ਸੁਖਦੇਵ ਸਿੰਘ ਸਿਰਸਾ
ਬੇਬਾਕ ਲੇਖਕ
ਸੰਤੋਖ ਸਿੰਘ ਧੀਰ ਧੀਰ-ਵੰਨਾ ਲੇਖਕ ਨਹੀਂ ਸੀ। ਹੈਰਾਨੀ ਹੁੰਦੀ ਹੈ ਕਿ ਉਸ ਨੇ ਆਪਣਾ ਤਖ਼ੱਲਸ ‘ਧੀਰ’ ਕੀ ਸੋਚ ਕੇ ਰੱਖਿਆ? ਉਹ ਤਾਂ ਬਹੁਤ ਬੇਬਾਕ, ਬੇਲਿਹਾਜ਼ ਤੇ ਲੜਾਕਾ ਲੇਖਕ ਸੀ, ਪਰ ਉਹ ਸਭ ਨਾਲ ਨਹੀਂ ਸੀ ਲੜਦਾ, ਨਾ ਆਪਣੇ ਨਿੱਜ ਲਈ ਲੜਦਾ ਸੀ, ਆਪਣੀ ਧਿਰ, ਕਿਰਤੀਆਂ ਦੇ ਹਿਤ ਲਈ ਲੜਦਾ ਸੀ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ‘ਧੀਰ’ ਸ਼ਬਦ ਦੇ ਇਹ ਮਾਅਨੇ (ਅਰਥ) ਦਿੱਤੇ ਹਨ: ਧੀਰਜ, ਜੋ ਛੇਤੀ ਨਾ ਘਬਰਾਵੇ, ਬਲਵਾਨ, ਹਉਮੈਂ ਰਹਿਤ, ਗੰਭੀਰ, ਕੇਸਰ ਅਤੇ ਸੂਰਜ (ਡਿੰਗ)। ‘ਧੀਰਜ’ ਸ਼ਬਦ ਸੰਤੋਖ ਸਿੰਘ ਧੀਰ ਦੀ ਤਬਾਅ ਦੇ ਅਨੁਕੂਲ ਨਹੀਂ ਸੀ। ਹਾਂ ਉਹ ਬਲਵਾਨ ਤੇ ਗੰਭੀਰ ਲੇਖਕ ਸੀ, ਕੇਸਰ ਵਰਗਾ ਗੁਣਕਾਰੀ ਅਤੇ ਸੂਰਜੀ ਕਿਰਨਾਂ ਵਰਗਾ ਉਜਲਾ। ਸਾਹਿਤਕ ਮਹਿਫ਼ਲਾਂ ਤੇ ਗੋਸ਼ਟੀਆਂ ਵਿੱਚ ਉਹ ਵਿਰੋਧੀ ਵਿਚਾਰਾਂ ਵਾਲੇ ਲੇਖਕਾਂ, ਚਿੰਤਕਾਂ ਨਾਲ ਅਕਸਰ ਉਲਝ ਪੈਂਦਾ। ਵਿਚਾਰਾਂ ਦਾ ਵਖਰੇਵਾਂ ਤਾਂ ਉਸ ਨੂੰ ਇੱਕ ਹੱਦ ਤੱਕ ਪ੍ਰਵਾਨ ਹੁੰਦਾ ਸੀ, ਪਰ ਮਜ਼ਦੂਰ ਜਮਾਤ ਦੇ ਹਿਤਾਂ ਤੇ ਖੱਬੇਪੱਖੀ ਵਿਚਾਰਧਾਰਾ ਬਾਰੇ ਚੋਭਵੀਆਂ ਟਿੱਪਣੀਆਂ ਸੁਣ ਕੇ ਉਹ ਭੜਕ ਪੈਂਦਾ ਸੀ। ਉਹ ਜ਼ਾਤੀ ਤੌਰ ’ਤੇ ਬਹੁਤ ਸਾਫ਼ਗੋ ਲੇਖਕ ਸੀ ਤੇ ਕਿਰਤੀ ਜਮਾਤ ਦਾ ਪੱਕਾ ਧਿਰ-ਪਾਲ। ਵਿਚਾਰਾਂ ਪੱਖੋਂ ਉਹ ਟਕਸਾਲੀ ਖੱਬੇਪੱਖੀ ਸੀ, ਪਰ ਖੱਬੇਪੱਖੀਆਂ ਨਾਲ ਉਸ ਦਾ ਇੱਟ-ਖੜਿੱਕਾ ਵੀ ਜੱਗ ਜ਼ਾਹਿਰ ਹੈ। ਉਹ ਵਿਚਾਰਾਂ ਤੇ ਅਮਲ ਵਿੱਚ ਰੀਣ ਭਰ ਫ਼ਰਕ ਨੂੰ ਵੀ ਬਰਦਾਸ਼ਤ ਨਹੀਂ ਸੀ ਕਰਦਾ। ਉਹ ਮੱਧਵਰਗੀ ਲੇਖਕਾਂ ਤੇ ‘ਸਿਆਣੇ’ ਦੁਨੀਆਂਦਾਰਾਂ ਵਾਂਗ ਸਮਝੌਤਾ ਨਹੀਂ ਸੀ ਕਰਦਾ। ਉਸ ਦੀਆਂ ਤਸਵੀਰਾਂ ਵਿੱਚ ਤਣੀ ਹੋਈ ਉਂਗਲੀ ਉਸ ਦੀ ਵਿਚਾਰਧਾਰਕ ਸਾਫ਼ਗੋਈ ਤੇ ਇਰਾਦੇ ਦੀ ਦ੍ਰਿੜ੍ਹਤਾ ਦੀ ਸੂਚਕ ਹੈ। ਧੀਰ ਬਹੁਤ ਖ਼ੁੱਦਾਰ ਇਨਸਾਨ ਤੇ ਗ਼ੈਰਤਮੰਦ ਲੇਖਕ ਸੀ।
ਦੋ ਦਸੰਬਰ 1920 ਨੂੰ ਪਿੰਡ ਡਡਹੇੜੀ (ਨੇੜੇ ਖੰਨਾ ਮੰਡੀ) ਦੇ ਕਿਰਤੀ ਪਰਿਵਾਰ ’ਚ ਜਨਮੇ ਸੰਤੋਖ ਸਿੰਘ ਧੀਰ ਨੇ ਬਚਪਨ ’ਚ ਗੁਰਬਤ ਹੰਢਾਈ, ਸਖ਼ਤ ਮੁਸ਼ੱਕਤ ਕੀਤੀ ਅਤੇ ਜਵਾਨੀ ਪਹਿਰੇ ਸ਼ਬਦ-ਸਾਧਨਾ ਨੂੰ ਆਪਣਾ ਇਸ਼ਟ ਮੰਨ ਲਿਆ। ਕਵਿਤਾ ਦੀ ਗੁੜ੍ਹਤੀ ਘਰ ’ਚੋਂ ਮਿਲੀ। ਪਿਤਾ ਗਿਆਨੀ ਈਸ਼ਰ ਸਿੰਘ ਦਰਦ ਖ਼ੁਦ ਕਵਿਤਾ ਜੋੜਦਾ ਸੀ। ਸੰਤੋਖ ਸਿੰਘ ਧੀਰ ਦੇ ਕਿਸ਼ੋਰ ਮਨ ਦੀ ਤਖ਼ਤੀ ’ਤੇ ਕਵਿਤਾ ਦੇ ਪਹਿਲੇ ਪੂਰਨੇ ਭਾਵੇਂ ਪਿਤਾ ਨੇ ਪਾਏ, ਪਰ ਚੜ੍ਹਦੀ ਉਮਰ ਦੇ ਰੁਮਾਂਸ (ਅਣ-ਪੁੱਗੇ ਪਿਆਰ), ਲੋਕ-ਪੱਖੀ ਗੁਰਮਤਿ ਵਿਚਾਰਧਾਰਾ ਅਤੇ ਮਾਰਕਸਵਾਦੀ ਦਰਸ਼ਨ ਨੇ ਉਸ ਦੀ ਲੇਖਣੀ ਨੂੰ ਪੁਰ-ਅਸਰ ਬਣਾਇਆ। ਧੀਰ ਨੇ ਭਾਵੇਂ ਕਵਿਤਾ, ਕਹਾਣੀ, ਨਾਵਲ, ਸਵੈ-ਜੀਵਨੀ, ਸਫ਼ਰਨਾਮਾ, ਡਾਇਰੀ, ਨਬਿੰਧ ਅਤੇ ਚਿੱਠੀਆਂ ਆਦਿ ਸਾਹਿਤ ਰੂਪਾਂ ਉੱਪਰ ਹੱਥ ਅਜ਼ਮਾਇਆ ਹੈ, ਪਰ ਉਸ ਦੀ ਪਛਾਣ ਇੱਕ ਕਵੀ ਅਤੇ ਕਹਾਣੀਕਾਰ ਵਜੋਂ ਹੀ ਬਣੀ ਹੈ। ਉਸ ਦੀਆਂ ਛਾਪੇ ਚੜ੍ਹੀਆਂ ਪੁਸਤਕਾਂ ਦੀ ਗਿਣਤੀ 40 ਦੇ ਕਰੀਬ ਹੈ, ਪਰ ਉਸ ਦੀਆਂ ਦੋ ਰਚਨਾਵਾਂ ‘ਨਿੱਕੀ ਸਲੇਟੀ ਸੜਕ ਦਾ ਟੋਟਾ’ (ਨਜ਼ਮ) ਅਤੇ ‘ਕੋਈ ਇੱਕ ਸਵਾਰ’ (ਕਹਾਣੀ) ਕਲਾਸਕੀ ਸਾਹਿਤ ਦਾ ਦਰਜਾ ਰੱਖਦੀਆਂ ਹਨ।
ਸੰਤੋਖ ਸਿੰਘ ਧੀਰ ਕੁੱਲ-ਵਕਤੀ ਲੇਖਕ ਸੀ। ਸਾਹਿਤ-ਸਾਧਨਾ ਉਸ ਲਈ ਮਿਸ਼ਨ ਸੀ। ਉਹ ਤਮਾਮ ਉਮਰ ਕਿਰਤੀ ਵਰਗ ਅਤੇ ਹਾਸ਼ੀਏ ’ਤੇ ਧੱਕੇ ਸਮਾਜ ਦੇ ਮਸਲਿਆਂ ਨੂੰ ਆਪਣੀਆਂ ਲਿਖਤਾਂ ਰਾਹੀਂ ਮੁਖ਼ਾਤਬਿ ਰਿਹਾ। ਸਾਹਿਤ ਸਿਰਜਣਾ ਉਸ ਦਾ ਸਿਆਸੀ ਮੋਰਚਾ ਸੀ ਜਿਸ ਉੱਪਰ ਉਹ ਅੱਠ ਦਹਾਕੇ ਪੂਰੀ ਦ੍ਰਿੜ੍ਹਤਾ ਤੇ ਸਮਾਜੀ ਸਿਆਸੀ ਸੁਚੇਤਨਾ ਨਾਲ ਲਬਰੇਜ਼ ਕਲਮਕਾਰ ਵਜੋਂ ਡਟਿਆ ਰਿਹਾ। ਉਸ ਨੇ ਆਪਣੀ ਸਾਹਿਤ-ਸਾਧਨਾ ਦੇ ਮੁੱਢਲੇ ਪੜਾਅ ’ਤੇ ਹੀ ਇੱਕ ਨਿਰਣਾ ਕਰ ਲਿਆ ਸੀ ਕਿ ਉਹ ਬਦਰੰਗ ਨੈਣ-ਨਕਸ਼ਾਂ ਵਾਲੀ ਉਸ ਕਿਰਤੀ ਜਮਾਤ ਦਾ ਲੇਖਕ ਹੈ ਜੋ ਸਭ ਸੁਖ-ਸਾਧਨਾਂ ਤੋਂ ਵਾਂਝੀ ਇੱਕ ਤਰ੍ਹਾਂ ਪਸ਼ੂ ਜੂਨ ਹੀ ਨਹੀਂ ਭੋਗਦੀ ਸਗੋਂ ਮਾਨਵੀ ਗੌਰਵ ਗੁਆਉਣ ਦਾ ਸੰਤਾਪ ਵੀ ਭੋਗਦੀ ਹੈ। ਉਸ ਦੀਆਂ ਨਜ਼ਮਾਂ ਤੇ ਕਹਾਣੀਆਂ ਦੇ ਪਾਤਰ ਨਾ ਸੰਸਾਰਕ ਝਮੇਲਿਆਂ ਤੋਂ ਮੁਕਤ ਵਿਸਮਾਦੀ ਆਨੰਦ ਦੀ ਤਲਬ ਵਾਲੇ ਭਗਤ-ਜਨ ਹਨ, ਨਾ ਇਸ਼ਕ ਦੇ ਰੰਗ ’ਚ ਰੱਤੇ ਮਦ-ਮਸਤ ਪ੍ਰੇਮੀ, ਨਾ ਲਟਲਟ ਬਲਦੀ ਕਾਮਨਾ ਵਾਲੀਆਂ ਸੋਹਲ-ਮਲੂਕ ਨਾਰਾਂ ਅਤੇ ਨਾ ਬਰੂਹਾਂ ’ਤੇ ਪਹੁੰਚੇ ਇਨਕਲਾਬ ਲਈ ਹਾਕਲ-ਬਾਕਲ ਹੋਏ ਮੱਧ-ਵਰਗੀ ਬੁੱਧੀਜੀਵੀ। ਉਸ ਦੀਆਂ ਲਿਖਤਾਂ ਦੇ
ਕੇਂਦਰ ਵਿੱਚ ਮੁਸ਼ੱਕਤ ਵਿੱਚ ਸਧੇ ਹੋਏ ਕਰੜੇ ਜੁੱਸਿਆਂ ਵਾਲੇ ਤਾਂਬੇ ਰੰਗੇ ਕਿਰਤੀ ਹਨ। ਆਪਣੀ ਸਿਰਜਣਾ ਦੇ ‘ਪਹੁ-ਫੁਟਾਲੇ’ ਵੇਲੇ ਹੀ ਉਸ ਨੇ ਥੁੜੀ-ਟੁੱਟੀ ਕਿਸਾਨੀ, ਨਰਕੀ ਜੀਵਨ ਭੋਗਦੇ ਕਸਬੀਆਂ, ਬਾਰੂ ਤੇ ਕੁੰਦਨ ਵਰਗੇ ਕੋਚਵਾਨਾਂ, ਭੇਡਾਂ ਚਾਰਦੀਆਂ ਜਾਂਗਲੀ ਓਢਣੀਆਂ ਤੇ ਜ਼ਿੰਦਗੀ ਦਾ ਭੱਠ ਝੋਕਦੀਆਂ ਭੱਠੀ ਵਾਲੀਆਂ ਨੂੰ ਆਪਣੇ ਸਾਹਿਤ ਦੇ ਕੇਂਦਰ ਵਿੱਚ ਲੈ ਆਂਦਾ। 1947 ’ਚ ਲਿਖੀ ਨਜ਼ਮ ‘ਓਢਣੀ’ ਵਿੱਚ ਧੀਰ ਨੇ ਸਾਨੂੰ ਇਸ ਸੱਚ ਦਾ ਅਹਿਸਾਸ ਕਰਵਾ ਦਿੱਤਾ ਸੀ ਕਿ ਬਦਲੇ ਹੋਏ ਜ਼ਮਾਨੇ ਵਿੱਚ ਹੁਣ ਕਿਰਤੀ ਲੋਕ ਆਪਣੀ ਨਵੀਂ ਪਛਾਣ ਲੈ ਕੇ ਜ਼ਿੰਦਗੀ ਦੇ ਰਣ-ਤੱਤੇ ਵਿੱਚ ਪੇਸ਼ ਪੇਸ਼ ਹਨ।
ਜਦੋਂ ਸੰਤੋਖ ਸਿੰਘ ਧੀਰ ਨੇ ਲਿਖਣਾ ਸ਼ੁਰੂ ਕੀਤਾ, ਉਦੋਂ ਪ੍ਰਗਤੀਵਾਦੀ ਸਾਹਿਤਕ ਲਹਿਰ ਦਾ ਜ਼ੋਰ ਸੀ। ਬਹੁਤੇ ਮੱਧਵਰਗੀ ਲੇਖਕ ਵੇਲੇ ਦੇ ਮੁਹਾਣ ਅਨੁਸਾਰ ਕਿਰਤੀ ਵਰਗ ਦੇ ਜੀਵਨ ਤੇ ਦੁਸ਼ਵਾਰੀਆਂ ਬਾਰੇ ਓਪਰੀ ਜਿਹੀ ਹਮਦਰਦੀ ਵਾਲੀਆਂ ਰਚਨਾਵਾਂ ਲਿਖ ਰਹੇ ਸਨ। ਇਨ੍ਹਾਂ ਲੇਖਕਾਂ ਕੋਲ ਨਾ ਕਿਰਤੀ ਤੇ ਨਿਮਨ ਕਿਸਾਨੀ ਦੇ ਜੀਵਨ ਦਾ ਪ੍ਰਮਾਣਿਕ ਅਨੁਭਵ ਸੀ ਅਤੇ ਨਾ ਆਪਣੇ ਵੇਲੇ ਦੇ ਇਤਿਹਾਸਕ ਸਮਾਜਿਕ ਵੇਗ ਦੀ ਤੋਰ ਤੇ ਉਸ ਵਿਚਲੇ ਮੂਲ ਟਕਰਾਵਾਂ ਨੂੰ ਸਮਝਣ ਵਾਲੀ ਸਹੀ ਵਿਗਿਆਨਕ ਸੋਝੀ। ਧੀਰ ਕੋਲ ਕਿਰਤੀ ਵਰਗ (ਮਜ਼ਦੂਰ ਤੇ ਥੁੜਾਂ ਮਾਰੀ ਕਿਸਾਨੀ) ਦੇ ਜੀਵਨ ਦਾ ਹੱਡੀਂ ਹੰਢਾਇਆ ਹੋਇਆ ਅਨੁਭਵ ਵੀ ਸੀ ਤੇ ਕਿਰਤੀਆਂ ਕਾਮਿਆਂ ਦੇ ਹਿਤਾਂ ਦੀ ਸੋਝੀ ਦੇਣ ਵਾਲੀ ਸਿਆਸੀ ਸਮਝ ਵੀ। ਉਸ ਨੇ ਸਮਕਾਲੀ ਪੰਜਾਬੀ ਕਵਿਤਾ ਤੇ ਕਹਾਣੀ ਦਾ ਮਿਜ਼ਾਜ ਬਦਲਿਆ, ਮੱਧਵਰਗੀ ਲੇਖਕਾਂ ਦੀਆਂ ਨਜ਼ਰਾਂ ਤੋਂ ਰੁਮਾਂਸ ਦੀ ਪਾਣ ਲਾਹੀ। ਆਪਣੇ ਸਮਕਾਲੀ ਪ੍ਰਗਤੀਵਾਦੀ ਲੇਖਕਾਂ ਨਾਲੋਂ ਧੀਰ ਦੀ ਵਿਲੱਖਣਤਾ ਇਹ ਸੀ ਕਿ ਉਸ ਕੋਲ ਇਸ ਸੰਸਾਰ ਨੂੰ ਕਿਰਤੀਆਂ ਦੇ ਨਜ਼ਰੀਏ ਤੋਂ ਵੇਖਣ ਵਾਲੀ ਬਾਜ਼ ਅੱਖ ਸੀ। ਆਪਣੀ ਨਜ਼ਮ ‘ਸਨਮਾਨ’ (‘ਜਦੋਂ ਅਸੀਂ ਆਵਾਂਗੇ’) ਵਿੱਚ ਉਹ ਇੱਕ ਸਾਹਿਤਕਾਰ ਵਜੋਂ ਆਪਣੀ ਪੁਜ਼ੀਸ਼ਨ ਇੰਜ ਸਪਸ਼ਟ ਕਰਦਾ ਹੈ:
ਕਿੰਨਾ ਵੱਡਾ ਸਨਮਾਨ ਹੈ ਇਹ
ਜਿਹੜੇ ਆਕਾਸ਼ ਦੀ ਛੱਤ ਥੱਲੇ ਸੌਂਦੇ ਹਨ
ਧਰਤੀ ਦੇ ਵਿਛੌਣੇ ਉੱਤੇ
ਉਨ੍ਹਾਂ ਦੇ ਨਾਲ ਹੋਣਾ
ਤੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ
ਇਸ ਸੰਸਾਰ ਨੂੰ ਦੇਖਣਾ…
ਕਿੰਨਾ ਵੱਡਾ ਸਨਮਾਨ ਹੈ ਇਹ
ਗੁਰੂ ਨਾਨਕ ਦਾ ਸਿੱਖ ਹੋਣਾ
ਲੈਨਿਨ ਦਾ ਸਿਪਾਹੀ ਹੋਣਾ।
ਮਜ਼ਦੂਰ ਵਰਗ ਦੇ ਹਿਤਾਂ ਨੂੰ ਪ੍ਰਣਾਇਆ ਲੇਖਕ ਹੋਣ ਦੇ ਨਾਲ ਨਾਲ ਧੀਰ ਸੁਚੇਤ ਤੇ ਸਰਗਰਮ ਸਿਆਸੀ ਕਾਰਕੁਨ ਸੀ। ਕਮਿਊਨਿਸਟ ਲਹਿਰ ਨਾਲ ਉਸ ਦੀ ਵਚਨਬੱਧਤਾ ਸੁਦ੍ਰਿੜ੍ਹ ਬੁੱਧੀਜੀਵੀ ਤੇ ਕਲਮਕਾਰ ਵਾਲੀ ਸੀ। ਉਸ ਦੀ ਸਾਹਿਤਕ ਤੇ ਸਮਾਜਿਕ ਸਰਗਰਮੀ ਭਾਰਤ ਦੀ ਖੱਬੇਪੱਖੀ ਸਿਆਸਤ ਤੋਂ ਪ੍ਰੇਰਿਤ ਸੀ। ਭਾਰਤ ਦੀ ਖੱਬੇਪੱਖੀ ਲਹਿਰ ਵਿਚਲੇ ਸਿਧਾਂਤਕ ਉਤਰਾਵਾਂ-ਚੜ੍ਹਾਵਾਂ ਤੇ ਸਿਆਸੀ ਪੈਂਤੜਿਆਂ ਨੇ ਗਾਹੇ-ਬਗਾਹੇ ਧੀਰ ਦੇ ਸਾਹਿਤ ਨੂੰ ਪ੍ਰਭਾਵਿਤ ਕੀਤਾ। ਪਰ ਉਹ ਕਦੇ ਵੀ ਕਮਿਊਨਿਸਟ ਪਾਰਟੀਆਂ ਦੀ ਵਿਚਾਰਧਾਰਕ ਲਾਈਨ ਦਾ ਪਿਛਲੱਗ ਨਹੀਂ ਬਣਿਆ। ਮਾਰਕਸਵਾਦੀ ਦਰਸ਼ਨ ਦੇ ਨਾਲ ਨਾਲ ਉਹ ਗੁਰਮਤਿ ਦੇ ਸਮਾਜਿਕ ਨਿਆਂ, ਬਰਾਬਰੀ ਤੇ ਭਾਈਚਾਰਕ ਰਵਾਦਾਰੀ ਵਾਲੇ ਫ਼ਲਸਫ਼ੇ ਦਾ ਵੀ ਕਾਇਲ ਸੀ। ਉਸ ਨੇ ਕੌਮੀ ਸੁਤੰਤਰਤਾ ਸੰਗਰਾਮ, ਸੰਸਾਰ ਅਮਨ ਲਹਿਰ, ਤਿਲੰਗਾਨਾ ਤੇ ਪੰਜਾਬ ਦੇ ਕਿਸਾਨ ਅੰਦੋਲਨਾਂ ਅਤੇ ਦੁਨੀਆਂ ਦੇ ਵੱਖ ਵੱਖ ਖਿੱਤਿਆਂ ਵਿੱਚ ਉਭਰੀਆਂ ਸਮਾਜਿਕ-ਨਿਆਂ, ਆਜ਼ਾਦੀ ਤੇ ਬਰਾਬਰੀ ਦੀਆਂ ਲਹਿਰਾਂ ਤੋਂ ਪ੍ਰੇਰਨਾ ਲਈ। ਧੀਰ ਦਾ ਰਚਨਾਤਮਿਕ ਲੇਖਣ ਮਨੁੱਖੀ ਅਧਿਕਾਰਾਂ ਲਈ ਹੁੰਦੀ ਜੱਦੋਜਹਿਦ ਨਾਲ ਹਮ-ਪੱਲਾ ਰਿਹਾ ਹੈ। ਸ਼ਾਇਦ ਇਸੇ ਲਈ ਉਹ ਕਹਿੰਦਾ ਹੈ ਕਿ ‘‘ਮੇਰੇ ਨੇੜੇ ਲੇਖਕ ਹੋਣਾ ਯੋਧਾ ਹੋਣ ਦੇ ਤੁਲ ਹੈ।’’ (‘ਮਿੱਸੇ ਦਾਣੇ’ ਪੰਨਾ 61) ‘ਕਾਲੀ ਬਰਫ਼ੀ’ ਕਾਵਿ-ਸੰਗ੍ਰਹਿ ਵਿੱਚ ਉਹ ਲਿਖਦਾ ਹੈ:
ਕਦੇ ਤਾਂ ਰਣ ਵਿੱਚ ਕਵਿਤਾ ਲੜਦੀ,
ਕਦੇ ਤੇਗ਼ ਦੀ ਧਾਰ
ਹੁਣ ਨਹੀਂ ਪੇਸ਼ ਕਲਮ ਦੀ ਜਾਂਦੀ,
ਹੁਣ ਇਕ ਭੇਜ ਕਟਾਰ।
ਮੱਧ ਚਾਲ੍ਹੀਵਿਆਂ ਵਿੱਚ ਸੰਤੋਖ ਸਿੰਘ ਧੀਰ ਦੇ ਪੰਜਾਬੀ ਸਾਹਿਤ ਦੇ ਪਿੜ ਵਿੱਚ ਆਉਣ ਨਾਲ ਸਾਡੇ ਸਾਹਿਤ ਦਾ ਦ੍ਰਿਸ਼ ਤੇ ਦ੍ਰਿਸ਼ਟੀ ਦੋਵੇਂ ਬਦਲਦੇ ਹਨ। ਧੀਰ ਸਾਡੀ ਸੁਹਜ ਸੰਵੇਦਨਾ ਤੇ ਸਾਹਿਤਕ ਸੂਝ ਦੇ ਮਿਆਰਾਂ ਨੂੰ ਬਦਲ ਦਿੰਦਾ ਹੈ। ਸਿਆਸੀ ਸੂਝ ਕਰਕੇ ਧੀਰ ਕੌਮੀ ਤੇ ਕੌਮਾਂਤਰੀ ਪਿੜ ਵਿੱਚ ਵਾਪਰੀਆਂ ਘਟਨਾਵਾਂ ਤੇ ਤਬਦੀਲੀਆਂ ਨੂੰ ਘੋਖਵੀਂ ਨਜ਼ਰ ਨਾਲ ਬਿਆਨਦਾ ਹੀ ਨਹੀਂ ਸਗੋਂ ਉਨ੍ਹਾਂ ਪਿੱਛੇ ਕੰਮ ਕਰਦੀ ਵਿਸ਼ਵ ਪੂੰਜੀਵਾਦੀ ਵਿਵਸਥਾ ਤੇ ਅਜੋਕੀ ਨਵ-ਸਾਮਰਾਜਵਾਦੀ ਸੱਤਾ-ਸਿਆਸਤ ਦਾ ਹੀਜ ਪਿਆਜ਼ ਵੀ ਫੋਲਦਾ ਹੈ। ਧੀਰ ਨੇ ਆਪਣੇ ਦੌਰ ਦੇ ਮੁੱਖ ਵਿਚਾਰਧਾਰਕ ਦਵੰਦ (ਅਰਥਾਤ ਕਿਰਤ ਤੇ ਪੂੰਜੀ ਦੇ ਵਿਰੋਧ) ਨੂੰ ਆਪਣੇ ਸਾਹਿਤਕ ਸਫ਼ਰ ਦੇ ਮੁੱਢਲੇ ਦਹਾਕਿਆਂ ਵਿੱਚ ਹੀ ਸਮਝ ਲਿਆ ਸੀ। ਆਪਣੀ ਸਰਬ-ਸ੍ਰੇਸ਼ਟ ਕਹਾਣੀ ‘ਕੋਈ ਇੱਕ ਸਵਾਰ’ (1954) ਵਿੱਚ ਉਹ ਮਨੁੱਖੀ ਕਿਰਤ ਤੇ ਮਸ਼ੀਨ ਦੇ ਵਿਰੋਧ ਨੂੰ ਤਾਂਗੇ ਵਾਲੇ ਬਾਰੂ ਤੇ ਬੱਸ ਦੇ ਟਕਰਾਉ ਰਾਹੀਂ ਸਮਝਾਉਂਦਾ ਹੈ। ਇਸੇ ਤਰ੍ਹਾਂ 1956 ਵਿੱਚ ਲਿਖੀ ਆਪਣੀ ਕਲਾਸਕੀ ਨਜ਼ਮ ‘ਨਿੱਕੀ ਸਲੇਟੀ ਸੜਕ ਦਾ ਟੋਟਾ’ ਵਿੱਚ ਧੀਰ ਸਮਝਾਉਂਦਾ ਹੈ ਕਿ ‘ਸਰਮਾਏ ਦੀ ਅੰਨ੍ਹੀ ਲਾਲਸਾ ਮਨੁੱਖਤਾ ਨੂੰ ਜੰਗ ਵਿੱਚ ਝੋਕਦੀ ਹੈ; ਸਰੋਤਾਂ ’ਤੇ ਕਬਜ਼ੇ ਤੇ ਮੁਨਾਫ਼ੇ ਦੀ ਹੋੜ ਬੰਦੇ ਨੂੰ ਬਾਲਣ ਬਣਾਉਂਦੀ ਹੈ’। ਸੰਤੋਖ ਸਿੰਘ ਧੀਰ ਦਾ ਸਾਹਿਤ ਲਗਭਗ ਅੱਠ ਦਹਾਕਿਆਂ ਦੇ ਵਿਸ਼ਵ ਇਤਿਹਾਸ ਦੀਆਂ ਪ੍ਰਮੁੱਖ ਘਟਨਾਵਾਂ ਤੇ ਵਰਤਾਰਿਆਂ ਉੱਪਰ ਬੜਾ ਸਟੀਕ ਤਬਸਰਾ ਹੈ। ਧੀਰ ਦੇ ਸਾਹਿਤ ਵਿੱਚ ਹਿੰਦ-ਪਾਕਿ ਵੰਡ ਦੇ ਦੁਖਾਂਤ, ਭਾਰਤ ਦੇ ਵੱਖ-ਵੱਖ ਖਿੱਤਿਆਂ ਦੇ ਕਿਸਾਨ ਅੰਦੋਲਨਾਂ, ਆਜ਼ਾਦੀ ਉਪਰੰਤ ਅਸਾਵੇਂ ਵਿਕਾਸ ਤੋਂ ਉਪਜੇ ਰੋਹ, ਹਰੀ ਕ੍ਰਾਂਤੀ ਦੀ ਅਸਫਲਤਾ, ਹਿੰਦ-ਪਾਕਿ ਜੰਗਾਂ, ਬੰਗਲਾਦੇਸ਼ ਦੇ ਕਤਲੇਆਮ, ਐਮਰਜੈਂਸੀ ’ਚ ਹੋਏ ਲੋਕਤੰਤਰ ਦੇ ਘਾਣ, ਪੰਜਾਬ ਸੰਕਟ ਦੇ ਕਾਲੇ ਦੌਰ ਦੀ ਹਿੰਸਾ, ਵੱਖ-ਵੱਖ ਖਿੱਤਿਆਂ ’ਚ ਹੋਏ ਫ਼ਿਰਕੂ ਦੰਗੇ, ਬਾਬਰੀ ਮਸਜਿਦ ਕਾਂਡ, ਸਾਮਰਾਜੀ ਤੇ ਸਮਾਜਵਾਦੀ ਕੈਂਪਾਂ ਵਿਚਲੀ ਠੰਢੀ ਜੰਗ, ਸਮਾਜਵਾਦੀ ਕੈਂਪ ਦੇ ਟੁੱਟਣ, ਅਜੋਕੇ ਸੱਭਿਆਚਾਰਕ ਰਾਸ਼ਟਰਵਾਦ ਅਤੇ ਵਿਸ਼ਵੀਕਰਨ, ਉਦਾਰੀਕਰਨ ਤੇ ਬਾਜ਼ਾਰ ਸੱਭਿਆਚਾਰ ਦੇ ਮਾਰੂ ਪ੍ਰਭਾਵਾਂ ਦਾ ਖ਼ੁਲਾਸਾ ਹੋਇਆ ਹੈ। ਅਜੋਕੇ ਵਿਸ਼ਵੀਕਰਨ ਤੇ ਉਦਾਰਵਾਦੀ ਬਾਜ਼ਾਰ ਦੀ ਸੱਤਾ-ਸਿਆਸਤ ਬਾਰੇ ਧੀਰ ਕਿਸੇ ਭੁਲੇਖੇ ਦੀ ਗੁੰਜਾਇਸ਼ ਨਹੀਂ ਛੱਡਦਾ। ‘ਝੱਖੜ ਝੁੱਲੇ’ ਕਾਵਿ-ਸੰਗ੍ਰਹਿ ਦੀ ਕਟਾਖਸ਼ੀ ਅੰਦਾਜ਼ ਵਾਲੀ ਨਜ਼ਮ ’ਚ ਉਹ ਕਹਿੰਦਾ ਹੈ:
ਉਡ ਰਿਹਾ ਏ ਬਾਜ਼/ ਅਸਮਾਨਾਂ ਦੇ ਵਿਚ
ਫੜਫੜਾਂਦੇ ਖੰਭ ਜਿਸ ਦੇ/ ਮੱਲਦੇ ਜਾਂਦੇ ਨੇ ਸਾਰਾ ਆਕਾਸ਼
ਫੈਲਦੇ ਜਾਂਦੇ ਨੇ ਸਾਰੇ ਧਰਤ ਉਤੇ/ ਕਾਲੇ ਪਰਛਾਵੇਂ ਇਹਦੇ
ਚੀਖਦਾ ਹੈ: ਮੈਂ ਹੀ ਹੋਵਾਂ/ ਹੋਰ ਨਾ ਕੋਈ ਹੋਵੇ ਦੂਜਾ
ਸਾਰੇ ਮੇਰੀ ਬੋਲੀ ਬੋਲਣ/ ਸਾਰੇ ਮੇਰੀ ਚਾਲ ਚੱਲਣ
ਭੁੱਲ ਜਾਵਣ ਸਾਰੇ ਆਪਣੇ ਆਪ ਨੂੰ/ ਆਪਣੀ ਔਕਾਤ ਨੂੰ
ਦਿਲ ਹੈ ਮੇਰਾ ਸਹਿਮਿਆ
ਕੀ ਸਾਡੇ ਪੰਛੀਆਂ ਨੂੰ/ ਝੱਫ ਜਾਏਗਾ ਇਹ ਬਾਜ਼।
ਪੰਜਾਬ ਸੰਕਟ ਸਮੇਂ ਸਰਕਾਰੀ ਦਮਨ ਤੇ ਅਤਿਵਾਦ ਦੇ ਦੌਰ ਵਿੱਚ ਜਦੋਂ ਬਹੁਤੇ ਲੇਖਕ ਡਰ ਦੇ ਮਾਰੇ ਖ਼ਾਮੋਸ਼ ਹੋ ਗਏ ਸਨ ਤੇ ਕੁਝ ਲੇਖਕਾਂ ਨੇ ਵਿਚਾਰਾਂ ਦਾ ਕਾਂਟਾ ਤੇ ਪੱਗਾਂ ਦੇ ਰੰਗ ਬਦਲ ਲਏ ਸਨ, ਉਸ ਸਮੇਂ ਸੰਤੋਖ ਸਿੰਘ ਧੀਰ ਆਪਣੇ ਵਿਚਾਰਧਾਰਕ ਅਕੀਦੇ ਤੋਂ ਨਹੀਂ ਥਿੜਕਿਆ। ਆਪਣੇ ਜਵਾਈ ਬੰਤ ਸਿੰਘ ਰਾਏਪੁਰੀ ਦੀ ਦਹਿਸ਼ਤਗਰਦਾਂ ਹੱਥੋਂ ਹੋਈ ਮੌਤ ਵੀ ਧੀਰ ਦੀ ਕਲਮ ਨੂੰ ਖ਼ਾਮੋਸ਼ ਨਾ ਕਰ ਸਕੀ। ਉਸ ਕਾਲੇ ਦੌਰ ਵਿੱਚ ਧੀਰ ਨੇ ‘ਕਿੰਨਾ ਬਦਮਾਸ਼ ਹੈ ਔਰੰਗਜ਼ੇਬ’, ‘ਮੈਂ ਮੁਖ਼ਬਰ ਨਹੀਂ ਸਾਂ’ ਅਤੇ ‘ਨਹੀਂ ਮੈਂ ਰੋਵਾਂਗਾ ਨਹੀਂ’ ਵਰਗੀਆਂ ਮਰਮ-ਸਪਰਸ਼ੀ ਨਜ਼ਮਾਂ ਲਿਖੀਆਂ। ਸੰਤੋਖ ਸਿੰਘ ਧੀਰ ਦੀ ਇਤਿਹਾਸ ਦ੍ਰਿਸ਼ਟੀ ਦਾ ਕਮਾਲ ਇਹ ਹੈ ਕਿ ਉਹ ਸਿੱਖ ਲਹਿਰ ਦੇ ਲੋਕ-ਪੱਖੀ, ਇਨਕਲਾਬੀ ਤੇ ਜੁਝਾਰੂ ਵਿਰਸੇ ਨੂੰ ਆਲਮੀ ਪੱਧਰ ’ਤੇ ਹੋ ਰਹੇ ਲੋਕ-ਸੰਘਰਸ਼ਾਂ ਤੇ ਸਮਾਜਿਕ ਨਿਆਂ ਦੀਆਂ ਲਹਿਰਾਂ ਨਾਲ ਇਕਸੁਰ ਹੋਏ ਦੇਖਦਾ ਹੈ। ਉਸ ਨੂੰ ਸਮਾਜਿਕ ਬਰਾਬਰੀ ਲਈ ਲੜਦੇ ਵੀਅਤਨਾਮੀ ਗੁਰੀਲੇ, ਬੰਗਲਾਦੇਸ਼ ਦੇ ਮੁਜਾਹਿਦ (ਰੌਸ਼ਨਆਰਾ, ਟੀਟੂ, ਰਸਲ), ਫ਼ਲਸਤੀਨ ਦੇ ਬਾਗ਼ੀ ਲੜਾਕੇ, ਚਿੱਲੀ, ਇੰਡੋਨੇਸ਼ੀਆ, ਨਿਕਾਰਾਗੂਆ ਤੇ ਮੋਜ਼ੰਬੀਕ ਦੇ ਕ੍ਰਾਂਤੀਕਾਰੀ, ਤੀਜੀ ਦੁਨੀਆਂ ਦੇ ਕਿਸਾਨ, ਅਫ਼ਰੀਕਾ ਦੇ ਹਬਸ਼ੀ ਤੇ ਯੂਰੋਪ ਦੇ ਗੋਰੇ
ਸੰਘਰਸ਼ਸ਼ੀਲ ਮਜ਼ਦੂਰ ਸਿੱਖ ਸੂਰਮੇ ਹੀ ਜਾਪਦੇ ਹਨ। ਉਹ ਕਹਿੰਦਾ ਹੈ: ‘ਸਿਰ ਝੁਕਾ ਪੰਜਾਬ/ ਤੇਰਾ ਗੁਰੂ/ ਵੀਅਤਨਾਮ ਵਿਚ/ ਹਾਜ਼ਰ ਨਾਜ਼ਰ ਦਿਸਦਾ ਹੈ/ ਉਹ ਆਪਣੇ ਸਿੱਖਾਂ ਸੂਰਮਿਆਂ ਦੇ/ ਅੰਗ ਸੰਗ ਹੋ ਕੇ ਲੜਦਾ ਹੈ। (ਕਾਲੀ ਬਰਛੀ) ਸੰਤੋਖ ਸਿੰਘ ਧੀਰ ਕਿਰਤੀ ਵਰਗ ਤੇ ਹਾਸ਼ੀਏ ’ਤੇ ਧੱਕੇ ਸਮਾਜ ਦੇ ਕੁੰਭੀ ਨਰਕ ਵਰਗੇ ਜੀਵਨ ਨੂੰ ਹਮਦਰਦੀ ਨਾਲ ਚਿਤਰਦਾ ਹੀ ਨਹੀਂ ਸਗੋਂ ਉਨ੍ਹਾਂ ਨੂੰ ਉੱਪਰਲੇ ਤੇ ਸੱਤਾਧਾਰੀ ਵਰਗਾਂ ਦੀ ਫੈਲਾਈ ਭਰਮ-ਚੇਤਨਾ ਤੋਂ ਮੁਕਤ ਕਰਦਾ ਹੈ ਜੋ ਉਨ੍ਹਾਂ ਨੂੰ ਕਿਸਮਤ ਮਾਰੇ ਦੱਸ ਕੇ ਹੀਣਭਾਵਨਾ ਦਾ ਸ਼ਿਕਾਰ ਬਣਾਉਂਦੇ ਹਨ। ਧੀਰ ਇਹ ਸਮਝਦਾ ਸੀ ਕਿ ਆਰਥਿਕ ਲੁੱਟ ਤੇ ਜਾਤ-ਪਾਤੀ ਸੱਭਿਆਚਾਰ ਕਿਰਤੀ ਕਾਮਿਆਂ ਨੂੰ ਮਨੁੱਖੀ ਹੱਕਾਂ ਤੇ ਸਮਾਜਿਕ ਨਿਆਂ ਤੋਂ ਵਾਂਝਾ ਹੀ ਨਹੀਂ ਕਰਦੇ ਸਗੋਂ ਉਨ੍ਹਾਂ ਨੂੰ ਗਹਿਰੀਆਂ ਮਾਨਸਿਕ ਗੁੰਝਲਾਂ ਦਾ ਸ਼ਿਕਾਰ ਬਣਾਉਂਦੇ ਹਨ। ਜਾਤੀ-ਜਮਾਤੀ ਦਰਜੇਬੰਦੀ ਤੇ ਵਿਤਕਰਿਆਂ ਵਾਲੀ ਭਰਮ-ਚੇਤਨਾ ਕਿਰਤੀਆਂ ਤੇ ਹਾਸ਼ੀਏ ਦੇ ਸਮਾਜ ਨੂੰ ਗੂੰਗੀ, ਬੋਲ਼ੀ ਭੀੜ ਵਿੱਚ ਬਦਲ ਦਿੰਦੀ ਹੈ। ਆਪਣੀ ਮਨੁੱਖੀ ਪਛਾਣ ਤੇ ਜਮਾਤੀ ਹਿਤਾਂ ਦੀ ਸੂਝ ਤੋਂ ਕੋਰਾ ਕਿਰਤੀ ਵਰਗ ਸੱਤਾਧਾਰੀ ਧਿਰਾਂ ਦੀ ਵਿਚਾਰਧਾਰਾ ਤੇ ਕਲਚਰ ਦਾ ਪਿਛਲੱਗ ਜਾਂ ਗ਼ੁਲਾਮ ਹੋ ਜਾਂਦਾ ਹੈ। ਆਪਣੀ ਹੋਂਦ ਤੇ ਹਸਤੀ ਤੋਂ ਬੇਮੁੱਖ ਹੋਇਆ ਹਾਸ਼ੀਆਗਤ ਸਮਾਜ ਆਪਣਿਆਂ ਤੇ ਵਿਰੋਧੀਆਂ ਦੀ ਪਛਾਣ ਹੀ ਭੁੱਲ ਜਾਂਦਾ ਹੈ। ਧੀਰ ਇਸ ਅਬੋਧ ਤੇ ਹਾਰੀ ਹੋਈ ਜਮਾਤ ਨੂੰ ‘ਬਾਰੂ ਦੇ ਹੋਕਰੇ’ ਰਾਹੀਂ ਚੇਤੰਨ ਕਰਦਾ ਹੈ। ਆਪਣੇ ਆਪ ਨੂੰ ਨਿਗੂਣੇ ਤੇ ਪੈਰ ਸਮਝਣ ਵਾਲਿਆਂ ਨੂੰ ਧੀਰ ਸਮਝਾਉਂਦਾ ਹੈ ਕਿ ਉਹ ਸਾਰੀ ਕਾਇਨਾਤ ਦਾ ਭਾਰ ਚੁੱਕਣ ਵਾਲੇ ਹਨ, ਜ਼ਮਾਨੇ ਨੂੰ ਅੱਗੇ ਲੈ ਕੇ ਜਾਣ ਵਾਲੇ, ਇਤਿਹਾਸ ਦੇ ਸੀਨੇ ਉੱਤੇ ਮੁਸ਼ੱਕਤ ਦੀਆਂ ਪੈੜਾਂ ਕਰਨ ਵਾਲੇ, ਯੁਗਾਂ ਨੂੰ ਮੋੜ ਦੇਣ ਵਾਲੇ, ਧਰਤੀ ਦੇ ਮਾਣਮੱਤੇ ਪੁੱਤਰ। ਸੰਤੋਖ ਸਿੰਘ ਧੀਰ ਹਾਸ਼ੀਆਗਤ ਸਮਾਜ ਨਾਲ ਆਪਣੀ ਰਚਨਾਤਮਿਕ ਵਚਨਬੱਧਤਾ ਨੂੰ ਇੰਜ ਬਿਆਨ ਕਰਦਾ ਹੈ:
ਮੈਂ ਉਨ੍ਹਾਂ ਵੱਲ ਖਲੋਤਾ ਹਾਂ/ ਜਿਹੜੇ ਨਹੀਂ ਖਲੋਤੇ
ਕਦੇ ਆਪਣੇ ਆਪ ਵੱਲ/ ਜਿਨ੍ਹਾਂ ਨੂੰ ਨਹੀਂ ਪਤਾ
ਕੌਣ ਮਿੱਤਰ ਕੌਣ ਵੈਰੀ/ ਮੈਂ ਉਨ੍ਹਾਂ ਵੱਲ ਖਲੋਤਾ ਹਾਂ
ਜਿਨ੍ਹਾਂ ਨੂੰ ਨਹੀਂ ਪਤਾ/ ਉਹ ਕੀਹਦੇ ਵੱਲ ਖਲੋਤੇ ਹਨ
ਮੈਂ ਉਨ੍ਹਾਂ ਵੱਲ ਖਲੋਤਾ ਹਾਂ/ ਜਿਹੜੇ ਮੈਨੂੰ ਆਪਣੇ ਵੱਲ
ਖਲੋਤਾ ਨਹੀਂ ਜਾਣਦੇ।
ਵਿਚਾਰਧਾਰਕ ਤਿਲਕਣ, ਆਵਾਰਾ ਪੂੰਜੀ ਦੇ ਸੰਮੋਹਨ ਤੇ ਛਲੀਏ ਬਾਜ਼ਾਰ ਦੇ ਤਲਿਸਮ ਦੇ ਦੌਰ ਵਿੱਚ ਕਿਰਤੀ ਕਾਮਿਆਂ ਤੇ ਹਾਸ਼ੀਆਗਤ ਸਮਾਜ ਦੇ ਹੱਕ ਵਿੱਚ ਆਵਾਜ਼ ਉਠਾਉਣੀ ਤੇ ਕਵਿਤਾ ਲਿਖਣੀ ਸ਼ੇਰ ਦੀ ਸਵਾਰੀ ਕਰਨ ਵਰਗਾ ਜੋਖ਼ਮ ਭਰਿਆ ਕੰਮ ਹੁੰਦਾ ਹੈ। ਧੀਰ ਨੇ ਇਹ ਕੰਮ ਪੂਰੀ ਸ਼ਿੱਦਤ ਨਾਲ ਕੀਤਾ। ਇਸੇ ਲਈ ਤਾਂ ਉਹ ਮੇਰੀ ਨਜ਼ਰ ਵਿੱਚ ਸ਼ੇਰ-ਸਵਾਰ ਹੈ।
ਸੰਪਰਕ: 98156-36565