ਅਸ਼ੋਕ ਕੁਮਾਰ ਗਰਗ ਤੇ ਮਨਦੀਪ ਸਿੰਘ*
ਹਾੜ੍ਹੀ ਦੀਆਂ ਫ਼ਸਲਾਂ ਦੀ ਕਟਾਈ ਹੁਣ ਮੁਕੰਮਲ ਹੋ ਚੁੱਕੀ ਹੈ। ਇਸ ਲਈ ਹੁਣ ਢੁਕਵਾਂ ਸਮਾਂ ਹੈ ਜਦੋਂ ਕਿਸਾਨ ਸਾਉਣੀ ਦੌਰਾਨ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਦੀ ਸੁਚੱਜੀ ਵਿਉਂਤਬੰਦੀ ਕਰ ਸਕਦੇ ਹਨ। ਇਸ ਸਮੇਂ ਦੌਰਾਨ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਦੇ ਮਿਆਰੀ ਬੀਜ ਅਤੇ ਬਿਜਾਈ ਸਬੰਧੀ ਤਕਨੀਕੀ ਗਿਆਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ (ਪੀਏਯੂ) ਅਤੇ ਕ੍ਰਿਸ਼ੀ ਵਿਗਿਆਨ ਕੇਦਰਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਪੀਏਯੂ ਵੱਲੋਂ ਤਿਆਰ ਸਾਉਣੀ ਦੀਆਂ ਫ਼ਸਲਾਂ ਦੇ ਪ੍ਰਮਾਣਿਤ ਬੀਜ ਪੀਏਯੂ (ਗੇਟ ਨੰਬਰ-1) ਅਤੇ ਇਸ ਦੇ ਵੱਖ-ਵੱਖ ਕੇਂਦਰਾਂ (ਕ੍ਰਿਸ਼ੀ ਵਿਗਿਆਨ ਕੇਂਦਰ, ਖੇਤਰੀ ਖੋਜ ਕੇਂਦਰ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ) ਉਪਰ ਉਪਲਬੱਧ ਹਨ। ਕਿਸਾਨ, ਕ੍ਰਿਸ਼ੀ ਵਿਗਿਆਨ ਕੇਂਦਰਾਂ ਤੇ ਆ ਕੇ ਜਾਂ ਵਟਸਐਪ ਰਾਹੀਂ ਵੀ ਤਕਨੀਕੀ ਸਲਾਹ ਮਸ਼ਵਰਾ ਕਰ ਕੇ ਸਾਉਣੀ ਦੀਆਂ ਫ਼ਸਲਾਂ ਦੀ ਢੁੱਕਵੀਂ ਵਿਉਂਤਬੰਦੀ ਕਰ ਸਕਦੇ ਹਨ।
ਝੋਨਾ: ਪਾਣੀ ਦੀ ਬੱਚਤ ਲਈ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਪਾਣੀ ਦੀ ਜ਼ਿਆਦਾ ਬੱਚਤ ਲਈ ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਗ਼ੈਰ-ਪ੍ਰਮਾਣਿਤ ਕਿਸਮਾਂ ਜਿਵੇਂ ਕਿ ਪੂਸਾ-44, ਪੀਲੀ ਪੂਸਾ ਆਦਿ ਦੀ ਕਾਸ਼ਤ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਹ ਕਿਸਮਾਂ ਨੂੰ ਲਗਾਉਣ ਵਿੱਚ ਪਾਣੀ, ਖਾਦਾਂ, ਕੀਟਨਾਸ਼ਕਾਂ ਅਤੇ ਲੇਬਰ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ। ਪੀਆਰ 129 ਪਰਮਲ ਝੋਨੇ ਦੀ ਪੁਰਾਣੀ ਕਿਸਮ ਪੀਏਯੂ 201 ਦਾ ਸੋਧਿਆ ਹੋਇਆ ਰੂਪ ਹੈ ਜੋ ਕਿ ਲੁਆਈ ਤੋਂ ਤਕਰੀਬਨ 108 ਦਿਨਾਂ ਬਾਅਦ ਪੱਕ ਜਾਂਦੀ ਹੈ ਅਤੇ ਝੁਲਸ ਰੋਗ ਦੇ ਦਸ ਦੇ ਕਰੀਬ ਜੀਵਾਣੂੰਆਂ ਦਾ ਟਾਕਰਾ ਕਰ ਸਕਦੀ ਹੈ। ਇਸ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਸ ਦੀ ਪਨੀਰੀ ਨੂੰ 20-25 ਮਈ ਵਿਚਕਾਰ ਬੀਜ ਦੇਣਾ ਚਾਹੀਦਾ ਹੈ। ਇਸ ਕਿਸਮ ਦੇ ਨਾਲ ਮਿਲਦੀ ਕਿਸਮ ਪੀ ਆਰ 128 ਜੋ ਕਿ 111 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ 30.5 ਕੁਇੰਟਲ ਪ੍ਰਤੀ ਏਕੜ ਦਾ ਔਸਤਨ ਝਾੜ ਦਿੰਦੀ ਹੈ, ਵੀ ਬੀਜੀ ਜਾ ਸਕਦੀ ਹੈ। ਇਨ੍ਹਾਂ ਦੋਵਾਂ ਕਿਸਮਾਂ ਨੂੰ ਪਿਛਲੇ ਸਾਲ ਹੀ ਮਾਨਤਾ ਦਿੱਤੀ ਗਈ ਸੀ। ਇਸ ਤੋਂ ਇਲਾਵਾ ਹੋਰ ਕਿਸਮਾਂ ਜਿਵੇਂ ਕਿ ਪੀ ਆਰ 127, ਪੀ ਆਰ 126, ਪੀ ਆਰ 124, ਪੀ ਆਰ 122, ਪੀ ਆਰ 121, ਪੀ ਆਰ 114 ਆਦਿ ਵੀ ਝੋਨੇ ਦੀਆਂ ਪ੍ਰਮਾਣਿਤ ਕਿਸਮਾਂ ਹਨ। ਇਨ੍ਹਾਂ ਕਿਸਮਾਂ ਵਿਚੋਂ ਪੀ ਆਰ 122, ਪੀ ਆਰ 121 ਅਤੇ ਪੀ ਆਰ 114 ਦੀ ਪਨੀਰੀ ਨੂੰ 20-25 ਮਈ ਵਿਚਕਾਰ, ਪੀ ਆਰ 124 ਅਤੇ ਪੀ ਆਰ 127 ਦੀ ਪਨੀਰੀ 25-31 ਮਈ ਵਿਚਕਾਰ ਅਤੇ ਪੀ ਆਰ 126 ਦੀ ਪਨੀਰੀ 25 ਮਈ ਤੋਂ 5 ਜੂਨ ਵਿਚਕਾਰ ਬੀਜਣੀ ਚਾਹੀਦੀ ਹੈ। ਪੀ ਆਰ 124 ਅਤੇ 126 ਤੋਂ ਜ਼ਿਆਦਾ ਝਾੜ ਅਤੇ ਚੰਗੀ ਕੁਆਲਟੀ ਲਈ 25-30 ਦਿਨਾਂ ਦੀ ਪਨੀਰੀ ਹੀ ਲਗਾਉਣੀ ਚਾਹੀਦੀ ਹੈ। ਖ਼ਾਦਾਂ ਦੀ ਵਰਤੋਂ ਮਿੱਟੀ ਦੀ ਪਰਖ਼ ਕਰਵਾ ਕੇ ਹੀ ਕਰਨੀ ਚਾਹੀਦੀ ਹੈ ਜੋ ਕਿ ਨੇੜੇ ਦੀ ਭੌਂ ਪਰਖ਼ ਪ੍ਰਯੋਗਸ਼ਾਲਾ ਤੋਂ ਕਰਵਾਈ ਜਾ ਸਕਦੀ ਹੈ। ਜੇ ਕਣਕ ਨੂੰ ਸਿਫਾਰਿਸ਼ ਕੀਤੀ ਫ਼ਾਸਫੋ਼ਰਸ ਦੀ ਖਾਦ ਪਾਈ ਗਈ ਹੋਵੇ ਤਾਂ ਸਾਉਣੀ ਦੌਰਾਨ ਝੋਨੇ ਨੂੰ ਫ਼ਾਸਫੋ਼ਰਸ ਖਾਦ ਪਾਉਣ ਦੀ ਲੋੜ ਨਹੀਂ ਹੁੰਦੀ। ਪਨੀਰੀ ਬੀਜਣ ਤੋਂ ਪਹਿਲਾਂ ਪ੍ਰਤੀ ਏਕੜ 8 ਕਿਲੋ ਭਾਰੇ ਗਿੱਲੇ ਬੀਜ ਨੂੰ 24 ਗ੍ਰਾਮ ਸਪਰਿੰਟ 75 ਡਬਲਯੂ ਐਸ ਦਵਾਈ ਜਿਹੜੀ ਕਿ 80-120 ਮਿਲੀਲਿਟਰ ਪਾਣੀ ਵਿੱਚ ਘੋਲ ਕੇ ਤਿਆਰ ਕੀਤੀ ਹੋਵੇ, ਨਾਲ ਸੋਧ ਲਵੋ। ਇਹ ਉੱਲੀਨਾਸ਼ਕ ਯੂਨੀਵਰਸਿਟੀ ਵੱਲੋਂ ਦਿੱਤੇ ਗਏ ਬੀਜਾਂ ਨਾਲ ਮੁਫ਼ਤ ਮਿਲਦੀ ਹੈ। ਕੱਦੂ ਕਰਨ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰ ਕਰ ਲਵੋ। ਖੇਤ ਵਿੱਚ ਲਗਾਤਾਰ ਪਾਣੀ ਖੜ੍ਹਾ ਰੱਖਣ ਦੀ ਲੋੜ ਨਹੀਂ। ਪਨੀਰੀ ਲਾਉਣ ਤੋਂ ਸਿਰਫ਼ 2 ਹਫਤੇ ਤੱਕ ਪਾਣੀ ਖੜ੍ਹਾ ਰਖੋ ਅਤੇ ਬਾਅਦ ਵਿੱਚ ਪਾਣੀ ਉਸ ਵੇਲੇ ਲਾਉ ਜਦੋਂ ਖੇਤ ਵਿੱਚ ਪਾਣੀ ਜਜ਼ਬ ਹੋਏ ਨੂੰ 2 ਦਿਨ ਹੋ ਗਏ ਹੋਣ। ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਮੌਸਮ ਨੂੰ ਦੇਖਦੇ ਹੋਏ ਤਰ-ਵੱਤਰ ਖੇਤ ਵਿੱਚ ਪਹਿਲਾ ਪਾਣੀ ਤਕਰੀਬਨ 3 ਹਫ਼ਤਿਆਂ ਬਾਅਦ ਲਗਾਉ ਅਤੇ ਅਗਲੇ ਪਾਣੀ 57 ਦਿਨਾਂ ਦੇ ਫਰਕ ਨਾਲ ਲਗਾਉ। ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਅਤੇ ਦੂਜਾ ਪਾਣੀ 4-5 ਦਿਨਾਂ ਬਾਅਦ ਲਗਾਉ। ਅਗਲੇ ਪਾਣੀ 5-7 ਦਿਨਾਂ ਦੇ ਫਰਕ ਨਾਲ ਲਗਾਏ ਜਾ ਸਕਦੇ ਹਨ। ਝੋਨੇ ਵਿੱਚ ਲੋੜ ਅਨੁਸਾਰ ਨਾਈਟ੍ਰੋਜਨ ਤੱਤ ਦੀ ਵਰਤੋਂ ਲਈ ਪੱਤਾ ਰੰਗ ਚਾਰਟ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਬਾਸਮਤੀ: ਪੀਏਯੂ ਵੱਲੋਂ ਸਾਲ 2021 ਦੌਰਾਨ ਬਾਸਮਤੀ ਦੀ ਨਵੀਂ ਕਿਸਮ ਪੰਜਾਬ ਬਾਸਮਤੀ-7 ਸਿਫਾਰਿਸ਼ ਕੀਤੀ ਗਈ ਹੈ। ਇਹ ਕਿਸਮ ਔਸਤਨ 19 ਕੁਇੰਟਲ ਪ੍ਰਤੀ ਏਕੜ ਦਾ ਝਾੜ ਦਿੰਦੀ ਹੈ। ਇਸ ਤੋਂ ਇਲਾਵਾ ਪੰਜਾਬ ਬਾਸਮਤੀ 5, ਪੰਜਾਬ ਬਾਸਮਤੀ 4, ਪੰਜਾਬ ਬਾਸਮਤੀ 3, ਪੂਸਾ ਬਾਸਮਤੀ 1509, ਪੂਸਾ ਬਾਸਮਤੀ 1121 ਆਦਿ ਬਾਸਮਤੀ ਦੀਆਂ ਸਿਫਾਰਿਸ ਕਿਸਮਾਂ ਹਨ ਜਿਨ੍ਹਾਂ ਦਾ ਔਸਤਨ ਝਾੜ ਕ੍ਰਮਵਾਰ 15.0, 17.0, 16.0, 15.7, 13.7 ਕੁਇੰਟਲ ਪ੍ਰਤੀ ਏਕੜ ਹੈ। ਇਹਨਾਂ ਸਾਰੀਆਂ ਕਿਸਮਾਂ ਦੀ ਪਨੀਰੀ ਜੂਨ ਦੇ ਪਹਿਲੇ ਪੰਦਰਵਾੜੇ ਤੱਕ ਬੀਜ ਦਿਉ, ਕੇਵਲ ਪੂਸਾ ਬਾਸਮਤੀ 1509 ਦੀ ਪਨੀਰੀ ਨੂੰ ਜੂਨ ਦੇ ਦੂਜੇ ਪੰਦਰਵਾੜੇ ਵਿੱਚ ਬੀਜੋ।
ਨਰਮਾ: ਨਰਮੇ ਦੀਆਂ ਸਿਫ਼ਾਰਸ਼ ਹਾਈਬ੍ਰਿਡ ਕਿਸਮਾਂ ਦੀ ਬਿਜਾਈ ਹਰ ਹਾਲਤ ਵਿੱਚ 15 ਮਈ ਤੱਕ ਪੂਰੀ ਕਰ ਦਿਉ। ਫ਼ਸਲ ਦੇ ਵਧੀਆ ਜੰਮ ਅਤੇ ਵਾਧੇ ਲਈ ਭਰਵੀਂ ਰੌਣੀ ਜ਼ਰੂਰ ਕਰੋ। ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ 4-6 ਹਫ਼ਤੇ ਬਾਅਦ ਲਗਾਉ। ਫ਼ਸਲ ਵਿੱਚ ਫੁੱਲ ਪੈਣ ਦੀ ਸ਼ੁਰੂਆਤ ਤੋਂ ਬਾਅਦ ਪੋਟਾਸ਼ੀਅਮ ਨਾਈਟ੍ਰੇਟ (13:0:45) ਦੇ 2 ਪ੍ਰਤੀਸ਼ਤ ਘੋਲ ਕੇ ਹਫ਼ਤੇ-ਹਫ਼ਤੇ ਦੇ ਫ਼ਰਕ ’ਤੇ ਚਾਰ ਛਿੜਕਾਅ ਕਰਨ ਨਾਲ ਵੱਧ ਝਾੜ ਲਿਆ ਜਾ ਸਕਦਾ ਹੈ। ਪੱਤਿਆਂ ਦੀ ਲਾਲੀ ਨੂੰ ਰੋਕਣ ਲਈ 1 ਪ੍ਰਤੀਸ਼ਤ ਮੈਂਗਨੀਸ਼ੀਅਮ ਸਲਫੇਟ (1 ਕਿਲੋ ਮੈਂਗਨੀਸ਼ੀਅਮ ਸਲਫੇਟ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ) ਪ੍ਰਤੀ ਏਕੜ ਦੋ ਸਪਰੇਅ 15 ਦਿਨਾਂ ਦੇ ਵਕਫ਼ੇ ’ਤੇ ਕਰਨ ਨਾਲ ਵੀ ਵੱਧ ਝਾੜ ਲਿਆ ਜਾ ਸਕਦਾ ਹੈ। ਯੂਰੀਆ ਦੀ ਵੱਧ ਮਾਤਰਾ ਨਾ ਵਰਤੋ, ਇਸ ਨਾਲ ਕੀੜੇ ਮਕੌੜੇ ਵੱਧ ਹਮਲਾ ਕਰਦੇ ਹਨ। ਚਿੱਟੀ ਮੱਖੀ ਦੀ ਰੋਕਥਾਮ ਲਈ ਲਗਾਤਾਰ ਸਰਵੇਖਣ ਕਰੋ ਅਤੇ ਆਪ ਬਣਾਏ ਜਾਂ ਬਣੇ ਬਣਾਏ ਕੀਟਨਾਸ਼ਕਾਂ ਦੇ ਮਿਸ਼ਰਨ ਦੀ ਵਰਤੋਂ ਨਾ ਕਰੋ।
ਮੱਕੀ: ਪੀਐਮਐਚ 13 ਅਤੇ ਏ ਡੀ ਵੀ 9293 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਪ੍ਰਮਾਣਿਤ ਸੇਂਜੂ ਮੱਕੀ ਦੀਆਂ ਲੰਮਾ ਸਮਾਂ ਲੈਣ ਵਾਲੀਆਂ ਨਵੀਆਂ ਦੋਗਲੀਆਂ ਕਿਸਮਾਂ ਹਨ। ਇਹ ਦੋਵੇਂ ਕਿਸਮਾਂ 97 ਦਿਨਾਂ ਵਿੱਚ ਪੱਕ ਜਾਂਦੀਆਂ ਹਨ ਅਤੇ ਕ੍ਰਮਵਾਰ 24.0 ਅਤੇ 24.5 ਕੁਇੰਟਲ ਪ੍ਰਤੀ ਏਕੜ ਔਸਤ ਝਾੜ ਦਿੰਦੀਆਂ ਹਨ। ਇਸ ਤੋਂ ਇਲਾਵਾ ਲੰਮਾ ਸਮਾਂ ਲੈਣ ਵਾਲੀਆਂ ਹੋਰ ਕਿਸਮਾਂ ਜਿਵੇਂ ਕਿ ਜੇ ਸੀ 12, ਪੀ ਐਮ ਐਚ 11, ਪੀ ਐਮ ਐਚ 1 ਅਤੇ ਪ੍ਰਭਾਤ ਹਨ ਜੋ ਕਿ ਕ੍ਰਮਵਾਰ 18.2, 22.0, 21.0 ਅਤੇ 17.5 ਕੁਇੰਟਲ ਪ੍ਰਤੀ ਏਕੜ ਔਸਤਨ ਝਾੜ ਦਿੰਦੀਆਂ ਹਨ। ਦਰਮਿਆਨੀ ਸਮੇਂ ਵਾਲੀ ਨਵੀਂ ਕਿਸਮ ਜੇ ਸੀ 4 ਵੀ ਤਕਰੀਬਨ 90 ਦਿਨਾਂ ਵਿੱਚ ਪੱਕਦੀ ਹੈ, ਜੋ ਕਿ ਸੇਂਜੂ ਅਤੇ ਕੰਢੀ ਇਲਾਕਿਆਂ ਲਈ ਢੁੱਕਵੀਂ ਹੈ। ਇਸ ਕਿਸਮ ਦੀ ਰੋਟੀ ਮੁਲਾਇਮ ਤੇ ਸੁਆਦਲੀ ਬਣਦੀ ਹੈ। ਇਨ੍ਹਾਂ ਕਿਸਮਾਂ ਦੀ ਬਿਜਾਈ ਮਈ ਦੇ ਆਖ਼ਰੀ ਹਫ਼ਤੇ ਤੋਂ ਅਖ਼ੀਰ ਜੂਨ ਤੱਕ ਪੂਰੀ ਕਰ ਲਓ। ਲੋੜ ਅਨੁਸਾਰ ਯੂਰੀਆ ਖਾਦ ਲਈ ਪੱਤਾ ਰੰਗ ਚਾਰਟ ਦੀ ਵਰਤੋਂ ਕਰੋ।
*ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ (ਸੰਗਰੂਰ)।