ਵਿਜੈ ਬੋਹਾ
ਕਥਾ ਪ੍ਰਵਾਹ
ਨੌਕਰੀ ਵਿੱਚ ਤਰੱਕੀ ਮਿਲਦਿਆਂ ਹੀ ਸਿੰਗਲਾ ਸਾਹਿਬ ਨੂੰ ਹਰ ਪਾਸੇ ਤੋਂ ਮੁਬਾਰਕਾਂ ਆਉਣ ਲੱਗੀਆਂ। ਸਿੰਗਲਾ ਸਾਹਿਬ ਆਪ ਵੀ ਬੜੇ ਖ਼ੁਸ਼ ਸਨ, ਬੜੀਆਂ ਉਡੀਕਾਂ ਮਗਰੋਂ ਇਹ ਦਿਨ ਆਇਆ ਸੀ। ਘਰ ਵਿਚ ਖ਼ੁਸ਼ੀ ਦਾ ਮਾਹੌਲ ਸੀ। ਮਨ ਹੀ ਮਨ ਪੀਰਾਂ ਫ਼ਕੀਰਾਂ ’ਤੇ ਜਾ ਸੁੱਖੀਆਂ ਹੋਈਆਂ ਸੁੱਖਣਾਂ ਲਾਹੁਣ ਦਾ ਵੇਲਾ ਆ ਗਿਆ ਸੀ। ਆਂਢੀ-ਗੁਆਂਢੀ ਵੀ ਸਿੰਗਲਾ ਸਾਹਿਬ ਦੀ ਕਿਸਮਤ ’ਤੇ ਰਸ਼ਕ ਕਰ ਰਹੇ ਸਨ, ਸਿੰਗਲਾ ਸਾਹਿਬ ਨੂੰ ਸਰਕਾਰੀ ਗੱਡੀ ਜੋ ਮਿਲਣ ਵਾਲੀ ਸੀ। ਪਿੰਡ ਦੇ ਲੋਕਾਂ ਮੁਤਾਬਿਕ ਹੁਣ ਸਿੰਗਲਾ ਜੀ ਦੀ ਉਮਰ ਪੈਸੇ ਵਿਚ ਖੇਡਦਿਆਂ ਬੀਤਣ ਵਾਲੀ ਸੀ। ਉਨ੍ਹਾਂ ਨੂੰ ਅਹੁਦਾ ਹੀ ਅਜਿਹਾ ਮਿਲ ਰਿਹਾ ਸੀ ਜਿੱਥੇ ਉਪਰ ਦੀ ਕਮਾਈ ਬੇਹਿਸਾਬ ਹੋਣ ਵਾਲੀ ਸੀ।
ਇਧਰ ਸਿੰਗਲਾ ਜੀ ਨੇ ਮਨ ਵਿਚ ਪੂਰੀ ਤਰ੍ਹਾਂ ਧਾਰ ਰੱਖਿਆ ਸੀ ਕਿ ਉਹ ਕਿਸੇ ਤੋਂ ਵੀ ਰਿਸ਼ਵਤ ਦਾ ਇਕ ਪੈਸਾ ਨਹੀਂ ਲੈਣਗੇ। ਦੋਸਤਾਂ ਦੀ ਜੁੰਡਲੀ ਵਿਚ ਵੀ ਉਨ੍ਹਾਂ ਨੇ ਕਈ ਵਾਰੀ ਹਿੱਕ ਥਾਪੜ ਕੇ ਕਿਹਾ ਸੀ, ‘‘ਤੁਸੀਂ ਦੇਖਣਾ ਜਦੋਂ ਮੇਰੀ ਪ੍ਰਮੋਸ਼ਨ ਹੋਈ, ਮੈਂ ਕਿਵੇਂ ਬਿਨਾ ਇਕ ਵੀ ਪੈਸਾ ਲਏ ਲੋਕਾਂ ਦੀ ਸੇਵਾ ਕਰਾਂਗਾ।’’
ਛੋਟੇ ਅਹੁਦੇ ’ਤੇ ਰਹਿੰਦਿਆਂ ਵੀ ਭਾਵੇਂ ਸਿੰਗਲਾ ਜੀ ਨੂੰ ਬਹੁਤ ਵਾਰੀ ਕੰਮ ਬਦਲੇ ਪੈਸੇ ਲੈਣ ਸਬੰਧੀ ਪੇਸ਼ਕਸ਼ ਹੋਈ ਸੀ, ਪਰ ਉਨ੍ਹਾਂ ਨੇ ਕਦੇ ਵੀ ਕਿਸੇ ਤੋਂ ਕੁਝ ਨਹੀਂ ਕਬੂਲਿਆ। ਇਕ ਇਮਾਨਦਾਰ ਵਿਅਕਤੀ ਵਾਲੀ ਆਪਣੀ ਪਹਿਚਾਣ ਨਾਲ ਉਹ ਖ਼ੁਸ਼ ਸਨ। ਜਦੋਂ ਨਾਲ ਵਾਲੇ ਸਾਥੀ ਉਪਰੋਂ ਬਣੇ ਪੈਸੇ ਵਿੱਚੋਂ ਉਨ੍ਹਾਂ ਦਾ ਹਿੱਸਾ ਦੇਣ ਦੀ ਕੋਸ਼ਿਸ਼ ਕਰਦੇ ਤਾਂ ਇਹ ਅੱਗੋਂ ਕਹਿ ਛੱਡਦੇ, ‘‘ਇਹ ਪੈਸੇ ਦੇ ਮਾਮਲੇ ਵਿਚ ਮੈਨੂੰ ਨਾ ਸ਼ਾਮਲ ਕਰਿਆ ਕਰੋ। ਮੈਨੂੰ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਮੇਰੀ ਤਨਖ਼ਾਹ ਹੀ ਕਾਫ਼ੀ ਹੈ। ਇਹ ਉਪਰ ਦੀ ਕਮਾਈ ਤਾਂ ਬੰਦੇ ਨੂੰ ਵਿਗਾੜ ਦਿੰਦੀ ਹੈ।’’
ਸਾਥੀ ਕਰਮਚਾਰੀ ਉਨ੍ਹਾਂ ਦੀ ਇਸ ਗੱਲ ’ਤੇ ਹੱਸ ਪੈਂਦੇ, ‘‘ਅਸੀਂ ਤਾਂ ਅੱਜ ਤਕ ਵਿਗੜੇ ਨਹੀਂ। ਕੁਝ ਨਹੀਂ ਹੁੰਦਾ ਜਦੋਂ ਤੱਕ ਆਦਮੀ ਆਪ ਨਾ ਵਿਗੜਨਾ ਚਾਹੇ। ਦੇਖ ਸਿੰਗਲਾ, ਰੱਬ ਨੇ ਚਾਹਿਆ ਤਾਂ ਇਸ ਸਾਲ ਤੇਰੀ ਤਰੱਕੀ ਹੋ ਹੀ ਜਾਣੀ ਹੈ। ਇਸ ਲਈ ਤੂੰ ਹੁਣ ਤੋਂ ਹੀ ਆਪਣੇ ਆਪ ਨੂੰ ਸਿਸਟਮ ਵਿਚ ਢਾਲ ਲੈ, ਅੱਗੇ ਜਾ ਕੇ ਸੌਖਾ ਰਹੇਂਗਾ। ਨਹੀਂ ਤਾਂ ਆਪਣੇ ਹੀ ਮਹਿਕਮੇ ਵਿਚ ਆਪਣਿਆਂ ਨਾਲ ਹੀ ਲੜਨਾ ਪੈ ਸਕਦਾ ਹੈ।’’
ਸਿੰਗਲਾ ਸਾਹਿਬ ਦਾ ਬਚਪਨ ਦਾ ਖ਼ਾਸ ਦੋਸਤ ਤਾਂ ਕਈ ਵਾਰੀ ਉਨ੍ਹਾਂ ਨੂੰ ਆਪਣਾ ਫਲਸਫ਼ਾ ਸਮਝਾਉਂਦਿਆਂ ਆਖਦਾ:
‘‘ਦੇਖ ਸਿੰਗਲਾ, ਇੰਨਾ ਇਮਾਨਦਾਰ ਹੋਣਾ ਵੀ ਠੀਕ ਨਹੀਂ। ਰਿਸ਼ਵਤ ਲੈਣਾ ਜਾਂ ਦੇਣਾ ਤਾਂ ਹੁਣ ਭਾਰਤੀ ਸੱਭਿਆਚਾਰ ਦਾ ਹਿੱਸਾ ਬਣ ਚੁੱਕਿਆ ਹੈ। ਇਸ ਵਿੱਚ ਕੁਝ ਵੀ ਅਜੀਬ ਲੱਗਣ ਵਾਲੀ ਗੱਲ ਨਹੀਂ। ਕੀ ਅਸੀਂ ਭਗਵਾਨ ਨੂੰ ਨਕਦੀ ਦੇ ਰੂਪ ਵਿਚ ਰਿਸ਼ਵਤ ਦੇ ਕੇ ਬਦਲੇ ਵਿੱਚ ਕੁਝ ਉਮੀਦ ਨਹੀਂ ਕਰਦੇ? ਬਸ ਲਫ਼ਜ਼ਾਂ ਦਾ ਹੇਰ ਫੇਰ ਹੈ, ਧਾਰਮਿਕ ਸਥਾਨ ਦੇ ਅੰਦਰ ਦਿਓ ਤਾਂ ਚੜ੍ਹਾਵਾ, ਇਸ ਦੀਆਂ ਕੰਧਾਂ ਤੋਂ ਬਾਹਰ ਦਿਓ ਤਾਂ ਰਿਸ਼ਵਤ।’’
ਦੋਸਤ ਦੀ ਇਹ ਫਿਲਾਸਫ਼ੀ ਉਨ੍ਹਾਂ ਦੇ ਸਿਰ ਉਪਰ ਦੀ ਟੱਪ ਜਾਂਦੀ। ਇਹੋ ਜਿਹੇ ਸਮੇਂ ਉਨ੍ਹਾਂ ਨੂੰ ਆਪਣੇ ਲਾਲਾ ਜੀ ਦੀ ਯਾਦ ਆ ਜਾਂਦੀ। ਨੌਕਰੀ ਲੱਗਣ ਸਮੇਂ ਲਾਲਾ ਜੀ ਨੇ ਕਿਹਾ ਸੀ, ‘‘ਦੇਖ ਪੁੱਤਰ, ਰੱਬ ਨੇ ਤੈਨੂੰ ਨੌਕਰੀ ਦਿੱਤੀ ਹੈ। ਇਸ ਨੂੰ ਇਮਾਨਦਾਰੀ ਨਾਲ ਨਿਭਾਈਂ। ਕਦੇ ਕਿਸੇ ਦੀ ਮਜਬੂਰੀ ਦਾ ਫ਼ਾਇਦਾ ਨੀ ਚੁੱਕਣਾ। ਰਿਸ਼ਵਤ ਦੀ ਕਮਾਈ ਕਦੇ ਕਿਸੇ ਦੇ ਰਾਸ ਨਹੀਂ ਆਉਂਦੀ। ਇਸ ਕਮਾਈ ਤੋਂ ਬਚ ਕੇ ਰਹੀਂ।’’
ਆਪਣੇ ਲਾਲਾ ਜੀ ਦੀ ਨਸੀਹਤ ਨੂੰ ਅੱਜ ਤਕ ਉਨ੍ਹਾਂ ਨੇ ਪੱਲੇ ਬੰਨ੍ਹਿਆ ਹੋਇਆ ਸੀ। ਇਹ ਉਨ੍ਹਾਂ ਦੀ ਇਮਾਨਦਾਰੀ ਤੇ ਨੇਕ ਨੀਅਤੀ ਦਾ ਹੀ ਫ਼ਲ ਸੀ ਕਿ ਉਹ ਕਦਮ ਦਰ ਕਦਮ ਅੱਗੇ ਵੱਧਦੇ ਹੋਏ ਇੰਨੇ ਵੱਡੇ ਅਹੁਦੇ ’ਤੇ ਪਹੁੰਚੇ ਸਨ।
ਉਹ ਤਰੱਕੀ ਮਗਰੋਂ ਨਵੀਂ ਜਗ੍ਹਾ ’ਤੇ ਜੁਆਇਨ ਕਰਨ ਗਏ ਤਾਂ ਲੱਗਦੇ ਹੱਥ ਆਪਣੇ ਰਹਿਣ ਲਈ ਮਿਲੀ ਕੋਠੀ ਦੀ ਸਫ਼ਾਈ ਵੀ ਕਰਵਾ ਆਏ। ਘਰ ਵਿਚ ਇਕੱਠੇ ਬੈਠੇ ਤਾਂ ਇਹ ਸਲਾਹ ਬਣੀ ਕਿ ਸਿੰਗਲਾ ਸਾਹਿਬ, ਸ੍ਰੀਮਤੀ ਸਿੰਗਲਾ ਤੇ ਦੋਵੇਂ ਬੱਚੇ ਨਵੀਂ ਜਗ੍ਹਾ ’ਤੇ ਜਾਣਗੇ। ਮਾਤਾ ਜੀ ਤੇ ਸਿੰਗਲਾ ਸਾਹਿਬ ਦੇ ਛੋਟੇ ਭਰਾ ਦਾ ਪਰਿਵਾਰ ਆਪਣੇ ਪੁਸ਼ਤੈਨੀ ਘਰ ਵਿਚ ਰਹਿਣਗੇ। ਸਿੰਗਲਾ ਸਾਹਿਬ ਥੋੜ੍ਹੇ ਥੋੜ੍ਹੇ ਵਕਫ਼ੇ ਮਗਰੋਂ ਆਉਂਦੇ ਰਹਿਣਗੇ।
ਫਿਰ ਘਰ ਵਿੱਚੋਂ ਲੋੜੀਂਦਾ ਸਾਮਾਨ ਪੈਕ ਕਰਵਾ ਨਵੀਂ ਜਗ੍ਹਾ ਭੇਜ ਦਿੱਤਾ ਗਿਆ ਤੇ ਅਗਲੇ ਦਿਨ ਉਹ ਆਪਣੇ ਪਰਿਵਾਰ ਸਮੇਤ ਨਵੀਂ ਜਗ੍ਹਾ ਨਵੀਂ ਕੋਠੀ ਵਿਚ ਆ ਬਿਰਾਜੇ।
ਨਵੀਂ ਕੋਠੀ ਵਿਚ ਸਾਮਾਨ ਦੀ ਸੈਟਿੰਗ ਕਰਦਿਆਂ ਪਤਾ ਹੀ ਨਹੀਂ ਲੱਗਾ ਕਦੋਂ ਦਿਨ ਬੀਤ ਗਿਆ। ਸ਼ਾਮ ਨੂੰ ਹਨੇਰਾ ਪੈਣ ਹੀ ਲੱਗਾ ਸੀ ਜਦੋਂ ਕਿਸੇ ਨੇ ਘਰ ਦੇ ਦਰਵਾਜ਼ੇ ਦੀ ਘੰਟੀ ਆ ਵਜਾਈ। ਘਰ ਦੇ ਸਾਰੇ ਮੈਂਬਰ ਹੈਰਾਨ ਸਨ ਕਿ ਇੱਥੇ ਹਾਲੇ ਤੱਕ ਸਾਨੂੰ ਕੋਈ ਜਾਨਣ ਵਾਲਾ ਨਹੀਂ, ਕੌਣ ਹੋ ਸਕਦਾ ਹੈ। ਘਰ ਦਾ ਗੇਟ ਖੋਲ੍ਹਿਆ ਤਾਂ ਸਾਹਮਣੇ ਅੱਧਖੜ੍ਹ ਉਮਰ ਦਾ ਮਰਦ ਤੇ ਔਰਤ ਖੜ੍ਹੇ ਸਨ। ਹੱਥ ਜੋੜ ਕਹਿਣ ਲੱਗੇ, ‘‘ਜੀ ਸਾਨੂੰ ਤੁਹਾਡੇ ਇੱਥੇ ਆਉਣ ਬਾਰੇ ਪਤਾ ਲੱਗ ਗਿਆ ਸੀ ਤੁਹਾਡੇ ਦਫ਼ਤਰ ਵਿਚੋਂ। ਸਾਡਾ ਘਰ ਇੱਥੇ ਨੇੜੇ ਹੀ ਹੈ। ਕਿਸੇ ਨਾ ਕਿਸੇ ਕਾਰਨ ਤੁਹਾਡੇ ਦਫ਼ਤਰ ਚੱਕਰ ਲੱਗਦਾ ਹੀ ਰਹਿੰਦਾ ਹੈ। ਸੋਚਿਆ ਚੱਲੋ ਜਾਣ-ਪਛਾਣ ਹੀ ਕਰ ਆਈਏ। ਮੇਰਾ ਨਾਂ ਅਸ਼ੋਕ ਹੈ ਤੇ ਇਹ ਹੈ ਮੇਰੀ ਪਤਨੀ ਮੀਨਾ।’’
ਸਿੰਗਲਾ ਸਾਹਿਬ ਦੇ ਪਰਿਵਾਰ ਨੇ ਇਹ ਸੋਚ ਕੇ ਕਿ ਚੱਲੋ ਇਸ ਸ਼ਹਿਰ ਵਿਚ ਨਵੀਂ ਜਾਣ-ਪਛਾਣ ਹੋ ਰਹੀ ਹੈ ਉਨ੍ਹਾਂ ਨੂੰ ਘਰ ਅੰਦਰ ਪ੍ਰਵੇਸ਼ ਦੇ ਕੇ ਚਾਹ ਪਾਣੀ ਪਿਲਾ ਕੇ ਬਣਦਾ ਮਾਨ-ਸਨਮਾਨ ਦਿੱਤਾ। ਗੱਲਾਂ ਗੱਲਾਂ ਵਿਚ ਅਸ਼ੋਕ ਨੇ ਦੱਸਿਆ ਕਿ ਕਿਵੇਂ ਪਿਛਲੇ ਸਾਹਿਬ ਤੇ ਉਸ ਦੀ ਆਪਸ ਵਿਚ ਦੋਸਤੀ ਸੀ।
ਜਾਣ ਵੇਲੇ ਅਸ਼ੋਕ ਨੇ ਆਪਣਾ ਕਾਰਡ ਦਿੰਦਿਆਂ ਕਿਹਾ, ‘‘ਅੱਛਾ ਜੀ, ਇਹ ਹੈ ਮੇਰਾ ਮੋਬਾਈਲ ਨੰਬਰ। ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਇਸ ਨੰਬਰ ’ਤੇ ਬੇਝਿਜਕ ਫੋਨ ਕਰ ਦੇਣਾ। ਤੁਹਾਡੇ ਲਈ ਇਹ ਨਵਾਂ ਸ਼ਹਿਰ ਹੈ ਕੋਈ ਵੀ ਜ਼ਰੂਰਤ ਪੈ ਸਕਦੀ ਹੈ।’’
ਫਿਰ ਅਗਲਾ ਦਿਨ ਛੁੱਟੀ ਦਾ ਹੋਣ ਕਰਕੇ ਸਿੰਗਲਾ ਜੀ ਨੂੰ ਘਰ ਹੀ ਰਹਿਣਾ ਪਿਆ। ਦੁਪਹਿਰ ਵੇਲੇ ਦਰਵਾਜ਼ੇ ਦੀ ਘੰਟੀ ਵੱਜੀ। ਗੇਟ ਖੋਲ੍ਹ ਕੇ ਦੇਖਿਆ ਤਾਂ ਰਿਕਸ਼ੇ ਵਾਲਾ ਇਕ ਵੱਡਾ ਐਲ.ਈ.ਡੀ. ਟੀਵੀ ਲਈ ਖੜ੍ਹਾ ਸੀ ਤੇ ਪੁੱਛ ਰਿਹਾ ਸੀ, ‘‘ਇਹ ਸਿੰਗਲਾ ਸਾਹਿਬ ਦਾ ਘਰ ਐ ਜਿਹੜੇ ਇਸ ਮੁਹੱਲੇ ਵਿੱਚ ਨਵੇਂ ਆਏ ਨੇ?’’
ਸਿੰਗਲਾ ਸਾਹਿਬ ਨੇ ਗੇਟ ਤੋਂ ਬਾਹਰ ਨਿਕਲਦਿਆਂ ਕਿਹਾ, ‘‘ਹਾਂ ਹਾਂ, ਇਹ ਸਿੰਗਲਾ ਸਾਹਿਬ ਦਾ ਘਰ ਹੈ, ਦੱਸੋ?’’
‘‘ਜੀ ਅਸ਼ੋਕ ਜੀ ਨੇ ਕਿਹਾ ਸੀ, ਇਹ ਟੀਵੀ ਸਿੰਗਲਾ ਸਾਹਿਬ ਦੇ ਘਰ ਦੇ ਆ।’’
‘‘ਪਰ ਮੈਂ ਤਾਂ ਨਹੀਂ ਮੰਗਵਾਇਆ।’’
‘‘ਮੈਨੂੰ ਨਹੀਂ ਪਤਾ ਜੀ, ਉਨ੍ਹਾਂ ਨੇ ਤਾਂ ਤੁਹਾਡੇ ਘਰ ਦਾ ਪਤਾ ਹੀ ਦਿੱਤਾ ਸੀ। ਤੇ ਕਿਹਾ ਸੀ ਮੈਂ ਆਪੇ ਹੀ ਫੋਨ ’ਤੇ ਗੱਲ ਕਰ ਲਵਾਂਗਾ।’’
ਸਿੰਗਲਾ ਸਾਹਿਬ ਨੇ ਆਪਣੇ ਮੋਬਾਈਲ ਤੋਂ ਅਸ਼ੋਕ ਦੇ ਨੰਬਰ ’ਤੇ ਕਾਲ ਕੀਤੀ, ‘‘ਅਸ਼ੋਕ ਜੀ, ਆਹ ਟੀਵੀ ਤੁਸੀਂ ਭੇਜਿਆ ਹੈ?’’
ਅੱਗੋਂ ਅਸ਼ੋਕ ਨੇ ਕਿਹਾ, ‘‘ਹਾਂ ਜੀ, ਮੈਂ ਹੀ ਭੇਜਿਆ ਹੈ। ਤੁਸੀਂ ਇਕ ਵਾਰੀ ਰਖਵਾ ਲਵੋ ਆਪਣੇ ਘਰ। ਮੈਂ ਥੋੜ੍ਹੀ ਦੇਰ ਤੱਕ ਕਾਲ ਕਰ ਕੇ ਦੱਸਦਾ ਹਾਂ ਸਾਰੀ ਗੱਲਬਾਤ।’’ ਇਹ ਕਹਿ ਅਸ਼ੋਕ ਨੇ ਫੋਨ ਕੱਟ ਦਿੱਤਾ।
ਮਜਬੂਰੀਵੱਸ ਉਨ੍ਹਾਂ ਨੂੰ ਟੀਵੀ ਆਪਣੇ ਘਰ ਬਣੇ ਡਰਾਇੰਗ ਰੂਮ ਵਿਚ ਰੱਖਣਾ ਪਿਆ। ਰਿਕਸ਼ੇ ਵਾਲਾ ਵੀ ਚਲਾ ਗਿਆ।
ਉਹ ਸੋਚਾਂ ਵਿੱਚ ਡੁੱਬ ਗਏ, ‘ਮੇਰੇ ਘਰ ਇਹ ਐਲ.ਈ.ਡੀ. ਟੀਵੀ ਭੇਜਣ ਦਾ ਕੀ ਮਤਲਬ ਹੋਇਆ!’
ਥੋੜ੍ਹੀ ਦੇਰ ਮਗਰੋਂ ਅਸ਼ੋਕ ਦਾ ਫੋਨ ਆ ਗਿਆ। ਕਹਿਣ ਲੱਗਾ, ‘‘ਸਿੰਗਲਾ ਸਾਹਿਬ, ਮੈਂ ਰਾਤ ਤੁਹਾਡੇ ਘਰ ਆਇਆ ਸੀ। ਬੱਚਿਆਂ ਦੀਆਂ ਗੱਲਾਂ ਤੋਂ ਪਤਾ ਲੱਗ ਗਿਆ ਸੀ ਕਿ ਤੁਸੀਂ ਇੱਥੇ ਟੀਵੀ ਨਹੀਂ ਲੈ ਕੇ ਆਏ ਤੇ ਤੁਹਾਡਾ ਨਵਾਂ ਵੱਡਾ ਟੀਵੀ ਲੈਣ ਦਾ ਪ੍ਰੋਗਰਾਮ ਹੈ। ਇਸ ਲਈ ਸੋਚਿਆ ਚੱਲੋ ਮੈਂ ਹੀ ਭੇਜ ਦੇਵਾਂ, ਬੱਚਿਆਂ ਦਾ ਦਿਲ ਲੱਗਿਆ ਰਹੇਗਾ। ਵੈਸੇ ਵੀ ਹੁਣ ਵਾਹ- ਵਾਸਤਾ ਤਾਂ ਰਹਿਣਾ ਹੀ ਹੈ ਤੁਹਾਡੇ ਨਾਲ। ਮੇਰੀ ਆਦਤ ਤਾਂ ਰਲਮਿਲ ਕੇ ਰਹਿਣ ਦੀ ਹੈ।’’
‘‘ਨਹੀਂ ਨਹੀਂ ਅਸ਼ੋਕ ਜੀ, ਮੈਂ ਇਹ ਨਹੀਂ ਰੱਖ ਸਕਦਾ। ਕਿਰਪਾ ਤੁਸੀਂ ਇਸ ਨੂੰ ਵਾਪਸ ਮੰਗਵਾ ਲਵੋ। ਮੇਰੀ ਆਦਤ ਨਹੀਂ ਹੈ ਕਿਸੇ ਕੋਲੋਂ ਕੁਝ ਵੀ ਮੁਫ਼ਤ ਲੈਣ ਦੀ।’’
‘‘ਸਿੰਗਲਾ ਸਾਹਿਬ… ਤੁਸੀਂ ਤਾਂ ਵੈਸੇ ਹੀ ਬੁਰਾ ਮਨਾ ਰਹੇ ਓ। ਮੈਂ ਮੁਫ਼ਤ ਵਿਚ ਨਹੀਂ ਭੇਜ ਰਿਹਾ ਤੁਹਾਨੂੰ। ਮੇਰੀ ਵੀ ਇਕ ਫਾਈਲ ਹੈ, ਤੁਹਾਡੇ ਮੇਜ਼ ’ਤੇ ਤੁਹਾਡੇ ਸਾਈਨ ਉਡੀਕ ਰਹੀ ਹੈ। ਕਿਰਪਾ ਕਰਕੇ ਤੁਸੀਂ ਦਸਤਖ਼ਤ ਕਰ ਦਿਓ, ਬੜੀ ਮਿਹਰਬਾਨੀ ਹੋਵੇਗੀ।’’
‘‘ਓ! ਮੈਂ ਹੁਣ ਸਮਝਿਆ ਮਾਮਲਾ ਕੀ ਹੈ। ਦੇਖੋ ਅਸ਼ੋਕ ਜੀ ਤੁਹਾਡਾ ਕੰਮ ਹੋਣ ਵਾਲਾ ਹੋਇਆ ਤਾਂ ਮੈਂ ਬਿਨਾ ਕੁਝ ਲਏ ਵੀ ਕਰ ਦਿਆਂਗਾ, ਤੁਸੀਂ ਕਿਰਪਾ ਕਰਕੇ ਹੁਣੇ ਇਸ ਟੀਵੀ ਨੂੰ ਵਾਪਸ ਮੰਗਵਾ ਲਵੋ।’’
‘‘ਸਿੰਗਲਾ ਸਾਹਿਬ… ਜਿਆਦਾ ਟੈਨਸ਼ਨ ਨਾ ਲਓ। ਕੋਈ ਗੱਲ ਨਹੀਂ, ਮੇਰਾ ਕੰਮ ਨਾ ਵੀ ਹੋਇਆ ਕੋਈ ਫ਼ਰਕ ਨਹੀਂ ਪੈਂਦਾ। ਤੁਸੀਂ ਮੇਰੇ ਵੱਲੋਂ ਤੋਹਫ਼ਾ ਸਮਝ ਕੇ ਰੱਖ ਲਓ। ਘਰ ਆਈ ਚੀਜ਼ ਮੋੜੀਦੀ ਨਹੀਂ।’’
‘‘ਨਹੀਂ ਨਹੀਂ, ਇਹ ਕਦੇ ਵੀ ਨਹੀਂ ਹੋ ਸਕਦਾ। ਮੇਰੇ ਅਸੂਲ ਮੈਨੂੰ ਇਜਾਜ਼ਤ ਨਹੀਂ ਦਿੰਦੇ। ਤੁਸੀਂ ਜਲਦੀ ਤੋਂ ਜਲਦੀ ਇਹ ਟੀਵੀ ਮੇਰੇ ਘਰ ਤੋਂ ਵਾਪਸ ਮੰਗਵਾ ਲਵੋ।’’
‘‘ਕੋਈ ਗੱਲ ਨਹੀਂ ਸਿੰਗਲਾ ਸਾਹਿਬ ਸੋਚ ਲਵੋ ਚੰਗੀ ਤਰ੍ਹਾਂ। ਵੈਸੇ ਵੀ ਦੋ ਦਿਨ ਲਈ ਮੈਂ ਸ਼ਹਿਰ ਤੋਂ ਬਾਹਰ ਹਾਂ। ਵਾਪਸ ਆਉਣ ’ਤੇ ਮਿਲਾਂਗਾ, ਅੱਛਾ ਧੰਨਵਾਦ!’’ ਇਹ ਕਹਿੰਦਿਆਂ ਅਸ਼ੋਕ ਨੇ ਫੋਨ ਕਟ ਦਿੱਤਾ।
ਬੱਚੇ ਬੜੀ ਉਤਸੁਕਤਾ ਨਾਲ ਪੈਕਿੰਗ ਨੂੰ ਦੇਖ ਰਹੇ ਸਨ ਤੇ ਨਵਾਂ ਵੱਡਾ ਟੀਵੀ ਆਉਣ ’ਤੇ ਖ਼ੁਸ਼ ਸਨ। ਛੋਟੀ ਸੋਨੂੰ ਤੋਂ ਤਾਂ ਖ਼ੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ, ਤਾੜੀਆਂ ਵਜਾ ਵਜਾ ਕੇ ਆਖ ਰਹੀ ਸੀ, ‘‘ਵੱਡਾ ਟੀਵੀ, ਵੱਡਾ ਟੀਵੀ…।’’
ਬੱਚਿਆਂ ਸਾਹਮਣੇ ਸਿੰਗਲਾ ਸਾਹਿਬ ਨੇ ਪਤਨੀ ਨਾਲ ਐਲ.ਈ.ਡੀ. ਟੀਵੀ ਸਬੰਧੀ ਕੋਈ ਗੱਲ ਕਰਨੀ ਠੀਕ ਨਾ ਸਮਝੀ। ਇਸ਼ਾਰੇ ਦੇ ਨਾਲ ਪਤਨੀ ਨੂੰ ਚੁੱਪ ਰਹਿਣ ਲਈ ਕਿਹਾ ਤੇ ਬੱਚਿਆਂ ਨੂੰ ਤਾਕੀਦ ਕਰ ਦਿੱਤੀ ਕਿ ਕਿਸੇ ਵੀ ਹਾਲਤ ਵਿਚ ਐਲ.ਈ.ਡੀ. ਦੀ ਪੈਕਿੰਗ ਨੂੰ ਨਾ ਖੋਲ੍ਹਿਆ ਜਾਵੇ।
ਬੱਚਿਆਂ ਦੇ ਦੂਸਰੇ ਕਮਰੇ ਵਿਚ ਜਾਂਦਿਆਂ ਹੀ ਸ੍ਰੀਮਤੀ ਸਿੰਗਲਾ ਨੇ ਹੱਥ ਦੇ ਇਸ਼ਾਰੇ ਨਾਲ ਪੁੱਛਿਆ ਇਹ ਸਭ ਕੀ ਹੈ?
ਉਨ੍ਹਾਂ ਨੇ ਸਾਰੀ ਗੱਲ ਪਤਨੀ ਨੂੰ ਜਲਦੀ ਜਲਦੀ ਦੱਸਦਿਆਂ ਕਿਹਾ, ‘‘ਹੁਣ ਕੀ ਕੀਤਾ ਜਾਵੇ?’’
ਪਤਨੀ ਨੇ ਕਿਹਾ, ‘‘ਜਿਵੇਂ ਤਹਾਨੂੰ ਠੀਕ ਲੱਗੇ, ਮੈਂ ਕੀ ਕਹਿ ਸਕਦੀ ਹਾਂ ਇਸ ਬਾਬਤ।’’
‘‘ਠੀਕ ਹੈ, ਜਦੋਂ ਵੀ ਅਸ਼ੋਕ ਵਾਪਸ ਆਇਆ ਤਾਂ ਮੈਂ ਉਸ ਨੂੰ ਵਾਪਸ ਕਰ ਦਿਆਂਗਾ।’’ ਇਹ ਕਹਿ ਉਹ ਘਰ ਦੇ ਹੋਰ ਕੰਮਾਂ ਵਿਚ ਰੁੱਝ ਗਏ। ਕੰਮ ਕਰਦਿਆਂ ਕਰਦਿਆਂ ਸੋਚਣ ਲੱਗੇ ‘ਇਸ ਮਹੀਨੇ ਤਾਂ ਨਹੀਂ ਅਗਲੇ ਮਹੀਨੇ ਦੀ ਤਨਖ਼ਾਹ ’ਤੇ ਜ਼ਰੂਰ ਟੀਵੀ ਲੈ ਲਵਾਂਗੇ। ਮੇਰੇ ਦਫ਼ਤਰ ਜਾਣ ਮਗਰੋਂ ਸ਼੍ਰੀਮਤੀ ਜੀ ਦਾ ਟਾਈਮ ਪਾਸ ਹੋਣਾ ਵੀ ਤਾਂ ਜ਼ਰੂਰੀ ਹੈ।’
ਦੂਜੇ ਪਾਸੇ ਸ਼੍ਰੀਮਤੀ ਸਿੰਗਲਾ ਵੀ ਮਨ ਹੀ ਮਨ ਸੋਚ ਰਹੀ ਸੀ ‘ਘਰ ਵਿਚ ਇਕ ਐਲ.ਈ.ਡੀ. ਟੀਵੀ ਦੀ ਜ਼ਰੂਰਤ ਤਾਂ ਹੈ। ਘਰ ਦੇ ਕੰਮਾਂ ਤੋਂ ਵਿਹਲੀ ਹੋ ਟੀਵੀ ਅੱਗੇ ਬੈਠਣ ਤੋਂ ਵਧੀਆ ਕੀ ਹੋ ਸਕਦਾ ਹੈ। ਇੱਥੇ ਨਵੀਂ ਜਗ੍ਹਾ ਆਉਣ ਸਮੇਂ ਘਰ ਵਾਲਾ ਵਾਧੂ ਟੀਵੀ ਲੈ ਕੇ ਆ ਸਕਦੇ ਸਨ, ਪਰ ਕਿਸੇ ਝਿਜਕ ਕਾਰਨ ਘਰ ਦੀ ਦੀਵਾਰ ਤੋਂ ਨਹੀਂ ਲਾਹ ਸਕੇ। ਸੋਚਿਆ ਸੀ ਚੱਲੋ ਨਵੀਂ ਜਗ੍ਹਾ ਜਾ ਕੇ ਨਵਾਂ ਸਮਾਰਟ ਟੀਵੀ ਲਵਾਂਗੇ। ਨਵਾਂ ਟੀਵੀ ਲੈਣ ਦਾ ਮੌਕਾ ਇਸ ਰੂਪ ਵਿੱਚ ਤੇ ਇੰਨਾ ਜਲਦੀ ਆਵੇਗਾ ਕਦੇ ਸੋਚਿਆ ਵੀ ਨਹੀਂ ਸੀ। ਕਿੰਨਾ ਵਧੀਆ ਮੌਕਾ ਆਇਆ ਸੀ, ਸਿਰਫ਼ ਫਾਈਲ ਦੇ ਉਪਰ ਇਕ ਦਖਸਤ ਤੇ ਟੀਵੀ ਤੁਹਾਡਾ।’
ਇਕ ਵਾਰ ਤਾਂ ਸ਼੍ਰੀਮਤੀ ਦੇ ਮਨ ਵਿਚ ਆਇਆ ਕਿ ਪਤੀ ਨੂੰ ਕਹਿ ਦੇਵੇ ਜੇਕਰ ਦਸਤਖ਼ਤ ਕਰਨ ਵਿਚ ਕੋਈ ਖ਼ਤਰਾ ਨਹੀਂ ਹੈ ਤਾਂ ਉਹ ਕਰ ਦੇਣ। ਪਰ ਪਤੀ ਨੂੰ ਇਹ ਗੱਲ ਕਹਿਣ ਲੱਗਿਆਂ ਵੀ ਤਾਂ ਹਿੰਮਤ ਦੀ ਲੋੜ ਸੀ। ਆਪਣੇ ਪਤੀ ਦੇ ਸੁਭਾਅ ਤੋਂ ਉਹ ਪੂਰੀ ਤਰ੍ਹਾਂ ਜਾਣੂ ਸੀ। ਸੋਚਿਆ ਕੋਈ ਚੰਗਾ ਮੌਕਾ ਦੇਖ ਕੇ ਗੱਲ ਕਰੇਗੀ।
ਰਾਤ ਨੂੰ ਖਾਣੇ ਮਗਰੋਂ ਬਾਹਰ ਵਿਹੜੇ ਵਿਚ ਆ ਕੇ ਬੈਠ ਗਏ ਤੇ ਬੱਚਿਆਂ ਦੇ ਨਵੇਂ ਸਕੂਲ ਵਿੱਚ ਦਾਖ਼ਲੇ ਬਾਰੇ ਗੱਲਾਂ ਕਰਨ ਲੱਗ ਪਏ। ਗੱਲਬਾਤ ਦਾ ਸਿਲਸਿਲਾ ਤੁਰਿਆ ਹੀ ਸੀ ਕਿ ਸਿੰਗਲਾ ਸਾਹਿਬ ਨੂੰ ਫੋਨ ਆ ਗਿਆ।
‘‘ਹੈਲੋ ਹੈਲੋ… ਕੌਣ? ਮਾਮਾ ਜੀ, ਹਾਂਜੀ ਮਾਮਾ ਜੀ… ਜੀ… ਪੈਰੀਂ ਪੈਣਾ… ਸਭ ਠੀਕ ਨੇ ਘਰ?’’
ਦੂਜੇ ਪਾਸੇ ਤੋਂ ਆਵਾਜ਼ ਆਈ, ‘‘ਹਾਂ ਬੇਟਾ, ਸਭ ਕੁਝ ਠੀਕ। ਤੁਸੀਂ ਦੱਸੋ ਬੇਟਾ ਜੀ, ਹੋ ਗਏ ਨਵੀਂ ਕੋਠੀ ਵਿਚ ਸੈੱਟ?’’
‘‘ਹਾਂ ਜੀ ਹਾਂ ਜੀ ਮਾਮਾ ਜੀ, ਕੱਲ੍ਹ ਹੀ ਆਏ ਹਾਂ।’’
‘‘ਬੇਟਾ, ਇਕ ਕੰਮ ਹੈ ਤੇਰੇ ਨਾਲ।’’
‘‘ਹਾਂ ਜੀ ਦੱਸੋ ਮਾਮਾ ਜੀ?’’
‘‘ਬੇਟਾ, ਮੇਰੇ ਦੋਸਤ ਸਚਦੇਵਾ ਦਾ ਸਾਲਾ ਹੈ ਤੇਰੇ ਸ਼ਹਿਰ ਵਿੱਚ, ਨਾਮ ਹੈ ਉਸ ਦਾ ਅਸ਼ੋਕ, ਤੇਰੇ ਕੋਲ ਮਿਲਣ ਵੀ ਆਇਆ ਹੋਵੇਗਾ ਦੱਸ ਰਿਹਾ ਸੀ।’’
‘‘ਹਾਂ ਜੀ ਮਾਮਾ ਜੀ, ਆਏ ਸੀ ਉਹ ਤੇ ਉਹਦੇ ਘਰਵਾਲੀ ਕੱਲ੍ਹ ਸਾਡੇ ਘਰ।’’
‘‘ਹਾਂ ਉਸ ਦੀ ਕੋਈ ਫਾਈਲ ਰੁਕੀ ਹੋਈ ਹੈ ਤੇਰੇ ਦਫ਼ਤਰ ਵਿਚ, ਉਸ ਦਾ ਕੰਮ ਕਰਨਾ ਹੈ ਹਰ ਕੀਮਤ ’ਤੇ। ਤੈਨੂੰ ਪਤਾ ਹੈ ਸਚਦੇਵਾ ਨਾਲ ਤਾਂ ਮੇਰੇ ਪਰਿਵਾਰਕ ਸਬੰਧ ਨੇ। ਮੈਂ ਕਹਿ ਦਿੱਤਾ ਉਸ ਨੂੰ ਕੋਈ ਚਿੰਤਾ ਨਾ ਕਰ, ਕੰਮ ਹੋ ਜਾਵੇਗਾ।’’
‘‘ਪਰ ਮਾਮਾ ਜੀ, ਮੈਂ ਤਾਂ ਹਾਲੇ ਤਕ ਉਸ ਦੀ ਫਾਈਲ ਪੜ੍ਹੀ ਵੀ ਨਹੀਂ।’’
‘‘ਫੇਰ ਕੀ ਹੋਇਆ ਪੜ੍ਹ ਲਵੀਂ, ਪਰ ਉਸ ਦਾ ਕੰਮ ਹਰ ਕੀਮਤ ’ਤੇ ਹੋਣਾ ਚਾਹੀਦਾ ਹੈ। ਮੈਨੂੰ ਦੁਬਾਰਾ ਫੋਨ ਨਾ ਕਰਨਾ ਪਵੇ।’’
‘‘ਜੀ ਮਾਮਾ ਜੀ।’’ ਇਸ ਤੋਂ ਅੱਗੇ ਮਾਮਾ ਜੀ ਨੇ ਫੋਨ ਕੱਟ ਦਿੱਤਾ।
ਸ਼੍ਰੀਮਤੀ ਸਿੰਗਲਾ ਨੂੰ ਭਾਵੇਂ ਪਤਾ ਲੱਗ ਗਿਆ ਸੀ ਕਿ ਕਿਸ ਦਾ ਫੋਨ ਹੈ, ਪਰ ਫੇਰ ਵੀ ਉਸ ਨੇ ਪੁੱਛਿਆ, ‘‘ਕਿਸ ਦਾ ਫੋਨ ਸੀ? ਮਾਮਾ ਜੀ ਦਾ, ਕੀ ਕਹਿ ਰਹੇ ਸੀ?’’
ਸਿੰਗਲਾ ਸਾਹਿਬ ਨੇ ਫ਼ਿਕਰਮੰਦ ਹੁੰਦਿਆਂ ਜਵਾਬ ਦਿੱਤਾ, ‘‘ਹਾਂ ਮਾਮਾ ਜੀ ਦਾ ਫੋਨ ਸੀ। ਕਹਿ ਰਹੇ ਸੀ ਉਸ ਅਸ਼ੋਕ ਦਾ ਕੰਮ ਹਰ ਹੀਲੇ ਕਰਨਾ ਹੈ। ਉਹ ਉਨ੍ਹਾਂ ਦੇ ਦੋਸਤ ਸਚਦੇਵਾ ਦਾ ਸਾਲਾ ਹੈ।’’
‘‘ਅੱਛਾ, ਉਹ ਅਸ਼ੋਕ ਜਿਸ ਨੇ ਇਹ ਵੱਡਾ ਟੀਵੀ ਭੇਜਿਆ ਹੈ?’’
‘‘ਹਾਂ ਉਹ ਹੀ।’’
‘‘ਫੇਰ ਕੀ ਸੋਚਿਆ ਤੁਸੀਂ?’’
ਉਹ ਕੁਝ ਦੇਰ ਚੁੱਪ ਰਹੇ ਤੇ ਫਿਰ ਪਤਨੀ ਨੂੰ ਕਹਿਣ ਲੱਗੇ, ‘‘ਤੈਨੂੰ ਪਤਾ ਹੈ ਜਿੱਥੇ ਅੱਜ ਮੈਂ ਪਹੁੰਚਿਆ ਹਾਂ ਉਹ ਸਭ ਮਾਮਾ ਜੀ ਕਰਕੇ ਹੀ ਹੈ। ਬੜੇ ਅਹਿਸਾਨ ਨੇ ਮਾਮਾ ਜੀ ਦੇ ਆਪਣੇ ਪਰਿਵਾਰ ’ਤੇ। ਲਾਲਾ ਜੀ ਦੇ ਇਸ ਦੁਨੀਆਂ ਤੋਂ ਚਲੇ ਜਾਣ ਮਗਰੋਂ ਘਰ ਦੀ ਆਰਥਿਕ ਸਥਿਤੀ ਇੰਨੀ ਡਾਵਾਂਡੋਲ ਹੋ ਗਈ ਸੀ ਕਿ ਮੈਨੂੰ ਸਕੂਲ ਛੱਡ ਦੁਕਾਨ ’ਤੇ ਬਹਿਣਾ ਪੈ ਗਿਆ ਸੀ। ਪਰ ਮਾਮਾ ਜੀ ਉਸ ਵੇਲੇ ਸਾਡੇ ਲਈ ਰੱਬ ਬਣ ਕੇ ਆਏ। ਮਾਮਾ ਜੀ ਮੇਰੀ ਪੜ੍ਹਾਈ ਦੀ ਜ਼ਿੰਮੇਵਾਰੀ ਨਾ ਲੈਂਦੇ ਤਾਂ ਅੱਜ ਸ਼ਾਇਦ…। ਉਨ੍ਹਾਂ ਨੇ ਜ਼ਿੰਦਗੀ ਵਿੱਚ ਮੈਨੂੰ ਕੰਮ ਵੀ ਪਹਿਲੀ ਵਾਰ ਕਿਹਾ ਹੈ। ਮੈਂ ਕਿਸੇ ਵੀ ਕੀਮਤ ’ਤੇ ਜਵਾਬ ਨਹੀਂ ਦੇ ਸਕਦਾ ਉਨ੍ਹਾਂ ਨੂੰ। ਕੱਲ੍ਹ ਨੂੰ ਦੇਖਾਂਗਾ ਅਸ਼ੋਕ ਦੀ ਫਾਈਲ… ਜਿਵੇਂ ਵੀ ਹੋਇਆ ਉਸ ਦਾ ਕੰਮ ਤਾਂ ਕਰਨਾ ਪਵੇਗਾ। ਰੱਬ ਕਰੇ ਉਸ ਦੀ ਫਾਈਲ ਵਿੱਚ ਸਭ ਕੁਝ ਠੀਕ ਹੋਵੇ।’’
ਸ਼੍ਰੀਮਤੀ ਸਿੰਗਲਾ ਨੇ ਪੁੱਛਿਆ, ‘‘ਫੇਰ ਉਹ ਟੀਵੀ?’’
‘‘ਉਹ ਟੀਵੀ ਕੀ… ਵਾਪਸ ਲੈ ਜਾਵੇਗਾ ਆਪੇ।’’
ਕੁਝ ਦੇਰ ਦੀ ਚੁੱਪ ਮਗਰੋਂ ਸ਼੍ਰੀਮਤੀ ਸਿੰਗਲਾ ਕਹਿਣ ਲੱਗੀ, ‘‘ਇਕ ਗੱਲ ਕਹਾਂ ਜੇਕਰ ਮੰਨੋ ਤਾਂ?’’
‘‘ਹਾਂ ਹਾਂ ਬੋਲ।’’
‘‘ਤੁਸੀਂ ਅਸ਼ੋਕ ਦਾ ਕੰਮ ਤਾਂ ਕਰਨਾ ਹੀ ਹੈ, ਫੇਰ ਇਹ ਟੀਵੀ ਕਿਉਂ ਵਾਪਸ ਕਰੀਏ? ਕਿਉਂ ਨਾ ਇਹ ਟੀਵੀ ਆਪਾਂ ਰੱਖ ਹੀ ਲਈਏ।’’
ਸਿੰਗਲਾ ਸਾਹਿਬ ਨੇ ਪਤਨੀ ਵੱਲ ਹੈਰਾਨੀ ਨਾਲ ਦੇਖਿਆ ਤੇ ਨਾਂਹ ਵਿਚ ਸਿਰ ਹਿਲਾਉਂਦਿਆਂ ਕਿਹਾ, ‘‘ਨਹੀਂ ਨਹੀਂ, ਇਹ ਗੱਲ ਸੋਚ ਵੀ ਨਾ ਤੂੰ। ਇਹ ਨਹੀਂ ਹੋ ਸਕਦਾ। ਮੇਰੀ ਜ਼ਮੀਰ ਮੈਨੂੰ ਇਸ ਦੀ ਇਜ਼ਾਜਤ ਨਹੀਂ ਦਿੰਦੀ।’’
‘‘ਨਾ ਇਕ ਗੱਲ ਦੱਸੋ ਮੈਨੂੰ ਜੇਕਰ ਅਸ਼ੋਕ ਦਾ ਕੰਮ ਕਰਨ ਲਾਇਕ ਨਾ ਹੋਇਆ ਤੇ ਤਹਾਨੂੰ ਕਰਨਾ ਪਿਆ, ਫੇਰ ਉਹ ਕੰਮ ਕਰਨ ਵੇਲੇ ਤੁਹਾਡੀ ਜ਼ਮੀਰ ਕਿੱਥੇ ਹੋਵੇਗੀ?’’
ਪਤਨੀ ਦੇ ਦਿੱਤੇ ਤਰਕ ਅੱਗੇ ਸਿੰਗਲਾ ਸਾਹਿਬ ਨੂੰ ਚੁੱਪ ਹੋਣਾ ਪਿਆ। ਪਤਨੀ ਨੇ ਅੱਗੇ ਬੋਲਣਾ ਜਾਰੀ ਰੱਖਿਆ।
‘‘ਇਕ ਗੱਲ ਹੋਰ, ਤੁਸੀਂ ਉਨ੍ਹਾਂ ਦੇ ਘਰ ਟੀਵੀ ਮੰਗਣ ਤਾਂ ਨਹੀਂ ਗਏ। ਆਪ ਹੀ ਭੇਜਿਆ ਹੈ ਉਨ੍ਹਾਂ ਨੇ। ਚੁੱਪ ਕਰ ਕੇ ਰੱਖ ਲਓ ਜ਼ਿਆਦਾ ਸੋਚੋ ਨਾ। ਤੁਹਾਡੀ ਜਗ੍ਹਾ ਕੋਈ ਹੋਰ ਅਸ਼ੋਕ ਦਾ ਕੰਮ ਕਰਦਾ ਤਾਂ ਹੋ ਸਕਦਾ ਹੈ ਉਹ ਕੁਝ ਜ਼ਿਆਦਾ ਦੀ ਮੰਗ ਕਰਦਾ। ਕੀ ਤੁਸੀਂ ਕਦੇ ਆਪਣਾ ਕੰਮ ਕਰਵਾਉਣ ਲਈ ਪੈਸੇ ਨਹੀਂ ਦਿੱਤੇ? ਯਾਦ ਕਰੋ, ਜਦੋਂ ਪਿਛਲੀ ਵਾਰੀ ਤੁਹਾਡਾ ਤਬਾਦਲਾ ਹੋ ਗਿਆ ਸੀ ਤਾਂ ਤੁਸੀਂ ਰੁਕਵਾਉਣ ਲਈ ਚੰਡੀਗੜ੍ਹ ਦਫ਼ਤਰ ਵਿੱਚ ਕਿੰਨੇ ਪੈਸੇ ਦੇ ਕੇ ਆਏ ਸੀ। ਤੁਹਾਡੇ ਇਕੱਲਿਆਂ ਦੇ ਇਮਾਨਦਾਰ ਹੋਣ ਨਾਲ ਦੁਨੀਆ ਨਹੀਂ ਬਦਲਣ ਲੱਗੀ।’’
‘‘ਪਰ ਫੇਰ ਵੀ ਕਿਸੇ ਤੋਂ ਰਿਸ਼ਵਤ ਵਿਚ ਕੁਝ ਲੈਣਾ…?’’
ਸ਼੍ਰੀਮਤੀ ਸਿੰਗਲਾ ਨੇ ਕਿਹਾ, ‘‘ਕੋਈ ਤਹਾਨੂੰ ਪਿਆਰ ਨਾਲ ਤੋਹਫ਼ਾ ਦੇ ਰਿਹਾ ਹੈ, ਤੁਸੀਂ ਉਸ ਨੂੰ ਰਿਸ਼ਵਤ ਕਿਉਂ ਸਮਝ ਰਹੇ ਹੋ? ਤੁਸੀਂ ਮੰਗਦੇ ਤਾਂ ਗੱਲ ਹੋਰ ਸੀ।’’
ਸਿੰਗਲਾ ਸਾਹਿਬ ਨੇ ਕਿਹਾ, ‘‘ਹਾਂ ਇਹ ਤਾਂ ਹੈ, ਮੈਂ ਮੰਗਣ ਤਾਂ ਨਹੀਂ ਗਿਆ।’’
ਪਤਨੀ ਦੀਆਂ ਗੱਲਾਂ ਵੀ ਉਨ੍ਹਾਂ ਨੂੰ ਵਿਚਾਰਨ ਵਾਲੀਆਂ ਲੱਗ ਰਹੀਆਂ ਸਨ। ਇਕ ਬੇਚੈਨੀ ਜਿਹੀ ਮਨ ਵਿਚ ਆ ਗਈ। ਨਾ ਚਾਹੁੰਦਿਆਂ ਵੀ ਪਤਾ ਨਹੀਂ ਕਿਉਂ ਇਕ ਉਧੇੜ-ਬੁਣ ਨੇ ਮਨ ’ਤੇ ਕਬਜ਼ਾ ਕਰ ਲਿਆ। ਇਸੇ ਬੇਚੈਨੀ ਨੂੰ ਦੂਰ ਕਰਨ ਹਿੱਤ ਪਤਾ ਨਹੀਂ ਕਿਵੇਂ ਉਹ ਵਿਹੜੇ ਤੋਂ ਤੁਰਦੇ ਤੁਰਦੇ ਡਰਾਇੰਗ ਰੂਮ ਵਿਚ ਜਾ ਖੜ੍ਹੇ ਹੋਏ ਤੇ ਸੋਚਾਂ ਵਿੱਚ ਹੀ ਉਨ੍ਹਾਂ ਨੂੰ ਸਾਹਮਣੇ ਵਾਲੀ ਕੰਧ ’ਤੇ ਵੱਡਾ ਟੀਵੀ ਚੱਲਦਾ ਮਹਿਸੂਸ ਹੋਇਆ। ਫੇਰ ਉਨ੍ਹਾਂ ਆਪਣਾ ਮੋਬਾਈਲ ਲਿਆ ਤੇ ਟੀਵੀ ਦੀ ਪੈਕਿੰਗ ਉਪਰ ਲਿਖੇ ਗਏ ਮਾਡਲ ਦੀ ਆਨਲਾਈਨ ਕੀਮਤ ਦੇਖਣ ਬੈਠ ਗਏ। ਕੀਮਤ ਦੇਖ ਕੇ ਖਿਆਲ ਆਇਆ, ‘ਕੀ ਹੋ ਗਿਆ ਹੈ ਮੈਨੂੰ, ਮੈਂ ਇਹ ਕਿਉਂ ਦੇਖ ਰਿਹਾ ਹਾਂ?’
ਸ਼੍ਰੀਮਤੀ ਸਿੰਗਲਾ ਦੀ ਲਗਾਈ ਆਵਾਜ਼, ‘‘ਕਿੱਥੇ ਚਲੇ ਗਏ ਤੁਸੀਂ?’’ ਨੇ ਉਨ੍ਹਾਂ ਦੇ ਵਿਚਾਰਾਂ ਦੀ ਲੜੀ ਨੂੰ ਇਕ ਵਾਰ ਹੋਰ ਅੱਗੇ ਵਧਣ ਤੋਂ ਰੋਕ ਲਿਆ।
‘‘ਹਾਂ ਹਾਂ, ਆ ਗਿਆ,’’ ਕਹਿ ਉਹ ਫੇਰ ਵਿਹੜੇ ਵਿਚ ਆ ਗਏ ਤੇ ਉੱਥੇ ਹੀ ਚਹਿਲ-ਕਦਮੀ ਕਰਨ ਲੱਗੇ। ਛੋਟੀ ਸੋਨੂੰ ਤੇ ਪੁੱਤਰ ਸਮਰ ਆਪਸ ਵਿੱਚ ਖੇਡਦਿਆਂ ਉੱਚੀ ਉੱਚੀ ਰੌਲਾ ਪਾ ਰਹੇ ਸਨ। ਸਿੰਗਲਾ ਸਾਹਿਬ ਨੂੰ ਪਤਾ ਨਹੀਂ ਕਿਉਂ ਇਹ ਸਭ ਚੰਗਾ ਨਹੀਂ ਸੀ ਲੱਗ ਰਿਹਾ। ਇਕ ਅਣਜਾਣ ਜਿਹੀ ਬੈਚੇਨੀ ਹੋ ਰਹੀ ਸੀ।
‘‘ਮੈਨੂੰ ਨੀਂਦ ਆ ਰਹੀ ਹੈ, ਮੈਂ ਅੰਦਰ ਬੈੱਡਰੂਮ ਵਿੱਚ ਹਾਂ,’’ ਇਹ ਕਹਿੰਦਿਆਂ ਉਹ ਬੈੱਡਰੂਮ ਵਿਚ ਆ ਕੇ ਲੇਟ ਗਏ। ਨੀਂਦ ਦਾ ਆਉਣਾ ਤਾਂ ਇਕ ਬਹਾਨਾ ਸੀ। ਅਸਲ ਵਿੱਚ ਉਨ੍ਹਾਂ ਦੀ ਸੋਚ ਵਿਚ ਉਹ ਦ੍ਰਿਸ਼ ਯਾਦ ਆ ਰਿਹਾ ਸੀ ਜਦੋਂ ਉਨ੍ਹਾਂ ਨੇ ਕੁਲਵੰਤ ਸਿੰਘ ਦੀ ਸੇਵਾਮੁਕਤੀ ਸਮੇਂ ਰਾਤ ਵਾਲੀ ਪਾਰਟੀ ਵਿਚ ਹਿੱਕ ਥਾਪੜ ਕਿਹਾ ਸੀ ‘ਮੈਂ ਜਦੋਂ ਕਦੇ ਵੀ ਉੱਚੇ ਅਹੁਦੇ ’ਤੇ ਪਹੁੰਚਿਆ ਤਾਂ ਤੁਸੀਂ ਦੇਖਣਾ ਮੈਂ ਬਿਨਾ ਰਿਸ਼ਵਤ ਲਏ ਲੋਕਾਂ ਦੀ ਕਿਵੇਂ ਸੇਵਾ ਕਰਾਂਗਾ।’ … ਪਰ ਅੱਜ ਸ਼੍ਰੀਮਤੀ ਵੀ ਤਾਂ ਕੁਝ ਗਲਤ ਨਹੀਂ ਸੀ ਕਹਿ ਰਹੀ।
‘ਇਹ ਰਿਸ਼ਵਤ ਤਾਂ ਨਹੀਂ। ਮੈਂ ਆਪ ਤਾਂ ਮੰਗਣ ਨਹੀਂ ਗਿਆ ਟੀਵੀ। ਮੇਰੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਸ਼ਾਇਦ ਮੂੰਹੋਂ ਪੈਸੇ ਮੰਗਦਾ। ਜੇਕਰ ਮੈਂ ਇਹ ਟੀਵੀ ਰੱਖ ਲਵਾਂ ਤਾਂ ਕੋਈ ਪਹਾੜ ਨਹੀਂ ਡਿੱਗਣ ਲੱਗਿਆ। ਬਾਕੀ ਸਭ ਪਾਸੇ ਵੀ ਤਾਂ ਇਹੋ ਹੀ ਹੋ ਰਿਹਾ ਹੈ। ਇਸ ਵਿਚ ਕੁਝ ਅਜੀਬ ਨਹੀਂ ਹੈ। ਮਾਮਾ ਜੀ ਕਰਕੇ ਮੈਨੂੰ ਅਸ਼ੋਕ ਦਾ ਕੰਮ ਤਾਂ ਕਰਨਾ ਹੀ ਪਵੇਗਾ। ਜੇਕਰ ਕੰਮ ਕੋਈ ਨਾਜਾਇਜ਼ ਹੋਇਆ ਤਾਂ ਉਸ ਨੂੰ ਕਰਨ ਦਾ ਖ਼ਤਰਾ ਵੀ ਤਾਂ ਮੈਨੂੰ ਉਠਾਉਣਾ ਪਵੇਗਾ। ਫੇਰ ਕਿਉਂ ਨਾ ਇਹ ਟੀਵੀ… ਪਰ… ਜੇਕਰ ਮਾਮਾ ਜੀ ਨੂੰ ਟੀਵੀ ਦਾ ਪਤਾ ਲੱਗ ਗਿਆ?’ … ਦਿਮਾਗ਼ ਨੇ ਤਰਕ ਵੀ ਨਾਲ ਹੀ ਭੇਜ ਦਿੱਤਾ, ‘ਵੈਸੇ ਤਾਂ ਮਾਮਾ ਜੀ ਤੱਕ ਟੀਵੀ ਦੀ ਗੱਲ ਪਹੁੰਚੇਗੀ ਹੀ ਨਹੀਂ… ਪਹੁੰਚ ਵੀ ਗਈ ਤਾਂ ਕਹਿ ਦਿਆਂਗਾ ਅਸ਼ੋਕ ਨੇ ਘਰ ਭੇਜ ਦਿੱਤਾ ਜ਼ਬਰਦਸਤੀ। ਨਾਲੇ ਮਾਮਾ ਜੀ ਨੇ ਪਟਵਾਰੀ ਰਹਿੰਦਿਆਂ ਕਿਹੜਾ ਉਪਰ ਦੀ ਕਮਾਈ ਨਹੀਂ ਕੀਤੀ। ਇਕ ਪਟਵਾਰੀ ਇਕੱਲੀ ਤਨਖ਼ਾਹ ਨਾਲ ਆਲੀਸ਼ਾਨ ਕੋਠੀ ਤਾਂ ਨਹੀਂ ਖੜ੍ਹੀ ਕਰ ਸਕਦਾ, ਬੱਚਿਆਂ ਨੂੰ ਕੌਨਵੈਂਟ ਸਕੂਲ ਵਿੱਚ ਤਾਂ ਨਹੀਂ ਪੜ੍ਹਾ ਸਕਦਾ। ਉਨ੍ਹਾਂ ਨੂੰ ਤਾਂ ਪਤਾ ਹੈ ਅੱਜਕੱਲ੍ਹ ਦਫ਼ਤਰਾਂ ਵਿੱਚ ਕੰਮ ਕਿਵੇਂ ਹੁੰਦੇ ਨੇ। ਮੇਰੇ ਸਹਿਕਰਮੀ ਠੀਕ ਹੀ ਆਖਦੇ ਸਨ ਬਹੁਤੀ ਇਮਾਨਦਾਰੀ ਵੀ ਠੀਕ ਨਹੀਂ ਅੱਜ ਦੇ ਮਾਹੌਲ ’ਚ। ਉਨ੍ਹਾਂ ਨੇ ਤਾਂ ਮੈਨੂੰ ਬੜਾ ਕਿਹਾ ਸੀ ਤਰੱਕੀ ਤੋਂ ਪਹਿਲਾਂ ਹੀ ਵੱਲ ਸਿੱਖ ਲਵਾਂ, ਪਰ ਮੈਂ ਹੀ ਮੂਰਖ ਰਿਹਾ। ਉਨ੍ਹਾਂ ਨਾਲ ਮਿਲ ਕੁਝ ਕਮਾਏ ਹੁੰਦੇ ਤਾਂ ਅੱਜ ਮੇਰੀ ਆਰਥਿਕ ਦਸ਼ਾ ਕੁਝ ਹੋਰ ਹੁੰਦੀ…।’
ਹੁਣ ਬਾਹਰੋਂ ਛੋਟੀ ਸੋਨੂੰ ਤੇ ਸਮਰ ਦੇ ਖੇਡਣ ਦੀ ਆਵਾਜ਼ ਬੰਦ ਹੋ ਗਈ ਸੀ। ਸ਼ਾਇਦ ਉਨ੍ਹਾਂ ਨੂੰ ਖੇਡਦਿਆਂ ਖੇਡਦਿਆਂ ਨੀਂਦ ਆ ਗਈ ਸੀ। ਸ਼੍ਰੀਮਤੀ ਵੀ ਰਸੋਈ ਵਿੱਚ ਸੀ। ਬੈੱਡ ਉਪਰ ਇੱਧਰ ਉੱਧਰ ਪਾਸੇ ਮਾਰਦਿਆਂ ਮਾਨਸਿਕ ਥਕਾਵਟ ਨੇ ਸਿੰਗਲਾ ਜੀ ਨੂੰ ਹੋਰ ਪ੍ਰੇਸ਼ਾਨ ਕਰ ਦਿੱਤਾ। ਚਾਹੁਣ ’ਤੇ ਵੀ ਨੀਂਦ ਅੱਖਾਂ ਵਿੱਚ ਨਹੀਂ ਆ ਰਹੀ ਸੀ। ਉੱਠ ਕੇ ਥੋੜ੍ਹਾ ਉਪਰ ਹੋ ਬੈੱਡ ਦੀ ਢੋਹ ਦਾ ਸਹਾਰਾ ਲੈ ਕੇ ਬੈਠ ਗਏ। ਸਾਹਮਣੇ ਮੇਜ਼ ’ਤੇ ਫਰੇਮ ਵਿਚ ਲੱਗੀ ਲਾਲਾ ਜੀ ਦੀ ਤਸਵੀਰ ਦੇਖ ਲੱਗਿਆ ਜਿਵੇਂ ਉਹ ਕਹਿ ਰਹੇ ਹੋਣ, ‘ਪੁੱਤ… ਜੋ ਵੀ ਕਰਨਾ ਹੈ ਆਪਣਾ ਵਿਚਾਰ ਕੇ ਕਰੀਂ। ਮੈਂ ਤਾਂ ਉੱਚਾ ਸੁੱਚਾ ਜੀਵਨ ਜਿਊਣ ਲਈ ਪੂਰੀ ਵਾਹ ਲਾ ਦਿੱਤੀ। ਹੁਣ ਤੂੰ ਹੀ ਇਨ੍ਹਾਂ ਸੰਸਕਾਰਾਂ ਨੂੰ ਸੰਭਾਲਣਾ ਵੀ ਹੈ ਤੇ ਅੱਗੇ ਤੋਰਨਾ ਵੀ ਹੈ।’
ਲਾਲਾ ਜੀ ਅਕਸਰ ਕਿਹਾ ਕਰਦੇ ਸੀ, ‘ਇਮਾਨਦਾਰੀ ਨਾਲ ਕਮਾਈ ਰੋਟੀ ਦਾ ਸਵਾਦ ਬਹੁਤ ਮਿੱਠਾ ਤੇ ਆਨੰਦ ਦੇਣ ਵਾਲਾ ਹੁੰਦਾ ਹੈ। ਪਿੰਡ ਦੇ ਵਸਨੀਕ ਵੀ ਲਾਲਾ ਜੀ ਦੀ ਸਿਆਣਪ, ਸਚਾਈ ਤੇ ਇਮਾਨਦਾਰੀ ਦੀ ਅਕਸਰ ਤਾਰੀਫ਼ ਕਰਦੇ ਸਨ। ਪਿੰਡ ਵਿੱਚ ਕਿਸੇ ਵੀ ਪ੍ਰਕਾਰ ਦਾ ਝਗੜਾ ਕਲੇਸ਼ ਹੁੰਦਾ ਤਾਂ ਸਮਝੌਤੇ ਸਮੇਂ ਲਾਲਾ ਜੀ ’ਤੇ ਹਰ ਇਕ ਦਾ ਵਿਸ਼ਵਾਸ ਆ ਟਿਕਦਾ।
ਲਾਲਾ ਜੀ ਦੇ ਇਮਾਨਦਾਰ ਤੇ ਸੁੱਚੇ ਜੀਵਨ ਨੂੰ ਯਾਦ ਕਰਦਿਆਂ ਸਿੰਗਲਾ ਸਾਹਿਬ ਨੂੰ ਅਨੋਖਾ ਜਿਹਾ ਸਕੂਨ ਮਹਿਸੂਸ ਹੋਇਆ। ਪਰ ਇਹ ਸਕੂਨ ਜ਼ਿਆਦਾ ਦੇਰ ਠਹਿਰ ਨਾ ਸਕਿਆ। ਜਿਉਂ ਹੀ ਲਾਲਾ ਜੀ ਦੀ ਜ਼ਿੰਦਗੀ ਦੀ ਰੀਲ੍ਹ ਅੱਗੇ ਸਰਕੀ ਤਾਂ ਇਕ ਉਦਾਸੀ ਜਿਹੀ ਨੇ ਮਨ ਨੂੰ ਘੇਰ ਲਿਆ…। ਆਖ਼ਰ ਇਹ ਇਮਾਨਦਾਰੀ ਕਿਸ ਕੰਮ ਦੀ ਜਿਸ ਦਾ ਫ਼ਲ ਉਨ੍ਹਾਂ ਨੂੰ ਕਦੇ ਨਹੀਂ ਮਿਲਿਆ। ਸਾਰੀ ਉਮਰ ਇਮਾਨਦਾਰ ਹੋ ਕੇ ਕੀ ਖੱਟ ਲਿਆ? ਘਰ ਦੇ ਆਰਥਿਕ ਹਾਲਾਤ ਤਾਂ…?
ਪਰਚੂਨ ਦੀ ਦੁਕਾਨ ਦੇ ਨਾਲ ਨਾਲ ਲਿਆ ਖੰਡ-ਤੇਲ ਵਾਲਾ ਸਰਕਾਰੀ ਡਿਪੂ ਵੀ ਉਨ੍ਹਾਂ ਦੀ ਆਰਥਿਕ ਦਸ਼ਾ ਨਾ ਸੁਧਾਰ ਸਕਿਆ। ਲੋਕ ਤਾਂ ਸਰਕਾਰੀ ਰਾਸ਼ਨ ਦਾ ਡੀਪੂ ਦੋ ਪੈਸੇ ਬਣਾਉਣ ਲਈ ਲੈਂਦੇ ਨੇ, ਪਰ ਲਾਲਾ ਜੀ ਉੱਥੇ ਵੀ ਆਪਣੀ ਇਮਾਨਦਾਰੀ ਵਿਖਾਉਂਦੇ ਰਹੇ।
ਯਾਦ ਆਇਆ ਕਿਵੇਂ ਇਕ ਵਾਰੀ ਲਾਲਾ ਜੀ ਨੂੰ 50000 ਰੁਪਏ ਦੇਣ ਲਈ ਮਜਬੂਰ ਹੋਣਾ ਪਿਆ ਸੀ, ਜਦੋਂ ਖਾਲੀ ਪਏ ਪਲਾਟ ਵਿੱਚੋਂ ਬਿਜਲੀ ਦਾ ਖੰਬਾ ਹਟਾਉਣ ਲਈ ਕਿਵੇਂ ਐੱਸ.ਡੀ.ਓ. ਨੇ ਬੜੀ ਬੇਸ਼ਰਮੀ ਨਾਲ 70000 ਰੁਪਏ ਮੰਗ ਲਏ ਸੀ, ਲਾਲਾ ਜੀ ਨੇ ਆਪਣੀ ਹੱਕ-ਹਲਾਲ ਦੀ ਕਮਾਈ ਦਾ ਵਾਸਤਾ ਦਿੱਤਾ, ਪਰ ਉਹ ਟੱਸ ਤੋਂ ਮੱਸ ਨਹੀਂ ਹੋਇਆ ਤੇ ਫੇਰ ਪੂਰੇ 70000 ਰੁਪਏ ਦੇਣੇ ਪਏ। ਇਮਾਨਦਾਰੀ ਨਾਲ ਥੋੜ੍ਹਾ ਥੋੜ੍ਹਾ ਕਰ ਜੋੜੇ ਪੈਸੇ ਐੱਸ.ਡੀ.ਓ. ਨੂੰ ਦੇਣ ਲੱਗਿਆਂ ਲਾਲਾ ਜੀ ਨੂੰ ਵੀ ਬੜੀ ਤਕਲੀਫ਼ ਹੋਈ ਸੀ। ਪਰ ਕੁਝ ਨਾ ਕਰ ਸਕੇ।
ਮਨ ਵਿੱਚ ਆਈਆਂ ਪੁਰਾਣੀਆਂ ਯਾਦਾਂ ਤੇ ਸੋਚਾਂ ਦੇ ਸਫ਼ਰ ਨੇ ਸਿੰਗਲਾ ਸਾਹਿਬ ਨੂੰ ਹੋਰ ਉਲਝਾ ਕੇ ਰੱਖ ਦਿੱਤਾ। ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਦਾ ਵਹਿਣ ਇੱਧਰ ਉੱਧਰ ਤੁਰ ਪਿਆ। ਬਚਪਨ ਵਿਚ ਪਿਤਾ ਤੋਂ ਮਿਲੀ ਇਮਾਨਦਾਰੀ ਦੀ ਗੁੜ੍ਹਤੀ ਤੇ ਫਿਰ ਨੌਕਰੀ ਕਰਦਿਆਂ ਇਮਾਨਦਾਰੀ ਨਾਲ ਕੀਤੇ ਕੰਮਾਂ ਦੀ ਪ੍ਰਸ਼ੰਸਾ ਅਤੇ ਵੇਲੇ ਸਿਰ ਮਿਲੀ ਤਰੱਕੀ ਸਭ ਯਾਦ ਆਉਂਦੇ ਗਏ। ਯਾਦ ਆਇਆ… ਕਿਵੇਂ ਕਈ ਸਾਲ ਪਹਿਲਾਂ ਮਹਿਕਮੇ ਵਿੱਚ ਹੋਏ ਸਮਰੋਹ ਵਿਚ ਉਪਰੋ ਆਏ ਅਫ਼ਸਰ ਨੇ ਸਿੰਗਲਾ ਜੀ ਨੂੰ ਮਹਿਕਮੇ ਦਾ ਸਭ ਤੋਂ ਇਮਾਨਦਾਰ ਕਰਮਚਾਰੀ ਕਹਿ ਨਿਵਾਜ਼ਿਆ ਸੀ। ਉਸ ਸਮੇਂ ਹਾਲ ਵਿੱਚ ਵੱਜੀਆਂ ਤਾੜੀਆਂ ਦੀ ਆਵਾਜ਼ ਉਹ ਅੱਜ ਵੀ ਮਹਿਸੂਸ ਕਰ ਸਕਦੇ ਸਨ। ਸ਼ਾਇਦ ਉਸ ਅਫ਼ਸਰ ਦੀ ਤਾਰੀਫ਼ ਦਾ ਨਤੀਜਾ ਹੀ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਵਿਚੋਂ ਰਿਸ਼ਵਤ ਨਾਂ ਦਾ ਲਫ਼ਜ਼ ਮਨਫ਼ੀ ਹੋ ਗਿਆ ਸੀ।
‘‘ਮੈਂ ਕਿਹਾ ਜੀ, ਕਿਵੇਂ, ਤੁਸੀਂ ਸੁੱਤੇ ਨਹੀਂ ਅਜੇ ਤੱਕ?’’ ਪਤਨੀ ਦੀ ਆਵਾਜ਼ ਨੇ ਉਨ੍ਹਾਂ ਦੀ ਸੋਚਾਂ ਦੀ ਲੜੀ ਨੂੰ ਤੋੜ ਕੇ ਰੱਖ ਦਿੱਤਾ।
‘‘ਨਹੀਂ, ਬਸ ਵੈਸੇ ਹੀ ਬੈਠ ਗਿਆ। ਬੱਚੇ ਸੌਂ ਗਏ?’’
‘‘ਹਾਂ ਸੌਂ ਗਏ, ਪੁੱਛ ਰਹੇ ਸੀ ਟੀਵੀ ਕਦੋਂ ਲਗਾਉਣਾ ਹੈ?’’
ਉਨ੍ਹਾਂ ਨੇ ਅੱਗੋਂ ਕੋਈ ਜਵਾਬ ਨਾ ਦਿੱਤਾ ਤੇ ਬੈੱਡ ਦੀ ਢੋਹ ਦਾ ਸਹਾਰਾ ਛੱਡਦੇ ਹੋਏ ਥੱਲੇ ਹੋ ਲੇਟ ਗਏ। ਕੁਝ ਦੇਰ ਦੀ ਚੁੱਪ ਮਗਰੋਂ ਬੋਲੇ, ‘‘ਤੂੰ ਵੀ ਸੌਂ ਜਾ ਹੁਣ। ਚੱਲੋ ਦੇਖਦੇ ਹਾਂ ਕੀ ਬਣਦਾ ਹੈ ਕੱਲ੍ਹ ਨੂੰ।’’
ਇੰਨਾ ਕਹਿ ਉਨ੍ਹਾਂ ਨੇ ਅੱਖਾਂ ਬੰਦ ਕਰ ਲਈਆਂ ਤੇ ਫਿਰ ਸੋਚਾਂ ਦੀ ਟੁੱਟੀ ਲੜੀ ਨੂੰ ਜੋੜਨ ਦੀ ਕੋਸ਼ਿਸ਼ ਕਰਨ ਲੱਗੇ। ਪਤਨੀ ਉਨ੍ਹਾਂ ਦੇ ਚਿਹਰੇ ਵੱਲ ਧਿਆਨ ਨਾਲ ਦੇਖ ਰਹੀ ਸੀ ਪਰ ਚਿਹਰੇ ’ਤੇ ਆਉਂਦੇ ਹਾਵਾਂ ਭਾਵਾਂ ਨੂੰ ਪੜ੍ਹਨ ਤੋਂ ਅਸਮਰੱਥ ਸੀ।
ਸੰਪਰਕ: 98727-07836