ਦੇਸ਼ ਦੀ ਵੰਡ ਤੇ ਹਿੰਦ-ਪਾਕਿ ਜੰਗਾਂ ਨੇ ਰੋਲ ਦਿੱਤੀ ਜਵਾਲਾ ਸਿੰਘ ਦੀ ਹਵੇਲੀ : The Tribune India

ਦੇਸ਼ ਦੀ ਵੰਡ ਤੇ ਹਿੰਦ-ਪਾਕਿ ਜੰਗਾਂ ਨੇ ਰੋਲ ਦਿੱਤੀ ਜਵਾਲਾ ਸਿੰਘ ਦੀ ਹਵੇਲੀ

ਦੇਸ਼ ਦੀ ਵੰਡ ਤੇ ਹਿੰਦ-ਪਾਕਿ ਜੰਗਾਂ ਨੇ ਰੋਲ ਦਿੱਤੀ ਜਵਾਲਾ ਸਿੰਘ ਦੀ ਹਵੇਲੀ

ਬਹਾਦਰ ਸਿੰਘ ਗੋਸਲ

ਦੇਸ਼ ਨੂੰ 1947ਈ: ਵਿੱਚ ਆਜ਼ਾਦੀ ਮਿਲਣ ਦੇ ਨਾਲ ਹੀ ਦੇਸ਼ ਦੀ ਵੰਡ ਹੋ ਗਈ। ਭਾਵੇਂ ਹਿੰਦੁਸਤਾਨ ਆਜ਼ਾਦੀ ਦੀ ਖੁਸ਼ੀ ਮਨਾ ਰਿਹਾ ਸੀ ਪਰ ਪੰਜਾਬ ਅਕਹਿ ਅਤੇ ਅਸਹਿ ਸੰਤਾਪ ਭੋਗ ਰਿਹਾ ਸੀ। ਜਿਨ੍ਹਾਂ ਪਰਿਵਾਰਾਂ ਨੇ ਇਸ ਦੁਖਾਂਤ ਦਾ ਦਰਦ ਆਪਣੇ ਮਨਾਂ ਅਤੇ ਪਿੰਡਿਆਂ ’ਤੇ ਹੰਢਾਇਆ, ਉਨ੍ਹਾਂ ਦੇ ਅਥਰੂ ਅੱਜ ਵੀ ਸੁੱਕੇ ਨਹੀਂ। ਇਹ ਦੁਖਾਂਤ ਮਨੁੱਖਤਾ ਪ੍ਰਤੀ ਘੋਰ ਜ਼ੁਲਮ ਅਤੇ ਬੇਰਹਿਮੀ ਵਾਲਾ ਸੀ।

ਇਹ ਵੰਡ, ਜਿਸ ਨੇ ਦੇਸ਼ ਨੂੰ ਹਿੰਦੋਸਤਾਨ ਅਤੇ ਪਾਕਿਸਤਾਨ ਦੋ ਦੇਸ਼ਾਂ ਵਿੱਚ ਵੰਡ ਦਿੱਤਾ, ਨੇ ਪੰਜਾਬ ਦੀ ਬਰਬਾਦੀ ਦਾ ਕੋਈ ਪਹਿਲੂ ਬਾਕੀ ਨਹੀਂ ਛੱਡਿਆ। ਇਸ ਦੌਰਾਨ ਮੁੱਖ ਤੌਰ ’ਤੇ ਪੰਜਾਬ ਦੀ ਵੰਡ ਹੋਈ ਅਤੇ ਇਸ ਵੰਡ ਦਾ ਸੇਕ ਪੰਜਾਬ ਦੇ ਹਰ ਘਰ ਤੱਕ ਪਹੁੰਚਿਆ। ਇਨਸਾਨੀਅਤ ਪਤਾ ਨਹੀਂ ਕਿੱਥੇ ਚਲੀ ਗਈ ਸੀ। ਪੰਜਾਬ ਦੀ ਆਬਰੂ, ਧਰਤ, ਸ਼ਹਿਰ, ਧਾਰਮਿਕ ਅਸਥਾਨ, ਭਾਈਚਾਰਾ, ਪਰਿਵਾਰ ਅਤੇ ਇੱਥੋਂ ਤੱਕ ਕਿ ਘਰ, ਜ਼ਮੀਨ-ਜਾਇਦਾਦ, ਮਾਲ ਡੰਗਰ, ਮਨੁੱਖੀ ਪਿਆਰ ਸਭ ਖਤਮ ਹੋ ਗਏ। ਇਸ ਵੰਡ ਨਾਲ ਕਿਸੇ ਨੂੰ ਕੀ ਮਿਲਿਆ, ਇਹ ਤਾਂ ਕਿਸੇ ਨੇ ਨਹੀਂ ਸੋਚਿਆ ਪਰ ਬਰਬਾਦੀ ਦੀਆਂ ਤਸਵੀਰਾਂ ਸਦਾ ਲਈ ਉਕਰੀਆਂ ਗਈਆਂ।

ਜਿੱਥੇ ਹੋਰ ਸਭ ਕੁੱਝ ਬਰਬਾਦ ਹੋ ਗਿਆ ਉਸ ਦੇ ਨਾਲ ਹੀ ਪੰਜਾਬ ਦਾ ਹੱਸਦਾ ਚਿਹਰਾ, ਇਸ ਦਾ ਵਿਸ਼ਾਲ ਵਿਰਸਾ ਅਤੇ ਸੱਭਿਆਚਾਰ ਵੀ ਰੁਲ ਕੇ ਰਹਿ ਗਿਆ। ਅਜੋਕੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦਾ ਉਹ ਸੱਭਿਆਚਾਰ ਅਤੇ ਪੰਜਾਬੀ ਵਿਰਸਾ ਕਦੇ ਕਿਸੇ ਨੂੰ ਮੁੜ ਨਸੀਬ ਨਹੀਂ ਹੋਇਆ। ਕੁਦਰਤੀ ਤੌਰ ’ਤੇ ਪੰਜ ਦਰਿਆਵਾਂ ਦੀ ਇਹ ਧਰਤੀ ਹਰ ਪੱਖੋਂ ਪ੍ਰਫੁੱਲਤ ਹੋਣ ਕਰਕੇ ਇਸ ਖੇਤਰ ਵਿੱਚ ਪੰਜਾਬੀ ਸੱਭਿਆਚਾਰ ਨੇ ਖੂਬ ਉਡਾਰੀਆਂ ਮਾਰੀਆਂ। ਪਰ ਇਸ ਵੰਡ ਨੇ ਸਾਡੀਆਂ ਸੋਚਾਂ ਨੂੰ ਸੀਮਤ ਕਰਨ ਦਾ ਅਜਿਹਾ ਘਿਨੌਣਾ ਕੰਮ ਕੀਤਾ ਕਿ ਲੋਕ ਪਾਕਿਸਤਾਨ ਵਿੱਚ ਰਹਿ ਗਏ ਆਪਣੇ ਗੁਰਧਾਮਾਂ ਦੇ ਦਰਸ਼ਨਾਂ ਤੋਂ ਵਾਂਝੇ ਹੋ ਗਏ। ਇਸੇ ਤਰ੍ਹਾਂ ‘ਇਧਰਲੇ’ ਪੰਜਾਬੀ ‘ਉਧਰ’ ਬਣੀਆਂ ਸੱਭਿਆਚਾਰਕ ਹਵੇਲੀਆਂ, ਸਰਾਵਾਂ ਦੇ ਅਦਭੁੱਤ ਨਜ਼ਾਰਿਆਂ ਤੋਂ ਵੀ ਸੱਖਣੇ ਹੋ ਗਏ। ਲਹਿੰਦੇ ਪੰਜਾਬ ਵਿੱਚ ਬਹੁਤ ਸ਼ਾਨਦਾਰ ਹਵੇਲੀਆਂ ਕਿਲ੍ਹੇ ਅਤੇ ਸਰਾਵਾਂ ਦੇਖਣਯੋਗ ਹਨ, ਜਿਨ੍ਹਾਂ ਕਰਕੇ ਹਰ ਕੋਈ ਲਾਹੌਰ ਦੇਖਣਾ ਲੋਚਦਾ ਸੀ।

ਅਜਿਹੀ ਹੀ ਇੱਕ ਹਵੇਲੀ ਦਾ ਇੱਥੇ ਜ਼ਿਕਰ ਕਰਨ ਜਾ ਰਹੇ ਹਾਂਂ, ਜਿਸ ਨੂੰ ਸਮੇਂ ਦੀ ਮਾਰ ਦੇ ਨਾਲ-ਨਾਲ, ਦੇਸ਼ ਦੀ ਵੰਡ ਅਤੇ ਹਿੰਦ-ਪਾਕਿ ਜੰਗਾਂ ਨੇ ਬਰਬਾਦ ਕਰ ਕੇ ਰੱਖ ਦਿੱਤਾ। ਜਿਵੇਂ ਕਿਹਾ ਜਾਂਦਾ ਹੈ ਕਿ ਕੋਈ ਵੀ ਚੀਜ਼ ਬਣਾਉਣ ਨੂੰ ਸਮਾਂ ਲੱਗਦਾ ਹੈ ਪਰ ਬਰਬਾਦੀ ਮਿੰਟਾਂ ਵਿੱਚ ਹੋ ਜਾਂਦੀ ਹੈ। ਅਜਿਹਾ ਹੀ ਹਿੰਦ-ਪਾਕਿ ਸਰਹੱਦ ਤੋਂ 13 ਕਿਲੋਮੀਟਰ ਦੂਰ ਪਾਕਿਸਤਾਨ ਵਾਲੇ ਪਾਸੇ ਬਣੀ ਸਰਦਾਰ ਜਵਾਲਾ ਸਿੰਘ ਸੰਧੂ ਦੀ ਅਦਭੁੱਤ ਹਵੇਲੀ ਨਾਲ ਵਾਪਰਿਆ। ਕਿਹਾ ਜਾਂਦਾ ਹੈ ਕਿ ਇਹ ਹਵੇਲੀ ਪਿੰਡ ਭਠਾਣਾ ਵਿੱਚ ਅੱਜ ਤੋਂ 300 ਸਾਲ ਪਹਿਲਾ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਸਿੱਖ ਫੌਜੀ ਕਮਾਂਡਰ ਸਰਦਾਰ ਜਵਾਲਾ ਸਿੰਘ ਸੰਧੂ ਵੱਲੋਂ ਬਣਾਈ ਗਈ ਸੀ। ਪਿੰਡ ਭਠਾਣਾ 17ਵੀਂ ਸਦੀ ਵਿੱਚ ਗੁਜਰਾਂ ਨੇ ਵਸਾਇਆ ਸੀ। ਇਹ ਹਵੇਲੀ ਜਵਾਲਾ ਸਿੰਘ ਵੱਲੋਂ ਬਣਾਈ ਗਈ ਸੀ, ਜੋ ਬਹੁਤ ਵੱਡੀ ਹੋਣ ਦੇ ਨਾਲ-ਨਾਲ ਲੰਬੇ ਸਮੇਂ ਤੱਕ ਪੱਕੇ ਤੌਰ ’ਤੇ ਰਹਿਣ ਵਾਲੀ ਸੀ। ਇਸ ਨੂੰ ਬਣਾਉਣ ਵਿੱਚ ਕਿਸੇ ਲੋਹੇ ਦੀ ਵਰਤੋਂ ਨਹੀਂ ਕੀਤੀ ਗਈ, ਸਗੋਂ ਇਹ ਚੂਨੇ ਅਤੇ ਦਾਲਾਂ ਦੇ ਮਿਸ਼ਰਨ ਨਾਲ ਛੋਟੀਆਂ ਇੱਟਾਂ ਨਾਲ ਬਣਾਈ ਗਈ ਸੀ। ਲੱਕੜ ਦੇ ਕੰਮ ਲਈ ਦਿਓਦਾਰ ਅਤੇ ਸੰਦਲ ਦੀ ਮਹਿੰਗੀ ਲੱਕੜ ਦੀ ਵਰਤੋਂ ਕਰ ਕੇ, ਫੱਟੇ, ਸਤੀਰ ਅਤੇ ਬਾਲੇ ਬਣਾਏ ਗਏ, ਜਿਨ੍ਹਾਂ ’ਚੋਂ ਕੁੱਝ ਅੱਜ ਵੀ ਦੇਖੇ ਜਾ ਸਕਦੇ ਹਨ। ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਇਸ ਦੇ ਥੱਲੇ ਇੱਕ ਤਹਿਖਾਨਾ ਹੁੰਦਾ ਸੀ, ਜਿਸ ’ਚੋਂ ਇੱਕ ਸੁਰੰਗ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੱਕ ਜਾਂਦੀ ਸੀ।

ਇਸ ਹਵੇਲੀ ਵਿੱਚ ਰਹਿਣ ਵਾਲੇ ਬਹੁਤ ਸਾਰੇ ਰਿਹਾਇਸ਼ੀ ਕਮਰੇ ਸਨ ਅਤੇ ਹਾਥੀ ਘੋੜਿਆਂ ਲਈ ਤਬੇਲੇ ਬਣੇ ਹੋਏ ਸਨ। ਅੰਦਰ ਹੀ ਇੱਕ ਖੂਹੀ ਹੁੰਦੀ ਸੀ, ਜੋ ਪਾਣੀ ਦੀਆਂ ਲੋੜਾਂ ਨੂੰ ਪੂਰਾ ਕਰਦੀ ਸੀ। ਅੰਦਰ ਹਵੇਲੀ ਬਣਾਉਣ ਸਮੇਂ ਇੱਕ ਫੁਆਰਾ ਸਿਸਟਮ ਵੀ ਬਣਾਇਆ ਗਿਆ ਸੀ. ਜੋ ਬਾਅਦ ਵਿੱਚ ਖਰਾਬ ਹੋ ਗਿਆ। ਇੱਥੇ ਇੱਕ ਪੁਰਾਣੀ ਕਿਸਮ ਦਾ ਤਾਲਾ ਅਜੇ ਵੀ ਦੇਖਣ ਨੂੰ ਮਿਲਦਾ ਹੈ। ਹਵੇਲੀ ਦੇ ਅੰਦਰ ਸ਼ਾਨਦਾਰ ਚਿੱਤਰ ਬਣਾਏ ਹੁੰਦੇ ਸਨ ਜੋ ਸਮੇਂ ਦੇ ਨਾਲ ਖਰਾਬ ਹੋ ਗਏ। ਚੌਗਾਠਾਂ ਲੱਕੜ ਦੀ ਥਾਂ ਲਾਲ ਰੰਗ ਦੇ ਪੱਥਰ ਦੀਆਂ ਬਣੀਆਂ ਹੋਈਆਂ ਸਨ, ਜੋ ਬਹੁਤ ਮਜ਼ਬੂਤ ਅਤੇ ਸ਼ਾਨਦਾਰ ਲੱਗਦੀਆਂ ਹਨ। ਹੁਣ ਭਾਵੇਂ ਛੱਤਾਂ ਢਹਿ-ਢੇਰੀ ਹੋ ਗਈਆਂ ਹਨ ਪਰ ਇਸ ਦੀਆਂ ਦੀਵਾਰਾਂ ਛੇ ਗਿੱਠ ਚੌੜੀਆਂ ਸਨ। ਸਰਦਾਰ ਜਵਾਲਾ ਸਿੰਘ ਦੇ ਵੰਸ਼ ਦੇ ਕੁੱਝ ਲੋਕ ਚੜ੍ਹਦੇ ਪੰਜਾਬ ਵਿੱਚ ਆ ਵਸੇ ਪਰ ਕੁੱਝ ਮੁਸਲਮਾਨ ਬਣ ਕੇ ਉਸੇ ਇਲਾਕੇ ਵਿੱਚ ਰਹਿੰਦੇ ਰਹੇ ਅਤੇ ਅੱਜ ਵੀ ਉਨ੍ਹਾਂ ਦੀ ਅੱਠਵੀਂ ਪੀੜੀ ਦੇ ਲੋਕ ਉਧਰ ਰਹਿੰਦੇ ਹਨ।

ਇਸ ਹਵੇਲੀ ਨੇ ਪਹਿਲਾਂ 1947 ਦੀ ਵੰਡ ਦਾ ਸੰਤਾਪ ਭੋਗਿਆ ਅਤੇ ਇਸ ਦੇ ਕਾਫ਼ੀ ਹਿੱਸੇ 1965 ਦੀ ਲੜਾਈ ਸਮੇਂ ਖਰਾਬ ਹੋ ਗਏ। ਇਸੇ ਤਰ੍ਹਾਂ 1971 ਦੀ ਹਿੰਦ-ਪਾਕਿ ਜੰਗ ਸਮੇਂ ਗੋਲਾ-ਬਾਰੂਦ ਨਾਲ ਇਸ ਹਵੇਲੀ ਦਾ ਬਹੁਤ ਨੁਕਸਾਨ ਹੋਇਆ, ਜਿਸ ਨੇ ਇਸ ਨੂੰ ਖੰਡਰ ਬਣਾ ਦਿੱਤਾ। ਸੈਂਕੜੇ ਹਾਥੀਆਂ ਅਤੇ ਘੋੜਿਆਂ ਦੀ ਸੰਭਾਲ ਕਰਨ ਵਾਲੀ ਇਹ ਹਵੇਲੀ ਹੁਣ ਬਿਲਕੁਲ ਢਹਿ-ਢੇਰੀ ਜਿਹੀ ਨਜ਼ਰ ਆਉਂਦੀ ਹੈ। ਪਰ ਅੱਜ ਵੀ ਲੋਕ ਇਸ ਬਾਰੇ ਜਾਣਦੇ ਹਨ ਅਤੇ ਉਨ੍ਹਾਂ ਦੀ ਮੰਗ ਹੈ ਕਿ ਪਾਕਿਸਤਾਨ ਸਰਕਾਰ ਇਸ ਹਵੇਲੀ ਦੀ ਸੰਭਾਲ ਕਰ ਕੇ ਇਸ ਨੂੰ ਹੋਰ ਉਜੜਨ ਤੋਂ ਬਚਾਵੇ ਅਤੇ ਇਸ ਨੂੰ ਵਿਕਸਤ ਕਰ ਕੇ ਸੈਰ-ਸਪਾਟੇ ਦੀ ਥਾਂ ਵਜੋਂ ਉਭਾਰਿਆ ਜਾਵੇ। ਇਹ ਹਵੇਲੀ ਪੁਰਾਣੇ ਸੱਭਿਆਚਾਰ ਅਤੇ ਇਮਾਰਤ ਕਲਾ ਦਾ ਅਨੋਖਾ, ਵਿਲੱਖਣ ਅਤੇ ਸ਼ਾਨਦਾਰ ਨਮੂਨਾ ਹੈ।

ਸੰਪਰਕ: 98764-52223

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All