ਜਿਊਂਦੇ ਜਾਗਦੇ ਚਿਹਰੇ

ਜਿਊਂਦੇ ਜਾਗਦੇ ਚਿਹਰੇ

ਗੁਰਬਚਨ ਸਿੰਘ ਭੁੱਲਰ ਦੀ ਪੁਸਤਕ ਦਾ ਟਾਈਟਲ

ਪਰਮਜੀਤ ਢੀਂਗਰਾ

ਇਕ ਪੁਸਤਕ - ਇਕ ਨਜ਼ਰ

ਗੁਰਬਚਨ ਸਿੰਘ ਭੁੱਲਰ ਪੰਜਾਬੀ ਸਾਹਿਤ ਦਾ ਸਮਰੱਥ ਗਲਪਕਾਰ ਹੀ ਨਹੀਂ ਸਗੋਂ ਉੱਤਮ ਗੱਦ ਲੇਖਕ ਵੀ ਹੈ। ਉਸ ਨੇ ਹਥਲੇ ਜੀਵਨੀ ਸੰਗ੍ਰਹਿ ‘ਅਸਾਂ ਮਰਨਾ ਨਾਹੀਂ’ ਵਿਚ ਚਾਰ ਉੱਘੀਆਂ ਸਾਹਿਤਕ ਹਸਤੀਆਂ ਦੇ ਜੀਵਨ ਬਿਰਤਾਂਤ ਹੀ ਨਹੀਂ ਸਿਰਜੇ ਸਗੋਂ ਉਨ੍ਹਾਂ ਦੀ ਕਰਮ ਭੂਮੀ ਨਾਲ ਜੁੜੇ ਬਿਰਤਾਂਤਾਂ ਨੂੰ ਪੇਸ਼ ਕਰਕੇ ਜੀਵਨੀ ਤੋਂ ਵੀ ਅੱਗੇ ਉਨ੍ਹਾਂ ਦੇ ਕਲਾਤਮਕ ਪਾਸਾਰਾਂ ਰਾਹੀਂ ਜ਼ਿੰਦਗੀ ਨੂੰ ਦੇਖਣ ਦਾ ਉਪਰਾਲਾ ਕੀਤਾ ਹੈ। ਅਜਿਹਾ ਉਪਰਾਲਾ ਹਰ ਜੀਵਨੀਕਾਰ ਨਹੀਂ ਕਰ ਸਕਦਾ। ਕਿਸੇ ਹਸਤੀ ਨੂੰ ਨੇੜਿਓਂ ਤੇ ਲੰਮਾ ਸਮਾਂ ਉਸ ਦੇ ਸਾਹਿਤਕ ਸਫ਼ਰ ਨੂੰ ਸੂਝ ਨਾਲ ਵਿਗਸਦਿਆਂ ਦੇਖਣ ਵਾਲਾ ਰਚਨਾਕਾਰ ਹੀ ਅਜਿਹਾ ਕਰ ਸਕਦਾ ਹੈ।

ਦੇਵਿੰਦਰ ਸਤਿਆਰਥੀ

ਗੁਰਬਚਨ ਸਿੰਘ ਭੁੱਲਰ ਦੇ ਇਸ ਸੰਗ੍ਰਹਿ ਵਿਚ ‘ਬਹੁਰੰਗੇ ਫੁੱਲਾਂ ਨਾਲ ਲੱਦਿਆ ਗੁਲਮੋਹਰ- ਦੇਵਿੰਦਰ ਸਤਿਆਰਥੀ’; ‘ਖੱਲ ਉਤਰਵਾ ਕੇ ਲੂਣ ਵਿਚੋਂ ਲੰਘਿਆ ਕਹਾਣੀਕਾਰ ਰਾਜਿੰਦਰ ਸਿੰਘ ਬੇਦੀ’; ‘ਡਾਕਟਰ ਪਲਟਾ ਦਾ ਉਮਰ-ਭਰ ਦਾ ਸ਼ਗਿਰਦ - ਬਲਵੰਤ ਗਾਰਗੀ’ ਅਤੇ ‘ਮਨਚਾਹਿਆ ਜੀਵਨ, ਅਣਚਾਹੀਆਂ ਮੁਸ਼ਕਲਾਂ- ਅੰਮ੍ਰਿਤਾ ਪ੍ਰੀਤਮ’ ਆਦਿ ਦੇ ਜੀਵਨ ਬਿਰਤਾਂਤ ਸ਼ਾਮਲ ਹਨ। ਇਨ੍ਹਾਂ ਚਾਰਾਂ ਸਾਹਿਤਕ ਹਸਤੀਆਂ ਦੁਆਲੇ ਯਥਾਰਥ ਤੇ ਮਿੱਥਾਂ ਦੇ ਅਜਿਹੇ ਜਾਲ ਬੁਣੇ ਗਏ ਸਨ ਜਿਨ੍ਹਾਂ ਕਰਕੇ ਇਨ੍ਹਾਂ ਦੇ ਕਰਮ ਖੇਤਰ, ਰਿਸ਼ਤਿਆਂ ਤੇ ਸਾਹਿਤਕ ਖੇਤਰਾਂ ਬਾਰੇ ਕਈ ਤਰ੍ਹਾਂ ਦੇ ਭਰਮ ਭੁਲੇਖੇ ਜਨਮ ਲੈਂਦੇ ਰਹੇ। ਹਥਲੀ ਪੁਸਤਕ ਵਿਚ ਲੇਖਕ ਨੇ ਇਨ੍ਹਾਂ ਨੂੰ ਸਗਵੇਂ ਰੂਪ ਵਿਚ ਇਕ ਫਰੇਮ ਵਿਚ ਉਤਾਰਨ ਦਾ ਸ਼ਲਾਘਾਯੋਗ ਉੱਦਮ ਕੀਤਾ ਹੈ।

ਇਨ੍ਹਾਂ ਦੀ ਰਚਨਾ ਬਾਰੇ ਲੇਖਕ ਦਾ ਕਥਨ ਹੈ ਕਿ ਉਹਨੇ ਇਨ੍ਹਾਂ ਲੇਖਕਾਂ ਦੇ ਸ਼ਬਦ ਚਿੱਤਰ ਲਿਖੇ ਸਨ, ਪਰ ਉਹ ਆਕਾਰ ਪੱਖੋਂ ਛੋਟੇ ਸਨ ਤੇ ਹੁਣ ਇਨ੍ਹਾਂ ਸਾਹਿਤ ਤੇ ਸਾਹਿਤਕਾਰਾਂ ਨਾਲ ਵਾਹ ਪਿਆਂ ਜੁਗੜੇ ਬੀਤ ਗਏ ਹਨ, ਕੁਝ ਲੇਖਕਾਂ ਬਾਰੇ ਉਹਦੇ ਕੋਲ ਮਨ ਵਿਚ ਅੱਖੀਂ ਡਿੱਠਾ ਏਨਾ ਕੁਝ ਇਕੱਤਰ ਹੋ ਗਿਆ ਸੀ ਕਿ ਸਾਧਾਰਨ ਅਕਾਰ ਦੇ ਸ਼ਬਦ ਚਿੱਤਰ ਉਨ੍ਹਾਂ ਦੀ ਸ਼ਖ਼ਸੀਅਤ ਦਾ ਦਰਪਣ ਨਹੀਂ ਸਨ ਹੋ ਸਕਦੇ। ਇਸੇ ਕਰਕੇ ਭੁੱਲਰ ਹੋਰਾਂ ਜੀਵਨੀ ਦਾ ਪੈਟਰਨ ਤਿਆਗ ਕੇ ਜੀਵਨੀ ਤੋਂ ਛੋਟੇ ਤੇ ਸ਼ਬਦ ਚਿੱਤਰ ਤੋਂ ਵਧੇਰੇ ਵਿਸਥਾਰ ਵਾਲੇ ਇਹ ਸਾਹਿਤਕ ਰੂਪ ਸਿਰਜੇ ਹਨ। ਅਜਿਹੇ ਸਾਹਿਤਕ ਰੂਪ ਦੂਜੀਆਂ ਭਾਸ਼ਾਵਾਂ ਵਿਚ ਮਿਲਦੇ ਹਨ, ਪਰ ਪੰਜਾਬੀ ਵਿਚ ਇਹ ਨਿਵੇਕਲਾ ਤੇ ਪਹਿਲਾ ਸ਼ਲਾਘਾਯੋਗ ਕਦਮ ਹੈ।

ਸਭ ਤੋਂ ਪਹਿਲਾਂ ਦੇਵਿੰਦਰ ਸਤਿਆਰਥੀ ਦੀ ਗੱਲ ਕਰੀੲੇ। ਸਤਿਆਰਥੀ ਹੋਰੀਂ ਇਕ ਚਲਦੀ ਫਿਰਦੀ ਟਕਸਾਲ ਸੀ। ਉਨ੍ਹਾਂ ਨੇ ਚੜ੍ਹਦੀ ਉਮਰੇ ਲੋਕਗੀਤ ਇਕੱਠੇ ਕਰਨ ਦਾ ਕੰਮ ਅਰੰਭਿਆ ਤੇ ਭਾਰਤ ਦੇ ਕੋਨੇ ਕੋਨੇ ਵਿਚੋਂ ਜਾ ਕੇ ਕੋਈ ਤਿੰਨ ਲੱਖ ਦੇ ਕਰੀਬ ਲੋਕ ਗੀਤ ਇਕੱਠੇ ਕੀਤੇ। ਅਜਿਹਾ ਕੰਮ ਅੱਜ ਤੱਕ ਨਾ ਤਾਂ ਕੋਈ ਸੰਸਥਾ ਕਰ ਸਕੀ ਹੈ ਤੇ ਨਾ ਉਨ੍ਹਾਂ ਦੇ ਕੰਮ ਨੂੰ ਕੋਈ ਉਲੰਘ ਸਕਿਆ ਹੈ। ਉਨ੍ਹਾਂ ਦੀ ਜ਼ਿੰਦਗੀ ਦੇ ਬਿਰਤਾਂਤ ਪੜ੍ਹਣ ਉਪਰੰਤ ਸਹਿਜੇ ਹੀ ਇਸ ਗੱਲ ਦਾ ਗਿਆਨ ਹੋ ਜਾਂਦਾ ਹੈ ਕਿ ਉਨ੍ਹਾਂ ਦੀ ਸ਼ਖ਼ਸੀਅਤ ਵਿਚ ਲੋਕ ਗੀਤ ਵਰਗੀ ਮਿਠਾਸ, ਰਵਾਨੀ ਤੇ ਭਾਸ਼ਾ ਦੇ ਚਸ਼ਮੇ ਇਸੇ ਕਰਕੇ ਵੰਨ-ਸੁਵੰਨੀ ਭਾਹ ਵਾਲੇ ਹਨ ਕਿਉਂਕਿ ਉਨ੍ਹਾਂ ਵਿਚ ਹਿੰਦੋਸਤਾਨੀ ਲੋਕ ਤਹਿਜ਼ੀਬ ਦਾ ਸਮਾਵੇਸ਼ ਚੜ੍ਹਦੀ ਉਮਰੇ ਹੋ ਗਿਆ ਸੀ।

ਰਾਜਿੰਦਰ ਸਿੰਘ ਬੇਦੀ

ਸਤਿਆਰਥੀ ਦੀ ਸ਼ਖ਼ਸੀਅਤ ਦਾ ਇਕ ਵੱਡਾ ਗੁਣ ਯਾਤਰੀ ਦੇ ਰੂਪ ਵਿਚ ਉਘੜਦਾ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਕਈਆਂ ਦੇ ਪੈਰ ਵਿਚ ਚੱਕਰ ਹੁੰਦਾ ਹੈ ਜਿਹੜਾ ਉਹਨੂੰ ਟਿਕਣ ਨਹੀਂ ਦੇਂਦਾ। ਸ਼ਾਇਦ ਸਤਿਆਰਥੀ ਦੇ ਪੈਰ ਵਿਚ ਵੀ ਕੋਈ ਅਜਿਹਾ ਚੱਕਰ ਸੀ। ਉਨ੍ਹਾਂ ਦੀ ਇਸ ਯਾਤਰਾ ਨੂੰ ਘੁਮੱਕੜੀ ਕਹਿਣਾ ਚਾਹੀਦਾ ਹੈ। ਇਹਦੇ ਬਾਰੇ ਅਨੇਕਾਂ ਕਿੱਸੇ ਮਸ਼ਹੂਰ ਹਨ। ਜਿਵੇਂ ਸਤਿਆਰਥੀ ਜੀ ਪੁਰਾਣਾ ਕਿੱਸਾ ਨਵੇਂ ਵਾਂਗ ਸੁਆਦ ਲੈ ਕੇ ਸੁਣਾਉਣ ਲੱਗੇ, ‘ਕੁਦਰਤ ਦੀ ਖੇਡ ਦੇਖੋ, ਚਿੱਤ ਵਿਚ ਕੀ ਆਈ ਸਬਜ਼ੀ ਖਰੀਦਣ ਗਿਆ ਮੈਂ ਮਿੱਤਰਾਂ ਨੂੰ ਮਿਲਣ ਪਾਕਿਸਤਾਨ ਪਹੁੰਚ ਗਿਆ। ਲੋਕਮਾਤਾ ਨੇ ਨਹਿਰੂ ਨੂੰ ਚਿੱਠੀ ਲਿਖ ਦਿੱਤੀ, ਤੁਸੀਂ ‘ਡਿਸਕਵਰੀ ਆਫ ਇੰਡੀਆ’ ਲਿਖ ਕੇ ਇੰਡੀਆ ਤਾਂ ਲੱਭ ਲਿਆ, ਹੁਣ ਮੇਰਾ ਪਤੀ ਲੱਭੋ ਤਾਂ ਜਾਣਾਂ। ਉਨ੍ਹਾਂ ਨੇ ਪਾਕਿਸਤਾਨ ਵਿਚ ਭਾਰਤੀ ਦੂਤਾਵਾਸ ਨੂੰ ਹੁਕਮ ਚਾੜ੍ਹਿਆ। ਭਾਰਤੀ ਹਾਈ ਕਮਿਸ਼ਨਰ ਦੀ ਪਤਨੀ ਨੇ ਲੱਭ ਲਭਾ ਕੇ ਸਮੁੱਚੀ ਇਸਤਰੀ ਜਾਤੀ ਦਾ ਵਾਸਤਾ ਪਾਉਂਦਿਆਂ ਹੱਥ ਜੋੜੇ ਕਿ ਮੈਂ ਘਰ ਪਰਤ ਜਾਵਾਂ।’

ਸਤਿਆਰਥੀ ਦੇ ਨਾਂ ਬਾਰੇ ਵੀ ਕਈ ਭੁਲੇਖੇ ਸਨ ਕਿ ਉਨ੍ਹਾਂ ਨੇ ਸਤਿਆਰਥੀ ਨਾਂ ਕਿਉਂ ਆਪਣੇ ਨਾਲ ਜੋੜਿਆ। ਇਹਦੇ ਬਾਰੇ ਉਹ ਸਪਸ਼ਟੀਕਰਨ ਦੇਂਦੇ ਹਨ ਕਿ - ਘਰਦਿਆਂ ਨੇ ਮੇਰਾ ਪਲੇਠਾ ਨਾਂ ਤਾਂ ਯੁਧਿਸ਼ਟਰ ਰੱਖਿਆ ਸੀ। ਫੇਰ ਉਨ੍ਹਾਂ ਨੇ ਬਦਲ ਕੇ ਦੇਵਿੰਦਰ ਬੱਤਾ ਕਰ ਦਿੱਤਾ। ਸ਼ੁਰੂ ਵਿਚ ਲੋਕਯਾਨ ਯਾਤਰਾ ਦੌਰਾਨ ਕਈ ਵਾਰ ਚਾਰ ਪੈਸਿਆਂ ਲਈ ਮੈਂ ਰਾਹ ਵਿਚ ਕੋਈ ਛੋਟਾ ਮੋਟਾ ਕੰਮ ਵੀ ਕਰ ਲੈਂਦਾ ਸੀ। 1929 ਵਿਚ ਮੈਂ ਅਜਮੇਰ ਦੇ ‘ਵੈਦਕ ਯੰਤ੍ਰਾਲਯ ਪ੍ਰੈਸ’ ਵਿਚ ਕੁਝ ਦਿਨ ਕੰਮ ਕੀਤਾ ਤਾਂ ਓਥੇ ‘ਸਤਿਆਰਥ ਪ੍ਰਕਾਸ਼’ ਦੀ ਛਪਾਈ ਹੋ ਰਹੀ ਸੀ। ਸਤਿਆਰਥ ਸ਼ਬਦ ਮੈਨੂੰ ਵਧੀਆ ਲੱਗਿਆ ਤੇ ਇਉਂ ਮੈਂ ਦੇਵਿੰਦਰ ਸਤਿਆਰਥੀ ਬਣ ਗਿਆ।’

ਸਤਿਆਰਥੀ ਨੇ ਸਾਰੀ ਉਮਰ ਫ਼ਕੀਰੀ ਹੰਢਾਈ। ਨਾ ਉਨ੍ਹਾਂ ਨੇ ਪੈਸਾ ਕਮਾਇਆ ਨਾ ਜੋੜਿਆ। ਹਮੇਸ਼ਾਂ ਖਾਲੀ ਜੇਬ ਨਾਲ ਯਾਤਰਾ ਕੀਤੀ। ਲੋਕ ਗੀਤਾਂ ਦੀ ਧੁਨ ਵਿਚ ਉਹ ਇਹ ਵੀ ਭੁੱਲ ਗਏ ਕਿ ਦੁਨੀਆਦਾਰੀ ਪੈਸੇ ਨਾਲ ਚਲਦੀ ਹੈ। ਲੋਕ ਗੀਤ ਹੁੰਦੇ ਤਾਂ ਸੁਨਹਿਰੀ ਅਸ਼ਰਫੀਆਂ ਵਰਗੇ ਹਨ, ਪਰ ਬਾਜ਼ਾਰ ਵਿਚ ਇਹ ਮੁਦਰਾ ਦਾ ਬਦਲ ਨਹੀਂ ਬਣ ਸਕਦੇ। ਉਹ ਕਿਹਾ ਕਰਦੇ ਸਨ ਕਿ ਅਸੀਂ ਤਾਂ ਜਨੇਤ ਨਾਲ ਆਏ ਹਾਂ। ਮੈਂ ਤਾਂ ਆਪਣੇ ਘਰ ਵਿਚ ਅਨਪੇਇੰਗ ਗੈਸਟ ਵਾਂਗ ਰਹਿੰਦਾ ਹਾਂ। ਨਾ ਰਾਸ਼ਨ ਲਿਆਉਣ ਦੀ ਚਿੰਤਾ, ਨਾ ਦੁੱਧ ਦੀ। ਮੈਂ ਨਵੇਂ ਬੂਟ ਆਪ ਕਦੇ ਨਹੀਂ ਖਰੀਦਦਾ। ਨਾ ਕੋਟ ਲਈ ਕੱਪੜਾ, ਨਾ ਵਾਲਾਂ ਲਈ ਤੇਲ, ਨਾ ਕੰਘੀ। ਲਿਖਣ ਲਈ ਕਾਗਜ਼ ਵੀ ਲੋਕਮਾਤਾ ਹੀ ਖਰੀਦ ਕੇ ਦੇਵੇ ਤੇ ਸਿਆਹੀ ਵੀ ਤੇ ਕਲਮ ਵੀ।

ਬਲਵੰਤ ਗਾਰਗੀ

‘ਗਿੱਧਾ’ ਸਤਿਆਰਥੀ ਦੀ ਪਹਿਲੀ ਕਿਤਾਬ ਸੀ। ਇਸ ਨੇ ਜਿਵੇਂ ਵਿਦਵਾਨਾਂ ਨੂੰ ਕੀਲਿਆ ਤੇ ਜਿਸ ਰੂਪ ਵਿਚ ਇਹਦੀ ਕਦਰ ਪਈ, ਇਹਦੀ ਮਿਸਾਲ ਪੰਜਾਬੀ ਵਿਚ ਘੱਟ ਹੀ ਮਿਲਦੀ ਹੈ। ਪ੍ਰਿੰਸੀਪਲ ਤੇਜਾ ਸਿੰਘ ਨੇ ਉਨ੍ਹਾਂ ਨੂੰ ‘ਗੀਤਾਂ ਦਾ ਦੇਵਤਾ’ ਕਿਹਾ ਸੀ। ਗੁਰਬਖਸ਼ ਸਿੰਘ ਨੇ ਲੋਕਾਂ ਦੇ ਦਿਲ, ਲੋਕਗੀਤ ਦਾ ਪ੍ਰਤੀਕ ਕਿਹਾ ਸੀ।

ਸਤਿਆਰਥੀ ਨੇ ਲੋਕਗੀਤਾਂ ਤੋਂ ਇਲਾਵਾ ਕਵਿਤਾ, ਨਾਟਕ, ਕਹਾਣੀ, ਨਾਵਲ, ਸਵੈ-ਜੀਵਨੀ ਤੇ ਵਾਰਤਕ ਰੂਪਾਂ ’ਤੇ ਵੱਡੀ ਪੱਧਰ ’ਤੇ ਰਚਨਾ ਕੀਤੀ। ਉਨ੍ਹਾਂ ਨੇ ਜਿੰਨਾ ਸਾਹਿਤ ਪੰਜਾਬੀ ਵਿਚ ਰਚਿਆ ਓਨਾ ਹੀ ਹਿੰਦੀ ਤੇ ਅੰਗਰੇਜ਼ੀ ਵਿਚ ਵੀ ਲਿਖਿਆ।

ਇਸ ਜੀਵਨੀ ਵਿਚ ਭੁੱਲਰ ਨੇ ਸਤਿਆਰਥੀ ਦੀ ਜ਼ਿੰਦਗੀ ਦੇ ਲੁਕੇ ਹੋਏ ਪਹਿਲੂਆਂ ਨੂੰ ਪਹਿਲੀ ਵਾਰ ਪਾਠਕਾਂ ਸਾਹਮਣੇ ਲਿਆ ਕੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਰੰਗਲੇ ਰੂਪ ਵਿਚ ਪੇਸ਼ ਕੀਤਾ ਹੈ। ਉਨ੍ਹਾਂ ਬਾਰੇ ਟੋਟਕੇ, ਲਤੀਫ਼ੇ, ਉਨ੍ਹਾਂ ਦੇ ਅਧੂਰੇ ਇਸ਼ਕ, ਮੰਟੋ-ਸਤਿਆਰਥੀ ਬਿਰਤਾਂਤ, ਕਥਾ ਘੋੜਾ ਬਾਦਸ਼ਾਹ ਦੀ, ਵਿਚਾਰਧਾਰਕ ਦੁਬਿਧਾ ਤੇ ਅਸਪਸ਼ਟਤਾ, ਉਨ੍ਹਾਂ ਬਾਰੇ ਮਸ਼ਹੂਰ ਕਾਗਜ਼ ਬਣ ਗਿਆ ਗੱਤਾ, ਰਚਨਾਕਾਰ, ਮਹਾਰਿਸ਼ੀ ਵਿਚੋਂ ਜਿਹੜਾ ਸਤਿਆਰਥੀ ਨਿਕਲਦਾ ਹੈ ਉਹ ਸਚਮੁੱਚ ਇਬਾਦਤ ਯੋਗ, ਮਾਣਯੋਗ ਤੇ ਕਿਸੇ ਰਿਖੀ ਵਰਗਾ ਹੈ। ਸਤਿਆਰਥੀ ਅਸਲ ਵਿਚ ਇਕ ਵਰਤਾਰਾ ਸੀ ਤੇ ਅਜਿਹੇ ਵਰਤਾਰੇ ਯੁੱਗਾਂ ਪਿੱਛੋਂ ਵਾਪਰਦੇ ਹਨ। ਜਿਸ ਭਾਸ਼ਾ ਵਿਚ ਅਜਿਹੇ ਵਰਤਾਰੇ ਜਨਮਦੇ ਹਨ ਉਹ ਭਾਸ਼ਾ ਧੰਨ ਹੋ ਜਾਂਦੀ ਹੈ। ਸਤਿਆਰਥੀ ਹੋਰਾਂ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਜੋ ਕੁਝ ਦਿੱਤਾ ਹੈ ਉਹ ਲਾਸਾਨੀ ਹੈ, ਪਰ ਇਹਦਾ ਅਫ਼ਸੋਸ ਸਤਿਆਰਥੀ ਨੂੰ ਵੀ ਰਿਹਾ ਕਿ ਉਨ੍ਹਾਂ ਨੂੰ ਸਮਝਣ ਵਾਲੇ ਪਾਠਕ ਸ਼ਾਇਦ ਅਜੇ ਪੈਦਾ ਨਹੀਂ ਹੋਏ ਕਿਉਂਕਿ ਹਰ ਦਮ ਨਵਾਂ ਹੋਣ ਤੇ ਨਵਾਂ ਲਿਖਣ ਦੀ ਲੋਚਾ ਨੇ ਉਨ੍ਹਾਂ ਨੂੰ ਸਿਖਰ ’ਤੇ ਪਹੁੰਚਾਇਆ ਜਿੱਥੇ ਉਨ੍ਹਾਂ ਦੀ ਆਭਾ ਅੱਜ ਵੀ ਬਰਕਰਾਰ ਹੈ।

ਦੂਸਰੀ ਜੀਵਨੀ ਰਾਜਿੰਦਰ ਸਿੰਘ ਬੇਦੀ ਦੀ ਹੈ। ਬੇਦੀ ਬਿਨਾਂ ਉਰਦੂ ਸਾਹਿਤ ਦੇ ਇਤਿਹਾਸ ਦੀ ਤਰੀਖ ਮੁਕੰਮਲ ਨਹੀਂ ਹੁੰਦੀ। ਉਹ ਇਕ ਸਫ਼ਲ ਲੇਖਕ ਦੇ ਨਾਲ ਨਾਲ ਅਜਿਹਾ ਫਿਲਮਸਾਜ਼ ਤੇ ਫਿਲਮੀ ਲੇਖਕ ਸੀ ਜੋ ਕੁਝ ਨਵਾਂ ਕਰਨ ਨੂੰ ਲੋਚਦਾ ਸੀ, ਪਰ ਸਮੇਂ ਨੇ ਉਹਨੂੰ ਅਜਿਹਾ ਝੰਬਿਆ ਕਿ ਅਖੀਰ ਮੌਤ ਉਹਨੂੰ ਤੋਰ ਕੇ ਆਪਣੇ ਨਾਲ ਲੈ ਗਈ। ਉਹਨੇ ਆਪਣੀਆਂ ਸ਼ਰਤਾਂ ’ਤੇ ਸਾਹਿਤ ਰਚਿਆ, ਆਪਣੀਆਂ ਸ਼ਰਤਾਂ ’ਤੇ ਫਿਲਮਸਾਜ਼ੀ ਕੀਤੀ ਤੇ ਆਪਣੀਆਂ ਸ਼ਰਤਾਂ ’ਤੇ ਜ਼ਿੰਦਗੀ ਜੀਵੀ। ਸ਼ਾਇਦ ਇਸੇ ਕਰਕੇ ਉਨ੍ਹਾਂ ਨੇ ਜ਼ਿੰਦਗੀ ਵਿਚ ਦੁੱਖਾਂ ਦੀ ਪੰਡ ਬੰਨ੍ਹ ਲਈ ਅਤੇ ਇਨ੍ਹਾਂ ਦੁੱਖਾਂ ਨੇ ਉਨ੍ਹਾਂ ਨੂੰ ਅੰਤ ਮੌਤ ਦੇ ਮੂੰਹ ਲਿਜਾ ਸੁੱਟਿਆ।

ਕਹਾਣੀ ਦੇ ਬੀਜ ਬੇਦੀ ਸਾਹਿਬ ਦੇ ਖਮੀਰ ਵਿਚ ਮੁੱਢੋਂ ਹੀ ਸਨ। ਇਕ ਵਾਰ ਉਨ੍ਹਾਂ ਦੇ ਤਾਏ ਨੇ ਪੁੱਛਿਆ, ‘‘ਵੱਡਾ ਹੋ ਕੇ ਕੀ ਕਰਨ ਦਾ ਇਰਾਦਾ ਹੈ?’’ ਬੇਦੀ ਨੇ ਬੜੇ ਮਾਣ ਨਾਲ ਦੱਸਿਆ, ‘‘ਕਹਾਣੀਆਂ ਲਿਖਾਂਗਾ।’’ ਉਨ੍ਹਾਂ ਦਾ ਜੁਆਬ ਸੁਣ ਕੇ ਤਾਇਆ ਬੋਲਿਆ, ‘‘ਤਾਂ ਕੀ ਜ਼ਿੰਦਗੀ ਭਰ ਝੂਠ ਦੀ ਕਮਾਈ ਖਾਏਂਗਾ?’’

ਅੰਮ੍ਰਿਤਾ ਪ੍ਰੀਤਮ

ਉਨ੍ਹਾਂ ਦੀ ਭਾਸ਼ਾ ਯੋਗਤਾ ਦੀ ਗੱਲ ਕਰਦਿਆਂ ਲੇਖਕ ਲਿਖਦਾ ਹੈ - ਸਧਾਰਣ ਗੱਲ ਨੂੰ ਅਸਧਾਰਣ ਅਰਥ ਦੇਣਾ, ਛੋਟੀ ਚੀਜ਼ ਨੂੰ ਵੱਡਦਰਸ਼ੀ ਸ਼ੀਸ਼ੇ ਰਾਹੀਂ ਉਜਾਗਰ ਕਰਨਾ, ਹਉਮੈ ਦੀ ਹਵਾ ਨਾਲ ਫੁੱਲੇ ਗੁਬਾਰਿਆਂ ਵਿਚ ਸੂਈ ਚੋਭ ਕੇ ਉਨ੍ਹਾਂ ਨੂੰ ਅਸਲ ਆਕਾਰ ਵਿਚ ਲਿਆਉਣਾ, ਹਰ ਰੋਜ਼ ਦੇਖੀ ਜਾਣ ਵਾਲੀ ਚੀਜ਼ ਦੇ ਅਣਦਿਸੇ ਰਹਿ ਗਏ ਪੱਖ ਦਿਖਾਉਣਾ ਅਤੇ ਭਾਸ਼ਾ ਦੀ ਜਾਦੂਗਰੀ ਨਾਲ ਛੰਨੇ ਨੂੰ ਕਬੂਤਰ ਵਿਚ ਤੇ ਕਬੂਤਰ ਨੂੰ ਫੁੱਲਾਂ ਵਿਚ ਬਦਲ ਦੇਣਾ - ਇਹ ਰਾਜਿੰਦਰ ਸਿੰਘ ਬੇਦੀ ਸਨ।

ਬੇਦੀ ਹੋਰਾਂ ਘੱਟ ਲਿਖਿਆ ਪਰ ਜੋ ਲਿਖਿਆ ਉਹ ਪਾਠਕ ਨੂੰ ਝੰਜੋੜ ਕੇ ਰੱਖ ਦਿੰਦਾ। ਮਨੁੱਖੀ ਸੰਵੇਦਨਾਵਾਂ ਦੀ ਜਿੰਨੀ ਸੂਖ਼ਮ ਸਮਝ ਉਨ੍ਹਾਂ ਨੂੰ ਹੈ ਓਨੀ ਹੋਰ ਕਿਸੇ ਕਹਾਣੀਕਾਰ ਨੂੰ ਨਹੀਂ। ਸਿਰਜਣ ਪ੍ਰਕਿਰਿਆ ਬਾਰੇ ਉਹ ਖ਼ੁਦ ਲਿਖਦੇ ਹਨ - ‘ਰਚਨਾ ਕਰਦਿਆਂ ਲੇਖਕ ਵਿਚ ਹਉਮੈ ਵਰਗਾ ਆਤਮ-ਵਿਸ਼ਵਾਸ ਹੋਣਾ ਚਾਹੀਦਾ ਹੈ, ਪਰ ਜੋ ਨਿੱਗਰਤਾ ਤੋਂ ਦੁਰੇਡਾ ਨਾ ਹੋਵੇ। ਉਸ ਵਿਚ ਹਰ ਗੱਲ ਨੂੰ ਹੋਰਾਂ ਨਾਲੋਂ ਤਿਖੇਰੀ ਤਰ੍ਹਾਂ ਮਹਿਸੂਸ ਕਰਨ ਦੀ ਯੋਗਤਾ ਹੋਣੀ ਚਾਹੀਦੀ ਹੈ। ਲੇਖਕ ਦਾ ਤਾਲੂ ਅਤੇ ਮੂੰਹ ਜਾਨਵਰ ਵਰਗੇ ਹੋਣੇ ਚਾਹੀਦੇ ਹਨ ਜੋ ਚਾਰੇ ਨੂੰ ਰੇਤੇ-ਮਿੱਟੀ ਨਾਲੋਂ ਵੱਖ ਕਰ ਲੈਂਦਾ ਹੈ। ਸਾਹਿਤ ਦੇ ਨਾਲ ਹੀ ਲੇਖਕ ਨੂੰ ਹੋਰ ਕਲਾਵਾਂ ਦਾ ਖ਼ਾਸ ਕਰਕੇ ਸੰਗੀਤ ਦੀ, ਚਿੱਤਰਕਾਰੀ ਦੀ ਕੋਮਲਤਾ ਦਾ ਪਤਾ ਹੋਣਾ ਚਾਹੀਦਾ ਹੈ। ਜਦੋਂ ਇਹ ਸਭ ਗੱਲਾਂ ਸਾਧ ਲਈਆਂ ਜਾਣ, ਹਰ ਮੋੜ, ਹਰ ਨੁਕਰ ਉੱਤੇ ਕਹਾਣੀਆਂ ਖਿੰਡੀਆਂ ਪਈਆਂ ਦਿਸਣ ਲੱਗ ਪੈਂਦੀਆਂ ਹਨ। ਉਨ੍ਹਾਂ ਦੀ ਗਿਣਤੀ ਏਨੀ ਹੁੰਦੀ ਹੈ ਕਿ ਉਨ੍ਹਾਂ ਨੂੰ ਸਮੇਟ ਸਕਣਾ ਕਿਸੇ ਵੀ ਕਹਾਣੀਕਾਰ ਦੇ ਵੱਸ ਦੀ ਗੱਲ ਨਹੀਂ ਹੁੰਦੀ ਅਤੇ ਕਹਾਣੀਕਾਰ ਯੂਨਾਨੀ ਪੌਰਾਣਕ ਪਾਤਰ ਮੀਡਾਸ ਵਾਂਗ ਅਜਿਹੀ ਛੋਟ ਦਾ ਸੁਆਮੀ ਬਣ ਜਾਂਦਾ ਹੈ ਕਿ ਜਿਸ ਵਸਤ ਨੂੰ ਵੀ ਉਹ ਹੱਥ ਲਾਉਂਦਾ ਹੈ, ਉਹ ਸੋਨਾ ਬਣ ਜਾਂਦੀ ਹੈ।’

ਪੰਜਾਬੀ ਜਗਤ ਵਿਚ ਬੇਦੀ ਦੀਆਂ ਕਹਾਣੀਆਂ ਦੀ ਬਜਾਏ ਉਨ੍ਹਾਂ ਦੇ ਲਤੀਫ਼ੇ ਵਧੇਰੇ ਪ੍ਰਸਿੱਧ ਰਹੇ ਹਨ। ਕਿਹਾ ਜਾਂਦਾ ਹੈ ਕਿ ਜਿੰਨੀਆਂ ਉਨ੍ਹਾਂ ਦੀਆਂ ਕਹਾਣੀਆਂ ਅਤੇ ਫਿਲਮਾਂ ਮਸ਼ਹੂਰ ਹਨ, ਓਨੇ ਹੀ ਉਨ੍ਹਾਂ ਦੇ ਲਤੀਫ਼ੇ ਅਤੇ ਵਿਅੰਗ ਪ੍ਰਸਿੱਧ ਹਨ। ਉਨ੍ਹਾਂ ਦੇ ਇਕ ਲਤੀਫ਼ੇ ਦਾ ਜ਼ਿਕਰ ਕਰਦਿਆਂ ਭੁੱਲਰ ਹੋਰੀਂ ਲਿਖਦੇ ਹਨ: ਕਨਾਟ ਪਲੇਸ ਦਾ ਪ੍ਰਸਿੱਧ ਤੰਬੂ ਵਾਲਾ ਕਾਫ਼ੀ ਹਾਊਸ ਦਿੱਲੀ ਦੀ ਸਾਹਿਤਕ-ਸਭਿਆਚਾਰਕ ਸੱਥ ਸੀ। ਐਮਰਜੈਂਸੀ ਸਮੇਂ ਉਸ ਨੂੰ ਤੁੜਵਾ ਕੇ ਸੰਜੇ ਗਾਂਧੀ ਨੇ ਹੁਣ ਵਾਲਾ ਪਾਲਿਕਾ ਬਜ਼ਾਰ ਬਣਵਾ ਦਿੱਤਾ ਸੀ। ਉਸ ਵਿਚ ਸਜੀ ਹੋਈ ਮਹਿਫਿਲ ਵਿਚ ਬੇਦੀ ਸਾਹਿਬ ਪਧਾਰੇ ਤਾਂ ਪਹਿਲਾਂ ਤੋਂ ਬੈਠੇ ਸਭਨਾਂ ਵਿਚੋਂ ਉਨ੍ਹਾਂ ਦੀ ਨਜ਼ਰ ਚਿੱਤਰਕਾਰ ਜਸਵੰਤ ਸਿੰਘ ਉੱਤੇ ਟਿਕ ਗਈ ਜਿਨ੍ਹਾਂ ਦਾ ਕੱਦ ਬਹੁਤ ਹੀ ਛੋਟਾ ਸੀ। ਬੇਦੀ ਬੋਲੇ, ਜਸਵੰਤ, ਸਭ ਕੁਰਸੀਆਂ ਉੱਤੇ ਬੈਠੇ ਨੇ, ਤੂੰ ਭੁੰਜੇ ਕਿਉਂ ਬੈਠਾ ਹੈ?’

ਇਕ ਹੋਰ ਲਤੀਫ਼ੇ ਦਾ ਜ਼ਿਕਰ ਕਰਦਿਆਂ ਉਹ ਲਿਖਦੇ ਹਨ - ਅਲੀਗੜ੍ਹ ਦੀ ਇਕ ਅਦਬੀ ਮਹਿਫ਼ਿਲ ਵਿਚ ਇਕ ਮੁਸਲਮਾਨ ਲੇਖਕ ਨੇ ਪੰਗਾ ਲੈ ਲਿਆ, ‘ਬੇਦੀ ਸੁਨਾ ਹੈ ਕਿ ਸਰਦਾਰੋਂ ਕੇ ਬਾਰਾਂ ਬਜਤੇ ਹੈਂ?’ ਬੇਦੀ ਬੋਲੇ, ‘ਹਾਂ, ਬਜਤੇ ਹੈਂ’। ਮੀਆਂ ਬੋਲਿਆ, ‘ਕਿਤਨੀ ਬਾਰ ਬਜਤੇ ਹੈਂ?’ ਬੇਦੀ ਪੂਰੇ ਠਰ੍ਹੰਮੇ ਨਾਲ ਕਹਿੰਦੇ - ‘ਏਕ ਬਾਰ’। ਮੀਆਂ ਹੋਰ ਅੱਗੇ ਵਧਿਆ, ‘ਹਮਾਰੇ ਪੜੋਸ ਮੇਂ ਏਕ ਸਰਦਾਰ ਹੈ, ਉਸ ਕੇ ਤੋਂ ਦੋ ਬਾਰ ਬਾਰਾਂ ਬਜਤੇ ਹੈਂ।’ ਬੇਦੀ ਬੜੇ ਸਹਿਜ ਨਾਲ ਕਹਿੰਦੇ, ‘ਵੋਹ ਸਾਲਾ ਮੁਸਲਮਾਨ ਸੇ ਸਿੱਖ ਬਨਾ ਹੋਗਾ।’ ਤਿੱਖਾ ਵਿਅੰਗ ਤੇ ਚੋਭ ਬੇਦੀ ਦੀ ਭਾਸ਼ਾ ਦਾ ਵੱਡਾ ਗੁਣ ਹੈ। ਇਹ ਲਤੀਫ਼ੇ ਏਨੇ ਚਰਚਿਤ ਰਹੇ ਹਨ ਕਿ ਇਸ ਪੱਖੋਂ ਉਨ੍ਹਾਂ ਨੂੰ ਲਤੀਫ਼ਿਆਂ ਦਾ ਬਾਦਸ਼ਾਹ ਕਿਹਾ ਜਾਂਦਾ ਸੀ। ਹਰ ਸਥਿਤੀ ਵਿਚੋਂ ਉਹ ਵਿਅੰਗ ਬਾਣ ਸਿਰਜ ਲੈਂਦੇ ਸਨ।

ਬੇਦੀ ਸਾਹਿਬ ਦੇ ਇਸ਼ਕ ਵੀ ਮਸ਼ਹੂਰ ਰਹੇ ਹਨ। ਅਸਲ ਵਿਚ ਫਿਲਮੀ ਜਗਤ ਵਿਚ ਮਸਾਲੇਦਾਰ ਗੱਲਾਂ ਬਣਾ ਕੇ ਉਨ੍ਹਾਂ ਨੂੰ ਅਫ਼ਵਾਹਾਂ ਦੇ ਰੂਪ ਵਿਚ ਫੈਲਾਉਣ ਦਾ ਰਿਵਾਜ ਰਿਹਾ ਹੈ। ਜਦੋਂਕਿ ਬੇਦੀ ਹੋਰਾਂ ਅੰਦਰ ਔਰਤ ਲਈ ਅੰਤਾਂ ਦਾ ਸਤਿਕਾਰ ਤੇ ਤੜਪ ਮੌਜੂਦ ਸੀ। ਬਚਪਨ ਵਿਚ ਉਨ੍ਹਾਂ ਨੇ ਆਪਣੀ ਮਾਂ ਨੂੰ ਬਿਮਾਰ ਦੇਖਿਆ ਸੀ ਤੇ ਉਹ ਉਨ੍ਹਾਂ ਨੂੰ ਦੁੱਧ ਵੀ ਨਾ ਚੁੰਘਾ ਸਕੀ ਤੇ ਬਾਲ ਉਮਰੇ ਹੀ ਉਨ੍ਹਾਂ ਕੋਲੋਂ ਵਿਛੜ ਗਈ। ਬੇਦੀ ਸਾਰੀ ਉਮਰ ਉਸ ਮਾਂ ਦੀ ਮਮਤਾ ਹਰ ਔਰਤ ਵਿਚੋਂ ਦੇਖਦੇ ਰਹੇ।

ਉਹ ਬੜਾ ਹਸਾਸ ਕਿਸਮ ਦਾ ਲੇਖਕ ਸੀ, ਪਰ ਜ਼ਿੰਦਗੀ ਦੇ ਥਪੇੜੇ ਉਹਨੂੰ ਦੁੱਖਾਂ ਦੇ ਸਾਗਰ ਵਿਚ ਧੱਕਦੇ ਰਹੇ। ਵਹੁਟੀ ਦਾ ਸ਼ੱਕੀ ਸੁਭਾਅ, ਫਿਰ ਨੌਜਵਾਨ ਬੇਟੇ ਨਰਿੰਦਰ ਬੇਦੀ ਦੀ ਅਚਾਨਕ ਮੌਤ ਤੇ ਘਾਤਕ ਬਿਮਾਰੀ ਨੇ ਉਨ੍ਹਾਂ ਵਿਚੋਂ ਜਿਵੇਂ ਜ਼ਿੰਦਗੀ ਦਾ ਰਸ ਨਿਚੋੜ ਲਿਆ, ਪਰ ਉਹ ਅੰਤ ਤੱਕ ਸਾਹਿਤ ਤੇ ਕਲਾ ਦੀ ਤੜਪ ਵਿਚ ਜ਼ਿੰਦਗੀ ਦੇ ਉਜਲੇ ਪੱਖ ਵੱਲ ਵੇਖਦੇ ਰਹੇ ਕਿ ਸ਼ਾਇਦ ਜ਼ਿੰਦਗੀ ਉਨ੍ਹਾਂ ਨੂੰ ਬਖ਼ਸ਼ ਦੇਵੇ।

ਪੰਜਾਬ ਤੇ ਪੰਜਾਬੀ ਲਈ ਉਨ੍ਹਾਂ ਦੀ ਤੜਪ ਸਿਦਕਦਿਲੀ ਵਾਲੀ ਸੀ। ਇਸੇ ਪੰਜਾਬੀ ਸੁਭਾਅ ਵਿਚੋਂ ਉਨ੍ਹਾਂ ਨੇ ਬਹੁਤੇ ਪਾਤਰ ਸਿਰਜੇ ਹਨ ਜਿਨ੍ਹਾਂ ਨੇ ਉਨ੍ਹਾਂ ਦੀਆਂ ਕਹਾਣੀਆਂ ਤੇ ਕਲਾ ਨੂੰ ਅਮਰ ਕਰ ਦਿੱਤਾ। ਅਲ ਅਹਿਮਦ ਸਰੂਰ ਉਨ੍ਹਾਂ ਦੇ ਪਾਤਰਾਂ ਬਾਰੇ ਲਿਖਦਾ ਹੈ: ‘ਬੇਦੀ ਨੇ ਅਜਿਹੇ ਮਰਦਾਂ, ਔਰਤਾਂ, ਬੱਚਿਆਂ ਤੇ ਬੁੱਢਿਆਂ ਦਾ ਸਮੂਹ ਸਾਡੇ ਸਾਹਮਣੇ ਪੇਸ਼ ਕੀਤਾ ਹੈ ਜੋ ਦੇਵਤੇ ਜਾਂ ਸ਼ੈਤਾਨ ਨਹੀਂ, ਇਨਸਾਨ ਹਨ, ਜਿਨ੍ਹਾਂ ਵਿਚ ਕਮਜ਼ੋਰੀਆਂ ਵੀ ਹਨ ਤੇ ਜਿਨ੍ਹਾਂ ਵਿਚ ਸ਼ਕਤੀ ਦਾ ਅਹਿਸਾਸ ਵੀ ਹੈ, ਜੋ ਦੇਹਧਾਰੀ ਹਨ ਤੇ ਇਸ ਦੇਹ ਦੇ ਦਰਦ ਤੋਂ ਵੀ ਜਾਣੂੰ ਹਨ। ਇਹਦੇ ਨਾਲ ਹੀ ਉਹ ਦੇਹ ਵਿਚੋਂ ਆਤਮਾ ਦਾ ਸੰਗੀਤ ਸੁਣਨ ਦੇ ਵੀ ਕਾਬਿਲ ਹੁੰਦੇ ਹਨ।’

ਗੁਰਬਚਨ ਸਿੰਘ ਭੁੱਲਰ ਨੇ ਬੇਦੀ ਦੇ ਸਾਹਿਤਕ ਤੇ ਜੀਵਨ ਸਫ਼ਰ ਨੂੰ ਬੜੀ ਹੁੱਬ ਨਾਲ ਲਿਖਿਆ ਹੈ। ਅੰਤ ’ਤੇ ਆਰ.ਡੀ. ਸ਼ਰਮਾ ‘ਤਸੀਰ’ ਨੇ ਠੀਕ ਹੀ ਲਿਖਿਆ ਹੈ ਕਿ ਸ਼ਾਇਦ ਲਿਖਣ ਦੀ ਇੱਛਾ ਬੇਦੀ ਨੂੰ ਕਦੀ ਸਵਰਗ ਲੋਕ ਤੋਂ ਮਾਤ ਲੋਕ ਵਿਚ ਆਉਣ ਲਈ ਮਜਬੂਰ ਕਰ ਦੇਵੇ, ਅਜਿਹਾ ਹੋਣ ਤੱਕ ਉਨ੍ਹਾਂ ਦੇ ਚਲਾਣੇ ਨਾਲ ਪੈਦਾ ਹੋਇਆ ਖੱਪਾ ਬਣਿਆ ਹੀ ਰਹੇਗਾ ਕਿਉਂਕਿ ਬੇਦੀ ਦਾ ਸਥਾਨ ਸਿਰਫ਼ ਬੇਦੀ ਹੀ ਲੈ ਸਕਦਾ ਹੈ, ਹੋਰ ਕੋਈ ਨਹੀਂ।

ਤੀਸਰੀ ਜੀਵਨੀ ਬਲਵੰਤ ਗਾਰਗੀ ਦੀ ਹੈ। ਗਾਰਗੀ ਨੇ ਨਾਟਕ, ਕਹਾਣੀ ਅਤੇ ਵਾਰਤਕ ਵਿਚ ਸਿਖਰ ਤਾਂ ਛੋਹੀ ਹੀ ਸਗੋਂ ਸਵੈਜੀਵਨੀ ਮੂਲਕ ਨਾਵਲਾਂ ਨੇ ਉਹਨੂੰ ਜਿਹੜੀ ਪ੍ਰਸਿੱਧੀ ਦਿਵਾਈ ਉਹ ਹੋਰ ਕਿਸੇ ਦੇ ਹਿੱਸੇ ਨਹੀਂ ਆਈ। ਉਹ ਪੰਜਾਬੀ ਦੇ ਪ੍ਰਸਿੱਧ ਲੇਖਕਾਂ ਦੀ ਪਹਿਲੀ ਪੰਗਤ ਵਿਚ ਆਉਂਦਾ ਹੈ। ਉਹਦੇ ਨਾਂ ਨਾਲ ਲੱਗਿਆ ਗਾਰਗੀ ਸ਼ਬਦ ਭੁਲੇਖਾ ਪਾਊ ਹੈ। ਇਹਦੇ ਬਾਰੇ ਉਹ ਲਿਖਦਾ ਹੈ ਕਿ ਜਦੋਂ ਉਹਨੇ ਪੰਜਾਬੀ ਵਿਚ ਲਿਖਣਾ ਸ਼ੁਰੂ ਕੀਤਾ ਤਾਂ ਬਾਵਾ ਬਲਵੰਤ, ਬਲਵੰਤ ਸਿੰਘ ਚਤਰਥ ਜਿਹੇ ਕਈ ਲੇਖਕ ਸਨ। ਪਰ ਮੈਂ ਕੋਈ ਨਿਵੇਕਲੀ ਚੀਜ਼ ਲਿਖਾਂਗਾ ਇਸ ਲਈ ਮੇਰਾ ਨਾਂ ਵੀ ਨਿਵੇਕਲਾ ਹੋਣਾ ਚਾਹੀਦਾ ਹੈ। ਗਾਰਗੀ ਕੁੜੀਆਂ ਵਾਲਾ ਨਾਂ ਹੋਣ ਕਰਕੇ ਉਹਨੂੰ ਕੋਈ ਭੁਲੇਖਾ ਨਹੀਂ ਸੀ। ਇਹ ਨਾਂ ਪਹਿਲਾਂ ਬੜਾ ਹਾਸੋਹੀਣਾ ਲੱਗਿਆ। ਇਹ ਇਸੇ ਤਰ੍ਹਾਂ ਸੀ ਜਿਵੇਂ ਕੋਈ ਆਖੇ ਮਾਸੀ ਚੂਨੀ ਲਾਲ ਜਾਂ ਮਿਸਟਰ ਸੁਰਿੰਦਰ ਕੌਰ, ਪਰ ਬਾਅਦ ਵਿਚ ਉਹ ਇਸ ਸਵੈ-ਵਿਰੋਧੀ ਨਾਂ ਗਾਰਗੀ ਨਾਲ ਪ੍ਰਸਿੱਧ ਹੋ ਗਿਆ ਜੋ ਉਹਨੇ ਗਰਗ ਤੋਂ ਘੜਿਆ ਸੀ।

ਗਾਰਗੀ ਨੇ ਪਹਿਲੀ ਵਾਰ ਕੜਕ ਤੇ ਮਸਾਲੇਦਾਰ ਮਲਵਈ ਜ਼ਬਾਨ ਨੂੰ ਅਜਿਹਾ ਮੁਹਾਵਰਾ ਦਿੱਤਾ ਕਿ ਇਹ ਗਾਰਗੀ ਦੀ ਪਛਾਣ ਬਣ ਗਈ। ਉਹਨੇ ਇਸੇ ਜ਼ਬਾਨ ਵਿਚੋਂ ਪਾਤਰ ਘੜੇ ਤੇ ਨਾਟਕ ਲਿਖੇ, ਲੇਖਕਾਂ ਦੇ ਸ਼ਬਦ-ਚਿੱਤਰ ਰਚੇ, ਪਰ ਉਹਦੇ ਰਚੇ ਕਈ ਸ਼ਬਦ-ਚਿੱਤਰ ਲੇਖਕਾਂ ਨਾਲ ਮੇਲ ਨਾ ਖਾਣ ਕਰਕੇ ਉਹ ਨਾਰਾਜ਼ ਹੋ ਗਏ। ਓਧਰ ਗਾਰਗੀ ਨਿਸ਼ਚਿੰਤ ਸੀ ਕਿ ਉਹਨੇ ਲੇਖਕਾਂ ਵਿਚ ਜੋ ਕੁਝ ਦੇਖਿਆ ਓਸੇ ਅਨੁਸਾਰ ਉਹਨੇ ਉਨ੍ਹਾਂ ਨੂੰ ਘੜਿਆ ਹੈ। ਅਸਲ ਵਿਚ ਉਹ ਯਥਾਰਥ, ਕਲਪਨਾ ਤੇ ਮਿੱਥ ਰਾਹੀਂ ਅਜਿਹੀ ਸ਼ਖ਼ਸੀਅਤ ਘੜ ਲੈਂਦਾ ਸੀ ਜਿਸਨੂੰ ਰਸਮਈ ਸ਼ੈਲੀ ਤੇ ਕੜਕ ਭਾਸ਼ਾ ਵਿਚ ਪਾਠਕ ਮਾਣਦੇ ਸਨ।

ਲੇਖਕ ਲਿਖਦਾ ਹੈ: ਉਹਦੀ ਮਘਦੀ-ਦਗਦੀ ਪੰਜਾਬੀ ਨਿੱਘ ਵੀ ਦੇਂਦੀ ਹੈ ਤੇ ਚਾਣਨ ਵੀ ਕਰਦੀ ਹੈ। ਗਾਰਗੀ ਆਪਣੇ ਬਚਪਨ ਦੀ ਇਕ ਘਟਨਾ ਬਾਰੇ ਦੱਸਦਾ ਲਿਖਦਾ ਹੈ- ਮਾਂ ਨੇ ਚਾਰਾਂ ਪੁੱਤਾਂ ਨੂੰ ਡੇਰੇ ਵਾਲੇ ਸਾਧ ਆਤਮਾ ਨੰਦ ਸਾਹਮਣੇ ਖੜ੍ਹੇ ਕਰਕੇ ਪੁੱਛਿਆ ਸੀ, ‘ਮਹਾਰਾਜ, ਇਨ੍ਹਾਂ ਵਿਚੋਂ ਕਿਹੜੇ ਦੇ ਢਿੱਡ ਵਿਚ ਅੱਖਰ ਪੈਣਗੇ?’ ਜਟਾਧਾਰੀ ਸਾਧ ਨੇ ਚਾਰਾਂ ਮੁੰਡਿਆਂ ਨੂੰ ਘੋਖਿਆ ਤੇ ਬਲਵੰਤ ਵੱਲ ਉਂਗਲ ਕਰ ਦਿੱਤੀ। ਉਹ ਲਿਖਦਾ ਹੈ ‘ਜੇ ਸਾਧ ਦੀ ਉਂਗਲ ਕਿਸੇ ਦੂਜੇ ’ਤੇ ਜਾਂਦੀ ਤਾਂ ਬਲਵੰਤ ਗਾਰਗੀ ਹੁਣ ਤੱਕ ਲਾਲਾ ਬਲਵੰਤ ਰਾਏ ਐਂਡ ਸਨਜ਼ ਬਣ ਕੇ ਬਠਿੰਡੇ ਦੀ ਸੱਟਾ ਮੰਡੀ ਵਿਚ ਬੈਠਾ ਹੁੰਦਾ।’ ਸਾਧ ਆਤਮਾ ਨੰਦ ਦੀ ਕੀਤੀ ਚੋਣ ਉੱਤੇ ਫੁੱਲ ਚੜ੍ਹਾਉਂਦਿਆਂ ਮਾਂ ਬਲਵੰਤ ਨੂੰ ਨਿਹੰਗ ਸਿੰਘ ਦੇ ਡੇਰੇ ਲੈ ਗਈ ਤੇ ਫਤਹਿ ਬੁਲਾ ਕੇ ਕਾਕੇ ਨੂੰ ਗੁਰਮੁਖੀ ਸਿਖਾਉਣ ਦੀ ਬੇਨਤੀ ਕੀਤੀ। ਨਿਹੰਗ ਨੇ ਰੇਤੇ ’ਤੇ ਡਾਂਗ ਨਾਲ ‘ੳ’ ਪਾ ਕੇ ਇਹਨੂੰ ਯਾਦ ਕਰਨ ਲਈ ਕਿਹਾ। ਅਗਲੇ ਪਾਠ ਵਜੋਂ ਨਿਹੰਗ ਸਿੰਘ ਨੇ ਉਹਦੀ ਉਂਗਲ ਫੜ ਕੇ ਰੇਤੇ ’ਤੇ ਚਲਾਈ ਤੇ ਏਕਾ ਤੇ ਊੜਾ ਇਕਓਂਕਾਰ ਪਾ ਕੇ ਆਖਿਆ - ਸਾਰੇ ਅੱਖਰ ਇਸ ਵਿਚੋਂ ਨਿਕਲੇ ਨੇ। ਇਸ ਨੂੰ ਯਾਦ ਕਰ ਲੈ ਤੇ ਸਾਰਾ ਕੁਸ਼ ਯਾਦ ਹੋ ਜੂ’ ਤੇ ਗਾਰਗੀ ਸਾਰੀ ਉਮਰ ਇਹ ਅੱਖਰ ਵਾਹੁੰਦਾ ਦੁਨੀਆ ਦੇ ਘੋੜੇ ’ਤੇ ਸਵਾਰ ਹੋ ਗਿਆ। ਇਨ੍ਹਾਂ ਅੱਖਰਾਂ ਦੀ ਖੱਟੀ ਕਮਾਈ ਉਹਨੇ ਸਾਰੀ ਉਮਰ ਖਾਧੀ ਤੇ ਮਰਨ ਤੋਂ ਬਾਅਦ ਅਮਰ ਹੋ ਗਿਆ।

ਗਾਰਗੀ ਨੇ ਅਨੇਕਾਂ ਇਸ਼ਕ ਕੀਤੇ। ਇਸ਼ਕ ਵਿਚ ਵਿਆਹ ਕਰਾਇਆ ਤੇ ਇਸ਼ਕ ਖਾਤਰ ਵਿਆਹ ਤੁੜਾਇਆ। ਉਹ ਅਸਲ ਵਿਚ ਕਿਸੇ ਵੀ ਇਕ ਚੀਜ਼ ਨਾਲ ਬੱਝ ਕੇ ਨਹੀਂ ਸੀ ਰਹਿ ਸਕਦਾ। ਲੇਖਕ ਉਹਦੇ ਬਾਰੇ ਲਿਖਦਾ ਹੈ: ਗਾਰਗੀ ਦੇ ਪਿੰਡ ਤੇ ਸ਼ਹਿਰ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ ਨੂੰ ਦੇਖਣ ਤੇ ਆਪਣੇ ਹੀ ਨਾਪਤੋਲ ਸਨ। ਉਨ੍ਹਾਂ ਵਿਚ ਹੁਸਨ-ਇਸ਼ਕ ਨੂੰ ਮਹੱਤਵਪੂਰਨ ਥਾਂ ਹਾਸਲ ਸੀ, “ਪੰਜਾਬ ਕੀ ਐ? ਪਟਿਆਲਾ, ਲੁਧਿਆਣਾ, ਬਠਿੰਡਾ। ਚੰਡੀਗੜ੍ਹ ਵੀ ਪਿੰਡ ਐ, ਪਰ ਸਾਫ ਸੁਥਰਾ। ਓਥੇ ਕੀ ਐ? ਪੇਂਡੂ ਮਾਨਸਿਕਤਾ, ਚੁਗਲੀ, ਨਿੰਦਿਆ ਤੇ ਇਕ ਦੂਜੇ ਨੂੰ ਖਿੱਚ ਕੇ ਥੱਲੇ ਲਾਉਣ ਦਾ ਕਲਚਰ। ਹਮੇਸ਼ਾਂ ਜੰਮੋ ਪਿੰਡ ਵਿਚ, ਪੜ੍ਹੋ ਦਿੱਲੀ ਜਾਂ ਲਾਹੌਰ ਤੇ ਵਸੋ ਬੰਬਈ, ਲੰਡਨ ਜਾਂ ਹਾਲੀਵੁਡ। ਓਥੇ ਕੰਪੀਟੀਸ਼ਨ ਐ, ਕੁਛ ਕਰਨ ਦੇ ਲੱਖਾਂ ਮੌਕੇ, ਹੁਸਨ ਐ, ਇਸ਼ਕ ਦੇ ਧੋਖੇ ਨੇ, ਤੜਪ ਐ, ਬੇਗਾਨਗੀ ਐ, ਜੋ ਪੱਥਰ ਨੂੰ ਵੀ ਘੜ ਕੇ ਹੀਰਾ ਬਣਾ ਦੇਵੇ।”

ਇਸ ਜੀਵਨੀ ਵਿਚ ਲੇਖਕ ਨੇ ਗਾਰਗੀ ਨੂੰ ਉਹਦੀਆਂ ਰਚਨਾਵਾਂ, ਉਹਦੇ ਕੁਝ ਨੇੜਲੇ ਸਾਥ ਤੇ ਉਹਦੇ ਬਾਰੇ ਉਹਦੇ ਸਮਕਾਲੀਆਂ ਤੇ ਸ਼ਿਸ਼ਾਂ ਰਾਹੀਂ ਸਮਝਣ ਦਾ ਯਤਨ ਕੀਤਾ ਹੈ ਕਿ ਇਕ ਲੇਖਕ ਗਾਰਗੀ ਅਤੇ ਇਕ ਵਿਅਕਤੀ ਗਾਰਗੀ ਵਿਚ ਕਿੱਥੇ ਅੰਤਰ ਹੈ। ਇਸ ਸਭ ਦੇ ਬਾਵਜੂਦ ਲੇਖਕ ਲਿਖਦਾ ਹੈ- ‘ਛੋਟੇ ਮੋਟੇ ਦਿਖਾਵਿਆਂ ਤੇ ਸਵੈ-ਪੇਸ਼ਕਾਰੀ ਦੇ ਜਤਨਾਂ ਦੇ ਬਾਵਜੂਦ ਉਹ ਪੁਰਖਲੂਸ ਤੇ ਨਿੱਘਾ ਮਨੁੱਖ ਸੀ। ਬੋਲੀ ਦਾ ਉਸਤਾਦ ਤੇ ਕਲਮ ਦਾ ਧਨੀ। ਇਸੇ ਕਰਕੇ ਅਜਿਹੇ ਛੋਟੇ ਦਿਖਾਵੇ ਤੇ ਜਤਨ ਉਹਦੀ ਵੱਡੀ ਸਾਹਿਤਕ-ਸਭਿਆਚਾਰਕ ਪ੍ਰਤਿਭਾ ਤੇ ਦੇਣ ਸਾਹਮਣੇ ਤੁੱਛ ਬਣ ਕੇ ਰਹਿ ਜਾਂਦੇ ਹਨ। ਜਾਣ ਵਾਲਾ ਕੋਈ ਲੇਖਕ ਸਾਹਿਤ-ਸਭਿਆਚਾਰ ਦੇ ਇਤਿਹਾਸ ਦੀ ਪੁਸਤਕ ਵਿਚ ਬਿੰਦੀ ਹੁੰਦਾ ਹੈ, ਕੋਈ ਕੋਮਾ, ਕੋਈ ਵਾਕ ਹੁੰਦਾ ਹੈ, ਕੋਈ ਪੈਰਾ, ਪਰ ਗਾਰਗੀ ਉਨ੍ਹਾਂ ਵਿਰਲੇ ਟਾਵਿਆਂ ਵਿਚੋਂ ਸੀ ਜੋ ਪੂਰਾ ਕਾਂਡ ਰਚ ਕੇ ਜਾਂਦੇ ਹਨ। ਉਸ ਦਾ ਇਹ ਕਾਂਡ 22 ਅਪਰੈਲ 2003 ਨੂੰ ਪੂਰਨ ਬਿਸਰਾਮ-ਚਿੰਨ੍ਹ ਲੱਗਣ ਨਾਲ ਸੰਪੂਰਨ ਹੋ ਗਿਆ।’

ਚੌਥੀ ਤੇ ਅਖੀਰਲੀ ਜੀਵਨੀ ਅੰਮ੍ਰਿਤਾ ਪ੍ਰੀਤਮ ਦੀ ਹੈ। ਇਹ ਵਰ੍ਹਾ ਅੰਮ੍ਰਿਤਾ ਦਾ ਸ਼ਤਾਬਦੀ ਵਰ੍ਹਾ ਵੀ ਹੈ। ਉਹ ਪੰਜਾਬੀ ਦੀ ਇਕੋ ਇਕ ਅਜਿਹੀ ਲੇਖਕਾ ਹੈ ਜੋ ਪੰਜਾਬੀ ਦੀ ਸੁਗੰਧੀ ਨੂੰ ਪੂਰੇ ਵਿਸ਼ਵ ਵਿਚ ਲੈ ਗਈ। ਦੂਰ ਦੁਰੇਡੇ ਦੇ ਮੁਲਕਾਂ ਵਿਚ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਦੂਤ ਬਣ ਕੇ ਗਈ ਤੇ ਅਨੇਕਾਂ ਜ਼ਬਾਨਾਂ ਦੇ ਸਾਹਿਤ ਨੂੰ ਮੌਲਿਕ ਸਿਰਜਨਾ ਦੇ ਨਾਲ-ਨਾਲ ਅਨੁਵਾਦ ਦੇ ਰੂਪ ਵਿਚ ਪੰਜਾਬੀ ਦੀ ਝੋਲੀ ਵਿਚ ਪਾਇਆ। ਉਹਨੇ ਆਪਣੀ ਜ਼ਿੰਦਗੀ ਦੇ ਵਿਆਹੁਤਾ ਰਿਸ਼ਤਿਆਂ ਨੂੰ ਖ਼ੁਦ ਤਿਲਾਂਜਲੀ ਦੇ ਕੇ ਆਪਣੀ ਮਰਜ਼ੀ ਨਾਲ ਪੁਰਸ਼ ਦੀ ਚੋਣ ਕਰਕੇ ਪੂਰੀ ਜ਼ਿੰਦਗੀ ਉਹਦੇ ਅੰਗ ਸੰਗ ਬਿਤਾਈ ਪਰ ਇਹਦੇ ਜੋ ਨਾਕਾਰਾਤਮਕ ਪ੍ਰਭਾਵ ਉਹਦੀ ਜ਼ਿੰਦਗੀ ਵਿਚ ਪਏ ਉਹ ਉਹਦੇ ਪਤੀ ਸਮੇਤ ਅਗਾਂਹ ਬੱਚਿਆਂ ਨੂੰ ਵੀ ਭੁਗਤਣੇ ਪਏ। ਉਹਦੇ ਬੇਟੇ ਨੂੰ ਚੜ੍ਹਦੀ ਉਮਰੇ ਇਹ ਸ਼ੱਕ ਪੈ ਗਿਆ ਕਿ ਉਹ ਆਪਣੇ ਪਿਓ ਦਾ ਨਹੀਂ ਸਗੋਂ ਸਾਹਿਰ ਦਾ ਬੇਟਾ ਹੈ। ਇਹ ਗੰਢ ਪੂਰੀ ਉਮਰ ਉਹਦੇ ਅੰਦਰ ਰਹੀ।

ਅੰਮ੍ਰਿਤਾ ਅਸਲ ਵਿਚ ਇਕ ਆਜ਼ਾਦ ਪੰਛੀ ਵਾਂਗ ਜਿਊਣਾ ਚਾਹੁੰਦੀ ਸੀ। ਸਾਹਿਰ ਨਾਲ ਉਹਦਾ ਇਸ਼ਕ ਭਾਵੇਂ ਪ੍ਰਵਾਨ ਨਾ ਚੜ੍ਹਿਆ, ਪਰ ਇਸ ਇਸ਼ਕ ਦਾ ਸੱਲ ਹਮੇਸ਼ਾਂ ਉਹਦੀ ਚੇਤਨਾ ਵਿਚ ਇਕ ਫੋੜੇ ਵਾਂਗ ਰਿਸਦਾ ਰਿਹਾ। ਉਹਨੇ ਇਸ ਇਸ਼ਕ ਨੂੰ ਮੁਖਾਤਬ ਹੋ ਕੇ ਅਨੇਕਾਂ ਨਜ਼ਮਾਂ ਦੀ ਰਚਨਾ ਕੀਤੀ।

ਉਹਦੇ ਪਤੀ ਪ੍ਰੀਤਮ ਸਿੰਘ ਕਵਾਤੜਾ ਨੂੰ ਲੇਖਕ ‘ਲਾਵਾਂ ਦੀ ਸਹੇੜ’ ਲਿਖਦਾ ਹੈ ਤੇ ਫਿਰ ਪਰਤ ਦਰ ਪਰਤ ਉਨ੍ਹਾਂ ਦੇ ਆਪਸੀ ਰਿਸ਼ਤੇ ਵਿਚ ਪੈਂਦੇ ਪਾੜ ਨੂੰ ਉਲੀਕਦਾ ਹੈ। ਉਸ ਅਨੁਸਾਰ- ਪਤੀ ਪ੍ਰੀਤਮ ਸਿੰਘ ਨਾਲੋਂ ਆਪਣਾ ਰਾਹ ਅੰਮ੍ਰਿਤਾ ਨੇ ਬਹੁਤ ਪਹਿਲਾਂ ਬਿਨਾ ਬਾਹਰ-ਡੁਲਵੇਂ ਝਗੜਿਓਂ ਤੇ ਬਿਨਾ ਤਲਾਕੋਂ ਵੱਖ ਕਰ ਲਿਆ ਸੀ। ਇਮਰੋਜ਼ ਨਾਲ ਅੰਮ੍ਰਿਤਾ ਦੇ ਸਾਥ ਨੂੰ ਜਾਇਜ਼ ਸਿੱਧ ਕਰਨ ਵਾਲੇ ਅਕਸਰ ਪ੍ਰੀਤਮ ਸਿੰਘ ਨਾਲ ਮੰਗਣੀ ਮਗਰੋਂ ਅੰਮ੍ਰਿਤਾ ਦੇ ਛੱਤ ਉੱਤੇ ਚੜ੍ਹ ਕੇ ਰੋਣ ਦਾ ਜ਼ਿਕਰ ਕਰਦੇ ਹਨ। ਹਾਲਾਂਕਿ ਨੇੜਲੇ ਰਿਸ਼ਤੇ ਵਿਚੋਂ ਹੋਣ ਕਰਕੇ ਬਚਪਨ ਦੇ ਜਾਣੂ ਤੇ ਮੰਗੇਤਰ ਅੰਮ੍ਰਿਤ ਕੌਰ ਤੇ ਪ੍ਰੀਤਮ ਸਿੰਘ ਦਾ ਵਿਆਹ ਦੋਹਾਂ ਦੀ ਸਹਿਮਤੀ ਨਾਲ ਹੋਇਆ ਵਿਆਹ ਹੀ ਨਹੀਂ ਸੀ ਸਗੋਂ ਇਹਦਾ ਰੂਪ ਪਿਆਰ-ਵਰਗਾ ਸੀ’ ਪਰ ਫਿਰ ਵੀ ਇਹ ਇਕ ਦਿਨ ਆਪਣੀ ਔਧ ਵਿਹਾ ਗਿਆ।

ਜੇ ਉਹਦੀ ਰਚਨਾ ਦੀ ਗੱਲ ਕਰੀਏ ਤਾਂ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਨੇ ਉਹਨੂੰ ਕੁਲ ਦੁਨੀਆ ਵਿਚ ਪ੍ਰਸਿੱਧੀ ਦਿਵਾਈ। ਇਸ ਦਾ ਸਿਹਰਾ ਪ੍ਰੋ. ਨਰਿੰਜਣ ਸਿੰਘ ਮਾਨ ਸਿਰ ਬੱਝਦਾ ਹੈ ਜਿਸ ਨੇ ਆਪਣੀ ਪੁਰਖਲੂਸ ਆਵਾਜ਼ ਵਿਚ ਇਸ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਗਾ ਕੇ ਅੰਮ੍ਰਿਤਾ ਦਾ ਕੱਦ ਉੱਚਾ ਕੀਤਾ। ਪ੍ਰੋ. ਮਾਨ ਦਾ ਕਹਿਣਾ ਹੈ ਕਿ ਮੈਂ ਅੰਮ੍ਰਿਤਾ ਦੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਕੇਵਲ ਪੰਜਾਬ ਵਿਚ ਹੀ ਨਹੀਂ, ਬਹੁਤ ਥਾਵਾਂ ’ਤੇ ਬੰਬਈ, ਕਲਕੱਤੇ, ਦਿੱਲੀ ਵਿਚ ਗਾਈ। ਆਪ ਵੀ ਰੋਇਆ ਤੇ ਆਪਣੇ ਵਰਗੇ ਅਨੇਕਾਂ ਸਰੋਤਿਆਂ ਨੂੰ ਵੀ ਰੁਆਇਆ। ਜਿੱਥੇ ਜਿੱਥੇ ਇਹ ਕਵਿਤਾ ਗਾਈ ਗਈ, ਭਰਪੂਰ ਹੁੰਗਾਰਾ ਮਿਲਿਆ। ਸਰੋਤਿਆਂ ਦੀਆਂ ਅੱਖਾਂ ਸੇਜਲ ਹੋ ਗਈਆਂ। ਇਹ ਕਵਿਤਾ ਅਮਰ ਹੈ। ਇਸ ਤੋਂ ਇਲਾਵਾ ਇਪਟਾ ਤੇ ਅਮਨ ਲਹਿਰ ਦੀਆਂ ਸਭਿਆਚਾਰਕ ਸਟੇਜਾਂ ’ਤੇ ਅੰਮ੍ਰਿਤਾ ਦੇ ਕਈ ਗੀਤ ਤੇ ਕਵਿਤਾਵਾਂ ਪ੍ਰਸਿੱਧ ਹੋਏ।

ਇਸ ਜੀਵਨੀ ਵਿਚ ਦੀਦੀਵਾਦੀਆਂ ਦੀ ਭੀੜ ਤੋਂ ਲੈ ਕੇ, ਕ੍ਰਿਸ਼ਨਾ ਸੋਬਤੀ ਨਾਲ ਮੁਕੱਦਮਾ, ਅੰਮ੍ਰਿਤਾ ਸਿਗਰੇਟ ਤੇ ਪੰਜਾਬ ਸਰਕਾਰ, ਗਿਆਨਪੀਠ ਇਨਾਮ ਤੇ ਈਰਖਾ ਦੀ ਅੱਗ, ਬਾਬੁਲ ਮੋਰਾ ਨੇਹਰ ਛੂਟੋ ਹੀ ਜਾਏ ਤੇ ਅੰਮ੍ਰਿਤਾ ਤੇ ਸ਼ੈਲੀ ਨੂੰ ਯਾਦ ਕਰਦਿਆਂ ਤੇ ਹੋਰ ਕਈ ਵੇਰਵਿਆਂ ਰਾਹੀਂ ਅਨੇਕਾਂ ਪਾਸਾਰ ਖੁੱਲ੍ਹਦੇ ਹਨ। ਹਾਲਾਂਕਿ ਅੰਮ੍ਰਿਤਾ ਨੇ ਆਪਣੀ ਸਵੈ-ਜੀਵਨੀ ਰਸੀਦੀ ਟਿਕਟ ਵਿਚ ਅਨੇਕਾਂ ਇੰਕਸ਼ਾਫ ਕੀਤੇ ਹਨ ਪਰ ਬਹੁਤ ਸਾਰੇ ਲੁਕੋ ਵੀ ਲਏ ਹਨ। ਜੀਵਨੀਕਾਰ ਨੇ ਉਨ੍ਹਾਂ ਨੂੰ ਪੁਖ਼ਤਾ ਹਵਾਲਿਆਂ ਤੇ ਸਮਕਾਲੀਆਂ ਦੀ ਨੇੜਤਾ ਦੇ ਹਵਾਲੇ ਨਾਲ ਪੇਸ਼ ਕੀਤਾ ਹੈ। ਅੰਮ੍ਰਿਤਾ ਸਚਮੁੱਚ ਇਕ ਅਜਿਹੀ ਲੇਖਕਾ ਸੀ ਜਿਸਨੇ ਆਪਣੀ ਨਿਵੇਕਲੀ ਭਾਸ਼ਾ ਸ਼ੈਲੀ ਰਾਹੀਂ ਪੰਜਾਬੀ ਹੀ ਨਹੀਂ ਦੂਸਰੀਆਂ ਭਾਸ਼ਾਵਾਂ ਦੇ ਪਾਠਕਾਂ ਨੂੰ ਵੀ ਸਰਸ਼ਾਰ ਕੀਤਾ ਹੈ। ਉਹਦੀ ਜ਼ਿੰਦਗੀ ਦਾ ਇਕ ਹੋਰ ਵੱਡਾ ਸਾਹਿਤਕ ਉਪਰਾਲਾ ‘ਨਾਗਮਣੀ’ ਪਰਚਾ ਸੀ ਜਿਸਨੂੰ ਉਹਨੇ ਆਪਣੇ ਬਲਬੂਤੇ ਨਿਵੇਕਲੇ ਅੰਦਾਜ਼ ਵਿਚ ਚਲਾਇਆ। ‘ਨਾਗਮਣੀ’ ਵਿਚ ਛਾਪਣ ਲਈ ਉਹਦੇ ਸਾਹਮਣੇ ਲੇਖਕ ਨਹੀਂ ਰਚਨਾ ਦਾ ਮੁੱਲ ਹੁੰਦਾ ਸੀ। ਇਸੇ ਕਰਕੇ ਅਨੇਕਾਂ ਨਵੇਂ ਲੇਖਕਾਂ ਨੂੰ ਉਤਸ਼ਾਹਤ ਕਰਨ ਤੇ ਅੱਗੇ ਵਧਣ ਵਿਚ ਇਹਦਾ ਰੋਲ ਬਹੁਤ ਵੱਡਾ ਹੈ। ਨਵੇਂ ਲੇਖਕ ਇਹ ਸੋਚ ਵੀ ਨਹੀਂ ਸਨ ਸਕਦੇ ਹੁੰਦੇ ਕਿ ਉਨ੍ਹਾਂ ਦੀ ਰਚਨਾ ਨਾਗਮਣੀ ’ਚ ਛਪੇਗੀ ਪਰ ਜਦੋਂ ਛਪ ਜਾਂਦੀ ਤਾਂ ਇਹ ਉਨ੍ਹਾਂ ਲਈ ਵੱਡਾ ਅਚੰਭਾ ਅਤੇ ਪੁਰਸਕਾਰ ਵੀ ਹੁੰਦੀ।

ਲੇਖਕ ਲਿਖਦਾ ਹੈ- ‘ਅਖੀਰ 31 ਅਕਤੂਬਰ 2005 ਨੂੰ ਉਹ ਸਭ ਕਸ਼ਟ ਕਲੇਸ਼ਾਂ ਤੋਂ ਮੁਕਤ ਹੋ ਗਈ। ਉਹਦਾ ਦਿਹਾਂਤ ਸੁਣ ਕੇ ਮਨ ਨੂੰ ਦੁੱਖ ਤਾਂ ਹੋਇਆ, ਪਰ ਉਸ ਨਾਲੋਂ ਘੱਟ ਜਿੰਨਾ ਉਹਨੂੰ ਮੰਜੇ ਉੱਤੇ ਪਈ ਨੂੰ ਦੇਖ ਕੇ ਹੋਇਆ ਸੀ। ਉਹਦੀ ਇੱਛਾ ਅਨੁਸਾਰ ਕਿਸੇ ਲੇਖਕ ਜਾਂ ਹੋਰ ਦੋਸਤ- ਵਾਕਫ਼ ਨੂੰ ਖਬਰ ਕੀਤੇ ਬਿਨਾ ਘਰ ਦੇ ਜੀਆਂ ਨੇ ਉਹਦਾ ਅੰਤਿਮ ਸੰਸਕਾਰ ਕਰ ਦਿੱਤਾ। ਪਰ ਇਸ ਨਾਲ ਉਹ ਮੌਤ ਦੀ ਪੂਰਨਤਾ ਨੂੰ ਪ੍ਰਾਪਤ ਨਾ ਕਰ ਸਕੀ। ਇਹ ਉਹਦੀ ਸਿਰਫ਼ ਪਹਿਲੀ ਮੌਤ ਸੀ।

ਇਸ ਜੀਵਨੀ ਦਾ ਅੰਤਲਾ ਹਿੱਸਾ ਬੜਾ ਮਾਰਮਿਕ ਹੈ ਜੋ ਅੰਮ੍ਰਿਤਾ ਦੇ ਬੇਟੇ ਸ਼ੈਲੀ ਬਾਰੇ ਹੈ। ਬੰਬਈ ਵਿਚ ਉਹ ਜਿਸ ਤਰ੍ਹਾਂ ਦਾ ਅਪਰਾਧਕ ਧੰਦਾ ਕਰਨ ਲੱਗ ਪਿਆ ਸੀ ਤੇ ਇਸੇ ਵਿਚੋਂ ਉਹਦਾ ਹੋਇਆ ਕਤਲ ਤੇ ਫਿਰ ਕਾਤਲਾਂ ਦਾ ਸ਼ਰੇਆਮ ਬਚ ਨਿਕਲਣਾ ਬੜਾ ਤ੍ਰਾਸਦਕ ਹੈ। ਉਹ ਜਿਸ ਤਰ੍ਹਾਂ ਦੀ ਅਪਰਾਧਕ ਦੁਨੀਆ ਨਾਲ ਜੁੜ ਗਿਆ ਸੀ ਉਹ ਸ਼ਾਇਦ ਪੈਸੇ ਦੀ ਹਵਸ ਜਾਂ ਰਾਤੋ ਰਾਤ ਅਮੀਰ ਬਣਨ ਦੀ ਲਾਲਸਾ ਸੀ ਤੇ ਇਸ ਲਾਲਸਾ ਵਿਚੋਂ ਹੀ ਉਹਦਾ ਕਤਲ ਹੋਇਆ। ਇੰਜ ਅੰਮ੍ਰਿਤਾ ਦਾ ਉਥਲ-ਪੁਥਲ ਭਰਿਆ ਜੀਵਨ ਬੇਟੇ ਦੇ ਕਤਲ ਤੇ ਬੇਟੀ ਦੇ ਅਮਰੀਕਾ ’ਚ ਵਸ ਜਾਣ ਤੇ ਉਹਦੇ ਬਣਾਏ ਹੌਜ਼ ਖਾਸ ਵਾਲੇ ਘਰ ਦੇ ਮਿਟ ਜਾਣ ਦੀ ਦਾਸਤਾਨ ਬੜੀ ਦੁਖਦਾਈ ਤੇ ਤ੍ਰਾਸਦਕ ਹੈ। ਸ਼ਾਇਦ ਬਿਧਮਾਤਾ ਨੇ ਉਹਦੇ ਮੱਥੇ ’ਤੇ ਹੀ ਅਜਿਹੇ ਲੇਖ ਲਿਖ ਕੇ ਭੇਜੇ ਸਨ।

ਇਹ ਜੀਵਨੀਆਂ ਪੰਜਾਬੀ ਪਾਠਕਾਂ ਲਈ ਇਕ ਅਨਮੋਲ ਤੋਹਫ਼ਾ ਹਨ। ਭੁੱਲਰ ਹੋਰਾਂ ਕੋਲ ਗੱਲ ਕਹਿਣ ਦਾ ਹੀ ਨਹੀਂ ਸਗੋਂ ਉਹਨੂੰ ਜਚਾਉਣ ਦਾ ਹੁਨਰ ਵੀ ਹੈ। ਗਲਪੀ ਸ਼ੈਲੀ ਕਰਕੇ ਪਾਠਕ ਇਕ ਅਨੋਖੇ ਸੰਸਾਰ ਵਿਚ ਚਲਾ ਜਾਂਦਾ ਹੈ ਜਿੱਥੇ ਹਰ ਸੂਖ਼ਮ ਘਟਨਾ ਤੇ ਵੇਰਵੇ ਸਜੀਵ ਹੋ ਉਠਦੇ ਹਨ। ਉਨ੍ਹਾਂ ਦੀ ਇਸ ਰਸਮਈ ਵਾਰਤਕ ਦਾ ਇਕ ਵੱਡਾ ਗੁਣ ਇਹ ਵੀ ਹੈ ਕਿ ਇਹ ਪਾਠਕ ਨੂੰ ਆਪਣੇ ਕਲਾਵੇ ਵਿਚ ਲੈ ਕੇ ਉਹਦੀ ਉਂਗਲ ਫੜ ਲੈਂਦੀ ਹੈ ਫਿਰ ਉਹ ਪਿਛੇ ਮੁੜ ਕੇ ਨਹੀਂ ਦੇਖਦਾ ਤੇ ਜਦੋਂ ਉਸ ’ਚੋਂ ਬਾਹਰ ਆਉਂਦਾ ਹੈ ਤਾਂ ਆਪਣੇ ਆਪ ਨੂੰ ਭਰਿਆ ਭਕੁੰਨਿਆ, ਬਦਲਿਆ ਬਦਲਿਆ, ਸਿਆਣਾ ਸਿਆਣਾ ਅਤੇ ਅਨੰਦ ਤੇ ਗਿਆਨ ਦੇ ਹਿਲੋਰੇ ਵਿਚ ਬੈਠਾ ਮਹਿਸੂਸ ਕਰਦਾ ਹੈ।

ਇਸ ਪੁਸਤਕ ਵਿਚ ਲੇਖਕ ਨੇ ਅਨੇਕਾਂ ਨਵੇਂ ਸ਼ਬਦ ਘੜੇ ਹਨ, ਅਨੇਕਾਂ ਨਵੇਂ ਸਮਾਸ ਸਿਰਜੇ ਹਨ ਜੋ ਭਾਸ਼ਾ ਦੀ ਬੌਧਿਕ ਅਮੀਰੀ ਦੀ ਨਿਸ਼ਾਨੀ ਹਨ। ਮਿਸਾਲ ਵਜੋਂ ਕੁਝ ਕੁ ਸ਼ਬਦਾਂ ਦੀ ਵੰਨਗੀ ਦੇਖੀ ਜਾ ਸਕਦੀ ਹੈ- ਟੱਬਰਪਾਲ, ਬੂਟ-ਸਵਾਰ, ਹਾਥੀ-ਪੈੜ, ਪੌੜੀ-ਸਾਂਢੂ, ਪੁਠਪੈਰਾ, ਅੰਬਰ-ਟੋਟਾ, ਸਿਗਰਟਬਾਜ਼, ਅਮੇਲਤਾ, ਕਲਾਵੰਤ ਫਿਲਮ, ਵਣਜੀ-ਫਿਲਮ, ਕਲਮਜੀਵੀ, ਬੇਫੋਨੇ, ਦੁਰਦਸ਼ਾਈ ਲੇਖਕ, ਪਰਕਾਸ਼ਕਾਰ, ਬਹੁਮੁਖੀਆ ਝੂਠ, ਬੇਅਨੁਪਾਤਾ, ਦੀਦੀਵਾਦ, ਲੱਸੀ-ਖਾਨੇ, ਇਨਾਮ ਵਾਪਸੀਏ, ਨੱਕ ਚਾੜ੍ਹ ਕਸਵੱਟੀ, ਕਲਮ ਭੂਮੀ, ਕਿੱਤਾਕਾਰੀ, ਅੰਦੋਲਕ, ਅਣ-ਤਲਾਕੇ, ਵਿਕਾਊ ਧੌਲਰ, ਬੇਨਾਪਤਾ ਤੇ ਹੋਰ ਅਜਿਹੇ ਅਨੇਕਾਂ ਸ਼ਬਦ ਦੇਖੇ ਜਾ ਸਕਦੇ ਹਨ। ਆਸ ਹੈ ਪੰਜਾਬੀ ਪਾਠਕ ਇਸ ਕਿਤਾਬ ਨੂੰ ਕੀਮਤੀ ਖ਼ਜ਼ਾਨੇ ਵਾਂਗ ਸਾਂਭਣਗੇ।

ਸੰਪਰਕ: 94173-58120

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All