ਪੰਜਾਬ ਦੇ ਖ਼ਾਮੋਸ਼ ਉਜਾੜੇ ਦੀਆਂ ਪਰਤਾਂ : The Tribune India

ਪੰਜਾਬ ਦੇ ਖ਼ਾਮੋਸ਼ ਉਜਾੜੇ ਦੀਆਂ ਪਰਤਾਂ

ਪੰਜਾਬ ਦੇ ਖ਼ਾਮੋਸ਼ ਉਜਾੜੇ ਦੀਆਂ ਪਰਤਾਂ

ਪ੍ਰੋ. ਕੁਲਵੰਤ ਸਿੰਘ ਔਜਲਾ

ਪੰਜਾਬ ਦੀ ਰਚਨਾਤਮਿਕ ਸੰਵੇਦਨਾ ਤੇ ਸ਼ਕਤੀ ਬੁੱਢੀ ਤੇ ਬੇਤਾਲ ਹੋ ਗਈ ਹੈ। ਵਕਤ ਦੇ ਚਾਲੂ ਤੇ ਚਲੰਤ ਹੋ ਜਾਣ ਦੇ ਸਿੱਟੇ ਵਜੋਂ ਹਰ ਕਿੱਤਾ ਤੇ ਕਾਰਜ ਸੱਚੇ ਸੌਦੇ ਦਾ ਵਪਾਰ ਨਹੀਂ ਰਿਹਾ। ਆਪਣਾ ਮਾਲ ਧੜਾਧੜ ਵੇਚਣ ਦੇ ਆਲਮ ਵਿੱਚ ਸੰਸਥਾਵਾਂ, ਸਿਧਾਂਤ ਤੇ ਸੰਕਲਪ ਖੋਖਲੇ ਤੇ ਖ਼ੁਆਬਹੀਣ ਹੋ ਗਏ ਹਨ। ਇਸ਼ਤਿਹਾਰੀ ਲੋੜ ਤੇ ਲਾਲਸਾ ਨੇ ਹਰ ਵਸਤੂ ਤੇ ਵਰਤਾਰੇ ਨੂੰ ਮੰਡੀ ਦਾ ਮਾਲ ਬਣਾ ਦਿੱਤਾ ਹੈ। ਧਾਰਮਿਕ ਸਥਾਨਾਂ ਦੀ ਸਜਾਵਟ ਲਈ ਕਰੋੜਾਂ ਰੁਪਏ ਦਾ ਸੋਨਾ ਇਸਤੇਮਾਲ ਹੋ ਰਿਹਾ ਹੈ ਪਰ ਸਹੁੰ ਖਾਣ ਲਈ ਵੀ ਕੋਈ ਫ਼ਕੀਰ, ਦਰਵੇਸ਼, ਪੈਗੰਬਰ ਜਾਂ ਔਲੀਆ ਨਹੀਂ ਲੱਭਦਾ। ਜਦੋਂ ਮਿੱਟੀਆਂ ਦੀ ਤਾਸੀਰ ਅਮਾਨਵੀ ਤੇ ਆਤੰਕੀ ਹੋ ਜਾਵੇ ਉਦੋਂ ਮਹਾਨ ਪ੍ਰਤਿਭਾਵਾਂ ਦਾ ਅਭਾਵ ਹੋ ਜਾਂਦਾ ਹੈ। ਪੁਰਖਿਆਂ ਦੇ ਇਲਮ ਤੇ ਇਲਹਾਮ ਦੀ ਕੁੱਖੋਂ ਪੈਦਾ ਹੋਈਆਂ ਰਵਾਇਤਾਂ ਤੇ ਰਮਜ਼ਾਂ ਮੂਕ ਹੋ ਜਾਂਦੀਆਂ ਹਨ। ਹਰ ਕੋਈ ਆਪਣੇ ਆਪ ਨੂੰ ਸੱਚਾ ਸੁੱਚਾ ਤੇ ਸਮਝਦਾਰ ਸਿੱਧ ਕਰਨ ਦੀ ਦੌੜ ਵਿੱਚ ਮਸਰੂਫ਼ ਹੋ ਜਾਂਦਾ ਹੈ। ਨਸੀਹਤਾਂ, ਮਸ਼ਵਰੇ, ਦਾਅਵੇ ਤੇ ਗਿਆਨ ਥਾਂ ਥਾਂ ਵਿਕਣ ਲੱਗਦਾ ਹੈ। ਖ਼ੁਦ ਨੂੰ ਖ਼ੁਦਾ ਸਮਝਣ ਵਾਲੇ ਲੋਕਾਂ ਕੋਲ ਸਭ ਕੁਝ ਹੁੰਦਾ ਹੈ, ਪਰ ਦਿਲ ਨਹੀਂ ਹੁੰਦਾ। ਦਿਲੋਂ ਬੋਲਣਾ ਤੇ ਲਿਖਣਾ ਅੱਜ ਦਾ ਰਿਵਾਜ ਨਹੀਂ। ਦਿਲ ਨਾ ਹੋਵੇ ਤਾਂ ਸੁਪਨੇ, ਸਿਧਾਂਤ ਤੇ ਸਟੇਟਾਂ ਧੜਕਦੇ ਨਹੀਂ। ਸਿਰਫ਼ ਖ਼ਾਨਾਪੂਰਤੀ ਕਰਦੇ ਹਨ।

ਦਿਲ ਪਤਾ ਨਹੀਂ ਕਿਉਂ ਦਿਲਗੀਰ ਨਹੀਂ ਹੁੰਦਾ

ਪੂਰਨ ਪੁੱਤ ਪੰਜਾਬ ਦਾ ਹੁਣ ਫ਼ਕੀਰ ਨਹੀਂ ਹੁੰਦਾ

ਜਿਸ ਦੇ ਲਹੂ ਵਿਚੋਂ ਜੋਸ਼ ਤੇ ਜਜ਼ਬਾ ਮੁੱਕ ਜਾਵੇ

ਉਸ ਮਿੱਟੀ ਵਿਚੋਂ ਉਤਪੰਨ ਸੂਰਬੀਰ ਨਹੀਂ ਹੁੰਦਾ

ਉਹ ਅਸਥਾਨ ਨਿਰੇ ਸੰਗਮਰਮਰੀ ਰਹਿ ਜਾਂਦੇ

ਜਿਨ੍ਹਾਂ ਦੀਆਂ ਨੀਂਹਾਂ ਵਿੱਚ ਮੀਆਂ ਮੀਰ ਨਹੀਂ ਹੁੰਦਾ

ਖ਼ਾਨਾਪੂਰਤੀਆਂ ਖ਼ੁਆਬਾਂ ਨੂੰ ਜੀਊਂਦੇ ਨਹੀਂ ਰਹਿਣ ਦਿੰਦੀਆਂ। ਖ਼ੁਆਬ ਨਾ ਹੋਣ ਤਾਂ ਵਿਧੀਆਂ ਤੇ ਵਿਧਾਨ ਨਿੱਤ ਦਾ ਕੰਮ ਬਣ ਜਾਂਦੇ ਹਨ। ਗਹਿਰੀਆਂ ਤੇ ਗੁੱਝੀਆਂ ਬਾਤਾਂ ਪਾਉਣ ਵਾਲੇ ਦਿਲਾਂ ਦੀਆਂ ਨਾੜਾਂ ਜਾਮ ਹੋ ਜਾਂਦੀਆਂ ਹਨ। ਇੱਕ ਦਿਨ ਲੋਰ ਵਿੱਚ ਆਏ ਵੱਡੇ ਵਿਦਵਾਨ ਨੂੰ ਮੈਂ ਪੁੱਛ ਬੈਠਾ ਕਿ ਵੱਡੇ ਪੁਰਸਕਾਰ ਕਿਵੇਂ ਮਿਲਦੇ ਹਨ। ਉਸ ਨੇ ਪੁਰਸਕਾਰ ਮਿਲਣ ਦੇ ਵਿਧੀ ਵਿਧਾਨ ਬਾਰੇ ਲੰਬਾ ਚੌੜਾ ਵਿਖਿਆਨ ਕੀਤਾ। ਵਿਖਿਆਨ ਸੁਣ ਕੇ ਮੈਂ ਕਿਹਾ ਕਿ ਇਸ ਪ੍ਰਕਾਰ ਤਾਂ ਕਿਸੇ ਵੀ ਸਹੀ ਰਚਨਾ ਨੂੰ ਇਨਾਮ ਨਹੀਂ ਮਿਲ ਸਕਦਾ, ਸ਼ਰੀਫ਼ ਤੇ ਸਾਊ ਬੰਦਾ ਏਨਾ ਤਰੱਦਦ ਕਿੱਥੋਂ ਕਰੇਗਾ? ਵਿਦਵਾਨ ਹਲਕਾ ਮੁਸਕਰਾਇਆ ਤੇ ਬੋਲਿਆ, ਜਿਨ੍ਹਾਂ ਨੂੰ ਇਨਾਮ ਮਿਲਦੇ ਨੇ ਉਹ ਸਭ ਵਿਧੀ ਵਿਧਾਨ ਜਾਣਦੇ ਨੇ। ਵਿਧੀਆਂ ਵਿਧਾਨ ਬਣਾਏ ਇਸ ਤਰੀਕੇ ਜਾਂਦੇ ਨੇ ਕਿ ਇਹ ਆਮ ਬੰਦਿਆਂ ਦੀ ਪਹੁੰਚ ਤੇ ਪਕੜ ਵਿਚ ਨਾ ਰਹਿਣ।

ਵਿਧੀਆਂ ਵਿਧਾਨ ਵਿਵਸਥਾ ਨੂੰ ਨਿਰਜਿੰਦ ਕਰ ਦਿੰਦੇ ਹਨ। ਬਾਰੀਂ ਕੋਹੀਂ ਵੀ ਦੀਵਾ ਜਗਦਾ ਨਜ਼ਰ ਨਹੀਂ ਆਉਂਦਾ। ਨਿਆਂ, ਕਾਨੂੰਨ, ਸੁਰੱਖਿਆ, ਸਿੱਖਿਆ, ਸਿਹਤ ਤੇ ਸੁਪਨੇ ਵਿਧੀਆਂ ਵਿਧਾਨਾਂ ਦੇ ਕਾਰੋਬਾਰੀ ਮਨਸੂਬਿਆਂ ਦੇ ਗ਼ੁਲਾਮ ਬਣ ਜਾਂਦੇ ਹਨ। ਕੁਸਕਦੇ ਹਨ ਪਰ ਬੋਲ ਨਹੀਂ ਸਕਦੇ। ਤਕੜਿਆਂ ਦਾ ਸੱਤੀਂ ਵੀਹੀਂ ਸੌ ਹਮੇਸ਼ਾ ਹੁੰਦਾ ਹੈ ਪਰ ਅਜੋਕੇ ਦੌਰ ਵਿੱਚ ਇਸ ਦਾ ਰੂਪ ਤੇ ਰਵੱਈਆ ਤਾਨਾਸ਼ਾਹ ਹੋ ਗਿਆ ਹੈ। ਇਹ ਦੌਰ ਤਨ ਤੇ ਤਕਨੀਕ ਦੀ ਪ੍ਰਭੂਤਾ ਦਾ ਦੌਰ ਹੈ। ਛੁਪੇ ਰਹਿਣ ਦੀ ਚਾਹ ਚੂਰ ਚੂਰ ਹੋ ਗਈ ਹੈ। ਗ਼ਲਤ ਮੁੱਲਾਂ ਤੇ ਮਾਨਤਾਵਾਂ ਨੂੰ ਧੱਕੇ ਨਾਲ ਵੇਚਣ ਦਾ ਵਣਜ ਅਜੋਕੇ ਸਮੇਂ ਦਾ ਮਨਭਾਉਂਦਾ ਵਰਤਾਰਾ ਹੈ। ਹਰ ਧੰਦਾ ਬਦਨਾਮ ਤੇ ਬਦਇਖ਼ਲਾਕ ਹੋ ਗਿਆ ਹੈ। ਤਰ੍ਹਾਂ ਤਰ੍ਹਾਂ ਦੇ ਮਾਫ਼ੀਏ ਉੱਗ ਆਏ ਹਨ। ਮਾਫ਼ੀਏ ਦੇ ਕਾਰੋਬਾਰ ਨੂੰ ਸਿਸਟਮ ਤੇ ਸਿਆਸਤ ਦੀ ਸ਼ਹਿ ਮਿਲਦੀ ਹੈ। ਮਾਫ਼ੀਆ ਵਕਤ ਨੂੰ ਆਪਣੀ ਇੱਛਾ ਅਨੁਸਾਰ ਚਲਾਉਂਦਾ ਹੈ। ਇਸੇ ਕਰਕੇ ਚੈਨਲਾਂ ਉੱਤੇ ਨੰਗੇਜ਼ ਵਿਕਦਾ ਹੈ। ਇਸੇ ਕਰਕੇ ਦਰਿਆਵਾਂ ਦੀ ਰੇਤ ਲਈ ਆਪਸੀ ਖਿੱਚੋਤਾਣ ਚੱਲ ਰਹੀ ਹੈ। ‘‘ਕੂੜੁ ਫਿਰੈ ਪਰਧਾਨੁ ਵੇ ਲਾਲੋ’’ ਵਰਗੇ ਬੇਬਾਕ ਤੇ ਬੁਲੰਦ ਬੋਲ ਬੋਲਣ ਵਾਲਾ ਕੋਈ ਨਹੀਂ। ਬੇਪੀਰ ਹੋ ਗਏ ਇਸ ਜ਼ਮਾਨੇ ਵਿੱਚ ਸੱਚ ਦਾ ਅਕਸ ਗੰਧਲਾ ਹੋ ਗਿਆ। ਫੇਸਬੁੱਕਾਂ, ਵਟਸਐਪਾਂ ਅਤੇ ਯੂ-ਟਿਊਬਾਂ ਦੇ ਮੈਦਾਨ ਵਿੱਚ ਵਿਅਕਤੀਗਤ ਸਰਦਾਰੀਆਂ, ਸ਼ੋਹਰਤਾਂ, ਸਿਆਣਪਾਂ ਤੇ ਸੰਵਾਦ ਜ਼ੋਰ ਜ਼ੋਰ ਨਾਲ ਚੀਕ ਰਹੇ ਹਨ।

ਕੋਈ ਕਿਸੇ ਨੂੰ ਟੋਕਣ ਵਾਲਾ ਨਹੀਂ। ਧਰਮ ਤੇ ਸਿਆਸਤ ਵਿੱਚ ਸਾਦਗੀ ਤੇ ਸਾਫ਼ਗੋਈ ਦੀ ਥਾਂ ਪਹਿਰਾਵਿਆਂ ਤੇ ਪਦਵੀਆਂ ਦਾ ਤਾਨਾਸ਼ਾਹੀ ਬੋਲਬਾਲਾ ਹੈ। ਲੜਾਈਆਂ, ਝਗੜੇ ਤੇ ਵਾਦ-ਵਿਵਾਦ ਮੋਬਾਈਲ ਸਕਰੀਨਾਂ ਉੱਤੇ ਹੋ ਰਹੇ ਹਨ। ਬੰਦਾ ਜ਼ਮੀਨ ਨਾਲੋਂ ਟੁੱਟ ਗਿਆ ਹੈ। ਸਸਤੇ ਤੇ ਸ਼ੋਸ਼ੇਬਾਜ਼ ਲੋਕ ਹਰ ਖੇਤਰ ਵਿੱਚ ਛਾਏ ਹੋਏ ਹਨ। ਪੰਜਾਬ ਦੀ ਚਿੰਤਾ ਵਿਰਲੇ ਵਿਰਲੇ ਕਿਸੇ ਸਾਊ ਨੂੰ ਹੋ ਸਕਦੀ ਹੈ, ਪਰ ਬਹੁਗਿਣਤੀ ਲੋਕ ਉਜੜਨ ਤੇ ਉਜਾੜਨ ਦੀ ਸਿਆਸਤ ਕਰ ਰਹੇ ਹਨ। ਡੰਗ ਟਪਾਊ ਸਿਆਸਤ ਨਾਲ ਵਕਤ ਲੰਘਾਉਣ ਵਾਲੇ ਨੇਤਾਵਾਂ ਨੂੰ ਰੂਹਹੀਣ ਤੇ ਰੇਗਿਸਤਾਨ ਹੋ ਰਹੇ ਪੰਜਾਬ ਨਾਲ ਕੋਈ ਲਗਾਉ ਨਹੀਂ। ਪਾਣੀਆਂ, ਹਵਾਵਾਂ, ਮਿੱਟੀਆਂ ਨਾਲੋਂ ਜ਼ਹਿਰੀਲੀ ਹੋ ਗਈ ਹੈ ਮਨਾਂ ਮਸਤਕਾਂ ਦੀ ਮਿੱਟੀ। ਲੋਕ ਆਪਣੇ ਕਿਰਦਾਰ, ਕਿੱਤੇ ਤੇ ਕਰਮ ਨਾਲੋਂ ਵਫ਼ਾਦਾਰੀਆਂ ਦੇ ਵਣਜ ਨਾਲ ਹਾਲੋਂ ਬੇਹਾਲ ਹੋਏ ਪਏ ਹਨ। ਅੱਜ ਇੱਥੇ ਵਫ਼ਾ ਕੱਲ੍ਹ ਕਿਤੇ ਹੋਰ ਵਫ਼ਾ। ਵਿਅਕਤੀਗਤ ਸੁਆਰਥ ਤੇ ਸ਼ਨਾਖ਼ਤ ਲਈ ਰਾਤੋ ਰਾਤ ਬਦਲਣ ਵਾਲੇ ਲੋਕ ਪੰਜਾਬ ਦੇ ਹਿਤੈਸ਼ੀ ਕਿਵੇਂ ਹੋ ਸਕਦੇ ਹਨ? ਕਿਸੇ ਵੇਲੇ ਗੁੜ ਦੀ ਰੋੜੀ ਇਤਬਾਰ ਦੀ ਸੂਚਕ ਹੁੰਦੀ ਸੀ।

ਇੰਨੇ ਬੇਜ਼ਮੀਰੇ ਸਮਿਆਂ ਵਿੱਚ ਅਸੂਲਾਂ, ਆਦਰਸ਼ਾਂ ਤੇ ਅਕਲਾਂ ਉੱਤੇ ਪਹਿਰਾ ਦੇਣਾ ਔਖਾ ਹੋ ਗਿਆ ਹੈ। ਰੁਤਬੇ ਤੇ ਰਹਿਮਤਾਂ ਵਫ਼ਾਦਾਰਾਂ ਨੂੰ ਮਿਲਦੀਆਂ ਹਨ। ਵਫ਼ਾਦਾਰੀਆਂ ਦੀ ਵੀ ਖ਼ਰੀਦੋ-ਫਰੋਖ਼ਤ ਹੁੰਦੀ ਹੈ। ਵਫ਼ਾਦਾਰੀਆਂ ਵਿਚ ਮੁਕਾਬਲੇਬਾਜ਼ੀ ਹੈ। ਵਫ਼ਾਦਾਰੀਆਂ ਮੁੱਲ ਵਿਕਦੀਆਂ ਹਨ। ਵਫ਼ਾਦਾਰੀਆਂ ਸਿੱਧ ਕਰਨੀਆਂ ਪੈਂਦੀਆਂ ਹਨ। ਵਫ਼ਾਦਾਰੀਆਂ ਦੀ ਗ਼ੁਲਾਮੀ ਅੰਗਰੇਜ਼ਾਂ ਨਾਲੋਂ ਵੀ ਮਾੜੀ। ਅਕਲਾਂ, ਅਸੂਲਾਂ ਤੇ ਆਦਰਸ਼ਾਂ ਅਨੁਕੂਲ ਜੀਵਨ ਜਿਉਣ ਵਾਲੇ ਬਹੁਤੇ ਲੋਕ ਅੰਤ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਮਰ ਮੁੱਕ ਜਾਂਦੇ ਹਨ। ਬਾਕੀ ਬਚੇ ਅਤਿਵਾਦੀ, ਗੈਂਗਸਟਰ, ਨਸ਼ਈ ਤੇ ਨਿਕੰਮੇ ਬਣ ਜਾਂਦੇ ਹਨ। ਅੱਕ ਕੇ ਹੀ ਸਾਡੇ ਬੱਚੇ ਪੰਜਾਬ ਛੱਡ ਕੇ ਪਰਵਾਸ ਕਰ ਰਹੇ ਹਨ। ਪਰਵਾਸ ਸੌਖਾ ਵਰਤਾਰਾ ਨਹੀਂ। ਸ਼ਨਾਖ਼ਤ ਤੇ ਸੁਰਤ ਉਜੜ ਜਾਂਦੀ ਹੈ। ਅਜੋਕੇ ਬੇਲਗਾਮ ਮਾਹੌਲ ਵਿੱਚ ਜਿਊਣਾ ਅਤਿਅੰਤ ਔਖਾ ਹੈ। ਬੰਦਾ ਕੀ ਕਰੇ? ਮਾਹੌਲ ਬੰਦੇ ਨੂੰ ਕੀ ਦਾ ਕੀ ਬਣਾ ਦਿੰਦਾ ਹੈ। ਪ੍ਰਤਿਭਾ ਤੇ ਸੰਘਰਸ਼ ਦੇ ਸੀਤ ਹੋਣ ਨਾਲ ਨਿਰਾਸ਼ਾ ਉਤਪੰਨ ਹੁੰਦੀ ਹੈ ਜਾਂ ਫਿਰ ਤੱਤੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ। ਕੁਝ ਵੀ ਸੁਰੀਲਾ, ਸੋਚਵੰਤ ਤੇ ਸਾਜਿੰਦ ਨਹੀਂ ਰਿਹਾ। ਕਲਮਾਂ ਬੇਹੀਆਂ ਤੇ ਬੇਤਾਲ ਹੋ ਗਈਆਂ ਹਨ। ਕਵੀਆਂ, ਕਲਾਕਾਰਾਂ, ਸੰਗੀਤਕਾਰਾਂ, ਪੱਤਰਕਾਰਾਂ ਤੇ ਬੁੱਧੀਜੀਵੀਆਂ ਵਿੱਚ ਜਾਨ ਤੇ ਜੁੰਬਿਸ਼ ਨਹੀਂ ਰਹੀ। ਹਰ ਕੋਈ ਬਚਦਾ ਬਚਦਾ ਲਿਖਦਾ ਹੈ। ਹਰ ਕੋਈ ਡਰਦਾ ਡਰਦਾ ਬੋਲਦਾ ਹੈ। ਨਾਨਕ ਦੀ ਰਾਹ ’ਤੇ ਕੌਣ ਚੱਲੇ?

ਆਪਣੀ ਜ਼ਹਿਰੀਲੀ ਕਣਕ ਖਾਣ ਦੀ ਥਾਂ ਪੈਸਾ ਖਰਚਣ ਵਾਲੇ ਪੰਜਾਬੀ ਹੁਣ ਮਹਾਂਰਾਸ਼ਟਰ ਦੀ ਮਹਿੰਗੀ ਕਣਕ ਖਾਣ ਲੱਗ ਪਏ ਹਨ। ਆਪਣੀਆਂ ਸਬਜ਼ੀਆਂ ਦੀ ਥਾਂ ਹਿਮਾਚਲ ਦੀਆਂ ਸਬਜ਼ੀਆਂ ਦੀ ਤਰਜੀਹ ਵਧ ਗਈ ਹੈ। ਇਸ ਪ੍ਰਕਾਰ ਦੇ ਵਰਤਾਰੇ ਪੰਜਾਬ ਦੀ ਸਿਰਜਣ ਸ਼ਕਤੀ ਤੇ ਸੰਵੇਦਨਾ ਦੇ ਸੁੰਨ ਤੇ ਅਸਤ ਹੋ ਜਾਣ ਦੀ ਨਿਸ਼ਾਨੀ ਹਨ। ਕਾਰਪੋਰੇਟ ਨੇ ਹਰ ਧੰਦੇ ਨੂੰ ਆਪਣੀ ਚਾਟੇ ਲਾ ਲਿਆ ਹੈ। ਇਸ ਲਈ ਕਿਸਾਨ ਹੁਣ ਅਨਾਜ ਨਹੀਂ ਉਪਜਾਉਂਦਾ ਸਗੋਂ ਮੰਡੀ ਦੀ ਵਸਤੂ ਪੈਦਾ ਕਰਦਾ ਹੈ। ਸਿੱਖਿਆ ਸੰਸਥਾਵਾਂ ਦਾ ਕੰਮ ਪੁਰਜ਼ੇ ਪੈਦਾ ਕਰਨੇ ਰਹਿ ਗਿਆ ਹੈ। ਅੰਦਰੂਨੀ ਸਿਰਜਣਾ ਦੇ ਸ੍ਰੋਤ ਖੀਣ ਹੋ ਰਹੇ ਹਨ। ਹਰ ਕੋਈ ਮੰਡੀ ਦੇ ਅਨੁਕੂਲ ਵਿਚਰ ਰਿਹਾ ਹੈ। ਸਿਆਸਤ ਦੇ ਮਾਡਲ ਬੁੱਚੜ ਤੇ ਬਚਗਾਨੇ ਹੋ ਗਏ ਹਨ। ਜਦੋਂ ਅਨਾਜ ਖਾਣ ਜੋਗ ਨਾ ਰਹੇ, ਜਦੋਂ ਕਿਤਾਬਾਂ ਗ਼ੈਰ-ਮਿਆਰੀ ਤੇ ਮਸ਼ੀਨੀ ਹੋ ਜਾਣ ਉਦੋਂ ਮਾਨਵੀ ਰੂਹਾਂ ਰੇਤਲੀਆਂ ਹੋ ਜਾਂਦੀਆਂ ਹਨ। ਮਾਹੌਲ ਨਸ਼ਈ ਹੋ ਜਾਂਦਾ ਹੈ। ਅੰਮ੍ਰਿਤਸਰ ਸ਼ਹਿਰ ਦਾ ਮਕਬੂਲਪੁਰ ਨਸ਼ੇ ਦੇ ਮਕਬੂਲ ਅੱਡੇ ਵਜੋਂ ਇੱਕ ਦਿਨ ਵਿੱਚ ਪ੍ਰਸਿੱਧ ਨਹੀਂ ਹੋਇਆ। ਲਗਪਗ ਹਰ ਸ਼ਹਿਰ ਵਿੱਚ ਮਕਬੂਲਪੁਰੇ ਹਨ। ਮੇਰੇ ਸ਼ਹਿਰ ਵਿੱਚ ਮਹਿਤਾਬਗੜ੍ਹ ਹੈ। ਮਹਿਤਾਬਗੜ੍ਹ ਦਾ ਵਸਨੀਕ ਅਰਵਿੰਦ ਮੇਰੇ ਘਰ ਹਰ ਮਹੀਨੇ ਟੈਲੀਫੋਨ ਦਾ ਬਿੱਲ ਲੈਣ ਆਉਂਦਾ ਹੈ। ਕਈ ਵਾਰ ਉਸ ਨਾਲ ਬਹਿਸ ਹੋ ਜਾਂਦੀ ਹੈ। ਉਹ ਆਖਦਾ ਹੈ ਕਿ ਸਾਡੇ ਇਲਾਕੇ ਵਿੱਚੋਂ ਨਸ਼ਿਆਂ ਦਾ ਧੰਦਾ ਖ਼ਤਮ ਹੋਣਾ ਮੁਸ਼ਕਲ ਹੈ। ਲੋਕ ਕਹਿੰਦੇ ਨੇ ਇਹ ਧੰਦਾ ਨਾ ਕਰੀਏ ਤਾਂ ਹੋਰ ਕੀ ਕਰੀਏ। ਹੋਰ ਕੋਈ ਬਦਲ ਨਹੀਂ ਹੈ। ਇਸ ਲਈ ਲੋਕ ਨਸ਼ਾ ਵੇਚ ਕੇ ਗੁਜ਼ਾਰਾ ਕਰਦੇ ਹਨ। ਜੇਲ੍ਹ ਕੱਟਦੇ ਹਨ ਤੇ ਫਿਰ ਆ ਕੇ ਉਹੀ ਧੰਦਾ ਸ਼ੁਰੂ ਕਰ ਦਿੰਦੇ ਹਨ। ਅਤਿਅੰਤ ਦਰਦਨਾਕ ਦ੍ਰਿਸ਼ ਹੈ ਪੰਜਾਬ ਦੇ ਮਕਬੂਲਪੁਰਿਆਂ ਦਾ। ਨਸ਼ਾ ਛੁਡਾਊ ਕੇਂਦਰ ਬੇਵੱਸ ਹਨ। ਸਰਵੇਖਣ ਕਾਗ਼ਜ਼ੀ ਹਨ। ਕਲਮਕਾਰ ਤੇ ਕਲਾਕਾਰ ਇਨ੍ਹਾਂ ਅਣਹੋਏ ਤੇ ਅਪਾਹਜ ਲੋਕਾਂ ਤੱਕ ਪਹੁੰਚਦੇ ਨਹੀਂ। ਜਦੋਂ ਬੰਦੇ ਨੂੰ ਸਿਹਤਮੰਦ ਤੇ ਸੁਪਨਸਾਜ਼ ਮਾਹੌਲ ਨਾ ਮਿਲੇ ਤਾਂ ਉਹ ਕੁਝ ਵੀ ਬਣ ਸਕਦਾ ਹੈ। ਸੱਚ ਬਹੁਤ ਕੌੜਾ ਹੈ। ਨਿਪੁੰਸਕ ਤੇ ਨਜ਼ਰ ਵਿਹੂਣੇ ਪੰਜਾਬ ਕੋਲ ਉਜੜਨ ਤੋਂ ਬਿਨਾਂ ਕੋਈ ਰਾਹ ਨਹੀਂ। ਖੁੰਢੇ ਹਥਿਆਰਾਂ ਨਾਲ ਵਕਤ ਨਹੀਂ ਬਦਲਦਾ। ਚੱਲੋ ਅਰਜ਼ੋਈਆਂ ਕਰੀਏ। ਅਰਜ਼ੋਈਆਂ ਕਰਨ ਨਾਲ ਮਨ ਨੂੰ ਸਕੂਨ ਤੇ ਸੰਤੁਸ਼ਟੀ ਮਿਲਦੀ ਹੈ। ਵਕਤ ਭਾਵੇਂ ਬਦਲੇ ਜਾਂ ਨਾ ਬਦਲੇ।

ਖ਼ਾਬਾਂ ਨੂੰ ਅੰਬਰ ਤੇ ਖੰਭਾਂ ਨੂੰ ਪਰਵਾਜ਼ ਮਿਲੇ, ਹਰ ਕਿਸੇ ਨੂੰ ਸੱਚ ਬੋਲਣ ਵਾਲੀ ਆਵਾਜ਼ ਮਿਲੇ।

ਜੋ ਦਿਸ ਰਿਹਾ ਹੈ ਉਹ ਸੱਚੀ-ਮੁੱਚੀ ਦਾ ਪੰਜਾਬ ਨਹੀਂ। ਅਸਲੀ ਪੰਜਾਬ ਮਕਬੂਲਪੁਰਿਆਂ ਵਿੱਚ ਰਹਿੰਦਾ ਹੈ ਜਿਸ ਨੂੰ ਸਿਆਸਤਦਾਨ ਆਪਣੀਆਂ ਫਿਕਸਡ ਵੋਟਾਂ ਕਹਿੰਦੇ ਹਨ। ਚੈਨਲਾਂ ਵਾਲਾ ਪੰਜਾਬ ਮੇਰਾ ਪੰਜਾਬ ਨਹੀਂ। ਮੇਰੇ ਬਾਪ ਕੋਲ ਗੰਡਾਸੀ ਹੁੰਦੀ ਸੀ, ਆਟੋਮੈਟਿਕ ਸਟੇਨਗੰਨ ਨਹੀਂ ਸੀ ਹੁੰਦੀ। ਮੇਰੀਆਂ ਮਾਵਾਂ-ਭੈਣਾਂ ਇਸ ਪ੍ਰਕਾਰ ਨੰਗੇਜ਼ ਨਹੀਂ ਸੀ ਦਿਖਾਉਂਦੀਆਂ। ਸ਼ਰਮ ਹਯਾ ਪਤਾ ਨਹੀਂ ਕਿੱਥੇ ਚਲੀ ਗਈ! ਅੰਤਰਝਾਤ ਮਾਰਨੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All