ਲੜੀ ਨੰਬਰ 38

ਜਰਖੜ ਖੇਡਾਂ ਤੇ ਜਗਰੂਪ ਜਰਖੜ

ਜਰਖੜ ਖੇਡਾਂ ਤੇ ਜਗਰੂਪ ਜਰਖੜ

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

ਇਸ ਵਾਰ ਪ੍ਰਿੰ. ਸਰਵਣ ਸਿੰਘ ਨੇ ਜਗਰੂਪ ਸਿੰਘ ਜਰਖੜ ਅਤੇ ਉਹਦੇ ਪਿੰਡ ਜਰਖੜ ਦੇ ਖੇਡਾਂ ਵਿਚ ਯੋਗਦਾਨ ਬਾਰੇ ਚਰਚਾ ਛੇੜੀ ਹੈ। ਜਰਖੜ ਦੀ ਖੇਡ ਖੇਤਰ ਵਿਚ ਬਣੀ ਭੱਲ ਦਾ ਮੁੱਖ ਸਿਹਰਾ ਜਗਰੂਪ ਸਿੰਘ ਜਰਖੜ ਦੇ ਸਿਰ ਹੈ ਜਿਸ ਨੇ ਤਨ ਮਨ ਧਨ ਜਰਖੜ ਖੇਡਾਂ, ਜਰਖੜ ਸਟੇਡੀਅਮ ਅਤੇ ਜਰਖੜ ਹਾਕੀ ਅਕੈਡਮੀ ਦੇ ਲੇਖੇ ਲਾਇਆ ਹੈ। ਜਗਰੂਪ ਨੇ ਖੇਡ ਖੇਤਰ ਵਿਚ ਆਪਣੇ ਪਿੰਡ ਲਈ ਜੋ ਕੀਤਾ ਉਹ ਹੋਰਨਾਂ ਪਿੰਡਾਂ ਦੇ ਖੇਡ ਪ੍ਰਮੋਟਰਾਂ ਲਈ ਮਿਸਾਲ ਹੈ। ਜਿੱਡਾ ਉਹਦਾ ਕੱਦ ਹੈ, ਓਡੀਆਂ ਹੀ ਕੱਦਾਵਰ ਉਹਦੀਆਂ ਖੇਡ ਲਿਖਤਾਂ ਹਨ। ਉਸ ਦੀਆਂ ਦੋ ਕਿਤਾਬਾਂ ‘ਮੇਰਾ ਖੇਡ ਸਫ਼ਰਨਾਮਾ’ ਅਤੇ ‘ਮੇਰਾ ਪਿੰਡ ਜਰਖੜ’ ਤਿਆਰੀ ਅਧੀਨ ਹਨ।

ਜਗਰੂਪ ਜਰਖੜ ਤੇ ਜਰਖੜ ਖੇਡਾਂ ਇਕੋ ਸਿੱਕੇ ਦੇ ਦੋ ਪਾਸੇ ਹਨ। ਜਰਖੜ ਖੇਡਾਂ ਹੁਣ ਨਿਰੀਆਂ ਪੇਂਡੂ ਖੇਡਾਂ ਨਹੀਂ ਰਹੀਆਂ ਸਗੋਂ ਖੇਡ ਸੰਸਥਾ ਬਣ ਗਈਆਂ ਹਨ। ਇਨ੍ਹਾਂ ਦੀ ਮਸ਼ਹੂਰੀ ਕਿਲਾ ਰਾਏਪੁਰ ਦੀਆਂ ਖੇਡਾਂ ਵਾਂਗ ਵਿਦੇਸ਼ਾਂ ਤਕ ਪਹੁੰਚ ਚੁੱਕੀ ਹੈ। ਇਹਦੇ ਪਿੱਛੇ ਖੇਡ ਪੱਤਰਕਾਰ ਜਗਰੂਪ ਸਿੰਘ ਜਰਖੜ ਦਾ ਅਹਿਮ ਰੋਲ ਹੈ। ਉਹ ਜਰਖੜ ਦੀਆਂ ਖੇਡਾਂ ਦਾ ਥੰਮ੍ਹ ਹੈ। ਪਿੰਡ ਜਰਖੜ ਕੋਈ ਬਹੁਤਾ ਵੱਡਾ ਪਿੰਡ ਨਹੀਂ। 2019 ਵਿਚ ਇਸ ਦੇ 240 ਘਰਾਂ ਦੀ ਜਨ ਸੰਖਿਆ 1240 ਸੀ। ਪਿੰਡ ਦਾ ਰਕਬਾ ਕੇਵਲ 193 ਹੈਕਟੇਅਰ ਹੈ ਜੋ ਪੰਜ ਸੌ ਏਕੜ ਤੋਂ ਵੀ ਘੱਟ ਬਣਦਾ ਹੈ। ਉਥੋਂ ਲੁਧਿਆਣੇ ਵੱਲ ਪਾਣੀ ਦੀਆਂ ਟੈਂਕੀਆਂ ਤੇ ਭੱਠਿਆਂ ਦੀਆਂ ਚਿਮਨੀਆਂ ਵਿਖਾਈ ਦਿੰਦੀਆਂ ਹਨ ਜਿਨ੍ਹਾਂ ਵਿਚ ਘੰਟਾ ਘਰ ਨਹੀਂ ਦਿਸਦਾ। ਜਿਵੇਂ ਕਿਲਾ ਰਾਏਪੁਰ ਦੀ ਮਸ਼ਹੂਰੀ ਉਥੋਂ ਦੀਆਂ ਖੇਡਾਂ ਕਰ ਕੇ ਹੋਈ, ਉਵੇਂ ਜਰਖੜ ਦੀ ਮਸ਼ਹੂਰੀ ਜਰਖੜ ਖੇਡਾਂ ਕਰ ਕੇ ਹੈ। ਉਥੇ ਹਰ ਸਾਲ ਹੁੰਦੀਆਂ ਖੇਡਾਂ ਨਾਲ ਕਰੋੜਾਂ ਰੁਪਿਆਂ ਦੇ ਬਹੁਮੰਤਵੀ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਦੀ ਉਸਾਰੀ ਵੀ ਹੋਈ ਹੈ। ਜਰਖੜ ਦੀ ਹਾਕੀ ਅਕੈਡਮੀ ਨੇ ਆਪਣੀਆਂ ਖੇਡ ਪ੍ਰਾਪਤੀਆਂ ਸਦਕਾ ਦੇਸ਼-ਵਿਦੇਸ਼ ਵਿਚ ਚੋਖਾ ਨਾਮਣਾ ਖੱਟਿਆ ਹੈ।

ਜਰਖੜ ਦੀ ਖੇਡ ਖੇਤਰ ਵਿਚ ਬਣੀ ਭੱਲ ਦਾ ਮੁੱਖ ਸਿਹਰਾ ਜਗਰੂਪ ਸਿੰਘ ਜਰਖੜ ਦੇ ਸਿਰ ਹੈ ਜਿਸ ਨੇ ਤਨ ਮਨ ਧਨ ਜਰਖੜ ਖੇਡਾਂ, ਜਰਖੜ ਸਟੇਡੀਅਮ ਅਤੇ ਜਰਖੜ ਹਾਕੀ ਅਕੈਡਮੀ ਦੇ ਲੇਖੇ ਲਾਇਆ ਹੈ। ਜਗਰੂਪ ਨੇ ਖੇਡ ਖੇਤਰ ਵਿਚ ਆਪਣੇ ਪਿੰਡ ਲਈ ਜੋ ਕੀਤਾ ਉਹ ਹੋਰਨਾਂ ਪਿੰਡਾਂ ਦੇ ਖੇਡ ਪ੍ਰਮੋਟਰਾਂ ਲਈ ਮਿਸਾਲ ਹੈ। ਉਹ ਖੁਦ ਖਿਡਾਰੀ ਰਿਹਾ ਅਤੇ ਸੁਚੱਜਾ ਖੇਡ ਪ੍ਰਬੰਧਕ ਤੇ ਸੁਹਿਰਦ ਖੇਡ ਪ੍ਰਮੋਟਰ ਹੋਣ ਦੇ ਨਾਲ ਪੱਚੀ ਸਾਲਾਂ ਤੋਂ ਸੁਚਾਰੂ ਖੇਡ ਪੱਤਰਕਾਰੀ ਕਰਦਾ ਆ ਰਿਹੈ। ਜਿੱਡਾ ਉਹਦਾ ਕੱਦ ਹੈ, ਓਡੀਆਂ ਹੀ ਕੱਦਾਵਰ ਉਹਦੀਆਂ ਖੇਡ ਲਿਖਤਾਂ ਹਨ। 2018 ਤੋਂ ਉਸ ਨੇ ਹਫਤਾਵਾਰੀ ਆਨਲਾਈਨ ਮੈਗਜ਼ੀਨ ‘ਖੇਡ ਮੈਦਾਨ ਬੋਲਦਾ ਹੈ ’ ਸ਼ੁਰੂ ਕੀਤਾ ਹੈ। ਖੇਡਾਂ ਦੀ ਦੁਨੀਆ ਵਿਚ ਇਸ ਮੈਗਜ਼ੀਨ ਅਤੇ ਚੈਨਲ ਨੇ ਕਾਫ਼ੀ ਮਕਬੂਲੀਅਤ ਖੱਟੀ ਹੈ। ਇਸ ਤੋਂ ਇਲਾਵਾ ਉਸ ਦੀਆਂ ਦੋ ਕਿਤਾਬਾਂ ‘ਮੇਰਾ ਖੇਡ ਸਫ਼ਰਨਾਮਾ’ ਅਤੇ ‘ਮੇਰਾ ਪਿੰਡ ਜਰਖੜ ’ ਤਿਆਰੀ ਅਧੀਨ ਹਨ।

ਖੇਡ ਮੈਗਜ਼ੀਨ ਦੇ ਇਕ ਅੰਕ ਦਾ ਸਰਵਰਕ।

ਉਸ ਨੇ ਮੇਰੀਆਂ ਖੇਡ ਲਿਖਤਾਂ ਤੋਂ ਪ੍ਰਭਾਵਿਤ ਹੋ ਕੇ 1990ਵਿਆਂ `ਚ ਲਿਖਣਾ ਸ਼ੁਰੂ ਕੀਤਾ ਸੀ। ਉਹ ਕਈ ਸਾਲ ‘ਰੋਜ਼ਾਨਾ ਅਜੀਤ’ ਨੂੰ ਖੇਡ ਖ਼ਬਰਾਂ ਭੇਜਦਾ ਰਿਹਾ। ਪੰਜਾਬੀ ਦਾ ਉਹ ਪਹਿਲਾ ਖੇਡ ਪੱਤਰਕਾਰ ਹੈ ਜਿਸ ਨੇ ਪੇਂਡੂ ਖੇਡ ਮੇਲਿਆਂ ਦੀ ਨਾਲੋ-ਨਾਲ ਕਵਰੇਜ ਕੀਤੀ। ਉਸ ਨੇ ਖੇਡ ਪੱਤਰਕਾਰੀ ਦਾ ਸਫ਼ਰ ਕਰਦਿਆਂ ਕੌਮਾਂਤਰੀ ਪੱਧਰ ਤੇ ਸਿਡਨੀ ਓਲੰਪਿਕ 2000, ਕੁਆਲਾਲੰਪੁਰ ਵਿਸ਼ਵ ਕੱਪ ਹਾਕੀ 2002, ਰੈਬੋਬੈਂਕ ਹਾਕੀ ਟੂਰਨਾਮੈਂਟ ਹਾਲੈਂਡ 2002, ਕੋਲਿਨ ਚੈਂਪੀਅਨਜ਼ ਟਰਾਫੀ ਜਰਮਨੀ 2002, ਐਮਸਟਰਡਮ ਚੈਂਪੀਅਨਜ਼ ਟਰਾਫੀ ਹਾਲੈਂਡ 2003, ਵਿਸ਼ਵ ਕਬੱਡੀ ਕੱਪ ਟੋਰਾਂਟੋ 2003, ਮੋਨਚਿਨਗਲੈਡਬੈਕ ਵਿਸ਼ਵ ਕੱਪ ਹਾਕੀ ਜਰਮਨੀ 2006, ਕੈਲਹਾਕੀ ਕੱਪ ਲਾਸ ਏਂਜਲਸ ਅਮਰੀਕਾ 2007, ਮਹਿਲਾ ਵਿਸ਼ਵ ਕੱਪ ਹਾਕੀ ਬੋਸਟਨ ਅਮਰੀਕਾ 2009, ਵਿਸ਼ਵ ਕੱਪ ਹਾਕੀ ਨਵੀਂ ਦਿੱਲੀ 2010, ਰਾਸ਼ਟਰਮੰਡਲ ਖੇਡਾਂ 2010 ਤੋਂ ਇਲਾਵਾ ਸਕੂਲ ਏਸ਼ੀਅਨ ਗੇਮਜ਼ ਅਤੇ ਕਈ ਹੋਰ ਕੌਮੀ ਤੇ ਕੌਮਾਂਤਰੀ ਪੱਧਰ ਦੇ ਟੂਰਨਾਮੈਂਟਾਂ ਦੀ ਮੀਡੀਆ ਕਵਰੇਜ ਕੀਤੀ। ਗੱਲ ਕੀ, ਖੇਡ ਪੱਤਰਕਾਰੀ ਦੇ ਸਿਰ `ਤੇ ਅੱਧੋਂ ਵੱਧ ਦੁਨੀਆ ਗਾਹ ਮਾਰੀ। ਦੇਸ਼ ਵਿਦੇਸ਼ ਦੇ ਬਹੁਤ ਸਾਰੇ ਖੇਡ ਕਲੱਬਾਂ ਨੇ ਉਸ ਨੂੰ ਖੇਡ ਪੱਤਰਕਾਰ ਵਜੋਂ ਸਨਮਾਨਿਤ ਕੀਤਾ।

ਜਗਰੂਪ ਸਿੰਘ ਦਾ ਜਨਮ 1 ਜਨਵਰੀ 1964 ਨੂੰ ਹਰਨੇਕ ਸਿੰਘ ਅਤੇ ਨਛੱਤਰ ਕੌਰ ਦੇ ਘਰ ਹੋਇਆ। 1995 ਵਿਚ ਗ੍ਰਹਿਸਤੀ ਜੀਵਨ ਪਰਮਜੀਤ ਕੌਰ ਨਾਲ ਸ਼ੁਰੂ ਕੀਤਾ। ਦੋ ਬੱਚੇ- ਧੀ ਪਰਨੀਤ ਕੌਰ ਤੇ ਪੁੱਤਰ ਗੁਰਲਾਲ ਪ੍ਰੀਤ ਹਨ ਜੋ ਪੰਜਾਬ `ਚੋਂ ਪੜ੍ਹ ਕੇ ਅਮਰੀਕਾ ਪਹੁੰਚੇ। ਅੱਜਕੱਲ੍ਹ ਦੋਵੇਂ ਕੈਲੀਫੋਰਨੀਆ (ਅਮਰੀਕਾ) ਵਿਚ ਪੜ੍ਹਦੇ ਹਨ। ਜਗਰੂਪ ਨੇ ਖ਼ੁਦ ਘਰ ਦੀ ਗਰੀਬੀ ਦੇ ਮਾਹੌਲ ਵਿਚ ਬਚਪਨ ਦਾ ਵਕਤ ਗੁਜ਼ਾਰਿਆ ਸੀ। ਉਦੋਂ ਆਲਮ ਇਹ ਸੀ ਕਿ ਈਸ਼ਰ ਦਾਸ ਮਾਰਕਾ ਹਾਕੀ ਜੋ ਪੰਜ ਰੁਪਏ ਦੀ ਆਉਂਦੀ ਸੀ, ਘਰ ਦੀ ਗਰੀਬੀ ਕਾਰਨ ਖਰੀਦੀ ਨਹੀਂ ਸੀ ਗਈ। ਹੁਣ ਪੰਜ ਹਜ਼ਾਰ ਰੁਪਏ ਕੀਮਤ ਵਾਲੀਆਂ ਸੌ-ਸੌ ਹਾਕੀ ਆਂ ਬੱਚਿਆਂ ਨੂੰ ਵੰਡ ਰਿਹੈ। ਹਾਕੀ ਦੀ ਚੇਟਕ ਉਸ ਨੂੰ ਵਿਸ਼ਵ ਕੱਪ 1973 ਤੇ ਵਿਸ਼ਵ ਕੱਪ 1975 ਦੇ ਫਾਈਨਲ ਮੁਕਾਬਲਿਆਂ ਦੀ ਕੁਮੈਂਟਰੀ ਤੋਂ ਲੱਗੀ ਸੀ। ਮੁਢਲੀ ਪੜ੍ਹਾਈ ਜਰਖੜ, ਮੈਟ੍ਰਿਕ ਆਲਮਗੀਰ ਤੇ ਹਾਇਰ ਸੈਕੰਡਰੀ ਵਿਸ਼ਵ ਕਰਮਾ ਸਕੂਲ ਲੁਧਿਆਣੇ ਤੋਂ ਕਰ ਕੇ ਖ਼ਾਲਸਾ ਕਾਲਜ ਲੁਧਿਆਣਾ ਤੋਂ ਬਾਰ੍ਹਵੀਂ ਤੇ ਤੇਰ੍ਹਵੀਂ ਅਤੇ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹੇ ਤੋਂ ਬੀਏ ਦੀ ਡਿਗਰੀ ਹਾਸਲ ਕੀਤੀ। ਫਿਰ ਸਰਕਾਰੀ ਕਾਲਜ ਮਲੇਰਕੋਟਲਾ ਤੋਂ ਇਕਨੌਮਿਕਸ ਦੀ ਐਮ ਏ ਕਰਨ ਲੱਗਾ ਜੋ ਪੂਰੀ ਨਾ ਹੋ ਸਕੀ। ਸਕੂਲ ਅਤੇ ਜ਼ਿਲ੍ਹਾ ਪੱਧਰ `ਤੇ ਕਬੱਡੀ ਨੈਸ਼ਨਲ ਸਟਾਈਲ ਖੇਡਣ ਪਿੱਛੋਂ ਪਿੰਡ ਅਤੇ ਕਲੱਬ ਪੱਧਰ ਦੀ ਹਾਕੀ ਖੇਡੀ। ਫਿਰ ਹਾਕੀ ਤੇ ਪੜ੍ਹਾਈ ਦੇ ਸਿਰ ਤੇ ਪੰਜਾਬ ਬਿਜਲੀ ਬੋਰਡ ਵਿਚ ਨੌਕਰੀ ਕਰਦਿਆਂ ਪਰਿਵਾਰ ਪਾਲਿਆ। ਲੋਕ ਸੰਪਰਕ ਅਫ਼ਸਰ ਦੀ ਨੌਕਰੀ ਪੂਰੀ ਹੋਣ ਤੋਂ 5 ਸਾਲ ਪਹਿਲਾਂ ਹੀ ਛੱਡਣੀ ਪਈ। ਕਾਰਨ ਸੀ ਰਾਜਨੀਤੀ ਵਿਚ ਆਉਣ ਦਾ। 2017 ਵਿਚ ਆਮ ਆਦਮੀ ਪਾਰਟੀ ਦੀ ਟਿਕਟ ਮਿਲਣ ਲੱਗੀ ਸੀ ਜੋ ਮਿਲ ਨਾ ਸਕੀ। ਰਾਜਨੀਤੀ ਵਿਚ ਇੰਜ ਵੀ ਹੁੰਦੈ!

ਜਰਖੜ ਖੇਡਾਂ ਦਾ ਆਰੰਭ

ਜਰਖੜ ਖੇਡਾਂ 1986 ਤੋਂ ਸ਼ੁਰੂ ਹੋਈਆਂ। ਖੇਡਾਂ ਦੇ 35 ਸਾਲਾ ਸਫ਼ਰ ਦੌਰਾਨ ਜਗਰੂਪ ਸਿੰਘ ਜਰਖੜ ਦੀ ਭੂਮਿਕਾ ਮੋਹਰੀਆਂ ਵਾਲੀ ਰਹੀ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਹੇਠਲੇ ਪੱਧਰ ਤੋਂ ਸ਼ੁਰੂ ਹੋਈ ਸੀ ਜਦੋਂ ਦੋ ਟੋਭਿਆਂ ਨੂੰ ਪੂਰ ਕੇ ਖੇਡ ਮੈਦਾਨਾਂ ਦਾ ਨਿਰਮਾਣ ਕੀਤਾ ਗਿਆ। ਪਹਿਲੀਆਂ ਖੇਡਾਂ ਦਾ ਬਜਟ 1200 ਰੁਪਏ ਸੀ। ਉਨ੍ਹਾਂ ਖੇਡਾਂ ਵਿਚ ਸਾਬਕਾ ਸਰਪੰਚ ਮੇਜਰ ਸਿੰਘ ਦਾ ਬੜਾ ਵੱਡਾ ਸਹਿਯੋਗ ਸੀ। ਉਸ ਤੋਂ ਬਾਅਦ ਗੁਰਦੁਆਰਾ ਮਾਤਾ ਸਾਹਿਬ ਕੌਰ ਮੰਜੀ ਸਾਹਿਬ ਜਰਖੜ ਦੀ ਮੁੱਖ ਸੇਵਾਦਾਰ ਬੀਬੀ ਸੁਰਜੀਤ ਕੌਰ ਹੋਰਾਂ ਨੇ 1999 ਤੱਕ ਖੇਡਾਂ ਜਾਰੀ ਰੱਖਣ ਵਿਚ ਵੱਡੀ ਭੂਮਿਕਾ ਨਿਭਾਈ। ਰਾਜਦੀਪ ਸਿੰਘ ਗਿੱਲ ਸਾਬਕਾ ਡੀਜੀਪੀ ਅਤੇ ਨਰਿੰਦਰਪਾਲ ਸਿੰਘ ਸਿੱਧੂ ਰੂਬੀ ਹੋਰਾਂ ਨੇ ਵੀ ਜਰਖੜ ਖੇਡਾਂ ਦੀ ਚੜ੍ਹਾਈ ਵਿਚ ਲੰਮਾ ਸਾਥ ਨਿਭਾਇਆ ਤੇ ਨਿਭਾ ਰਹੇ ਹਨ। ਖੇਡਾਂ ਸ਼ੁਰੂ ਹੋਣ ਤੋਂ ਲੈ ਕੇ ਵੱਖ ਵੱਖ ਸਮੇਂ ਕਈ ਔਕੜਾਂ ਵੀ ਆਈਆਂ। ਕਦੇ ਖੇਡ ਮੈਦਾਨਾਂ ਵਿਚ ਕੰਧਾਂ ਕੱਢਣ ਦੀ ਨੌਬਤ, ਕਦੇ ਖਾੜਕੂਆਂ ਦੀਆਂ ਧਮਕੀਆਂ, ਕਦੇ ਖੇਡਾਂ ਬੰਦ ਕਰਨ ਦੀ ਧਮਕੀ, ਕਦੇ ਜ਼ਿੰਦਗੀ ਨੂੰ ਖ਼ਤਰਾ, ਕਦੇ ਨੌਕਰੀ ਨੂੰ ਖ਼ਤਰਾ, ਕਦੇ ਪੱਤਰਕਾਰੀ ਤੇ ਹਮਲਾ, ਕਦੇ ਰਾਜਸੀ ਆਗੂਆਂ ਦੀ ਦਖ਼ਲਅੰਦਾਜ਼ੀ, ਕਦੇ ਝੂਠੇ ਪਰਚੇ, ਕਦੇ ਜਰਖੜ ਹਾਕੀ ਅਕੈਡਮੀ ਦੇ ਖੇਡ ਵਿੰਗ ਬੰਦ ਕਰਨ ਦੀਆਂ ਚਾਲਾਂ, ਕਦੇ ਕਿਸੇ ਨੇ ਬੱਚਿਆਂ ਦੇ ਹੋਸਟਲ ਦਾ ਪਾਣੀ ਬੰਦ ਕੀਤਾ ਪਰ ਦਾਤੇ ਨੇ ਮਿਹਰ ਰੱਖੀ। ਅੱਜ ਦੀ ਘੜੀ ਜਰਖੜ ਖੇਡਾਂ ਦਾ ਬਜਟ ਬਾਰਾਂ ਸੌ ਰੁਪਏ ਤੋਂ 25 ਲੱਖ ਦਾ ਹੋ ਗਿਆ ਹੈ।

ਜਰਖੜ ਹਾਕੀ ਅਕੈਡਮੀ ਉੱਤੇ ਹਰ ਸਾਲ ਪੰਦਰਾਂ ਤੋਂ ਵੀਹ ਲੱਖ ਰੁਪਏ ਖਰਚਾ ਆਉਂਦਾ ਹੈ। ਜਰਖੜ ਵਿਖੇ ਖੇਡਾਂ ਦਾ ਜੱਗ ਓਸੇ ਤਰ੍ਹਾਂ ਚੱਲਦਾ ਹੈ ਜਦਕਿ ਵਿਰੋਧ ਕਰਨ ਵਾਲਿਆਂ ਦੀਆਂ ਚਾਲਾਂ ਹੀ ਪੱਲੇ ਰਹਿ ਗਈਆਂ ਹਨ। ਜਰਖੜ ਹਾਕੀ ਅਕੈਡਮੀ ਦੇ 200 ਸੌਦੇ ਕਰੀਬ ਬੱਚੇ ਸਕੂਲਜ਼ ਨੈਸ਼ਨਲ ਅਤੇ ਆਲ ਇੰਡੀਆ ਇੰਟਰ-ਵਰਸਿਟੀ ਪੱਧਰ ਤੇ ਖੇਡੇ ਜਿਨ੍ਹਾਂ ਚੋਂ 33 ਬੱਚਿਆਂ ਨੂੰ ਸਰਕਾਰੀ ਵਿਭਾਗਾਂ ਵਿਚ ਨੌਕਰੀਆਂ ਮਿਲ ਗਈਆਂ ਹਨ। ਕਈ ਖਿਡਾਰੀ ਵਿਦੇਸ਼ਾਂ ਵਿਚ ਸੈਟਲ ਹੋਏ। ਜਰਖੜ ਖੇਡ ਸਟੇਡੀਅਮ ਜੋ 15 ਸਾਲ ਪਹਿਲਾਂ ਸਿਰਫ਼ ਖੇਡ ਮੈਦਾਨਾਂ ਤੱਕ ਸੀਮਤ ਸੀ, ਅੱਜ ਆਲੀਸ਼ਾਨ ਖੇਡ ਕੰਪਲੈਕਸ ਬਣ ਗਿਆ ਹੈ। ਇਸ ਉਪਰ 6 ਕਰੋੜ ਦੇ ਕਰੀਬ ਖਰਚਾ ਆ ਚੁੱਕੈ। ਸਰਕਾਰੀ ਸਹਾਇਤਾ ਤੋਂ ਇਲਾਵਾ 90 ਪ੍ਰਤੀਸ਼ਤ ਉਸਾਰੀ ਦਾ ਪੈਸਾ ਦੋਸਤਾਂ ਮਿੱਤਰਾਂ ਦੀਆਂ ਜੇਬਾਂ ਵਿਚੋਂ ਲੱਗਿਆ ਹੈ। ਜਰਖੜ ਖੇਡ ਸਟੇਡੀਅਮ ਦੀ ਪਛਾਣ ਪੰਜਾਬ ਵਿਚ ਹੀ ਨਹੀਂ ਸਗੋਂ ਨੌਰਥ ਇੰਡੀਆ ਦੇ ਆਲੀਸ਼ਾਨ ਸਟੇਡੀਅਮਾਂ ਵਿਚੋਂ ਇੱਕ ਹੋਣ ਦੀ ਹੈ। ਇਸ ਸਟੇਡੀਅਮ ਕੰਪਲੈਕਸ ਵਿਚ ਇਕੋ ਸਮੇਂ 8 ਖੇਡਾਂ ਹੋ ਸਕਦੀਆਂ ਹਨ ਜੋ ਜਰਖੜ ਖੇਡਾਂ ਵੇਲੇ ਹੁੰਦੀਆਂ ਵੀ ਹਨ। ਕੰਪਲੈਕਸ ਵਿਚ ਹਾਕੀ ਦਾ ਘਾਹ ਵਾਲਾ ਮੈਦਾਨ, ਵਾਲੀਬਾਲ, ਬਾਸਕਟਬਾਲ, ਹੈਂਡਬਾਲ, ਕਬੱਡੀ, ਕੁਸ਼ਤੀਆਂ ਆਦਿ ਦੇ ਵੱਖਰੇ ਵੱਖਰੇ ਖੇਡ ਮੈਦਾਨ ਬਣੇ ਹੋਏ ਹਨ। ਇਸ ਤੋਂ ਇਲਾਵਾ ਜਰਖੜ ਸਟੇਡੀਅਮ ਵਿਚ ਲੰਡਨ ਓਲੰਪਿਕ ਖੇਡਾਂ-2012 ਦੀ ਤਰਜ਼ ਤੇ 2014 ਵਿਚ ਨੀਲੇ ਰੰਗ ਦੀ ਐਸਟਰੋਟਰਫ ਲਗਾਈ ਗਈ ਹੈ। ਫਲੱਡਲਾਈਟਸ ਲੱਗੀਆਂ ਹੋਈਆਂ ਹਨ। ਇਸ ਤੋਂ ਇਲਾਵਾ ਆਧੁਨਿਕ ਸਹੂਲਤਾਂ ਵਾਲਾ ਹੋਸਟਲ ਹੈ ਜਿਸ ਵਿਚ 32 ਰੂਮ ਹਨ। ਜਿੰਮ ਤੋਂ ਇਲਾਵਾ ਹਾਕੀ ਅਕੈਡਮੀ ਦਾ ਦਫ਼ਤਰ, ਖਿਡਾਰੀਆਂ ਦੀ ਫੋਟੋ ਗੈਲਰੀ, ਡਰਾਇੰਗ ਰੂਮ, ਦੋ ਗੈਸਟ ਰੂਮ, ਏਸੀ ਹਾਲ, ਟੀਵੀ ਰੂਮ ਆਦਿ ਸਾਰੀਆਂ ਸਹੂਲਤਾਂ ਹਨ। ਸਟੇਡੀਅਮ ਤੇ ਹਾਕੀ ਅਕੈਡਮੀ ਦੀਆਂ ਪ੍ਰਾਪਤੀਆਂ ਦੇਖਦਿਆਂ ਹਾਕੀ ਇੰਡੀਆ ਨੇ 2014 ਵਿਚ ਜਰਖੜ ਹਾਕੀ ਅਕੈਡਮੀ ਨੂੰ ਮਾਨਤਾ ਦਿੱਤੀ ਹੈ। ਇਹ ਕੁਝ ਕਰਨ ਪਿੱਛੇ ਜਗਰੂਪ ਜਰਖੜ ਦਾ ਮੁੱਖ ਰੋਲ ਹੈ ਜਿਸ ਨੇ ਬੜੀਆਂ ਔਕੜਾਂ ਦਾ ਸਾਹਮਣਾ ਕਰ ਕੇ ਸਟੇਡੀਅਮ ਦੀ ਉਸਾਰੀ ਸਿਰੇ ਲਾਈ ਹੈ।

ਖੇਡ ਸਿਤਾਰਿਆਂ ਦੇ ਬੁੱਤ

ਜਰਖੜ ਖੇਡ ਸਟੇਡੀਅਮ ਪੰਜਾਬ ਦਾ ਹੀ ਨਹੀਂ, ਭਾਰਤ ਦਾ ਪਹਿਲਾ ਸਟੇਡੀਅਮ ਹੈ ਜਿਥੇ ਕਿਸੇ ਮਹਾਨ ਖਿਡਾਰੀ ਦਾ ਜਿਊਂਦੇ ਜੀਅ ਬੁੱਤ ਲੱਗਾ ਹੈ। ਉਹ ਹੈ ਉੱਡਣਾ ਸਿੱਖ ਮਿਲਖਾ ਸਿੰਘ। ਉਸ ਦੇ ਨਾਲ ਹੀ ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਆਦਮਕੱਦ ਬੁੱਤ ਹੈ। ਇਨ੍ਹਾਂ ਦੋਹਾਂ ਬੁੱਤਾ ਦਾ ਨਿਰਮਾਣ 2014 ਵਿਚ ਕੀਤਾ ਗਿਆ। ਮਿਲਖਾ ਸਿੰਘ ਖੁਦ ਆਪਣੇ 14 ਫੁੱਟੇ ਬੁੱਤ ਦਾ ਉਦਘਾਟਨ ਕਰਨ ਲਈ ਜਰਖੜ ਆਏ। ਧਿਆਨ ਚੰਦ ਦੇ ਪੁੱਤਰ ਓਲੰਪੀਅਨ ਅਸ਼ੋਕ ਕੁਮਾਰ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੇ ਜਰਖੜ ਆ ਕੇ ਧਿਆਨ ਚੰਦ ਦੇ ਬੁੱਤ ਨੂੰ ਸਿਜਦਾ ਕੀਤਾ। ਇਨ੍ਹਾਂ ਤੋਂ ਇਲਾਵਾ ਸਟੇਡੀਅਮ ਵਿਖੇ ਪੈਨਲਟੀ ਕਾਰਨਰ ਦੇ ਕਿੰਗ ਓਲੰਪੀਅਨ ਪ੍ਰਿਥੀਪਾਲ ਸਿੰਘ, ਓਲੰਪੀਅਨ ਸੁਰਜੀਤ ਸਿੰਘ ਰੰਧਾਵਾ, ਚਾਰ ਵਾਰ ਓਲੰਪਿਕ ਖੇਡਣ ਵਾਲੇ ਓਲੰਪੀਅਨ ਊਧਮ ਸਿੰਘ ਅਤੇ ਖੇਡ ਪ੍ਰੋਮੋਟਰ ਅਮਰਜੀਤ ਸਿੰਘ ਗਰੇਵਾਲ ਦੇ ਆਦਮਕੱਦ ਬੁੱਤ ਵੀ ਸਥਾਪਤ ਕੀਤੇ ਹਨ। ਗੋਲਡਨ ਹੈਟ ਟ੍ਰਿਕ ਵਾਲੇ ਆਈਕੌਨਿਕ ਓਲੰਪੀਅਨ ਬਲਬੀਰ ਸਿੰਘ ਦਾ ਵਿਸ਼ੇਸ਼ ਬੁੱਤ ਵੀ ਤਿਆਰੀ ਅਧੀਨ ਹੈ ਜਿਸ ਦੀ ਜੀਵਨੀ ਦਾ ਨਾਂ ਹੀ ‘ਗੋਲਡਨ ਗੋਲ’ ਹੈ।

ਜਰਖੜ ਖੇਡਾਂ ਦੇ ਮਾਨ-ਸਨਮਾਨ

ਜਰਖੜ ਖੇਡਾਂ ਦੇ ਸਮਾਪਤੀ ਸਮਾਰੋਹ ਸਮੇਂ ਹਰ ਸਾਲ ਉੱਘੀਆਂ ਸ਼ਖਸੀਅਤਾਂ ਸਨਮਾਨਿਤ ਕਰਨ ਦੀ ਰਵਾਇਤ ਜਾਰੀ ਹੈ। ਉਨ੍ਹਾਂ ਵਿਚ ਇਕ ਖਿਡਾਰੀ, ਇਕ ਖਿਡਾਰਨ, ਇਕ ਖੇਡ ਪ੍ਰੋਮੋਟਰ ਅਤੇ ਦੋ ਸਮਾਜ ਸੇਵੀ ਤੇ ਖੇਡ ਸਭਿਆਚਾਰ ਨਾਲ ਸਬੰਧਤ ਸ਼ਖਸੀਅਤਾਂ ਦਾ ਮਾਨ-ਸਨਮਾਨ ਹੁੰਦਾ ਹੈ। ਉਨ੍ਹਾਂ ਨੂੰ ਖੁੱਲ੍ਹੀਆਂ ਜੀਪਾਂ ਵਿਚ ਚੜ੍ਹਾ ਕੇ ਸਟੇਡੀਅਮ ਦਾ ਗੇੜਾ ਦਿਵਾਇਆ ਜਾਂਦਾ ਹੈ। ਫਿਰ ਉਨ੍ਹਾਂ ਨੂੰ ਵੱਖ-ਵੱਖ ਨਾਵਾਂ ਤੇ ਰੱਖੇ ਐਵਾਰਡ ਦੇਣ ਸਮੇਂ ਉਨ੍ਹਾਂ ਦੇ ਸਨਮਾਨ ਪੱਤਰ ਪੜ੍ਹੇ ਜਾਂਦੇ ਹਨ। ਕੁਝ ਇਨਾਮੀ ਰਾਸ਼ੀ ਵੀ ਦਿੱਤੀ ਜਾਂਦੀ ਹੈ। ਇਨ੍ਹਾਂ ਸਨਮਾਨਾਂ ਵਿਚ ਹੁਣ ਤੱਕ ਪੰਜਾਬ ਦੇ ਬਹੁਤ ਸਾਰੇ ਓਲੰਪੀਅਨ, ਕੌਮਾਂਤਰੀ ਖਿਡਾਰਨਾਂ, ਖੇਡ ਪ੍ਰੋਮੋਟਰ ਅਤੇ ਉੱਘੀਆਂ ਸਮਾਜ ਸੇਵੀ ਅਤੇ ਸਭਿਆਚਾਰਕ ਸ਼ਖਸੀਅਤਾਂ ਦਾ ਸਨਮਾਨ ਹੋ ਚੁੱਕਾ ਹੈ। ਉਨ੍ਹਾਂ ਵਿਚ ਸਤਿਗੁਰੂ ਉਦੈ ਸਿੰਘ ਨਾਮਧਾਰੀ, ਵਿਸ਼ਵ ਕੱਪ ਹਾਕੀ 1975 ਦੇ ਜੇਤੂ ਕਪਤਾਨ ਅਜੀਤਪਾਲ ਸਿੰਘ, ਪਦਮਸ੍ਰੀ ਪਰਗਟ ਸਿੰਘ, ਪੰਜਾਬੀ ਦੇ ਸਿਰਮੌਰ ਖੇਡ ਲੇਖਕ ਪ੍ਰਿੰ. ਸਰਵਣ ਸਿੰਘ, ਹਾਕੀ ਕਪਤਾਨ ਸਰਦਾਰਾ ਸਿੰਘ, ਗਾਇਕ ਹਰਭਜਨ ਮਾਨ, ਕਮੇਡੀਅਨ ਗੁਰਪ੍ਰੀਤ ਸਿੰਘ ਘੁੱਗੀ, ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਓਲੰਪੀਅਨ ਮਨਦੀਪ ਕੌਰ, ਫ਼ਿਲਮ ‘ਚਾਰ ਸਾਹਿਬਜ਼ਾਦੇ’ ਦੀ ਪੂਰੀ ਟੀਮ ਨਾਲ ਸ੍ਰੀ ਹੈਰੀ ਬਵੇਜਾਆਦਿ ਦਾ ਹੋਰਨਾਂ ਸ਼ਖਸੀਅਤਾਂ ਸਮੇਤ ਮਾਨ-ਸਨਮਾਨ ਕੀਤਾ ਜਾ ਚੁੱਕਾ ਹੈ। ਪੇਸ਼ ਹਨ ਜਗਰੂਪ ਜਰਖੜ ਦੀ ਪੱਤਰਕਾਰੀ ਦੇ ਕੁਝ ਨਮੂਨੇ:

ਹਾਕੀ ਟੀਮ `ਚ ਸਿੱਖ ਖਿਡਾਰੀ ਹੀ ਕਿਉਂ?

ਪੰਜਾਬੀਆਂ, ਖ਼ਾਸ ਕਰ ਕੇ ਸਿੱਖਾਂ ਨੂੰ ਹਾਕੀ ਖੇਡਣ ਦੀ ਚਿਣਗ ਫੌਜੀ ਛਾਉਣੀਆਂ ਤੋਂ ਲੱਗੀ।ਵਿਸ਼ੇਸ਼ ਕਰ ਕੇ ਜਲੰਧਰ ਛਾਉਣੀ ਤੋਂ ਜਿਸ ਨੇੜਲਾ ਪਿੰਡ ਸੰਸਾਰਪੁਰ ਹਾਕੀ ਦਾ ਗੜ੍ਹ ਹੀ ਬਣ ਗਿਆ। ਇਕ ਵਾਰ ਭਾਰਤੀ ਹਾਕੀ ਟੀਮ ਵਿਚ ਅੱਧੇ ਖਿਡਾਰੀ ਸੰਸਾਰਪੁਰੀਏ ਚੁਣੇ ਗਏ। ਸਿੱਖ ਦਾ ਭਾਰਤੀ ਹਾਕੀ ਟੀਮਾਂ ਵਿਚ ਹਮੇਸ਼ਾ ਦਬਦਬਾ ਰਿਹਾ ਜੋ ਮੁਲਕ ਦੇ ਕਈ ਹੁਕਮਰਾਨਾਂ ਨੂੰ ਚੁੱਭਦਾ ਵੀ ਰਿਹਾ। ਇਸੇ ਕਰ ਕੇ ਕਈ ਵਾਰ ਸਿੱਖ ਖਿਡਾਰੀਆਂ ਨੂੰ ਭਾਰਤੀ ਹਾਕੀ ਟੀਮ ਦੀ ਚੋਣ ਮੌਕੇ ਬੇਇਨਸਾਫ਼ੀ ਦਾ ਸ਼ਿਕਾਰ ਹੋਣਾ ਪਿਆ। ਗੱਲ ਅਪਰੈਲ 2006 ਦੀ ਹੈ ਜਦੋਂ ਬੀਐਸਐਫ ਦੇ ਸਾਬਕਾ ਮੁਖੀ ਸ੍ਰੀ ਅਸ਼ਵਨੀ ਕੁਮਾਰ ਨੇ ਨਵੀਂ ਦਿੱਲੀ ਵਿਖੇ 10 ਸਿੱਖ ਓਲੰਪੀਅਨ ਖਿਡਾਰੀਆਂ ਦੇ ਸਨਮਾਨ ਸਮਰੋਹ ਵਿਚ ਬੋਲਦਿਆਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗੱਲ ਸੁਣਾਈ।

ਅਸ਼ਵਨੀ ਕੁਮਾਰ ਉੱਚ ਪੁਲੀਸ ਅਧਿਕਾਰੀ ਹੋਣ ਨਾਲ 1954 ਤੋਂ 1974 ਤੱਕ ਭਾਰਤੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਵੀ ਰਿਹੈ। ਉਹ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਦੱਸਣ ਲੱਗੇ, “1974 ਵਿਚ ਜਦੋਂ ਮੈਂ ਬਾਰਡਰ ਸਕਿਓਰਟੀ ਫੋਰਸ ਦਾ ਇੰਸਪੈਕਟਰ ਜਨਰਲ ਸੀ, ਮੈਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਫੋਨ ਆਇਆ ਕਿ ਸ੍ਰੀਮਤੀ ਇੰਦਰਾ ਗਾਂਧੀ ਤੁਹਾਨੂੰ ਤੁਰੰਤ ਮਿਲਣਾ ਚਾਹੁੰਦੇ ਹਨ। ਉਸ ਵੇਲੇ ਮੈਂ ਗੁਲਮਰਗ ਨੇੜੇ ਕਸ਼ਮੀਰ ਦੀਆਂ ਸਰਹੱਦੀ ਚੌਕੀਆਂ ਦਾ ਮੁਆਇਨਾ ਕਰ ਰਿਹਾ ਸਾਂ। ਮੈਂ ਹੈਰਾਨ ਹੋਇਆ ਕਿ ਐਸੀ ਕਿਹੜੀ ਐਮਰਜੈਂਸੀ ਆ ਪਈ ਜੋ ਮੈਨੂੰ ਤੁਰੰਤ ਬੁਲਾਇਐ? ਹੈਲੀਕੌਪਟਰ ਨੇ ਮੈਨੂੰ ਗੁਲਮਰਗ ਤੋਂ ਸ੍ਰੀਨਗਰ ਪਹੁੰਚਾਇਆ। ਫੇਰ ਮੈਂ ਇੰਡੀਅਨ ਏਅਰਲਾਈਨਜ਼ ਦੀ ਉਡਾਣ ਤੇ ਦਿੱਲੀ ਪਹੁੰਚਿਆ। ਪੇਸ਼ ਹੋਇਆ ਤਾਂ ਪ੍ਰਧਾਨ ਮੰਤਰੀ ਜੀ ਨੇ ਕਿਹਾ, ਸਿੱਖਿਆ ਮੰਤਰੀ ਐੱਸ ਨੂਰੁਲ ਹਸਨ ਨੇ ਹਾਲ ਵਿਚ ਹੀ ਮੈਨੂੰ ਦੱਸਿਆ ਕਿ ਤੁਸੀਂ ਸਿੱਖ ਖਿਡਾਰੀਆਂ ਨੂੰ ਹੀ ਭਾਰਤੀ ਹਾਕੀ ਟੀਮਾਂ ਵਿਚ ਰੱਖਦੇ ਹੋ, ਬਾਕੀਆਂ ਨੂੰ ਨਹੀਂ। ਅਜਿਹਾ ਕਿਉਂ? ਮੈਂ ਸਪੱਸ਼ਟੀਕਰਨ ਦਿੱਤਾ ਪਰ ਪ੍ਰੇਸ਼ਾਨ ਬਹੁਤ ਹੋਇਆ। ਮੈਂ ਗੈਸਟ ਹਾਊਸ ਆਇਆ ਅਤੇ ਇੰਡੀਆ ਹਾਕੀ ਫੈਡਰੇਸ਼ਨ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਲਿਖ ਕੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਤਤਕਾਲੀ ਪ੍ਰਧਾਨ ਰਾਜਾ ਭਲਿੰਦਰ ਸਿੰਘ ਨੂੰ ਭੇਜ ਦਿੱਤਾ। ਮੈਂ ਸਿੱਖ ਖਿਡਾਰੀਆਂ ਦੇ ਹਾਕੀ ਹੁਨਰ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਸੀ ਕਰ ਸਕਦਾ। ਭਾਰਤੀ ਹਾਕੀ ਵਿਚ ਸਿੱਖਾਂ ਦਾ ਹਮੇਸਾਂ ਵੱਡਾ ਯੋਗਦਾਨ ਰਿਹੈ ਅਤੇ ਮੈਂ ਉਨ੍ਹਾਂ ਨੂੰ ਸਲਾਮ ਕਰਦਾ ਰਿਹਾ ਹਾਂ।”

ਸਿੱਖ ਖਿਡਾਰੀਆਂ ਦੀ ਹਾਕੀ ਦੀ ਖੇਡ ਪ੍ਰਤੀ ਲਗਨ, ਵਚਨਬੱਧਤਾ, ਸੁਹਿਰਦਤਾ ਅਤੇ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਆਖਿਆ ਕਿ ਸਿੱਖਾਂ ਦਾ ਯੋਗਦਾਨ ਕੇਵਲ ਭਾਰਤ ਦੀਆਂ ਹਾਕੀ ਟੀਮਾਂ ਨੂੰ ਹੀ ਨਹੀਂ ਸਗੋਂ ਕੀਨੀਆ, ਯੂਗਾਂਡਾ, ਮਲੇਸ਼ੀਆ, ਸਿੰਗਾਪੁਰ, ਹਾਂਗਕਾਂਗ, ਇੰਗਲੈਂਡ, ਕੈਨੇਡਾ, ਅਮਰੀਕਾ ਆਦਿ ਮੁਲਕਾਂ ਦੀਆਂ ਹਾਕੀ ਟੀਮਾਂ ਨੂੰ ਵੀ ਹੈ। ਬਾਰਸੀਲੋਨਾ ਓਲੰਪਿਕ 1992 ਦੌਰਾਨ ਮੈਂ ਐੱਫਆਈਐੱਚ ਦੇ ਪ੍ਰਧਾਨ ਏਟੀਐੱਨ ਗਲੀਚਿਚ ਨੂੰ ਮਿਲਿਆ। ਉਨ੍ਹਾਂ ਮੈਨੂੰ ਕੁਝ ਸਾਬਕਾ ਭਾਰਤੀ ਖਿਡਾਰੀਆਂ ਖ਼ਾਸ ਕਰ ਕੇ ਸਿੱਖ ਖਿਡਾਰੀਆਂ ਦੇ ਹਾਲ ਚਾਲ ਬਾਰੇ ਪੁੱਛਿਆ ਜਿਨ੍ਹਾਂ ਨਾਲ ਉਸ ਨੇ ਓਲੰਪਿਕ ਅਤੇ ਹੋਰ ਕੌਮਾਂਤਰੀ ਹਾਕੀ ਮੈਚ ਖੇਡੇ ਸਨ। ਉਸ ਨੇ ਉਚੇਚੇ ਤੌਰ ਤੇ ਬਲਬੀਰ ਸਿੰਘ, ਊਧਮ ਸਿੰਘ, ਧਰਮ ਸਿੰਘ, ਗੁਰਦੇਵ ਸਿੰਘ, ਪ੍ਰਿਥੀਪਾਲ ਸਿੰਘ ਅਤੇ ਹੋਰ ਸਿੱਖ ਖਿਡਾਰੀਆਂ ਨੂੰ ਯਾਦ ਕੀਤਾ। ਜਦੋਂ ਮੈਂ ਉਨ੍ਹਾਂ ਨੂੰ ਪਨੈਲਟੀ ਕਾਰਨਰ ਦੇ ਕਿੰਗ ਪ੍ਰਿਥੀਪਾਲ ਸਿੰਘ ਦੀ 1983 ਵਿਚ ਹੋਈ ਹੱਤਿਆ ਬਾਰੇ ਦੱਸਿਆ ਤਾਂ ਉਹਨਾਂ ਨੇ ਭਰੇ ਮਨ ਨਾਲ ਕਿਹਾ, ਉਹ ਮਹਾਨ ਖਿਡਾਰੀ ਸੀ! ਬ੍ਰਿਟਿਸ਼ ਸਾਮਰਾਜ ਸਮੇਂ ਸਿੱਖ ਫੌਜੀ ਜਦੋਂ ਦੁਨੀਆ ਦੇ ਕਿਸੇ ਮੁਲਕ ਵਿਚ ਜਾਂਦੇ ਸਨ ਤਾਂ ਆਪਣੀ ਹਾਕੀ ਸਟਿੱਕ ਨਾਲ ਲੈ ਜਾਂਦੇ ਸਨ।ਅਸ਼ਵਨੀ ਕੁਮਾਰ ਦੇ ਅੰਤਲੇ ਬੋਲ ਸਨ ਕਿ ਕਿਵੇਂ ਉਸ ਨੇ ਅਤੇ ਉਸ ਦੇ ਪਰਿਵਾਰ ਨੇ 1984 ਵਿਚ ਇੰਦਰਾ ਗਾਂਧੀ ਦੇ ਕਤਲ ਵੇਲੇ ਦੰਗਾਕਾਰੀਆਂ ਦਾ ਮੁਕਾਬਲਾ ਕੀਤਾ।

ਸ੍ਰੀ ਅਸ਼ਵਨੀ ਕੁਮਾਰ ਦੇ ਪ੍ਰਧਾਨਗੀ ਤੋਂ ਹਟਣ ਬਾਅਦ ਵਾਕਿਆ ਹੀ ਭਾਰਤੀ ਹਾਕੀ ਟੀਮਾਂ ਵਿਚ ਸਿੱਖ ਖਿਡਾਰੀਆਂ ਨਾਲ ਬੇਇਨਸਾਫ਼ੀ ਦਾ ਦੌਰ ਸ਼ੁਰੂ ਹੋ ਗਿਆ। ਵਿਸ਼ਵ ਹਾਕੀ ਕੱਪ 1978 ਵੇਲੇ ਜਦੋਂ ਭਾਰਤੀ ਹਾਕੀ ਦੇ ਕੁਝ ਉੱਚ ਅਧਿਕਾਰੀਆਂ ਨੇ ਸਿੱਖ ਖਿਡਾਰੀਆਂ ਅਤੇ ਸਿੱਖਾਂ ਪ੍ਰਤੀ ਮੰਦੀ ਸ਼ਬਦਾਵਲੀ ਵਰਤੀ ਤਾਂ ਉਸ ਵੇਲੇ ਦੇ ਨਾਮੀ ਖਿਡਾਰੀ ਸੁਰਜੀਤ ਸਿੰਘ ਰੰਧਾਵਾ, ਬਲਦੇਵ ਸਿੰਘ ਤੇ ਵਰਿੰਦਰ ਸਿੰਘ ਕੋਚਿੰਗ ਕੈਂਪ ਵਿਚਾਲੇ ਛੱਡ ਕੇ ਟੀਮ ਤੋਂ ਬਾਹਰ ਆ ਗਏ ਸਨ। ਫਿਰ ਵਿਸ਼ਵ ਕੱਪ 1978 ਵਿਚ ਭਾਰਤੀ ਹਾਕੀ ਦਾ ਜੋ ਹਸ਼ਰ ਹੋਇਆ, ਉਹ ਦੁਨੀਆ ਨੂੰ ਪਤਾ ਹੀ ਹੈ। ਉਸ ਵਕਤ 1975 ਦਾ ਵਿਸ਼ਵ ਚੈਂਪੀਅਨ ਭਾਰਤ ਛੇਵੇਂ ਨੰਬਰ ਤੇ ਆਇਆ। ਉਸ ਤੋਂ ਬਾਅਦ 1982 ਦੀਆਂ ਏਸ਼ੀਅਨ ਖੇਡਾਂ ਮੌਕੇ ਵੀ ਕਪਤਾਨ ਸੁਰਜੀਤ ਸਿੰਘ ਰੰਧਾਵਾ ਤੇ ਸੁਰਿੰਦਰ ਸਿੰਘ ਸੋਢੀ ਨੂੰ ਐਨ ਮੌਕੇ ਤੇ ਟੀਮ ਤੋਂ ਬਾਹਰ ਕੀਤਾ ਅਤੇ ਪ੍ਰਿਥੀਪਾਲ ਸਿੰਘ ਜਿਹੇ ਖਿਡਾਰੀਆਂ ਨੂੰ ਏਸ਼ੀਅਨ ਖੇਡਾਂ ਤੇ ਸੱਦਣਾ ਵੀ ਵਾਜਬ ਨਾ ਸਮਝਿਆ। ਫਿਰ ਫਾਈਨਲ ਮੈਚ ਵਿਚ ਪਾਕਿਸਤਾਨੀ ਹਾਕੀ ਟੀਮ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਅੱਖਾਂ ਸਾਹਮਣੇ ਭਾਰਤੀ ਹਾਕੀ ਟੀਮ ਨੂੰ 7-1 ਗੋਲਾਂ ਦੀ ਜੋ ਧੂੜ ਚਟਾਈ, ਉਹ ਸਦਮਾ ਅਜੇ ਵੀ ਭਾਰਤ ਵਾਸੀਆਂ ਅਤੇ ਹਾਕੀ ਪ੍ਰੇਮੀਆਂ ਨੂੰ ਨਹੀਂ ਭੁੱਲਿਆ।

ਜਗਰੂਪ ਸਿੰਘ ਜਰਖੜ ਦੀ ਜਦੋਜਹਿਦ ਲਗਾਤਾਰ ਜਾਰੀ ਹੈ। ਉਸ ਦੇ ਭਵਿੱਖ ਦਾ ਟੀਚਾ ਇਹੋ ਹੈ ਕਿ ਜ਼ਿੰਦਗੀ ਦੇ ਜਿੰਨੇ ਸਾਹ ਬਾਕੀ ਹਨ, ਉਹ ਜਰਖੜ ਖੇਡਾਂ, ਮਾਤਾ ਸਾਹਿਬ ਕੌਰ ਸਟੇਡੀਅਮ ਅਤੇ ਖੇਡ ਮੈਦਾਨਾਂ ਤੇ ਖਿਡਾਰੀਆਂ ਨੂੰ ਸਮਰਪਿਤ ਹੋਣਗੇ। ਉਸ ਅੱਗੇ ਜਰਖੜ ਵਿਖੇ ਹਾਕੀ ਦੀ ਵੱਡੀ ਐਸਟਰੋਟਰਫ ਲਗਵਾਉਣ ਦਾ ਟੀਚਾ ਹੈ ਅਤੇ ਜਰਖੜ ਹਾਕੀ ਅਕੈਡਮੀ ਵਿਚੋਂ ਹਰ ਵਾਰ ਘੱਟੋ-ਘੱਟ ਦੋ ਓਲੰਪੀਅਨ ਦੇਸ਼ ਨੂੰ ਦੇਣ ਦਾ ਨਿਸ਼ਾਨਾ ਹੈ। ਬਾਕੀ ਰੱਬ ਦੀ ਰਜ਼ਾ ਹੈ ਕਿ ਉਸ ਨੂੰ ਕੀ ਮਨਜ਼ੂਰ ਹੈ? ਜ਼ਿੰਦਗੀ ਦਾ ਜੋ ਤਿਲ ਫੁੱਲ ਹੈ, ਉਹ ਖੇਡਾਂ ਦੇ ਲੇਖੇ ਲਾਈ ਜਾ ਰਿਹੈ। ਇਸੇ ਲਈ ਕਿਹਾ ਜਾਂਦੈ ਕਿ ਉਹ ਜਰਖੜ ਖੇਡਾਂ ਥੰਮ੍ਹ ਹੈ।

ਸੰਪਰਕ: principalsarwansingh@gmail.com

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All