ਜਨਮ ਦਿਹਾੜੇ (27 ਜੂਨ) ’ਤੇ ਵਿਸ਼ੇਸ਼

ਜਸਵੰਤ ਸਿੰਘ ਕੰਵਲ ਦੀ ਇਕੋਤਰੀ

ਜਸਵੰਤ ਸਿੰਘ ਕੰਵਲ ਦੀ ਇਕੋਤਰੀ

28 ਜਨਵਰੀ 2019 ਨੂੰ ਢੁੱਡੀਕੇ ਦੇ ਖੇਡ ਮੇਲੇ ਵਿਚ ਝੰਡੀ ਕਰਦਾ ਜਸਵੰਤ ਸਿੰਘ ਕੰਵਲ।

ਪ੍ਰਿੰ. ਸਰਵਣ ਸਿੰਘ

ਪੰਜਾਬੀਅਤ ਦਾ ਮੁਦੱਈ

ਕੰਵਲ ਦੀ ਇਕੋਤਰੀ 27 ਜੂਨ 2020 ਨੂੰ ਪੂਰੀ ਹੋਣੀ ਸੀ, ਪਰ ਉਹ 100 ਸਾਲ 7 ਮਹੀਨੇ 4 ਦਿਨ ਜਿਊਂ ਕੇ 1 ਫਰਵਰੀ 2020 ਨੂੰ ਫ਼ਤਿਹ ਬੁਲਾ ਗਿਆ। ਜਾਂਦਾ ਹੋਇਆ ਵਿਸ਼ਵ ਭਰ ਦੀਆਂ ਭਾਸ਼ਾਵਾਂ ਦੇ ਵੱਡੇ ਲੇਖਕਾਂ ਵਿਚ ਸਭ ਤੋਂ ਲੰਮੀ ਉਮਰ ਜਿਉਣ ਦਾ ਰਿਕਾਰਡ ਇਕ ਪੰਜਾਬੀ ਲੇਖਕ ਦੇ ਨਾਂ ਕਰਾ ਗਿਆ!

ਅਕਾਲ ਚਲਾਣੇ ਤੋਂ ਚਾਰ ਦਿਨ ਪਹਿਲਾਂ ਢੁੱਡੀਕੇ ਦੇ ਖੇਡ ਮੇਲੇ ’ਚ ਜਾਂਦਿਆਂ ਮੈਂ ਉਹਤੋਂ ਪੁੱਛਿਆ ਸੀ, ‘‘ਸੈਂਚਰੀ ਤਾਂ ਮਾਰ ਲਈ, ਕੀ ਇਕੋਤਰੀ ਵੀ ਮਾਰ ਲਓਗੇ?’’ ਉਸ ਨੇ ‘ਹਾਂ’ ਵਿਚ ਸਿਰ ਹਿਲਾਇਆ ਤਾਂ ਉਸ ਦੇ ਪੁੱਤਰ ਸਰਬਜੀਤ ਤੇ ਨੂੰਹ ਗੁਰਪ੍ਰੀਤ ਸਮੇਤ ਅਸਾਂ ਖ਼ੁਸ਼ੀ ਵਿਚ ਤਾੜੀਆਂ ਮਾਰੀਆਂ ਸਨ।

ਕੰਵਲ ਨੂੰ ਨਵੇਂ ਸਿਰਿਓਂ ਪੜ੍ਹਨ ਦੀ ਲੋੜ ਹੈ। ਉਹ ਨਾ ਕੱਟੜ ਕਾਮਰੇਡ ਸੀ ਤੇ ਨਾ ਕੱਟੜ ਸਿੱਖ। ਕੱਟੜ ਤਾਂ ਉਹ ਕਿਸੇ ਗੱਲ ’ਚ ਵੀ ਨਹੀਂ ਸੀ। ਫ਼ਿਰਕਾਪ੍ਰਸਤਾਂ ਨੂੰ ਰੱਜ ਕੇ ਭੰਡਦਾ ਸੀ। ਉਹ ਧਰਮ ਨਿਰਪੇਖ ਸੀ। ਉਸ ਨੇ ਸਾਹਿਤ ਟਰੱਸਟ ਢੁੱਡੀਕੇ ਵੱਲੋਂ ਗ਼ੈਰ-ਸਿੱਖ ਬਾਵਾ ਬਲਵੰਤ ਤੇ ਬਲਰਾਜ ਸਾਹਨੀ ਨਮਿੱਤ ਸਾਹਿਤਕ ਪੁਰਸਕਾਰ ਦਰਜਨਾਂ ਲੇਖਕਾਂ ਨੂੰ ਦਿੱਤੇ। ਫ਼ਿਰਕੂ ਗਿਣਤੀ ਮਿਣਤੀ ਨੂੰ ਰੱਦ ਕਰ ਕੇ ਢੁੱਡੀਕੇ ਦੀ ਧਰਮਸ਼ਾਲਾ ਵਿਚ ਨਿਰੋਲ ਪੰਜਾਬੀ ਬੋਲੀ ’ਤੇ ਆਧਾਰਿਤ ਪੰਜਾਬੀ ਸੂਬੇ ਦਾ ਮਤਾ ਪਾਸ ਕਰਵਾਇਆ। ਉਹਦੇ ਪਿਆਰੇ ਆੜੀ ਮੁਸਲਮਾਨ ਮਹਿੰਗਾ ਤੇਲੀ, ਸਰਾਜ ਮਰਾਸੀ ਤੇ ਬੁੱਧੂ ਜੁਲਾਹਾ ਸਨ ਜਿਨ੍ਹਾਂ ਨੂੰ ਉਹ ਅਖ਼ੀਰ ਤਕ ਯਾਦ ਕਰਦਾ ਰਿਹਾ। ਚੀਚਾਵਤਨੀ ਜਾ ਕੇ ਲੱਭਦਾ ਰਿਹਾ। ਉਹਦੀ ਮੁਕੱਦਸ ਕਿਤਾਬ ਵਾਰਸ ਦੀ ਹੀਰ ਸੀ। ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੋਣ ਦੇ ਬਾਵਜੂਦ ਉਸ ਨੇ ਅੰਮ੍ਰਿਤ ਨਹੀਂ ਛਕਿਆ ਤੇ ਨਾ ਹੀ ਕਿਸੇ ਕਮਿਊਨਿਸਟ ਪਾਰਟੀ ਦਾ ਕਾਰਡ ਹੋਲਡਰ ਬਣਿਆ। ਲਾਲਾ ਲਾਜਪਤ ਰਾਏ ਦੇ ਨਾਂ ’ਤੇ ਯਾਦਗਾਰ ਬਣਵਾਈ ਅਤੇ ਗ਼ਦਰੀ ਬਾਬਿਆਂ ਦੇ ਨਾਂ ’ਤੇ ਸੜਕਾਂ ਦੇ ਨਾਂ ਰੱਖੇ। ਕੈਰੋਂ ਦੇ ਰਾਜ ਵੇਲੇ ਕਾਮਰੇਡਾਂ ਨਾਲ ਜੇਲ੍ਹ ਵਿਚ ਵੀ ਰਿਹਾ।

ਉਸ ਨੇ ਸਕੂਲੀ ਪੜ੍ਹਾਈ ਕਰਦਿਆਂ ਮਾਲ ਡੰਗਰ ਚਾਰੇ, ਫਿਰ ਮਲਾਇਆ ’ਚ ਜਾਗੇ ਦੀ ਨੌਕਰੀ ਕੀਤੀ, ਮੁੜ ਕੇ ਹਲ ਵਾਹਿਆ, ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੀ ਕਲਰਕੀ ਕੀਤੀ ਅਤੇ ਦੇਸ਼ ਵੰਡ ਸਮੇਂ ਪਿੰਡ ਦੇ ਮੁਸਲਮਾਨਾਂ ਨੂੰ ਸੁਰੱਖਿਅਤ ਕੈਂਪਾਂ ’ਚ ਪਹੁੰਚਾਇਆ। ਉਹ ਦੋ ਵਾਰ ਢੁੱਡੀਕੇ ਦਾ ਸਰਪੰਚ ਬਣਿਆ। ਪਿੰਡ ਦਾ ਬਹੁਪੱਖੀ ਵਿਕਾਸ ਕਰਵਾਇਆ। ਉਹਦੀ ਸਰਪੰਚੀ ’ਚ ਪੰਚਾਇਤ ਨੇ ਕੌਮੀ ਐਵਾਰਡ ਹਾਸਲ ਕੀਤਾ। ਪਿੰਡ ਨੂੰ ਪੱਕੀ ਸੜਕ, ਹਾਇਰ ਸੈਕੰਡਰੀ ਸਕੂਲ, ਡਾਕਘਰ ਤੇ ਟੈਲੀਫੋਨ, ਹਸਪਤਾਲ, ਬੈਂਕ, ਲਾਇਬ੍ਰੇਰੀ ਤੇ ਕਮਿਊਨਿਟੀ ਹਾਲ ਅਤੇ ਡਿਗਰੀ ਕਾਲਜ ਲੈ ਕੇ ਦਿੱਤੇ। ਪੇਂਡੂਆਂ ਨੂੰ ਭਰਾ ਮਾਰੂ ਪਾਰਟੀਬਾਜ਼ੀ ’ਚੋਂ ਕੱਢ ਕੇ ਖੇਡ ਮੁਕਾਬਲਿਆਂ ਵੱਲ ਮੋੜਿਆ। ਲਾਲਾ ਲਾਜਪਤ ਰਾਏ ਦੇ ਜਨਮ ਦਿਵਸ ’ਤੇ ਖੇਡ ਮੇਲਾ ਸ਼ੁਰੂ ਕੀਤਾ ਜੀਹਦੇ ਉਹ 65 ਸਾਲ ਅੰਗ ਸੰਗ ਰਿਹਾ।

ਆਪਣੀ ਪਹਿਲੀ ਪੁਸਤਕ ‘ਜੀਵਨ ਕਣੀਆਂ’ ਤੋਂ ਆਖ਼ਰੀ ਪੁਸਤਕ ‘ਧੁਰ ਦਰਗਾਹ’ ਤਕ ਪੁੱਜਦਿਆਂ ਕੰਵਲ ਨੇ ਜੀਵਨ ਦੇ ਅਨੇਕਾਂ ਰੰਗ ਵੇਖੇ। ਚੜ੍ਹਦੀ ਜੁਆਨੀ ’ਚ ਉਹ ਹੀਰ ਗਾਉਂਦਾ, ਕਵਿਤਾਵਾਂ ਲਿਖਦਾ, ਗੁਰਪੁਰਬਾਂ ’ਤੇ ਸੁਣਾਉਂਦਾ, ਸਾਧਾਂ-ਸੰਤਾਂ ਤੇ ਵੈਲੀਆਂ ਬਦਮਾਸ਼ਾਂ ਦੀ ਸੰਗਤ ਕਰਦਾ, ਵੇਦਾਂਤ ਤੇ ਮਾਰਕਸਵਾਦ ਪੜ੍ਹਦਾ, ਸੱਜੇ ਖੱਬੇ ਕਾਮਰੇਡਾਂ ਤੇ ਨਕਸਲੀਆਂ ਦਾ ਹਮਦਰਦ ਬਣਦਾ, ਪ੍ਰੋ. ਕਿਸ਼ਨ ਸਿੰਘ ਦੇ ਮਾਰਕਸੀ ਨਜ਼ਰੀਏ ਤੋਂ ‘ਸਿੱਖ ਲਹਿਰ’ ਦੇ ਸਿੱਖ ਇਨਕਲਾਬ ਵੱਲ ਮੋੜਾ ਪਾਉਂਦਾ, ਸਿੱਖ ਹੋਮਲੈਂਡ ਦੀ ਹਮਾਇਤ ਕਰਦਾ, ਖਾੜਕੂਆਂ ਦਾ ਸਲਾਹਕਾਰ ਬਣਿਆ, ਫਿਰ ਉਨ੍ਹਾਂ ਦਾ ਆਲੋਚਕ ਵੀ ਬਣਿਆ। ਭਾਰਤ ਦੇ ਹੁਕਮਰਾਨਾਂ ਤੇ ਸਿਆਸੀ ਨੇਤਾਵਾਂ ਨੂੰ ਖੁੱਲ੍ਹੀਆਂ ਚਿੱਠੀਆਂ ਲਿਖਦਾ, ਅਖ਼ਬਾਰਾਂ ’ਚ ਛਪਵਾਉਂਦਾ, ਪੰਥ-ਪੰਥ ਤੇ ਪੰਜਾਬ-ਪੰਜਾਬ ਕੂਕਣ ਲੱਗ ਪਿਆ। ਅਖ਼ੀਰ ਉਹ ‘ਰੁੜ੍ਹ ਚੱਲਿਆ ਪੰਜਾਬ’ ਤੇ ‘ਪੰਜਾਬ ਤੇਰਾ ਕੀ ਬਣੂੰ?’ ਦੇ ਝੋਰੇ ਝੂਰਨ ਲੱਗ ਪਿਆ। ਜਾਂਦੀ ਵਾਰ ਉਹ ਪੰਜਾਬ ਦੋਖੀਆਂ ਦੇ ਵੈਣ ਪਾ ਰਿਹਾ ਸੀ। ‘ਖੂਨ ਕੇ ਸੋਹਿਲੇ ਗਾਵੀਅਹਿ ਨਾਨਕ’ ਨਾਵਲ ਵਿਚ ਉਸ ਨੇ ਲਟ ਲਟ ਬਲਦੇ ਲਫ਼ਜ਼ ਲਿਖੇ, ‘‘ਪੰਜਾਬ ਅਣਖੀਲੇ ਜੋਧਿਆਂ ਦਾ ਦੇਸ। ਆਪਣੀ ਆਣ ਅਣਖ ਲਈ ਮਰ ਮਿਟਣ ਵਾਲੇ ਬਹਾਦਰਾਂ ਦੀ ਧਰਤੀ। ਜਿਸ ਧਰਤੀ ਦਾ ਜ਼ੱਰਾ ਜ਼ੱਰਾ ਸ਼ਹੀਦਾਂ ਦੇ ਲਹੂ ਵਿਚ ਰੰਗ-ਰੱਤਾ। ਇਹਦੀ ਸੂਰਮਤਾਈ ਨੂੰ ਵਰ ਤੇ ਸਰਾਪ ਦੋਵੇਂ ਵਿਰਾਸਤ ਵਿਚ ਮਿਲੇ। ਸੁਭਾਅ ਸਿੱਧੇ ਸਰਲ, ਹੰਨੇ ਜਾਂ ਬੰਨੇ। ਧਾੜਵੀ ਚੜ੍ਹ ਆਏ ਤਾਂ ਹਿੱਕਾਂ ਡਾਹ ਕੇ ਠੱਲ੍ਹਾਂ ਜਾ ਪਾਈਆਂ। ਮਹਿਮੂਦ, ਮੰਗੋਲ, ਗੌਰੀ, ਨਾਦਰ ਤੇ ਅਬਦਾਲੀ ਵਰਗੇ ਜਰਵਾਣੇ ਪੰਜਾਬ ਮਿੱਧ ਕੇ ਲੰਘਦੇ ਤਾਂ ਉਹਨਾਂ ਦੇ ਮੁੜਦਿਆਂ ਲੇਖਾ ਬਰਾਬਰ ਕਰਨ ਲਈ ਜੋਧੇ ਤਿਆਰ ਬਰ ਤਿਆਰ ਹੋਏ, ਅੱਗੋਂ ਪਿੱਛੋਂ ਮਾਰਦੇ ਮਿਲਦੇ।

ਉਸ ਨੇ ਲਿਖਿਆ, ‘‘ਖਰਾ ਤੇ ਅਗਾਂਹਵਧੂ ਸਾਹਿਤ ਉਹ ਹੁੰਦਾ ਹੈ, ਜਿਹੜਾ ਮਨੁੱਖ ਨੂੰ ਚੜ੍ਹਦੀ ਕਲਾ ਵਿਚ ਲੈ ਜਾਵੇ ਤੇ ਵਧੀਆ ਮਨੁੱਖ ਬਣਾਵੇ। ਜਿਹੜਾ ਸਾਹਿਤ ਸੋਸ਼ਲਿਜ਼ਮ ਲਿਆਉਣ ਲਈ ਇਨਕਲਾਬ ਦਾ ਰਾਹ ਪਧਰਾਵੇ, ਉਹ ਸਮਾਜਵਾਦੀ ਯਥਾਰਥਵਾਦ ਹੁੰਦਾ ਹੈ। ਲੋਕਾਂ ਦੇ ਲੇਖਕ ਨੂੰ ਸਰਮਾਏਦਾਰੀ ਦੇ ਵਾਦਾਂ ਕੁਵਾਦਾਂ ਤੋਂ ਕੁਝ ਵਧੇਰੇ ਹੀ ਖ਼ਬਰਦਾਰ ਰਹਿਣਾ ਚਾਹੀਦਾ ਹੈ। ਇਹਨਾਂ ਵਾਦਾਂ ਦੀਆਂ ਛੁਰਲੀਆਂ ਛੱਡਣ ਵਾਲੇ ਅਖੌਤੀ ਬੁੱਧੀਜੀਵੀ ਸਰਮਾਏਦਾਰਾਂ ਦੇ ਜ਼ਰਖ਼ਰੀਦ ਹੁੰਦੇ ਹਨ। ਭਾਵੇਂ ਉਹ ਯੂਨੀਵਰਸਿਟੀਆਂ ਦੇ ਹੈੱਡ ਹੀ ਕਿਉਂ ਨਾ ਹੋਣ। ਉਹਨਾਂ ਦਾ ਗਿਆਨ ਇਨਕਲਾਬੀਆਂ ਨੂੰ ਨਿਕੰਮੇ ਬਣਾਉਣ ਤੇ ਲੋਕਾਂ ਨੂੰ ਕੁਰਾਹੇ ਪਾਉਣ ਵਾਸਤੇ ਵਰਤਿਆ ਜਾਂਦਾ ਹੈ। ਆਰਥਕ ਪੱਖ ਤੋਂ ਲੈ ਕੇ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਰਮਾਏਦਾਰੀ ਸਮਾਜ ਦਾ ਖ਼ਾਤਮਾ ਤੇ ਸਮਾਜਵਾਦ ਦੀ ਮੁਕੰਮਲ ਸਥਾਪਨਾ ਵਿਚ ਹੈ।’’

ਕੰਵਲ ਦੀਆਂ ਲਿਖਤਾਂ ਵਿਚ ਕਹਿਰਾਂ ਦਾ ਜਜ਼ਬਾ ਤੇ ਸ਼ੂਕਦਾ ਵੇਗ ਸੀ ਜੋ ਪਾਠਕਾਂ ਨੂੰ ਆਮੁਹਾਰੇ ਆਪਣੇ ਨਾਲ ਵਹਾ ਕੇ ਲੈ ਜਾਂਦਾ। ਮੈਨੂੰ 1958 ਤੋਂ ਲੈ ਕੇ 2020 ਤਕ ਉਹਦੀ ਨੇੜਤਾ ਮਿਲੀ। ਉਹਦੇ ਕਹਿਣ ਉੱਤੇ ਮੈਂ ਦਿੱਲੀ ਦੀ ਲੈਕਚਰਾਰੀ ਛੱਡ ਕੇ ਢੁੱਡੀਕੇ ਆ ਗਿਆ ਸਾਂ ਜਿੱਥੇ 1967 ਤੋਂ 1996 ਤਕ ਲਾਜਪਤ ਰਾਏ ਕਾਲਜ ਵਿਚ ਪੜ੍ਹਾਇਆ। ਸੇਵਾਮੁਕਤ ਹੋਣ ਪਿੱਛੋਂ ਮੈਂ ਕੈਨੇਡਾ ਚਲਾ ਗਿਆ ਤਾਂ ਉੱਥੋਂ ਪੰਜਾਬ ਆ ਕੇ ਵੀ ਉਸ ਨੂੰ ਮਿਲਦਾ ਗਿਲਦਾ ਰਿਹਾ। ਅਖ਼ੀਰ ਉਮਰੇ ਉਸ ਨੂੰ ਦਿਸਦਾ ਤਾਂ ਸਾਫ਼ ਸੀ, ਪਰ ਸੁਣਦਾ ਉੱਚਾ ਸੀ। ਉਹ ਹਰ ਰੋਜ਼ ਕੁਝ ਨਾ ਕੁਝ ਪੜ੍ਹਦਾ ਲਿਖਦਾ ਸੀ। ਕੋਈ ਹਾਲ ਚਾਲ ਪੁੱਛਦਾ ਤਾਂ ਆਖਦਾ ਸੀ, ‘‘ਮੇਰਾ ਤਾਂ ਚੰਗਾ ਪਰ ਪੰਜਾਬ ਦਾ ਮਾੜੈ।’’

ਇਕੇਰਾਂ ਕੈਨੇਡਾ ਤੋਂ ਪਰਤ ਕੇ ਮੈਂ ਉਸ ਨੂੰ ਮਿਲਣ ਗਿਆ ਤਾਂ ਉਹ ਇਕੋ ਸ਼ਿਅਰ ਵਾਰ ਵਾਰ ਦੁਹਰਾਈ ਗਿਆ: ਹਮ ਜੋ ਗਏ ਤੋ ਰਾਹ ਗੁਜ਼ਰ ਨਾ ਥੀ, ਤੁਮ ਜੋ ਆਏ ਤੋ ਮੰਜ਼ਲੇਂ ਲਾਏਂ...। ਰਾਤ ਮੈਂ ਉਹਦੇ ਕੋਲ ਹੀ ਰਿਹਾ। ਖੁੱਲ੍ਹੀਆਂ ਗੱਲਾਂ ਹੋਈਆਂ। ਸਵੇਰੇ ਉੱਠੇ ਤਾਂ ਉਹ ‘ਹਮ ਜੋ ਗਏ ਤੁਮ ਜੋ ਆਏ’ ਵਾਲਾ ਸ਼ਿਅਰ ਭੁੱਲ ਚੁੱਕਾ ਸੀ। ਮੈਂ ਉਹਦੀ ਹੱਥ ਲਿਖਤ ਦੀ ਨਿਸ਼ਾਨੀ ਵਜੋਂ ਇਕ ਕਾਗਜ਼ ਮੇਜ਼ ਤੋਂ ਚੁੱਕ ਲਿਆ ਜੋ ਉਸ ਨੇ ਤਾਜ਼ਾ ਹੀ ਲਿਖਿਆ ਸੀ। ਮੈਂ ਤਹਿ ਕਰ ਕੇ ਬਟੂਏ ’ਚ ਪਾ ਲਿਆ ਜੋ ਅੱਜ ਤਕ ਮੇਰੇ ਬਟੂਏ ਵਿਚ ਹੈ। ਉਸ ਉੱਤੇ ਲਿਖੀ ਪਹਿਲੀ ਸਤਰ ਸੀ: ਕਾਲੀ ਗਾਨੀ ਮਿੱਤਰਾਂ ਦੀ, ਗਲ ਪਾ ਕੇ ਲੱਖਾਂ ਦੀ ਹੋ ਜਾਹ। ਦੂਜੀ ਸਤਰ ਸੀ: ਛੋਟੀਆਂ ਲੜਾਈਆਂ ਬੰਦ। ਚੜ੍ਹਦੀ ਕਲਾ ਬੁਲੰਦ!

ਉਮਰ ਦੇ ਆਖ਼ਰੀ ਸੱਤ ਅੱਠ ਮਹੀਨੇ ਉਸ ਨੇ ਮੰਜੇ ’ਤੇ ਪਿਆਂ ਕੱਟੇ। ਮਿੱਤਰ ਪਿਆਰੇ ਮਿਲਣ ਆਉਂਦੇ ਪਰ ਉਹ ਗੱਲਬਾਤ ਨਾ ਕਰ ਸਕਦਾ। ਇਲਾਜ ਲਈ ਸਰਕਾਰ ਵੱਲੋਂ ਭੇਜੇ ਪੰਜ ਲੱਖ ਰੁਪਏ ਉਹਦੇ ਪਰਿਵਾਰ ਨੇ ਧੰਨਵਾਦ ਸਹਿਤ ਮੋੜ ਦਿੱਤੇ। ਆਖ ਦਿੱਤਾ ਕਿ ਅਸੀਂ ਖ਼ੁਦ ਇਲਾਜ ਕਰਾਉਣ ਤੇ ਸੇਵਾ ਸੰਭਾਲ ਕਰਨ ਜੋਗੇ ਹਾਂ। ਨੂੰਹ-ਪੁੱਤ ਨੇ ਸੱਚਮੁੱਚ ਹੀ ਸੇਵਾ ਸੰਭਾਲ ਦੀ ਕੋਈ ਕਸਰ ਬਾਕੀ ਨਾ ਛੱਡੀ। ਕੰਵਲ ਦੇ ਸਸਕਾਰ ਸਮੇਂ ‘ਕੰਵਲ ਅਮਰ ਰਹੇ’ ਤੇ ‘ਜਸਵੰਤ ਸਿੰਘ ਕੰਵਲ ਜ਼ਿੰਦਾਬਾਦ’ ਦੇ ਨਾਹਰੇ ਲੱਗੇ। ਉਹਦੇ ਨਮਿੱਤ ਅੰਤਿਮ ਅਰਦਾਸ ’ਤੇ ਅਨੇਕਾਂ ਲੇਖਕਾਂ ਤੇ ਲੀਡਰਾਂ ਨੇ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਪੰਜਾਬ ਸਰਕਾਰ ਨੇ ਸਰਕਾਰੀ ਕਾਲਜ ਢੁੱਡੀਕੇ ਵਿਚ ਨਵੇਂ ਬਣੇ ਆਡੀਟੋਰੀਅਮ ਦਾ ਨਾਂ ‘ਜਸਵੰਤ ਸਿੰਘ ਕੰਵਲ ਭਵਨ’ ਰੱਖਣ ਦਾ ਐਲਾਨ ਕੀਤਾ। ਕੁਝ ਦਿਨਾਂ ਬਾਅਦ ਲੇਖਕਾਂ ਤੇ ਪਾਠਕਾਂ ਨੇ ਕਾਲਜ ਵਿਚ ਮਜਲਿਸ ਲਾ ਕੇ ‘ਜਸਵੰਤ ਸਿੰਘ ਕੰਵਲ ਭਵਨ’ ਨਾਂ ਦਾ ਬੋਰਡ ਆਡੀਟੋਰੀਅਮ ਦੇ ਮੱਥੇ ਉੱਤੇ ਸਜਾ ਦਿੱਤਾ।

ਕੰਵਲ ‘ਦੇਸ ਪੰਜਾਬ’ ਨੂੰ ਦਿਲੋਂ ਪਿਆਰ ਕਰਨ ਵਾਲਾ ਜਜ਼ਬਾਤੀ ਲੇਖਕ ਸੀ। ਕਈ ਸੱਜਣ ਉਸ ਨੂੰ ‘ਪੰਜਾਬ ਦੀ ਪੱਗ’ ਕਹਿੰਦੇ। ਉਹਦੀਆਂ ਲਿਖਤਾਂ ਪਿਆਰ ਮੁਹੱਬਤ ਦੇ ਆਦਰਸ਼ਵਾਦੀ ਰੁਮਾਂਸ ਨਾਲ ਓਤ-ਪੋਤ ਸਨ। ਉਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਸੱਚਾ ਆਸ਼ਕ ਹੋਣ ਦੇ ਨਾਲ ਆਪਣੇ ਪਾਠਕਾਂ ਦਾ ਪਿਆਰਾ ਬਾਈ ਵੀ ਸੀ। ਉਹਦੇ ਨਾਵਲਾਂ ਵਿਚ ਪੰਜਾਬ ਦਾ ਪੇਂਡੂ ਜੀਵਨ ਪਹਿਲੀ ਵਾਰ ਭਰਵੇਂ ਰੂਪ ਵਿਚ ਪੇਸ਼ ਹੋਇਆ। ਉਸ ਨੂੰ ਪੰਜਾਬ ਦੀ ਕਿਸਾਨੀ ਦਾ ਦਰਦਮੰਦ ਲੇਖਕ ਮੰਨਿਆ ਜਾਂਦਾ ਹੈ।

ਉਹਦੇ ਸ਼ਾਹਕਾਰ ਨਾਵਲ ‘ਪੂਰਨਮਾਸ਼ੀ’ ਵਿਚ ਪੰਜਾਬ ਦੇ ਪੇਂਡੂ ਜੀਵਨ ਦੀਆਂ ਅਨੇਕਾਂ ਝਲਕਾਂ ਅੱਖਾਂ ਅੱਗੇ ਆਉਂਦੀਆਂ ਹਨ। ਕਿਤੇ ਤ੍ਰਿੰਜਣ, ਕਿਤੇ ਮੇਲੇ, ਤੀਆਂ, ਖੇਡ ਮੁਕਾਬਲੇ, ਖਾਣ ਪੀਣ ਦੀਆਂ ਮਹਿਫ਼ਲਾਂ, ਸਾਕੇਦਾਰੀ, ਪ੍ਰਾਹੁਣਚਾਰੀ, ਸੱਥ ਚਰਚਾ, ਲੋਹੜੀ, ਕਿਤੇ ਡਾਕਾ, ਥਾਣੇ ਦੀ ਹਵਾਲਾਤ, ਕਿਤੇ ਅਮਲੀ ਦੇ ਟਾਂਗੇ ਦੀ ਸਵਾਰੀ, ਜੰਞਾਂ ਦਾ ਚੜ੍ਹਨਾ, ਜਾਗੋ ਕੱਢਣੀ, ਵਿਆਹਾਂ ਦੇ ਗੀਤ, ਜੰਞ ਬੰਨ੍ਹਣੀ ਤੇ ਛੁਡਾਉਣੀ, ਗਾਉਣ ਦੇ ਅਖਾੜੇ, ਗਮੰਤਰੀਆਂ ਦੀਆਂ ਢੱਡ ਸਾਰੰਗੀਆਂ, ਮੇਲਿਆਂ ਦੀਆਂ ਰੌਣਕਾਂ ਤੇ ਲੜਾਈਆਂ, ਡੱਬਾਂ ’ਚ ਪਿਸਤੌਲ, ਖੂੰਡੇ, ਦੁਨਾਲੀਆਂ, ਜ਼ਮੀਨ ਦੱਬਣ, ਪੰਚਾਂ ਦੇ ਪੱਖਪਾਤੀ ਫ਼ੈਸਲੇ, ਸ਼ਰੀਕੇ, ਭਾਨੀਆਂ, ਗਿਆਨੀ ਦਾ ਉਪਦੇਸ਼ ਤੇ ਕਿਤੇ ਇਨਕਲਾਬ ਦੀਆਂ ਗੱਲਾਂ...। ਕਦੇ ਉਸ ਨੂੰ ‘ਪੂਰਨਮਾਸ਼ੀ’ ਵਾਲਾ ਕੰਵਲ, ਕਦੇ ‘ਰਾਤ ਬਾਕੀ ਹੈ’ ਵਾਲਾ ਕਾਮਰੇਡ, ਕਦੇ ‘ਲਹੂ ਦੀ ਲੋਅ’ ਵਾਲਾ ਲੇਖਕ ਕਹਿ ਕੇ ਵਡਿਆਇਆ ਜਾਂਦਾ। ਕਦੇ ਉਸ ਨੂੰ ਨਾਵਲਕਾਰ ਨਾਨਕ ਸਿੰਘ ਦਾ ਵਾਰਸ ਤੇ ਕਦੇ ਪੰਜਾਬ ਦੇ ਪੇਂਡੂ ਜੀਵਨ, ਖ਼ਾਸ ਕਰਕੇ ਕਿਸਾਨੀ ਜੀਵਨ ਦਾ ਮੋਢੀ ਨਾਵਲਕਾਰ ਮੰਨਿਆ ਜਾਂਦਾ। ਉਸ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜਨਰਲ ਸਕੱਤਰੀ, ਪ੍ਰਧਾਨਗੀ ਤੇ ਸਰਪ੍ਰਸਤੀ ਵੀ ਨਿਭਾਈ। ਪੰਜਾਬੀ ਸਾਹਿਤ ਟ੍ਰੱਸਟ ਢੁੱਡੀਕੇ ਦਾ ਉਹ ਜੀਵਨ ਭਰ ਲਈ ਜਨਰਲ ਸਕੱਤਰ ਸੀ ਜਿਸ ਨੇ ਸੌ ਕੁ ਲੇਖਕਾਂ ਨੂੰ ਸਾਹਿਤਕ ਪੁਰਸਕਾਰ ਦਿੱਤੇ। ਉਹ ਪੰਜਾਬੀ ਕਨਵੈਨਸ਼ਨਾਂ ਦਾ ਕਨਵੀਨਰ ਤੇ ਇੰਗਲੈਂਡ ਵਿਚ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਕਰਾਉਣ ਦਾ ਮੋਹਰੀ ਬਣਿਆ। ਉਸ ਨੇ ਪੰਜਾਬੀ ਨੂੰ ਦੇਵਨਾਗਰੀ ਲਿੱਪੀ ਵਿਚ ਲਿਖਣ ਤੇ ਹਿੰਦੀ ਸੰਸਕ੍ਰਿਤ ਦੀ ਸ਼ਬਦਾਵਲੀ ’ਚ ਖਚਤ ਹੋਣ ਤੋਂ ਬਚਾਉਣ ਵਿਚ ਅਹਿਮ ਰੋਲ ਨਿਭਾਇਆ।

ਪੰਜਾਬੀ ਦੇ ਇਸ ਸਰੂ-ਪੁਰਖ ਲੇਖਕ ਬਾਰੇ ਮੈਂ ਅਕਸਰ ਕਹਿੰਦਾ ਹਾਂ: ਜੇ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਬੋਹੜ ਸੀ ਤਾਂ ਜਸਵੰਤ ਸਿੰਘ ਕੰਵਲ ਸਰੂ ਦਾ ਬੂਟਾ ਸੀ। ਉਹ ਵਗਦੀਆਂ ’ਵਾਵਾਂ ਦੇ ਵੇਗ ਵਿਚ ਝੂੰਮਦਾ ਸੀ। ਕਦੇ ਖੱਬੇ ਲਹਿਰਾਉਂਦਾ ਸੀ, ਕਦੇ ਸੱਜੇ ਤੇ ਕਦੇ ਵਾਵਰੋਲੇ ਵਾਂਗ ਘੁੰਮਦਾ ਸੀ। ਉਹਦਾ ਤਣਾ ਮਜ਼ਬੂਤ ਸੀ ਤੇ ਜੜ੍ਹਾਂ ਡੂੰਘੀਆਂ ਜਿਸ ਕਰਕੇ ਝੱਖੜ ਤੂਫ਼ਾਨ ਵੀ ਉਸ ਨੂੰ ਧਰਤੀ ਤੋਂ ਨਹੀਂ ਹਿਲਾ ਸਕੇ। ਉਹ ਵੇਗਮੱਤਾ ਲੇਖਕ ਸੀ ਤੇ ਲੋਹੜੇ ਦਾ ਜਜ਼ਬਾਤੀ। ਉਹਦੇ ਰੁਮਾਂਚਿਕ ਰਉਂ ’ਚ ਲਿਖੇ ਵਾਕ ਸਿੱਧੇ ਦਿਲਾਂ ’ਤੇ ਵਾਰ ਕਰਦੇ ਰਹੇ। ਉਸ ਨੇ ਲਗਭਗ ਪੰਜਾਹ ਲੱਖ ਲਫ਼ਜ਼ ਲਿਖੇ ਤੇ ਹਜ਼ਾਰਾਂ ਸੰਵਾਦ ਰਚੇ ਜੋ ਨੌਜੁਆਨ ਕੁੜੀਆਂ ਮੁੰਡਿਆਂ ਦੀਆਂ ਡਾਇਰੀਆਂ ਉੱਤੇ ਚੜ੍ਹਦੇ ਰਹੇ। ਉਸ ਦੇ ਨਾਵਲ ‘ਰਾਤ ਬਾਕੀ ਹੈ’ ਨੇ ਹਜ਼ਾਰਾਂ ਨੌਜੁਆਨ ਕਾਮਰੇਡ ਬਣਾਏ ਜਿਸ ਦੀ ਗਵਾਹੀ ਸੋਹਣ ਸਿੰਘ ਜੋਸ਼ ਸਮੇਤ ਅਨੇਕਾਂ ਕਮਿਊਨਿਸਟ ਆਗੂਆਂ ਨੇ ਭਰੀ।

ਪੰਜਾਬੀ ਵਿਚ ਉਸ ਦੇ ਸਭ ਤੋਂ ਬਹੁਤੇ ਪਾਠਕ ਹਨ। ਉਸ ਨੇ ਦੇਸ਼ ਵਿਦੇਸ਼ ਦੀਆਂ ਖ਼ੂਬ ਸੈਰਾਂ ਕੀਤੀਆਂ। ਅਨੇਕਾਂ ਅਜਾਇਬਘਰ ਵੇਖੇ। ਮਹਿੰਜੋਦੜੋ ਦੇ ਖੰਡਰਾਂ ਦੀ ਬਾਤ ਪਾਈ। ਖੇਡ ਮੇਲਿਆਂ ਵਿਚ ਕਬੱਡੀ ਦੇ ਮੈਚ ਖਿਡਾਏ ਤੇ ਕੁਮੈਂਟਰੀ ਕੀਤੀ। ਬਣਦਾ ਸਰਦਾ ਦਸਵੰਧ ਵੀ ਲੋਕਾਂ ਦੇ ਲੇਖੇ ਲਾਇਆ। 27 ਜੂਨ 2019 ਨੂੰ ਜਦੋਂ ਉਹ ਸੌ ਸਾਲਾਂ ਦਾ ਹੋਇਆ ਤਾਂ ਉਸ ਦੀ ਜਨਮ ਸ਼ਤਾਬਦੀ ਸਮੇਂ ਢੁੱਡੀਕੇ ਵਿਚ ਪੂਰੇ ਪੰਜ ਦਿਨ ‘ਕੰਵਲ ਸ਼ਤਾਬਦੀ ਸੰਗ ਪੂਰਨਮਾਸ਼ੀ ਪੰਜਾਬੀ ਜੋੜ ਮੇਲਾ’ ਮਨਾਇਆ ਗਿਆ। 2018 ਵਿਚ ਮੈਂ ਉਸ ਨੂੰ ਮੱਲੋਮੱਲੀ ਢੁੱਡੀਕੇ ਦੇ ਖੇਡ ਮੇਲੇ ’ਚ ਲੈ ਗਿਆ ਸਾਂ। 2019 ਵਿਚ ਮੇਲੇ ’ਚ ਲਿਜਾ ਕੇ ਝੰਡੀ ਵੀ ਕਰਵਾ ਆਇਆ ਸਾਂ। 2020 ਦਾ ਮੇਲਾ ਵਿਖਾਉਣ ਲਈ ਵੀ ਬਥੇਰਾ ਕਿਹਾ: ਚੱਲ ਮੇਲੇ ਚੱਲੀਏ, ਓੜਕ ਨੂੰ ਮਰ ਜਾਣਾ... ਪਰ ਉਹ ਜਾਂਦੀ ਵਾਰ ਦਾ ਮੇਲਾ ਵੇਖਣ ਜੋਗਾ ਨਹੀਂ ਸੀ...

ਉਮਰ ਦੀ ਸੈਂਚਰੀ ਮਾਰਨ ਪਿੱਛੋਂ ਉਹ ਇਕੋਤਰੀ ਮਾਰਨ ਦੇ ਰਾਹ ’ਤੇ ਸੀ ਜਿਸ ਦਾ ਨਵਾਂ ਰਿਕਾਰਡ ਰੱਖਣ ’ਚ ਸਿਰਫ਼ ਪੰਜ ਮਹੀਨੇ ਬਾਕੀ ਸਨ, ਪਰ ਇਕੋਤਰੀ ਨਾ ਵੱਜ ਸਕੀ। ਉਂਜ ਕੰਵਲ ਦੀ ਦੇਹ ਦਾ ਹੀ ਅੰਤ ਹੋਇਆ ਹੈ ਉਸ ਦੀਆਂ ਲਿਖਤਾਂ ਦਾ ਨਹੀਂ। ਉਸ ਦੇ ਲਿਖੇ ਲਫ਼ਜ਼ ਤਾਰਿਆਂ ਹਾਰ ਜਗਦੇ ਰਹਿਣਗੇ ਅਤੇ ਪੂਰੇ ਚੰਦ ਦੀ ਪੂਰਨਮਾਸ਼ੀ ਵਾਂਗ ਹਨੇਰੀਆਂ ਰਾਤਾਂ ਰੁਸ਼ਨਾਉਣਗੇ।

ਸੰਪਰਕ: 94651-01651

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All