ਡਾ. ਨਿਵੇਦਿਤਾ ਸਿੰਘ*
ਜਲੰਧਰ ਸ਼ਹਿਰ ਦੇ ਦੇਵੀ ਤਲਾਬ ਮੰਦਿਰ ਦੇ ਖੁੱਲ੍ਹੇ ਵਿਹੜੇ ਵਿੱਚ ਦਸੰਬਰ ਮਹੀਨੇ ਦੇ ਆਖ਼ਰੀ ਦਿਨਾਂ ਵਿੱਚ ਹੋਣ ਵਾਲੇ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਵਿੱਚ ਸ਼ਾਸਤਰੀ ਗਾਇਨ ਜਾਂ ਵਾਦਨ ਪੇਸ਼ਕਾਰੀ ਕਰਨ ਲਈ ਪੂਰੇ ਭਾਰਤ ਤੋਂ ਕਲਾਕਾਰ ਸ਼ਿਰਕਤ ਕਰਦੇ ਹਨ। 147ਵਾਂ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਕੁਝ ਦਿਨ ਪਹਿਲਾਂ ਸੰਪੰਨ ਹੋ ਚੁੱਕਾ ਹੈ ਜਿਸ ਵਿੱਚ ਭਾਰਤ ਭਰ ਵਿੱਚੋਂ 40 ਤੋਂ ਵੱਧ ਕਲਾਕਾਰਾਂ ਨੇ ਸ਼ਾਸਤਰੀ ਗਾਇਨ ਅਤੇ ਵਾਦਨ ਦੀਆਂ ਪੇਸ਼ਕਾਰੀਆਂ ਦਿੱਤੀਆਂ। ਸੰਨ 1875 ਵਿੱਚ ਪੰਡਿਤ ਤੋਲੋ ਰਾਮ ਨੇ ਆਪਣੇ ਗੁਰੂ, ਸੁਆਮੀ ਹਰਿਵੱਲਭ ਦੀ ਪਹਿਲੀ ਬਰਸੀ ਮੌਕੇ ਇੱਕ ਸੰਗੀਤਕ ਸਭਾ ਦਾ ਆਯੋਜਨ ਕੀਤਾ। ਪੋਹ ਮਹੀਨੇ ਕੀਤੇ ਗਏ ਆਯੋਜਨ ਵਿੱਚ ਧਾਰਮਿਕ ਗੀਤ-ਸੰਗੀਤ ਰਾਹੀਂ ਗੁਰੂ ਨੂੰ ਸ਼ਰਧਾਂਜਲੀ ਅਰਪਣ ਕੀਤੀ ਗਈ ਜੋ ਖ਼ੁਦ ਵੀ ਉੱਘੇ ਧਰੁਪਦ ਗਾਇਕ ਸਨ। ਸੁਆਮੀ ਹਰਿਵੱਲਭ ਦੁਆਰਾ ਰਚਿਆ ਇੱਕ ਗ੍ਰੰਥ ਸੰਗੀਤ ਦਰਪਣ ਵੀ ਪ੍ਰਾਪਤ ਹੁੰਦਾ ਹੈ। ਹੌਲ਼ੀ-ਹੌਲ਼ੀ ਹਰ ਸਾਲ ਇਸੇ ਸ਼ਰਧਾਂਜਲੀ ਸਮਾਗਮ ਵਿੱਚ ਜਲੰਧਰ ਦੇ ਆਸ-ਪਾਸ ਦੇ ਇਲਾਕਿਆਂ ਦੇ ਹੋਰ ਗਾਇਕਾਂ ਨੂੰ ਵੀ ਸੱਦਾ ਦਿੱਤਾ ਜਾਣ ਲੱਗਾ ਤੇ ਭਜਨ, ਭੇਟ, ਸ਼ਬਦ, ਕੱਵਾਲੀ ਦੀ ਪੇਸ਼ਕਾਰੀ ਹੋਣ ਲੱਗੀ। ਪੰਡਿਤ ਤੋਲੋ ਰਾਮ ਆਪ ਪੰਜਾਬ ਅਤੇ ਭਾਰਤ ਦੇ ਕਈ ਹਿੱਸਿਆਂ ਵਿੱਚ ਜਾ ਕੇ ਸੰਗੀਤਕਾਰਾਂ ਨੂੰ ਇਸ ਸਮਾਗਮ ਵਿੱਚ ਗਾਇਨ ਕਰਨ ਲਈ ਪ੍ਰੇਰਿਤ ਕਰਦੇ। ਹੌਲ਼ੀ-ਹੌਲ਼ੀ ਇਹ ਸੰਗੀਤ ਮੇਲਾ ਰਾਗ ਮੇਲਾ ਬਣ ਗਿਆ ਤੇ ਸ਼ਾਸਤਰੀ ਗਾਇਨ ਦੀ ਪ੍ਰਧਾਨਤਾ ਹੋ ਗਈ। ਕਪੂਰਥਲਾ ਰਿਆਸਤ ਦੀ ਰਾਜਸੀ ਸਰਪ੍ਰਸਤੀ ਵੀ ਹਰਿਵੱਲਭ ਸੰਗੀਤ ਸੰਮੇਲਨ ਨੂੰ ਪ੍ਰਾਪਤ ਰਹੀ। ਰਿਆਸਤ ਦੇ ਮਾਲ ਮੰਤਰੀ ਮੀਆਂ ਅਜੀਜ਼ ਬਖ਼ਸ਼ ਬਾਬਾ ਹਰਿਵੱਲਭ ਦੇ ਸ਼ਾਗਿਰਦ ਸਨ।
ਵੀਹਵੀਂ ਸਦੀ ਦੇ ਸ਼ੁਰੂ ਵਿੱਚ ਆਜ਼ਾਦੀ ਦੀ ਲੜਾਈ ਆਪਣੇ ਪੂਰੇ ਜ਼ੋਰ ‘ਤੇ ਸੀ ਅਤੇ ਨਾਲ ਹੀ ਰਾਸ਼ਟਰਵਾਦ ਦੀ ਭਾਵਨਾ ਅਧੀਨ ਰੌਸ਼ਨ ਦਿਮਾਗ਼ ਸ਼ਖ਼ਸੀਅਤਾਂ ਆਪਣੀ ਕਲਾ ਪਰੰਪਰਾ ਅਤੇ ਗਿਆਨ ਪਰੰਪਰਾ ਦੀ ਪੁਨਰ ਸਥਾਪਤੀ ਲਈ ਵੀ ਯਤਨਸ਼ੀਲ ਸਨ। ਵੀਹਵੀਂ ਸਦੀ ਦੇ ਐਨ ਸ਼ੁਰੂ ਸੰਨ 1901 ਵਿੱਚ ਸੰਗੀਤ ਦੇ ਉਧਾਰਕ ਤੇ ਪ੍ਰਚਾਰਕ ਪੰਡਿਤ ਵਿਸ਼ਣੂ ਦਿਗੰਬਰ ਪਲੁਸਕਰ ਨੇ ਗੰਧਰਵ ਮਹਾਂਵਿਦਿਆਲਾ ਦੀ ਸਥਾਪਨਾ ਲਈ ਲਾਹੌਰ ਨੂੰ ਚੁਣਿਆ। ਇਸ ਤੋਂ ਪਹਿਲਾਂ ਜਲੰਧਰ ਵਿਖੇ ਹਰਿਵੱਲਭ ਸੰਗੀਤ ਸੰਮੇਲਨ ਬਾਕਾਇਦਾ ਚੱਲ ਰਿਹਾ ਸੀ ਜਿੱਥੇ ਉਹ 1896 ਵਿੱਚ ਆਏ ਤਾਂ ਉਨ੍ਹਾਂ ਨੂੰ ਇੱਥੋਂ ਦਾ ਮਾਹੌਲ ਬਹੁਤ ਪਸੰਦ ਆਇਆ। ਪੰਡਿਤ ਪਲੁਸਕਰ ਭਾਰਤੀ ਸੰਗੀਤ ਦੇ ਗੁਆਚੇ ਗੌਰਵ ਦੀ ਪੁਨਰ ਸਥਾਪਤੀ ਲਈ ਸੰਘਰਸ਼ਸ਼ੀਲ ਸਨ ਤੇ ਇੱਕ ਮਿਸ਼ਨਰੀ ਦੀ ਤਰ੍ਹਾਂ ਕਾਰਜ ਕਰ ਰਹੇ ਸਨ। ਹਰਿਵੱਲਭ ਸੰਗੀਤ ਸੰਮੇਲਨ ਨੂੰ ਹੋਰ ਪ੍ਰਫੁਲਿਤ ਕਰਨ ਲਈ ਉਨ੍ਹਾਂ ਆਪਣੀਆਂ ਸੰਗੀਤਕ ਯਾਤਰਾਵਾਂ ਦੌਰਾਨ ਸੰਗੀਤਕਾਰਾਂ ਨੂੰ ਇਸ ਵਿੱਚ ਵਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕਰਨ ਦਾ ਕਾਰਜ ਕੀਤਾ। ਆਪ ਅਤੇ ਆਪ ਦੇ ਸ਼ਾਗਿਰਦਾਂ ਨੇ ਕਈ ਵਾਰ ਇਸ ਸੰਮੇਲਨ ਵਿੱਚ ਪੇਸ਼ਕਾਰੀ ਕੀਤੀ। ਕੋਈ ਸਮਾਂ ਸੀ ਕਿ ਪੂਰੇ ਹਿੰਦੋਸਤਾਨ ਵਿੱਚੋਂ ਗਵੱਈਏ ਤੇ ਵਜੱਈਏ ਇੱਥੇ ਆ ਕੇ ਆਪਣੀ ਪੇਸ਼ਕਾਰੀ ਦੇਣ ਵਿੱਚ ਮਾਣ ਮਹਿਸੂਸ ਕਰਦੇ ਸਨ। ਬਾਬਾ ਹਰਿਵੱਲਭ ਦੀ ਸਮਾਧੀ ਉੱਤੇ ਹਾਜ਼ਰੀ ਭਰਨ ਨਾਲ ਸੰਗੀਤਕਾਰ ਵਜੋਂ ਉਨ੍ਹਾਂ ਦਾ ਕੱਦ ਹੋਰ ਵੱਡਾ ਹੋ ਜਾਂਦਾ ਸੀ। ਇਹ ਉਹ ਸਥਿਤੀ ਸੀ ਜਦੋਂ ਬਿਨਾਂ ਮਾਈਕ ਤੋਂ ਹੇਠਾਂ ਪਰਾਲੀ ਵਿਛਾ ਕੇ ਰਜਾਈਆਂ ਲੈ ਕੇ ਬੈਠੇ ਸਰੋਤੇ ਪੋਹ ਦੀਆਂ ਰਾਤਾਂ ਵਿੱਚ ਇਨ੍ਹਾਂ ਕਲਾਕਾਰਾਂ ਨੂੰ ਭਰਵੀਂ ਦਾਦ ਦਿੰਦੇ ਤੇ ਸੰਗੀਤਮਈ ਮਾਹੌਲ ਨੂੰ ਮਘਦਾ ਰੱਖਦੇ।
ਸੰਨ 1929 ਵਿੱਚ ਪਹਿਲੀ ਵਾਰੀ ਇਸ ਵਿੱਚ ਵਾਦਕ ਵੀ ਸ਼ਾਮਲ ਕੀਤੇ ਗਏ ਤੇ ਸ਼ਾਸਤਰੀ ਗਾਇਨ ਤੇ ਵਾਦਨ ਦੋਵੇਂ ਪੇਸ਼ ਹੋਣ ਲੱਗੇ। 1935 ਤੱਕ ਹਰਿਵੱਲਭ ਸੰਗੀਤ ਸੰਮੇਲਨ ਰਾਸ਼ਟਰੀ ਪੱਧਰ ਦੇ ਸੰਮੇਲਨ ਵਜੋਂ ਸਥਾਪਿਤ ਹੋ ਗਿਆ ਸੀ। 1946 ਤੱਕ ਇੱਥੇ ਕੇਵਲ ਪੁਰਸ਼ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਹੀ ਹੋਈਆਂ, ਪਰ ਕਿਰਾਨਾ ਘਰਾਣੇ ਦੀ ਵਿਖਿਆਤ ਗਾਇਕਾ ਸ੍ਰੀਮਤੀ ਹੀਰਾ ਬਾਈ ਬੜੌਦਕਰ ਨੇ ਪਹਿਲੀ ਇਸਤਰੀ ਕਲਾਕਾਰ ਵਜੋਂ ਸ਼ਮੂਲੀਅਤ ਕੀਤੀ। 1953 ਵਿੱਚ ਆਈ.ਪੀ.ਐੱਸ. ਅਫ਼ਸਰ ਅਸ਼ਿਵਨੀ ਕੁਮਾਰ, ਸ੍ਰੀ ਬਾਬਾ ਹਰਿਵੱਲਭ ਮਹਾਂ ਸਭਾ ਦੇ ਪ੍ਰਧਾਨ ਬਣੇ ਅਤੇ ਉਨ੍ਹਾਂ ਦੇ ਅਣਥੱਕ ਯਤਨਾਂ ਸਦਕਾ ਇਸ ਸੰਗੀਤ ਸੰਮੇਲਨ ਨੇ ਆਉਣ ਵਾਲੇ ਸਾਲਾਂ ਵਿੱਚ ਨਵੀਆਂ ਉਚਾਈਆਂ ਨੂੰ ਛੂਹਿਆ। 1980 ਤੋਂ ਬਾਅਦ ਪੰਜਾਬ ਦੇ ਹਾਲਾਤ ਵਿਗੜਨ ਕਾਰਨ ਬਾਹਰੋਂ ਕਲਾਕਾਰਾਂ ਦਾ ਆਉਣਾ ਲਗਭਗ ਬੰਦ ਹੋ ਗਿਆ ਤੇ ਕੁਝ ਸਾਲਾਂ ਲਈ ਸਥਾਨਕ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨਾਲ ਹੀ ਸੰਮੇਲਨ ਬਾਕਾਇਦਾ ਜਾਰੀ ਰਿਹਾ। ਉਪਰੰਤ 1989 ਵਿੱਚ ਉੱਤਰ ਖੇਤਰ ਸਭਿਆਚਾਰਕ ਕੇਂਦਰ (ਐੱਨ.ਜ਼ੈੱਡ.ਸੀ.ਸੀ.) ਨੇ ਹਰਿਵੱਲਭ ਸੰਗੀਤ ਸੰਮੇਲਨ ਨੂੰ ਮੁੜ ਵੱਡੇ ਪੱਧਰ ‘ਤੇ ਸਥਾਪਿਤ ਕੀਤਾ ਤੇ ਇੱਥੋਂ ਦੀ ਰੌਣਕ ਪਰਤ ਆਈ। ਪੰਜਾਬ ਸਰਕਾਰ ਨੇ ਵੀ ਹਰਿਵੱਲਭ ਸੰਗੀਤ ਸੰਮੇਲਨ ਨੂੰ ਸਮੇਂ-ਸਮੇਂ ਸਿਰ ਮਦਦ ਪ੍ਰਦਾਨ ਕੀਤੀ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਭਾਰਤ ਸਰਕਾਰ ਦੇ ਸਭਿਆਚਾਰ ਮੰਤਰਾਲੇ ਅਧੀਨ ਆਉਂਦੀ ਇਸ ਸੰਸਥਾ ਦਾ ਭਰਪੂਰ ਸਹਿਯੋਗ ਹਰਿਵੱਲਭ ਸੰਗੀਤ ਸੰਮੇਲਨ ਦੇ ਆਯੋਜਨ ਵਿੱਚ ਰਹਿੰਦਾ ਹੈ। 1996 ਵਿੱਚ ਭਾਰਤ ਸਰਕਾਰ ਦੇ ਸੈਰ ਸਪਾਟਾ ਵਿਭਾਗ ਵੱਲੋਂ ਇਸ ਸੰਮੇਲਨ ਨੂੰ ਰਾਸ਼ਟਰੀ ਉਤਸਵ ਵਜੋਂ ਪਛਾਣ ਮਿਲੀ। 2013 ਵਿੱਚ ਹਰਿਵੱਲਭ ਸੰਗੀਤ ਸੰਮੇਲਨ ਨੂੰ ਲਿਮਕਾ ਬੁੱਕ ਆਫ ਰਿਕਾਰਡਜ਼ ਵੱਲੋਂ ਭਾਰਤ ਦੇ ਹੁਣ ਤੱਕ ਜਾਰੀ ਸਭ ਤੋਂ ਪੁਰਾਣੇ ਸੰਗੀਤ ਸੰਮੇਲਨ ਵਜੋਂ ਦਰਜ ਕੀਤਾ ਗਿਆ। 1994 ਤੋਂ ਹਰਿਵੱਲਭ ਸੰਗੀਤ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਜਾਣ ਲੱਗਾ ਜਿਸ ਵਿੱਚ ਵੱਖ-ਵੱਖ ਉਮਰ ਦੇ ਪ੍ਰਤੀਯੋਗੀ ਭਾਗ ਲੈਂਦੇ ਹਨ। ਗਾਇਨ ਅਤੇ ਵਾਦਨ ਸ਼੍ਰੇਣੀਆਂ ਦੇ ਪ੍ਰਥਮ ਜੇਤੂਆਂ ਨੂੰ ਅਗਲੇ ਵਰ੍ਹੇ ਹੋਣ ਵਾਲੇ ਸੰਗੀਤ ਸੰਮੇਲਨ ਵਿੱਚ ਹਿੱਸਾ ਲੈਣ ਦਾ ਸੁਭਾਗ ਵੀ ਮਿਲਦਾ ਹੈ।
ਪੰਜਾਬ ਨੂੰ ਮੌਜੂਦਾ ਸਮੇਂ ਦੇ ਇਸ ਸਭ ਨਾਲੋਂ ਪੁਰਾਣੇ ਸ਼ਾਸਤਰੀ ਸੰਗੀਤ ਸੰਮੇਲਨ ਦੀ ਮੇਜ਼ਬਾਨੀ ਕਰਨ ਦਾ ਗੌਰਵ ਹਾਸਲ ਹੈ। ਪੰਜਾਬ ਦੀ ਧਰਤੀ ਉੱਤੇ ਆਯੋਜਿਤ ਹੋਣ ਵਾਲੇ ਇਸ ਮਹਾ ਸੰਮੇਲਨ ਵਿੱਚ ਇਸ ਧਰਤੀ ਦੇ ਕਲਾਕਾਰਾਂ ਦੀ ਹਾਜ਼ਰੀ ਨਾਂ-ਮਾਤਰ ਹੁੰਦੀ ਹੈ ਜਦੋਂਕਿ ਸੁਘੜ ਸ਼ਾਸਤਰੀ ਗਾਇਕਾਂ ਅਤੇ ਵਾਦਕਾਂ ਦੀ ਇੱਥੇ ਕੋਈ ਕਮੀ ਨਹੀਂ। ਪੰਜਾਬ ਵਿੱਚ ਸ਼ਾਸਤਰੀ ਸੰਗੀਤ ਦੇ ਅਨੇਕ ਨਾਮਵਰ ਕਲਾਕਾਰ ਹੋਏ ਹਨ ਜਿਨ੍ਹਾਂ ਨੇ ਪੰਜਾਬ ਵਿੱਚ ਅਤੇ ਬਾਹਰ ਰਹਿ ਕੇ ਵੀ ਸ਼ਾਸਤਰੀ ਸੰਗੀਤ ਪ੍ਰਤੀ ਨਿੱਗਰ ਯੋਗਦਾਨ ਦਿੱਤਾ ਹੈ। ਪੰਜਾਬੀ ਭਾਸ਼ਾਈ ਖ਼ਿਆਲ ਬੰਦਿਸ਼ਾਂ, ਪੰਜਾਬ ਅੰਗ ਦੀ ਠੁਮਰੀ ਅਤੇ ਤਬਲਾਵਾਦਨ ਦੇ ਪੰਜਾਬ ਘਰਾਣੇ ਨੇ ਹਿੰਦੋਸਤਾਨੀ ਸੰਗੀਤ ਨੂੰ ਅਮੀਰੀ ਬਖ਼ਸ਼ੀ ਹੈ। ਇਸ ਦੇ ਨਾਲ ਹੀ ਉਪਸ਼ਾਸਤਰੀ ਸ਼ੈਲੀ ਟੱਪਾ ਦੀਆਂ ਬੰਦਿਸ਼ਾਂ ਨੂੰ ਹਿੰਦੋਸਤਾਨ ਭਰ ਦੇ ਗਵੱਈਏ ਪੰਜਾਬੀ ਭਾਸ਼ਾ ਵਿੱਚ ਹੀ ਗਾਉਂਦੇ ਹਨ। ਪੰਜਾਬ ਵਿੱਚ ਸ਼ਾਸਤਰੀ ਸੰਗੀਤ ਦੇ ਕਈ ਘਰਾਣੇ ਪ੍ਰਫੁਲਿਤ ਹੋਏ ਜਿਵੇਂ ਪਟਿਆਲਾ, ਸ਼ਾਮਚੁਰਾਸੀ, ਤਲਵੰਡੀ, ਹਰਿਆਣਾ, ਫਿਲੌਰ, ਜਾਡਲਾ ਆਦਿ ਅਤੇ ਇਨ੍ਹਾਂ ਦੇ ਪੈਰੋਕਾਰਾਂ ਨੇ ਪੰਜਾਬ ਵਿੱਚ ਸ਼ਾਸਤਰੀ ਸੰਗੀਤ ਦੀ ਪਰੰਪਰਾ ਦੇ ਪ੍ਰਚਾਰ ਅਤੇ ਪਸਾਰ ਵਿੱਚ ਭਰਪੂਰ ਯੋਗਦਾਨ ਪਾਇਆ। ਪਿੱਛੇ ਜਿਹੇ ਪੰਜਾਬ ਦੇ ਦੋ ਬਜ਼ੁਰਗ ਅਤੇ ਵਿਦਵਾਨ ਸੰਗੀਤਕਾਰਾਂ ਪੰਡਿਤ ਭੀਮਸੇਨ ਸ਼ਰਮਾ ਅਤੇ ਪੰਡਿਤ ਸੁਸ਼ੀਲ ਕੁਮਾਰ ਜੈਨ ਦੀ ਚੋਣ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਦੇ ਮੌਕੇ ਸੰਗੀਤ ਨਾਟਕ ਅਕਾਦਮੀ ਵੱਲੋਂ ਆਜੀਵਨ ਯੋਗਦਾਨ ਵਿਸ਼ੇਸ਼ ਪੁਰਸਕਾਰ ਲਈ ਕੀਤੀ ਗਈ ਹੈ ਜੋ ਸਮੁੱਚੇ ਪੰਜਾਬ ਵਾਸੀਆਂ ਲਈ ਫ਼ਖ਼ਰ ਦੀ ਗੱਲ ਹੈ। ਪੰਜਾਬ ਦੀ ਵਰਤਮਾਨ ਪੀੜ੍ਹੀ ਵਿੱਚ ਵੀ ਸ਼ਾਸਤਰੀ ਗਾਇਨ ਅਤੇ ਵਾਦਨ ਨੂੰ ਅੰਗੀਕਾਰ ਕਰਨ ਵਾਲੇ ਕਲਾਕਾਰਾਂ ਦੀ ਕਮੀ ਨਹੀਂ। ਗੁਰਮਤਿ ਸੰਗੀਤ ਪਰੰਪਰਾ ਦਾ ਰਾਗ ਬੱਧ ਵਿਧਾਨ ਪੰਜਾਬ ਵਿੱਚ ਰਾਗਮਈ ਸੰਗੀਤ ਅਤੇ ਪਰੰਪਰਾਗਤ ਸਾਜ਼ਾਂ ਦੇ ਪ੍ਰਚਾਰ ਵਿੱਚ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ। ਬਾਹਰੋਂ ਆਏ ਕਲਾਕਾਰਾਂ ਨੂੰ ਜਿੱਥੇ ਪੰਜਾਬੀ ਚਾਅ ਨਾਲ ਸੁਣਦੇ ਹਨ ਉੱਥੇ ਇਹ ਤਸਵੀਰ ਵਿਖਾਉਣੀ ਵੀ ਜ਼ਰੂਰੀ ਹੈ ਕਿ ਪੰਜਾਬ ਵਿੱਚ ਸ਼ਾਸਤਰੀ ਸੰਗੀਤ ਨੂੰ ਪਰਣਾਏ ਹੋਏ ਕਲਾਕਾਰਾਂ ਦੀ ਵੀ ਕੋਈ ਕਮੀ ਨਹੀਂ। ਇਸ ਨਾਲ ਨਾ ਕੇਵਲ ਇੱਥੋਂ ਦੇ ਕਲਾਕਾਰਾਂ ਨੂੰ ਆਪਣੇ ਹੀ ਘਰ ਵਿੱਚ ਪਛਾਣ ਮਿਲੇਗੀ ਸਗੋਂ ਪੰਜਾਬੋਂ ਬਾਹਰ ਜਾ ਕੇ ਪ੍ਰਦਰਸ਼ਨ ਕਰਨ ਦੇ ਅਵਸਰ ਵੀ ਮਿਲਣਗੇ। ਇਸ ਲਈ ਮਹਾਂ ਸੰਮੇਲਨ ਦੇ ਹਰ ਰੋਜ਼ ਘੱਟੋ-ਘੱਟ ਪੰਜਾਬ ਦੇ ਦੋ ਕਲਾਕਾਰਾਂ ਨੂੰ ਪੇਸ਼ਕਾਰੀ ਦਾ ਅਵਸਰ ਮਿਲਣਾ ਹੀ ਚਾਹੀਦਾ ਹੈ। ਪੰਜਾਬ ਦੇ ਕਲਾਕਾਰਾਂ ਨੂੰ ਮੰਚ ਮਿਲਣਾ ਪਿਛਲੇ ਕੁਝ ਸਾਲਾਂ ਵਿੱਚ ਘਟਿਆ ਹੈ ਜਦੋਂਕਿ ਉਸ ਤੋਂ ਪਹਿਲਾਂ ਦੇ ਸੰਮੇਲਨਾਂ ਵਿੱਚ ਇਨ੍ਹਾਂ ਦੀ ਹਾਜ਼ਰੀ ਕਾਫ਼ੀ ਹੁੰਦੀ ਸੀ। ਵਰਤਮਾਨ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਲਈ ਇਹ ਸਿਲਸਿਲਾ ਜਾਰੀ ਹੀ ਨਹੀਂ ਰਹਿਣਾ ਚਾਹੀਦਾ ਸਗੋਂ ਇਸ ਵਿੱਚ ਵਾਧਾ ਹੋਣਾ ਜ਼ਰੂਰੀ ਹੈ।
ਭਾਵੇਂ ਇਹ ਹੁਣ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦਾ ਮਹਾਂ ਸੰਮੇਲਨ ਬਣ ਗਿਆ ਹੈ ਪਰ ਪੰਜਾਬ ਦੀ ਸਰਜ਼ਮੀਨ ‘ਤੇ ਆਯੋਜਿਤ ਹੋਣ ਕਾਰਨ ਪੰਜਾਬੀ ਜ਼ੁਬਾਨ ਵਿੱਚ ਇਸ ਬਾਰੇ ਸੂਚਨਾ ਤੇ ਕਲਾਕਾਰਾਂ ਦੀ ਜਾਣ-ਪਛਾਣ ਆਦਿ ਕਰਵਾਉਣੀ ਲਾਜ਼ਮੀ ਹੈ ਤਾਂ ਜੋ ਇਹ ਪੰਜਾਬੀਅਤ ਦੀ ਵਿਸ਼ਾਲ ਪਰੰਪਰਾ ਦੀ ਪ੍ਰਤਿਨਿਧਤਾ ਵੀ ਕਰ ਸਕੇ। ਬਾਹਰੋਂ ਆਉਣ ਵਾਲੇ ਕਲਾਕਾਰਾਂ ਨੂੰ ਪੰਜਾਬੀ ਭਾਸ਼ਾਈ ਬੰਦਿਸ਼ਾਂ ਦੀ ਪੇਸ਼ਕਾਰੀ ਕਰਨ ਲਈ ਵੀ ਉਤਸ਼ਾਹਿਤ ਕਰਨ ਦੀ ਲੋੜ ਹੈ ਤਾਂ ਜੋ ਇਹ ਬਿਖਰਿਆ ਜ਼ਖੀਰਾ ਇੱਕਠਾ ਹੋ ਸਕੇ। ਇਸ ਨਾਲ ਪੰਜਾਬੀਆਂ ਨੂੰ ਵੀ ਇਹ ਗਿਆਨ ਹੋਵੇਗਾ ਕਿ ਪੰਜਾਬੀ ਭਾਸ਼ਾਈ ਬੰਦਿਸ਼ਾਂ ਦੀ ਪਰੰਪਰਾ ਕਿੰਨੀ ਵਿਸ਼ਾਲ ਅਤੇ ਵਿਆਪਕ ਹੈ।
ਸਥਾਨਕ ਅਤੇ ਖੇਤਰੀ ਕਲਾਕਾਰਾਂ ਦੀ ਅਣਦੇਖੀ ਸੰਮੇਲਨ ਵਿੱਚ ਸਰੋਤਿਆਂ ਦੀ ਸਾਲ ਦਰ ਸਾਲ ਘਟ ਰਹੀ ਹਾਜ਼ਰੀ ਦਾ ਕਾਰਨ ਵੀ ਬਣਦੀ ਹੈ। ਸੰਮੇਲਨ ਨਾਲ ਜੁੜਨ ਲਈ ਇਨ੍ਹਾਂ ਕਲਾਕਾਰਾਂ ਦੀ ਇਸ ਵਿੱਚ ਕਿਸੇ ਤਰ੍ਹਾਂ ਦੀ ਸ਼ਿਰਕਤ ਲਈ ਮਹਾਂ ਸਭਾ ਨੂੰ ਅਜਿਹੀ ਵਿਵਸਥਾ ਠੋਸ ਰੂਪ ਵਿੱਚ ਲਾਗੂ ਕਰਨ ਦੀ ਜ਼ਰੂਰਤ ਹੈ। ਹਰਿਵੱਲਭ ਸੰਗੀਤ ਸੰਮੇਲਨ ਸਮੁੱਚੇ ਪੰਜਾਬ ਦੀ ਅਮੁੱਲ ਵਿਰਾਸਤ ਹੈ ਅਤੇ ਪੰਜਾਬੀ ਸੰਗੀਤ ਜਗਤ ਦਾ ਇਹ ਮੁਕੱਦਸ ਫ਼ਰਜ਼ ਹੈ ਕਿ ਇਸ ਨੂੰ ਅੱਗੇ ਤੋਰਨ ਵਿੱਚ ਆਪਣਾ ਭਰਪੂਰ ਯੋਗਦਾਨ ਪਾਵੇ। ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਂ ਸਭਾ ਦੇ ਸਮੁੱਚੇ ਪ੍ਰਬੰਧਕ ਬੜੇ ਸਿਰੜ ਨਾਲ ਇਸ ਦੇ ਆਯੋਜਨ ਵਿੱਚ ਯੋਗਦਾਨ ਪਾ ਰਹੇ ਹਨ। ਇਸ ਵਿੱਚ ਲੋਕਾਂ ਦੀ ਸ਼ਮੂਲੀਅਤ ਦੀ ਹੋਰ ਵਧੇਰੇ ਲੋੜ ਹੈ ਤਾਂ ਜੋ ਇਸ ਦੀ ਰੌਣਕ ਵਿੱਚ ਵਾਧਾ ਹੋ ਸਕੇ।
* ਸ਼ਾਸਤਰੀ ਗਾਇਕਾ, ਪ੍ਰੋਫ਼ੈਸਰ, ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੰਪਰਕ: 98885-15059