ਖੁਸ਼ਆਮਦੀਦ 2026; ਹਰ ਕਦਮ ਸੋਚ ਸਮਝ ਕੇ ਚੁੱਕਣ ਦੀ ਲੋੜ
ਖੱਟੀਆਂ-ਮਿੱਠੀਆਂ ਯਾਦਾਂ ਦੇ ਨਾਲ ਸਾਲ 2025 ਅਤੀਤ ਦੀ ਬੁੱਕਲ ਵਿੱਚ ਜਾ ਚੁੱਕਾ ਹੈ। ਸਾਲ 2026 ਆਪਣੀ ਪਟਾਰੀ ਵਿੱਚ ਬਹੁਤ ਕੁਝ ਲੈ ਕੇ ਆਇਆ ਹੈ, ਜਿਸ ਦੇ ਦਰਸ਼ਨ ਅਸੀਂ ਆਉਣ ਵਾਲੇ ਦਿਨਾਂ ਵਿੱਚ ਕਰਨੇ ਸ਼ੁਰੂ ਕਰ ਦੇਵਾਂਗੇ। ਬੀਤੇ ਸਾਲ ਪੂਰੀ ਦੁਨੀਆ...
ਖੱਟੀਆਂ-ਮਿੱਠੀਆਂ ਯਾਦਾਂ ਦੇ ਨਾਲ ਸਾਲ 2025 ਅਤੀਤ ਦੀ ਬੁੱਕਲ ਵਿੱਚ ਜਾ ਚੁੱਕਾ ਹੈ। ਸਾਲ 2026 ਆਪਣੀ ਪਟਾਰੀ ਵਿੱਚ ਬਹੁਤ ਕੁਝ ਲੈ ਕੇ ਆਇਆ ਹੈ, ਜਿਸ ਦੇ ਦਰਸ਼ਨ ਅਸੀਂ ਆਉਣ ਵਾਲੇ ਦਿਨਾਂ ਵਿੱਚ ਕਰਨੇ ਸ਼ੁਰੂ ਕਰ ਦੇਵਾਂਗੇ। ਬੀਤੇ ਸਾਲ ਪੂਰੀ ਦੁਨੀਆ ਅੰਦਰ ਯੁੱਗ ਪਲਟਾਊ ਦਾਸਤਾਨਾਂ ਲਿਖੀਆਂ ਗਈਆਂ ਹਨ, ਜਿਸ ਤੋਂ ਬਹੁਤ ਕੌੜੇ ਅਨੁਭਵ ਪ੍ਰਾਪਤ ਹੋਏ ਹਨ। ਵਿਸ਼ਵ ਅੰਦਰ ਨਵੇਂ ਰਾਜਨੀਤਿਕ, ਆਰਥਿਕ ਅਤੇ ਸੱਭਿਆਚਾਰਕ ਨਿਜ਼ਾਮ ਦੀ ਰੂਪਰੇਖਾ ਪੇਸ਼ ਕੀਤੀ ਗਈ ਹੈ। ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਜੇਕਰ 2026 ਵਿੱਚ ਮਾਨਵਤਾ ਪ੍ਰਭਾਵਸ਼ਾਲੀ ਆਗੂਆਂ ਅਤੇ ਰਾਸ਼ਟਰਾਂ ਨੇ ਹਰ ਕਦਮ ਸੋਚ ਸਮਝ ਕੇ ਆਪਸੀ ਸਹਿਮਤੀ ਅਤੇ ਸਰਬ ਸਵੀਕ੍ਰਿਤੀ ਰਾਹੀਂ ਨਾ ਪੁੱਟਿਆ ਤਾਂ ਨਵਾਂ ਸਾਲ ਸਥਾਨਕ ਅਤੇ ਪਰਵਾਸੀ ਲੋਕਾਂ ਦਰਮਿਆਨ ਖੂਨ ਦੀਆਂ ਨਦੀਆਂ ਵਹਾਉਣ ਵਾਲਾ ਅਤੇ ਜ਼ਬਰ ਜ਼ੁਲਮ ਨਾਲ ਭਰਪੂਰ ਦਮਨਕਾਰੀ ਸਾਲ ਸਾਬਤ ਹੋ ਸਕਦਾ ਹੈ।
ਪਰਵਾਸ ਮਨੁੱਖੀ ਜੀਵਨ ਦੇ ਧਰਤੀ ’ਤੇ ਆਗਾਜ਼ ਨਾਲ ਉਸ ਦੇ ਕੁਦਰਤੀ ਸੁਭਾਅ ਦੇ ਅੰਗ ਵਜੋਂ ਪੈਦਾ ਹੋਇਆ ਵਤੀਰਾ ਹੈ। ਵੱਖ-ਵੱਖ ਕਬੀਲਿਆਂ ਵੱਲੋਂ ਵੱਖ-ਵੱਖ ਥਾਵਾਂ ’ਤੇ ਪੱਕੀ ਰਿਹਾਇਸ਼, ਰਾਜ ਅਤੇ ਸ਼ਾਸਨ ਵਿਵਸਥਾ ਦੇ ਨਾਲ ਨਾਲ ਪਰਵਾਸ ਪ੍ਰਕਿਰਿਆ ਜਾਰੀ ਰਹੀ। ਅਜੋਕੇ ਯੁੱਗ ਵਿੱਚ ਜਿੱਥੇ ਹਰ ਦੇਸ਼ ਵਧੀਆ ਦਿਮਾਗ਼, ਹੁਨਰ ਖੋਜ ਅਤੇ ਇਜ਼ਾਦਕਾਰੀ ਜਾਂ ਪ੍ਰਬੰਧਕੀ ਗੁਣ ਰੱਖਣ ਵਾਲੇ ਵਿਅਕਤੀਆਂ ਨੂੰ ਆਪਣੀ ਤਰੱਕੀ, ਖੁਸ਼ਹਾਲੀ ਅਤੇ ਮਜ਼ਬੂਤੀ ਲਈ ਬੁਲਾਉਂਦਾ ਹੈ, ਉਸ ਨੂੰ ਵਧੀਆ ਰੁਜ਼ਗਾਰ ਸਹੂਲਤਾਂ ਪ੍ਰਦਾਨ ਕਰਦਾ ਹੈ, ਉੱਥੇ ਬਹੁਤ ਸਾਰੇ ਰੁਜ਼ਗਾਰ, ਚੰਗੇਰੇ ਜੀਵਨ ਅਤੇ ਆਰਥਿਕ ਭਵਿੱਖ ਲਈ ਲੋਕ ਦੂਸਰੇ ਦੇਸ਼ਾਂ ਵਿੱਚ ਕਾਨੂੰਨੀ ਅਤੇ ਗ਼ੈਰ ਕਾਨੂੰਨੀ ਤੌਰ ’ਤੇ ਜਾਂਦੇ ਹਨ। ਜਦੋਂ ਸਥਾਨਕ ਲੋਕ ਉਨ੍ਹਾਂ ਨੂੰ ਆਪਣੇ ਰੁਜ਼ਗਾਰ ਖੋਹਣ ਵਾਲੇ, ਧਾਰਮਿਕ ਅਤੇ ਸੱਭਿਆਚਾਰਕ ਕੱਟੜਤਾ ਭਰੇ ਵਖਰੇਵਿਆਂ ਵਾਲੇ ਜਾਂ ਰਾਜਨੀਤੀ ਤੋਂ ਪ੍ਰਭਾਵਿਤ ਹੋ ਕੇ ਨਫ਼ਰਤ ਕਰਨਾ ਸ਼ੁਰੂ ਕਰ ਦਿੰਦੇ ਹਨ ਤਾਂ ਸਥਿਤੀਆਂ ਬਹੁਤ ਹੀ ਮਾਰੂ ਅਤੇ ਅਣਸੁਖਾਵੀਆਂ ਹੋ ਜਾਂਦੀਆਂ ਹਨ।
ਵੀਹਵੀਂ ਸਦੀ ਵਿੱਚ ਇਸ ਦੀ ਸਭ ਤੋਂ ਭੈੜੀ ਮਿਸਾਲ ਯੁਗਾਂਡਾ ਵਿੱਚ ਉਦੋਂ ਪੈਦਾ ਹੋਈ ਜਦੋਂ ਉੱਥੋਂ ਦੇ ਤਤਕਾਲੀ ਰਾਸ਼ਟਰਪਤੀ ਈਦੀ ਅਮੀਨ ਸਾਰੇ ਏਸ਼ਿਆਈ ਲੋਕਾਂ ਨੂੰ ਦੇਸ਼ ਨਿਕਾਲਾ ਦੇ ਦਿੰਦਾ ਹੈ। ਨਤੀਜਾ ਇਹ ਨਿਕਲਿਆ ਕਿ ਯੁਗਾਂਡਾ ਦੀ ਅਰਥਵਿਵਸਥਾ ਢਹਿ ਢੇਰੀ ਹੋ ਗਈ। 21 ਜਨਵਰੀ 2025 ਨੂੰ ਦੂਸਰੀ ਵਾਰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਬਾਅਦ ਡੋਨਾਲਡ ਟਰੰਪ ਵੀ ਪਰਵਾਸੀਆਂ ਨੂੰ ਜਾਨਵਰਾਂ ਤੋਂ ਵੀ ਬਦਤਰ ਢੰਗ ਨਾਲ ਹੱਥਾਂ ਪੈਰਾਂ ਨੂੰ ਬੇੜੀਆਂ ਲਗਾ ਕੇ ਦੇਸ਼ ਨਿਕਾਲਾ ਦੇ ਰਿਹਾ ਹੈ। ਹਾਲਾਂਕਿ 80 ਪ੍ਰਤੀਸ਼ਤ ਅਮਰੀਕੀ ਇਸ ਵਿਰੁੱਧ ਹਨ ਕਿਉਂਕਿ ਉਨ੍ਹਾਂ ਦੀ ਅਰਥ ਵਿਵਸਥਾ ਲਗਾਤਾਰ ਢਹਿ ਢੇਰੀ ਹੋ ਰਹੀ ਹੈ। 1930 ਵਾਂਗ ਕਰੀਬ 15 ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ਵਿੱਚ ਵੜਨ ਤੋਂ ਮਨ੍ਹਾਂ ਕਰ ਦਿੱਤਾ ਹੈ। ਇਹੋ ਵਿਵਸਥਾ ਬ੍ਰਿਟੇਨ, ਜਰਮਨੀ, ਫਰਾਂਸ, ਇਟਲੀ ਅਤੇ ਹੋਰ ਯੂਰਪੀਅਨ ਦੇਸ਼ਾਂ ਵਿੱਚ ਫੈਲ ਚੁੱਕੀ ਹੈ। ਹੁਣ ਤਾਂ ਏਸ਼ਿਆਈ ਦੇਸ਼ਾਂ ਜਿਵੇਂ ਮਲੇਸ਼ੀਆ, ਥਾਈਲੈਂਡ, ਫਿਲੀਪੀਨਜ਼, ਕੋਰੀਆ ਆਦਿ ਵਿੱਚੋਂ ਪਰਵਾਸੀ ਬਾਹਰ ਕੱਢੇ ਜਾ ਰਹੇ ਹਨ।
ਇਸੇ ਦੌਰਾਨ ਨਿਊਜ਼ੀਲੈਂਡ ਵਿੱਚ ਸਥਾਨਕ ਮੌਰੀ ਜਾਤੀ ਦੇ ਲੋਕਾਂ ਵੱਲੋਂ ਸਿੱਖ ਭਾਈਚਾਰੇ ਨਾਲ ਸਬੰਧਿਤ ਨਗਰ ਕੀਰਤਨ ਆਕਲੈਂਡ ਵਿੱਚ ਰੋਕਿਆ ਜਾਣਾ ਬਹੁਤ ਮੰਦਭਾਗੀ ਘਟਨਾ ਉਸੇ ਦਿਨ ਵਾਪਰੀ ਜਿਸ ਦਿਨ ਦਿੱਲੀ ਵਿਖੇ ਨਿਊਜ਼ੀਲੈਂਡ ਨੇ ਭਾਰਤ ਨਾਲ ਮੁਕਤ ਵਪਾਰ ਵਿਵਸਥਾ ਅਧੀਨ ਸਮਝੌਤੇ ਕੀਤੇ। ਕਰੀਬ 5 ਹਜ਼ਾਰ ਭਾਰਤੀ ਪੇਸ਼ੇਵਰਾਂ ਨੂੰ ਨਿਊਜ਼ੀਲੈਂਡ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ। ਵਿਦਿਆਰਥੀਆਂ ਨੂੰ ਵਰਕ ਵੀਜ਼ੇ ਨਾਲ 20 ਘੰਟੇ ਹਫ਼ਤੇ ਵਿੱਚ ਕੰਮ ਕਰਨ ਦੀ ਸਹੂਲਤ ਦਿੱਤੀ।
ਧਰਮ, ਰੰਗ, ਭਾਸ਼ਾ, ਸੱਭਿਆਚਾਰ ਦੇ ਆਧਾਰ ’ਤੇ ਜੇਕਰ ਪਰਵਾਸੀਆਂ ਨਾਲ ਨਫ਼ਰਤ, ਦੇਸ਼ ਨਿਕਾਲਾ ਅਤੇ ਵਿਰੋਧ ਸਮਾਪਤ ਨਾ ਹੋਇਆ ਤਾਂ ਯੂਰਪ ਅਤੇ ਪੱਛਮੀ ਦੇਸ਼ਾਂ ਵਿੱਚ ਹਾਲਾਤ ਵੱਡਾ ਹਿੰਸਕ ਰੂਪ ਧਾਰਨ ਕਰ ਸਕਦੇ ਹਨ। ਵਰਣਨਯੋਗ ਹੈ ਕਿ ਜਦੋਂ ਦੱਖਣੀ ਅਫ਼ਰੀਕਾ ਜਾਂ ਕੁਝ ਹੋਰ ਅਫ਼ਰੀਕੀ ਦੇਸ਼ਾਂ ਵਿੱਚ ਯੂਰਪੀਅਨ ਅਤੇ ਅਮਰੀਕਨ ਸਾਬਕਾ ਬਸਤੀਵਾਦੀ ਪਰਵਾਸੀਆਂ ਨਾਲ ਦੁਰਵਿਵਹਾਰ ਹੁੰਦਾ ਹੈ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਤੇ ਫਰਾਂਸ ਦੇ ਰਾਸ਼ਟਰਪਤੀ ਦੀਆਂ ਚੀਕਾਂ ਨਿਕਲਦੀਆਂ ਸੁਣਾਈ ਦਿੰਦੀਆਂ ਹਨ। ਪਰਵਾਸ ਕੋਈ ਮਸਲਾ ਨਹੀਂ। ਇਹ ਪੱਛਮ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਘਰੇਲੂ ਮੁਸੀਬਤਾਂ ਤੋਂ ਜਨਤਾ ਦਾ ਧਿਆਨ ਹਟਾਉਣ ਲਈ ਘੜੀ ਗਈ ਸਾਜ਼ਿਸ਼ ਹੈ ਜਿਸ ਨੂੰ ਯੂਐੱਨਓ ਅਤੇ ਦੂਸਰੇ ਕੌਮਾਂਤਰੀ ਸੰਗਠਨਾਂ ਦੇ ਸਿਖਰ ਸੰਮੇਲਨਾਂ ਵਿੱਚ ਨਜਿੱਠਣਾ ਚਾਹੀਦਾ ਹੈ।
ਸਾਲ 2025 ਵਿਸ਼ਵ ਦੇ ਵੱਖ-ਵੱਖ ਖਿੱਤਿਆਂ ਵਿੱਚ ਫੈਲੀਆਂ ਜੰਗਾਂ ਕਰਕੇ ਮਾਨਵਘਾਤੀ ਵਰ੍ਹਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਇਜ਼ਾਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਯੂਰਪੀ ਭਾਈਚਾਰੇ ਦੇ ਆਗੂਆਂ ਦਾ ਸ਼ਰਮਨਾਕ ਵਤੀਰਾ ਅਤੇ ਚਿਹਰਾ ਉਦੋਂ ਬੇਨਕਾਬ ਹੋਇਆ ਜਦੋਂ ਇਹ ਸ਼ਾਂਤੀ ਦੇ ਲਬਾਦੇ ਵਿੱਚ ਜੰਗਬਾਜ਼ ਸਰਗਣੇ ਸਾਬਤ ਹੋਏ। ਟਰੰਪ ਨੇ ਕਿਹਾ ਕਿ ਉਸ ਨੇ 2025 ਵਿੱਚ ਸੱਤ ਜੰਗਾਂ ਰੋਕੀਆਂ ਹਨ ਜਿਨ੍ਹਾਂ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਚਾਰ ਰੋਜ਼ਾ ਆਪਰੇਸ਼ਨ ਸੰਧੂਰ ਜੰਗਬੰਦੀ ਦਾ ਦਾਅਵਾ ਸ਼ਾਮਲ ਹੈ। ਇਸ ਆਧਾਰ ’ਤੇ ਉਹ ਨੋਬੇਲ ਸ਼ਾਂਤੀ ਪੁਰਸਕਾਰ ਦਾ ਦਾਅਵਾ ਠੋਕ ਰਿਹਾ ਸੀ, ਪਰ ਇਸ ਦਾ ਜੰਗਬਾਜ਼ ਵਿਕਰਾਲ ਚਿਹਰਾ ਗਲੋਬਲ ਭਾਈਚਾਰੇ ਸਾਹਮਣੇ ਉਦੋਂ ਆਇਆ ਜਦੋਂ ਇਜ਼ਾਰਾਇਲ-ਇਰਾਨ 12 ਰੋਜ਼ਾ ਜੰਗ ਦੌਰਾਨ ਇਸ ਨੇ 22 ਜੂਨ 2025 ਨੂੰ ਇਰਾਨ ਦੇ ਪਰਮਾਣੂ ਟਿਕਾਣੇ ਫੋਰਡੋਹ, ਇਸਫਾਹਨ ਅਤੇ ਨਾਟਨਜ ਤਹਿਸ ਨਹਿਸ ਕਰ ਦਿੱਤੇ। ਈਰਾਨ ਵੱਲੋਂ ਅਮਰੀਕਾ ਦੇ ਕਤਰ ਵਿਖੇ ਫੌਜੀ ਅੱਡੇ ’ਤੇ ਹਮਲੇ ਬਾਅਦ ਅਮਰੀਕਾ ਤੇ ਇਜ਼ਰਾਈਲ ਨੇ 24 ਜੂਨ ਨੂੰ ਜੰਗਬੰਦੀ ਦਾ ਐਲਾਨ ਕਰ ਦਿੱਤਾ।
ਟਰੰਪ ਨੇ ਅਹੁਦਾ ਸੰਭਾਲਣ ਬਾਅਦ ਲੰਬੇ ਸਮੇਂ ਤੋਂ ਚੱਲੀ ਆ ਰਹੀ ਰੂਸ ਅਤੇ ਯੂਕਰੇਨ ਦੀ ਜੰਗ ਨੂੰ ਪਹਿਲ ਦੇ ਆਧਾਰ ’ਤੇ ਖਤਮ ਕਰਾਉਣ ਦਾ ਐਲਾਨ ਕੀਤਾ ਸੀ, ਪਰ ਉਸ ਦੇ ਦਾਅਵੇ ਠੁੱਸ ਹੋ ਗਏ। ਅਲਾਸਕਾ ਵਿੱਚ ਟਰੰਪ-ਪੁਤਿਨ (ਰੂਸੀ ਰਾਸ਼ਟਰਪਤੀ) ਮਿਲਣੀ ਵੀ ਬੇਨਤੀਜਾ ਰਹੀ। ਗਾਜ਼ਾ ਅੰਦਰ ਫਲਸਤੀਨੀਆਂ ਦੀ ਨਸਲਕੁਸ਼ੀ, ਬਰਬਾਦੀ, 70 ਹਜ਼ਾਰ ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰਨਾ, ਲੱਖਾਂ ਜ਼ਖ਼ਮੀ ਕਰਨਾ, ਭੁੱਖਮਰੀ ਦਾ ਜਾਰੀ ਰਹਿਣਾ, ਜੰਗਬੰਦੀ ਦੇ ਬਾਵਜੂਦ ਇਜ਼ਾਰਾਇਲੀ ਫੌਜਾਂ ਵੱਲੋਂ ਰੋਜ਼ਾਨਾ ਫਲਸਤੀਨੀਆਂ ਦਾ ਸ਼ਿਕਾਰ ਕਰਨਾ ਜਾਰੀ ਰੱਖਣਾ ਲੰਘੇ ਸਾਲ ਦਾ ਸਭ ਤੋਂ ਭੈੜਾ ਦੁਖਾਂਤ ਰਿਹਾ ਹੈ।
ਇਥੋਪੀਆ, ਜਾਂਬੀਆ, ਸੁਮਾਲੀਆ, ਸੁਡਾਨ, ਥਾਈਲੈਂਡ-ਕੰਬੋਡੀਆ ਦਰਮਿਆਨ ਜੰਗਾਂ ਅਤੇ ਕੈਰੇਬੀਅਨ ਪਾਣੀਆਂ ਵਿੱਚ ਅਮਰੀਕੀ ਸਮੁੰਦਰੀ ਬੇੜੇ ਦੀ 15 ਹਜ਼ਾਰ ਸੈਨਿਕਾਂ ਸਮੇਤ ਤਾਇਨਾਤੀ ਵੈਨੇਜ਼ੁਏਲਾ ਦੀ ਘੇਰਾਬੰਦੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨਕਾਬ ਹੇਠ ਕਿਸ਼ਤੀਆਂ ਨੂੰ ਨਿਸ਼ਾਨਾ ਬਣਾ ਕੇ 83 ਲੋਕ ਮਾਰ ਦੇਣਾ, ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਗੱਦੀ ਛੱਡਣ ਦੀਆਂ ਧਮਕੀਆਂ, ਇਸ ਸਾਲ ਵਿੱਚ ਵੱਡਾ ਟਕਰਾਅ ਧਾਰਨ ਕਰ ਸਕਦੀਆਂ ਹਨ। ਰੂਸ ਅਤੇ ਚੀਨ ਵੱਲੋਂ ਮਾਦੂਰੋ ਦੀ ਹਮਾਇਤ ਕਰਕੇ ਸਥਿਤੀ ਵਿਗੜ ਸਕਦੀ ਹੈ।
ਚੀਨ ਬੜੇ ਰਣਨੀਤਕ ਢੰਗ ਨਾਲ ਭਾਰਤ ਦੀ ਘੇਰਾਬੰਦੀ ਵੱਲ ਤੁਰਿਆ ਹੋਇਆ ਹੈ ਭਾਵੇਂ ਭਾਰਤ ਉਸ ਨਾਲ 100 ਬਿਲੀਅਨ ਡਾਲਰ ਦੇ ਵਪਾਰਕ ਸਬੰਧ ਵੀ ਜਾਰੀ ਰੱਖ ਰਿਹਾ ਹੈ। ਉਸ ਨੇ ਆਪਣੀਆਂ ਫੌਜਾਂ ਅਤੇ ਸਮੁੰਦਰੀ ਬੇੜੇ ਸ੍ਰੀ ਲੰਕਾ, ਮਿਆਂਮਾਰ, ਬੰਗਲਾਦੇਸ਼, ਮਾਲਦੀਵ ਬੰਦਰਗਾਹਾਂ ਵਿੱਚ ਵਾੜ ਦਿੱਤੇ ਹਨ। ਆਰਥਿਕ ਕਾਰੀਡੋਰ ਅਤੇ ਗਵਾਦਰ ਬੰਦਰਗਾਹ ਉਸਾਰੀ, ਪਾਕਿਸਤਾਨ ਨੂੰ ਹਥਿਆਰਾਂ ਦੀ ਬੇਰੋਕ-ਟੋਕ ਸਪਲਾਈ, ਲੱਦਾਖ ਅੰਦਰ ਲਗਾਤਾਰ ਘੁਸਪੈਠ ਅਤੇ ਅਰੁਣਾਚਲ ਪ੍ਰਦੇਸ਼ ’ਤੇ ਅਧਿਕਾਰ ਦੇ ਦਮਗਜ਼ਿਆਂ ਰਾਹੀਂ ਭਾਰਤ ਲਈ ਵੱਡੀਆਂ ਚੁਣੌਤੀਆਂ ਖੜ੍ਹੀਆਂ ਕਰ ਰਿਹਾ ਹੈ ਜੋ ਕਿਸੇ ਵਕਤ ਵੀ ਵਿਸਫੋਟਕ ਰੂਪ ਧਾਰਨ ਕਰ ਸਕਦੀਆਂ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰੇ, ਦਿੱਲੀ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਨਿੱਜੀ ਮਿਲਣੀ ਵੀ ਸਥਿਤੀਆਂ ਵਿੱਚ ਬਦਲਾਅ ਨਹੀਂ ਲਿਆ ਸਕੀਆਂ। ਭਾਰਤ ਅੰਦਰ 2008 ਵਿੱਚ ਪਾਕਿਸਤਾਨ ਦੀ ਸ਼ਹਿ ’ਤੇ ਸਰਹੱਦੋਂ ਪਾਰ ਮੁੰਬਈ ਅਤਿਵਾਦੀ ਹਮਲੇ ਤੋਂ ਲੈ ਕੇ 2025 ਵਿੱਚ ਪਹਿਲਗਾਮ, ਕਸ਼ਮੀਰ ਤੱਕ ਹਮਲੇ ਜਾਰੀ ਹਨ। ਇਹ ਪਾਕਿਸਤਾਨ ਅਤੇ ਚੀਨ ਗੱਠਜੋੜ ਅਤੇ ਦੂਸਰੇ ਗੁਆਂਢੀ ਰਾਜਾਂ ਵਿੱਚ ਲਗਾਤਾਰ ਚੀਨ ਦੀ ਘੁਸਪੈਠ ਨਿਸ਼ਚਿਤ ਤੌਰ ’ਤੇ ਭਾਰਤ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਲਈ ਖ਼ਤਰਾ ਹੈ। ਭਾਰਤ, ਪਾਕਿਸਤਾਨ, ਚੀਨ ਤਿੰਨੇ ਦੇਸ਼ਾਂ ਦਾ ਪਰਮਾਣੂ ਸ਼ਕਤੀਆਂ ਹੋਣਾ ਹੋਰ ਵੀ ਚਿੰਤਾਜਨਕ ਹੈ। ਚੀਨ 2030 ਤੱਕ 1000 ਪਰਮਾਣੂ ਹਥਿਆਰ ਬਣਾ ਲਵੇਗਾ। ਪਰਮਾਣੂ ਅਪ੍ਰਸਾਰ ਸੰਧੀ ਕਦੇ ਵੀ ਹੋਂਦ ਵਿੱਚ ਨਹੀਂ ਆਉਣ ਵਾਲੀ। ਚਿੰਤਾ ਦੀ ਗੱਲ ਇਹ ਹੈ ਕਿ 1 ਦਸੰਬਰ 2024 ਤੋਂ 28 ਨਵੰਬਰ 2025 ਤੱਕ 2046005 ਜੰਗੀ ਝੜਪਾਂ ਵਿੱਚ ਦੋ ਲੱਖ 40 ਹਜ਼ਾਰ ਲੋਕ ਵਿਸ਼ਵ ਭਰ ਵਿੱਚ ਮਾਰੇ ਗਏ।
ਜਲਵਾਯੂ ਪਰਿਵਰਤਨ ਸਾਡੀ ਧਰਤੀ ਨੂੰ ਨਿਗਲਣ ਵੱਲ ਤੁਰਿਆ ਹੋਇਆ ਹੈ। ਪੈਰਿਸ ਜਲਵਾਯੂ ਸੰਧੀ ਤੋਂ ਅਮਰੀਕਾ ਭੱਜ ਚੁੱਕਾ ਹੈ। ਸੀਓਪੀ 30 ਜਲਵਾਯੂ ਕਾਨਫਰੰਸ ਬ੍ਰਾਜ਼ੀਲ ਵਿਖੇ ਹੋਈ ਜਿਸ ਵਿੱਚ ਕਿਸੇ ਵੀ ਦੇਸ਼ ਨੇ ਵਧਦੇ ਤਾਪਮਾਨ ਨੂੰ ਹੇਠਾਂ ਲਿਆਉਣ ਲਈ ਵਚਨਬੱਤਾ ਨਹੀਂ ਵਿਖਾਈ। 2026 ਵਿੱਚ ਗਲੋਬਲ ਤਾਪਮਾਨ ਕੀ 1.5 ਸੈਂਟੀਗਰੇਡ ਘਟਾਇਆ ਜਾਵੇਗਾ? ਕੈਲੀਫੋਰਨੀਆ (ਅਮਰੀਕਾ) ਇੱਕ ਪਾਸੇ ਗੜ੍ਹੇਮਾਰੀ, ਦੂਜੇ ਪਾਸੇ ਸੋਕੇ ਦਾ ਸ਼ਿਕਾਰ ਹੋਵੇਗਾ। ਭਾਰਤ ਵਿੱਚ 2025 ਵਿੱਚ ਹੜ੍ਹਾਂ ਨੇ ਜੋ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਤਬਾਹੀ ਮਚਾਈ ਹੈ, ਉਸ ਤੋਂ ਜੱਗ ਜਾਣੂ ਹੈ। ਰਾਜਸਥਾਨ ਵਿੱਚ ਤਾਪਮਾਨ 50 ਡਿਗਰੀ ਸੈਂਟੀਗਰੇਡ ਟੱਪ ਗਿਆ ਹੈ। ਅਮਰੀਕਾ, ਕੈਨੇਡਾ, ਮੈਕਸਿਕੋ, ਲਾਤੀਨੀ ਅਮਰੀਕਾ ਵਿੱਚ ਅੱਗ ਨੇ ਵੱਡੀ ਤਬਾਹੀ ਮਚਾਈ ਹੈ। ਕੋਵਿਡ-19 ਵਰਗੀਆਂ ਭਿਆਨਕ ਬਿਮਾਰੀਆਂ ਜਲਵਾਯੂ ਤਬਦੀਲੀ ਕਰਕੇ ਦਸਤਕ ਦੇਣਗੀਆਂ। ਆਲਮੀ ਭਾਈਚਾਰਾ ਜੇ ਇਸ ਤੋਂ ਬਚਣ ਲਈ ਆਪਸ ਵਿੱਚ ਸਿਰ ਜੋੜ ਕੇ ਨਾ ਬੈਠਾ ਤਾਂ ਜੰਗਾਂ, ਭੁੱਖਮਰੀ ਅਤੇ ਨਸਲਕੁਸ਼ੀ ਨਾਲੋਂ ਮਾਨਵ ਜੀਵਨ ਦੀ ਬਰਬਾਦੀ ਲਈ ਜਲਵਾਯੂ ਪਰਿਵਰਤਨ ਕਾਫ਼ੀ ਹੋਵੇਗਾ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਸ ਦੇ ਪਿੱਠੂ ਕਾਰਪੋਰੇਟ ਅਮਰੀਕਾ ਅੰਦਰ ਨਿਰਕੁੰਸ਼ਵਾਦ ਉਭਾਰ ਰਹੇ ਹਨ। 85 ਪ੍ਰਤੀਸ਼ਤ ਅਮਰੀਕੀ ਮੰਨਦੇ ਹਨ ਕਿ ਟਰੰਪ ਦੇਸ਼ ਨੂੰ ਹਿੰਸਾ ਵੱਲ ਧਕੇਲ ਰਿਹਾ ਹੈ। ਇਸ ਨੇ ਪੂਰੇ ਵਿਸ਼ਵ ਅੰਦਰ ਆਰਥਿਕ ਐਮਰਜੈਂਸੀ ਪੈਦਾ ਕਰ ਰੱਖੀ ਹੈ। ਉਹ ਦੇਸ਼ ਨਾਲ ਗੱਦਾਰੀ ਕਰ ਰਿਹਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਤਾਨਾਸ਼ਾਹ ਸ਼੍ਰੀ ਜਿਨ ਪਿੰਗ ਨਾਲ ਮਿਲ ਕੇ ਪੂਰੇ ਵਿਸ਼ਵ ਅੰਦਰ ਟੈਰਿਫ ਅਤੇ ਆਰਥਿਕ ਏਕਾਧਿਕਾਰ ਰਾਹੀਂ ਕੌਮਾਂਤਰੀ ਤਾਨਾਸ਼ਾਹੀ ਨੂੰ ਉਭਾਰ ਰਿਹਾ ਹੈ। ਉਹ ਯੂਕਰੇਨ ਨੂੰ ਰੂਸ ਹਵਾਲੇ ਕਰਕੇ ਨਾਟੋ ਅਤੇ ਯੂਰਪੀਨ ਦੇਸ਼ਾਂ ਨਾਲੋਂ ਨਾਤਾ ਤੋੜ ਕੇ, ਚੀਨ ਨੂੰ ਉਸ ਦੇ ਅਧਿਕਾਰ ਖੇਤਰਾਂ ਤੱਕ ਸੀਮਤ ਰੱਖ ਕੇ ਵਿਸ਼ਵ ਅੰਦਰ ਅਮਰੀਕੀ ਕਾਰਪੋਰੇਟਵਾਦ ਦੀ ਏਕਾਧਿਕਾਰਵਾਦੀ ਸਰਦਾਰੀ ਵਾਲਾ ਨਿਜ਼ਾਮ ਖੜ੍ਹਾ ਕਰਨਾ ਚਾਹੁੰਦਾ ਹੈ। ਜੇ ਟਰੰਪ ਦਾ ਵਸ ਚੱਲਿਆ ਤਾਂ ਉਹ ਰਾਸ਼ਟਰਪਤੀ ਅਹੁਦਾ ਅਗਲੇ ਦੋ ਕਾਰਜਕਾਲ ਤੱਕ ਜਾਰੀ ਰੱਖੇਗਾ। ਹੇਠਲੀਆਂ ਅਦਾਲਤਾਂ, ਵਿਰੋਧੀ ਧਿਰ ਦੇ ਰਾਜਾਂ ਨੂੰ ਰਾਸ਼ਟਰੀ ਗਾਰਡਾਂ ਨਾਲ ਕੰਟਰੋਲ ਕਰਨ ਤੋਂ ਬਾਅਦ ਉਹ ਸੁਪਰੀਮ ਕੋਰਟ ਨੂੰ ਬਾਂਦੀ ਬਣਾਉਣ ਦਾ ਯਤਨ ਕਰੇਗਾ। ਉਸ ਦਾ ਅਰਧ ਪਾਗਲਪਣ ਅਤੇ ਸਰਵਸ੍ਰੇਸ਼ਟ ਵਿਸ਼ਵ ਆਗੂ ਬਣਨ ਦਾ ਸੁਪਨਾ ਅਮਰੀਕੀ ਲੋਕਾਂ ’ਤੇ ਨਿਰਭਰ ਕਰੇਗਾ ਜੋ ਨਵੰਬਰ 2026 ਵਿੱਚ ਪ੍ਰਤੀਨਿਧ ਸਦਨ ਅਤੇ ਸੈਨੇਟ ਦੀਆਂ ਚੋਣਾਂ ਵਿੱਚ ਭਾਗ ਲੈਣਗੇ। ਸੱਚ ਇਹ ਵੀ ਹੈ ਕਿ ਐਪਸਟੀਨ ਸੈਕਸ ਸਕੈਂਡਲ ਫਾਈਲਾਂ ਵਿੱਚ ਫਸਿਆ ਟਰੰਪ ਅੱਜਕੱਲ੍ਹ ਹਰ ਕਿਸੇ ਦੇ ਗਲ਼ ਪੈ ਰਿਹਾ ਹੈ।
ਭਾਰਤ ਭਲੀਭਾਂਤ ਜਾਣਦਾ ਹੈ ਕਿ ਅਮਰੀਕਾ ਦੀ ਦੁਸ਼ਮਣੀ ਬਰਬਾਦੀ ਹੈ, ਜਦੋਂਕਿ ਦੋਸਤੀ ਅਤੀ ਘਾਤਕ ਸਿੱਧ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਵਿਸ਼ਵ ਦੇ ਦੋ ਤਾਕਤਵਰ ਦੁਸ਼ਮਣਾਂ ਅਮਰੀਕਾ ਅਤੇ ਚੀਨ ਨਾਲ ਅਤਿ ਸੰਜਮ ਅਤੇ ਚਾਣਕਿਆ ਡਿਪਲੋਮੇਸੀ ਨਾਲ ਨਿਪਟਣ ਦੀ ਕਲਾ ਵਿੱਚ ਮਹਾਰਤ ਦੀ ਲੋੜ ਹੈ। ਦੇਸ਼ ਭਾਵੇਂ ਤੀਸਰੀ ਆਰਥਿਕ ਸ਼ਕਤੀ ਵਜੋਂ ਉੱਭਰ ਰਿਹਾ ਹੈ, ਪਰ ਅੰਬਾਨੀ, ਅਡਾਨੀ ਜਾਂ ਟਾਟਾ ਜਿਹੇ ਏਕਾਧਿਕਾਰਵਾਦੀ ਕਾਰਪੋਰੇਟਾਂ ਦੇ ਬਲਬੂਤੇ ਉਸ ਨੇ 82 ਕਰੋੜ ਲੋਕਾਂ ਨੂੰ ਮੁਫ਼ਤ ਭੋਜਨ ਰਾਹੀਂ ਟਿਕਾ ਕੇ ਰੱਖਿਆ ਹੋਇਆ ਹੈ। ਜੇਕਰ ਉਨ੍ਹਾਂ ਨੂੰ ਨੇੜ ਦੇ ਭਵਿੱਖ ਵਿੱਚ ਰੁਜ਼ਗਾਰ ਰਾਹੀਂ ਆਹਰੇ ਨਾ ਲਾਇਆ ਤਾਂ ਭਾਰਤ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਲਈ ਦੁਸ਼ਵਾਰੀਆਂ ਪੈਦਾ ਹੋ ਸਕਦੀਆਂ ਹਨ। ਘੱਟ ਗਿਣਤੀ ਮੋਦੀ ਸਰਕਾਰ ਪਹਿਲਾਂ ਹੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੀਆਂ ਵੈਸਾਖੀਆਂ ਤੇ ਖੜ੍ਹੀ ਹੈ।
*ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
ਸੰਪਰਕ: +1 2898292929

