ਸਿਰਮੌਰ ਅਨੁਵਾਦਕ

ਸਿਰਮੌਰ ਅਨੁਵਾਦਕ

ਗੁਰਬਖ਼ਸ ਸਿੰਘ ਫਰੈਂਕ ਹੌਲੀ ਹੌਲੀ ਬੋਲਦੇ, ਬੋਲਣ ਵਿੱਚ ਵੀ ਸੰਜਮ, ਤੁਰਨ-ਫਿਰਨ ’ਚ ਵੀ ਕੰਜੂਸੀ। ਸੰਕੋਚੀ ਟਿੱਪਣੀ ਕਰਦੇ, ਪਰ ਵਿਅੰਗ ਨਾਲ ਲਬਰੇਜ਼।

ਡਾ. ਲਾਭ ਸਿੰਘ ਖੀਵਾ

ਡਾ. ਗੁਰਬਖ਼ਸ਼ ਸਿੰਘ ਫਰੈਂਕ ਨੂੰ ਪਹਿਲੀ ਵਾਰ ਪਾਰਟੀ ਲੇਖਕਾਂ ਦੀ ਇੱਕ ਮੀਟਿੰਗ ਵਿੱਚ ਮੈਂ ਵੇਖਿਆ ਸੀ ਜਿਹੜੀ ਸੀ.ਪੀ.ਆਈ. ਦੇ ਸੂਬਾ ਦਫ਼ਤਰ ਚੰਡੀਗੜ੍ਹ ਵਿਖੇ ਪਾਰਟੀ ਸਕੱਤਰ ਮਰਹੂਮ ਕਾਮਰੇਡ ਅਵਤਾਰ ਸਿੰਘ ਮਲਹੋਤਰਾ ਨੇ ਸ਼ਾਇਦ 1978 ਵਿੱਚ ਬੁਲਾਈ ਸੀ। ਮੇਰੇ ਅਧਿਆਪਕ ਡਾ. ਰਵਿੰਦਰ ਸਿੰਘ ਰਵੀ ਵੀ ਹਾਜ਼ਰ ਸਨ। ਫਿਰ ਮੈਂ 1983-84 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਐਮ.ਫਿਲ ਦਾ ਵਿਦਿਆਰਥੀ ਬਣਿਆ ਤਾਂ ਉੱਥੇ ਮੇਰੇ ਅਧਿਆਪਕ ਡਾ. ਫਰੈਂਕ ਵੀ ਸਨ। ਅੱਠ ਦਸੰਬਰ 1975 ਨੂੰ ਖਰੀਦੀ ਕਿਤਾਬ ‘ਮੇਰਾ ਦਾਗਿਸਤਾਨ’ ਦਾ ਅਨੁਵਾਦਕ ਗੁਰੂਬਖ਼ਸ਼ ਕਲਾਸ ਰੂਮ ਵਿੱਚ ਮੈਨੂੰ ਡਾ. ਗੁਰਬਖਸ਼ ਸਿੰਘ ਫਰੈਂਕ ਦੇ ਰੂਪ ਵਿੱਚ ਪੜ੍ਹਾ ਰਿਹਾ ਸੀ। ਦਾਖ਼ਲਾ ਕਮੇਟੀ ਵਿੱਚ ਜੇਕਰ ਉਹ ਨਾ ਹੁੰਦੇ, ਸ਼ਾਇਦ ਦਾਖ਼ਲਾ ਕ੍ਰਿਕਟ ਦੀ ਮੇਰੀ ਵਿਕਟ ਹਿੱਲ ਜਾਂਦੀ। ਬੱਸ ਫਿਰ ਦੋ ਸਾਲ ਉਨ੍ਹਾਂ ਦੀ ਸੰਗਤ ਖ਼ੂਬ ਮਾਣੀ, ਉਨ੍ਹਾਂ ਦੇ ਵਿਭਾਗੀ ਕਮਰੇ ਵਿੱਚ ਵੀ ਤੇ ਘਰ ਵੀ। ਉਹ ਹੌਲੀ ਹੌਲੀ ਬੋਲਦੇ, ਬੋਲਣ ਵਿੱਚ ਵੀ ਸੰਜਮ, ਤੁਰਨ-ਫਿਰਨ ’ਚ ਵੀ ਕੰਜੂਸੀ। ਸੰਕੋਚੀ ਟਿੱਪਣੀ ਕਰਦੇ, ਪਰ ਵਿਅੰਗ ਨਾਲ ਲਬਰੇਜ਼।

ਡਾ. ਫਰੈਂਕ, ਦਰਅਸਲ, ਆਪਣੀ ਮੁੱਢਲੀ ਉਮਰੇ ਰੂਸੀ ਸਫ਼ਾਰਤਖਾਨਾ ਦਿੱਲੀ ਵਿਖੇ ਪ੍ਰੈੱਸ ਤੇ ਪਬਲੀਕੇਸ਼ਨ ਡਿਵੀਜ਼ਨ ਵਿੱਚ ਮੁਲਾਜ਼ਮ ਸਨ। ਮਾਸਕੋ ਪ੍ਰਗਤੀ ਪ੍ਰਕਾਸ਼ਨ ਸਥਾਪਿਤ ਹੋਇਆ ਤਾਂ ਉਹ ਉੱਥੇ ਚਲੇ ਗਏ। ਇੰਸਟੀਚਿਊਟ ਆਫ ਓਰੀਐਂਟਲ ਸਟੱਡੀਜ਼ ਵਿੱਚੋਂ ਪੀਐੱਚ.ਡੀ. ਕਰਨ ਲਈ ਉਨ੍ਹਾਂ ਪਹਿਲਾਂ ਰੂਸੀ ਭਾਸ਼ਾ ਵਿਚ ਐਮ.ਏ. ਕੀਤੀ ਤੇ ਫਿਰ ਕਰਤਾਰ ਸਿੰਘ ਦੁੱਗਲ ਦੀਆਂ ਕਹਾਣੀਆਂ ਉੱਤੇ ਖੋਜ ਕਰਕੇ ਅਕਾਦਮਿਕ ਡਾਕਟਰ ਬਣੇ। 1975 ਵਿੱਚ ਆਪਣਾ ਖੋਜ ਕਾਰਜ ਖ਼ਤਮ ਕਰਨ ਤੋਂ ਬਾਅਦ ਉਹ ਇੱਕੋ ਇਕ ਪਹਿਲੇ ਪੰਜਾਬੀ ਲੇਖਕ ਹਨ ਜਿਨ੍ਹਾਂ ‘ਰੂਸੀ-ਪੰਜਾਬੀ ਸ਼ਬਦਕੋਸ਼’ ਤਿਆਰ ਕੀਤਾ। ਉਹ 1969 ਤੋਂ 1976 ਤੱਕ ਸੋਵੀਅਤ ਯੂਨੀਅਨ ਵਿਖੇ ਅਨੁਵਾਦ ਦਾ ਕਾਰਜ ਕਰਦੇ ਰਹੇ, ਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਬਣਨ ਤੋਂ ਬਾਅਦ ਇੱਕ ਵਾਰ ਫਿਰ ਉਨ੍ਹਾਂ ਮਾਸਕੋ ਜਾ ਕੇ ਇਕ ਪ੍ਰੋਜੈਕਟ ਉੱਤੇ ਕੰਮ ਕੀਤਾ। 1995 ਤੱਕ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਚੇਅਰਮੈਨਸ਼ਿੱਪ ਕਰਦਿਆਂ ਸੇਵਾਮੁਕਤ ਹੋਏ। ਸਭਿਆਚਾਰ ਤੇ ਨਿੱਕੀ ਕਹਾਣੀ ਉਨ੍ਹਾਂ ਦੇ ਅਧਿਆਪਨ ਤੇ ਖੋਜ ਦੇ ਖੇਤਰ ਰਹੇ। ‘ਸਭਿਆਚਾਰ ਤੇ ਪੰਜਾਬੀ ਸਭਿਆਚਾਰ’, ‘ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ’, ‘ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ’ ਅਤੇ ‘ਸੰਬਾਦ-1 1984’ ਸਿਰਲੇਖ ਦੀਆਂ ਪੁਸਤਕਾਂ ਉਨ੍ਹਾਂ ਦੇ ਅਧਿਆਪਨ ਜੀਵਨ ਦੀ ਦੇਣ ਹਨ।

ਅਸਲ ਵਿੱਚ, ਡਾ. ਫਰੈਂਕ ਦੀ ਦਿਲਚਸਪੀ ਤੇ ਪੇਸ਼ੇਵਾਰ ਸ਼ੌਕ ਅਨੁਵਾਦ ਦਾ ਰਿਹਾ। ਉਨ੍ਹਾਂ ਰੂਸੀ ਲੇਖਕ ਪੰਜਾਬੀ ਵਿੱਚ ਅਨੁਵਾਦ ਕਰਕੇ ਪੰਜਾਬੀ ਪਾਠਕਾਂ ਦੀ ਸਾਂਝ ਰੂਸੀ ਸਾਹਿਤ ਨਾਲ ਪੁਆਈ। ਟਾਲਸਟਾਏ, ਗੋਰਕੀ, ਚੈਖ਼ਵ, ਰਸੂਲ ਹਮਜ਼ਾਤੋਵ, ਪੁਸ਼ਕਿਨ ਆਦਿ ਲੇਖਕਾਂ ਦੇ ਸਾਹਿਤ ਤੱਕ ਡਾ. ਫਰੈਂਕ ਦੇ ਸਰਲ ਅਤੇ ਮਿਆਰੀ ਅਨੁਵਾਦ ਸਦਕਾ ਹੀ ਪੰਜਾਬੀ ਪਾਠਕ ਦੀ ਰਸਾਈ ਹੋ ਸਕੀ। ਕਮਿਊਨਿਸਟ ਸਾਹਿਤ ਅਤੇ ਮਾਰਕਸਵਾਦੀ ਫਲਸਫ਼ੇ ਦੀਆਂ ਵੀ ਚੋਖੀਆਂ ਕਿਤਾਬਾਂ ਪੰਜਾਬੀ ਵਿਚ ਉਲਥਾਈਆਂ। ਰੂਸੀ ਸਾਹਿਤ ਦੇ ਸਿਰਜਨਾਤਮਕ ਪਰਿਵੇਸ਼ ਦੀ ਮੌਲਿਕ ਸੂਝ ਨੇ ਡਾ. ਫਰੈਂਕ ਦੀ ਅਨੁਵਾਦਕ ਮੁਹਾਰਤ ਨੂੰ ਬਲ ਬਖਸ਼ਿਆ। ਇਸ ਕਰਕੇ ਉਨ੍ਹਾਂ ਦੀਆਂ ਅਨੁਵਾਦਿਤ ਪੁਸਤਕਾਂ ਵਿੱਚ ਪਾਠਕਾਂ ਨੂੰ ਓਪਰਾਪਣ ਮਹਿਸੂਸ ਨਹੀਂ ਹੁੰਦਾ ਅਤੇ ਭਾਸ਼ਾਈ ਮੌਲਿਕਤਾ ਦੇ ਅਹਿਸਾਸ ਕਰਕੇ ਪਾਠਕ ਨੂੰ ਪੁਸਤਕ ਪੜ੍ਹਣਯੋਗ ਤੇ ਮਾਣਨਯੋਗ ਲੱਗਦੀ ਹੈ। ਉਹ ਰੂਸੀ ਗਲਪ ਦੇ ਬਿਰਤਾਂਤਕ ਵਾਤਾਵਰਨ ਨੂੰ ਹੂ-ਬ-ਹੂ ਉਲਥਾਉਣ ਦੀ ਕਲਾਕਾਰੀ ਵਿਚ ਕਾਮਿਲ ਕਲਮਕਾਰ ਹਨ। ਟਾਲਸਟਾਏ ਦੀ ‘ਪਾਦਰੀ ਸੇਰਗਈ’ ਅਤੇ ਲੇਰਮੇਨਤੋਵ ਦੀ ‘ਸਾਡੇ ਸਮੇਂ ਦਾ ਇੱਕ ਨਾਇਕ’ ਉਨ੍ਹਾਂ ਦੀਆਂ ਅਨੁਵਾਦਿਤ ਦੋ ਹੋਰ ਕਿਤਾਬਾਂ ਵੀ ਜ਼ਿਕਰਯੋਗ ਹਨ। ‘ਫ਼ਿਲਾਸਫੀ ਕੀ ਹੈ?’ ਸਮੇਤ ਉਨ੍ਹਾਂ ਰੂਸੀ ਭਾਸ਼ਾ ਤੋਂ ਪੰਜਾਬੀ ਜ਼ੁਬਾਨ ਵਿੱਚ ਲਗਭਗ ਤਿੰਨ ਦਰਜਨ ਪੁਸਤਕਾਂ ਦਾ ਤਰਜਮਾ ਕੀਤਾ ਹੈ। ਰੂਸੀ, ਅੰਗਰੇਜ਼ੀ, ਹਿੰਦੀ ਤੇ ਉਰਦੂ ਤੱਕ ਪਰਪੱਕ ਪਹੁੰਚ ਸਦਕਾ ਡਾ. ਫਰੈਂਕ ਨੇ ਸਿਰਫ਼ ਰੂਸੀ ਸਾਹਿਤ ਤੇ ਦਰਸ਼ਨ ਦੀਆਂ ਸ਼ਾਹਕਾਰ ਪੁਸਤਕਾਂ ਦਾ ਹੀ ਅਨੁਵਾਦ ਨਹੀਂ ਕੀਤਾ ਸਗੋਂ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਆਬਿਦ ਹੁਸੈਨ ਆਦਿ ਦੀਆਂ ਲਿਖਤਾਂ ਨੂੰ ਵੀ ਪੰਜਾਬੀ ਪਾਠਕਾਂ ਤੱਕ ਪਹੁੰਚਾਇਆ ਹੈ। ਉਨ੍ਹਾਂ ਦੀ ਅਨੁਵਾਦ ਕਲਾ ਨੂੰ ਮਾਨਤਾ ਦਿੰਦਿਆਂ ਭਾਰਤੀ ਸਾਹਿਤ ਅਕਾਦਮੀ, ਦਿੱਲੀ ਨੇ 2012 ਵਿੱਚ ਕੌਮੀ ਪੁਰਸਕਾਰ ਦੇ ਕੇ ਉਨ੍ਹਾਂ ਨੂੰ ਸਨਮਾਨਿਆ। ਉਨ੍ਹਾਂ ਦੀ ਉਲਥਾਈ ਪੁਸਤਕ ‘ਭਾਰਤੀ ਨਿੱਕੀ ਕਹਾਣੀ’ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ ਸੀ। ਇਹ ਪੁਸਤਕ ਵਿਭਿੰਨ ਭਾਰਤੀ ਨਿੱਕੀ ਕਹਾਣੀਆਂ ਦਾ ਸੰਗ੍ਰਹਿ ਹੈ ਜਿਹੜਾ ਵਿਭਿੰਨ ਭਾਰਤੀ ਭਾਸ਼ਾਵਾਂ ਦੀਆਂ ਕਥਾਵਾਂ ਦੀ ਪ੍ਰਤੀਨਿਧਤਾ ਕਰਦਾ ਹੈ।

ਸਾਡਾ ਇਹ ਸਿਰਮੌਰ ਪੰਜਾਬੀ ਉਲੱਥਾਕਾਰ 85 ਸਾਲ ਦੀ ਉਮਰ ਵਿੱਚ ਆ ਕੇ ਆਪਣੇ ਕਮਰੇ ਤੱਕ ਸੀਮਤ ਹੋ ਗਿਆ ਹੈ। ਉਨ੍ਹਾਂ ਦੀ ਜੀਵਨ-ਸਾਥਣ, ਬੇਟੀ ਤੇ ਦਾਮਾਦ ਉਨ੍ਹਾਂ ਦੀ ਸੇਵਾ-ਸੰਭਾਲ ਕਰ ਰਹੇ ਹਨ। ਮੇਰੇ ਵਰਗੇ ਦੂਰ ਬੈਠੇ ਵਿਦਿਆਰਥੀ ਉਨ੍ਹਾਂ ਨੂੰ ਮਿਲਣ ਜਾਂਦੇ ਹਨ ਤਾਂ ਚਿਹਰੇ ’ਤੇ ਨੂਰ ਆ ਜਾਂਦਾ ਹੈ। ਆਓ, ਅਜਿਹੇ ਸਿਰੜੀ ਤੇ ਸਿਦਕੀ ਵਿਦਵਾਨ ਦੀ ਚੰਗੀ ਸਿਹਤ ਲਈ ਦੁਆਵਾਂ ਕਰੀਏ ਤੇ ਉਨ੍ਹਾਂ ਨੂੰ ਮਿਲਦੇ-ਗਿਲਦੇ ਰਹੀਏ। ਭਾਸ਼ਾ ਵਿਭਾਗ ਪੰਜਾਬ ਕਦੇ ਗੇੜਾ ਮਾਰ ਆਵੇ ਤਾਂ ਪਾਠਕ ਕ੍ਰਿਤਾਰਥ ਹੋਣਗੇ।

ਸੰਪਰਕ: 94171-78487

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All