DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੰਢੀ ਖੇਤਰ ’ਚ ਸਾਉਣੀ ਦੀਆਂ ਫ਼ਸਲਾਂ: ਘੱਟ ਖ਼ਰਚਾ, ਵੱਧ ਮੁਨਾਫ਼ਾ

ਪੰਜਾਬ ਵਿੱਚ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਇੱਕ ਪਾਸੇ ਜਿੱਥੇ ਸਾਉਣੀ ਦੀ ਮੁੱਖ ਫ਼ਸਲ ਝੋਨੇ ਦਾ ਬਦਲ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਫ਼ਸਲੀ ਵਿਭਿੰਨਤਾ ਵਾਲੇ ਕੰਢੀ ਖੇਤਰ ਵਿੱਚ ਮੀਂਹ ਉੱਤੇ ਨਿਰਭਰ ਖੇਤੀ ਤੋਂ...

  • fb
  • twitter
  • whatsapp
  • whatsapp
Advertisement

ਪੰਜਾਬ ਵਿੱਚ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਇੱਕ ਪਾਸੇ ਜਿੱਥੇ ਸਾਉਣੀ ਦੀ ਮੁੱਖ ਫ਼ਸਲ ਝੋਨੇ ਦਾ ਬਦਲ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਫ਼ਸਲੀ ਵਿਭਿੰਨਤਾ ਵਾਲੇ ਕੰਢੀ ਖੇਤਰ ਵਿੱਚ ਮੀਂਹ ਉੱਤੇ ਨਿਰਭਰ ਖੇਤੀ ਤੋਂ ਚੰਗਾ ਉਤਪਾਦਨ ਲੈਣਾ ਵੀ ਚੁਣੌਤੀਪੂਰਨ ਕੰਮ ਹੈ। ਕੰਢੀ ਖੇਤਰ ਦੀ ਜ਼ਿਆਦਾਤਰ ਖੇਤੀ ਮੀਂਹ ਉੱਤੇ ਨਿਰਭਰ ਕਰਦੀ ਹੈ ਅਤੇ ਇੱਥੇ ਸਿੰਜਾਈ ਦੇ ਸਾਧਨਾਂ ਦੀ ਘਾਟ ਹੈ। ਕੰਢੀ ਇਲਾਕੇ ਦੀਆਂ ਜ਼ਮੀਨਾਂ ਜ਼ਿਆਦਾਤਰ ਰੇਤਲੀਆਂ ਹਨ ਅਤੇ ਇਨ੍ਹਾਂ ਦੀ ਪਾਣੀ ਸੰਭਾਲਣ ਦੀ ਸਮਰੱਥਾ ਬਹੁਤ ਘੱਟ ਹੈ। ਇਸ ਲਈ ਕੰਢੀ ਖੇਤਰ ਦੇ ਹਾਲਾਤ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਚੰਗੀ ਵਿਉਂਤਬੰਦੀ ਨਾਲ ਖੇਤੀ ਕਰਨ ਦੀ ਜ਼ਰੂਰਤ ਹੈ। ਸਾਉਣੀ ਦੀ ਰੁੱਤ ’ਚ ਮੱਕੀ ਕੰਢੀ ਖੇਤਰ ਦੀ ਪ੍ਰਮੁੱਖ ਫ਼ਸਲ ਹੈ, ਪਰ ਇਸ ਦੇ ਨਾਲ-ਨਾਲ ਬਾਜਰਾ, ਮੂੰਗੀ, ਮਾਂਹ, ਸੋਇਆਬੀਨ, ਮੂੰਗਫਲੀ ਅਤੇ ਤਿਲ਼ਾਂ ਦੀ ਖੇਤੀ ਵੀ ਕੰਢੀ ਖੇਤਰ ਵਿੱਚ ਕੀਤੀ ਜਾਂਦੀ ਹੈ। ਸਾਉਣੀ ਫ਼ਸਲਾਂ ਦੀ ਚੰਗੀ ਪੈਦਾਵਾਰ ਲੈਣ ਲਈ ਬਹੁਤ ਜ਼ਰੂਰੀ ਹੈ ਕਿ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਉਪਲਬਧ ਪਾਣੀ ਦੀ ਸੁਚੱਜੀ ਵਰਤੋਂ, ਬਿਜਾਈ, ਜੈਵਿਕ ਅਤੇ ਗ਼ੈਰ-ਜੈਵਿਕ ਖਾਦਾਂ ਦੇ ਸੁਮੇਲ ਨਾਲ ਸੰਯੁਕਤ ਪੌਸ਼ਟਿਕ ਪ੍ਰਬੰਧ, ਨਦੀਨਾਂ ਦੀ ਰੋਕਥਾਮ, ਅੰਤਰ-ਫ਼ਸਲੀ ਪ੍ਰਣਾਲੀ ਆਦਿ ਸਬੰਧੀ ਸਿਫ਼ਾਰਸ਼ਾਂ ਨੂੰ ਕਿਸਾਨਾਂ ਵੱਲੋਂ ਅਪਣਾਇਆ ਜਾਵੇ। ਇਸ ਲਈ ਸਾਉਣੀ ਦੀਆਂ ਫ਼ਸਲਾਂ ਦੀ ਸਫ਼ਲ ਕਾਸ਼ਤ ਲਈ ਹੇਠ ਲਿਖੀਆਂ ਸਿਫ਼ਾਰਸ਼ਾਂ ਮੁੱਖ ਹਨ:

ਜ਼ਮੀਨ ਪੱਧਰੀ ਕਰਨਾ: ਕਿਸਾਨ ਆਪਣੇ ਖੇਤ ਪੱਧਰੇ ਕਰ ਲੈਣ, ਇਸ ਨਾਲ ਭੋਂ-ਖੋਰ ਘਟਦਾ ਹੈ ਅਤੇ ਖੇਤ ਦੀ ਪਾਣੀ ਦੇ ਜੀਰਨ ਦੀ ਮਾਤਰਾ ਵਧ ਜਾਂਦੀ ਹੈ। ਅਜਿਹਾ ਕਰਨ ਨਾਲ ਮੱਕੀ ਦੀ ਫ਼ਸਲ ਦਾ ਜੰਮ ਵਧੀਆ ਹੋਵੇਗਾ। ਪੱਧਰੀ ਜ਼ਮੀਨ ਵਿੱਚ ਬੀਜ, ਖਾਦ ਅਤੇ ਪਾਣੀ ਇਕਸਾਰ ਰਹੇਗਾ ਅਤੇ ਕਿਸਾਨ ਦਾ ਖਰਚਾ ਵੀ ਘੱਟ ਹੋਵੇਗਾ।

Advertisement

ਵੱਟਾਂ ਮਜ਼ਬੂਤ ਕਰਨੀਆਂ: ਮੌਨਸੂਨ ਦੀ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਆਪਣੇ ਖੇਤਾਂ ਦੀਆਂ ਚਾਰ ਚੁਫੇਰੇ ਵਾਲੀਆਂ ਵੱਟਾਂ ਉੱਚੀਆਂ ਕਰ ਲੈਣ। ਅਜਿਹਾ ਕਰਨ ਨਾਲ ਮਿੱਟੀ ਦੀ ਉੱਪਰਲੀ ਸਤਹਿ ਤੋਂ ਪਾਣੀ ਦਾ ਵਹਾਅ ਘਟ ਜਾਂਦਾ ਹੈ ਅਤੇ ਪਾਣੀ ਨੂੰ ਖੇਤ ਵਿੱਚ ਜੀਰਨ ਲਈ ਵੱਧ ਸਮਾਂ ਮਿਲ ਜਾਂਦਾ ਹੈ, ਜਿਸ ਨਾਲ ਖੇਤ ਵਿੱਚੋਂ ਪਾਣੀ ਅਤੇ ਮਿੱਟੀ ਦਾ ਰੋੜ੍ਹ ਘਟਦਾ ਹੈ।

Advertisement

ਖੇਤ ਦੀ ਵਹਾਈ: ਬਰਸਾਤ ਤੋਂ ਪਹਿਲਾਂ ਘੱਟ ਪਾਣੀ ਵਾਲੇ ਅਤੇ ਬਰਾਨੀ ਖੇਤਰਾਂ ਵਿੱਚ ਖੇਤਾਂ ਦੀ ਵਹਾਈ ਕਰਨਾ ਬਹੁਤ ਮਹੱਤਵਪੂਰਨ ਹੈ। ਇਸ ਨਾਲ ਖੇਤ ਦੀ ਪਰਤ ਖੁਰਦਰੀ ਹੋ ਕੇ ਖੁੱਲ੍ਹ ਜਾਂਦੀ ਹੈ ਅਤੇ ਮਿੱਟੀ ਵਿੱਚ ਮੀਂਹ ਦੇ ਪਾਣੀ ਦਾ ਰਿਸਾਅ ਵਧਦਾ ਹੈ, ਪਾਣੀ ਨੂੰ ਮਿੱਟੀ ਵਿੱਚ ਜੀਰਨ ਲਈ ਵੱਧ ਸਮਾਂ ਮਿਲਦਾ ਹੈ ਅਤੇ ਮਿੱਟੀ ਦਾ ਰੋੜ੍ਹ ਵੀ ਘਟਦਾ ਹੈ। ਮੀਂਹ ਦੇ ਪਹਿਲੇ ਛਰਾਟਿਆਂ ਪਿੱਛੋਂ ਖੇਤ ਦੀ ਢਲਾਣ ਦੇ ਉਲਟ ਵਹਾਈ ਕਰਨ ਨਾਲ ਮੀਂਹ ਦਾ ਪਾਣੀ ਖੇਤ ਵਿੱਚ ਵਧੇਰੇ ਅਤੇ ਇਕਸਾਰ ਜਜ਼ਬ ਹੋ ਜਾਂਦਾ ਹੈ। ਇਸ ਨਾਲ ਨਦੀਨਾਂ ਦੀ ਰੋਕਥਾਮ ਹੁੰਦੀ ਹੈ ਅਤੇ ਜ਼ਮੀਨ ਵਿੱਚ ਲੰਬੇ ਸਮੇਂ ਤੱਕ ਨਮੀ ਬਰਕਰਾਰ ਰਹਿੰਦੀ ਹੈ ਸਿੱਟੇ ਵਜੋਂ ਮੱਕੀ ਦੀ ਫ਼ਸਲ ਦੀ ਵਧੀਆ ਪੈਦਾਵਾਰ ਹੁੰਦੀ ਹੈ।

ਫ਼ਸਲਾਂ ਦੀ ਚੋਣ: ਸਮੇਂ-ਸਿਰ ਬਰਸਾਤ ਆਉਣ ’ਤੇ ਕੰਢੀ ਖੇਤਰ ਦੀਆਂ ਚੰਗੀਆਂ ਜ਼ਮੀਨਾਂ ਉੱਤੇ ਮੱਕੀ ਦੀ ਖੇਤੀ ਨੂੰ ਤਰਜੀਹ ਦਿੱਤੀ ਜਾਂਦੀ ਹੈ। ਜੇਕਰ ਬਰਸਾਤ 15 ਜੁਲਾਈ ਤੋਂ ਬਾਅਦ ਹੋਵੇ ਤਾਂ ਮਾਂਹ, ਮੂੰਗੀ ਅਤੇ ਤਿਲ਼ਾਂ ਦੀ ਖੇਤੀ ਨੂੰ ਪਹਿਲ ਦੇਣੀ ਚਾਹੀਦੀ ਹੈ। ਹਲਕੀਆਂ ਜ਼ਮੀਨਾਂ ਵਿੱਚ ਸਮੇਂ ਸਿਰ ਬਿਜਾਈ ਲਈ ਮਾਂਹ, ਸੋਇਆਬੀਨ, ਬਾਜਰਾ (ਦਾਣਿਆਂ ਅਤੇ ਚਾਰੇ ਲਈ), ਮੂੰਗਫਲੀ, ਤਿਲ ਅਤੇ ਮੂੰਗੀ ਦੀ ਫ਼ਸਲ ਨੂੰ ਬੀਜਣਾ ਚਾਹੀਦਾ ਹੈ। ਪਿਛੇਤੀ ਬਿਜਾਈ ਲਈ ਬਾਜਰਾ, ਚਾਰੇ ਲਈ ਮੱਕੀ, ਮੂੰਗੀ ਅਤੇ ਤਿਲ ਢੁਕਵੀਆਂ ਫ਼ਸਲਾਂ ਹਨ।

ਫ਼ਸਲਾਂ ਦੀਆਂ ਕਿਸਮਾਂ: ਬਰਾਨੀ ਖੇਤੀ ਲਈ ਮੱਕੀ ਦੀ ਪੀ ਐੱਮ ਐੱਚ 2, ਪ੍ਰਕਾਸ਼, ਜੇ ਸੀ 12 ਅਤੇ ਜੇ ਸੀ 4, ਮੂੰਗੀ ਦੀ ਐੱਮ ਐੱਲ 2056 ਅਤੇ ਐੱਮ ਐੱਲ 1808, ਮਾਂਹ ਦੀਆਂ ਮਾਂਹ 883 ਅਤੇ ਮਾਂਹ 114, ਸੋਇਆਬੀਨ ਦੀ ਐੱਸ ਐੱਲ 958 ਅਤੇ ਐੱਸ ਐੱਲ 744, ਤਿਲ ਦੀਆਂ ਪੰਜਾਬ ਤਿਲ ਨੰ. 2 ਅਤੇ ਆਰ ਟੀ 346, ਮੂੰਗਫਲੀ ਦੀਆਂ ਜੇ 87 ਅਤੇ ਟੀ ਜੀ 37 ਏ ਅਤੇ ਬਾਜਰੇ ਦੀਆਂ ਪੀ ਸੀ ਬੀ 167, ਪੀ ਸੀ ਬੀ 166 ਅਤੇ ਪੀ ਸੀ ਬੀ 165 ਕਿਸਮਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ।

ਬਿਜਾਈ ਦਾ ਸਮਾਂ ਅਤੇ ਬੀਜ ਦੀ ਮਾਤਰਾ: ਮੱਕੀ ਦੀ ਬਿਜਾਈ 20 ਜੂਨ ਤੋਂ 7 ਜੁਲਾਈ ਤੱਕ, ਮੂੰਗੀ ਦੀ ਜੁਲਾਈ ਦੇ ਦੂਜੇ ਪੰਦਰਵਾੜੇ, ਮਾਂਹ ਅਤੇ ਮੂੰਗਫਲੀ ਦੀ ਬਿਜਾਈ ਮੌਨਸੂਨ ਸ਼ੁਰੂ ਹੋਣ ’ਤੇ, ਸੋਇਆਬੀਨ ਦੀ ਜੂਨ ਦੇ ਪਹਿਲੇ ਪੰਦਰਵਾੜੇ, ਤਿਲ ਦੀ ਮੌਨਸੂਨ ਸ਼ੁਰੂ ਹੋਣ ’ਤੇ ਜੁਲਾਈ ਦੇ ਪਹਿਲੇ ਪੰਦਰਵਾੜੇ ਅਤੇ ਬਾਜਰੇ ਦੀ ਜੁਲਾਈ ਦੇ ਸ਼ੁਰੂ ਵਿੱਚ ਬਿਜਾਈ ਕਰ ਦੇਣੀ ਚਾਹੀਦੀ ਹੈ। ਮੱਕੀ ਦਾ 10 ਕਿਲੋ, ਮੂੰਗੀ ਦਾ 8 ਕਿਲੋ, ਮਾਂਹ ਦਾ 6-8 ਕਿਲੋ, ਸੋਇਆਬੀਨ ਦਾ 25-30 ਕਿਲੋ, ਮੂੰਗਫਲੀ ਦੀ ਜੇ 87 ਕਿਸਮ ਦਾ 48 ਅਤੇ ਟੀ ਜੀ 37 ਏ ਦਾ 37 ਕਿਲੋ, ਤਿਲ ਦਾ 1 ਕਿਲੋ ਅਤੇ ਬਾਜਰੇ ਦਾ 1.5 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ।

ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਲਾਉਣਾ: ਮੱਕੀ ਦੇ ਬੀਜ ਨੂੰ ਅੱਧਾ ਕਿਲੋ ਕਨਸ਼ੋਰਸ਼ੀਅਮ ਜੀਵਾਣੂ ਖਾਦ ਦੇ ਨਾਲ ਜਦਕਿ ਮੂੰਗੀ ਅਤੇ ਮਾਂਹ ਦੇ ਬੀਜ ਨੂੰ ਰਾਈਜ਼ੋਬੀਅਮ, ਸੋਇਆਬੀਨ ਦੇ ਬੀਜ ਨੂੰ ਬਰੈਡੀਰਾਈਜ਼ੋਬੀਅਮ ਕਲਚਰ (ਪੈਕੇਟ) ਨਾਲ ਇੱਕ ਲਿਟਰ ਪਾਣੀ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਲਗਾਉਣ ਤੋਂ ਬਾਅਦ ਛਾਵੇਂ ਪੱਕੇ ਫ਼ਰਸ਼ ’ਤੇ ਖਿਲਾਰ ਕੇ ਸੁਕਾ ਲਓ ਅਤੇ ਛੇਤੀ ਬੀਜ ਦਿਓ।

ਖਾਦਾਂ ਦਾ ਪ੍ਰਬੰਧ: ਮੱਕੀ-ਕਣਕ ਫ਼ਸਲ ਪ੍ਰਣਾਲੀ ਲਈ 6 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਨਾਈਟ੍ਰੋਜਨ 32 ਕਿਲੋਗ੍ਰਾਮ ਅਤੇ ਫਾਸਫੋਰਸ 16 ਕਿਲੋਗ੍ਰਾਮ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਮਿੱਟੀ ਪਰਖ ਤੋਂ ਉਪਰੰਤ 8 ਕਿਲੋਗ੍ਰਾਮ ਪ੍ਰਤੀ ਏਕੜ ਪੋਟਾਸ਼ ਵਰਤਿਆ ਜਾ ਸਕਦਾ ਹੈ। ਘੱਟ ਪਾਣੀ ਸੰਭਾਲਣ ਦੀ ਸਮਰੱਥਾ ਵਾਲੀਆਂ ਜ਼ਮੀਨਾਂ ਵਿੱਚ ਨਾਈਟ੍ਰੋਜਨ 16 ਕਿਲੋਗ੍ਰਾਮ ਅਤੇ ਫਾਸਫੋਰਸ 8 ਕਿਲੋਗ੍ਰਾਮ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਮਿੱਟੀ ਪਰਖ ਉਪਰੰਤ 4 ਕਿਲੋਗ੍ਰਾਮ ਪ੍ਰਤੀ ਏਕੜ ਪੋਟਾਸ਼ ਵਰਤਿਆ ਜਾ ਸਕਦਾ ਹੈ। ਸੋਇਆਬੀਨ ਵਿੱਚ ਬਿਜਾਈ ਸਮੇਂ 12.5 ਕਿਲੋ ਨਾਈਟ੍ਰੋਜਨ ਅਤੇ 32 ਕਿਲੋ ਫਾਸਫੋਰਸ ਤੱਤ ਪ੍ਰਤੀ ਏਕੜ ਪਾਓ। ਪਰ ਜੇਕਰ ਕਣਕ ਨੂੰ ਫਾਸਫੋਰਸ ਤੱਤ ਦੀ ਸਿਫ਼ਾਰਸ਼ ਕੀਤੀ ਮਾਤਰਾ ਪਾਈ ਹੋਵੇ ਤਾਂ ਕਣਕ ਪਿੱਛੋਂ ਸੋਇਆਬੀਨ ਨੂੰ 24 ਕਿਲੋ ਫਾਸਫੋਰਸ ਤੱਤ ਪ੍ਰਤੀ ਏਕੜ ਹੀ ਪਾਓ। ਮੂੰਗਫਲੀ ਵਿੱਚ 50 ਕਿਲੋ ਜਿਪਸਮ ਬਿਜਾਈ ਸਮੇਂ ਛੱਟਾ ਦੇ ਦਿਓ ਅਤੇ ਨਾਈਟ੍ਰੋਜਨ 6 ਕਿਲੋਗ੍ਰਾਮ ਅਤੇ ਫਾਸਫੋਰਸ 8 ਕਿਲੋਗ੍ਰਾਮ ਖਾਦ ਨੂੰ ਬਿਜਾਈ ਸਮੇਂ ਡਰਿੱਲ ਕਰ ਦਿਓ। ਬਾਜਰੇ ਲਈ ਨਾਈਟ੍ਰੋਜਨ 25 ਕਿਲੋਗ੍ਰਾਮ ਅਤੇ ਫਾਸਫੋਰਸ 12 ਕਿਲੋਗ੍ਰਾਮ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ।

ਅੰਤਰ ਫ਼ਸਲੀ ਪ੍ਰਣਾਲੀ: ਮੱਕੀ ਦੀਆਂ 2 ਲਾਈਨਾਂ ਵਿੱਚ ਮੂੰਗੀ ਜਾਂ ਮਾਂਹ ਦੀ ਕਾਸ਼ਤ ਕਰਨ ਨਾਲ ਮੱਕੀ ਦੇ ਝਾੜ ਵਿੱਚ ਇਕੱਲੀ ਮੱਕੀ ਦੇ ਝਾੜ ਨਾਲੋਂ ਇਜ਼ਾਫਾ ਹੁੰਦਾ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ। ਸੋਇਆਬੀਨ ਦੀ ਮੱਕੀ ਵਿੱਚ ਕਾਸ਼ਤ ਕੀਤੀ ਜਾ ਸਕਦੀ ਹੈ। ਮੱਕੀ ਦੀਆਂ ਲਾਈਨਾਂ ਵਿਚਕਾਰ ਸੋਇਆਬੀਨ ਦੀ ਇੱਕ ਲਾਈਨ 60 ਸੈਂਟੀਮੀਟਰ ਦੀ ਵਿੱਥ ’ਤੇ ਬੀਜੋ।

ਮਲਚਿੰਗ: ਮੱਕੀ ਦੀ ਖੜ੍ਹੀ ਫ਼ਸਲ ਵਿੱਚ ਬਸੂਟੀ, ਭੰਗ, ਕਾਨਾ, ਰਾਇਆ, ਨੜਾਂ ਦੀ ਵਰਤੋਂ ਮਲਚਿੰਗ ਲਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਮੱਕੀ ਦੀਆਂ ਕਤਾਰਾਂ ਵਿਚਕਾਰ ਲੋਬੀਆ ਜਾਂ ਰਵਾਂਹ ਦੀ ਫ਼ਸਲ ਬੀਜੀ ਜਾ ਸਕਦੀ ਹੈ, ਜਿਸ ਨੂੰ ਇੱਕ ਮਹੀਨੇ ਬਾਅਦ ਕੱਟ ਕੇ ਮੱਕੀ ਦੀਆਂ ਕਤਾਰਾਂ ਵਿੱਚ ਮਲਚ ਵਜੋਂ ਵਿਛਾਇਆ ਜਾ ਸਕਦਾ ਹੈ। ਮਲਚਿੰਗ ਨਾਲ ਜਿੱਥੇ ਕੁਝ ਸਮੱਸਿਆਵਾਂ ਜਿਵੇਂ ਕਿ ਖੇਤੀ ਕਾਰਜਾਂ ਸਮੇਂ ਕੁਝ ਸੰਦਾਂ ਦੀ ਵਰਤੋਂ ਸਮੇਂ ਮੁਸ਼ਕਲ ਆਉਣਾ, ਸਿਉਂਕ ਦੇ ਹਮਲੇ ਆਦਿ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਪਰ ਇਸ ਦੇ ਫ਼ਾਇਦੇ ਇਸ ਤੋਂ ਕਿਤੇ ਵੱਧ ਹਨ। ਮਲਚਿੰਗ ਨਾਲ ਪਾਣੀ ਦੀ ਰਫ਼ਤਾਰ ਨੂੰ ਘੱਟ ਕਰਨਾ, ਭੋਂ-ਖੋਰ ਨੂੰ ਰੋਕਣਾ, ਜ਼ਮੀਨ ਵਿੱਚ ਨਮੀ ਦੀ ਮਿਕਦਾਰ ਵਿੱਚ ਵਾਧਾ, ਜ਼ਮੀਨ ਦੇ ਤਾਪਮਾਨ ਵਿੱਚ ਕਮੀ ਲਿਆਉਣੀ ਆਦਿ ਅਨੇਕਾਂ ਫ਼ਾਇਦੇ ਹੁੰਦੇ ਹਨ, ਜਿਸ ਨਾਲ ਫ਼ਸਲ ਦੇ ਝਾੜ ਵਿੱਚ ਵਾਧਾ ਅਤੇ ਅਗਾਂਹ ਬਿਜਾਈ ਵਾਲੀ ਫ਼ਸਲ ਲਈ ਨਮੀ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ।

ਬਰਾਨੀ ਹਾਲਾਤ ਵਿੱਚ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਸਮੇਂ ਬਾਰਸ਼ ਦੇ ਘੱਟ ਜਾਂ ਸਮੇਂ ਸਿਰ ਨਾ ਹੋਣ ਉੱਤੇ ਫ਼ਸਲਾਂ ਉੱਪਰ ਬੁਰਾ ਅਸਰ ਪੈਂਦਾ ਹੈ, ਜਿਸ ਨੂੰ ਘੱਟ ਕਰਨ ਲਈ 1 ਫ਼ੀਸਦੀ ਪੋਟਾਸ਼ੀਅਮ ਨਾਈਟਰੇਟ ਦੀ ਸਪਰੇਅ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਨਦੀਨਾਂ ਦੀ ਸਮੇਂ ਸਿਰ ਰੋਕਥਾਮ ਵੀ ਚੰਗੇ ਝਾੜ ਲਈ ਸਹਾਈ ਹੁੰਦੀ ਹੈ।

ਸੰਪਰਕ: 94654-20097

Advertisement
×