DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੰਗ ਟਲਤੀ ਰਹੇ ਤੋ ਬੇਹਤਰ ਹੈ...

ਇਰਾਨ-ਇਜ਼ਰਾਈਲ ਦੀ ਜੰਗ ਦਾ ਪੂਰੀ ਦੁਨੀਆ ’ਤੇ ਵਿਆਪਕ ਪ੍ਰਭਾਵ ਪਿਆ ਹੈ। ਜਿੱਥੇ ਖਾੜੀ ਦੇਸ਼ਾਂ ਨੂੰ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ, ਉੱਥੇ ਹੀ ਇੱਕ ਵਿਸ਼ਵਵਿਆਪੀ ਤੇਲ ਸੰਕਟ ਵੀ ਉੱਭਰ ਕੇ ਸਾਹਮਣੇ ਆਇਆ ਹੈ। ਨਤੀਜੇ ਵਜੋਂ ਇਹ ਡਰ ਹੈ ਕਿ ਲੱਖਾਂ...

  • fb
  • twitter
  • whatsapp
  • whatsapp
Advertisement

ਇਰਾਨ-ਇਜ਼ਰਾਈਲ ਦੀ ਜੰਗ ਦਾ ਪੂਰੀ ਦੁਨੀਆ ’ਤੇ ਵਿਆਪਕ ਪ੍ਰਭਾਵ ਪਿਆ ਹੈ। ਜਿੱਥੇ ਖਾੜੀ ਦੇਸ਼ਾਂ ਨੂੰ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ, ਉੱਥੇ ਹੀ ਇੱਕ ਵਿਸ਼ਵਵਿਆਪੀ ਤੇਲ ਸੰਕਟ ਵੀ ਉੱਭਰ ਕੇ ਸਾਹਮਣੇ ਆਇਆ ਹੈ। ਨਤੀਜੇ ਵਜੋਂ ਇਹ ਡਰ ਹੈ ਕਿ ਲੱਖਾਂ ਲੋਕ ਗ਼ਰੀਬੀ ਵਿੱਚ ਧੱਕੇ ਜਾ ਸਕਦੇ ਹਨ। ਅਮਰੀਕਾ ਅਤੇ ਇਜ਼ਰਾਈਲ ਦੁਆਰਾ ਇਰਾਨ ’ਤੇ ਥੋਪੇ ਗਏ ਮੱਧ ਪੂਰਬੀ ਯੁੱਧ ਨੂੰ ਦੋ ਮਹੀਨੇ ਦੇ ਕਰੀਬ ਹੋ ਚੁੱਕੇ ਹਨ। ਜੰਗਬੰਦੀ ਅਤੇ ਸੁਲ੍ਹਾ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਹਨ, ਪਰ ਅਜੇ ਤੱਕ ਗੱਲ ਕਿਸੇ ਪੱਤਣ ’ਤੇ ਨਹੀਂ ਲੱਗ ਸਕੀ।

ਇਰਾਨ ਦੀ ਸਰਕਾਰੀ ਰਿਪੋਰਟ ਅਨੁਸਾਰ ਮਾਰਚ ਮਹੀਨੇ ਤੱਕ ਹੀ ਅਮਰੀਕਾ-ਇਜ਼ਰਾਈਲ ਦੇ ਹਮਲਿਆਂ ਦੇ ਨਤੀਜੇ ਵਜੋਂ ਮਰਨ ਵਾਲਿਆਂ ਦੀ ਗਿਣਤੀ 1,600 ਤੋਂ ਵੱਧ ਹੋ ਗਈ ਹੈ। ਇਸ ਦੌਰਾਨ ਘੱਟੋ-ਘੱਟ 25,000 ਲੋਕ ਜ਼ਖਮੀ ਹੋਏ ਹਨ। ਮਰਨ ਵਾਲਿਆਂ ਵਿੱਚ 250 ਔਰਤਾਂ ਸ਼ਾਮਲ ਹਨ; ਖਾਸ ਤੌਰ ’ਤੇ ਮੀਨਾਬ ਵਿੱਚ ਕੁੜੀਆਂ ਦੇ ਇੱਕ ਪ੍ਰਾਇਮਰੀ ਸਕੂਲ ’ਤੇ ਹਮਲੇ ਵਿੱਚ 168 ਬੱਚੇ ਮਾਰੇ ਗਏ ਸਨ। ਦੂਜੇ ਪਾਸੇ ਇਰਾਨੀ ਹਮਲਿਆਂ ਵਿੱਚ 19 ਇਜ਼ਰਾਈਲੀਆਂ ਦੀ ਮੌਤ ਹੋ ਗਈ ਅਤੇ 5,226 ਜ਼ਖਮੀ ਹੋਏ ਹਨ। 15 ਦੇ ਕਰੀਬ ਅਮਰੀਕੀ ਕਰਮਚਾਰੀ ਮਾਰੇ ਗਏ ਅਤੇ 200 ਜ਼ਖਮੀ ਹੋਏ। ਖਾੜੀ ਦੇਸ਼ਾਂ ਵਿੱਚ ਵੀ ਕਈ ਲੋਕ ਮਾਰੇ ਗਏ। ਲੇਬਨਾਨ ਵਿੱਚ 1,094 ਲੋਕ ਮਾਰੇ ਗਏ ਅਤੇ 3,119 ਜ਼ਖਮੀ ਹੋਏ।

Advertisement

ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦਾ ਕਹਿਣਾ ਹੈ ਕਿ ਚੱਲ ਰਹੀ ਜੰਗ ਕਾਰਨ ਇਰਾਨ ਵਿੱਚ 3.2 ਮਿਲੀਅਨ ਲੋਕ ਬੇਘਰ ਹੋ ਗਏ ਹਨ। ਵਾਤਾਵਰਨ ਤਹਿਸ ਨਹਿਸ਼ ਹੋ ਰਿਹਾ ਹੈ। ਕਿਸੇ ਵੀ ਦੇਸ਼ ਦੇ ਲੋਕ ਜੰਗ ਨਹੀਂ ਚਾਹੁੰਦੇ, ਉਹ ਸ਼ਾਂਤੀ ਨਾਲ ਜਿਉਣਾ ਚਾਹੁੰਦੇ ਹਨ। ਜੰਗ ਆਮ ਲੋਕਾਂ ’ਤੇ ਥੋਪੀ ਜਾਂਦੀ ਹੈ। ਦੁਨੀਆ ਦੇ ਜ਼ਿਆਦਾਤਰ ਲੋਕਾਂ ਅਤੇ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਅੱਜ ਤੱਕ ਜੰਗ ਦਾ ਕਿਸੇ ਵੀ ਦੇਸ਼ ਨੂੰ ਫਾਇਦਾ ਨਹੀਂ ਹੋਇਆ, ਉਲਟਾ ਉਹ ਦੇਸ਼ ਕਈ ਸਾਲ ਪਿੱਛੇ ਚਲੇ ਗਏ। ਜੰਗ ਭਾਵੇਂ ਦੇਸ਼ ਵਿੱਚ ਅੰਦਰੂਨੀ ਹੋਵੇ ਜਾਂ ਬਾਹਰੀ, ਇਸ ਦਾ ਅੰਤ ਹਮੇਸ਼ਾਂ ਮਾੜਾ ਹੋਇਆ ਹੈ।

Advertisement

ਜੇਕਰ ਵਿਸ਼ਵ ਯੁੱਧ ਦੀ ਗੱਲ ਕਰੀਏ ਤਾਂ ਪਹਿਲਾ ਵਿਸ਼ਵ ਯੁੱਧ 1914 ਤੋਂ 1918 ਤੱਕ ਚੱਲਿਆ। ਇਸ ਜੰਗ ਵਿੱਚ ਸੰਸਾਰ ਦੇ ਤਕਰੀਬਨ ਸਾਰੇ ਵੱਡੇ ਦੇਸ਼ ਸ਼ਾਮਲ ਸਨ। ਇਸ ਵਿੱਚ ਦੋ ਫੌਜੀ ਗੁੱਟ ਬਣ ਗਏ ਸਨ ਜਿਸ ਵਿੱਚ ਲਗਭਗ 7 ਕਰੋੜ ਫੌਜ ਦੇ ਸਿਪਾਹੀ ਲਾਮਬੰਦ ਕੀਤੇ ਗਏ ਅਤੇ ਇਹ ਦੁਨੀਆ ਦੇ ਸਭ ਤੋਂ ਵੱਡੇ ਯੁੱਧਾਂ ਵਿੱਚੋਂ ਇੱਕ ਸੀ। ਇਸ ਯੁੱਧ ਵਿੱਚ ਤਕਰੀਬਨ ਇੱਕ ਕਰੋੜ ਤੋਂ ਵੱਧ ਬੱਚੇ, ਨੌਜਵਾਨ ਅਤੇ ਔਰਤਾਂ ਸਮੇਤ ਕਈ ਲੋਕ ਮਾਰੇ ਗਏ। ਸੰਸਾਰ-ਪੱਧਰ ਦੀ ਦੂਜੀ ਜੰਗ ਜੋ ਕਿ 1939 ਤੋਂ ਲੈ ਕੇ 1945 ਤੱਕ ਚੱਲੀ, ਉਹ ਮਨੁੱਖੀ ਇਤਿਹਾਸ ਦੀ ਸਭ ਤੋਂ ਖੂਨੀ ਜੰਗ ਸਾਬਤ ਹੋਈ। ਦੂਜੇ ਵਿਸ਼ਵ ਯੁੱਧ ਵਿੱਚ 5 ਤੋਂ 7 ਕਰੋੜ ਮਨੁੱਖੀ ਜਾਨਾਂ ਗਈਆਂ। 6 ਅਗਸਤ 1945 ਨੂੰ ਅਮਰੀਕਾ ਨੇ ਗਨ ਕਿਸਮ ਦਾ ਯੂਰੇਨੀਅਮ ਪਰਮਾਣੂ ਬੰਬ (ਲਿਟਲ ਬੁਆਏ) ਜਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ਸ਼ਹਿਰ ’ਤੇ ਸੁੱਟ ਕੇ ਤਬਾਹੀ ਦਾ ਅਜਿਹਾ ਮੀਂਹ ਬਰਸਾਇਆ ਜੋ ਧਰਤੀ ਨੇ ਪਹਿਲਾਂ ਕਦੇ ਨਹੀਂ ਦੇਖਿਆ ਸੀ। ਹਮਲੇ ਤੋਂ ਦੋ ਤੋਂ ਤਿੰਨ ਘੰਟਿਆਂ ਬਾਅਦ ਹੀ ਪਰਮਾਣੂ ਬੰਬਾਰੀ ਦੇ ਗੰਭੀਰ ਪ੍ਰਭਾਵਾਂ ਕਾਰਨ ਹੀਰੋਸ਼ੀਮਾ ਵਿੱਚ 146000 ਅਤੇ ਨਾਗਾਸਾਕੀ ਵਿਚ ਤਕਰੀਬਨ 80,000 ਲੋਕ ਮਾਰੇ ਗਏ। ਇੱਥੇ ਹੀ ਬਸ ਨਹੀਂ ਇਨ੍ਹਾਂ ਸ਼ਹਿਰਾਂ ਨੂੰ ਹੁਣ ਤੱਕ ਇਸ ਪਰਮਾਣੂ ਬੰਬ ਦੇ ਪ੍ਰਭਾਵ ਤੋਂ ਮੁਕਤੀ ਨਹੀਂ ਮਿਲ ਸਕੀ। ਅਜੇ ਵੀ ਇੱਥੋਂ ਦੀ ਧਰਤੀ ਅਤੇ ਵਾਤਾਵਰਨ ਮਨੁੱਖੀ ਅਤੇ ਫ਼ਸਲੀ ਪੈਦਾਇਸ਼ ਦੇ ਯੋਗ ਨਹੀਂ ਬਣ ਸਕਿਆ।

ਬੇਸ਼ੱਕ ਬਹੁਤ ਸਾਰੇ ਦੇਸ਼ ਜੰਗ ਦੇ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਹੋ ਚੁੱਕੇ ਹਨ ਅਤੇ ਅਮਨ ਸ਼ਾਂਤੀ ਚਾਹੁੰਦੇ ਹਨ, ਪਰ ਫਿਰ ਵੀ ਬਹੁਤ ਸਾਰੇ ਦੇਸ਼ ਅਜੇ ਵੀ ਜੰਗ ਦੀ ਬਰਬਾਦੀ ਤੋਂ ਬਾਹਰ ਨਹੀਂ ਨਿਕਲ ਸਕੇ। ਹੁਣ ਵੀ ਤਕਰੀਬਨ ਦੋ ਸਾਲਾਂ ਤੋਂ ਜਾਰੀ ਰੂਸ-ਯੂਕਰੇਨ ਯੁੱਧ ਵਿੱਚ ਵੱਡੀ ਗਿਣਤੀ ’ਚ ਦੋਵਾਂ ਧਿਰਾਂ ਦੇ ਲੋਕ ਮਾਰੇ ਜਾ ਰਹੇ ਹਨ। ਇਸੇ ਤਰ੍ਹਾਂ ਤੁਰਕੀ ਅਤੇ ਉੱਤਰੀ ਸੀਰੀਆ ਦੀ ਜੰਗ ਵਿੱਚ ਸੈਂਕੜੇ ਨਿਰਦੋਸ਼ ਲੋਕ ਮਾਰੇ ਜਾ ਚੁੱਕੇ ਹਨ। ਇਰਾਨ ਅਤੇ ਇਜ਼ਰਾਈਲ ਦਰਮਿਆਨ ਭਿਆਨਕ ਯੁੱਧ ਛਿੜਿਆ ਹੋਇਆ ਹੈ। ਭਾਰਤ ਅਤੇ ਪਾਕਿਸਤਾਨ ਦੀ ਲੁੱਕਵੀਂ ਜੰਗ ਵਿੱਚ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ।

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੀ ਵਿਸ਼ਵ ਸ਼ਾਂਤੀ ਬਣਾਈ ਰੱਖਣ ਲਈ ਸੰਯੁਕਤ ਰਾਸ਼ਟਰ ਨੇ 1981 ਵਿੱਚ ਵਿਸ਼ਵ ਸ਼ਾਂਤੀ ਦਿਵਸ ਮਨਾਉਣ ਦਾ ਐਲਾਨ ਕੀਤਾ ਜਿਸ ਦਾ ਮਕਸਦ ਜੰਗ ਦੇ ਮਾੜੇ ਪ੍ਰਭਾਵ ਬਾਰੇ ਜਾਣਕਾਰੀ ਦੇਣਾ ਸੀ। ਬਹੁਤੇ ਲੋਕਾਂ ਲਈ ਲੜਾਈ ਇੱਕ ਰੋਜ਼ਾਨਾ ਦੀ ਹਕੀਕਤ ਹੈ ਅਤੇ ਇਸ ਲਈ ਸ਼ਾਂਤੀ ਦਾ ਅਨਮੋਲ ਤੋਹਫ਼ਾ ਕਈ ਵਾਰ ਧਿਆਨ ਵਿੱਚ ਨਹੀਂ ਆਉਂਦਾ। ਜੇਕਰ ਸ਼ਾਂਤੀ ਹੈ ਤਾਂ ਸਾਡੀਆਂ ਗਲੀਆਂ ਸੁਰੱਖਿਅਤ ਹਨ ਅਤੇ ਸਾਡੇ ਬੱਚੇ ਸਕੂਲ ਜਾ ਸਕਦੇ ਹਨ, ਸਾਡਾ ਜੀਵਨ ਖ਼ੁਸ਼ਹਾਲ ਹੋ ਸਕਦਾ ਹੈ। ਹਾਲਾਂਕਿ, ਦੁਨੀਆ ਦੇ ਕੁਝ ਹਿੱਸਿਆਂ ਵਿੱਚ ਇਹ ਦ੍ਰਿਸ਼ ਵੱਖਰਾ ਹੈ ਜਿੱਥੇ ਹਰ ਸਾਲ ਜੰਗਾਂ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਸੈਂਕੜੇ ਜਾਨਾਂ ਜਾ ਰਹੀਆਂ ਹਨ। ਹਰੇਕ ਫੌਜੀ ਸੰਘਰਸ਼ ਦੇ ਨਾਲ ਮਨੁੱਖਤਾ ਇੱਕ ਮਹੱਤਵਪੂਰਨ ਕਦਮ ਪਿੱਛੇ ਵੱਲ ਲੈ ਜਾਂਦੀ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਅੱਗੇ ਜਾਣ ਦੀ ਬਜਾਏ ਮੁੜ ਪ੍ਰਾਪਤ ਕਰਨਾ ਹੁੰਦਾ ਹੈ।

ਅੱਜ ਵਿਸ਼ਵਵਿਆਪੀ ਸਮਾਜ ਉਨ੍ਹਾਂ ਢਾਂਚਿਆਂ ਨੂੰ ਖਤਮ ਕਰਨ ਲਈ ਕੰਮ ਕਰ ਸਕਦਾ ਹੈ ਜੋ ਸਾਡੇ ਵਿਚਕਾਰ ਨਸਲਵਾਦ, ਜਾਤੀਵਾਦ, ਧਾਰਮਿਕ ਫਿਰਕੂ ਨਫ਼ਰਤ ਨੂੰ ਫੈਲਾਉਂਦੇ ਹਨ। ਅੱਜ ਬਰਾਬਰੀ ਅਤੇ ਮਨੁੱਖੀ ਅਧਿਕਾਰਾਂ ਲਈ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਉੱਠ ਰਹੀਆਂ ਲਹਿਰਾਂ ਅਤੇ ਆਵਾਜ਼ਾਂ ਦਾ ਸਮਰਥਨ ਕਰਨ ਦੀ ਲੋੜ ਹੈ। ਲੋਕਤੰਤਰੀ ਵਿਕੇਂਦਰੀਕਰਨ ਦੇ ਇਸ ਦੌਰ ਵਿੱਚ ਅਸੀਂ ਸਿੱਖਿਆ ਅਤੇ ਬਹਾਲ ਨਿਆਂ ਰਾਹੀਂ ਮਨੁੱਖੀ ਨਫ਼ਰਤ ਵਿਰੋਧੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰ ਸਕਦੇ ਹਾ।

ਲੰਬੇ ਬਸਤੀਵਾਦੀ ਯੁੱਗ ਤੋਂ ਆਪਣੇ ਆਪ ਨੂੰ ਮੁਕਤ ਕਰ ਚੁੱਕੀ ਦੁਨੀਆ ਅੱਜ ਵੀ ਸਾਮਰਾਜਵਾਦ, ਮੰਡੀਵਾਦ ਅਤੇ ਖਪਤਵਾਦ ਦੀ ਗੰਭੀਰ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ, ਜਿਸ ਨੇ ਡੂੰਘੇ ਅਸੰਤੋਸ਼ ਨੂੰ ਜਨਮ ਦਿੱਤਾ ਹੈ। ਹਥਿਆਰਾਂ ਦੀ ਦੌੜ ਨੇ ਹੁਣ ਪੂਰੀ ਦੁਨੀਆ ਨੂੰ ਬਾਰੂਦ ਦੇ ਘਰ ਵਿੱਚ ਬਦਲ ਦਿੱਤਾ ਹੈ। ਹਥਿਆਰਾਂ ਦੇ ਨਿਰਮਾਣ ਨੇ ਹੁਣ ਇੱਕ ਉਦਯੋਗ ਦਾ ਰੂਪ ਲੈ ਲਿਆ ਹੈ ਜਿਸ ਦਾ ਉਦੇਸ਼ ਆਲਮੀ ਤਣਾਅ ਪੈਦਾ ਕਰਕੇ ਹਥਿਆਰ ਵੇਚਣਾ ਹੈ। ਰੂਸ-ਯੂਕਰੇਨ ਯੁੱਧ ਸਮਕਾਲੀ ਸੰਸਾਰ ਦੀ ਇੱਕ ਨੰਗੀ ਹਕੀਕਤ ਹੈ ਕਿ ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਦੇ ਨਾਲ ਅਸੀਂ ਅਜੇ ਵੀ ਯੁੱਧਾਂ ਵਿੱਚ ਉਲਝੇ ਹੋਏ ਹਾਂ।

ਜੰਗ ਅਤੇ ਅੰਦਰੂਨੀ ਫੁੱਟ ਕਾਰਨ ਪਰਵਾਸ ਦੀ ਸਮੱਸਿਆ ਪੈਦਾ ਹੋ ਰਹੀ ਹੈ, ਜਿਸ ਕਾਰਨ ਸ਼ਰਨਾਰਥੀ ਸਮੱਸਿਆ ਪੂਰੀ ਦੁਨੀਆ ਲਈ ਵੱਡੀ ਚੁਣੌਤੀ ਸਾਬਤ ਹੋ ਰਹੀ ਹੈ। ਵਿਸ਼ਵ ਸ਼ਾਂਤੀ ਲਈ ਹੁਣ ਤੱਕ ਅਣਗਿਣਤ ਉਪਾਅ ਕੀਤੇ ਗਏ ਹਨ। ਨਿਸ਼ਸਤਰੀਕਰਨ ਅਤੇ ਹਥਿਆਰ ਨਿਯੰਤਰਣ ਵਰਗੀਆਂ ਧਾਰਨਾਵਾਂ ਯੁੱਧ ਅਤੇ ਹਥਿਆਰਾਂ ਦੀ ਦੌੜ ਦੀਆਂ ਸਥਿਤੀਆਂ ਨੂੰ ਖਤਮ ਕਰਨ ਲਈ ਕੰਮ ਕਰ ਰਹੀਆਂ ਹਨ। ਦੁਨੀਆ ਨੂੰ ਪਰਮਾਣੂ ਖਤਰਿਆਂ ਤੋਂ ਬਚਾਉਣ ਲਈ ਪੀਟੀਬੀਟੀ (1963), ਐੱਨਪੀਟੀ (1968) ਅਤੇ ਸੀਟੀਬੀਟੀ (1996) ਵਰਗੀਆਂ ਕਈ ਮਹੱਤਵਪੂਰਨ ਸੰਧੀਆਂ ’ਤੇ ਦਸਤਖ਼ਤ ਕੀਤੇ ਗਏ ਹਨ। ਅਸੰਤੁਸ਼ਟੀ ਦੇ ਅਣਗਿਣਤ ਕਾਰਨਾਂ ਨੂੰ ਦੇਖਦੇ ਹੋਏ ਅਜਿਹਾ ਲੱਗਦਾ ਹੈ ਕਿ ਸ਼ਾਂਤੀ ਪ੍ਰਾਪਤ ਕਰਨ ਲਈ ਹੁਣ ਹਥਿਆਰ ਰੱਖਣ ਨਾਲੋਂ ਜ਼ਿਆਦਾ ਸਮਝ ਦੀ ਲੋੜ ਹੈ। ਸਯੁੰਕਤ ਰਾਸ਼ਟਰ ਨੂੰ ਜ਼ਮੀਨ ਲਈ ਲੜ ਰਹੇ ਦੇਸ਼ਾਂ ਦੇ ਮਾਮਲੇ ਮਿਲ ਬੈਠ ਕੇ ਸੁਲਝਾਉਣ ਦੀ ਪਹਿਲਕਦਮੀ ਕਰਨੀ ਬਣਦੀ ਹੈ ਤਾਂ ਕਿ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਖੁਸ਼ਹਾਲ ਬਣਾਉਣ ਦੀ ਉਮੀਦ ਜਗਾਈ ਜਾ ਸਕੇ ਜਿੱਥੇ ਸਾਰੇ ਦੇਸ਼ ਮਹਿਸੂਸ ਕਰਦੇ ਹੋਣ ਕਿ ਉਹ ਤਰੱਕੀ ਕਰ ਸਕਦੇ ਹਨ।

ਅੱਜ ਦੁਨੀਆ ਦੇ ਸਾਰੇ ਦੇਸ਼ਾਂ, ਧਰਮਾਂ, ਸੰਪਰਦਾਵਾਂ ਅਤੇ ਅਧਿਆਤਮਿਕ ਆਸਥਾ ਦੇ ਸਮੂਹਾਂ ਵਿੱਚ ਤਾਲਮੇਲ ਦੀ ਲੋੜ ਹੈ। ਹੁਣ ਲੋੜ ਹੈ ਪਰੰਪਰਾਵਾਂ ਅਤੇ ਸਿਧਾਤਾਂ ਦਾ ਸਾਰ ਲੈ ਕੇ ਸ਼ਾਂਤੀ ਨਾਲ ਸਿਹਤਮੰਦ ਜੀਵਨ ਜਿਊਣ ਦੇ ਢੰਗ-ਤਰੀਕੇ ਵਿਕਸਤ ਕਰਨ ਦੀ। ਇਤਿਹਾਸ ਗਵਾਹ ਹੈ ਕਿ ਸ਼ਾਂਤ ਰਹਿਣ ਵਾਲੇ ਦੇਸ਼ ਮਨੁੱਖ ਤਰੱਕੀ ਦੀਆਂ ਸਿਖਰਾਂ ’ਤੇ ਹਨ ਅਤੇ ਜੰਗ ਵਿੱਚ ਉਲਝੇ ਦੇਸ਼ ਅਤੇ ਲੋਕ ਕਦੇ ਵੀ ਤਰੱਕੀ ਨਹੀਂ ਕਰ ਸਕੇ। ਸ਼ਾਂਤੀ ਹਰ ਮਨੁੱਖ, ਹਰ ਸਮਾਜ ਅਤੇ ਹਰ ਦੇਸ਼ ਲਈ ਵਰਦਾਨ ਸਾਬਤ ਹੋ ਰਹੀ ਹੈ। ਸਾਹਿਰ ਲੁਧਿਆਣਵੀ ਦੀ ਕਵਿਤਾ ਹੈ;

ਖ਼ੂਨ ਅਪਨਾ ਹੋ ਯਾ ਪਰਾਯਾ ਹੋ

ਨਸਲੇ ਆਦਮ ਕਾ ਖ਼ੂਨ ਹੈ ਆਖ਼ਿਰ

ਜੰਗ ਮਗ਼ਰਿਬ ਮੇਂ ਹੋ ਕਿ ਮਸ਼ਰਿਕ ਮੇਂ

ਅਮਨੇ ਆਲਮ ਕਾ ਖ਼ੂਨ ਹੈ ਆਖ਼ਿਰ

ਬਮ ਘਰੋਂ ਪਰ ਗਿਰੇਂ ਕਿ ਸਰਹਦ ਪਰ

ਰੂਹੇ-ਤਾਮੀਰ ਜ਼ਖ਼ਮ ਖਾਤੀ ਹੈ

ਖੇਤ ਅਪਨੇ ਜਲੇਂ ਯਾ ਔਰੋਂ ਕੇ

ਜ਼ੀਸਤ ਫ਼ਾਕੋਂ ਸੇ ਤਿਲਮਿਲਾਤੀ ਹੈ

ਟੈਂਕ ਆਗੇ ਬੜ੍ਹੇਂ ਕਿ ਪੀਛੇ ਹਟੇਂ

ਕੋਖ ਧਰਤੀ ਕੀ ਬਾਂਝ ਹੋਤੀ ਹੈ

ਫ਼ਤਹ ਕਾ ਜਸ਼ਨ ਹੋ ਕਿ ਹਾਰ ਕਾ ਸੋਗ

ਜਿੰਦਗੀ ਮੱਯਤੋਂ ਪੇ ਰੋਤੀ ਹੈ

ਇਸਲੀਏ ਐ ਸ਼ਰੀਫ ਇੰਸਾਨੋਂ

ਜੰਗ ਟਲਤੀ ਰਹੇ ਤੋ ਬੇਹਤਰ ਹੈ

ਆਪ ਔਰ ਹਮ ਸਭੀ ਕੇ ਆਂਗਨ ਮੇਂ

ਸ਼ਮਾ ਜਲਤੀ ਰਹੇ ਤੋ ਬੇਹਤਰ ਹੈ।

ਸੰਪਰਕ: 94179-90040

Advertisement
×