂੰ ਫੌਰੀ ਤੌਰ ’ਤੇ ਜ਼ਰਾ ਤਾਕਤ ਮਿਲੇਗੀ। ਦੂਜਾ ਕਿ ਮੇਰਾ ਧਿਆਨ ਹੋਰ ਪਾਸੇ ਮੋੜਨ ਦੀ ਕੋਸ਼ਿਸ਼ ਕਰਨੀ। ਮੈਨੂੰ ਇਕੱਲੀ ਨਾ ਛੱਡਣ ਦੀ ਹਦਾਇਤ ਤਾਂ ਡਾਕਟਰ ਨੇ ਪਹਿਲਾਂ ਹੀ ਕੀਤੀ ਹੋਈ ਸੀ। ਮੈਂ ਉਨ੍ਹਾਂ ਨੂੰ ਇਹ ਵੀ ਸਮਝਾ ਦਿੱਤਾ ਕਿ ਮੇਰੀ ਆਵਾਜ਼ ਵੀ ਉਸ ਹਾਲਤ ਵਿਚ ਰਾਜੇ ਬੇਟੇ ਵਰਗੀ ਹੋ ਸਕਦੀ ਹੈ। ਮੈਂ ਫ਼ੈਸਲਾ ਕਰ ਲਿਆ ਸੀ ਕਿ ਤਕੜੀ ਹੋ ਕੇ ਹਾਲਾਤ ਨਾਲ ਸਿੱਝਾਂਗੀ ਤੇ ਅਜਿਹੀ ਨੌਬਤ ਨਹੀਂ ਆਉਣ ਦਿਆਂਗੀ। ਮੇਰੇ ਪਤੀ ਨੇ ਬਹੁਤ ਸਿਆਣੀ ਤੇ ਵਜ਼ਨਦਾਰ ਗੱਲ ਮੈਨੂੰ ਆਖੀ। ਉਹ ਮੇਰੀ ਮਨੋਦਸ਼ਾ ਨੂੰ ਸਮਝਦੇ ਸਨ। ਉਨ੍ਹਾਂ ਕਿਹਾ, ‘‘ਜੇ ਤੂੰ ਸਾਰਾ ਕੁਝ ਸਮਝਦੀ ਏਂ ਤਾਂ ਮਨ ਤਕੜਾ ਕਰ ਕੇ ਸਬਰ ਕਰ ਕਿ ਰਾਜੇ ਨੇ ਹੁਣ ਵਾਪਸ ਨਹੀਂ ਆਉਣਾ... ਦੋਵੇਂ ਬੱਚੇ ਉਸੇ ਦਾ ਰੂਪ ਨੇ। ਉਨ੍ਹਾਂ ਦੀ ਚੰਗੀ ਪਰਵਰਿਸ਼ ਕਰਨ ਬਾਰੇ ਸੋਚ... ਨੂੰਹ ਤੇ ਧੀਆਂ ਵੱਲ ਦੇਖ। ਜੇ ਤੂੰ ਢੇਰੀ ਢਾਹ ਕੇ ਬੈਠ ਗਈ ਤਾਂ ਸਾਡਾ ਸਾਰਿਆਂ ਦਾ ਕੀ ਬਣੇਗਾ? ਨੂੰਹ ਤੇ ਮਾਸੂਮ ਬੱਚਿਆਂ ਬਾਰੇ ਸੋਚ ਹੁਣ ਇਹ ਆਪਣੀ ਜਾਨ ਅਤੇ ਜ਼ਿੰਮੇਵਾਰੀ ਨੇ...।’’

ਬੱਚਿਆਂ ਵਿਚ ਤਾਂ ਜਿਵੇਂ ਸੱਚਮੁੱਚ ਹੀ ਮੇਰੀ ਜਾਨ ਅਟਕੀ ਹੋਈ ਸੀ। ਮੈਨੂੰ ਮੈਨੂੰ ਕਿਸੇ ਨਜ਼ਦੀਕੀ ਨੇ ਕਿਹਾ ਸੀ ਕਿ ਤੂੰ ਮਰਨਾ ਚਾਹੇਂ ਤਾਂ ਵੀ ਮਰ ਨਹੀਂ ਸਕੇਂਗੀ, ਰਾਜੇ ਦੇ ਬੱਚਿਆਂ ਨੇ ਤੈਨੂੰ ਮਰਨ ਵੀ ਨਹੀਂ ਦੇਣਾ। ਪੁੱਤਰ ਦੇ ਬੱਚਿਆਂ ਪ੍ਰਤੀ ਫ਼ਰਜ਼ਾਂ ਤੇ ਮੋਹ ਨੇ ਮੈਨੂੰ ਤਕੜੀ ਕੀਤਾ। ਟੁੱਟੇ ਦਿਲ ਤੇ ਟੁੱਟੀਆਂ ਹੱਡੀਆਂ ਵਿਚ ਟਾਹਣੀਓਂ ਟੁੱਟੇ ਫੁੱਲਾਂ ਵਰਗੇ ਬੱਚਿਆਂ ਨੂੰ ਗਲ਼ ਲਾ ਕੇ ਤਾਕਤ ਭਰ ਗਈ। ਬੱਚਿਆਂ ਦੇ ਚਿਹਰਿਆਂ ’ਤੇ ਵੀ ਖੇੜਾ ਆਉਣ ਲੱਗਾ। ਅੱਜ ਹੋਰ ਕੱਲ੍ਹ ਹੋਰ, ਮੈਂ ਘਰ ਪਰਿਵਾਰ ਤੇ ਆਪਣੇ ਬੇਟੇ ਦੇ ਬੀਵੀ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਦਾ ਬੋਝ ਮੋਢਿਆਂ ’ਤੇ ਚੁੱਕ ਲਿਆ। ਉਹ ਸੱਤ ਮਹੀਨਿਆਂ ਦੀ ਬੱਚੀ ਅੱਜ +2 ਦੀ ਵਿਦਿਆਰਥਣ ਹੈ ਤੇ ਦੋ ਸਾਲਾਂ ਦਾ ਬੇਟਾ +2 ਕਰ ਕੇ ਅਗਲੀ ਪੜ੍ਹਾਈ ਦੀ ਤਿਆਰੀ ਕਰ ਰਿਹਾ ਹੈ। ਆਪਣੇ ਵਿੱਛੜੇ ਪੁੱਤਰ ਦੀ ਯਾਦ ਭਾਵੇਂ ਧੁਰ ਅੰਦਰ ਸਮਾਈ ਤੇ ਆਂਦਰਾਂ ਨਾਲ ਲਿਪਟੀ ਹੋਈ ਹੈ, ਪਰ ਮੁੜ ਮੇਰੀ ਕਦੇ ਵੀ ਉਹ ਹਾਲਤ ਨਹੀਂ ਹੋਈ। ਜੇ ਅਸੀਂ ਲੋਕਾਂ ਵਾਂਗ ਤਾਂਤਰਿਕਾਂ ਜਾਂ ਅਖੌਤੀ ਸਾਧਾਂ ਦੇ ਚੱਕਰ ਵਿੱਚ ਫਸ ਜਾਂਦੇ ਤਾਂ ਸਾਡਾ ਘਰ ਬਰਬਾਦ ਹੋ ਜਾਂਦਾ ਤੇ ਬੱਚੇ ਰੁਲ਼ ਜਾਂਦੇ। ਮੇਰੀ ਥੋੜ੍ਹੀ ਜਿਹੀ ਹਿੰਮਤ ਤੇ ਪਤੀ ਦੀ ਆਖੀ ਗੱਲ ਨੇ ਮੈਨੂੰ ਜ਼ਿੰਦਗੀ ਦੇ ਕਦੇ ਮਾਰੂਥਲ ਵਾਂਗ ਤਪਦੇ ਤੇ ਕਦੇ ਕੱਕਰਾਂ ਭਰੇ ਠੰਢੇ ਯਖ਼ ਰਾਹਾਂ ’ਤੇ ਨੰਗੇ ਪੈਰੀਂ ਬਿਨਾਂ ਕਸੀਸ ਵੱਟੇ ਤੁਰਨਾ ਸਿਖਾਇਆ।

ਸੰਪਰਕ: 98728-98599

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All