ਪ੍ਰਿੰ. ਸਰਵਣ ਸਿੰਘ
ਪ੍ਰਿੰਸੀਪਲ ਸਰਵਣ ਸਿੰਘ ਨੇ ਐਤਕੀਂ ਇਸ ਕਾਲਮ ਵਿਚ ਉਸ ਸ਼ਖ਼ਸ ਦੀ ਬਾਤ ਪਾਈ ਹੈ ਜੋ ਜਮਾਤਾਂ ਦੇ ਪੱਖ ਤੋਂ ਤਾਂ ਭਾਵੇਂ ਬਹੁਤਾ ਪੜ੍ਹ-ਲਿਖ ਨਹੀਂ ਸਕਿਆ ਪਰ ਉਹ ਹੁਣ ਤੱਕ ਖੇਡਾਂ, ਖਿਡਾਰੀਆਂ ਅਤੇ ਗਾਇਕਾਂ ਬਾਰੇ ਦਰਜਨ ਦੇ ਕਰੀਬ ਕਿਤਾਬਾਂ ਲਿਖ ਚੁੱਕਾ ਹੈ। ਉਹ ਅਸਲ ਵਿਚ ਖਿਡਾਰੀ ਬਣਨਾ ਚਾਹੁੰਦਾ ਸੀ ਪਰ ਖੇਡ ਲੇਖਕ ਬਣ ਗਿਆ। ਇਨ੍ਹਾਂ ਲਿਖਤਾਂ ਦੇ ਸਿਰ ’ਤੇ ਹੀ ਉਹ ਦਿੱਲੀ-ਦੱਖਣ ਅਤੇ ਕਈ ਮੁਲਕਾਂ ਵਿਚ ਵੀ ਘੁੰਮ-ਫਿਰ ਆਇਆ ਹੈ। ਉਹਦੀਆਂ ਲਿਖਤਾਂ ਨੇ ਮੰਦੜੇ ਹਾਲੀਂ ਜੀਅ ਰਹੇ ਕਈ ਖਿਡਾਰੀਆਂ ਦੀ ਜਿ਼ੰਦਗੀ ਨੂੰ ਲੀਹ ’ਤੇ ਲੈ ਆਂਦਾ। ਇਹ ਸ਼ਖ਼ਸ ਮੋਗੇ ਲਾਗਲੇ ਪਿੰਡ ਮੰਗੇਵਾਲਾ ਦਾ ਜਗਦੇਵ ਬਰਾੜ ਹੈ।
ਜਗਦੇਵ ਬਰਾੜ ਦੀ ਰੀਝ ਪਹਿਲਵਾਨ ਜਾਂ ਕਬੱਡੀ ਦਾ ਤਕੜਾ ਖਿਡਾਰੀ ਬਣਨ ਦੀ ਸੀ ਜੋ ਪੂਰੀ ਨਾ ਹੋ ਸਕੀ। ਉਸੇ ਰੀਝ ਨੂੰ ਪੂਰੀ ਕਰਨ ਲਈ ਉਹ ਖੇਡ ਲੇਖਕ ਬਣ ਗਿਆ। ਇਸੇ ਰੀਝ ਨਾਲ ਉਹ ਯੂ-ਟਿਊਬ ਰਾਹੀਂ ਕਬੱਡੀ ਦੇ ਪੁਰਾਣੇ ਤੇ ਲਾਈਵ ਮੈਚਾਂ ਦੀਆਂ ਵੀਡੀਓਜ਼ ਦਿਖਾਈ ਜਾ ਰਿਹੈ। ਉਸ ਨੇ ਹੁਣ ਤਕ ਖੇਡਾਂ, ਖਿਡਾਰੀਆਂ ਤੇ ਗਾਇਕਾਂ ਬਾਰੇ ਦਰਜਨ ਦੇ ਕਰੀਬ ਕਿਤਾਬਾਂ ਲਿਖੀਆਂ ਹਨ। ਜੇ ਇਹੋ ਰਫਤਾਰ ਰਹੀ ਤਾਂ ਸੈਂਕੜੇ ਖਿਡਾਰੀਆਂ ਤੇ ਕਲਾਕਾਰਾਂ ਦੇ ਸ਼ਬਦ ਚਿੱਤਰ ਉਲੀਕੇਗਾ। ਉਸ ਦੀਆਂ ਪੁਸਤਕਾਂ ਦੇ ਨਾਂ ਹਨ: ਕਬੱਡੀ ਦੇ ਯੋਧੇ, ਕਬੱਡੀ ਜ਼ੋਰਾਂ ਤੇ, ਕੈਨੇਡਾ ਦੇ ਕਬੱਡੀ ਮੇਲੇ, ਜਰਵਾਣੇ ਜਾਫੀ, ਧਨੰਤਰ ਯੋਧੇ (ਪੁਰਾਣੇ ਖਿਡਾਰੀ), ਸ਼ੇਰ ਮੈਦਾਨਾਂ ਦੇ, ਪੰਜਾਬ ਪੁਲੀਸ ਦੇ ਉੱਘੇ ਖਿਡਾਰੀ, ਆਓ ਮਿਲੀਏ ਕਲਾਕਾਰਾਂ ਨੂੰ, ਸੂਫੀਆਨਾ ਗਾਇਕੀ ਦਾ ਵਗਦਾ ਦਰਿਆ (ਬਰਕਤ ਸਿੱਧੂ), ਪੰਜਾਬ ਦੀ ਵਿਰਾਸਤ ਮੱਖਣ ਬਰਾੜ ਆਦਿ। ਹੁਣ ਉਹ ‘ਹੀਰਾ ਪੁੱਤ ਪੰਜਾਬ ਦਾ’ ਪੁਸਤਕ ਲਿਖ ਰਿਹੈ। ਕਲਮ ਦੇ ਸਿਰ ਤੇ ਉਹ ਦੁਬਈ, ਸਿੰਗਾਪੁਰ, ਮਲੇਸ਼ੀਆ ਤੇ ਕੈਨੇਡਾ ਦੇ ਟੂਰ ਵੀ ਲਾ ਆਇਐ ਜਿਥੇ ਉਹਦਾ ਮਾਣ ਸਨਮਾਨ ਵੀ ਹੋਇਆ। ਕਬੱਡੀ ਟੂਰਨਾਮੈਂਟਾਂ ਵਿਚ ਉਸ ਨੂੰ ਇਕ ਨਹੀਂ ਬਲਕਿ ਤਿੰਨ ਮੋਟਰਸਾਈਕਲਾਂ ਨਾਲ ਸਨਮਾਨਿਆ ਗਿਆ।
ਜਿਥੋਂ ਤਕ ਪੜ੍ਹਾਈ ਲਿਖਾਈ ਦੀ ਗੱਲ ਹੈ, ਮਾਪਿਆਂ ਦਾ ਲਾਡਲਾ ‘ਦੇਬਾ’ ਮੋਗੇ ਰਹਿੰਦਾ ਵੀ ਮੈਟ੍ਰਿਕ ਨਹੀਂ ਕਰ ਸਕਿਆ। ਜਸਵੰਤ ਸਿੰਘ ਕੰਵਲ, ਨਿੰਦਰ ਘੁਗਿਆਣਵੀ ਤੇ ਹੋਰ ਕਈ ਲੇਖਕਾਂ ਵਾਂਗ ਉਹ ਵੀ ਦਸਵੀਂ ਨਹੀਂ ਲੰਘਿਆ। ਲੰਘ ਜਾਂਦਾ ਤਾਂ ਮੱਖਣ ਬਰਾੜ ਵਾਂਗ ਪੱਕਾ ਹੀ ਕੈਨੇਡਾ ਪਹੁੰਚ ਜਾਂਦਾ। ਪੜ੍ਹਨ ਦੀ ਥਾਂ ਬੱਸ ਗੁੜ੍ਹਦਾ ਹੀ ਰਿਹਾ। ਕਦੇ ਕਬੱਡੀ ਦਾ ਮੈਚ ਲਾਉਂਦੇ ਖਿਡਾਰੀਆਂ ਦੇ ਕੱਪੜਿਆਂ ਦੀ ਰਾਖੀ ਰੱਖਦਾ, ਕਦੇ ਉਨ੍ਹਾਂ ਦੇ ਖਾਣ ਪੀਣ ਦਾ ਪ੍ਰਬੰਧ ਕਰਦਾ ਤੇ ਕਦੇ ਗਾਇਕਾਂ ਦੇ ਸਾਜ਼ ਸੰਭਾਲਦਾ। ਕਦੇ ਬਾਊਂਸਰ ਬਣਦਾ। ਰਿਹਾ ਹਮੇਸ਼ਾਂ ਅਖਾੜਿਆਂ ਵਿਚ। ਕਦੇ ਕਬੱਡੀ ਦੇ ਅਖਾੜੇ, ਕਦੇ ਗਾਇਕੀ ਦੇ ਅਖਾੜੇ। ਇਸੇ ਕਰ ਕੇ ਘਰ ਵਿਚ ਵੀ ਘੱਟ-ਵੱਧ ਹੀ ਰਿਹਾ।
ਉਸ ਦਾ ਜਨਮ ਸਾਧਾਰਨ ਕਿਸਾਨ ਪਰਮਾਤਮਾ ਸਿੰਘ ਅਤੇ ਨਸੀਬ ਕੌਰ ਦੇ ਘਰ ਮੋਗੇ ਲਾਗਲੇ ਪਿੰਡ ਮੰਗੇਵਾਲਾ ਵਿਚ 23 ਫਰਵਰੀ 1980 ਨੂੰ ਹੋਇਆ। ਇਕਲੌਤਾ ਪੁੱਤਰ ਹੈ ਤੇ ਦੋ ਉਸ ਦੀਆਂ ਭੈਣਾਂ ਹਨ ਜੋ ਵਿਆਹੀਆਂ ਵਰੀਆਂ ਹਨ। ਅੱਗੇ ਉਸ ਦਾ ਵੀ ਇਕ ਪੁੱਤਰ ਤੇ ਦੋ ਧੀਆਂ ਹਨ। ਉਹ ਭਾਰੇ ਜੁੱਸੇ ਕਰ ਕੇ ਭਲਵਾਨ ਲੱਗਦਾ ਹੈ ਅਤੇ ਅਖਾੜਿਆਂ ਵਿਚ ਜਾਂਦਾ ਵੀ ਸ਼ੁਕੀਨ ਐਨਕਾਂ ਲਾ ਕੇ ਹੈ। ਲੱਗਦਾ ਗੈਂਗਸਟਰ ਹੈ ਪਰ ਹੈ ਨਿਮਰ ਸੁਭਾਅ ਦਾ ਸਾਊ ਨੌਜੁਆਨ। ਸੱਚੀਂ ਗੈਂਗਸਟਰ ਹੁੰਦਾ ਤਾਂ ਕਿਸੇ ਘੈਂਟ ਸਿਆਸਤਦਾਨ ਦੇ ਢਹੇ ਚੜ੍ਹ ਗਿਆ ਹੁੰਦਾ ਤੇ ਉਹਦਾ ਸਕਿਉਰਿਟੀ ਗਾਰਡ ਹੁੰਦਾ। ਫਿਰ ਯੂਥ ਲੀਡਰ ਬਣਦਾ ਤੇ ਕਿਸੇ ਮਾਫੀਏ ਨਾਲ ਰਲ ਕੇ ਨੋਟਾਂ ਵਿਚ ਖੇਡਦਾ। ਘਰ ਦੀ ਖੁਸ਼ਕੀ ਦੂਰ ਕਰਦਾ। ਆਉਂਦੇ ਜਾਂਦੇ ਨੂੰ ਸਲਾਮਾਂ ਹੁੰਦੀਆਂ। ਠਾਣੇ ਕਚਹਿਰੀਏਂ ਪਹਿਲਾਂ ਬੰਦੇ ਅੰਦਰ ਕਰਾ ਦਿੰਦਾ ਤੇ ਫੇਰ ਲੈ ਦੇ ਕੇ ਛੁਡਾ ਲਿਆਉਂਦਾ। ਜੇ ਜਿ਼ੰਦਾਬਾਦ ਮੁਰਦਾਬਾਦ ਹੁੰਦੀ ਤਾਂ ਪਈ ਹੋਈ ਜਾਂਦੀ! ਆਹ ਹੁਣ ਵੱਡੇ ਵੱਡੇ ਨੇਤਾਵਾਂ ਦੀ ਹੋਈ ਜਾਂਦੀ ਹੈ। ਨਾਅਰਿਆਂ ਨਾਲ ਕਿਹੜਾ ਕਿਸੇ ਦੀ ਲੱਤ ਭੱਜਦੀ ਐ? ਪਰ ਸਾਊ ਸੁਭਾਅ ਦਾ ਜਗਦੇਵ ਸਿਓਂ ਗਾਇਕ ਗਿੱਲ ਹਰਦੀਪ ਤੇ ਗੀਤਕਾਰ ਮੱਖਣ ਬਰਾੜ ਦੀ ਟੀਮ ਵਿਚ ਰਲ ਕੇ ਪੱਤਰਕਾਰੀ ਕਰਨ ਅਤੇ ਕਿਤਾਬਾਂ ਲਿਖਣ ਦੇ ਰਾਹ ਪੈ ਗਿਆ! ਪੇਸ਼ ਹਨ ਉਹਦੀਆਂ ਲਿਖਤਾਂ ਦੇ ਅੰਸ਼:
ਆਪਣੇ ਬਾਰੇ ਦੋ ਸ਼ਬਦ…
ਕੈਨੇਡਾ ਦੇ ਅਖ਼ਬਾਰ ‘ਹਮਦਰਦ’ ਵਿਚ ਕਾਫੀ ਸਮੇਂ ਤੋਂ ਛਪ ਰਹੇ ਮੇਰੇ ਲੜੀਵਾਰ ਕਾਲਮ ‘ਹੀਰਾ ਪੁੱਤ ਪੰਜਾਬ ਦਾ’ ਨੂੰ ਪਾਠਕਾਂ ਦਾ ਬੇਹੱਦ ਪਿਆਰ ਮਿਲ ਰਿਹਾ ਹੈ। ਕੈਨੇਡਾ ਤੇ ਅਮਰੀਕਾ ਤੋਂ ਪਿਆਰੇ ਪਾਠਕਾਂ ਨੇ ਖ਼ਤਾਂ ਰਾਹੀਂ, ਈਮੇਲ ਤੇ ਫੋਨਾਂ ਰਾਹੀਂ ਮੇਰਾ ਬੜਾ ਹੌਂਸਲਾ ਵਧਾਇਆ। ਜਿਥੇ ਮੈਂ ਕਬੱਡੀ ਦੇ ਪ੍ਰਸਿੱਧ ਖਿਡਾਰੀਆਂ ਬਾਰੇ ਲਿਖਿਆ, ਉਥੇ ਗ਼ੁਰਬਤ ਦੀ ਜਿੰ਼ਦਗੀ ਜੀਅ ਰਹੇ ਪੁਰਾਣੇ ਖਿਡਾਰੀਆਂ ਦੀ ਗ਼ਰੀਬੀ ਬਾਰੇ ਵੀ ਚਾਨਣਾ ਪਾਇਆ। ਇਨ੍ਹਾਂ ਲੇਖਾਂ ਨੂੰ ਪੜ੍ਹ ਕੇ ਪਰਵਾਸੀ ਪਾਠਕਾਂ ਨੇ ਕਰੀਬ 4 ਲੱਖ ਰੁਪਏ ਕਬੱਡੀ ਦੇ ਨਾਮੀ ਖਿਡਾਰੀ ਬਿੱਲੂ ਰਾਜੇਆਣੀਏ ਨੂੰ ਭੇਜੇ। ਫਿਰ ਭਾਰਤੀ ਟੀਮ ਵਿਚ ਖੇਡ ਰਹੀ ਫੁੱਟਬਾਲ ਦੀ ਖਿਡਾਰਨ ਜਗਦੀਪ ਕੌਰ ਬੁਟਾਹਰੀ ਬਾਰੇ ਲਿਖਿਆ ਜਿਸ ਦਾ ਪਰਿਵਾਰ ਅੰਤਾਂ ਦੀ ਗ਼ਰੀਬੀ ਚੋਂ ਗੁਜ਼ਰ ਰਿਹਾ ਸੀ। ਸਾਰਾ ਪਰਿਵਾਰ ਕਾਨਿਆਂ ਦੀ ਛੱਤ ਦੇ ਸਿਰਫ਼ ਇਕ ਕੱਚੇ ਕੋਠੇ ਵਿਚ ਗੁਜ਼ਾਰਾ ਕਰਦਾ ਸੀ। ਇਸ ਲੇਖ ਨੂੰ ਪੜ੍ਹ ਕੇ ਬਹੁਤ ਫੋਨ ਆਏ ਕਿ ਅਸੀਂ ਪੰਜਾਬ ਦੀ ਏਨੀ ਤਕੜੀ ਖਿਡਾਰਨ ਦੀ ਮਦਦ ਕਿਵੇਂ ਕਰ ਸਕਦੇ ਹਾਂ?
ਮੇਰਾ ਕਾਲਮ ਪੜ੍ਹ ਕੇ ਕਰੀਬ 7-8 ਲੱਖ ਰੁਪਿਆ ਵਿਦੇਸ਼ੀ ਪੰਜਾਬੀਆਂ ਨੇ ਜਗਦੀਪ ਕੌਰ ਨੂੰ ਭੇਜਿਆ ਅਤੇ ਐੱਨਆਈਆਰ ਕਲੱਬ ਦੇ ਸੇਵਾਦਾਰ ਗੁਰਿੰਦਰਜੀਤ ਸਿੰਘ ਗੁਰਾਇਆ ਨੇ ਜਗਦੀਪ ਕੌਰ ਦੇ ਪਰਿਵਾਰ ਦਾ ਪੱਕਾ ਘਰ ਪਾ ਦੇਣ ਦੀ ਜਿ਼ੰਮੇਵਾਰੀ ਲੈ ਲਈ। ਇਸ ਤਰ੍ਹਾਂ ਜਗਦੀਪ ਦੇ ਪਰਿਵਾਰ ਨੂੰ ਪੱਕਾ ਘਰ ਜੁੜ ਗਿਆ। ਫਿਰ ਪਾਠਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਮੈਂ ਆਪਣੇ ਕਾਲਮ ਵਿਚ ਖਿਡਾਰੀਆਂ ਬਾਰੇ ਲਿਖੇ ਲੇਖ `ਕੱਠੇ ਕਰ ਕੇ ਕਿਤਾਬ ਛਪਵਾਈ ਜਿਸ ਦਾ ਨਾਂ ਰੱਖਿਆ ‘ਕਬੱਡੀ ਦੇ ਯੋਧੇ’। ਉਸ ਤੋਂ ਬਾਅਦ ਦੂਜੀ ਪੁਸਤਕ ‘ਸ਼ੇਰ ਮੈਦਾਨਾਂ ਦੇ’ ਛਪਵਾਈ। ਫੇਰ ਤਾਂ ਚੱਲ ਸੋ ਚੱਲ ਹੋ ਗਈ। ਕਿਤਾਬਾਂ ਛਪਵਾਉਣ ਵਿਚ ਪਰਵਾਸੀਆਂ ਨੇ ਬੜਾ ਸਹਿਯੋਗ ਦਿੱਤਾ, ਖ਼ਾਸ ਕਰ ਕੇ ਕਬੱਡੀ ਖਿਡਾਰੀਆਂ ਨੇ…।
ਬਿੱਲੂ ਰਾਜੇਆਣੀਆ
ਜਗਦੇਵ ਦੀ ਲਿਖਤ ਤੋਂ ਮੈਨੂੰ ਵੀ ਬਿੱਲੂ ਰਾਜੇਆਣੀਆ ਯਾਦ ਆ ਗਿਐ ਜਿਸ ਬਾਰੇ ਕਦੇ ਮੈਂ ਲਿਖਿਆ ਸੀ: ਬਿੱਲੂ ਰਾਜੇਆਣੀਆ ਜਦੋਂ ਗੁੱਟ ਫੜਦਾ ਸੀ ਤਾਂ ਦਰਸ਼ਕ ਕੂਕ ਉਠਦੇ ਸਨ, “ਲੈ ਬਈ ਆ-ਗੀ ਘੁਲਾੜੀ ਚ ਬਾਂਹ, ਲੱਗ-ਗੇ ਜਿੰਦੇ, ਕਰਤਾ ਚੱਕਾ ਜਾਮ…।” ਉਹ ਆਫ਼ਤਾਂ ਦਾ ਜਾਫੀ ਸੀ ਜਿਸ ਦੀਆਂ ਗੱਲਾਂ ਮੈਚ ਤੋਂ ਬਾਅਦ ਸੱਥਾਂ ਵਿਚ ਵੀ ਹੁੰਦੀਆਂ ਰਹਿੰਦੀਆਂ। ਨੱਬੇ ਸਾਲ ਜੀਅ ਕੇ ਆਖ਼ਰ ਉਹ ਅਕਾਲ ਚਲਾਣਾ ਕਰ ਗਿਆ।
ਮੈਂ ਉਹਨੂੰ 1950ਵਿਆਂ ਚ ਇੰਡੋ-ਪਾਕਿ ਮੈਚਾਂ ਵਿਚ ਕਬੱਡੀ ਖੇਡਦਿਆਂ ਦੇਖਿਆ ਸੀ। ਉਹ ਧੱਕੜ ਧਾਵੀ ਸੀ ਤੇ ਆਖ਼ਰਾਂ ਦਾ ਜਾਫੀ। ਕੌਡੀ ਪਾਉਂਦਾ ਤਾਂ ਧੌਲ ਮਾਰ ਕੇ ਅਗਲੇ ਦੀ ਸੁਰਤ ਭੁਲਾ ਦਿੰਦਾ। ਜੱਫਾ ਲਾਉਂਦਾ ਤਾਂ ਖੱਬਾ ਹੱਥ ਧਾਵੀ ਦੀ ਧੌਣ ਤੇ ਧਰ ਕੇ ਸੱਜੇ ਹੱਥ ਨਾਲ ਧਾਵੀ ਦਾ ਗੁੱਟ ਫੜੀ ਉਸ ਦਾ ਚੱਕਰਚੂੰਡਾ ਬਣਾਈ ਰੱਖਦਾ। ਧਾਵੀ ਨੂੰ ਘੁਮਾ ਕੇ ਉਹਦਾ ਸਾਹ ਤੋੜਦਾ। ਉਹ ਕਿਰਪਾਲ ਸਾਧ ਵਰਗੇ ਜਾਫੀਆਂ ਤੋਂ ਨਿਕਲਦਾ ਤੇ ਤੋਖੀ ਵਰਗੇ ਧਾਵੀਆਂ ਨੂੰ ਡੱਕਦਾ ਰਿਹਾ।
ਫਰਵਰੀ 2001 ਵਿਚ ਮੈਂ ਉਹਦੇ ਪਿੰਡ ਰਾਜੇਆਣੇ ਇਕ ਵਿਆਹ ਚ ਗਿਆ। ਵਿਆਹ ਵਾਲਿਆਂ ਦੇ ਘਰ ਮੈਨੂੰ ਬਿੱਲੂ ਯਾਦ ਆ ਗਿਆ। ਕਿਸੇ ਨੇ ਦੱਸਿਆ ਕਿ ਉਹ ਸੱਥ ਵਿਚ ਬੈਠਾ ਹੈ। ਬੰਦਾ ਭੇਜ ਕੇ ਉਸ ਨੂੰ ਵਿਆਹ ਵਾਲਿਆਂ ਦੇ ਘਰ ਈ ਬੁਲਾ ਲਿਆ। ਕਮਜ਼ੋਰ ਜਿਹਾ ਬਿਰਧ ਜਕਦਾ ਜਿਹਾ ਬੈਠਕ ਵਿਚ ਆਇਆ। ਉਸ ਨੇ ਮੋਟੇ ਘਸਮੈਲੇ ਸ਼ੀਸਿ਼ਆਂ ਵਾਲੀ ਐਨਕ ਲਾਈ ਹੋਈ ਸੀ ਜਿਸ ਦਾ ਇਕ ਸ਼ੀਸ਼ਾ ਟੁੱਟਿਆ ਹੋਇਆ ਸੀ। ਉਹ ਮੈਨੂੰ ਕੁਝ ਕੁ ਲੰਗ ਮਾਰਦਾ ਵੀ ਲੱਗਾ। ਮੈਨੂੰ ਦੱਸਿਆ ਗਿਆ, ਏਹੀ
ਐ ਗੁਰਦਿਆਲ ਸਿਓਂ ਬਿੱਲੂ। ਵੇਖ ਕੇ ਮੈਂ ਹੈਰਾਨ ਹੋਇਆ! ਕਿਥੇ ਪਾਕਿਸਤਾਨ ਵਿਰੁੱਧ ਖੇਡਣ ਵਾਲਾ ਰਾਜੇਆਣੀਆ ਬਿੱਲੂ ਤੇ ਕਿਥੇ ਆਹ ਬਿੱਲੂ! ਬੈਠਕ ਵਿਚ ਬੈਠੇ ਸੱਜਣ ਮਿੱਤਰ ਦਾਰੂ ਪੀ ਰਹੇ ਸਨ। ਬਿੱਲੂ ਲਈ ਵੀ ਗਲਾਸ ਮੰਗਾਇਆ ਗਿਆ। ਦਾਰੂ ਪਾਈ ਤਾਂ ਉਸ ਨੇ ਨਾਂਹ ਨਾਂਹ ਕਰਦਿਆਂ ਗਲਾਸ ਚੁੱਕ ਹੀ ਲਿਆ ਤੇ ਇਕੋ ਚਿੱਘੀ ਖਾਲੀ ਕਰ ਕੇ ਰੱਖ ਦਿੱਤਾ। ਮੈਨੂੰ ਲੱਗਾ ਹੁਣ ਉਹ ਤਰਾਰੇ ਚ ਗੱਲਾਂ ਕਰੇਗਾ। ਮੈਂ ਉਹਦੀਆਂ ਗੱਲਾਂ ਨੋਟ ਕਰਨ ਲੱਗਾ। ਪੂਰਾ ਨਾਂ ਪੁੱਛਿਆ ਤਾਂ ਉਸ ਨੇ ਗੁਰਦਿਆਲ ਸਿੰਘ ਬਿੱਲੂ ਲਿਖਾਇਆ। ਮੈਂ ਪੁੱਛਿਆ, “ਤੁਹਾਨੂੰ ਬਿੱਲੂ ਕਿਉਂ ਕਹਿੰਦੇ ਆ?” ਉਹ ਅੱਖਾਂ ਤੋਂ ਐਨਕ ਲਾਹ ਕੇ ਬੋਲਿਆ, “ਐਨ੍ਹਾਂ ਬਿੱਲੀਆਂ ਅੱਖਾਂ ਕਰਕੇ।”
ਜਨਮ ਤਾਰੀਖ ਪੁੱਛੀ ਤਾਂ ਉੱਤਰ ਮਿਲਿਆ, “ਜਨਮ ਤਰੀਕ ਕੋਈ ਨੀ। ਓਦੋਂ ਤਰੀਕਾਂ ਨੀ ਸੀ ਹੁੰਦੀਆਂ। ਊਂ ਮੈਂ ਤਿੰਨਾਂ ਉੱਤੇ ਸੱਤਰਾਂ ਸਾਲਾਂ ਦਾ ਹੋ ਗਿਆਂ।” ਘਰ ਪਰਿਵਾਰ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਉਸ ਦੇ ਪਿਤਾ ਦਾ ਨਾਂ ਸੁਦਾਗਰ ਸਿੰਘ ਤੇ ਮਾਤਾ ਦਾ ਹਰ ਕੌਰ ਸੀ। ਪਤਨੀ ਦਾ ਨਾਂ ਪੰਜਾਬ ਕੌਰ ਤੇ ਹਿੱਸੇ ਬਹਿੰਦੀ ਜ਼ਮੀਨ ਢਾਈ ਕਿੱਲੇ। ਉਹ ਚਾਰ ਭਾਈ ਸਨ ਤੇ ਚਾਰ ਈ ਭੈਣਾਂ। ਬਿੱਲੂ ਦੇ ਚਾਰ ਧੀਆਂ ਪੁੱਤਰਾਂ ਚੋਂ ਇਕੋ ਜਿਊਂਦਾ ਸੀ। ਪੰਜਾਬ ਕੌਰ ਵੀ ਪਰਲੋਕ ਸਿਧਾਰ ਚੁੱਕੀ ਸੀ। ਨਜ਼ਰ ਕਮਜ਼ੋਰ ਸੀ ਪਰ ਸੁਣਦਾ ਠੀਕ ਸੀ। ਦੰਦ ਕੋਈ ਨਹੀਂ ਸੀ ਬਚਿਆ। ਕੋਈ ਪੈਨਸ਼ਨ ਨਹੀਂ ਸੀ ਲੱਗੀ ਪਰ ਕੋਈ ਸ਼ੌਂਕ ਨਹੀਂ ਸੀ ਛੱਡਿਆ। ਕੋਈ ਪੂਰਾ ਹੋ ਗਿਆ, ਕੋਈ ਰਹਿ ਗਿਆ। ਲੱਗਦਾ ਸੀ, ਹੁਣ ਉਹਦੇ ਚੋਂ ਦਾਰੂ ਬੋਲਣ ਲੱਗ ਪਈ ਸੀ।
ਉਹ ਵੀਹ ਵਰ੍ਹੇ ਉੱਚ ਪਾਏ ਦੀ ਕਬੱਡੀ ਖੇਡਿਆ ਸੀ। ਪਈ ਬਿੱਲੂ ਬਿੱਲੂ ਹੁੰਦੀ। ਜਿ਼ੰਦਗੀ ਦੀ ਸਭ ਤੋਂ ਵੱਡੀ ਖ਼ੁਸ਼ੀ ਉਹਨੂੰ ਉਦੋਂ ਹੋਈ ਸੀ ਜਦੋਂ ਉਸ ਨੂੰ ਇਕ ਜੱਫੇ ਦਾ ਸੌ ਰੁਪਏ ਇਨਾਮ ਮਿਲਿਆ। ਪਿੰਡ ਵਾਲੇ ਕਹਿੰਦੇ, “ਆਹ ਤਾਂ ਬਈ ਹੱਦ ਈ ਹੋ ਗਈ!” ਕਬੱਡੀ ਦੀ
ਖੇਡ ਵਿਚ ਨਕਦ ਇਨਾਮ ਦੇਣ ਦੀ ਪਿਰਤ ਕਿਲਾ ਰਾਏਪੁਰ ਦੇ ਦਲੀਪ ਸਿੰਘ ਨੇ ਪਾਈ ਸੀ। ਇਕ ਪੈਂ੍ਹਟ ਉਤੇ ਸੌ ਦਾ ਨੋਟ ਸਭ ਤੋਂ ਪਹਿਲਾਂ ਬਿੱਲੂ ਰਾਜੇਆਣੀਏ ਨੂੰ ਦਿੱਤਾ ਗਿਆ ਸੀ ਜਿਸ ਨਾਲ ਬਿੱਲੂ ਦੀ ਖ਼ੁਸ਼ੀ ਦਾ ਕੋਈ ਹੱਦ ਬੰਨਾ ਨਹੀਂ ਸੀ ਰਿਹਾ।
ਉਦੋਂ ਕਬੱਡੀ ਵਿਚ ਰਗੜਾਂ ਈ ਰਗੜਾਂ ਸਨ, ਕਿਤੋਂ ਪੈਸੇ ਧੇਲੇ ਨਹੀਂ ਸੀ ਮਿਲਦੇ। ਬਿੱਲੂ ਵਰਗਾ ਕੌਡਿਆਲ ਕਿਤੇ ਚਾਲੀ-ਪੰਜਾਹ ਸਾਲ ਪਛੜ ਕੇ ਜੰਮਦਾ ਤਾਂ ਕਬੱਡੀ ਦੇ ਸਿਰੋਂ ਲੱਖਾਂ ਕਰੋੜਾਂ ਕਮਾਉਂਦਾ। ਉਹ ਹਵਾਈ ਜਹਾਜ਼ਾਂ ਤੇ ਚੜ੍ਹਦਾ ਅਤੇ ਹੋਟਲਾਂ ਚ ਠਹਿਰਦਾ। ਨਾ ਉਸ ਨੂੰ ਟੁੱਟੀਆਂ ਐਨਕਾਂ ਲਾਉਣੀਆਂ ਪੈਂਦੀਆਂ ਤੇ ਨਾ ਦੰਦਾਂ ਬਿਨਾਂ ਮੂੰਹ ਬੋੜਾ ਰੱਖਣਾ ਪੈਂਦਾ। ਗੱਲਾਂ ਗੱਲਾਂ ਵਿਚ ਉਹ ਅੰਗਰੇਜ਼ੀ ਸ਼ਰਾਬ ਦਾ ਦੂਜਾ ਹਾੜਾ ਵੀ ਡੀਕ ਗਿਆ। ਉਹਦੀਆਂ ਅੱਖਾਂ ਗਹਿਰੀਆਂ ਹੋ ਗਈਆਂ ਤੇ ਬੋਲ ਹੋਰ ਕਰਾਰਾ ਹੋ ਗਿਆ। ਉਹ ਗੱਦਰ ‘ਵਾਜ ਵਿਚ ਬੋਲੀ
ਗਿਆ। ਸੁਆਲ ਪੁੱਛਣ ਦੀ ਥਾਂ ਹੁਣ ਉਸ ਨੂੰ ਸੁਣੀ ਜਾਣਾ ਹੀ ਵਾਜਬ ਸੀ।
“ਸਾਡੇ ਵੇਲੇ ਪੜ੍ਹਾਈਆਂ ਨੀ ਸੀ ਹੁੰਦੀਆਂ। ਘਰ ਦੇ ਸਾਨੂੰ ਕੱਟੀਆਂ ਵੱਛੀਆਂ ਛੁਡਾ ਦਿੰਦੇ ਤੇ ਅਸੀਂ ਮਾਲ ਡੰਗਰ ਚਾਰਦੇ ਮੋੜੇ ਲਾਉਂਦੇ ਰਹਿੰਦੇ। ਜਦੋਂ ਮੈਂ ਨਿੱਕਾ ਜਿਹਾ ਸੀ, ਓਦੋਂ ਕੱਲੂ ਨੂੰ ਕੌਡੀ ਪਾਉਂਦੇ ਦੇਖਣਾ ਤੇ ਜੀਅ ਕਰਨਾ, ਬਈ ਅਸੀਂ ਵੀ ਕੱਲੂ ਬਣੀਏਂ। ਸਾਡੇ ਘਰ ਲਵੇਰਾ ਬਹੁਤ ਹੁੰਦਾ ਸੀ। ਅਸੀਂ ਚਾਲੀ ਚਾਲੀ ਪਸ਼ੂ ਰੱਖਣੇ। ਆਹ ਭੈਣ ਦੇਣੇ ਬਲੱਡ ਬਲੁੱਡ ਤੇ ਸ਼ੂਗਰ ਸ਼ਾਗਰ ਕਦੇ ਸੁਣੇ ਈ ਨੀਂ ਸੀ। ਹੁਣ ਹਰੇਕ ਘਰੇ ਈ ਕੁੱਤੀ-ਚੀਕਾ ਪਿਆ ਹੋਇਐ। ਮਾਰ ਫੜ ਕੇ ‘ਹਾਏ ਮਰਗੇ, ਹਾਏ ਮਰਗੇ’ ਕਰੀ ਜਾਂਦੇ ਆ ਤੇ ਤੁਰ ਕੇ ਬਾਘੇਆਲੇ ਤੱਕ ਨੀ ਜਾ ਸਕਦੇ। `ਕੇਰਾਂ ਅਸੀਂ ਨਿੱਕੇ ਹੁੰਦੇ ਕੱਲੂ ਹੋਰਾਂ ਦਾ ਮੈਚ ਦੇਖਣ ਦੌਧਰ ਗਏ। ਪੈਰੋਂ ਨੰਗੇ, ਝੱਗੇ ਪਾਟੇ ਹੋਏ ਪਰ ਖੇਡ ਦੇਖਣ ਦਾ ਸ਼ੌਂਕ ਸੀ। ਮੇਰਾ ਨਿੱਕੇ ਹੁੰਦੇ ਦਾ ਈ ਵਿਆਹ ਹੋ ਗਿਆ ਸੀ। ਕੌਡੀ ਤਾਂ ਮੈਂ ਮਗਰੋਂ ਖੇਡਣ ਲੱਗਾਂ। ਹਲਚਲੇ ਚ ਸਾਡੇ ਬੁੜ੍ਹੇ ਅੱਡੋ-ਅੱਡ ਹੋਏ। ਸਾਨੂੰ ਹਿੱਸੇ ਬਹਿੰਦੇ ਢਾਈ ਕਿੱਲੇ ਆਏ।
“ਤੜਕੇ ਉੱਠ ਕੇ ਮੈਂ ਮੱਕੀ ਦੇ ਟਾਂਡਿਆਂ ਦੀਆਂ ਪੂਲੀਆਂ ਕੁਤਰਨੀਆਂ। ਕੜਬ ਕੁਤਰਦਿਆਂ ਜ਼ੋਰ ਲੱਗਣਾ। ਫੇਰ ਭੱਜਣਾ, ਡੰਡ ਬੈਠਕਾਂ ਕੱਢਣੀਆਂ, ਬੋਰੀਆਂ ਚੱਕਣੀਆਂ ਤੇ ਮੁਗਦਰ ਦੇ ਬਾਲੇ ਕੱਢਣੇ। ਪਟੜਾ ਹਾਲੇ ਤਕ ਸਾਡੇ ਘਰ ਪਿਆ। ਜਦੋਂ ਮੇਰੀ ਕੌਡੀ ਚੜ੍ਹੀ ਤਾਂ ਫਰੀਦਕੋਟੀਏ ਰਾਜੇ ਨੇ ਮੈਨੂੰ ਤਕਮਾ ਦਿੱਤਾ। ਕਿਲਾ ਰਾਏਪੁਰ ਤੋਂ ਤਿੰਨ ਸਾਲਾਂ ਆਲਾ ਕੱਪ ਜਿੱਤਿਆ। ਕੱਪ ਗੁਰਦੁਆਰੇ ਰੱਖ ਦਿੰਦੇ ਸੀ। ਹੁਣ ਕੋਈ ਨਿਸ਼ਾਨੀ ਨੀ ਬਚੀ। ਫੋਟੂ? ਫੋਟੂ ਵੀ ਘਰੇ ਕੋਈ ਨੀ। ਫੋਟੂ ਓਦੋਂ ਲਾਹੁੰਦੇ ਈ ਨੀ ਸੀ।
“ਮੇਰੇ ਚਿੱਤ ਸੀ ਕਿ ਮੈਂ ਹੁਣ ਕਿਸੇ ਨੂੰ ਨੀਂ ਛੱਡਦਾ ਭਵਾਂ ਕੋਈ ਕਿੰਨਾ ਵੀ ਤਕੜਾ ਕਿਉਂ ਨਾ ਹੋਵੇ? ਓਦੋ ਅਸੀਂ ਜਾਂਘੀਏ ਪਾ ਕੇ ਕੌਡੀ ਖੇਡਦੇ ਸੀ। ਕੋਈ ਕੋਈ ਭਲਵਾਨਾਂ ਅੰਗੂੰ ਲੰਗੋਟ ਚਾੜ੍ਹ ਲੈਂਦਾ। ਮੈਨੂੰ ਸਾਰੇ ‘ਮੱਲ’ ਕਹਿੰਦੇ ਸੀ। ਮੇਰਾ ਭਾਰ ਦੋ ਮਣ ਚਾਰ ਸੇਰ ਸੀ। ਹੁਣ ਤਾਂ ਡੂਢ ਮਣ ਵੀ ਨੀਂ ਹੋਣਾ। ਮੈਂ ਪਾਕਿਸਤਾਨੀਆਂ ਦੇ ਉਲਟ ਕਈ ਵਾਰ ਖੇਡਿਆ ਪਰ ਲਾਹੌਰ ਨੀਂ ਜਾ ਹੋਇਆ। ਅਜੇ ਤਕ ਚੰਡੀਗੜ੍ਹ ਨੀਂ ਦੇਖਿਆ। `ਕੇਰਾਂ ਜੰਨ ਗਏ ਸੀ ਯੂਪੀ ਅੱਲ, ਦਿੱਲੀ ਕੋਲ ਦੀ ਨੰਘੇ ਪਰ ਦਿੱਲੀ ਨੀਂ ਦੇਖੀ।
“ਜਦੋਂ ਅਸੀਂ ਕੌਡੀ ਖੇਡਦੇ ਸੀ ਤਾਂ ਅੱਠੇ ਜਣੇ `ਕੱਠੇ ਖੜ੍ਹਦੇ ਸੀ। ਸਾਰਿਆਂ ਨੂੰ ਇਕ ਇਕ ਕੌਡੀ ਪਾਉਣੀ ਜ਼ਰੂਰੀ ਸੀ। ਰੈਫਰੀ ਕੌਡੀ ਪਾਉਣ ਆਲੇ ਦੇ ਨਾਲ ਨਾਲ ਭੱਜਿਆ ਫਿਰਦਾ ਹੁੰਦਾ ਸੀ ਬਈ ਕਿਤੇ ਕੌਡੀ ਪਾਉਣ ਆਲਾ ਸਾਹ ਨਾ ਲੈ-ਜੇ। ਜੇ ਕਿਸੇ ਦੇ ਤੇਲ ਲਾਇਆ ਹੁੰਦਾ ਤਾਂ ਅਸੀਂ ਮਿੱਟੀ ਮਲ਼ ਦਿੰਦੇ ਸੀ। ਮੈਂ ਖੇਡ ਵਿਚ ਇਕੋ ਵਾਰ ਬੇਈਮਾਨੀ ਕੀਤੀ। ਅਗਲੇ ਦੇ ਸੱਟ ਮਾਰਨ ਲੱਗਾ ਸੀ ਪਰ ਲੱਗ-ਗੀ ਉਲਟੀ ਮੇਰੇ। ਮੱਥਾ ਪਾਟ ਗਿਆ। ਅੱਗੇ ਤੋਂ ਕੰਨਾਂ ਨੂੰ ਹੱਥ ਲਾਏ, ਬਈ ਖੇਡ ਚ ਬੇਈਮਾਨੀ ਨੀ ਕਰਨੀ। ਸਮਾਂ ਸਮਾਂ ਸਮਰੱਥ ਆ। ਆਹ ਹੁਣ ਜੁਆਕ-ਜੇ ਹਵਾਈ ਜਹਾਜ਼ਾਂ ਤੇ ਚੜ੍ਹੇ ਫਿਰਦੇ ਆ। ਅਖੇ ਅਸੀਂ ਇੰਗਲੈਂਡ-ਕਨੇਡਾ ਕੌਡੀ ਖੇਡਣ ਚੱਲੇ ਆਂ। ਸਾਨੂੰ ਕਦੇ ਸੈਂਕਲ ਨੀਂ ਸੀ ਜੁੜਿਆ।
“ਖੇਡਦਿਆਂ ਪੈਰ ਦਾ ਪੰਜਾ ਨਿਕਲ ਗਿਆ ਸੀ।
ਟੁੱਟ ਕੇ ਜੁੜਿਆ। ਹੁਣ ਜੁੱਤੀ ਨੀਂ ਪੈਂਦੀ। ਦੂਜਾ ਪੈਰ ਵੀ ਦਬ ਗਿਆ। ਤਾਹੀਂ ਲੰਗ ਮਾਰਦਾਂ। ਉਂਗਲਾਂ ਸਾਰੀਆਂ ਈ ਟੁੱਟ ਟੁੱਟ ਕੇ ਜੁੜੀਆਂ। ਖੇਡਣ ਦੇ ਟੈਮ ਅਸੀਂ
ਦਾਰੂ ਨੀਂ ਸੀ ਪੀਂਦੇ। ਅੱਠ ਅੱਠ ਜਣਿਆਂ ਨੇ `ਕੱਠੇ
ਇਕੋ ਥਾਲੀ ਚੋਂ ਰੋਟੀ ਖਾਣੀ। ਦੁੱਧ ਦੀ ਬਾਲਟੀ ਨੂੰ ਈ ਮੂੰਹ ਲਾ ਲੈਣਾ। ਬੜਾ ਮੋਹ ਪਿਆਰ ਸੀ ਇਕ ਦੂਜੇ ਨਾਲ। ਸਰਦਾਰ ਜੀ, ਏਥੇ ਮੋਹ ਪਿਆਰ ਈ ਰਹਿ ਜਾਣਾ, ਹੋਰ ਕੁਛ ਨੀਂ ਰਹਿਣਾ। ਕੀ ਹੋਇਆ ਜੇ ਕੌਡੀ ਚ ਸੱਟਾਂ ਲੱਗੀਆਂ ਪਰ ਖੇਡਣ ਦਾ ਸੁਆਦ ਤਾਂ ਆਇਆ, ਨਾਂ ਵੀ ਬੜਾ ਹੋਇਆ। ਅਖ਼ੀਰ ਬੰਦੇ ਦਾ ਨਾਂ ਈ ਰਹਿ ਜਾਣਾ। ਪੈਸੇ ਕਿਹੜਾ ਨਾਲ ਲੈ ਜਾਣੇ
ਆਂ? ਅੱਗੇ ਵੀ ਇਕ ਅਖ਼ਬਾਰ ਆਲਾ ਐਂਟਰਵਿਊ ਕਰਨ ਆਇਆ ਸੀ। ਆਹ ਹੁਣ ਤੁਸੀਂ ਕਰ ਚੱਲੇ ਓਂ। ਹੋਰ ਆਪਾਂ ਨੂੰ ਕੀ ਚਾਹੀਦੈ?”
ਮੈਂ ਮਨੋ-ਮਨੀ ਬਿੱਲੂ ਨੂੰ ਦਾਦ ਦਿੱਤੀ। ਬੱਲੇ ਓਏ
ਬਿੱਲੂ ਰਾਜੇਆਣੀਆ! ਉਹ ਬੁੱਢਾ ਖਿਡਾਰੀ ਨੰਗ-ਮਲੰਗ ਹੋ ਕੇ ਵੀ ਰੱਜਿਆ-ਪੁੱਜਿਆ ਤੇ ਭਰਿਆ-ਭਰਿਆ ਲੱਗ ਰਿਹਾ ਸੀ। ਮੈਂ ਦੇਰ ਤਕ ਸੋਚਦਾ ਰਿਹਾ ਕਿ ਬੰਦਾ ਵੀ ਕੀ ਸ਼ੈਅ ਏ? ਇਕ ਪਾਸੇ ਅੱਜਕੱਲ੍ਹ ਦੇ ਖਿਡਾਰੀ ਜਿਨ੍ਹਾਂ ਨੂੰ ਜਿੰਨੇ ਮਰਜ਼ੀ ਰਜਾਈ ਜਾਓ, ਰੱਜਦੇ ਈ ਨਹੀਂ। ਤੇ ਦੂਜੇ ਪਾਸੇ ਬਿੱਲੂ ਵਰਗੇ ਪੁਰਾਣੇ ਖਿਡਾਰੀ ਜਿਹੜੇ ਸਬਰ ਸ਼ੁਕਰ ਚ ਭੁੱਖੇ ਰਹਿ ਕੇ ਵੀ ਭੁੱਖ ਦੀ ਬਾਤ ਨਹੀਂ ਪਾਉਂਦੇ। ਮੈਂ ਉਦੋਂ ਲਿਖਿਆ ਸੀ, “ਜਾਣ ਨੂੰ ਤਾਂ ਬਿੱਲੂ ਵੀ ਇਕ ਦਿਨ ਚਲਾ ਜਾਵੇਗਾ ਜਿਵੇਂ ਦੁਨੀਆ ਹੋ ਹੋ ਤੁਰੀ ਜਾਂਦੀ ਹੈ ਪਰ ਬਿੱਲੂ ਵਰਗਿਆਂ ਦੀਆਂ ਬਾਤਾਂ ਫਿਰ ਵੀ ਪੈਂਦੀਆਂ ਰਹਿਣਗੀਆਂ।”
3 ਦਸੰਬਰ 2016 ਨੂੰ ਬਿੱਲੂ ਦੇ ਅਕਾਲ ਚਲਾਣੇ `ਤੇ ਉਹਦੀ ਬਾਤ ਪਾਉਣੀ ਹੀ ਉਹਨੂੰ ਸ਼ਰਧਾਂਜਲੀ ਸੀ!
ਦਿ ਗ੍ਰੇਟ ਖਲੀ
ਕੁਝ ਲੋਕਾਂ ਦਾ ਮੰਨਣਾ ਹੈ ਕਿ ਕਿਸਮਤ ਵਿਚ ਜੋ ਲਿਖਿਆ ਹੁੰਦਾ ਹੈ, ਇਨਸਾਨ ਨੂੰ ਉਹੀ ਮਿਲਦਾ ਹੈ ਪਰ ਕਈਆਂ ਦਾ ਕਹਿਣਾ ਹੈ, ਹਿੰਮਤੀ ਤੇ ਸੰਘਰਸ਼ੀ ਲੋਕ ਕਰੜੇ ਸੰਘਰਸ਼ ਨਾਲ ਕਿਸਮਤ ਪਲਟ ਦਿੰਦੇ ਹਨ। ਜੇ ਕਿਸੇ ਨੂੰ ਨਹੀਂ ਵਿਸ਼ਵਾਸ ਤਾਂ ਦਲੀਪ ਸਿੰਘ ਰਾਣਾ ਉਰਫ਼ ਗ੍ਰੇਟ ਖਲ਼ੀ ਨੂੰ ਪੁੱਛ ਲਵੋ। ਦਲੀਪ ਸਿੰਘ ਨੂੰ ਰੱਬ ਨੇ ਉੱਚਾ ਲੰਮਾ ਕੱਦ-ਕਾਠ ਬਖ਼ਸਿ਼ਆ ਪਰ ਜੇ ਉਹ ਸੰਘਰਸ਼ ਨਾ ਕਰਦਾ, ਸਰੀਰ ਨੂੰ ਮਿਹਨਤ ਨਾਲ ਨਾ ਸੰਵਾਰਦਾ ਤਾਂ ਨਾ ਉਹ ਦੁਨੀਆ ਚ ਪ੍ਰਸਿੱਧ ਹੁੰਦਾ ਤੇ ਨਾ ਉਹਦੀਆਂ ਗੱਲਾਂ ਹੁੰਦੀਆਂ। ਜੇ ਉਸ ਨੇ ਹਿੰਮਤ ਕੀਤੀ ਤਾਂ ਹੀ ਉਸ ਦੀ ਕਿਸਮਤ ਚਮਕੀ। ਗਰੀਬ ਪਰਿਵਾਰ ਦਾ ਹੋਣਹਾਰ ਸਪੂਤ ਸੰਘਰਸ਼ ਕਰ ਕੇ ਹੀ ਅਨਮੋਲ ਹੀਰਾ ਬਣਿਆ।
ਉਸ ਦਾ ਜਨਮ ਹਿਮਾਚਲ ਪ੍ਰਦੇਸ਼ ਦੇ ਜਿ਼ਲ੍ਹਾ ਸਿਰਮੌਰ ਦੇ ਪਿੰਡ ਧੀਰਾਨੀ ਵਿਚ ਸ੍ਰੀ ਜਵਾਲਾ ਰਾਮ ਦੇ ਘਰ ਮਾਤਾ ਚੰਡੀ ਦੇਵੀ ਦੀ ਕੁੱਖੋਂ 11 ਅਗਸਤ 1973 ਨੂੰ ਹੋਇਆ। ਸੱਤ ਭਰਾ ਤੇ ਇਕ ਭੈਣ ਦੇ ਇਸ ਹੋਣਹਾਰ ਵੀਰ ਦਾ ਕੱਦ 7 ਫੁੱਟ 3 ਇੰਚ ਹੈ ਤੇ ਵਜ਼ਨ ਡੇਢ ਕੁਇੰਟਲ ਤੋਂ ਉਪਰ। ਉਹ ਸਾਰੇ ਪਰਿਵਾਰ ਵਿਚ ਸਭ ਤੋਂ ਕੱਦਾਵਰ ਹੈ। ਦਲੀਪ ਸਿੰਘ ਦਾ ਪਰਿਵਾਰ ਬੇਹੱਦ ਗ਼ੁਰਬਤ ਦੀ ਜਿ਼ੰਦਗੀ ਜੀਅ ਰਿਹਾ ਸੀ। ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਦਲੀਪ ਸਿੰਘ ਨੇ ਅਨੇਕਾਂ ਯਤਨ ਕੀਤੇ। ਉਸ ਨੇ ਪੱਥਰ ਤੋੜਨ ਦੀ ਮਜ਼ਦੂਰੀ ਤੋਂ ਲੈ ਕੇ ਹੋਰ ਵੀ ਕਈ ਨਿੱਕੀਆਂ ਮੋਟੀਆਂ ਨੌਕਰੀਆਂ ਕੀਤੀਆਂ।
ਕੁਦਰਤੀ ਸਿ਼ਮਲੇ ਦੇ ਇਕ ਹੋਟਲ ਮੂਹਰੇ ਦਰਬਾਨ ਬਣੇ ਖੜ੍ਹੇ ਦਲੀਪ ਸਿੰਘ ਤੇ ਪੰਜਾਬ ਪੁਲੀਸ ਦੇ ਸਾਬਕਾ ਡੀਜੀਪੀ, ਖੇਡਾਂ ਦੇ ਮਸੀਹੇ ਮਹਿਲ ਸਿੰਘ ਭੁੱਲਰ ਦੀ ਸਵੱਲੀ ਨਿਗ੍ਹਾ ਪੈ ਗਈ। ਉਨ੍ਹਾਂ ਨੇ ਦਲੀਪ ਸਿੰਘ ਨੂੰ ਪੰਜਾਬ ਪੁਲੀਸ ਵਿਚ ਭਰਤੀ ਕਰ ਲਿਆ। ਨੌਕਰੀ ਮਿਲ ਜਾਣ ਨਾਲ ਦਲੀਪ ਸਿੰਘ ਨੇ ਪਹਿਲਾਂ ਗੋਲਾ ਸੁੱਟਣਾ ਸ਼ੁਰੂ ਕੀਤਾ ਤੇ ਨਾਲ ਵੇਟ ਟ੍ਰੇਨਿੰਗ ਕਰਨ ਲੱਗਾ। ਉਸ ਨੇ ਕਸਰਤਾਂ ਕਰ ਕੇ ਸਰੀਰ ਫਿੱਟ ਬਣਾਉਣ ਦੀ ਕੋਈ ਕਸਰ ਨਾ ਛੱਡੀ ਜਿਸ ਦੇ ਨਤੀਜੇ ਵਜੋਂ ਬਾਡੀ ਬਿਲਡਿੰਗ ਵਿਚ ਉਹ ਚਾਰ ਵਾਰ ਮਿਸਟਰ ਨਾਰਥ ਇੰਡੀਆ ਅਤੇ ਦੋ ਵਾਰ ਮਿਸਟਰ ਇੰਡੀਆ ਬਣਿਆ।
ਫਿਰ ਗੋਲਾ ਸੁੱਟਣਾ ਛੱਡ ਕੇ ਉਹ ਫਰੀ ਸਟਾਈਲ ਕੁਸ਼ਤੀਆਂ ਕਰਨ ਲੱਗ ਪਿਆ। ਡਬਲਯੂ ਡਬਲਯੂ ਈ ਵਾਲਿਆਂ ਨੂੰ ਉਹਦਾ ਕੱਦ ਕਾਠ ਜਚ ਗਿਆ ਤੇ ਉਨ੍ਹਾਂ ਨੇ ਉਹਦੇ ਨਾਲ ਕੁਸ਼ਤੀਆਂ ਕਰਾਉਣ ਦਾ ਕੰਟਰੈਕਟ ਕਰ ਲਿਆ। ਇਉਂ ਉਹ ਅਮਰੀਕਾ ਚਲਾ ਗਿਆ ਤੇ ਉਹਦੇ ਅੰਤਰਰਾਸ਼ਟਰੀ ਪੱਧਰ ਤੇ ਚਮਕਣ ਦੇ ਭਾਗ ਜਾਗ ਪਏ। ਉਸ ਨੇ ਸਮੈਕ ਡਾਊਨ ਮੁਕਾਬਲੇ ਦੀ ਟਵੰਟੀ ਮੈਨ ਫਾਈਟ ਦੇ ਆਖ਼ਰੀ ਪੜਾਅ ਵਿਚ ਪਹੁੰਚ ਕੇ ਵਕਾਰੀ ਚੈਂਪੀਅਨਸਿ਼ਪ ਜਿੱਤ ਲਈ। ਕੈਨ ਅਤੇ ਬਤਿਸਕਾ ਨੂੰ ਰਿੰਗ ਵਿਚ ਪਛਾੜ ਕੇ ਡਬਲਯੂ ਡਬਲਯੂ ਈ ਦਾ ਹੈਵੀਵੇਟ ਚੈਂਪੀਅਨ ਬਣ ਕੇ ਸਾਰੀ ਦੁਨੀਆ ਤੇ ਲੱਤ ਫੇਰ ਦਿੱਤੀ।
ਜਿ਼ਕਰਯੋਗ ਹੈ ਕਿ ਸਾਨ੍ਹਾਂ ਵਾਂਗ ਭਿੜਨ ਵਾਲੀ ਇਸ ਕੁਸ਼ਤੀ ਤੋਂ ਪਹਿਲਾਂ ਹੀ ਲਿਖਵਾ ਲਿਆ ਜਾਂਦਾ ਹੈ ਕਿ ਕੁਸ਼ਤੀ ਦੌਰਾਨ ਕੋਈ ਦੁਰਘਟਨਾ ਵਾਪਰ ਜਾਵੇ ਜਾਂ ਕਿਸੇ ਪਹਿਲਵਾਨ ਦੀ ਮੌਤ ਹੋ ਜਾਵੇ ਤਾਂ ਉਸ ਲਈ ਖ਼ੁਦ ਪਹਿਲਵਾਨ ਹੀ ਜਿੰ਼ਮੇਵਾਰ ਹੋਣਗੇ ਨਾ ਕਿ ਵਰਲਡ ਰੈਸਲਿੰਗ ਐਂਟਰਟੇਨਮੈਂਟ ਵਾਲੇ।
ਦਲੀਪ ਸਿੰਘ ਦੇ ਬੁੱਢੇ ਮਾਤਾ ਪਿਤਾ, ਭੈਣ ਭਾਈ ਤੇ ਪਿੰਡ ਵਾਸੀ ਆਪਣੇ ਇਸ ਬੱਬਰ ਸ਼ੇਰ ਦੀਆਂ ਸਿਫ਼ਤਾਂ ਕਰਦੇ ਨਹੀਂ ਥਕਦੇ। ਉਨ੍ਹਾਂ ਨੂੰ ਮਾਣ ਹੈ ਆਪਣੇ ਦਲੀਪੇ ਤੇ ਜਿਸ ਨੇ ਅਮਰੀਕਾ ਵਿਚ ਭਾਰਤ ਦਾ ਮਾਣ ਵਧਾਇਆ। ਉਸ ਦੇ ਪਿੰਡ ਵਿਚ ਕੇਬਲ ਤਾਰ ਨਹੀਂ ਸੀ ਜਿਸ ਕਰਕੇ ਘਰ ਵਾਲੇ ਤੇ ਪਿੰਡ ਵਾਸੀ ਉਹਦੀ ਕੁਸ਼ਤੀ ਵੇਖਣ ਤੋਂ ਵਾਂਝੇ ਰਹਿ ਜਾਂਦੇ ਸਨ। ਜਦੋਂ
ਕੋਈ ਸ਼ਹਿਰ ਵਾਲਾ ਉਨ੍ਹਾਂ ਦੇ ਘਰ ਆ ਕੇ ਉਹਦੀ
ਮਾਂ ਨੂੰ ਦੱਸਦਾ, ਬੇਬੇ ਅੱਜ ਤੇਰੇ ਪੁੱਤ ਨੇ ਅੰਡਰਟੇਕਰ ਦੀਆਂ ਨੇਰ੍ਹੀਆਂ ਲਿਆ ਦਿੱਤੀਆਂ ਤਾਂ ਬੇਬੇ ਅੱਗੋਂ ਬੋਲਦੀ, ਸ਼ੁਕਰ ਆ ਰੱਬ ਦਾ ਜੀਹਨੇ ਮੇਰੇ ਪੁੱਤ ਤੇ ਮਿਹਰ ਕੀਤੀ। ਉਨ੍ਹਾਂ ਦਾ ਪਰਿਵਾਰ ਪੰਜਾਬੀ ਮੂਲ ਦਾ ਹਿਮਾਚਲੀ ਹੈ ਜਿਸ ਕਰਕੇ ਸਭ ਪੰਜਾਬੀ ਬੋਲਦੇ ਹਨ। ਦਲੀਪ ਸਿੰਘ ਦੀ ਮਾਂ ਨੇ ਪੁੱਤ ਦੀ ਪਹਿਲੀ ਫਾਈਟ ਜਲੰਧਰ ਜਾ ਕੇ ਵੇਖੀ ਸੀ।
ਬੇਸ਼ਕ ਦਲੀਪ ਸਿੰਘ ਦੇ ਪਰਿਵਾਰ ਦਾ ਆਪਣੇ ਪਿੰਡ ਨਾਲ ਅੰਤਾਂ ਦਾ ਮੋਹ ਹੈ ਪਰ ਹੁਣ ਉਸ ਦਾ ਪਰਿਵਾਰ ਆਪਣਾ ਜੱਦੀ ਪਿੰਡ ਛੱਡ ਕੇ ਦਲੀਪ ਸਿੰਘ ਵੱਲੋਂ ਪਿੰਡ ਨੈਨੀਪਾਰ ਚ ਬਣਾਏ ਨਵੇਂ ਮਕਾਨ ਵਿਚ ਰਹਿਣ ਲੱਗ ਪਿਆ ਹੈ। ਕੁਸ਼ਤੀ ਦੇ ਦਿਨ ਖਲੀ ਦੀ ਮਾਂ ਪੁੱਤ ਦੀ ਖ਼ੈਰ ਸੁੱਖ ਲਈ ਵਰਤ ਰੱਖਦੀ ਹੈ ਤੇ ਉਹਦੀ ਜਿੱਤ ਦੀ ਦੁਆ ਮੰਗਦੀ ਹੈ। ਉਹਦੇ ਪੇਂਡੂਆਂ ਦਾ ਵਿਸ਼ਵਾਸ ਹੈ ਕਿ ਪਿੰਡ ਧੀਰਾਨੀ ਨੂੰ ਭੋਲੇਸੰ਼ਕਰ ਦਾ ਵਰ ਮਿਲਿਆ ਹੋਇਆ ਹੈ। ਪਿਛਲੀਆਂ ਕਈ ਪੀੜ੍ਹੀਆਂ ਤੋਂ ਇਥੇ ਸ਼ਕਤੀਸ਼ਾਲੀ ਇਨਸਾਨ ਪੈਦਾ ਹੁੰਦੇ ਰਹੇ ਹਨ। ਦਲੀਪ ਸਿੰਘ ਦਾ ਪੜਦਾਦਾ ਸਿੱਧੂ ਰਾਮ 7 ਫੁੱਟ 8 ਇੰਚ ਲੰਮਾ ਸੀ।
ਖਲੀ ਹੁਣ ਤਕ ਦੋ ਸੌ ਤੋਂ ਵੀ ਵੱਧ ਮੁਕਾਬਲਿਆਂ ਵਿਚ ਜਿੱਤਾਂ ਹਾਸਲ ਕਰ ਚੁੱਕਾ ਹੈ। ਉਹ ਖੇਡਾਂ ਦੇ ਮਸੀਹੇ ਮਹਿਲ ਸਿੰਘ ਭੁੱਲਰ ਨੂੰ ਆਪਣਾ ਰਹਬਿਰ ਮੰਨਦਾ ਹੈ ਜਿਸ ਨੇ ਉਹਦੀ ਕਿਸਮਤ ਨੂੰ ਨਵਾਂ ਮੋੜ ਦਿੱਤਾ। ਦਲੀਪ ਸਿੰਘ ਨੂੰ ਜਦੋਂ ਪੁੱਛਿਆ ਗਿਆ ਕਿ ਅਮਰੀਕਾ ਵਿਚ ਸੈਟਲ ਹੋਣਾ ਹੈ ਜਾਂ ਵਤਨ ਵਿਚ ਤਾਂ ਉਸ ਦਾ ਜਵਾਬ ਸੀ ਕਿ ਉਹ ਆਪਣੇ ਵਤਨ ਦੀ ਮਿੱਟੀ ਨੂੰ ਬਹੁਤ ਪਿਆਰ ਕਰਦਾ ਹੈ। ਇਸ ਕਰਕੇ ਵਤਨ ਨਹੀਂ ਛੱਡੇਗਾ। ਅੱਜ ਕੱਲ੍ਹ ਉਹ ਨੌਜੁਆਨਾਂ ਨੂੰ ਕੁਸ਼ਤੀ ਦੀ ਸਿਖਲਾਈ ਦਿੰਦਾ ਹੈ ਅਤੇ ਜ਼ਾਬਤੇ ਵਿਚ ਰਹਿਣਾ ਤੇ ਵੱਡੀਆਂ ਦੀ ਇੱਜ਼ਤ ਕਰਨੀ ਸਿਖਾਉਂਦਾ ਹੈ। ਉਸ ਦੀ ਪਤਨੀ ਗੁੱਡੀ ਦੇਵੀ ਤੇ ਭਰਾ ਸੁਰਿੰਦਰ ਲਾਲ ਵੀ ਉਹਦੇ ਨਾਲ ਹੀ ਰਹਿੰਦੇ ਹਨ। ਹੁਣ ਉਹ ਲੱਖਾਂ ਨਹੀਂ, ਕਰੋੜਾਂ ਚ ਖੇਡਦਾ ਹੈ।
ਅਖ਼ੀਰ ਵਿਚ ਕਬੱਡੀ ਦੇ ਧਾਵੀ ਹਰਜੀਤ ਬਰਾੜ ਦੇ ਅਕਾਲ ਚਲਾਣੇ ਤੇ ਮੱਖਣ ਬਰਾੜ ਦਾ ਸਿ਼ਅਰ:
ਕਬੱਡੀ ਖੇਡੀ ਤੇ ਖੇਡਦੇ ਬੜੇ ਦੇਖੇ,
ਖੇਡ ਦੇਖੀ ਨਾ ਕਦੇ ਹਰਜੀਤ ਵਰਗੀ
ਜੱਗ ਜਹਾਨ ਉਤੇ ਸੀ ਚੜ੍ਹਤ ਉਹਦੀ,
ਮਹਾਰਾਜੇ ਦੇ ਕੰਵਰ ਦਲੀਪ ਵਰਗੀ
ਜੀਂਦੇ ਰਹਿਣਗੇ ਸਦਾ ਉਹ ਦਿਲਾਂ ਅੰਦਰ,
ਯਾਦ ਆਊਗੀ ਸਦਾ ਇਕ ਚੀਸ ਵਰਗੀ
ਮੱਖਣ ਬਰਾੜਾ ਉਹ ਮਰੇ ਨੀ ਅਮਰ ਹੋਗੇ,
ਮੌਤ ਮਾਰ ਕੇ ਉਨ੍ਹਾਂ ਨੂੰ ਆਪ ਮਰਗੀ।
ਸੰਪਰਕ: principalsarwansingh@gmail.com