ਡਿਜੀਟਲ ਦੌਰ ’ਚ ਪੱਤਰਕਾਰੀ: ਸੰਭਾਵਨਾਵਾਂ ਅਤੇ ਚੁਣੌਤੀਆਂ
ਪੱਤਰਕਾਰੀ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ। ਇਹ ਸਿਰਫ਼ ਖ਼ਬਰਾਂ ਪਹੁੰਚਾਉਣ ਦਾ ਮਾਧਿਅਮ ਹੀ ਨਹੀਂ, ਸਗੋਂ ਸਮਾਜ ਨੂੰ ਜਾਗਰੂਕ ਕਰਨ, ਲੋਕਾਂ ਦੀ ਆਵਾਜ਼ ਚੁੱਕਣ ਅਤੇ ਸੱਤਾ ਨੂੰ ਜਵਾਬਦੇਹ ਬਣਾਉਣ ਦਾ ਪ੍ਰਭਾਵਸ਼ਾਲੀ ਸਾਧਨ ਵੀ ਹੈ। ਪਿਛਲੇ ਦੋ ਦਹਾਕਿਆਂ ਦੌਰਾਨ...
ਪੱਤਰਕਾਰੀ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ। ਇਹ ਸਿਰਫ਼ ਖ਼ਬਰਾਂ ਪਹੁੰਚਾਉਣ ਦਾ ਮਾਧਿਅਮ ਹੀ ਨਹੀਂ, ਸਗੋਂ ਸਮਾਜ ਨੂੰ ਜਾਗਰੂਕ ਕਰਨ, ਲੋਕਾਂ ਦੀ ਆਵਾਜ਼ ਚੁੱਕਣ ਅਤੇ ਸੱਤਾ ਨੂੰ ਜਵਾਬਦੇਹ ਬਣਾਉਣ ਦਾ ਪ੍ਰਭਾਵਸ਼ਾਲੀ ਸਾਧਨ ਵੀ ਹੈ। ਪਿਛਲੇ ਦੋ ਦਹਾਕਿਆਂ ਦੌਰਾਨ ਸੂਚਨਾ ਅਤੇ ਸੰਚਾਰ ਤਕਨਾਲੋਜੀ ਵਿੱਚ ਆਏ ਇਨਕਲਾਬੀ ਤਬਦੀਲੀ ਨੇ ਪੱਤਰਕਾਰੀ ਦੇ ਸਰੂਪ ਨੂੰ ਬੁਨਿਆਦੀ ਤੌਰ ’ਤੇ ਪ੍ਰਭਾਵਿਤ ਕੀਤਾ ਹੈ। ਇੰਟਰਨੈੱਟ, ਸੋਸ਼ਲ ਮੀਡੀਆ ਅਤੇ ਡਿਜੀਟਲ ਪਲੈਟਫਾਰਮਾਂ ਦੇ ਤੇਜ਼ੀ ਨਾਲ ਵਧਦੇ ਪ੍ਰਭਾਵ ਕਾਰਨ ਖ਼ਬਰਾਂ ਇਕੱਤਰ ਕਰਨ, ਸੰਪਾਦਨ, ਪ੍ਰਕਾਸ਼ਿਤ ਕਰਨ ਅਤੇ ਲੋਕਾਂ ਤੱਕ ਪਹੁੰਚਾਉਣ ਦੇ ਢੰਗ-ਤਰੀਕੇ ਵੱਡੇ ਪੱਧਰ ’ਤੇ ਬਦਲੇ ਹਨ। ਅੱਜ ਪੱਤਰਕਾਰੀ ਸਿਰਫ਼ ਅਖ਼ਬਾਰਾਂ, ਰੇਡੀਓ ਅਤੇ ਟੈਲੀਵਿਜ਼ਨ ਤੱਕ ਸੀਮਿਤ ਨਹੀਂ ਰਹੀ, ਸਗੋਂ ਮੋਬਾਈਲ ਫੋਨ ਅਤੇ ਡਿਜੀਟਲ ਮਾਧਿਅਮਾਂ ਰਾਹੀਂ ਹਰ ਵਿਅਕਤੀ ਤੱਕ ਤੁਰੰਤ ਪਹੁੰਚ ਰਹੀ ਹੈ। ਕਿਸੇ ਸਮੇਂ ਲੋਕ ਸਵੇਰੇ ਅਖ਼ਬਾਰ ਦੀ ਉਡੀਕ ਕਰਦੇ ਸਨ ਜਾਂ ਰੇਡੀਓ ਅਤੇ ਟੈਲੀਵਿਜ਼ਨ ਦੇ ਨਿਯਤ ਸਮੇਂ ’ਤੇ ਖ਼ਬਰਾਂ ਸੁਣਦੇ ਸਨ। ਅੱਜ ਇੱਕ ਘਟਨਾ ਵਾਪਰਨ ਦੇ ਕੁਝ ਸਕਿੰਟਾਂ ਵਿੱਚ ਹੀ ਉਸ ਦੀ ਜਾਣਕਾਰੀ ਦੁਨੀਆ ਦੇ ਕਰੋੜਾਂ ਲੋਕਾਂ ਤੱਕ ਪਹੁੰਚ ਜਾਂਦੀ ਹੈ। ਜਦੋਂ ਕੁਝ ਸਾਲ ਪਹਿਲਾਂ ਭਾਰਤ ਨੇ ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਕੀਤੀ ਤਾਂ ਇਸ ਦੀ ਜਾਣਕਾਰੀ ਅਤੇ ਸਿੱਧਾ ਪ੍ਰਸਾਰਨ ਕੁਝ ਹੀ ਸਕਿੰਟਾਂ ਵਿੱਚ ਦੁਨੀਆ ਭਰ ਦੇ ਲੋਕਾਂ ਤੱਕ ਪਹੁੰਚ ਗਿਆ। ਇਸੇ ਤਰ੍ਹਾਂ ਕ੍ਰਿਕਟ ਵਿਸ਼ਵ ਕੱਪ, ਆਈ ਪੀ ਐੱਲ, ਫੀਫਾ ਵਿਸ਼ਵ ਕੱਪ ਜਾਂ ਓਲੰਪਿਕ ਖੇਡਾਂ ਵਰਗੇ ਵੱਡੇ ਖੇਡ ਸਮਾਗਮਾਂ ਦੌਰਾਨ ਲੋਕ ਆਪਣੇ ਮੋਬਾਈਲ ਫੋਨਾਂ ਰਾਹੀਂ ਹਰ ਪਲ ਦੀ ਤਾਜ਼ਾ ਜਾਣਕਾਰੀ, ਲਾਈਵ ਸਕੋਰ, ਵਿਸ਼ਲੇਸ਼ਣ ਅਤੇ ਅਪਡੇਟ ਤੁਰੰਤ ਪ੍ਰਾਪਤ ਕਰ ਸਕਦੇ ਹਨ, ਜਿਸ ਨਾਲ ਖੇਡ ਪੱਤਰਕਾਰੀ ਦੀ ਪਹੁੰਚ ਅਤੇ ਪ੍ਰਭਾਵ ਵਿੱਚ ਕਾਫ਼ੀ ਵਾਧਾ ਹੋਇਆ ਹੈ। ਮੋਬਾਈਲ ਫੋਨ ਅਤੇ ਇੰਟਰਨੈੱਟ ਨੇ ਹਰ ਵਿਅਕਤੀ ਨੂੰ ਜਾਣਕਾਰੀ ਪ੍ਰਾਪਤ ਕਰਨ ਅਤੇ ਸਾਂਝੀ ਕਰਨ ਦੀ ਸਮਰੱਥਾ ਦਿੱਤੀ ਹੈ। ਇਹੀ ਕਾਰਨ ਹੈ ਕਿ ਡਿਜੀਟਲ ਪੱਤਰਕਾਰੀ ਨੇ ਜਾਣਕਾਰੀ ਦੇ ਪ੍ਰਸਾਰ ਵਿੱਚ ਇੱਕ ਕ੍ਰਾਂਤੀ ਲਿਆ ਦਿੱਤੀ ਹੈ।
ਡਿਜੀਟਲ ਯੁੱਗ ਨੇ ਪੱਤਰਕਾਰਾਂ ਲਈ ਅਣਗਿਣਤ ਨਵੇਂ ਮੌਕੇ ਪੈਦਾ ਕੀਤੇ ਹਨ। ਅੱਜ ਪੱਤਰਕਾਰ ਸਿਰਫ਼ ਲਿਖਤੀ ਰਿਪੋਰਟਾਂ ਤੱਕ ਸੀਮਿਤ ਨਹੀਂ ਰਹੇ, ਉਹ ਵੀਡੀਓ ਰਿਪੋਰਟਿੰਗ, ਪੌਡਕਾਸਟ, ਲਾਈਵ ਸਟ੍ਰੀਮਿੰਗ, ਡੇਟਾ ਵਿਸ਼ਲੇਸ਼ਣ ਅਤੇ ਮਲਟੀਮੀਡੀਆ ਸਟੋਰੀਟੈਲਿੰਗ ਰਾਹੀਂ ਆਪਣੀ ਗੱਲ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰ ਸਕਦੇ ਹਨ। ਇਸ ਨਾਲ ਖ਼ਬਰਾਂ ਸਿਰਫ਼ ਪੜ੍ਹਨ ਤੱਕ ਸੀਮਿਤ ਨਹੀਂ ਰਹਿੰਦੀਆਂ, ਸਗੋਂ ਇੱਕ ਜੀਵੰਤ ਅਨੁਭਵ ਬਣ ਜਾਂਦੀਆਂ ਹਨ। ਜਦੋਂ ਕਰੋਨਾ ਮਹਾਮਾਰੀ ਦੌਰਾਨ ਪੂਰੀ ਦੁਨੀਆ ਤਾਲਾਬੰਦੀ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਕਾਰਨ ਘਰਾਂ ਵਿੱਚ ਰਹਿਣ ਲਈ ਮਜਬੂਰ ਸੀ, ਉਦੋਂ ਡਿਜੀਟਲ ਮਾਧਿਅਮਾਂ ਰਾਹੀਂ ਬਿਮਾਰੀ ਦੇ ਫੈਲਾਅ, ਸੁਰੱਖਿਆ ਉਪਾਵਾਂ ਅਤੇ ਟੀਕਾਕਰਨ ਸਬੰਧੀ ਮਹੱਤਵਪੂਰਨ ਜਾਣਕਾਰੀ ਤੇਜ਼ੀ ਨਾਲ ਲੋਕਾਂ ਤੱਕ ਪਹੁੰਚਾਈ ਗਈ। ਇਸ ਨਾਲ ਲੋਕਾਂ ਨੂੰ ਸਥਿਤੀ ਨੂੰ ਸਮਝਣ, ਸਹੀ ਫ਼ੈਸਲੇ ਲੈਣ ਅਤੇ ਅਫ਼ਵਾਹਾਂ ਤੋਂ ਬਚਣ ਵਿੱਚ ਮਹੱਤਵਪੂਰਨ ਮਦਦ ਮਿਲੀ ਅਤੇ ਡਿਜੀਟਲ ਪੱਤਰਕਾਰੀ ਨੇ ਸੰਕਟ ਦੇ ਸਮੇਂ ਇੱਕ ਭਰੋਸੇਯੋਗ ਅਤੇ ਪ੍ਰਭਾਵਸ਼ਾਲੀ ਸਰੋਤ ਵਜੋਂ ਆਪਣੀ ਅਹਿਮ ਭੂਮਿਕਾ ਨਿਭਾਈ।
ਸੋਸ਼ਲ ਮੀਡੀਆ ਨੇ ਪੱਤਰਕਾਰੀ ਦੇ ਖੇਤਰ ਵਿੱਚ ਇੱਕ ਨਵਾਂ ਅਧਿਆਇ ਜੋੜਿਆ ਹੈ। ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਅਤੇ ਐਕਸ (ਪਹਿਲਾਂ ਟਵਿੱਟਰ) ਵਰਗੇ ਪਲੈਟਫਾਰਮ ਅੱਜ ਖ਼ਬਰਾਂ ਦੇ ਮਹੱਤਵਪੂਰਨ ਸਰੋਤ ਬਣ ਚੁੱਕੇ ਹਨ। ਪੱਤਰਕਾਰ ਹੁਣ ਆਪਣੇ ਦਰਸ਼ਕਾਂ ਨਾਲ ਸਿੱਧਾ ਸੰਵਾਦ ਕਰ ਸਕਦੇ ਹਨ, ਉਨ੍ਹਾਂ ਦੀ ਪ੍ਰਤੀਕਿਰਿਆ ਜਾਣ ਸਕਦੇ ਹਨ ਅਤੇ ਸਮਾਜਿਕ ਮੁੱਦਿਆਂ ’ਤੇ ਵਿਆਪਕ ਚਰਚਾ ਨੂੰ ਉਤਸ਼ਾਹਿਤ ਕਰ ਸਕਦੇ ਹਨ ਜਿਸ ਨਾਲ ਪੱਤਰਕਾਰੀ ਹੋਰ ਲੋਕ ਕੇਂਦਰਿਤ ਅਤੇ ਭਾਗੀਦਾਰੀ ਵਾਲੀ ਬਣੀ ਹੈ।
ਡਿਜੀਟਲ ਕ੍ਰਾਂਤੀ ਦਾ ਇੱਕ ਹੋਰ ਮਹੱਤਵਪੂਰਨ ਪੱਖ ਨਾਗਰਿਕ ਪੱਤਰਕਾਰੀ ਹੈ। ਅੱਜ ਕੋਈ ਵੀ ਆਮ ਨਾਗਰਿਕ ਆਪਣੇ ਸਮਾਰਟਫੋਨ ਰਾਹੀਂ ਕਿਸੇ ਮਹੱਤਵਪੂਰਨ ਘਟਨਾ ਦੀ ਤਸਵੀਰ ਜਾਂ ਵੀਡੀਓ ਰਿਕਾਰਡ ਕਰਕੇ ਉਸ ਨੂੰ ਦੁਨੀਆ ਸਾਹਮਣੇ ਲਿਆ ਸਕਦਾ ਹੈ। ਕਈ ਵਾਰ ਇਹ ਜਾਣਕਾਰੀਆਂ ਅਜਿਹੇ ਮੁੱਦਿਆਂ ਨੂੰ ਉਜਾਗਰ ਕਰ ਦਿੰਦੀਆਂ ਹਨ ਜੋ ਰਵਾਇਤੀ ਮੀਡੀਆ ਦੀ ਨਜ਼ਰ ਤੋਂ ਦੂਰ ਰਹਿ ਜਾਂਦੇ ਹਨ। ਇਸ ਨਾਲ ਲੋਕਾਂ ਦੀ ਭਾਗੀਦਾਰੀ ਵਧੀ ਹੈ, ਜਾਣਕਾਰੀ ਦੇ ਸਰੋਤ ਹੋਰ ਵਿਸ਼ਾਲ ਹੋਏ ਹਨ ਅਤੇ ਰੁਜ਼ਗਾਰ ਦੇ ਨਵੇਂ ਦਰਵਾਜ਼ੇ ਵੀ ਖੁੱਲ੍ਹੇ ਹਨ। ਨੌਜਵਾਨਾਂ ਲਈ ਇਹ ਖੇਤਰ ਰਚਨਾਤਮਕਤਾ, ਤਕਨੀਕੀ ਕੁਸ਼ਲਤਾ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਵਿਲੱਖਣ ਮੇਲ ਪੇਸ਼ ਕਰਦਾ ਹੈ। ਹਾਲਾਂਕਿ ਹਰ ਤਰੱਕੀ ਆਪਣੇ ਨਾਲ ਕੁਝ ਚੁਣੌਤੀਆਂ ਵੀ ਲਿਆਉਂਦੀ ਹੈ। ਡਿਜੀਟਲ ਪੱਤਰਕਾਰੀ ਸਾਹਮਣੇ ਫ਼ੇਕ ਨਿਊਜ਼, ਹੈਕਿੰਗ, ਟ੍ਰੌਲਿੰਗ, ਡੇਟਾ ਚੋਰੀ ਅਤੇ ਸਾਈਬਰ ਹਮਲੇ ਵਰਗੀਆਂ ਗੰਭੀਰ ਸਮੱਸਿਆਵਾਂ ਮੌਜੂਦ ਹਨ। ਜਾਣਕਾਰੀ ਦੀ ਤੇਜ਼ੀ ਕਈ ਵਾਰ ਉਸ ਦੀ ਸਚਾਈ ਦੀ ਜਾਂਚ ਨੂੰ ਪਿੱਛੇ ਛੱਡ ਦਿੰਦੀ ਹੈ। ਕਈ ਵਾਰ ਸੋਸ਼ਲ ਮੀਡੀਆ ’ਤੇ ਪੁਰਾਣੀਆਂ ਤਸਵੀਰਾਂ ਜਾਂ ਵੀਡੀਓਜ਼ ਨੂੰ ਨਵੀਆਂ ਘਟਨਾਵਾਂ ਨਾਲ ਜੋੜ ਕੇ ਵਾਇਰਲ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਲੋਕਾਂ ਵਿੱਚ ਭਰਮ ਅਤੇ ਤਣਾਅ ਪੈਦਾ ਹੁੰਦਾ ਹੈ। ਇਸ ਲਈ ਤੱਥਾਂ ਦੀ ਜਾਂਚ ਅਤੇ ਭਰੋਸੇਯੋਗ ਸਰੋਤਾਂ ਦੀ ਪੁਸ਼ਟੀ ਬਹੁਤ ਜ਼ਰੂਰੀ ਹੈ। ਅਜਿਹੇ ਹਾਲਾਤ ਵਿੱਚ ਪੱਤਰਕਾਰਾਂ ਲਈ ਨੈਤਿਕਤਾ, ਨਿਰਪੱਖਤਾ ਅਤੇ ਤੱਥਾਂ ਦੀ ਪੁਸ਼ਟੀ ਪਹਿਲਾਂ ਨਾਲੋਂ ਵੀ ਵੱਧ ਮਹੱਤਵਪੂਰਨ ਹੋ ਜਾਂਦੀ ਹੈ। ਇੱਕ ਜ਼ਿੰਮੇਵਾਰ ਪੱਤਰਕਾਰ ਦਾ ਫ਼ਰਜ਼ ਹੈ ਕਿ ਉਹ ਸੱਚ ਅਤੇ ਝੂਠ ਵਿਚਕਾਰ ਸਪੱਸ਼ਟ ਫ਼ਰਕ ਕਰੇ ਅਤੇ ਸਮਾਜ ਤੱਕ ਸਹੀ ਜਾਣਕਾਰੀ ਪਹੁੰਚਾਏ। ਭਾਵੇਂ ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸ ਖ਼ਬਰਾਂ ਦੀ ਖੋਜ, ਡੇਟਾ ਵਿਸ਼ਲੇਸ਼ਣ ਅਤੇ ਸਮੱਗਰੀ ਤਿਆਰ ਕਰਨ ਵਿੱਚ ਮਦਦ ਕਰ ਰਹੀ ਹੈ, ਪਰ ਮਨੁੱਖੀ ਸੰਵੇਦਨਸ਼ੀਲਤਾ, ਨੈਤਿਕ ਸੋਚ ਅਤੇ ਸਮਾਜਿਕ ਸਮਝ ਦੀ ਥਾਂ ਕੋਈ ਮਸ਼ੀਨ ਨਹੀਂ ਲੈ ਸਕਦੀ। ਇਸ ਲਈ ਭਵਿੱਖ ਦੀ ਸਫ਼ਲ ਪੱਤਰਕਾਰੀ ਤਕਨਾਲੋਜੀ ਅਤੇ ਮਨੁੱਖੀ ਕਦਰਾਂ ਕੀਮਤਾਂ ਦੇ ਸੰਤੁਲਿਤ ਸੁਮੇਲ ’ਤੇ ਨਿਰਭਰ ਕਰੇਗੀ। ਜੇਕਰ ਪੱਤਰਕਾਰ ਤਕਨਾਲੋਜੀ ਦੀ ਤਾਕਤ ਨੂੰ ਨੈਤਿਕਤਾ, ਜ਼ਿੰਮੇਵਾਰੀ ਅਤੇ ਸੱਚਾਈ ਨਾਲ ਜੋੜ ਕੇ ਵਰਤਣ ਤਾਂ ਡਿਜੀਟਲ ਪੱਤਰਕਾਰੀ ਆਉਣ ਵਾਲੇ ਸਮੇਂ ਵਿੱਚ ਸਮਾਜ ਦੀ ਤਰੱਕੀ ਅਤੇ ਲੋਕਤੰਤਰ ਦੀ ਮਜ਼ਬੂਤੀ ਵਿੱਚ ਹੋਰ ਵੀ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ।
* ਮੁਖੀ, ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ,
ਮਾਤਾ ਗੁਜਰੀ ਕਾਲਜ, ਸ੍ਰੀ ਫ਼ਤਹਿਗੜ੍ਹ ਸਾਹਿਬ।
ਸੰਪਰਕ: 94636-19353

