ਜਸਵਿੰਦਰ ਸੰਧੂ
ਕੁਦਰਤ ਨੇ ਧਰਤੀ ’ਤੇ ਬਹੁਤ ਹੀ ਹੁਸੀਨ ਤੋਹਫ਼ੇ ਪ੍ਰਦਾਨ ਕੀਤੇ ਹਨ। ਭਾਰਤ ਦੀ ਸਰਜ਼ਮੀਨ ’ਤੇ ਪਰਮਾਤਮਾ ਨੇ ਹਰ ਰੰਗ ਬਖ਼ਸ਼ਿਆ ਹੈ, ਪਹਾੜ, ਮੈਦਾਨ, ਸਮੁੰਦਰ, ਮਾਰੂਥਲ ਹਰ ਤਰ੍ਹਾਂ ਦਾ ਭੂਗੋਲਿਕ ਖਿੱਤਾ ਵੇਖਣ ਨੂੰ ਮਿਲਦਾ ਹੈ। ਇੱਕ ਪਾਸੇ ਕਸ਼ਮੀਰ ਵਿੱਚ ਬਰਫ਼ਾਂ ਲੱਦੇ ਪਹਾੜ ਅਤੇ ਦੂਜੇ ਪਾਸੇ ਦੱਖਣ ਵਿੱਚ ਸਮੁੰਦਰੀ ਤੱਟ। ਦੋਵਾਂ ਸਿਰਿਆਂ ਦੇ ਜਲਵਾਯੂ ਵਿੱਚ ਵੀ ਅਸਾਧਾਰਨ ਵਖਰੇਵਾਂ ਹੈ। ਸਰਦੀ ਵਿੱਚ ਉੱਤਰੀ ਭਾਰਤ ਦੇ ਪਹਾੜੀ ਖਿੱਤੇ ਦਾ ਤਾਪਮਾਨ ਜਮਾਉ ਦਰਜੇ ਤੋਂ ਵੀ ਹੇਠਾਂ ਹੁੰਦਾ ਹੈ, ਦੂਜੇ ਪਾਸੇ ਦੱਖਣ ਵਿੱਚ ਗਰਮੀ ਦਾ ਮੌਸਮ ਹੁੰਦਾ ਹੈ। ਇਨ੍ਹਾਂ ਵਿੱਚੋਂ ਇੱਕ ਰੰਗ ਵੇਖਣ ਲਈ ਸਾਡਾ ਪ੍ਰੋਗਰਾਮ ਕੇਰਲ ਜਾਣ ਦਾ ਬਣਿਆ।
ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ ਵਿਖੇ ਚੌਥੀਆਂ ਮਾਸਟਰਜ਼ ਨੈਸ਼ਨਲ ਖੇਡਾਂ ਹੋ ਰਹੀਆਂ ਸਨ ਜਿਸ ਵਿੱਚ ਸ਼ਾਮਲ ਹੋਣ ਲਈ ਅਸੀਂ ਉੱਥੇ ਜਾਣਾ ਸੀ। ਖੇਡਾਂ ਤੋਂ ਇੱਕ ਦਿਨ ਪਹਿਲਾਂ ਦਿੱਲੀਉਂ ਹਵਾਈ ਜ਼ਹਾਜ ਰਾਹੀਂ ਅੱਧੀ ਰਾਤ ਨੂੰ ਅਸੀਂ ਤਿਰੂਵਨੰਤਪੁਰਮ ਦੇ ਹਵਾਈ ਅੱਡੇ ’ਤੇ ਜਾ ਉੱਤਰੇ। ਟੈਕਸੀ ਲੈ ਕੇ ਅਗਾਊਂ ਬੁੱਕ ਕੀਤੇ ਫਲੈਟ ਵਿੱਚ ਪਹੁੰਚ ਗਏ। ਘੁਮੱਕੜ ਪ੍ਰਵਿਰਤੀ ਹੋਣ ਕਰਕੇ ਤਕਨਾਲੋਜੀ ਦੀ ਵਰਤੋਂ ਕਰ ਕੇ ਅਕਸਰ ਪੈਸੇ ਬਚਾਉਣ ਦਾ ਜੁਗਾੜ ਚਲਦਾ ਰਹਿੰਦਾ ਹੈ। ਬਹੁਤ ਸਾਰੀਆਂ ਵੈੱਬਸਾਈਟਜ਼ ਤੋਂ ਤੁਸੀਂ ਇਹ ਫਲੈਟ ਜਾਂ ਹੋਮ ਸਟੇਅ ਬੁੱਕ ਕਰ ਸਕਦੇ ਹੋ। ਅਸੀਂ ਦੋ ਕਮਰਿਆਂ ਵਾਲਾ ਇਹ ਫਲੈਟ ਦੋ ਹਜ਼ਾਰ ਪ੍ਰਤੀ ਦਿਨ ਵਿੱਚ ਬੁੱਕ ਕੀਤਾ ਸੀ ਜਿਸ ਵਿੱਚ 6 ਵਿਅਕਤੀ ਰੁਕ ਸਕਦੇ ਹਨ। ਦੇਰ ਰਾਤ ਸੌਂ ਕੇ ਸਵੇਰੇ ਅਸੀਂ ਨਿਰਧਾਰਤ ਸਮੇਂ ਖੇਡਾਂ ਦੇ ਉਦਘਾਟਨੀ ਸਮਾਗਮ ਵਿੱਚ ਪਹੁੰਚਣਾ ਸੀ। ਪੰਜਾਬ ਮਾਸਟਰਜ਼ ਗੇਮਜ਼ ਫੈਡਰੇਸ਼ਨ ਦਾ ਉਪ-ਪ੍ਰਧਾਨ ਹੋਣ ਕਰਕੇ ਪੰਜਾਬ ਵੱਲੋਂ ਮੇਰੀ ਡਿਊਟੀ ਲੱਗੀ ਸੀ। ਮੇਰੇ ਨਾਲ ਏਸ਼ੀਅਨ ਮਾਸਟਰਜ਼ ਖੇਡਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰ ਚੁੱਕਿਆ ਸਾਡਾ ਪੰਜਾਬ ਦਾ ਅਥਲੀਟ ਈਸ਼ਵਰ ਪੰਡਿਤ ਵੀ ਖੇਡਾਂ ਵਿੱਚ ਭਾਗ ਲੈ ਰਿਹਾ ਸੀ। ਚਰਨਜੀਤ ਸਿੰਘ ਤੇ ਜਤਿੰਦਰ ਔਲਖ ਵੀ ਸਾਡੇ ਨਾਲ ਸਨ।
ਮਾਸਟਰਜ਼ ਨੈਸ਼ਨਲ ਖੇਡਾਂ ਅਸਲ ਵਿੱਚ ਜ਼ਿੰਦਾਦਿਲ ਲੋਕਾਂ ਦਾ ਮੇਲਾ ਹਨ ਕਿਉਂਕਿ ਇਨ੍ਹਾਂ ਖੇਡਾਂ ਵਿੱਚ 30 ਸਾਲ ਤੋਂ ਉੱਪਰ ਦੀ ਉਮਰ ਦੇ ਲੋਕ ਹਿੱਸਾ ਲੈਂਦੇ ਹਨ। ਹਰਿਆਣੇ ਤੋਂ 106 ਸਾਲ ਉਮਰ ਦੀ ਇੱਕ ਮੁਟਿਆਰ ਹਿੱਸਾ ਲੈਣ ਆਈ ਸੀ ਜਿਸ ਦਾ ਨਾਮ ਰਾਮਬਾਈ ਹੈ। ਮੁਟਿਆਰ ਇਸ ਲਈ ਕਿਉਂਕਿ ਇਸ ਉਮਰ ਵਿੱਚ ਖੇਡਾਂ ਵਿੱਚ ਹਿੱਸਾ ਲੈਣਾ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ। ਇਸ ਉਮਰ ਦੇ ਜਾਂ ਇਸ ਤੋਂ ਘੱਟ ਉਮਰ ਦੇ ਹੋਰ ਵੀ ਬਹੁਤ ਸਾਰੇ ਖਿਡਾਰੀ ਮਿਲੇ, ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਹੈ।
ਕੇਰਲ ਵਾਸੀਆਂ ਨੇ ਕੁਦਰਤ ਨੂੰ ਇਸ ਤਰ੍ਹਾਂ ਸਾਂਭਿਆ ਹੈ ਕਿ ਵੇਖ ਕੇ ਮਨ ਬਾਗ਼ੋ-ਬਾਗ਼ ਹੋ ਜਾਂਦਾ ਹੈ। ਤਿਰੂਵਨੰਤਪੁਰਮ ਕੇਰਲ ਦੀ ਰਾਜਧਾਨੀ ਹੈ ਤੇ ਸ਼ਹਿਰ ਵਿੱਚ ਹਰਿਆਲੀ ਬਹੁਤ ਜ਼ਿਆਦਾ ਹੈ। ਹਰ ਘਰ ਹਰ ਦਫ਼ਤਰ ਵਿੱਚ ਅੱਠ-ਦਸ ਅਲੱਗ-ਅਲੱਗ ਵੰਨਗੀਆਂ ਦੇ ਦਰਖ਼ਤ ਲੱਗੇ ਮਿਲਦੇ ਹਨ ਜਿਨ੍ਹਾਂ ਵਿੱਚ ਬਹੁਤੇ ਨਾਰੀਅਲ ਦੇ ਹਨ। ਮੈਂ ਸਵੇਰੇ ਉੱਠ ਕੇ ਬਾਲਕੋਨੀ ਵਿੱਚੋਂ ਨਜ਼ਰ ਮਾਰੀ ਤਾਂ ਚਾਰੇ ਪਾਸੇ ਹਰਿਆਲੀ ਨਜ਼ਰ ਆਈ। ਕੇਰਲ ਵਿੱਚ ਲੋਕਾਂ ਨੇ ਬਿਨਾਂ ਦਰਖ਼ਤ ਕੱਟੇ ਉਸਾਰੀਆਂ ਕੀਤੀਆਂ ਹਨ। ਫ਼ਰਕ ਸਿਰਫ਼ ਸੋਚ ਦਾ ਹੈ। ਕੇਰਲ ਭਾਰਤ ਦਾ ਸਭ ਤੋਂ ਵੱਧ ਪੜ੍ਹੇ ਲਿਖੇ ਲੋਕਾਂ ਦਾ ਸੂਬਾ ਹੈ। ਰਾਜਧਾਨੀ ਦੀ ਟਰੈਫਿਕ ਵੀ ਬੜੇ ਸੁਚਾਰੂ ਢੰਗ ਨਾਲ ਚਲਦੀ ਹੈ। ਇੱਕ ਹਫ਼ਤੇ ਵਿੱਚ ਮੈਂ ਉੱਥੇ ਹਾਰਨ ਵਜਦਾ ਨਹੀਂ ਸੁਣਿਆ ਸਿਵਾਏ ਐਂਬੂਲੈਂਸ ਦੇ। ਸਾਡੇ ਲੋਕਾਂ ਨੂੰ ਉਨ੍ਹਾਂ ਤੋਂ ਸਬਕ ਲੈਣਾ ਚਾਹੀਦਾ ਹੈ। ਟੈਕਸੀਆਂ ਦੀ ਰਫ਼ਤਾਰ ਵੀ ਨਿਰਧਾਰਿਤ ਹੈ, ਡਰਾਈਵਰ ਉਸ ਤੋਂ ਵੱਧ ਰਫ਼ਤਾਰ ’ਤੇ ਗੱਡੀ ਨਹੀਂ ਚਲਾਉਂਦੇ।
ਤਿਰੂਵਨੰਤਪੁਰਮ ਵਿੱਚ ਵੇਖਣਯੋਗ ਥਾਵਾਂ ਵਿੱਚੋਂ ਕੁਝ ਪ੍ਰਮੁੱਖ ਥਾਵਾਂ ’ਤੇ ਅਸੀਂ ਗਏ। ਸ੍ਰੀ ਪਦਮਨਾਭਸਵਾਮੀ ਮੰਦਰ ਭਗਵਾਨ ਵਿਸ਼ਨੂੰ ਦਾ ਮੰਦਰ ਹੈ ਜਿਸ ਨੂੰ ਦੁਨੀਆਂ ਦਾ ਸਭ ਤੋਂ ਅਮੀਰ ਮੰਦਰ ਮੰਨਿਆ ਜਾਂਦਾ ਹੈ। ਦ੍ਰਾਵਿੜ ਸ਼ੈਲੀ ਦਾ ਇਹ ਮੰਦਰ ਆਪਣੀ ਇਮਾਰਤਸਾਜ਼ੀ ਅਤੇ ਦੌਲਤ ਲਈ ਵਿਸ਼ਵ ਪ੍ਰਸਿੱਧ ਹੈ। ਸ਼ਹਿਰ ਤੋਂ ਲਗਭਗ ਦੋ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਇਹ ਮੰਦਰ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਇਸ ਮੰਦਰ ਦੇ ਨਿਰਮਾਣ ਸਬੰਧੀ ਇਤਿਹਾਸਕਾਰਾਂ ਦੇ ਵੱਖੋ-ਵੱਖਰੇ ਮੱਤ ਹਨ। ਕੁਝ ਇਤਿਹਾਸਕਾਰਾਂ ਦੇ ਮੱਤ ਅਨੁਸਾਰ ਇਹ ਮੰਦਰ 8ਵੀਂ ਸਦੀ ਵਿੱਚ ਬਣਿਆ ਹੈ, ਪਰ ਇਸ ਦਾ ਮੌਜੂਦਾ ਢਾਂਚਾ 18ਵੀਂ ਸਦੀ ਵਿੱਚ ਟਰੈਵਨਕੋਰ ਦੇ ਮਹਾਰਾਜਾ ਮਾਰਤੰਡਾ ਵਰਮਾ ਨੇ ਬਣਾਇਆ ਸੀ ਤੇ ਉਦੋਂ ਤੋਂ ਹੀ ਇਸ ਮੰਦਰ ਨੂੰ ਟਰੈਵਨਕੋਰ ਸ਼ਾਹੀ ਪਰਿਵਾਰ ਦੇ ਵੰਸ਼ ਵੱਲੋਂ ਨਿਰਧਾਰਿਤ ਟਰੱਸਟ ਚਲਾ ਰਿਹਾ ਹੈ। ਸ੍ਰੀ ਪਦਮਨਾਭਸਵਾਮੀ ਮੰਦਰ 108 ਦਿਵਿਆ ਦੇਸਾਂ (ਭਗਵਾਨ ਵਿਸ਼ਨੂੰ ਦੇ ਪਵਿੱਤਰ ਅਸਥਾਨਾਂ) ਵਿੱਚੋਂ ਇੱਕ ਹੈ। ਇਹ ਮੰਦਰ ਸੱਤ ਮੰਜ਼ਿਲਾ ਗੋਪੁਰਮ ਜਾਂ ਪਾਵਨ ਅਸਥਾਨ ਹੈ ਜੋ ਪੂਰਬੀ ਪ੍ਰਵੇਸ਼ ਦੁਆਰ ’ਤੇ ਬਣਿਆ ਅਤੇ ਲਗਭਗ 35 ਮੀਟਰ ਉੱਚਾ ਹੈ। ਇਸ ਢਾਂਚੇ ਉੱਪਰ ਸੱਤ ਸੁਨਹਿਰੀ ਗੁੰਬਦ ਹਨ। ਗੋਪੁਰਮ ਦੀ ਪਹਿਲੀ ਮੰਜ਼ਿਲ ਪ੍ਰਵੇਸ਼ ਦੁਆਰ ਹਨ ਜੋ ਮਨੁੱਖੀ ਸਰੀਰ ਦੇ ਨੌਂ ਧੁਰਿਆਂ ਨੂੰ ਦਰਸਾਉਂਦੇ ਹਨ।
ਇਹ ਮੰਦਰ ਉਦੋਂ ਪੂਰੇ ਵਿਸ਼ਵ ਵਿੱਚ ਚਰਚਾ ਦਾ ਕੇਂਦਰ ਬਣਿਆ ਜਦੋਂ 2011 ਵਿੱਚ ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਮੰਦਰ ਦੇ ਬੇਹਿਸਾਬ ਖ਼ਜ਼ਾਨਿਆਂ ਦੀ ਗਿਣਤੀ ਕਰਨ ਦਾ ਆਦੇਸ਼ ਦੇਣ ਲਈ ਕਿਹਾ। ਸੁਪਰੀਮ ਕੋਰਟ ਨੇ ਛੇ ਤਿਜੋਰੀਆਂ ਖੋਲ੍ਹਣ ਲਈ ਸ੍ਰੀ ਪਦਮਨਾਭਸਵਾਮੀ ਮੰਦਰ ਦੇ ਟਰੈਵਨਕੋਰ ਟਰੱਸਟ ਦੇ ਟਰੱਸਟੀ ਦੀ ਮੌਜੂਦਗੀ ਵਿੱਚ ਸੱਤ ਮੈਂਬਰੀ ਟੀਮ ਭੇਜੀ। ਤਿਜੋਰੀਆਂ ਵਿੱਚ ਸੋਨੇ ਦੀਆਂ ਬੋਰੀਆਂ, ਹੀਰੇ, ਹੋਰ ਕੀਮਤੀ ਜਵਾਹਰਾਤ, ਪੱਥਰ ਦੀਆਂ ਮੂਰਤੀਆਂ, ਕੀਮਤੀ ਧਾਤਾਂ ਦੇ ਬਣੇ ਤਖ਼ਤ ਸਨ ਜਿਨ੍ਹਾਂ ਦੀ ਕੀਮਤ ਇੱਕ ਦਸ ਖਰਬ (ਟ੍ਰਿਲੀਅਨ) ਰੁਪਏ ਆਂਕੀ ਗਈ ਸੀ। ਇਹ ਸਿਰਫ਼ ਏ ਸੈਕਸ਼ਨ ਵਿੱਚ ਹੀ ਸੀ, ਬੀ ਸੈਕਸ਼ਨ ਇਸ ਲਈ ਨਹੀਂ ਖੋਲ੍ਹਿਆ ਗਿਆ ਕਿਉਂਕਿ ਇੱਕ ਮਾਨਤਾ ਅਨੁਸਾਰ ਇਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਨ ਵਾਲਾ ਬਦਕਿਸਮਤੀ ਨੂੰ ਸੱਦਾ ਦੇਵੇਗਾ।
ਤਿਰੂਵਨੰਤਪੁਰਮ ਵਿੱਚ ਦੂਸਰੀ ਸਭ ਤੋਂ ਮਹੱਤਵਪੂਰਨ ਵੇਖਣ ਵਾਲੀ ਜਗ੍ਹਾ ਹੈ ਕੋਵਲਮ ਬੀਚ। ਇਹ ਸ਼ਹਿਰ ਤੋਂ 13 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਕੋਵਲਮ ਦਾ ਅਰਥ ਹੈ ਨਾਰੀਅਲ ਦਾ ਬਾਗ਼ ਤੇ ਨਾਰੀਅਲ ਦੇ ਦਰੱਖ਼ਤ ਇੱਥੇ ਆਮ ਵੇਖਣ ਨੂੰ ਮਿਲਦੇ ਹਨ। ਕੋਵਲਮ ਨੇ ਸਭ ਤੋਂ ਪਹਿਲਾਂ ਲੋਕਾਂ ਦਾ ਧਿਆਨ ਆਪਣੇ ਵੱਲ ਉਸ ਵੇਲੇ ਖਿੱਚਿਆ ਜਦੋਂ ਟਰੈਵਨਕੋਰ ਦੀ ਮਹਾਰਾਣੀ ਸੇਤੂ ਲਕਸ਼ਮੀ ਬਾਈ ਨੇ 1920 ਦੇ ਅੰਤ ਵਿੱਚ ਇੱਥੇ ਆਪਣਾ ਬੀਚ ਰਿਜ਼ੋਰਟ ਹੈਲਸੀਉਨ ਕਾਸਲ ਬਣਾਇਆ। ਇਸ ਤੋਂ ਬਾਅਦ ਇਸ ਸਥਾਨ ਨੂੰ ਉਸ ਦੇ ਭਤੀਜੇ ਟਰੈਵਨਕੋਰ ਦੇ ਮਹਾਰਾਜਾ ਨੇ ਲੋਕਾਂ ਵਿੱਚ ਹਰਮਨ ਪਿਆਰਾ ਕੀਤਾ ਅਤੇ 1930 ਦੇ ਆਸ-ਪਾਸ ਯੂਰਪੀਅਨ ਮਹਿਮਾਨਾਂ ਲਈ ਕੋਵਲਮ ਬੀਚ ਨੂੰ ਸੈਰ ਸਪਾਟੇ ਲਈ ਵਿਕਸਿਤ ਕੀਤਾ ਗਿਆ। 1970ਵਿਆਂ ਦੇ ਸ਼ੁਰੂ ਵਿੱਚ ਹਿੱਪੀ ਟ੍ਰੇਲ ਵਿੱਚ ਬਹੁਤ ਸਾਰੇ ਹਿੱਪੀ ਸਿਲੋਨ ਦੇ ਰਸਤੇ ਆਏ ਅਤੇ ਇਹ ਮੱਛੀ ਫੜਨ ਵਾਲਾ ਇੱਕ ਆਮ ਜਿਹਾ ਪਿੰਡ ਕੇਰਲ ਦਾ ਮਹੱਤਵਪੂਰਨ ਸੈਰ ਸਪਾਟਾ ਸਥਾਨ ਬਣ ਗਿਆ।
ਸਤਾਰਾਂ ਕਿਲੋਮੀਟਰ ਲੰਬੇ ਇਸ ਤੱਟਵਰਤੀ ਖੇਤਰ ਵਿੱਚ ਤਿੰਨ ਬੀਚ ਹਨ ਜਿਨ੍ਹਾਂ ਨੂੰ ਚੱਟਾਨਾਂ ਵੱਖ-ਵੱਖ ਕਰਦੀਆਂ ਹਨ। ਇਹ ਤਿੰਨੇ ਬੀਚ ਮਿਲ ਕੇ ਚੰਦਰਮਾ ਦਾ ਆਕਾਰ ਬਣਾਉਂਦੀਆਂ ਹਨ। ਸਭ ਤੋਂ ਵੱਧ ਸੈਲਾਨੀ ਦੱਖਣੀ ਹਿੱਸੇ ’ਤੇ ਬਣੇ ਲਾਈਟ ਹਾਊਸ ਬੀਚ ’ਤੇ ਆਉਂਦੇ ਹਨ। 35 ਮੀਟਰ ਉੱਚੀ ਕੁਰੂਮਲ ਪਹਾੜੀ ਦੇ ਸਿਖਰ ’ਤੇ ਪੁਰਾਣੇ ਵਿਜ਼ਨ-ਕਮ-ਲਾਈਟ ਹਾਊਸ ਕਰਕੇ ਇਸ ਬੀਚ ਦਾ ਨਾਂ ਲਾਈਟ ਹਾਊਸ ਬੀਚ ਪਿਆ। ਹਵਾ ਬੀਚ ਜਿਸ ਨੂੰ ਈਵਜ਼ ਬੀਚ ਵੀ ਕਿਹਾ ਜਾਂਦਾ ਹੈ। ਮਛੇਰਿਆਂ ਵੱਲੋਂ ਸਮੁੰਦਰ ਵੱਲ ਜਾਣ ਦੀਆਂ ਮੁੱਖ ਗਤੀਵਿਧੀਆਂ ਇਸੇ ਬੀਚ ਤੋਂ ਹੁੰਦੀਆਂ ਹਨ। ਤੀਜੀ ਬੀਚ ਨੂੰ ਸਮੁੰਦਰ ਕਿਹਾ ਜਾਂਦਾ ਹੈ। ਇਸ ਦੇ ਨਾਲ-ਨਾਲ ਸੈਂਕੜੇ ਦੁਕਾਨਾਂ ਬਣੀਆਂ ਹੋਈਆਂ ਹਨ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਰੈਸਤਰਾਂ, ਕੌਫੀ ਸ਼ਾਪਸ ਆਦਿ ਸ਼ਾਮਲ ਹਨ। ਸਮੁੰਦਰ ਕਿਨਾਰੇ ਬੈਠ ਕੇ ਖਾਣ-ਪੀਣ ਦਾ ਆਨੰਦ ਲੈਣ ਲਈ ਵਧੀਆ ਪ੍ਰਬੰਧ ਹੈ। ਮੀਂਹ ਪੈਂਦੇ ਵਿੱਚ ਅਸੀਂ ਵੀ ਖ਼ੂਬ ਆਨੰਦ ਮਾਣਿਆ ਅਤੇ ਉੱਠਦੀਆਂ ਲਹਿਰਾਂ ਕੋਲ ਜਾ ਕੇ ਭਿੱਜਣ ਦਾ ਆਨੰਦ ਵੀ ਲਿਆ। ਦੁਪਹਿਰ ਢਲ ਗਈ ਸੀ ਤੇ ਰੈਸਤਰਾਂ ਵਿੱਚ ਕੇਰਲਾ ਦੇ ਭੋਜਨ ਦਾ ਆਨੰਦ ਮਾਣਿਆ। ਸ਼ਾਮ ਢਲਦਿਆਂ ਅਸੀਂ ਵਾਪਸ ਜਾਣ ਦੀ ਤਿਆਰੀ ਕਰਨ ਲੱਗੇ। ਜਾਂਦੇ ਸਮੇਂ ਤਾਂ ਊਬਰ ਟੈਕਸੀ ਆਰਾਮ ਨਾਲ ਮਿਲ ਗਈ ਸੀ ਪਰ ਸ਼ਾਮ ਵੇਲੇ ਊਬਰ ’ਤੇ ਕੋਈ ਵੀ ਟੈਕਸੀ ਬੁੱਕ ਨਹੀਂ ਹੋ ਰਹੀ ਸੀ। ਫਿਰ ਸਾਨੂੰ ਜ਼ਿਆਦਾ ਪੈਸੇ ਖਰਚ ਕੇ ਲੋਕਲ ਟੈਕਸੀ ਬੁੱਕ ਕਰਨੀ ਪਈ।
ਤਿਰੂਵਨੰਤਪੁਰਮ ਤੋਂ ਬਾਅਦ ਸਾਡਾ ਅਗਲਾ ਪੜਾਅ ਸੀ ਐਲੇਪੀ ਸੀ ਜਿਸ ਨੂੰ ਐਲਾਪੂਜ਼ਾ ਵੀ ਕਿਹਾ ਜਾਂਦਾ ਹੈ। ਐਲੇਪੀ ਬੈਕ ਵਾਟਰਜ਼ ਲਈ ਪ੍ਰਸਿੱਧ ਹੈ। ਦਰਅਸਲ, ਸਮੁੰਦਰ ਤੋਂ ਵਾਪਸ ਆਇਆ ਪਾਣੀ ਤੇ ਦਰਿਆ ਦਾ ਪਾਣੀ ਮਿਲ ਕੇ ਬਹੁਤ ਵੱਡਾ ਝੀਲ ਨੁਮਾ ਪਾਣੀ ਦਾ ਸੋਮਾ ਬਣਾਉਂਦੇ ਹਨ ਜਿਸ ਨੂੰ ਬੈਕ ਵਾਟਰ ਕਿਹਾ ਜਾਂਦਾ ਹੈ। ਐਲੇਪੀ ਵਿੱਚ ਬੈਕ ਵਾਟਰ ਰਾਹੀਂ ਬਹੁਤ ਵੱਡੀ ਝੀਲ ਦਾ ਨਿਰਮਾਣ ਹੋਇਆ ਹੈ ਜਿਸ ਵਿੱਚ ਹਾਊਸਬੋਟ ਅਤੇ ਹੋਰ ਪਾਣੀ ਵਾਲੀਆਂ ਰੋਮਾਂਚਿਕ ਖੇਡਾਂ ਕਰਵਾਈਆਂ ਜਾਂਦੀਆਂ ਹਨ। ਸੋ ਅਸੀਂ ਟੈਕਸੀ ਲੈ ਕੇ ਐਲੇਪੀ ਵੱਲ ਨਿਕਲ ਪਏ। ਦਸ ਕਿਲੋਮੀਟਰ ਜਾ ਕੇ ਪਤਾ ਲੱਗਾ ਕਿ ਐਲੇਪੀ ਵਿੱਚ ਬਹੁਤ ਵੱਡੀ ਕਾਨਫਰੰਸ ਚਲ ਰਹੀ ਹੈ ਜਿਸ ਵਿੱਚ ਲਗਭਗ 3 ਤੋਂ 4 ਲੱਖ ਲੋਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਹੋਣ ਕਾਰਨ ਬਹੁਤ ਵੱਡੇ-ਵੱਡੇ ਜਾਮ ਲੱਗੇ ਹੋਏ ਸਨ। ਸਾਡੇ ਕੋਲ ਦਿਨ ਘੱਟ ਸਨ ਅਤੇ ਅਸੀਂ ਅੱਗੇ ਮੁਨਾਰ ਵੀ ਜਾਣਾ ਸੀ। ਸੋ ਅਸੀਂ ਐਲੇਪੀ ਜਾਣਾ ਰੱਦ ਕਰਕੇ ਨੇੜੇ ਹੀ ਇੱਕ ਹੋਰ ਬੈਕਵਾਟਰ ਲਈ ਪ੍ਰਸਿੱਧ ਜਗ੍ਹਾ ਕੋਲ੍ਹਮ ਜਾਣ ਦਾ ਫ਼ੈਸਲਾ ਕੀਤਾ। ਕੋਲ੍ਹਮ ਵੱਲ ਟੈਕਸੀ ਮੋੜ ਕੇ ਆਸ-ਪਾਸ ਦੇ ਦ੍ਰਿਸ਼ ਦੇਖਦੇ ਮੰਜ਼ਿਲ ਵੱਲ ਵਧ ਰਹੇ ਸਾਂ। ਹਰਿਆਵਲ ਬਹੁਤ ਜ਼ਿਆਦਾ ਹੋਣ ਕਰਕੇ ਮਿੱਟੀ ਘੱਟੇ ਦਾ ਨਾਂ ਨਿਸ਼ਾਨ ਨਹੀਂ ਸੀ। ਦਿਨ ’ਚ ਇੱਕ ਦੋ ਵਾਰ ਮੀਂਹ ਵੀ ਜ਼ਰੂਰ ਪੈ ਜਾਂਦਾ ਹੈ। ਬੱਦਲਵਾਈ ਅਤੇ ਠੰਢੀ ਹਵਾ ਦੇ ਬੁੱਲੇ ਸਾਨੂੰ ਤਰੋਤਾਜ਼ਾ ਕਰ ਰਹੇ ਸਨ।
ਅਸੀਂ ਕੋਲ੍ਹਮ ਪਹੁੰਚ ਗਏ ਸਾਂ। ਕੋਲ੍ਹਮ ਬੈਕਵਾਟਰ ਕਰਕੇ ਮਸ਼ਹੂਰ ਹੈ, ਪਰ ਇੱਥੇ ਭੀੜ-ਭੜੱਕਾ ਨਹੀਂ ਸਗੋਂ ਬਹੁਤ ਸ਼ਾਂਤ ਵਾਤਾਵਰਨ ਹੈ। ਸਾਡੀ ਹਾਊਸਬੋਟ ਵਾਲਾ ਮੁੰਡਾ ਲਿਜ਼ੂ ਸਾਡੀ ਉਡੀਕ ਕਰ ਰਿਹਾ ਸੀ ਜਿਸ ਦੀ ਹਾਊਸਬੋਟ ਦਾ ਨਾਂ ਸੀ ਡਰੀਮ ਹਾਊਸ। ਹਾਊਸਬੋਟ ਇੱਕ ਕਿਸ਼ਤੀਨੁਮਾ ਘਰ ਹੈ ਜਿਸ ਵਿੱਚ ਦੋ ਕਮਰੇ, ਨਾਲ-ਜੁੜਵਾਂ ਵਾਸ਼ਰੂਮ, ਬਾਲਕੋਨੀ ਜਿਸ ਵਿੱਚ ਖਾਣੇ ਵਾਲਾ ਮੇਜ਼ ਅਤੇ ਕੁਰਸੀਆਂ ਲੱਗੀਆਂ ਹੋਈਆਂ ਸਨ ਤੇ ਇੱਕ ਰਸੋਈ ਘਰ ਸੀ। ਅਸੀਂ ਆਪਣਾ ਸਾਮਾਨ ਹਾਊਸਬੋਟ ਵਿੱਚ ਰੱਖਿਆ ਤੇ ਬਾਲਕੋਨੀ ਵਿੱਚ ਕੁਰਸੀਆਂ ’ਤੇ ਬੈਠ ਗਏ ਅਤੇ ਬੋਟ ਚੱਲ ਪਈ। ਝੀਲ ਦਾ ਨਾਂ ਅਸ਼ਟਮੁਡੀ ਸੀ। ਤੁਰਿਆਂ ਦਸ ਕੁ ਮਿੰਟ ਹੋਏ ਸਨ ਕਿ ਲਿਜ਼ੂ ਨੇ ਮੇਜ਼ ’ਤੇ ਚਾਹ ਨਾਲ ਦੋ ਤਿੰਨ ਤਰ੍ਹਾਂ ਦੇ ਪਕੌੜੇ ਸਾਡੇ ਮੂਹਰੇ ਲਿਆ ਰੱਖੇ ਜਿਨ੍ਹਾਂ ਵਿੱਚ ਸਭ ਤੋਂ ਖ਼ਾਸ ਸੀ ‘ਕੇਲੇ ਦੇ ਵੜੇ’ ਭਾਵ ਕੇਲੇ ਦੇ ਲੰਮੇ ਟੁਕੜੇ ਕੱਟ ਕੇ ਵੇਸਣ ਲਾ ਕੇ ਪਕੌੜੇ ਬਣਾਏ ਗਏ ਸਨ। ਇਹ ਕੇਰਲ ਦੀ ਹਰੇਕ ਦੁਕਾਨ ’ਤੇ ਉਪਲਬਧ ਹਨ। ਲਗਭਗ ਦੋ ਘੰਟੇ ਝੀਲ ਦਾ ਚੱਕਰ ਮਾਰ ਕੇ ਸਾਡੀ ਹਾਊਸਬੋਟ ਇੱਕ ਕਿਨਾਰੇ ’ਤੇ ਰੁਕੀ ਜਿੱਥੇ ਅਸੀਂ ਰਾਤ ਰੁਕਣਾ ਸੀ। ਰਾਤ ਨੂੰ ਹਾਊਸਬੋਟ ਵਾਲੇ ਆਪਣੇ ਪੱਕੇ ਟਿਕਾਣਿਆਂ ’ਤੇ ਰੁਕ ਜਾਂਦੇ ਹਨ ਤੇ ਬਿਜਲੀ ਦਾ ਕੁਨੈਕਸ਼ਨ ਦੇ ਕੇ ਏ.ਸੀ. ਚਲਾ ਦਿੰਦੇ ਹਨ। ਬਾਕੀ ਸਾਰਾ ਦਿਨ ਬੋਟ ਵਿੱਚ ਰੱਖੇ ਇਨਵਰਟਰ ਨਾਲ ਪੱਖੇ ਤੇ ਲਾਈਟਾਂ ਚੱਲਦੀਆਂ ਰਹਿੰਦੀਆਂ ਹਨ। ਸੁਹਾਵਣੀ ਸ਼ਾਮ ਦਾ ਆਨੰਦ ਪਾਣੀ ਵਿੱਚ ਮਾਣਦੇ ਮਾਣਦੇ ਪਤਾ ਹੀ ਨਾ ਲੱਗਾ, ਕਦੋਂ ਰਾਤ ਦੇ ਸਾਢੇ ਅੱਠ ਵੱਜ ਗਏ। ਰਾਤ ਦਾ ਖਾਣਾ ਸਾਡਾ ਇੰਤਜ਼ਾਰ ਕਰ ਰਿਹਾ ਸੀ ਜਿਸ ਵਿੱਚ ਕੇਰਲ ਦੀਆਂ ਸਬਜ਼ੀ ਦੀਆਂ ਦੋ-ਤਿੰਨ ਵੰਨਗੀਆਂ ਸਨ ਤੇ ਨਾਲ ਸੀ ਰੋਟੀ। ਕੇਰਲ ਵਿੱਚ ਰੋਟੀ ਪੈਕੇਟ ਵਿੱਚ ਮਿਲਦੀ ਹੈ ਜਿਸ ਵਿੱਚ 10 ਰੋਟੀਆਂ ਹੁੰਦੀਆਂ ਹਨ ਅੱਧ ਪੱਕੀਆਂ ਪਾਪੜ ਵਰਗੀਆਂ। ਇਨ੍ਹਾਂ ਨੂੰ ਤਵੇ ’ਤੇ ਸੇਕੋ ਤਾਂ ਫੁੱਲ ਜਾਂਦੀਆਂ ਹਨ। ਰੋਟੀ ਪਾਣੀ ਤੋਂ ਵਿਹਲੇ ਹੋ ਅਸੀਂ ਗੂੜ੍ਹੀ ਨੀਂਦ ਸੌਂ ਗਏ।
ਸਵੇਰੇ ਸੱਤ ਵਜੇ ਉੱਠੇ ਤਾਂ ਬੋਟ ਫਿਰ ਵਾਪਸੀ ਵੱਲ ਤੁਰ ਪਈ। ਚਾਹ ਦੀਆਂ ਚੁਸਕੀਆਂ ਲੈਂਦੇ ਲੈਂਦੇ ਅਸੀਂ ਅਸ਼ਟਮੁਡੀ ਝੀਲ ਦੇ ਦੂਸਰੇ ਪਾਸੇ ਦੀ ਆਪਣੇ ਰੁਖ਼ਸਤੀ ਅੱਡੇ ਵੱਲ ਵਧਣ ਲੱਗੇ। ਚਾਹ ਨਾਲ ਨਾਸ਼ਤੇ ਵਿੱਚ ਇਡਲੀ ਸਾਂਬਰ ਅਤੇ ਕੇਰਲਾ ਦੀ ਮਸ਼ਹੂਰ ਅੰਡਾ ਕਰੀ ਖਾ ਕੇ ਅਸੀਂ ਤਿਆਰ ਹੋ ਗਏ। ਉਦੋਂ ਤਕ ਸਾਡੀ ਬੋਟ ਆਪਣੀ ਆਖ਼ਰੀ ਮੰਜ਼ਿਲ ’ਤੇ ਪਹੁੰਚ ਗਈ।
ਸਾਡਾ ਅਗਲਾ ਪੜਾਅ ਮੁਨਾਰ ਸੀ ਜੋ ਕੇਰਲ ਦਾ ਇੱਕ ਪਹਾੜੀ ਸਥਾਨ ਹੈ ਤੇ ਜਿਸ ਨੂੰ ਚਾਹ ਦੇ ਬਾਗ਼ਾਂ ਵਜੋਂ ਪ੍ਰਸਿੱਧੀ ਪ੍ਰਾਪਤ ਹੈ। ਕੋਲ੍ਹਮ ਤੋਂ ਪਹਿਲਾਂ ਅਸੀਂ ਬੱਸ ਦਾ ਪਤਾ ਕੀਤਾ ਪਰ ਉਸ ਸਮੇਂ ਕੋਈ ਬੱਸ ਮੁਨਾਰ ਵੱਲ ਨਹੀਂ ਜਾਂਦੀ ਸੀ। ਕੋਲ੍ਹਮ ਛੋਟਾ ਸ਼ਹਿਰ ਹੋਣ ਕਰਕੇ ਟੈਕਸੀ ਦੇ ਜ਼ਿਆਦਾ ਵਿਕਲਪ ਨਹੀਂ ਸਨ। ਸਾਨੂੰ ਇੱਕ ਟੈਕਸੀ ਮਿਲ ਗਈ ਅਤੇ ਅਸੀਂ ਮੁਨਾਰ ਦੀਆਂ ਹੁਸੀਨ ਵਾਦੀਆਂ ਦੀ ਸੈਰ ਲਈ ਰਵਾਨਾ ਹੋ ਗਏ। ਕੇਰਲ ਦੇ ਲੋਕ ਟਰੈਫਿਕ ਨਿਯਮਾਂ ਦੇ ਬੜੇ ਪੱਕੇ ਹਨ। ਇਸ ਦਾ ਪਤਾ ਉਦੋਂ ਲੱਗਾ ਕਿ ਇੱਕ ਰੇਲਵੇ ਫਾਟਕ ਬੰਦ ਹੋਣ ਕਾਰਨ ਲੋਕਾਂ ਨੇ ਆਪਣੇ ਵਾਹਨ ਇੱਕ ਲਾਈਨ ਵਿੱਚ ਬੜੇ ਸਲੀਕੇ ਨਾਲ ਖੜ੍ਹੇ ਕੀਤੇ ਹੋਏ ਸਨ, ਕੋਈ ਕਾਹਲ ਨਹੀਂ ਸੀ ਤੇ ਫਾਟਕ ਖੁੱਲ੍ਹਣ ਤੋਂ ਬਾਅਦ ਵੀ ਆਰਾਮ ਨਾਲ ਆਪਣੀ ਵਾਰੀ ਆਉਣ ’ਤੇ ਫਾਟਕ ਪਾਰ ਕਰ ਲਿਆ।
ਕੇਰਲ ਵਿੱਚ ਜ਼ਿਆਦਾਤਰ ਮਲਿਆਲੀ ਭਾਸ਼ਾ ਬੋਲੀ ਜਾਂਦੀ ਹੈ ਜਾਂ ਅੰਗਰੇਜ਼ੀ। ਹਿੰਦੀ ਭਾਸ਼ਾ ਸਮਝਣ ਵਾਲੇ ਘੱਟ ਹੀ ਹਨ। ਮੁਨਾਰ ਤੋਂ 80 ਕਿਲੋਮੀਟਰ ਪਹਿਲਾਂ ਰਬੜ ਦੇ ਬਾਗ਼ ਸ਼ੁਰੂ ਹੋ ਗਏ। ਅਸੀਂ ਬਾਗ਼ ਵੇਖਣ ਲਈ ਗੱਡੀ ਰੋਕ ਲਈ ਤੇ ਨੇੜੇ ਜਾ ਕੇ ਵੇਖਣ ਲੱਗੇ ਕਿ ਰਬੜ ਕਿਵੇਂ ਬਣਦੀ ਹੈ। ਦਰਅਸਲ, ਰਬੜ ਦੇ ਦਰੱਖਤ ਦੇ ਮੁੱਢ ਵਿੱਚ ਟੱਕ ਲਾ ਕੇ ਉਸ ਨਾਲ ਕੁੱਪੀ ਬੰਨ੍ਹ ਦਿੱਤੀ ਜਾਂਦੀ ਤੇ ਰਬੜ ਉਸ ਵਿੱਚ ਇਕੱਠੀ ਹੁੰਦੀ ਰਹਿੰਦੀ ਹੈ। ਫਿਰ ਉਸ ਦੀਆਂ ਸ਼ੀਟਾਂ ਬਣਾ ਕੇ ਵੇਚ ਦਿੱਤੀਆਂ ਜਾਂਦੀਆਂ ਹਨ।
ਸ਼ਾਮ ਦੇ ਪੰਜ ਵਜੇ ਅਸੀਂ ਮੁਨਾਰ ਪਹੁੰਚੇ। ਹੋਟਲ ਵਿੱਚ ਅਗਾਊਂ ਬੁਕਿੰਗ ਕਰਵਾ ਰੱਖੀ ਸੀ।
ਅਗਲੇ ਦਿਨ ਅਸੀਂ ਕਾਫ਼ੀ ਸਾਝਰੇ ਹੀ ਉੱਠ ਗਏ ਕਿਉਂਕਿ ਮੁਨਾਰ ਦੇ ਆਸ-ਪਾਸ ਦੀਆਂ ਥਾਵਾਂ ਵੇਖਣ ਜਾਣਾ ਸੀ। ਮੁਨਾਰ ਦੇ ਬਾਗ਼ਾਂ ਵਿੱਚ ਆਹਲਾ ਦਰਜ਼ੇ ਦੀ ਚਾਹ ਪੈਦਾ ਹੁੰਦੀ ਹੈ। ਅਸੀਂ ਸਭ ਤੋਂ ਪਹਿਲਾਂ ਚਾਹ ਦੇ ਬਾਗ਼ ਵੇਖਣ ਦਾ ਮਨ ਬਣਾਇਆ। ਚਾਹ ਦੇ ਹਰੇ ਕਚੂਰ ਬਾਗ਼, ਉਪਰੋਂ ਸਿਰਿਆਂ ਤੋਂ ਇਕਸਾਰ ਤੇ ਭਾਫ਼ ਵਾਂਗੂੰ ਉੱਡਦੇ ਬੱਦਲ। ਅਸੀਂ ਬਹੁਤ ਸਮਾਂ ਬੈਠ ਕੇ ਦ੍ਰਿਸ਼ ਨੂੰ ਨਿਹਾਰਦੇ ਰਹੇ। ਇਸ ਨਜ਼ਾਰੇ ਨੂੰ ਬੱਸ ਵੇਖਿਆ ਹੀ ਜਾ ਸਕਦਾ ਹੈ, ਬਿਆਨ ਨਹੀਂ ਕੀਤਾ ਜਾ ਸਕਦਾ। ਚਾਹ ਦੇ ਪੌਦਿਆਂ ਬਾਰੇ ਜਾਣਕਾਰੀ ਮਿਲੀ ਕਿ ਚਾਹ ਦੇ ਪੌਦੇ ਦੀ ਉਮਰ ਲਗਭਗ ਸੌ ਸਾਲ ਹੁੰਦੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਚਾਹ ਦੇ ਪੌਦੇ ਦੀਆਂ ਉਪਰਲੀਆਂ ਪੱਤੀਆਂ ਨੂੰ ਤੋੜਿਆ ਜਾਂਦਾ ਹੈ ਤੇ ਸਭ ਤੋਂ ਉੱਪਰਲੀ ਪੱਤੀ ਤੋਂ ਸਫੇਦ ਚਾਹ ਤਿਆਰ ਹੁੰਦੀ ਹੈ ਜੋ ਕਿ ਬਹੁਤ ਵਧੀਆ ਕਿਸਮ ਦੀ ਚਾਹ ਹੁੰਦੀ ਹੈ। ਉਸ ਤੋਂ ਹੇਠਲੇ ਪੱਤੇ ਤੋਂ ਬਣਦੀ ਹੈ ਹਰੀ ਚਾਹ ਤੇ ਸਭ ਤੋਂ ਹੇਠਲੇ ਪੱਤੇ ਤੋਂ ਬਣਦੀ ਹੈ ਕਾਲੀ ਚਾਹ ਜੋ ਅਸੀਂ ਆਮ ਵਰਤੋਂ ਵਿੱਚ ਲਿਆਉਂਦੇ ਹਾਂ। ਇਨ੍ਹਾਂ ਪੱਤੀਆਂ ਨੂੰ ਹੱਥਾਂ ਨਾਲ ਤੋੜਨ ਤੋਂ ਬਾਅਦ ਫੈਕਟਰੀ ਵਿੱਚ ਲਿਜਾ ਕੇ ਇਸ ਦੀ ਪ੍ਰੋਸੈਸਿੰਗ ਹੁੰਦੀ ਹੈ।
ਚਾਹ ਦੇ ਬਾਗ਼ ’ਚੋਂ ਨਿਕਲ ਕੇ ਅਸੀਂ ਇਰਵਾਕੁਲਮ ਨੈਸ਼ਨਲ ਪਾਰਕ ਵੇਖਣ ਚੱਲ ਪਏ ਜੋ ਮੁਨਾਰ ਤੋਂ 15 ਕਿਲੋਮੀਟਰ ਦੂਰੀ ’ਤੇ ਸਥਿਤ ਹੈ। 1971 ਵਿੱਚ ਕੇਰਲ ਸਰਕਾਰ ਨੇ ਇਸ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ ਸੀ ਤੇ ਇਸ ਨੂੰ ਰਾਸ਼ਟਰੀ ਪਾਰਕ ਐਲਾਨ ਦਿੱਤਾ ਗਿਆ। ਇਹ ਪਾਰਕ ਨੀਲਗਿਰੀ ਥਾਰ (ਇੱਕ ਪਹਾੜੀ ਬੱਕਰੀ) ਲਈ ਰਾਖਵਾਂ ਰੱਖਿਆ ਗਿਆ ਹੈ। ਇਸ ਪਾਰਕ ਵਿੱਚ ਇਨ੍ਹਾਂ ਬੱਕਰੀਆਂ ਦੀ ਵੱਡੀ ਸੰਖਿਆ ਹੈ। ਇਸ ਤੋਂ ਇਲਾਵਾ ਇੱਥੇ ਹਿਰਨ, ਸੁਨਹਿਰੀ ਗਿੱਦੜ, ਜੰਗਲੀ ਬਿੱਲੀਆਂ ਅਤੇ ਪੰਛੀਆਂ ਦੀਆਂ 132 ਪ੍ਰਜਾਤੀਆਂ ਮਿਲਦੀਆਂ ਹਨ। ਮੁਨਾਰ ਦਾ ਇਲਾਕਾ ਨੀਲਕੁਰਿੰਜੀ ਦੇ ਫੁੱਲ ਲਈ ਵੀ ਪ੍ਰਸਿੱਧ ਹੈ। ਇਹ ਫੁੱਲ 12 ਸਾਲ ਬਾਅਦ ਖਿੜਦਾ ਹੈ। ਵੈਸੇ ਤਾਂ ਮੁਨਾਰ ਦੇ ਪਹਾੜ ਹਰੇ ਰੰਗ ਦੇ ਹਨ, ਪਰ ਇਸ ਫੁੱਲ ਦੇ ਖਿੜਨ ਤੋਂ ਬਾਅਦ ਇਹ ਪਹਾੜ ਬੈਂਗਣੀ ਰੰਗ ਦੇ ਹੋ ਜਾਂਦੇ ਹਨ। ਹੁਣ ਇਸ ਫੁੱਲ ਲਈ ਖੇਤਰ ਰਾਖਵਾਂ ਕਰ ਦਿੱਤਾ ਗਿਆ ਹੈ। ਪਿਛਲੀ ਵਾਰ ਇਹ ਫੁੱਲ 2018 ਵਿੱਚ ਖਿੜਿਆ ਸੀ ਤੇ ਇਸ ਨੂੰ ਵੇਖਣ ਲਈ 20 ਲੱਖ ਸੈਲਾਨੀਆਂ ਦੇ ਪਹੁੰਚਣ ਦੀ ਉਮੀਦ ਸੀ ਪਰ ਕੇਰਲ ਵਿੱਚ ਆਏ ਹੜ੍ਹ ਕਾਰਨ ਲੋਕ ਇਸ ਨੂੰ ਵੇਖ ਨਹੀਂ ਸਕੇ। ਹੁਣ ਇਹ ਫੁੱਲ 2030 ਵਿੱਚ ਖਿੜੇਗਾ। ਅਗਸਤ ਮਹੀਨੇ ਇਹ ਫੁੱਲ ਖਿੜਦਾ ਹੈ ਅਤੇ ਅਕਤੂਬਰ ਤੱਕ ਰਹਿੰਦਾ ਹੈ। ਨੀਲਕੁਰਿੰਜੀ ਦੇ ਫੁੱਲ ਤੋਂ ਪ੍ਰਾਪਤ ਸ਼ਹਿਦ ਨੂੰ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ ਪਰ ਇਹ ਸ਼ਹਿਦ ਸਿਰਫ਼ ਉਸ ਖੇਤਰ ਦੇ ਆਦਿਵਾਸੀ ਹੀ ਪ੍ਰਾਪਤ ਕਰ ਸਕਦੇ ਹਨ ਤੇ ਉਹ ਇਸ ਨੂੰ ਵੇਚਦੇ ਨਹੀਂ ਸਗੋ ਆਪਣੀ ਵਰਤੋਂ ਜਾਂ ਇੱਕ ਦੂਜੇ ਨੂੰ ਤੋਹਫ਼ੇ ਦੇ ਰੂਪ ਵਿੱਚ ਦਿੰਦੇ ਹਨ।
ਕੇਰਲ ਨੂੰ ‘ਦਿ ਗਾਰਡਨ ਆਫ ਸਪਾਈਸਜ਼’ ਯਾਨੀ ਕਿ ਮਸਾਲਿਆਂ ਦੇ ਬਾਗ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇੱਥੇ ਲੌਂਗ, ਇਲਾਇਚੀ, ਦਾਲਚੀਨੀ, ਤੇਜ ਪੱਤਾ, ਕਾਲੀ ਮਿਰਚ, ਜੈਫਲ, ਜਲਵੱਤਰੀ ਅਤੇ ਹੋਰ ਅਨੇਕ ਕਿਸਮਾਂ ਦੇ ਮਸਾਲੇ ਮਿਲਦੇ ਹਨ। ਸਾਡੀ ਵਾਪਸੀ ਕੋਚੀ ਹਵਾਈ ਅੱਡੇ ਤੋਂ ਸੀ। ਇਸ ਲਈ ਮੁਨਾਰ ਤੋਂ ਮੁੜਦਿਆਂ ਅਸੀਂ ਮਸਾਲਿਆਂ ਦੀ ਪੈਦਾਵਰ ਵਾਲਾ ਇਲਾਕਾ ਵੇਖ ਕੇ ਜਾਣਾ ਸੀ। ਦੋ ਕੁ ਘੰਟੇ ਸਫ਼ਰ ਤੋਂ ਬਾਅਦ ਅਸੀਂ ਇੱਕ ਪ੍ਰਾਈਵੇਟ ਕੰਪਨੀ ਦੇ ਆਊਟਲੈੱਟ ’ਤੇ ਪਹੁੰਚੇ ਜਿੱਥੇ ਬਹੁਤ ਸਾਰੀਆਂ ਆਯੂਰਵੈਦਿਕ ਦਵਾਈਆਂ ਅਤੇ ਮਸਾਲੇ ਵੇਚੇ ਜਾਂਦੇ ਹਨ। ਦਵਾਈਆਂ ਲਈ ਸਹੀ ਮਸ਼ਵਰਾ ਦੇਣ ਹਿੱਤ ਉਨ੍ਹਾਂ ਵੱਲੋਂ ਆਯੁਰਵੈਦਿਕ ਡਾਕਟਰ ਵੀ ਰੱਖੇ ਹੋਏ ਹਨ। ਸਭ ਤੋਂ ਪਹਿਲਾਂ ਸਾਨੂੰ ਉਹ ਆਪਣੀ ਜੀਪ ’ਚ ਬਿਠਾ ਕੇ ਮਸਾਲਿਆਂ ਦੇ ਬਾਗ਼ ਵਿੱਚ ਲੈ ਕੇ ਗਏ ਜਿੱਥੇ ਗਾਈਡ ਵੱਲੋਂ ਸਾਨੂੰ ਸਭ ਤੋਂ ਪਹਿਲਾਂ ਵੱਖ ਵੱਖ ਮਸਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇੱਥੇ ਆ ਕਾ ਪਤਾ ਲੱਗਿਆ ਕਿ ਤੇਜ ਪੱਤਾ ਤੇ ਦਾਲਚੀਨੀ ਇੱਕੋ ਹੀ ਦਰੱਖਤ ਦੀ ਪੈਦਾਵਰ ਹੈ। ਕਾਲੀ ਮਿਰਚ, ਸਫ਼ੈਦ ਮਿਰਚ ਤੋਂ ਇਲਾਵਾ ਇਸੇ ਪ੍ਰਜਾਤੀ ਦੀ ਹਰੀ ਮਿਰਚ ਵੀ ਹੁੰਦੀ ਹੈ। ਕੁਦਰਤ ਨੇ ਕੇਰਲ ਨੂੰ ਅਨੇਕਾਂ ਕਿਸਮ ਦੇ ਮਸਾਲੇ ਅਤੇ ਜੜੀ ਬੂਟੀਆਂ ਪ੍ਰਦਾਨ ਕੀਤੀਆਂ ਜੋ ਅਨੇਕਾਂ ਬਿਮਾਰੀਆਂ ਲਈ ਕਾਰਗਾਰ ਸਿੱਧ ਹੁੰਦੀਆਂ ਹਨ। ਇੱਥੇ ਊਦ ਨਾਂ ਦੇ ਦਰੱਖਤ ਤੋਂ ਕੁਦਰਤੀ ਇਤਰ ਬਣਾਇਆ ਜਾਂਦਾ ਹੈ ਜੋ ਦੁਨੀਆਂ ਵਿੱਚ ਬਹੁਤ ਮਸ਼ਹੂਰ ਹੈ। ਕੇਰਲ ਵਿੱਚ ਕੋਕੋਆ ਦੀ ਖੇਤੀ ਵੀ ਕੀਤੀ ਜਾਂਦੀ ਹੈ ਅਤੇ ਇੱਥੇ ਛੋਟੇ ਪੱਧਰ ’ਤੇ ਚਾਕਲੇਟ ਬਣਾਇਆ ਜਾਂਦਾ ਹੈ ਜੋ ਕਿ ਬਾਜ਼ਾਰ ਵਿੱਚ ਉਪਲੱਬਧ ਹੈ। ਅਸੀਂ ਇੱਥੋਂ ਇਤਰ, ਚਾਕਲੇੇਟ ਅਤੇ ਕਈ ਤਰ੍ਹਾਂ ਦੇ ਮਸਾਲੇ ਲੈ ਕੇ ਕੋਚੀ ਵੱਲ ਨੂੰ ਚੱਲ ਪਏ।
ਸੰਪਰਕ: 99145-00842