DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਓ ਕਰੀਏ ਯੋਗ, ਭਜਾਈਏ ਰੋਗ

ਅਸੀਂ ਆਮ ਦੇਖਦੇ ਹਾਂ ਕਿ ਸਵੇਰੇ-ਸਵੇਰੇ ਪਾਰਕਾਂ ਵਿੱਚ ਸੈਰ ਕਰਨ ਵਾਲੇ ਲੋਕ ਇਕੱਠੇ ਬੈਠ ਕੇ ਤਾੜੀਆਂ ਮਾਰਦੇ ਹਨ ਅਤੇ ਹਾਸਾ-ਠੱਠਾ ਕਰਦੇ ਹਨ। ਯੋਗ ਦੇ ਅਸੂਲਾਂ ਅਨੁਸਾਰ ਇਹ ਸਿਹਤ ਲਈ ਬਹੁਤ ਲਾਹੇਵੰਦ ਹੈ। ਹੱਥਾਂ ਦੀਆਂ ਤਲੀਆਂ ਵਿੱਚ ਸਰੀਰ ਦੇ ਹਰ ਹਿੱਸੇ...

  • fb
  • twitter
  • whatsapp
  • whatsapp
Advertisement

ਅਸੀਂ ਆਮ ਦੇਖਦੇ ਹਾਂ ਕਿ ਸਵੇਰੇ-ਸਵੇਰੇ ਪਾਰਕਾਂ ਵਿੱਚ ਸੈਰ ਕਰਨ ਵਾਲੇ ਲੋਕ ਇਕੱਠੇ ਬੈਠ ਕੇ ਤਾੜੀਆਂ ਮਾਰਦੇ ਹਨ ਅਤੇ ਹਾਸਾ-ਠੱਠਾ ਕਰਦੇ ਹਨ। ਯੋਗ ਦੇ ਅਸੂਲਾਂ ਅਨੁਸਾਰ ਇਹ ਸਿਹਤ ਲਈ ਬਹੁਤ ਲਾਹੇਵੰਦ ਹੈ। ਹੱਥਾਂ ਦੀਆਂ ਤਲੀਆਂ ਵਿੱਚ ਸਰੀਰ ਦੇ ਹਰ ਹਿੱਸੇ ਦੀ ਕਿਰਿਆ ਦੇ ਪੁਆਇੰਟ ਹੁੰਦੇ ਹਨ ਜੋ ਤਾੜੀਆਂ ਮਾਰਨ (ਦਬਾਉਣ) ਨਾਲ ਐਕਟਿਵ ਹੁੰਦੇ ਹਨ ਜਿਸ ਦਾ ਸਰੀਰ ਨੂੰ ਲਾਭ ਮਿਲਦਾ ਹੈ। ਇਸੇ ਤਰ੍ਹਾਂ ਉੱਚੀ-ਉੱਚੀ ਹੱਸਣ ਨਾਲ ਤਣਾਅ ਘਟਦਾ ਹੈ ਅਤੇ ਦਿਲ ਤੇ ਦਿਮਾਗ਼ ਨੂੰ ਲਾਭ ਪੁੱਜਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਦਿਲ ਦੀਆਂ ਖੂਨ ਸਪਲਾਈ ਵਾਲੀਆਂ ਨਾੜੀਆਂ ਦੀ ਬਲੌਕੇਜ ਘਟਦੀ ਹੈ ਪਰ ਅਸਲੀ ਹਾਸੇ ਵਾਲੀ ਖੁਸ਼ੀ ਸਾਨੂੰ ਧੁਰ ਅੰਦਰੋਂ ਹਲੂਣਾ ਦਿੰਦੀ ਹੈ ਅਤੇ ਵਧੇਰੇ ਊਰਜਾ ਪੈਦਾ ਕਰਦੀ ਹੈ। ਯੋਗ ਪ੍ਰਾਚੀਨ ਭਾਰਤ ਵਿੱਚ ਰਿਸ਼ੀਆਂ ਮੁਨੀਆਂ ਵੱਲੋਂ ਚਲਾਈ ਗਈ ਬਹੁਤ ਪੁਰਾਣੀ (ਕਰੀਬ 5000 ਸਾਲ ਪਹਿਲਾਂ) ਪਰੰਪਰਾ ਹੈ, ਜਿਸ ਦੀ ਮਹੱਤਤਾ ਨੂੰ ਦੇਖਦੇ ਹੋਏ ਅਜੋਕੇ ਵਿਦਵਾਨਾਂ ਵੱਲੋਂ ਇਹ ਮਾਮਲਾ ਯੂ ਐੱਨ ਓ ਕੋਲ ਪਹੁੰਚਾਇਆ ਗਿਆ। ਯੋਗ ਦੇ ਮਨੁੱਖੀ ਸਿਹਤ ਲਈ ਲਾਭ ਨੂੰ ਦੇਖਦੇ ਹੋਏ ਸੰਯੁਕਤ ਰਾਸ਼ਟਰ ਨੇ 193 ਦੇਸ਼ਾਂ ਵਿੱਚ ਕੌਮਾਂਤਰੀ ਤੌਰ ’ਤੇ ਇਸ ਨੂੰ ਮਾਨਤਾ ਦਿੱਤੀ। ਭਾਰਤ ਵਿੱਚ ਇਹ ਦਿਹਾੜਾ 21 ਜੂਨ 2015 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਮਨਾਉਣਾ ਸ਼ੁਰੂ ਹੋਇਆ। ਯੋਗ ਦਿਵਸ 21 ਜੂਨ ਨੂੰ ਇਸ ਕਰ ਕੇ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਨੂੰ ਸਾਲ ਦਾ ਸਭ ਤੋਂ ਵੱਡਾ ਦਿਨ ਮੰਨਿਆ ਜਾਂਦਾ ਹੈ। ਯੋਗ ਸ਼ਬਦ ਸੰਸਕ੍ਰਿਤ ਦੇ ਲਫ਼ਜ਼ ਯੁੱਜ ਤੋਂ ਆਇਆ ਹੈ ਜਿਸ ਦਾ ਅਰਥ ਹੈ ਜੂਲਾ ਜਾਂ ਇੱਕਜੁਟ ਹੋਣਾ। ਜਿਵੇਂ ਕਿ ਯੋਗ ਅਭਿਆਸਾਂ ਦੀ ਇੱਕ ਪ੍ਰਣਾਲੀ ਹੈ ਜਿਸ ਦਾ ਉਦੇਸ਼ ਸਰੀਰ, ਮਨ ਅਤੇ ਆਤਮਾ ਨੂੰ ਵੱਖ-ਵੱਖ ਆਸਣਾਂ ਰਾਹੀਂ ਏਕੀਕ੍ਰਿਤ ਕਰਨਾ ਹੈ। ਮੂਲ ਰੂਪ ਵਿੱਚ ਯੋਗ ਰਾਹੀਂ ਵੱਖ-ਵੱਖ ਸਰੀਰਕ ਆਸਣ, ਸਾਹ ਲੈਣ ਦੀਆਂ ਤਕਨੀਕਾਂ (ਪ੍ਰਾਣਾਯਾਮ) ਅਤੇ ਧਿਆਨ ਅਭਿਆਸ ਸ਼ਾਮਲ ਹੁੰਦੇ ਹਨ ਜੋ ਸਰੀਰਕ ਤਾਕਤ, ਲਚਕਤਾ, ਸੰਤੁਲਨ ਨੂੰ ਸਮੁੱਚੇ ਤੌਰ ’ਤੇ ਵਧਾਉਣ ਵਿੱਚ ਮਦਦ ਕਰਦੇ ਹਨ। ਪ੍ਰਾਣਾਯਾਮ ਆਸਣ ਵਿੱਚ ਪ੍ਰਾਣ ਦਾ ਭਾਵ ਹੈ ਸਵਾਸ ਅਤੇ ਯਾਮ ਦਾ ਭਾਵ ਹੈ ਕਸਰਤ ਭਾਵ ਸਵਾਸਾਂ ਦੀ ਕਸਰਤ। ਪ੍ਰਾਣਾਯਾਮ ਰਾਹੀਂ ਭਾਰੀ ਮਾਤਰਾ ਵਿੱਚ ਆਕਸੀਜਨ ਅੰਦਰ ਖਿੱਚੀ ਜਾਂਦੀ ਹੈ ਜੋ ਸਾਨੂੰ ਮਾਨਸਿਕ ਲਾਭ ਦੇ ਕੇ ਤਣਾਅ ਘਟਾਉਂਦੀ ਹੈ ਅਤੇ ਇਹ ਪੈਰਾਸਿਮਪੈਥੀਟਿਕ ਨਰਵਸ ਸਿਸਟਮ ਨੂੰ ਸਰਗਰਮ ਕਰਨ ਵਿੱਚ ਮਦਦ ਕਰਦਾ ਹੈ ਜੋ ਤਣਾਅ ਅਤੇ ਚਿੰਤਾ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਵਿੱਚ ਮਦਦ ਕਰਦਾ ਹੈ। ਯੋਗ ਦੀਆਂ ਵੱਖ-ਵੱਖ ਸ਼ੈਲੀਆਂ ਹਨ ਜਿਵੇਂ ਕਿ ਹਠ ਯੋਗ, ਅਸ਼ਟਾਂਗ ਯੋਗ, ਅਯੰਗਰ ਯੋਗ, ਕੁੰਡਲਨੀ ਯੋਗ ਅਤੇ ਹੋਰ ਕਈ ਸਰੀਰ ਲਈ ਲਾਭਦਾਇਕ ਆਸਣ। ਜਿਹੜੇ ਲੋਕ ਰੋਜ਼ਾਨਾ ਯੋਗ ਕਰਦੇ ਹਨ ਉਨ੍ਹਾਂ ਦੀਆਂ ਕਈ ਬਿਮਾਰੀਆਂ ਵਿੱਚ ਕਮੀ ਆਈ ਹੈ ਤੇ ਉਨ੍ਹਾਂ ਦੀ ਦਵਾਈਆਂ ਦੀ ਡੋਜ਼ ਵੀ ਘਟੀ ਹੈ ਅਤੇ ਉਨ੍ਹਾਂ ਦੀ ਸਰੀਰਕ ਗਤੀਵਿਧੀ ਅਤੇ ਪਾਚਨ ਕਿਰਿਆ ਵਿੱਚ ਵੀ ਸੁਧਾਰ ਹੋਇਆ ਹੈ। ਕੁਝ ਲੋਕ ਬੱਚਿਆਂ ਦਾ ਕੱਦ ਵਧਾਉਣ ਲਈ ਦਵਾਈਆਂ ਵਰਤਦੇ ਹਨ ਪਰ ਯੋਗ ਦੇ ਕੁਝ ਆਸਣ ਬੱਚਿਆਂ ਦਾ ਕੱਦ ਵਧਾਉਣ ਵਿੱਚ ਸਹਾਈ ਹੁੰਦੇ ਹਨ ਜਿਵੇਂ ਕਿ ਵ੍ਰਿਕਸ਼ਾਸਨ: ਇਹ ਆਸਣ ਰੀੜ੍ਹ ਦੀ ਹੱਡੀ ਨੂੰ ਸਿੱਧਾ ਰੱਖਣ ਵਿੱਚ ਮਦਦ ਕਰ ਕੇ ਕੱਦ ਵਧਾਉਣ ਵਿੱਚ ਸਹਾਈ ਹੁੰਦਾ ਹੈ।

ਤ੍ਰਿਕੋਣਾਸਨ: ਇਸ ਵਿੱਚ ਸਰੀਰ ਨੂੰ ਸਾਈਡ ਵੱਲ ਝੁਕਾਇਆ ਜਾਂਦਾ ਹੈ ਜਿਸ ਨਾਲ ਮਾਸਪੇਸ਼ੀਆਂ ਵਿੱਚ ਖਿੱਚ ਆਉਂਦੀ ਹੈ ਅਤੇ ਸੰਤੁਲਨ ਸਹੀ ਬਣਦਾ ਹੈ।

Advertisement

ਤਾੜਾਸਣ: ਇਹ ਕੱਦ ਵਧਾਉਣ ਲਈ ਸਭ ਤੋਂ ਪ੍ਰਭਾਵਸ਼ਾਲੀ ਆਸਣ ਮੰਨਿਆ ਜਾਂਦਾ ਹੈ ਜਿਸ ਵਿੱਚ ਸਿੱਧੇ ਖੜ੍ਹੇ ਹੋ ਕੇ ਪੂਰੇ ਸਰੀਰ ਨੂੰ ਉਪਰ ਵੱਲ ਖਿੱਚਿਆ ਜਾਂਦਾ ਹੈ।

Advertisement

ਭੁਜੰਗਾਸਨ: ਇਸ ਨਾਲ ਰੀੜ੍ਹ ਦੀ ਹੱਡੀ ਮਜ਼ਬੂਤ ਤੇ ਲਚਕੀਲੀ ਹੁੰਦੀ ਹੈ ਜਿਵੇਂ ਪੇਟ ਦੇ ਭਾਰ ਲੇਟ ਕੇ ਸਰੀਰ ਦੇ ਉਪਰਲੇ ਹਿੱਸੇ ਨੂੰ ਚੁੱਕਣ ਨਾਲ ਸਰੀਰ ਦਾ ਢਾਂਚਾ ਬਿਹਤਰ ਹੁੰਦਾ ਹੈ।

ਸੂਰਯ ਨਮਸਕਾਰ: ਇਹ ਕਈ ਆਸਣਾਂ ਦਾ ਮਿਸ਼ਰਣ ਹੈ ਜੋ ਪੂਰੇ ਸਰੀਰ ਨੂੰ ਐਕਟਿਵ ਕਰਦਾ ਹੈ ਅਤੇ ਗ੍ਰੋਥ ਹਾਰਮੋਨ ਨੂੰ ਸਰਗਰਮ ਕਰਦਾ ਹੈ। ਇਨ੍ਹਾਂ ਆਸਣਾਂ ਨੂੰ ਵਡੇਰੀ ਉਮਰ ਦੇ ਵਿਅਕਤੀ ਵੀ ਕਰਦੇ ਹਨ।

ਜੇ ਸਮਾਜ ਦੀ ਪੁਰਾਤਨ ਜੀਵਨ ਸ਼ੈਲੀ ਬਾਰੇ ਜਾਣਿਆ ਜਾਵੇ ਤਾਂ ਉਦੋਂ ਮਸ਼ੀਨੀ ਤੇ ਤਕਨੀਕੀ ਯੁੱਗ ਨਾ ਹੋਣ ਕਾਰਨ ਲੋਕਾਂ (ਮਰਦ ਅਤੇ ਔਰਤਾਂ) ਦੀ ਹੱਥੀਂ ਕੰਮ ਕਰਨ ਅਤੇ ਸਰੀਰਕ ਹਿੱਲਜੁਲ ਹੋਣ ਨਾਲ ਵਰਜਿਸ਼ ਹੁੰਦੀ ਰਹਿੰਦੀ ਸੀ: ਜਿਵੇਂ ਨੌਜਵਾਨਾਂ ਵੱਲੋਂ ਸਾਈਕਲਾਂ ’ਤੇ ਸਕੂਲ ਜਾਂ ਕਿਸੇ ਹੋਰ ਕੰਮ ਜਾਣਾ ਅਤੇ ਮੈਦਾਨਾਂ ਵਿੱਚ ਖੇਡਾਂ ਖੇਡਣੀਆਂ। ਇਵੇਂ ਹੀ ਮਰਦਾਂ ਵੱਲੋਂ ਸਵੇਰੇ ਸਾਝਰੇ ਉੱਠ ਕੇ ਖੇਤਾਂ ਜਾਂ ਆਪਣੇ ਹੋਰ ਕੰਮਾਂ ਲਈ ਤੁਰ ਕੇ ਜਾਂ ਸਾਈਕਲਾਂ ’ਤੇ ਜਾਣਾ। ਖੇਤਾਂ ਵਿੱਚ ਜਾ ਕੇ ਸਰੀਰਕ ਜ਼ੋਰ ਵਾਲੇ ਕੰਮ ਕਰਨ ਨਾਲ ਹਰ ਅੰਗ ਦੀ ਵਰਜਿਸ਼ ਹੁੰਦੀ ਸੀ। ਇੰਜ ਹੀ ਘਰੇਲੂ ਔਰਤਾਂ ਵੱਲੋਂ ਪੱਥਰ ਦੀਆਂ ਚੱਕੀਆਂ ’ਤੇ ਮਿਰਚ ਮਸਾਲਾ, ਦਾਲਾਂ, ਬੇਸਣ ਅਤੇ ਹੋਰ ਕਈ ਖਾਧ ਪਦਾਰਥ ਪੀਸਣੇ, ਝਾੜੂ ਲਾਉਣਾ, ਥਾਪੇ ਨਾਲ ਕੱਪੜੇ ਥੋਣੇ ਤੇ ਖੇਤੀ ਕੰਮ ਕਰਨਾ ਆਦਿ ਨਾਲ ਵਰਜਿਸ਼ ਹੁੰਦੀ ਸੀ ਜਿਸ ਨਾਲ ਯੋਗ ਆਪਣੇ-ਆਪ ਹੋ ਜਾਂਦਾ ਸੀ, ਜਿਸ ਅਨੁਸਾਰ ਅੱਜ ਚੱਕੀ ਆਸਣ, ਹਥੌੜਾ ਆਸਣਾਂ ਵਜੋਂ ਨਾਮ ਰੱਖੇ ਗਏ ਹਨ ਕਿਉਂਕਿ ਅੱਜ-ਕੱਲ੍ਹ ਤਾਂ ਕੱਪੜੇ ਧੋਣ ਲਈ ਮਸ਼ੀਨਾਂ ਆ ਗਈਆਂ ਅਤੇ ਬਾਕੀ ਖਾਧ ਪਦਾਰਥ ਪੀਸਣ ਲਈ ਮਿਕਸੀਆਂ, ਦੁੱਧ ਰਿੜਕਣ ਲਈ ਵੀ ਮਸ਼ੀਨਾਂ ਆ ਗਈਆਂ। ਉਦੋਂ ਲੋਕਾਂ ਦਾ ਖਾਣ-ਪੀਣ ਵੀ ਸਹੀ ਸੀ; ਜਿਵੇਂ ਘਰ ਦਾ ਦੁੱਧ, ਦਹੀ, ਘਿਓ, ਸਬਜ਼ੀਆਂ ਤੇ ਦਾਲਾਂ ਆਦਿ ਜਿਸ ਨਾਲ ਬਿਮਾਰੀ ਘੱਟ ਹੀ ਆਉਂਦੀ ਸੀ। ਪਰਿਵਾਰ 10-12 ਜੀਆਂ ਦੇ ਹੁੰਦੇ ਸਨ ਜੋ ਇੱਕਠੇ ਰਹਿੰਦੇ ਸਨ, ਇੱਕ ਦੂਜੇ ਨਾਲ ਗੱਲਬਾਤ ਅਤੇ ਦੁੱਖ-ਸੁੱਖ ਕਰਦੇ ਸਨ ਜਿਸ ਨਾਲ ਮਾਨਸਿਕ ਤਣਾਅ ਘੱਟ ਹੁੰਦਾ ਸੀ। ਉਦੋਂ ਬੈਠ ਕੇ ਕੰਮ ਕਰਨ ਵਾਲਿਆਂ ਲਈ ਯੋਗ ਦੀ ਜ਼ਰੂਰਤ ਪੈਂਦੀ ਸੀ ਪ੍ਰੰਤੂ ਅੱਜ ਦੇ ਤਕਨੀਕੀ ਯੁੱਗ, ਦੌੜ-ਭੱਜ ਵਾਲੀ ਜੀਵਨ ਸ਼ੈਲੀ ਵਿੱਚ ਅਤੇ ਬਾਜ਼ਾਰੀ ਖਾਣ ਪੀਣ ਜ਼ਿਆਦਾਤਰ ਮਿਲਾਵਟੀ ਚੀਜ਼ਾਂ ਨਾਲ ਕਈ ਸਰੀਰਕ ਤੇ ਮਾਨਸਿਕ ਬਿਮਾਰੀਆਂ ਤੇ ਤਣਾਅ ਆਦਿ ਵਧ ਜਾਣ ਕਾਰਨ ਲੋਕਾਂ ਨੂੰ ਯੋਗ ਦੀ ਸਖ਼ਤ ਜ਼ਰੂਰਤ ਹੈ। ਮੋਬਾਈਲ ਦੇ ਯੁੱਗ ਨੇ ਸਾਡੀ ਆਪਸੀ ਸੰਪਰਕ ਦੀ ਜੀਵਨ ਸ਼ੈਲੀ ਘਟਾ ਦਿੱਤੀ। ਇਸ ਨਾਲ ਵੀ ਲੋਕਾਂ ਦਾ ਤਣਾਅ ਵਧਿਆ ਹੈ ਅਤੇ ਅਜਿਹਾ ਹੋਰ ਬਹੁਤ ਕੁਝ ਹੈ ਜੋ ਅਜੋਕੀ ਮਨੁੱਖੀ ਜ਼ਿੰਦਗੀ ਵਿੱਚ ਸਰੀਰਕ ਅਤੇ ਮਾਨਸਿਕ ਰੋਗਾਂ ਦਾ ਕਾਰਨ ਬਣ ਰਿਹਾ ਹੈ। ਸੋ, ਇਸੇ ਲਈ ਅੱਜ ਯੋਗ ਗੁਰੂਆਂ ਅਤੇ ਮਨੋਵਿਗਿਆਨੀਆਂ ਵੱਲੋਂ ਹਰ ਵਿਅਕਤੀ ਨੂੰ ਯੋਗ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਅੱਜ ਹਰ ਇਨਸਾਨ, ਖਾਸਕਰ ਵਡੇਰੀ ਉਮਰ ਵਾਲਿਆਂ ਲਈ ਬਿਮਾਰੀ ਅਤੇ ਤਣਾਅ ਤੋਂ ਬਚਣ ਲਈ ਯੋਗ ਜ਼ਰੂਰੀ ਹੈ। ਆਓ ਆਪਾਂ ਯੋਗ ਕਰੀਏ ਅਤੇ ਚਿੰਤਾ ਰੋਗ ਭਜਾਈਏ।

ਸੰਪਰਕ: 86993-22704

Advertisement
×