ਲਾਹੌਰੀ ਦੁੱਖ: ਜ਼ਹਿਰੀਲੀ ਆਬੋ-ਹਵਾ...

ਲਾਹੌਰੀ ਦੁੱਖ: ਜ਼ਹਿਰੀਲੀ ਆਬੋ-ਹਵਾ...

ਵਾਹਗਿਓਂ ਪਾਰ

ਬੋ-ਹਵਾ ਦੇ ਪ੍ਰਦੂਸ਼ਣ ਤੋਂ ਜੇਕਰ ਭਾਰਤੀ ਪੰਜਾਬ ਪੀੜਤ ਹੈ ਤਾਂ ਪਾਕਿਸਤਾਨੀ ਪੰਜਾਬ ਵਿਚ ਵੀ ਸਥਿਤੀ ਬਿਹਤਰ ਨਹੀਂ। ਅੰਗਰੇਜ਼ੀ ਅਖ਼ਬਾਰ ‘ਦਿ ਨੇਸ਼ਨ’ ਦਾ ਸ਼ਨਿੱਚਰਵਾਰ (28 ਨਵੰਬਰ) ਦਾ ਅਦਾਰੀਆ (ਸੰਪਾਦਕੀ) ਇਸ ਸਥਿਤੀ ਨੂੰ ਦੁਖਿਆਰੇ ਲਹਿਜੇ ਨਾਲ ਬਿਆਨ ਕਰਦਾ ਹੈ। ਇਸ ਅਦਾਰੀਏ ਅਨੁਸਾਰ ਲਾਹੌਰ ਵਿਚ ਹਵਾ ਦਾ ਮਿਆਰ ਏਨਾ ਬਦਤਰ ਹੋ ਗਿਆ ਹੈ ਕਿ ਸਾਹ ਲੈਣ ਵਿਚ ਵੀ ਤਕਲੀਫ਼ ਹੁੰਦੀ ਹੈ। ਫ਼ਿਜ਼ਾਈ ਮਾਹਿਰ ਕਹਿੰਦੇ ਸਨ ਕਿ ਮੀਂਹ ਨਾਲ ਹਾਲਤ ਕੁਝ ਸੁਧਰੇਗੀ, ਪਰ ਹੋਇਆ ਉਲਟ। ਮੀਂਹ ਮੱਠਾ ਮੱਠਾ ਪਿਆ ਅਤੇ ਇਸ ਤੋਂ ਬਾਅਦ ਹਵਾ ਵੱਧ ਜ਼ਹਿਰੀਲੀ ਹੋ ਗਈ। ਬਾਗਾਂ ਦੇ ਸ਼ਹਿਰ ਵਜੋਂ ਕਦੇ ਮਸ਼ਹੂਰ ਰਿਹਾ ਲਾਹੌਰ ਹੁਣ ਦੁਨੀਆਂ ਦੇ ਸਭ ਤੋਂ ਵੱਧ ਮਲੀਨ ਸ਼ਹਿਰਾਂ ਵਿਚ ਸ਼ੁਮਾਰ ਹੈ। ਉਂਜ, ਇਕੱਲਾ ਲਾਹੌਰ ਹੀ ਨਹੀਂ, ਪੰਜਾਬ ਦੇ 36 ਜ਼ਿਲ੍ਹਿਆਂ ਵਿਚੋਂ 28 ਲਾਹੌਰ ਵਾਲੀ ਦਸ਼ਾ ਨਾਲ ਜੂਝ ਰਹੇ ਹਨ। ਸੂਬਾ ਸਰਕਾਰ ਥੋੜ੍ਹ-ਚਿਰੇ ਹੱਲਾਂ ਤੋਂ ਵੱਧ ਹੋਰ ਕੁਝ ਨਹੀਂ ਕਰ ਰਹੀ। ਮਰਕਜ਼ੀ (ਕੇਂਦਰੀ) ਸਰਕਾਰ ਉਸ ਤੋਂ ਵੀ ਵੱਧ ਅਵੇਸਲੀ ਹੈ। ਲਿਹਾਜ਼ਾ, ਲਾਹੌਰ ਵੀ ਧੁਆਂਖਿਆ ਜਾ ਰਿਹਾ ਹੈ ਅਤੇ ਪੰਜਾਬ ਦੇ ਹੋਰ ਵੱਡੇ ਸ਼ਹਿਰ ਵੀ।

ਅਦਾਰੀਏ ਮੁਤਾਬਿਕ, ‘‘ਹਵਾ ਤੇ ਫ਼ਿਜ਼ਾ ਦੇ ਗੰਧਲੇਪਣ ਲਈ 45 ਫ਼ੀਸਦੀ ਟਰਾਂਸਪੋਰਟ ਸੈਕਟਰ ਕਸੂਰਵਾਰ ਹੈ। ਇਹ ਅੰਕੜਾ ਗ਼ੈਰ-ਸਰਕਾਰੀ ਨਹੀਂ, ਸਰਕਾਰੀ ਹੈ। ਬਿਜਲੀ ਸੈਕਟਰ ਤੇ ਸਨਅਤੀ ਇਕਾਈਆਂ 20-20 ਫ਼ੀਸਦੀ ‘ਹਿੱਸਾ’ ਪਾ ਰਹੀਆਂ ਹਨ। ਬਾਕੀ 15 ਫ਼ੀਸਦੀ ਲਈ ਪਰਾਲੀ ਦੀਆਂ ਅੱਗਾਂ ਤੇ ਉਸਾਰੀ ਸੈਕਟਰ ਜ਼ਿੰਮੇਵਾਰ ਹਨ। ਸਰਕਾਰਾਂ ਇਨ੍ਹਾਂ ਸੈਕਟਰਾਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਰੋਕਣ ਜਾਂ ਘਟਾਉਣ ਵਾਲੇ ਅਸਰਦਾਰ ਕਦਮ ਚੁੱਕਣ ਲਈ ਤਿਆਰ ਨਹੀਂ। ਉਨ੍ਹਾਂ ਸਾਹਮਣੇ ਪੇਈਚਿੰਗ ਦੀ ਮਿਸਾਲ ਮੌਜੂਦ ਹੈ ਜਿਸ ਦਾ ਲਾਭ ਲਿਆ ਜਾ ਸਕਦਾ ਹੈ। 1998 ਤਕ ਪੇਈਚਿੰਗ ਮਹਾਂਨਗਰ, ਦੁਨੀਆਂ ਦੇ ਮਹਾਂ-ਪ੍ਰਦੂਸ਼ਿਤ ਨਗਰਾਂ ਵਿਚ ਸ਼ੁਮਾਰ ਸੀ। ਇਸ ਤੋਂ ਬਾਅਦ ਇਸ ਸ਼ਹਿਰ ਵਿਚ ਸਫ਼ਾਈ ਮੁਹਿੰਮ ਜਥੇਬੰਦਕ ਢੰਗ ਨਾਲ ਚਲਾਈ ਗਈ। ਕੀ ਇਹੋ ਸਬਕ ਲਾਹੌਰ ’ਤੇ ਨਹੀਂ ਲਾਗੂ ਕੀਤਾ ਜਾ ਸਕਦਾ?

* * *

ਨਵੀਆਂ ਰੈਲੀਆਂ ’ਤੇ ਰੋਕ

ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ 11 ਵਿਰੋਧੀ ਪਾਰਟੀਆਂ ਦੇ ਇਤਿਹਾਦ ‘ਪੀ.ਡੀ.ਐਮ’ (ਪਾਕਿਸਤਾਨ ਜਮਹੂਰੀ ਤਹਿਰੀਕ) ਨੂੰ ਹੋਰ ਰੈਲੀਆਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਇਸਲਾਮਾਬਾਦ ਵਿਚ ਆਪਣੀ ਰਿਹਾਇਸ਼ ’ਤੇ ਆਪਣੇ ਸਲਾਹਕਾਰਾਂ ਨਾਲ ਮੀਟਿੰਗ ਦੌਰਾਨ ਵਜ਼ੀਰੇ ਆਜ਼ਮ ਨੇ ਕਿਹਾ ਕਿ ਮੁਲਕ ਵਿਚ ਕੋਵਿਡ-19 ਪੂਰੀ ਸ਼ਿੱਦਤ ਨਾਲ ਪਰਤ ਆਇਆ। ਇਕ ਹਫ਼ਤੇ ਤੋਂ ਰੋਜ਼ਾਨਾ ਤਿੰਨ ਹਜ਼ਾਰ ਤੋਂ ਵੱਧ ਨਵੇਂ ਕੇਸ ਆ ਰਹੇ ਹਨ ਅਤੇ 50 ਤੋਂ ਵੱਧ ਮੌਤਾਂ ਹਰ ਰੋਜ਼ ਹੋ ਰਹੀਆਂ ਹਨ। ਅਜਿਹੀ ਸੂਰਤ ਵਿਚ ਭੀੜਾਂ ਜੁਟਾਉਣ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ।

ਜ਼ਿਕਰਯੋਗ ਹੈ ਕਿ ਗਿਆਰਾਂ ਵਿਰੋਧੀ ਪਾਰਟੀਆਂ ਦੀ ਸਾਂਝੀ ਤਹਿਰੀਕ ਹੁਣ ਤਕ ਗੁੱਜਰਾਂਵਾਲਾ, ਕਰਾਚੀ, ਕੋਇਟਾ ਤੇ ਪਿਸ਼ਾਵਰ ਵਿਚ ਚਾਰ ਕਾਮਯਾਬ ਰੈਲੀਆਂ ਕਰ ਚੁੱਕੀ ਹੈ। ਪੰਜਵੀਂ ਰੈਲੀ 30 ਨਵੰਬਰ ਨੂੰ ਮੁਲਤਾਨ ਅਤੇ ਉਸ ਤੋਂ ਅਗਲੀ 13 ਦਸੰਬਰ ਨੂੰ ਲਾਹੌਰ ਵਿਚ ਕੀਤੀ ਜਾਣੀ ਹੈ। ਇਮਰਾਨ ਨੇ ਕਿਹਾ ਕਿ ਉਹ ਵਿਰੋਧੀ ਧਿਰ ਵੱਲੋਂ ਵਿਰੋਧ ਪ੍ਰਗਟਾਵੇ ਦੇ ਖ਼ਿਲਾਫ਼ ਨਹੀਂ, ਪਰ ਸਿਆਸੀ ਧਿਰਾਂ ਨੂੰ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਅੰਗਰੇਜ਼ੀ ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਿਕ ਇਸੇ ਮੀਟਿੰਗ ਵਿਚ ਵਜ਼ੀਰੇ-ਆਜ਼ਮ ਨੇ ਇਹ ਕਿਆਫ਼ੇ ਖਾਰਿਜ ਕਰ ਦਿੱਤੇ ਕਿ ਪਾਕਿਸਤਾਨ, ਇਜ਼ਰਾਈਲ ਨੂੰ ਮਾਨਤਾ ਦੇਣ ਦੀ ਤਿਆਰੀ ਵਿਚ ਹੈ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਸੰਭਾਵਨਾ ਜਾਂ ਤਜਵੀਜ਼ ਉਨ੍ਹਾਂ ਦੇ ਜ਼ੇਰੇ ਗ਼ੌਰ ਨਹੀਂ ਹੈ।

* * *

ਇਜ਼ਰਾਈਲ ਦੂਰ ਅਸਤ?

ਵਜ਼ੀਰੇ ਆਜ਼ਮ ਇਮਰਾਨ ਖ਼ਾਨ ਵੱਲੋਂ ਇਜ਼ਰਾਈਲ ਨਾਲ ਸਫ਼ਾਰਤੀ ਸਬੰਧ ਕਾਇਮ ਕਰਨ ਦੀ ਸੰਭਾਵਨਾ ਰੱਦ ਕੀਤੇ ਜਾਣ ਦੇ ਬਾਵਜੂਦ ਪਾਕਿਸਤਾਨੀ ਫ਼ੌਜ ਦੇ ਕੁਝ ਜਰਨੈਲਾਂ ਵੱਲੋਂ ਸਰਕਾਰ ਉੱਤੇ ਯਹੂਦੀ ਮੁਲਕ ਨਾਲ ਤੁਆਲੁਕਾਤ ਬਣਾਉਣ ਵਾਸਤੇ ਜ਼ੋਰ ਪਾਇਆ ਜਾਣਾ ਜਾਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਜ਼ਰਾਈਲ ਨੂੰ ਭਾਰਤ ਨਾਲ ਆਪਣਾ ਰਿਸ਼ਤਾ, ਖ਼ਾਸ ਕਰਕੇ ਫ਼ੌਜੀ ਖੇਤਰ ਵਿਚ ਸਹਿਯੋਗ ਹੋਰ ਪੀਡਾ ਬਣਾਉਣ ਤੋਂ ਰੋਕਣ ਵਾਸਤੇ ਉਸ ਨਾਲ ਸਿੱਧੀ-ਅਸਿੱਧੀ ਸਾਂਝ ਵਿਕਸਿਤ ਕਰਨੀ ਹੁਣ ਜ਼ਰੂਰੀ ਹੋ ਗਈ ਹੈ। ਦੂਜੇ ਪਾਸੇ ਗ਼ੈਰ-ਫ਼ੌਜੀ ਹਲਕੇ ਉਪਰੋਕਤ ਤਜਵੀਜ਼ ਦਾ ਵਿਰੋਧ ਕਰ ਰਹੇ ਹਨ। ਇਨ੍ਹਾਂ ਹਲਕਿਆਂ ਦੀ ਸੋਚ ਦੀ ਤਰਜਮਾਨੀ ਅੰਗਰੇਜ਼ੀ ਰੋਜ਼ਾਨਾ ‘ਡਾਅਨ’ ਵਿਚ ਪ੍ਰਕਾਸ਼ਿਤ ਬੈਰਿਸਟਰ ਅਸਦ ਰਹੀਮ ਖ਼ਾਨ ਦਾ ਲੇਖ ‘ਇਜ਼ਰਾਈਲ ਦੂਰ ਅਸਤ’ ਕਰਦਾ ਹੈ। ਇਸ ਲੇਖ ਮੁਤਾਬਿਕ ‘‘ਇਜ਼ਰਾਈਲ ਨਾਲ ਰਿਸ਼ਤਾ ਬਣਾਉਣ ਦੀ ਪਹਿਲੀ ਕੋਸ਼ਿਸ਼ 2005 ਵਿਚ ਤਤਕਾਲੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਕੀਤੀ ਸੀ, ਨਿਊਯਾਰਕ ਵਿਚ ਇਜ਼ਰਾਇਲੀ ਪ੍ਰਧਾਨ ਮੰਤਰੀ ਏਰੀਅਲ ਸ਼ੈਰੋਨ ਨਾਲ ਹੱਥ ਮਿਲਾ ਕੇ। ਮੁਸ਼ੱਰਫ ਨੇ ਹੱਥ ਉਸ ਸ਼ਖ਼ਸ ਨਾਲ ਮਿਲਾਏ ਜਿਹੜਾ ਅੰਤਾਂ ਦਾ ਜਾਬਰ ਸੀ। ਜਿਸ ਨੇ ਸ਼ਤੀਲਾ ਤੇ ਸਾਬਰ ਵਿਚ ਯਹੂਦੀ ਜਾਬਰ ਗਰੋਹਾਂ ਰਾਹੀਂ ਔਰਤਾਂ ਤੇ ਬੱਚਿਆਂ ਨੂੰ ਵੱਡੀ ਤਾਦਾਦ ਵਿਚ ਕਤਲ ਕਰਵਾਇਆ। ਜਿਸ ਨੇ ਇਨ੍ਹਾਂ ਮਜ਼ਲੂਮਾਂ ਦੀਆਂ ਲਾਸ਼ਾਂ ਨੂੰ ਵੱਡੇ-ਵੱਡੇ ਟੋਇਆਂ ਵਿਚ ਸੁਟਵਾ ਕੇ ਟੋਏ, ਕੂੜੇ ਨਾਲ ਪੁਰ ਕਰਵਾਏ। ਮੁਸ਼ੱਰਫ ਨੂੰ ਲਗਦਾ ਸੀ ਕਿ ਅਜਿਹੇ ਸ਼ਖ਼ਸ ਨਾਲ ਹੱਥ ਮਿਲਾ ਕੇ ਉਹ ਕਿਸੇ ਭਵਿੱਖੀ ਸਾਂਝ ਦੇ ਦਰ ਖੋਲ੍ਹ ਰਿਹਾ ਹੈ, ਪਰ ਮੁਸ਼ੱਰਫ ਵਾਲੀ ਸੋਚ ਦੇ ਪੈਰੋਕਾਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਾਕਿਸਤਾਨ, ਸੰਯੁਕਤ ਅਰਬ ਅਮੀਰਾਤ (ਯੂਏਈ) ਜਾਂ ਬਹਿਰੀਨ ਦੇ ਰਾਹ ਨਹੀਂ ਤੁਰ ਸਕਦਾ। ਯੂ.ਏ.ਈ., ਬਹਿਰੀਨ, ਸਾਊਦੀ ਅਰਬ ਜਾਂ ਜੌਰਡਨ ਤਾਂ ਇਰਾਨ ਦਾ ਪ੍ਰਭਾਵ ਖੇਤਰ ਸੀਮਤ ਬਣਾਉਣ ਲਈ ਇਜ਼ਰਾਈਲ ਦੇ ਜੋਟੀਦਾਰ ਬਣਦੇ ਜਾ ਰਹੇ ਹਨ, ਪਰ ਪਾਕਿਸਤਾਨ ਨੂੰ ਤਾਂ ਇਰਾਨ ਤੋਂ ਕੋਈ ਖ਼ਤਰਾ ਨਹੀਂ। ਖ਼ਤਰਾ, ਬਲੋਚਿਸਤਾਨ ਨਾਲ ਲੱਗਦੀ ਸਰਹੱਦ ’ਤੇ ਇਜ਼ਰਾਈਲ ਨਾਲ ਜੋਟੀਦਾਰੀ ਦੀ ਸੂਰਤ ਵਿਚ ਉੱਭਰ ਸਕਦਾ ਹੈ। ... ਪਾਕਿਸਤਾਨੀ ਹਾਕਮਾਂ ਨੂੰ ਇਜ਼ਰਾਈਲ ਦੇ ਮਾਮਲੇ ਵਿਚ ਕਾਇਦ-ਇ-ਆਜ਼ਮ ਜਿਨਾਹ ਵਾਲੀ ਪਹੁੰਚ ਅਪਣਾਉਣੀ ਚਾਹੀਦੀ ਹੈ। 1948 ਵਿਚ ਇਜ਼ਰਾਈਲੀ ਨੇਤਾ ਤੇ ਉਸ ਮੁਲਕ ਦੇ ਸੰਸਥਾਪਕ ਡੇਵਿਡ ਬੈੱਨ-ਗੁਰੀਅਨ ਨੇ ਕਾਇਦ ਨੂੰ ਖ਼ਤ ਲਿਖ ਕੇ ਪਾਕਿਸਤਾਨ ਨਾਲ ਸਫ਼ਾਰਤੀ ਸਬੰਧ ਕਾਇਮ ਕਰਨ ਦੀ ਇੱਛਾ ਪ੍ਰਗਟਾਈ ਸੀ। ਕਾਇਦ ਨੇ ਉਸ ਖ਼ਤ ਦਾ ਜਵਾਬ ਨਹੀਂ ਸੀ ਦਿੱਤਾ। ਜਵਾਬ ਦੇਣ ਦੀ ਲੋੜ ਵੀ ਨਹੀਂ ਸੀ। ਕਾਇਦ, ਜ਼ਾਲਮ ਤੇ ਮਜ਼ਲੂਮ ਦਾ ਫ਼ਰਕ ਸਮਝਦਾ ਸੀ ਅਤੇ ਦੋ ਮੁਲਕਾਂ ਦਰਮਿਆਨ ਭੂਗੋਲਿਕ ਫ਼ਾਸਲੇ ਦੀ ਅਹਿਮੀਅਤ ਵੀ ਜਾਣਦਾ ਸੀ। ਉਸ ਦੇ ਵਾਸਤੇ ਇਜ਼ਰਾਈਲ ਨਾ ਇਖ਼ਲਾਕੀ ਤੌਰ ’ਤੇ ਨੇੜੇ ਸੀ ਅਤੇ ਨਾ ਹੀ ਭੂਗੋਲਿਕ ਤੌਰ ’ਤੇ।’’

* * *

ਜ਼ਿੰਦਗੀ ਤਮਾਸ਼ਾ

ਫਿਲਮਸਾਜ਼ ਸਲਾਮਤ ਖੂਸਤ ਦੀ ਫਿਲਮ ‘ਜ਼ਿੰਦਗੀ ਤਮਾਸ਼ਾ’ ਫਰਵਰੀ 2021 ਵਿਚ ਹੋਣ ਵਾਲੇ ਅਕੈਡਮੀ ਐਵਾਰਡਜ਼ (ਔਸਕਰ) ਸਮਾਰੋਹ ਲਈ ਪਾਕਿਸਤਾਨੀ ਐਂਟਰੀ ਵਜੋਂ ਭੇਜੀ ਗਈ ਹੈ। ਇਹ ਐਂਟਰੀ ਬਿਹਤਰੀਨ ਕੌਮਾਂਤਰੀ ਫੀਚਰ ਫਿਲਮ ਵਾਲੇ ਵਰਗ ਲਈ ਹੈ। ਅੰਗਰੇਜ਼ੀ ਰੋਜ਼ਾਨਾ ‘ਦਿ ਨੇਸ਼ਨ’ ਦੀ ਰਿਪੋਰਟ ਅਨੁਸਾਰ ‘ਜ਼ਿੰਦਗੀ ਤਮਾਸ਼ਾ’ ਦਾ ਨਿਰਦੇਸ਼ਨ ਸਲਾਮਤ ਖੂਸਤ ਤੇ ਉਸ ਦੀ ਪਤਨੀ ਕੰਵਲ ਖੂਸਤ ਨੇ ਕੀਤਾ ਹੈ। ਕਹਾਣੀ ਤੇ ਪਟਕਥਾ ਨਿਰਮਲ ਬਾਨੋ ਦੀ ਹੈ। ਫਿਲਮ ਦੇ ਮੁੱਖ ਕਲਾਕਾਰ ਆਰਿਫ਼ ਹੁਸੈਨ, ਈਮਾਨ ਸੁਲੇਮਾਨ, ਸਾਮੀਆ ਮੁਮਤਾਜ਼ ਤੇ ਅਲੀ ਕੁਰੈਸ਼ੀ ਹਨ। ਫਿਲਮ ਪੁਰਾਣੇ ਲਾਹੌਰ ਵਿਚ ਹੋਲੀ ਦੇ ਜਸ਼ਨਾਂ ਨਾਲ ਜੁੜੇ ਘਟਨਾਕ੍ਰਮ ਉੱਤੇ ਕ੍ਰੇਂਦਿਤ ਹੈ। ਇਹ ਪਰਿਵਾਰਕ ਸਬੰਧਾਂ ਅੰਦਰਲੀਆਂ ਨਜ਼ਦੀਕੀਆਂ ਤੇ ਦੂਰੀਆਂ ਨੂੰ ਬੜੀ ਨਫ਼ਾਸਤ ਨਾਲ ਪੇਸ਼ ਕਰਦੀ ਹੈ। ਫਿਲਮ ਇਹ ਵੀ ਦਰਸਾਉਂਦੀ ਹੈ ਕਿ ਲਾਹੌਰੀ ਸਭਿਆਚਾਰ ਵਿਚ ਹਿੰਦੂ ਤੀਜ-ਤਿਉਹਾਰਾਂ ਪ੍ਰਤੀ ਮੋਹ ਅਜੇ ਵੀ ਨਿਹਿਤ ਹੈ ਅਤੇ ਇਹੋ ਮੋਹ ਇਸ ਸਭਿਆਚਾਰ ਨੂੰ ਨਿਵੇਕਲਾ ਬਣਾਉਂਦਾ ਹੈ। ਫਿਲਮ ਦੀ ਚੋਣ ਕਰਨ ਵਾਲੀ ਜਿਊਰੀ ਦੀ ਮੁਖੀ ਔਸਕਰ ਤੇ ਐਮੀ ਐਵਾਰਡ ਜੇਤੂ ਫਿਲਮਸਾਜ਼ ਸ਼ਰਮੀਨ ਉਬੈਦ ਚਿਨੌਇ ਸੀ। ਉਸ ਨੂੰ ਯਕੀਨ ਹੈ ਕਿ ਇਹ ਫਿਲਮ, ਪਾਕਿਸਤਾਨ ਬਾਰੇ ਕਈ ਭਰਮ-ਭੁਲੇਖੇ ਤੇ ਗ਼ਲਤਫਹਿਮੀਆਂ ਦੂਰ ਕਰੇਗੀ।

- ਪੰਜਾਬੀ ਟ੍ਰਿਬਿਊਨ ਫੀਚਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ਼ਹਿਰ

View All