ਵਿਚਾਰ ਵਟਾਂਦਰਾ

ਜੱਟਵਾਦ ਬਨਾਮ ਦਲਿਤਵਾਦ: ਵਿਰੋਧੀ ਜਾਂ ਪੂਰਕ?

ਜੱਟਵਾਦ ਬਨਾਮ ਦਲਿਤਵਾਦ: ਵਿਰੋਧੀ ਜਾਂ ਪੂਰਕ?

ਕੰਵਲਜੀਤ ਸਿੰਘ

ਕੀ ਪੰਜਾਬ ਵਿਚ ਅਤੇ ਅਗਾਂਹ ਇਸ ਦੀਆਂ ਜਮਹੂਰੀ ਅਤੇ ਅਗਾਂਹਵਧੂ ਸਫਾਂ ਵਿਚ ਜੱਟਵਾਦ ਪਨਪਦਾ ਹੈ? ਕੀ ਇਸ ਦੇ ਨਾਲ ਹੀ ਦਲਿਤਵਾਦ ਵੀ ਵਿਗਸਦਾ ਹੈ? ਦੋਵਾਂ ਸਵਾਲਾਂ ਦਾ ਜਵਾਬ ‘ਹਾਂ’ ਵਿਚ ਦੇਣ ਲੱਗਿਆਂ ਮੈਨੂੰ ਰੱਤੀ ਭਰ ਵੀ ਹਿਚਕਿਚਾਹਟ ਨਹੀਂ ਹੋ ਰਹੀ। ਜੇ ਗੱਲ ਸਿਰਫ਼ ਇਨ੍ਹਾਂ ਵਾਦਾਂ ਦੀ ਹੋਂਦ ਨੂੰ ਮੰਨਣ ਜਾਂ ਰੱਦ ਕਰਨ ਤੱਕ ਹੀ ਸੀਮਿਤ ਹੁੰਦੀ ਤਾਂ ਏਨੇ ਨਾਲ ਹੀ ਸਰ ਜਾਣਾ ਸੀ। ਮਸਲਾ ਇਨ੍ਹਾਂ ਰੁਝਾਨਾਂ ਦੇ ਜਮਹੂਰੀਅਤ ਲਈ ਤਾਂਘਦੇ ਪੰਜਾਬ ’ਤੇ ਪੈਣ ਵਾਲੇ ਅਸਰ ਦਾ ਹੈ। ਇਨ੍ਹਾਂ ਦੀਆਂ ਜੜ੍ਹਾਂ ਤੱਕ ਪਹੁੰਚਣ ਦਾ ਹੈ। ਪੰਜਾਬ ਨੂੰ ਇਨ੍ਹੲ ਵਿਚੋਂ ਕੱਢ ਕੇ ਅੱਗੇ ਲੈ ਜਾਣ ਦਾ ਹੈ। ਕੀ ਇਹ ਰੁਝਾਨ ਇਕ ਦੂਜੇ ਦੇ ਟਾਕਰੇ ’ਤੇ ਖੜ੍ਹੇ ਹਨ? ਜਾਰੀ ਬਹਿਸਾਂ ਤੋਂ ਤਾਂ ਇਉਂ ਹੀ ਜਾਪਦਾ ਹੈ, ਪਰ ਅਜਿਹਾ ਨਹੀਂ। ਪਹਿਲਾਂ ਅਸੀਂ ਦੋਵਾਂ ਰੁਝਾਨਾਂ ਦੇ ਕਾਰਨਾਂ, ਲੱਛਣਾਂ ਤੇ ਇਲਾਜ ਬਾਰੇ ਜਾਣੀਏ।

‘ਜੱਟਵਾਦ’ ਜੱਟ ਹੋਣ ’ਤੇ ਮਾਣ ਦਾ ਨਾਮ ਹੈ। ਜੱਟਾਂ ਦੀ ਪੰਜਾਬ ਦੇ ਸਮਾਜ, ਆਰਥਿਕਤਾ ਅਤੇ ਸਿਆਸਤ ’ਤੇ ਵਿਆਪਕ ਅਤੇ ਡੂੰਘੀ ਪਕੜ ਇਸ ਮਾਣ ਦਾ ਆਧਾਰ ਹੈ। ਇਹ ‘ਮਾਣ’ ਸੁਹਜ ਸਵਾਦਾਂ, ਜੀਵਨ ਜਿਓਣ ਦੇ ਅੰਦਾਜ਼ ਅਤੇ ਗੀਤਾਂ ਬੋਲੀਆਂ ਆਦਿ ਰਾਹੀਂ ਪ੍ਰਗਟ ਕੀਤਾ ਜਾਂਦਾ ਹੈ। ਇਉਂ ਇਹ ਜੱਟ ਵਿਅਕਤੀ ਦੀ ਖ਼ੁਦ ਬਾਰੇ ਮਾਰੀ ਗਈ ਨਰਮ ਜਾਂ ਗਰਮ ਬੜ੍ਹਕ ਹੋ ਨਿਬੜਦਾ ਹੈ। ਇਸ ਦਾ ਦੂਜਾ ਹਿੱਸਾ, ਗ਼ੈਰ ਜੱਟ ਕੌਮਾਂ ਅੰਦਰ ਜੱਟਾਂ ਦੀ ਇਸ ਚੜ੍ਹਾਈ ਨੂੰ ਵੱਖ ਵੱਖ ਰੂਪਾਂ ਵਿਚ ਸਵੀਕਾਰ ਕਰ ਲੈਣ ਦੇ ਰੂਪ ਵਿਚ ਮਿਲਦਾ ਹੈ। ਕਈ ਵਾਰੀ ਇਹ ਜੱਟਵਾਦੀ ਗੀਤਾਂ ’ਤੇ ਗ਼ੈਰ ਜੱਟ ਲੋਕਾਂ ਦੇ ਭੰਗੜੇ ਅਤੇ ਕਈ ਵਾਰੀ ਜੱਟਾਂ ਦੇ ਗੋਤਾਂ ਨੂੰ ਆਪਣੇ ਨਾਂ ਨਾਲ ਜੋੜਨ ਦੇ ਰੂਪ ਵਿਚ ਵੇਖਿਆ ਜਾਂਦਾ ਹੈ। ਇੱਥੋਂ ਤੱਕ ਇਹ ਵਾਦ ਕਿਸੇ ਨੂੰ ਕੋਈ ਵੱਡਾ ਖ਼ਤਰਾ ਨਹੀਂ ਲੱਗੇਗਾ। ਆਖ਼ਰ ਕਿਸੇ ਦੇ ਆਪਣੇ ਆਪ ਜਾਂ ਆਪਣੀ ਜਾਤ ’ਤੇ ਮਾਣ ਕਰਨ ਨਾਲ ਕਿਸੇ ਵੀ ਹੋਰ ਨੂੰ ਕੀ ਤਕਲੀਫ਼?

ਤਕਲੀਫ਼ ਇਸ ਤੋਂ ਅੱਗੇ ਸ਼ੁਰੂ ਹੁੰਦੀ ਹੈ। ਜੱਟਵਾਦ ਸਭ ਤੋਂ ਪਹਿਲਾਂ ਜੱਟ ਹੋਣ ਦੇ ਜੋ ਪੈਮਾਨੇ ਪੇਸ਼ ਕਰਦਾ ਹੈ ਉਹ ਹੈ ਜ਼ਮੀਨ, ਜ਼ਮੀਨ ਦੇ ਸਿਰ ’ਤੇ ਸਰਦਾਰੀ! ਇਸਦੇ ਸਿਰ ’ਤੇ ਖੁੱਲ੍ਹਦਿਲੀ! ਲੇਕਿਨ ਇਸ ਪੈਮਾਨੇ ਵਿਚ ਤਾਂ ਸਾਰੇ ਜੱਟ ਸ਼ਾਮਿਲ ਹੀ ਨਹੀਂ ਹੋ ਸਕਦੇ। ਸਰਦਾਰੀ ਜਿੰਨੀ ਜ਼ਮੀਨ ਸਾਰਿਆਂ ਕੋਲ ਨਹੀਂ ਹੋ ਸਕਦੀ। ਸੋ ਸਾਰੇ ਜੱਟਾਂ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਪੈਮਾਨੇ ’ਤੇ ਖਰੇ ਉਤਰਦੇ ਵੱਡੇ ਸਰਦਾਰਾਂ ਦੀ ਸਰਦਾਰੀ ਨੂੰ ਵਡਿਆਉਣ ਅਤੇ ਇਸੇ ਨੂੰ ਜੱਟਾਂ ਦੀ ਸਰਦਾਰੀ ਦੀ ਨੁਮਾਇੰਦਾ ਮੰਨਣ ਅਤੇ ਫਿਰ ਖ਼ੁਦ ਜੱਟ ਹੋਣ ਦਾ ਮਾਣ ਕਰ ਸਕਣ। ਇਉਂ ਜੱਟਵਾਦੀ ਟੌਹਰ ਜੱਟਾਂ ਵਿਚੋਂ ਵੱਡੀਆਂ ਜ਼ਮੀਨਾਂ ਵਾਲੇ ਜੱਟਾਂ ਦੇ ਬਾਕੀਆਂ ’ਤੇ ਕਾਇਮ ਸਮਾਜਿਕ ਦਾਬੇ ਤੋਂ ਸ਼ੁਰੂ ਹੁੰਦੀ ਹੈ। ਅਗਲਾ ਨੰਬਰ ਹੈ ਜੱਟੀਆਂ ਦਾ। ਇਹ ਆਪਣੇ ਪਿਓ, ਭਰਾ ਜਾਂ ਪਤੀ ਦੀ ਸਰਦਾਰੀ ’ਤੇ ਪੂਰਾ ਮਾਣ ਕਰਦੀਆਂ ਨੇ! ਲੇਕਿਨ ਉਸ ਮਾਣ ਨਾਲ ਇਨ੍ਹਾਂ ਦਾ ਡੋਪਾਮੀਨ ਸਤਰ ਕਿੰਨਾ ਵੀ ਵਧੇ, ਪਰ ਵਿਚਾਰੀਆਂ ਕਈ ਵਾਰੀ ਅੜੀ ਉੱਤੇ ਆਏ ਜੱਟ ਦੀ ਜੁੱਤੀ ਜਾਂ ਛਿਟੀ ਜਾਂ ਇੱਥੋਂ ਤੱਕ ਕਿ ਮਾਰੂ ਹਥਿਆਰ ਦੇ ਨਿਸ਼ਾਨੇ ’ਤੇ ਵੀ ਆ ਜਾਂਦੀਆਂ ਹਨ। ਦੂਜੇ ਪਾਸੇ ਵਿਆਹਾਂ ਸ਼ਾਦੀਆਂ ਤੇ ਹੋਰ ਪਾਰਿਵਾਰਕ ਇਕੱਠਾਂ ਵਿਚ ਮਾਣ ਕਰਨ ਲਈ ਹੋਰ ਹੈ ਵੀ ਕੀ? ਇਨ੍ਹਾਂ ਦੀ ਹਾਲਤ ਥੁੜ-ਜ਼ਮੀਨੇ ਜਾਂ ਬੇਜ਼ਮੀਨੇ ਜੱਟ ਨਾਲੋਂ ਜੇ ਮਾੜੀ ਨਹੀਂ ਤਾਂ ਚੰਗੀ ਵੀ ਨਹੀਂ। ਕਿਸੇ ਸਮਾਜਿਕ, ਆਰਥਿਕ ਫ਼ੈਸਲੇ ਅੰਦਰ ਜੇ ਕਿਤੇ ਕਿਸੇ ਜੱਟੀ ਦੀ ਮਰਜ਼ੀ ਚੱਲ ਵੀ ਜਾਵੇ ਤਾਂ ਜੱਟਵਾਦ ਇਸ ਨੂੰ ‘ਜ਼ਨਾਨੀ ਦੀ ਚੌਧਰ’ ਆਖ ਕੇ ‘ਬਿਮਾਰੀ’ ਨੂੰ ਅੱਗੇ ਫੈਲਣ ਤੋਂ ਜ਼ਰੂਰ ਰੋਕਦਾ ਹੈ। ਲੇਕਿਨ ਸਿਆਸੀ ਫ਼ੈਸਲਾ ਤਾਂ ਪੰਜਾਬ ਦੀ ਵੱਡੇ ਤੋਂ ਵੱਡੇ ਘਰਾਣੇ ਦੀ ਜੱਟੀ ਨੇ ਵੀ ਸ਼ਾਇਦ ਆਪਣੇ ਪੈਰੀਂ ਖਲੋ ਕੇ ਨਾ ਲਿਆ ਹੋਵੇ। ਕੁਝ ਅਪਵਾਦ ਲੱਭਦੇ ਵੀ ਹਨ ਤੇ ਉਨ੍ਹਾਂ ਬਾਰੇ ਵੱਖਰਾ ਲੇਖ ਲਿਖਿਆ ਜਾਣਾ ਚਾਹੀਦਾ ਹੈ। ਇਹ ਏਨਾ ਘੋਰ ਸਭਿਆਚਾਰਕ ਵਰਤਾਰਾ ਹੈ ਕਿ ਆਪਣੇ ਆਰਥਿਕ ਸਮਾਜਿਕ ਆਧਾਰ ਨੂੰ ਵੀ ਖਾਰਜ ਕਰਦਾ ਜਾਪਦਾ ਹੈ। ਇਹ ਅਕਸਰ ਹੀ ਥੋੜ੍ਹੀ ਜ਼ਮੀਨ ਵਾਲੇ ਜੱਟਾਂ ਅਤੇ ਬੇਜ਼ਮੀਨੀਆਂ ਜੱਟੀਆਂ ਤੱਕ ਨੂੰ ਨਸ਼ਾ ਬਣ ਕੇ ਚੜ੍ਹਿਆ ਰਹਿੰਦਾ ਹੈ... “ਇਹ ਜਿਹੜਾ ਰਗਾਂ ’ਚ ਜੱਟਵਾਦੀ ਫਿਊਲ...” (ਇੱਕ ਗੀਤ ਦੇ ਬੋਲ)। ਕੁੱਲ ਮਿਲਾ ਕੇ ਨੁਕਤਾ ਇਹ ਹੈ ਕਿ ਜੱਟਵਾਦ, ਜੱਟਾਂ ਦੇ ਅੰਦਰ ਮਜ਼ਬੂਤ ਸਭਿਆਚਾਰਕ ਗੜ੍ਹ ਕਾਇਮ ਕਰਕੇ ਹੀ ਬਾਹਰ ਵੱਲ ਵਧਦਾ ਹੈ। ਦੂਜਾ, ਇਹ ਸਥਾਪਿਤ ਹੋ ਚੁੱਕੇ ਸਮਾਜਿਕ ਵੱਕਾਰ ਨੂੰ ਬਣਾ ਕੇ ਰੱਖਣ ਦਾ ਔਜ਼ਾਰ ਹੈ।

ਪੰਜਾਬ ਦੀਆਂ ਜਾਤਾਂ ਨੂੰ ਵਰਣਾਂ ਮੁਤਾਬਿਕ ਵੰਡ ਕੇ ਵੇਖੀਏ - ਬ੍ਰਾਹਮਣ, ਰਾਜਪੂਤ, ਵੈਸ਼ ਤੇ ਸ਼ੂਦਰ ਵਰਣ ਵਿਚੋਂ ਜੱਟਾਂ ਨੂੰ ਕਿਸ ਖੇਮੇ ਵਿਚ ਰੱਖੋਗੇ? ਕਿੰਨਾ ਵੀ ਸਹਾਰਨਾ ਔਖਾ ਲੱਗੇ, ਸਿਵਾਏ ਸ਼ੂਦਰ ਤੋਂ ਕੋਈ ਖੇਮਾ, ਜ਼ਮੀਨ ’ਤੇ ਮਿੱਟੀ ਨਾਲ ਮਿੱਟੀ ਹੁੰਦੀ ਇਸ ਵਸੋਂ ਨੂੰ ਸਾਂਭ ਨਹੀਂ ਸਕਦਾ। ਜੱਟ ਸ਼ੂਦਰ ਹੁੰਦੇ ਹਨ, ਇਹ ਗੱਲ ਬਹੁਤੇ ਗ਼ੈਰ-ਜੱਟਾਂ ਨੂੰ ਵੀ ਹਜ਼ਮ ਨਹੀਂ ਆਉਣੀ। ਫਿਰ ਜੱਟਾਂ ਨੂੰ ਇਹ ਕਿਵੇਂ ਗਵਾਰਾ ਹੋ ਸਕਦੀ ਸੀ? ਜੱਟਵਾਦ ਬ੍ਰਾਹਮਣਵਾਦ ਦੀ ਇਸ ਵਰਣ ਵੰਡ ਨੂੰ, ਤੇ ਸਿਰਫ਼ ਇਸੇ ਨੂੰ, ਰੱਦ ਕਰਦਾ ਹੈ ਜਦੋਂਕਿ ਆਪਣੀ ਵਾਰੀ ਹਰ ਕਿਸੇ ਨੂੰ ਟਿੱਚ ਜਾਣਦਾ ਹੈ। ਇਉਂ ਕਰਦਿਆਂ ਸਗੋਂ ਆਪ ਬ੍ਰਾਹਮਣਵਾਦ ਵਿਚਲੇ ਬ੍ਰਾਹਮਣ ਦੀ ਥਾਂ ਲੈ ਬੈਠਦਾ ਹੈ। ਬ੍ਰਾਹਮਣ ਕੋਲ ਸ਼ਾਸਤਰਾਂ ਦੀ ਗਵਾਹੀ ਸੀ, ਸੋ ਉਸ ਦੀ ਜਗ੍ਹਾ ਜੱਟਵਾਦੀ ਸਭਿਆਚਾਰ ਹੀ ਇਨ੍ਹਾਂ ਦੀ ਜਕੜ ਬਣਾਈ ਰੱਖਣ ਲਈ ਮਾਹੌਲ ਬਣਾ ਕੇ ਰੱਖਦਾ ਹੈ। ਜੱਟਵਾਦ ਅਸਲ ਵਿਚ ਪੰਜਾਬ ਦਾ ਮੁੜਿਆ ਤੁੜਿਆ ਬ੍ਰਾਹਮਣਵਾਦ ਹੈ।

ਦਲਿਤਵਾਦ ਜੇ ਜੱਟਵਾਦ ਦਾ ਹੀ ਦਲਿਤ ਸੰਸਕਰਣ ਹੁੰਦਾ ਤਾਂ ਉਪਰੋਕਤ ਪੈਰ੍ਹੈ ਵਿਚ ਜੱਟਵਾਦ ਦੀ ਥਾਂ ਦਲਿਤਵਾਦ ਪਾ ਕੇ ਸਾਰੇ ਪੈਰ੍ਹੇ ਨੂੰ ਜਮੀਨੀ ਸਚਿਆਈ ਨਾਲ ਮੇਲ ਖਾ ਜਾਣਾ ਚਾਹੀਦਾ ਸੀ, ਪਰ ਅਜਿਹਾ ਹਰਗਿਜ਼ ਨਹੀਂ। ਦਲਿਤ ਹੋਣ ਦਾ ਨਸ਼ਾ ਕਿਸੇ ਨੂੰ ਨਹੀਂ ਚੜ੍ਹਿਆ ਅੱਜ ਤੱਕ। ਜਿਹਨੇ ਵੀ ਭੋਗਿਆ ਦਲਿਤ ਹੋਣ ਦਾ ਸੰਤਾਪ ਹੀ ਭੋਗਿਆ ਹੈ ਸਗੋਂ ਕੁਝ ਲੋਕਾਂ ਨੂੰ ਬਹੁਤ ਜ਼ੋਰ ਲਗਾ ਕੇ ਇਹ ਵਿਚਾਰ ਦਲਿਤਾਂ ਵਿਚ ਪ੍ਰਚਾਰਨਾ ਪੈਂਦਾ ਹੈ ਕਿ ਜੇ ‘ਪੁੱਤ ਜੱਟਾਂ ਦੇ’ ਮੋਟਰ ਸਾਈਕਲ ’ਤੇ ਲਿਖਵਾਇਆ ਜਾ ਸਕਦਾ ਹੈ ਤਾਂ ਫਿਰ ‘ਪੁੱਤ ਦਲਿਤਾਂ ਦੇ’ ਕਿਉਂ ਨਹੀਂ? ਦਲਿਤਵਾਦ ਕਿਸੇ ਸਥਾਪਿਤ ਜੀਵਨ ਮਿਆਰ ਜਾਂ ਸਮਾਜਿਕ ਦਾਬੇ ਨੂੰ ਬਣਾ ਕੇ ਰੱਖਣ ਦਾ ਉਪਰਾਲਾ ਬਿਲਕੁਲ ਹੋ ਹੀ ਨਹੀਂ ਸਕਦਾ ਕਿਉਂਕਿ ਦਲਿਤਾਂ ਕੋਲ ਸਾਂਭਣਯੋਗ ਜੀਵਨ ਮਿਆਰ ਜਾਂ ਦਾਬਾ ਸਥਾਪਤ ਹੀ ਨਹੀਂ ਹੈ। ਜੇ ਕੁਝ ਸਥਾਪਿਤ ਹੈ ਤਾਂ ਸਦੀਆਂ ਦੀ ਜ਼ਲਾਲਤ ਜਿਸ ਨੂੰ ਉਸ ਦੇ ਜ਼ਾਹਰ ਰੂਪਾਂ ਵਿਚ ਖ਼ਤਮ ਕਰਨਾ ਵੀ ਹਾਲੇ ਬਾਕੀ ਹੈ। ਫਿਰ ਦਲਿਤਵਾਦ ਨੂੰ ਕਿਵੇਂ ਪਰਿਭਾਸ਼ਤ ਕੀਤਾ ਜਾਵੇ? ਜੱਟਵਾਦ ਦੀ ਉਸ ਦੇ ਪੈਰੋਕਾਰਾਂ ਲਈ ਠੋਸ ਮਹੱਤਤਾ ਜੇਕਰ ਜਾਰੀ ਦਾਬਾ ਕਾਇਮ ਰੱਖਣ ਵਿਚ ਹੈ ਤਾਂ ਇਸੇ ਤਰਕ ਨਾਲ ਅਸੀਂ ਕਹਿ ਸਕਦੇ ਹਾਂ ਕਿ ਦਲਿਤਵਾਦ ਦਾ ਨਿਸ਼ਾਨਾ ਦਲਿਤਾਂ ਦੇ ਉੱਪਰ ਉੱਠਣ ਦਾ ਰਸਤਾ ਸਾਫ਼ ਕਰਨਾ ਹੀ ਹੋ ਸਕਦਾ ਹੈ। ਸੱਚਮੁੱਚ, ਇਹ ਇਵੇਂ ਹੀ ਪੇਸ਼ ਹੁੰਦਾ ਹੈ। ਵਿਸ਼ੁਧ ਦਲਿਤਵਾਦੀ ਅਕਸਰ ਇਉਂ ਸਵਾਲ ਕਰਦੇ ਹਨ ਕਿ ਦਲਿਤਾਂ ਨੂੰ ਇਕਮੁੱਠ ਹੋਣਾ ਚਾਹੀਦਾ ਹੈ, ਅਜਿਹੀਆਂ ਪਾਰਟੀਆਂ, ਸਭਾਵਾਂ ਸੰਸਥਾਵਾਂ ਉਸਾਰਨੀਆਂ ਚਾਹੀਦੀਆਂ ਹਨ ਜੋ ਪੂਰੀ ਤਰ੍ਹਾਂ ਦਲਿਤਾਂ ਦੀਆਂ ਹੀ ਹੋਣ। ਏਨਾ ਹੀ ਨਹੀਂ ਸਗੋਂ ਜਿਹੜੇ ਦਲਿਤ ਹੋਰਨਾਂ ਪਾਰਟੀਆਂ ਵਿਚ ਕੰਮ ਕਰਦੇ ਹਨ, ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਬ੍ਰਾਹਮਣਾਂ ਬਾਣੀਆਂ ਦੇ ਥੱਲੇ ਲੱਗੇ ਹੋ! ਇਹ ਰਵਾਇਤੀ ਦਲਿਤਵਾਦੀ ਤਰਕ ਹੈ ਭਾਵ ਉਹ ਕਹਿੰਦੇ ਹਨ ਕਿ ਸਮਾਜ, ਸਰਕਾਰ, ਪਾਰਟੀਆਂ ਆਦਿ ’ਤੇ ਦਲਿਤ ਵਿਅਕਤੀ ਕਾਬਜ਼ ਹੋਣ ਨਾਲ ਹੀ ਇਹ ਅਦਾਰੇ ਦਲਿਤਾਂ ਦੀ ਮੁਕਤੀ ਦੇ ਅਦਾਰੇ ਬਣ ਜਾਣਗੇ। ਸਾਫ਼ ਹੈ ਕਿ ਇਉਂ ਕਹਿ ਕੇ ਉਹ ਦਲਿਤਾਂ ਦੀ ਮੁਕਤੀ, ਜਾਂ ਵਿਕਾਸ ਦਾ ਇੱਕ ਮਾਡਲ ਪੇਸ਼ ਕਰ ਰਹੇ ਹਨ। ਇਸ ਦਾ ਨਾਹਰਾ ਹੈ: “ਰਿਜਰਵੇਸ਼ਨ ਸੇ ਲੇਂਗੇ ਐੱਸਪੀ - ਡੀਐੱਮ; ਵੋਟ ਸੇ ਲੇਂਗੇ ਸੀ.ਐੱਮ - ਪੀ.ਐੱਮ.”।

ਇਸ ਤੋਂ ਇਹ ਨਤੀਜਾ ਕੱਢ ਸਕਦੇ ਹਾਂ ਕਿ ਦਲਿਤਵਾਦ ਇਕ ਸਿਆਸੀ ਵਿਚਾਰ ਹੈ। ਕੀ ਇਹ ਜੱਟਵਾਦ ਦੇ ਵਿਰੁੱਧ ਹੈ? ਨਹੀਂ। ਇਹ ਦੋਵੇਂ ਵੱਖ ਵੱਖ ਵਰਗ ਹਨ। ਇਕ ਸਭਿਆਚਾਰਕ ਪਹੁੰਚ ਹੈ ਅਤੇ ਦੂਜਾ ਇਕ ਸਿਆਸੀ ਵਿਚਾਰ। ਦਲਿਤਵਾਦ ਸਿਰਫ਼ ਇਸ ਗੱਲ ’ਤੇ ਜੱਟਵਾਦ ਨਾਲ ਕੁਝ ਸਾਂਝ ਰੱਖਦਾ ਹੈ ਕਿ ਕਿਸੇ ਜਾਤ ਦਾ ਸਮਾਜਿਕ ਆਰਥਿਕ ਰਾਜਨੀਤਿਕ ਦਾਬਾ ਕਾਇਮ ਕਰਕੇ ਹੀ ਸਬੰਧਿਤ ਜਾਤ ਦੇ ਵਿਅਕਤੀ ਉੱਪਰ ਉੱਠ ਸਕਦੇ ਹਨ। ਇਹ ਸਾਂਝ ਹੀ ਇਸ ਵਿਚਾਰ ਨੂੰ ਕਿਸੇ ਬਰਾਬਰੀ ਆਧਾਰਿਤ ਸਮਾਜ ਵੱਲ ਵਧਾਉਣ ਦੀ ਬਜਾਏ ਬਦਲਵੇਂ ਦਾਬੇ ਲਈ ਕਸਰਤ ਦਾ ਹਾਮੀ ਬਣਾ ਧਰਦੀ ਹੈ। ਇਸ ਕੰਮ ਲਈ ਤਰੀਕਾਕਾਰੀ ਵੀ ਜੱਟਵਾਦ ਵਾਲੀ ਚੁਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ- ਜਾਤੀ ਦੇ ਅੰਦਰ ਦਾਬਾ ਕਾਇਮ ਕਰਕੇ ਬਾਹਰ ਵੱਲ ਤਾਕਤ ਵਧਾਉਣੀ। ਇਸਦੀ ਮਾਰ ਥੱਲੇ ਇੱਥੇ ਵੀ ਜਾਤੀ ਦੇ ਸਭ ਤੋਂ ਪਿਛੜੇ ਹਿੱਸੇ ਅਤੇ ਔਰਤਾਂ ਹੀ ਆਉਂਦੀਆਂ ਹਨ।

ਪਰ ਜੱਟਵਾਦ ਤੋਂ ਉਲਟ ਦਲਿਤਵਾਦ ਕਿਸੇ ਨੂੰ ਸੰਸਕਾਰਾਂ ਵਿਚ ਨਹੀਂ ਮਿਲਦਾ - ਭਾਵ ‘ਦਲਿਤਵਾਦੀ ਰਗਾਂ ’ਚ ਫਿਊਲ...’ ਅਜਿਹਾ ਗੀਤ, ਜੇ ਹੋਵੇ ਵੀ ਤਾਂ ਮੂਸੇਵਾਲੇ ਦੀ ਪੈਰੋਡੀ ਹੀ ਹੋਵੇਗਾ। ਇਹ ਚੇਤਨ ਸਿਆਸੀ ਯੋਜਨਾ ਹੈ ਜੋ ਸਾਧਾਰਨ ਬੁਧਿ ਨੂੰ ਕਾਰਗਰ ਜਾਪਦੀ ਹੈ। ਲੇਕਿਨ ਸਿਆਸੀ ਵਿਚਾਰ ਵਜੋਂ ਸਭਨਾਂ ਦੀ ਬਰਾਬਰੀ ਦਾ ਨਹੀਂ ਸਗੋਂ ਕਿਸੇ ਇਕ ਜਾਤੀ ਜਾਂ ਜਾਤੀਆਂ ਦੇ ਕਿਸੇ ਸਮੂਹ ਦੇ ਦਾਬੇ ਦਾ ਹਾਮੀ ਹੈ। ਇਸੇ ਨੂੰ ਜਾਤਵਾਦ ਕਿਹਾ ਜਾਂਦਾ ਹੈ। ਇਹ ਜਦੋਂ ਸਿਆਸੀ ਵਿਚਾਰ ਵਜੋਂ ਸਾਰੀਆਂ ਜਾਤੀਆਂ ਵੱਲੋਂ ਅਪਣਾਇਆ ਜਾਂਦਾ ਹੈ ਤਾਂ ਸਿਆਸਤ ਨੂੰ ਜਾਤੀਆਂ ਦੇ ਕਲੇਸ਼ ਵਿਚ ਬਦਲ ਦਿੰਦਾ ਹੈ। ਕੁੱਲ ਮਿਲਾ ਕੇ ਸਾਧਨ ਸੰਪੰਨ ਜਾਤੀਆਂ ਦੇ ਸਾਧਨ ਸੰਪੰਨ ਮੋਹਰੀਆਂ ਦੇ ਦਾਬੇ ਨੂੰ ਹੀ ਪੱਕਾ ਕਰਦਾ ਹੈ। ਵਧੇਰੇ ਸਪਸ਼ਟਤਾ ਲਈ ਇੱਥੇ ਇਹ ਨੋਟ ਕਰਨਾ ਵੀ ਕੁਥਾਂ ਨਹੀਂ ਹੋਵੇਗਾ ਕਿ ਜਾਤਵਾਦ ਅਤੇ ਬ੍ਰਾਹਮਣਵਾਦ ਦੋ ਵੱਖ ਵੱਖ ਸੰਕਲਪ ਹਨ, ਬਹੁਤੇ ਇਨ੍ਹਾਂ ਨੂੰ ਇਕ ਹੀ ਸਮਝ ਲੈਂਦੇ ਹਨ। ਕੋਈ ਵੀ ਸਿਆਸੀ ਪਾਰਟੀ ਕਿੰਨੀ ਵੀ ਬ੍ਰਾਹਮਣਵਾਦੀ ਕਿਉਂ ਨਾ ਹੋਵੇ, ਬ੍ਰਾਹਮਣਵਾਦ ਦੇ ਨਾਂ ’ਤੇ ਦਲਿਤਾਂ ਅਤੇ ਪਛੜੀਆਂ ਜਾਤੀਆਂ ਦੀ ਵੋਟ ਨਹੀਂ ਲੈ ਸਕਦੀ ਜਦੋਂਕਿ ਜਾਤਵਾਦ ਰਾਹੀਂ ਅਜਿਹਾ ਸੰਭਵ ਹੀ ਨਹੀਂ ਸਗੋਂ ਪੂਰਾ ਕਾਰਗਰ ਹੈ।

ਪਿਛਲੇ ਕਾਫ਼ੀ ਸਮੇਂ ਤੋਂ ਚੋਣਾਂ ਜਿੱਤਣ ਲਈ ਸਮਾਜਿਕ ਇੰਜੀਨੀਅਰਿੰਗ ਕੀਤੇ ਜਾਣ ਦੀਆਂ ਗੱਲਾਂ ਸੁਣ ਰਹੇ ਹਾਂ। ਇਹ ਕੀ ਹੁੰਦਾ ਹੈ? ਭਾਵੇਂ ਇਸ ਦਾ ਖੇਤਰ ਕਾਫ਼ੀ ਵਿਸ਼ਾਲ ਹੈ, ਪਰ ਭਾਰਤ ਵਿਚ ਇਸ ਦਾ ਸਭ ਤੋਂ ਭਾਰੂ ਰੂਪ ਜਾਤਾਂ ਦੀ ਖੇਮਾਬੰਦੀ ਹੈ।

ਜਾਤਵਾਦ, ਚਾਹੇ ਉਹ ਦਲਿਤਵਾਦ ਹੋਵੇ, ਜਾਂ ਸਵਰਣਵਾਦ ਹੋਵੇ ਤੇ ਚਾਹੇ ਪਛੜੇਵਾਦ, ਅੱਜ ਦੇ ਸਮੇਂ ਬ੍ਰਾਹਮਣਵਾਦ ਦੀ ਸਭ ਤੋਂ ਉੱਗਰ ਹਾਮੀ ਵਜੋਂ ਜਾਣੀ ਜਾਂਦੀ ਰਾਜੀਤਿਕ ਪਾਰਟੀ ਨੂੰ ਸੱਤਾ ਵਿਚ ਪਹੁੰਚਾਉਣ ਲਈ ਸਫ਼ਲਤਾ ਨਾਲ ਵਰਤਿਆ ਜਾ ਰਿਹਾ ਹੈ।

ਅਸੀਂ ਇਸ ਨਤੀਜੇ ’ਤੇ ਪਹੁੰਚਦੇ ਹਾਂ ਕਿ ਦਲਿਤਵਾਦ ਅਤੇ ਜੱਟਵਾਦ ਇਕ ਦੂਜੇ ਦੇ ਵਿਰੋਧੀ ਨਾ ਹੋਕੇ ਸਗੋਂ ਕਿਸੇ ਹੱਦ ਤੱਕ ਪੂਰਕ ਹਨ। ਫਿਰ ਇਨ੍ਹਾਂ ਨੂੰ ਟੱਕਰ ਕਿਸ ਵਿਚਾਰ, ਰਾਜਨੀਤੀ ਸਭਿਆਚਾਰ ਨਾਲ ਦਿੱਤੀ ਜਾ ਸਕਦੀ ਹੈ? ਜੱਟਵਾਦ ਅਤੇ ਦਲਿਤਵਾਦ ਦੋਵੇਂ ਵੇਲਾ ਵਿਹਾ ਚੁੱਕੇ ਤੇ ਟੁੱਟ ਚੁੱਕੇ ਜਾਗੀਰਦਾਰੀ ਦੇ ਢਾਂਚੇ ’ਤੇ ਖੜ੍ਹੇ ਹਨ। ਮਾੜੇ ਭਾਗਾਂ ਨੂੰ ਨਵਾਂ ਆਇਆ ਸਰਮਾਏਦਾਰੀ ਪ੍ਰਬੰਧ ਵੀ ਸਾਹ ਸਤਹੀਣ, ਪਿੱਛੇ ਜਾ ਨਹੀਂ ਸਕਦਾ ਅਤੇ ਅੱਗੇ ਵਧਿਆ ਨਹੀਂ ਜਾ ਰਿਹਾ, ਵਾਲੀ ਹਾਲਤ ਵਿਚ ਇਨ੍ਹਾਂ ਵਾਦਾਂ ਦੀ ਪ੍ਰਚਲਤ ਖਿੱਚ ਨੂੰ ਸੱਤਾ ਹਥਿਆਉਣ ਦੇ ਸੰਦ ਵਜੋਂ ਵਰਤਦਾ ਹੈ। ਅਸਲ ਵਿਚ ਨਾ ਭਾਰਤੀ ਸਰਮਾਏਦਾਰੀ ਅਤੇ ਨਾ ਹੀ ਉਸ ਦਾ ਸਮਰਥਨ ਹਾਸਲ ਸਿਆਸੀ ਪਾਰਟੀਆਂ, ਭਾਰਤ ਦੀਆਂ ਸਭ ਨੁੱਕਰਾਂ ਅਤੇ ਸਮਾਜ ਦੀਆਂ ਅੰਦਰੂਨੀ ਤਹਿਆਂ ਵਿਚ ਜਾ ਕੇ ਜਮਹੂਰੀਅਤ ਦਾ ਦਾਅਵਾ ਠੋਕਣ ਦੀ ਹਿੰਮਤ ਹੀ ਨਹੀਂ ਕਰ ਸਕੀ। ਇਨ੍ਹਾਂ ਖੇਤਰਾਂ ਵਿਚ ਉਹ ਜਾਤੀ ਦੇ ਆਗੂਆਂ ਨੂੰ ਮਿਲ ਕੇ ਹੀ ਮੁੜ ਆਉਂਦੀ ਰਹੀ ਹੈ। ਜਾਤੀਆਂ ਦੇ ਮੈਂਬਰਾਂ ਨਾਲ ਸੰਵਾਦ ਰਚਾਉਣ ਦਾ ਸਰਮਾਏਦਾਰੀ ਕੋਲ ਇੱਕੋ ਤਰੀਕਾ ਸੀ। ਉਹ ਸੀ ਹਰ ਮਰਦ ਅਤੇ ਔਰਤ ਨੂੰ ਜਾਤੀ ਦੇ ਘੇਰੇ ਤੋਂ ਬਾਹਰ ਸੱਦ ਕੇ ਆਜ਼ਾਦ ਮਜਦੂਰ ਵਜੋਂ ਵਿਚਰਨ ਦਾ ਮੌਕਾ ਦੇਂਦੀ। ਲੇਕਿਨ ਇਕ ਤਾਂ ਭਾਰਤੀ ਸਰਮਾਏਦਾਰ ਏਨਾ ਵੱਡਾ ਸਨਅਤੀ ਆਧਾਰ ਹੀ ਖੜ੍ਹਾ ਨਹੀਂ ਕਰ ਸਕੇ ਅਤੇ

ਦੂਜਾ ਸਦੀਆਂ ਪੁਰਾਣੀਆਂ ਪ੍ਰਥਾਵਾਂ ਅਤੇ ਮਾਨਸਿਕਤਾ ਸਿਰਫ਼ ਆਰਥਿਕ ਕਾਇਆਕਲਪ ਨਾਲ ਬਦਲਣੀ ਸੰਭਵ ਵੀ ਨਹੀਂ।

ਇਸ ਦਾ ਭਾਵ ਇਹ ਹੈ ਕਿ ਜੱਟਵਾਦ ਖਿਲਾਫ਼ ਇੱਕ ਵਿਆਪਕ ਬਰਾਬਰੀ ਦੇ ਸਭਿਆਚਾਰ ਦੀ ਮੁੰਹਿਮ ਦੀ ਲੋੜ ਹੈ ਅਤੇ ਦਲਿਤਵਾਦ ਦੇ ਭੁਲਾਵੇਂ ਸਿਆਸੀ ਤਰਕਾਂ ਦੀ ਟੱਕਰ ਤੇ ਸਹੀ ਅਰਥਾਂ ਵਿਚ ਜਮਹੂਰੀਅਤ ਅਤੇ ਬਰਾਬਰੀ ਵਾਲਾ ਸਮਾਜ ਉਸਾਰਨ ਲਈ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਇਨਕਲਾਬ ਦੀ ਲੋੜ ਹੈ। ਸਾਡਾ ਗੁਆਂਢੀ ਮੌਜੂਦਾ ਚੀਨ ਜਿਹੋ ਜਿਹਾ ਮਰਜ਼ੀ ਹੋਵੇ, ਪਰ ਮਾਓ ਦੀ ਅਗਵਾਈ ਵਿਚ ਚੀਨ ਨੇ ਅਜਿਹੀ ਹੀ ਸਥਿਤੀ ਦਾ ਸਾਹਮਣਾ ਕੀਤਾ ਹੈ, ਉਸ ਦੇ ਪੇਂਡੂ ਖੇਤਰਾਂ ਵਿਚ ਕੀਤੇ ਗਏ ਲਾਮਿਸਾਲ ਤਜੁਬਿਆਂ ਦੀਆਂ ਘਾਟਾਂ ਅਤੇ ਪ੍ਰਾਪਤੀਆਂ, ਦੋਵਾਂ ਤੋਂ ਸਿੱਖਣ ਦੀ ਲੋੜ ਹੈ।
ਸੰਪਰਕ: 98781-34728

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All