ਹਰਦਿਆਲ ਸਿੰਘ ਥੂਹੀ
ਪੁਰਾਣੀ ਪੀੜ੍ਹੀ ਦੇ ਢਾਡੀਆਂ ਵਿਚੋਂ ਹੀ ਇਕ ਉੱਘਾ ਨਾਂ ਹੈ ਕਿਰਪਾ ਸਿੰਘ ਹਸਨਪੁਰ। ਇਹ ਪਰਵਾਰਿਕ ਜਥਾ ਸੀ, ਜਿਸ ਵਿਚ ਸਕੇ ਭਰਾ ਸ਼ਾਮਲ ਸਨ। ਇਨ੍ਹਾਂ ਦੇ ਹੀ ਪਿੰਡ ਦਾ ਇਕ ਨਾਮੀ ਢਾਡੀ ਹੋਇਆ ਹੈ, ਪਰਤਾਪਾ ਹਸਨਪੁਰੀਆ, ਜਿਸਦੀ ਰਾਜ ਦਰਬਾਰਾਂ ਤਕ ਪਹੁੰਚ ਸੀ।
ਕਿਰਪਾ ਸਿੰਘ ਦਾ ਜਨਮ ਪਿਤਾ ਰੂੜਾ ਸਿੰਘ ਤੇ ਮਾਤਾ ਹਰ ਕੁਰ ਦੇ ਘਰ 1915 ਕੁ ਦੇ ਨੇੜੇ ਤੇੜੇ ਜ਼ਿਲ੍ਹਾ ਮਾਨਸਾ ਦੀ ਤਹਿਸੀਲ ਬੁਢਲਾਢਾ ਦੇ ਨੇੜਲੇ ਪਿੰਡ ਹਸਨਪੁਰ ਵਿਖੇ ਮਜ੍ਹਬੀ ਸਿੱਖ ਪਰਿਵਾਰ ਵਿਚ ਹੋਇਆ। ਇਹ ਸੱਤ ਭਰਾ ਸਨ, ਚਾਰ ਉਸ ਤੋਂ ਵੱਡੇ ਅਤੇ ਦੋ ਛੋਟੇ। ਕਿਰਪਾ ਸਿੰਘ ਨੂੰ ਕੋਈ ਰਸਮੀ ਵਿਦਿਆ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਿਆ। ਸਾਰੇ ਭਰਾਵਾਂ ਦਾ ਬਚਪਨ ਨਿਮਨ ਪਰਿਵਾਰਾਂ ਦੇ ਆਮ ਪੇਂਡੂ ਬੱਚਿਆਂ ਵਾਂਗ ਤੰਗੀਆਂ ਤੁਰਸ਼ੀਆਂ ਵਿਚ ਹੀ ਬੀਤਿਆ। ਪਿੰਡ ਦਾ ਢਾਡੀ ਪਰਤਾਪ ਸਿੰਘ ਮੰਨਿਆ ਪਰਮੰਨਿਆ ਢਾਡੀ ਸੀ। ਉਸ ਦੀ ਦੇਖਾ ਦੇਖੀ ਕਿਰਪਾ ਸਿੰਘ ਹੁਰਾਂ ਦਾ ਪਿਤਾ ਰੂੜਾ ਸਿੰਘ ਵੀ ਬਾਹਰ ਖੇਤਾਂ ਵਿਚ ਕੰਮ ਕਾਰ ਕਰਦਾ ਉੱਚੀਆਂ ਲੰਮੀਆਂ ਹੇਕਾਂ ਲਾ ਕੇ ਕਲੀਆਂ ਲਾਉਂਦਾ ਰਹਿੰਦਾ। ਕੁਦਰਤੀ ਆਵਾਜ਼ ਚੰਗੀ ਸੀ। ਇਸ ਦਾ ਪ੍ਰਭਾਵ ਉਸ ਦੇ ਮੁੰਡਿਆਂ ’ਤੇ ਵੀ ਪਿਆ। ਚੜ੍ਹਦੀ ਉਮਰ ਵਿਚ ਕਿਰਪੇ ਤੋਂ ਵੱਡੇ ਕਰਤਾਰ ਨੇ ਸਾਰੰਗੀ ਵਜਾਉਣੀ ਸਿੱਖ ਲਈ ਅਤੇ ਕਾਫ਼ੀ ‘ਗੌਣ’ ਵੀ ਕੰਠ ਕਰ ਲਿਆ। ਉਸ ਦੀ ਰੀਸ ਕਿਰਪਾ ਸਿੰਘ ਨੇ ਢੱਡ ਵਜਾਉਣੀ ਸਿੱਖ ਲਈ। ਦਿਨੇ ਕੰਮ ਕਾਰ ਕਰਦੇ ਤੇ ਰਾਤ ਨੂੰ ਵਿਹਲੇ ਹੋ ਕੇ ਸਾਰੇ ਭਰਾ ਗਾਉਣ ਦਾ ਅਭਿਆਸ ਕਰਦੇ। ਇਸ ਤਰ੍ਹਾਂ ਜਲਦੀ ਹੀ ਕਿਰਪਾ ਸਿੰਘ ਨੇ ਆਗੂ ਢਾਡੀ ਵਜੋਂ ਕਮਾਨ ਸੰਭਾਲ ਲਈ। ਕਰਤਾਰ ਸਿੰਘ ਸਾਜ਼ੀ ਅਤੇ ਸਾਰਿਆਂ ਤੋਂ ਛੋਟਾ ਭਰਾ ਮਹਿੰਦਰ ਸਿੰਘ ਪਾਛੂ ਢਾਡੀ ਬਣ ਗਏ। ਮਹਿੰਦਰ ਸਿੰਘ ਨੇ ਕੁਝ ਸਾਲ ਭਾਰਤੀ ਫ਼ੌਜ ਵਿਚ ਨੌਕਰੀ ਕੀਤੀ। ਇੱਥੇ ਉਸ ਨੇ ਬਤੌਰ ਬਿਗਲਰ (ਬਿਗਲ ਵਜਾਉਣ ਵਾਲਾ) ਸੇਵਾ ਵੀ ਕੀਤੀ। ਫ਼ੌਜ ਵਿਚੋਂ ਆ ਕੇ ਉਸ ਨੇ ਫੇਰ ਆਪਣੇ ਭਰਾਵਾਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ।
ਕਿਰਪਾ ਸਿੰਘ ਵੀ ਆਮ ਢਾਡੀਆਂ ਵਾਂਗ ਹੀਰ, ਮਲਕੀ, ਮਿਰਜ਼ਾ, ਪੂਰਨ, ਕੌਲਾਂ, ਦੁੱਲਾ ਆਦਿ ਲੋਕ ਗਾਥਾਵਾਂ ਗਾਉਂਦੇ ਸਨ। ਇਹ ਵੱਖ ਵੱਖ ਕਵੀਆਂ ਦੀਆਂ ਲਿਖੀਆਂ ਹੋਈਆਂ ਹਨ। ‘ਹੀਰ’ ਉਹ ਹਜ਼ੂਰਾ ਸਿੰਘ ਬੁਟਾਹਰੀ ਵਾਲੇ ਦੀ ਤੇ ‘ਪੂਰਨ’ ਕਰਮ ਸਿੰਘ ਟੂਸਿਆਂ ਵਾਲੇ ਦਾ ਗਾਉਂਦੇ ਸਨ। ‘ਕੌਲਾਂ’ ਇਨ੍ਹਾਂ ਦਾ ਪ੍ਰਮੁੱਖ ਗਾਉਣ ਸੀ। ਜ਼ਿਆਦਾਤਰ ਸਰੋਤੇ ਇਨ੍ਹਾਂ ਤੋਂ ਕੌਲਾਂ ਦਾ ‘ਗੌਣ’ ਸੁਣਦੇ ਸਨ। ‘ਕੌਲਾਂ’ ਵੀ ਕਰਮ ਸਿੰਘ ਟੂਸਿਆਂ ਵਾਲੇ ਵੀ ਲਿਖੀ ਹੋਈ ਹੈ। ਕਿਰਪਾ ਸਿੰਘ ਹੁਰੀਂ ਜਰਗ, ਛਪਾਰ, ਮਾਘੀ ਮੁਕਤਸਰ, ਰੋਸ਼ਨੀ ਜਗਰਾਵਾਂ, ਦੁਸਹਿਰਾ ਸੰਗਰੂਰ, ਜੈਤੋਂ ਮੰਡੀ ’ਤੇ ਲੱਗਦੇ ਅਖਾੜਿਆਂ ਤੋਂ ਇਲਾਵਾ ਕਪਾਲ, ਮੋਚਨ, ਪਹੋਏ, ਨੈਣਾ ਦੇਵੀ ਆਦਿ ਮੇਲਿਆਂ ’ਤੇ ਵੀ ਹਾਜ਼ਰੀ ਲੁਆਉਂਦੇ ਸਨ। ਇਨ੍ਹਾਂ ਤੋਂ ਇਲਾਵਾ ਫਫੜੇ ਭਾਈ ਕੇ, ਹੀਰੋਂ-ਝਾੜੋਂ, ਖਿਆਲੇ ਆਦਿ ਸਥਾਨਕ ਮੇਲਿਆਂ ’ਤੇ ਅਖਾੜੇ ਲਾਉਂਦੇ ਸਨ। ਮਾਲਵੇ ਦੇ ਨਾਲ ਨਾਲ ਸਾਲ ਵਿਚ ਦੋ ਤਿੰਨ ਗੇੜੇ ਇਨ੍ਹਾਂ ਦੇ ਪੁਆਧ ਵਿਚ ਵੀ ਲੱਗ ਜਾਂਦੇ ਸਨ। ਉਥੋਂ ਦੇ ਸਰੋਤੇ ਵੀ ਇਨ੍ਹਾਂ ਦੀ ਉਡੀਕ ਕਰਦੇ ਰਹਿੰਦੇ ਸਨ।
ਕਿਰਪਾ ਸਿੰਘ ਭਾਵੇਂ ਕੋਰਾ ਅਨਪੜ੍ਹ ਸੀ, ਪਰ ਸੂਝਵਾਨ, ਸਿਆਣਾ ਤੇ ਵਿਦਵਾਨ ਗਵੱਈਆ ਸੀ। ਸਮੇਂ ਦੀ ਨਬਜ਼ ਨੂੰ ਫੜਨਾ ਅਤੇ ਸਰੋਤਿਆਂ ਦੇ ਮਨਾਂ ਵਿਚ ਉਤਰਨਾ ਉਸਨੂੰ ਬਾਖ਼ੂਬੀ ਆਉਂਦਾ ਸੀ। ਉਸ ਦਾ ਵਿਖਿਆਨ ਢੰਗ ਪ੍ਰਭਾਵਸ਼ਾਲੀ ਸੀ। ਕੌਲਾਂ ਗਾਉਣ ਲੱਗਿਆਂ ਉਹ ਸਰੋਤਿਆਂ ਦੀਆਂ ਅੱਖਾਂ ਵਿਚ ਨਮੀ ਲਿਆ ਦਿੰਦਾ ਸੀ। ਬੀਜੇ ਦੀ ਘਰੋਂ ਕੱਢੀ ਕੌਲਾਂ, ਮਹਿਰੀ ਦੀ ਭੱਠੀ ਤੇ ਝੋਕਾ ਝੋਕਦੀ ਹੋਈ ਕਾਫ਼ਲੇ ਵਾਲਿਆਂ ਨੂੰ ਸੁਨੇਹਾ ਦਿੰਦੀ ਇਉਂ ਰੁਦਨ ਕਰਦੀ ਹੈ:
ਮੇਰੇ ਬਾਪ ਨੂੰ ਦੱਸਿਓ ਜਾ ਕੇ ਵੇ,
ਕਰਕੇ ਤੇ ਸੋਚ ਖ਼ਿਆਲ।
ਆਖਿਓ ਭੱਠ ਭਠਿਆਰੇ ਦਾ ਝੋਕਦੀ,
ਬੀਜੇ ਘਰ ਤੇ ਦਿੱਤੀ ਨਿਕਾਲ।
ਮੇਰੇ ਸਾੜ੍ਹ ਸਾੜ੍ਹ ਮਾਰੇ ਕੋਰੜੇ,
ਮਾਰ ਕੀਤੀ ਮੈਂ ਬੁਰੇ ਹਵਾਲ।
ਤੁਹਮਤ ਲੱਗ ਗੀ ਮੇਰੇ ਸੀਸ ’ਤੇ,
ਮੇਰਾ ਹੋ ਗਿਆ ਕੰਮ ਕੁਚਾਲ।
ਕਹਿ ਦਿਓ ਪਹੌੜ ਮੱਲ ਬਾਪ ਨੂੰ,
ਮੱਖੀ ਘਿਉ ਤੋਂ ਦਿੱਤੀ ਮੈਂ ਟਾਲ।
ਅੱਗੇ ਕਿਰਪਾ ਸਿੰਘ ਨੇ ਪ੍ਰਸੰਗ ਵਾਰਤਾ ਦੱਸਣੀ ਕਿ ਓਧਰ ਪਹੌੜ ਮੱਲ ਨੂੰ ਸੁਪਨੇ ਵਿਚ ਕੌਲਾਂ ਦਿਖਾਈ ਦਿੰਦੀ ਹੋਈ ਕਹਿੰਦੀ ਹੈ:
ਖੜ੍ਹਕੇ ਕੌਲਾਂ ਨੇ ਸਿਰਹਾਣੇ ਧਾਹਾਂ ਮਾਰੀਆਂ,
ਕਰ ਸੁਫ਼ਨੇ ਦਾ ਭੇਸ।
ਉਠ ਬਹਿ ਵੇ ਕੌਲਾਂ ਦਿਆ ਬਾਬਲਾ,
ਤਾਣ ਕੇ ਪਿਆ ਕਿਉਂ ਲੰਮਾ ਖੇਸ।
ਆਪ ਸੁੱਤਾ ਤੂੰ ਰੰਗਲੇ ਪਲੰਘ ’ਤੇ
ਭੱਠੀ ’ਤੇ ਪਵਾਂ ਮੈਂ ਹਮੇਸ਼।
ਕੌਲਾਂ ਬੀਜੇ ਨੇ ਘਰੋਂ ਮੈਂ ਕੱਢਤੀ,
ਕੀਤਾ ਬਾਪੂ ਬਹੁਤ ਕਲੇਸ਼।
ਸੋ ਇਸ ਤਰ੍ਹਾਂ ਲੜੀ ਨਾਲ ਲੜੀ ਜੋੜ ਕੇ ਉਹ ਸਾਰੀ ਗਾਥਾ ਅਖ਼ੀਰ ਤਕ ਬਿਆਨ ਕਰਦੇ ਸਨ। ਪਿਛਲੀ ਸਦੀ ਦੇ ਅੱਠਵੇਂ ਦਹਾਕੇ ਤਕ ਇਨ੍ਹਾਂ ਨੇ ਰੱਜ ਕੇ ਗਾਇਆ ਤੇ ਚੰਗਾ ਨਾਮਣਾ ਖੱਟਿਆ। ਕਰਤਾਰ ਸਿੰਘ ਨੂੰ ਕਦੇ ਕਦਾਈਂ ਅਮਰ ਸਿੰਘ ਹਸਨਪੁਰੀਆ ਵੀ ਆਪਣੇ ਨਾਲ ਲੈ ਜਾਂਦਾ ਸੀ। ਨੌਵੇਂ ਦਹਾਕੇ ਦੇ ਵਿਚ ਵਿਚਕਾਰ ਜਿਹੇ ਕਰਤਾਰ ਸਿੰਘ ਦੀ ਮੌਤ ਹੋ ਗਈ। ਉਸ ਤੋਂ ਬਾਅਦ ਕਿਰਪੇ ਹੋਰਾਂ ਨੇ ਵੀ ਗਾਉਣਾ ਛੱਡ ਦਿੱਤਾ। ਤੇਰਾਂ ਜੂਨ 1990 ਨੂੰ ਕਿਰਪਾ ਸਿੰਘ ਇਸ ਫਾਨੀ ਜਹਾਨ ਨੂੰ ਅਲਵਿਦਾ ਕਹਿ ਗਿਆ। ਉਸ ਤੋਂ ਦਸ ਕੁ ਸਾਲ ਬਾਅਦ ਛੋਟਾ ਮਹਿੰਦਰ ਸਿੰਘ ਵੀ ਉਸੇ ਰਸਤੇ ਤੁਰ ਗਿਆ। ਕਰਤਾਰ ਸਿੰਘ ਨੇ ਵਿਆਹ ਨਹੀਂ ਸੀ ਕਰਵਾਇਆ ਤੇ ਸਾਰੀ ਉਮਰ ਢਾਡੀ ਗਾਇਕੀ ਦੇ ਲੇਖੇ ਲਾ ਦਿੱਤੀ। ਕਿਰਪਾ ਸਿੰਘ ਦੇ ਚਾਰ ਪੁੱਤਰਾਂ ਵਿਚੋਂ ਕੋਈ ਵੀ ਉਸ ਵਾਲੀ ਲਾਈਨ ’ਤੇ ਨਾ ਚੱਲ ਸਕਿਆ। ਇਸੇ ਤਰ੍ਹਾਂ ਮਹਿੰਦਰ ਸਿੰਘ ਦੇ ਪੁੱਤਰਾਂ ਵਿਚੋਂ ਵੀ ਕਿਸੇ ਨੇ ਇਸ ਪਾਸੇ ਪੈਰ ਨਹੀਂ ਪਾਇਆ। ਪਰ ਉਸ ਦੇ ਇਕ ਪੁੱਤਰ ਕੋਲ ਪਰਵਾਰਿਕ ਵਿਰਸਾਤ ਵਜੋਂ ਸਾਰੰਗੀ ਜ਼ਰੂਰ ਸਾਂਭੀ ਪਈ ਹੈ। ਕਿਰਪਾ ਸਿੰਘ ਦੇ ਪੋਤਰਿਆਂ ਵਿਚੋਂ ਜਸਵੀਰ ਸਿੰਘ ਪੁੱਤਰ ਲਾਲ ਸਿੰਘ ਭਾਵੇਂ ਢੱਡ ਸਾਰੰਗੀ ਦੀ ਗਾਇਕੀ ਨਾਲ ਤਾਂ ਨਾ ਜੁੜਿਆ, ਪਰ ਉਸ ਨੇ ਸੰਗੀਤ ਨਾਲ ਵਾਹ ਜ਼ਰੂਰ ਪਾਇਆ ਅਤੇ ਚੰਗਾ ਰਾਗੀ ਬਣਿਆ। ਉਸ ਤੋਂ ਕਾਫ਼ੀ ਆਸਾਂ ਸਨ, ਪਰ ਜਵਾਨੀ ਵਿਚ ਹੀ ਉਹ ਰੱਬ ਨੂੰ ਪਿਆਰਾ ਹੋ ਗਿਆ। ਕਿਰਪਾ ਸਿੰਘ ਦਾ ਦੋਹਤਾ ਗੁਰਜੰਟ ਸਿੰਘ ਕੋਮਲ ਵੀ ਅਜੋਕੀ ਗਾਇਕੀ ਨਾਲ ਜੁੜਿਆ। ਉਸ ਨੇ ਅਧਿਆਪਕ ਵਜੋਂ ਵੀ ਸੇਵਾ ਨਿਭਾਈ। ਉਸ ਦੀ ਮੋਗੇ ਵਾਲੀ ਕੰਪਨੀ ਵਿਚ ਕੁਝ ਰਿਕਾਰਡਿੰਗ ਵੀ ਹੋਈ। ਕਿਰਪਾ ਸਿੰਘ ਦਾ ਇਕ ਹੋਰ ਪੋਤਰਾ ਸਰਵਜੀਤ ਸਿੰਘ ਉਰਫ਼ ਸਿੱਧੂ ਹਸਨਪੁਰੀਆ ਪੁੱਤਰ ਜੁਗਰਾਜ ਸਿੰਘ ਵਧੀਆ ਗਾਇਕ ਹੈ। ਉਹ ਲਾਭ ਹੀਰੇ ਦਾ ਸ਼ਾਗਿਰਦ ਹੈ ਅਤੇ ਕਈ ਸਾਲ ਉਸ ਤੋਂ ਸੰਗੀਤ ਦੀ ਸਿੱਖਿਆ ਲਈ ਹੈ। ਉਹ ਪੱਕੇ ਤੌਰ ’ਤੇ ਸੰਗਰੂਰ ਰਹਿ ਰਿਹਾ ਹੈ। ਉਹ ਕਾਫ਼ੀ ਗੀਤ ਰਿਕਾਰਡ ਕਰਵਾ ਚੁੱਕਾ ਹੈ। ਉਸ ਦਾ ਕਹਿਣਾ ਹੈ ਕਿ ਉਹ ਪਰਵਾਰਿਕ ਅਤੇ ਸਮਾਜਿਕ ਗੀਤਾਂ ਨੂੰ ਤਰਜੀਹ ਦਿੰਦਾ ਹੈ।
ਸੰਪਰਕ: 84271-00341