ਇਹ ਇਕ ਤਰ੍ਹਾਂ ਦਾ ਪਾਗਲਪਣ ਈ ਹੁੰਦਾ: ਤਾਰਿਕ ਅਲੀ : The Tribune India

ਇਹ ਇਕ ਤਰ੍ਹਾਂ ਦਾ ਪਾਗਲਪਣ ਈ ਹੁੰਦਾ: ਤਾਰਿਕ ਅਲੀ

ਇਹ ਇਕ ਤਰ੍ਹਾਂ ਦਾ ਪਾਗਲਪਣ ਈ ਹੁੰਦਾ: ਤਾਰਿਕ ਅਲੀ

ਤਾਰਿਕ ਅਲੀ

ਜਦ ਪੰਜਾਬੀ ਆਜ਼ਾਦੀ ਦੀ ਵਰ੍ਹੇਗੰਢ ਮਨਾਉਂਦੇ ਹਨ ਤਾਂ ਉਨ੍ਹਾਂ ਨੂੰ 1947 ਵਿਚ ਹੋਈ ਪੰਜਾਬ ਦੀ ਵੰਡ ਵੀ ਯਾਦ ਆਉਂਦੀ ਹੈ। ‘ਸਾਡਾ ਪੰਜਾਬ ਕਿਉਂ ਵੰਡਿਆ ਗਿਆ?’, ‘ਅਸੀਂ ਪੰਜਾਬ ਨੂੰ ਵੰਡੇ ਜਾਣ ਤੋਂ ਕਿਉਂ ਨਹੀਂ ਬਚਾ ਸਕੇ?’, ‘ਅਸੀਂ ਕਿਉਂ ਆਪਣੇ ਹੀ ਭੈਣਾਂ-ਭਰਾਵਾਂ ’ਤੇ ਜਬਰ ਕੀਤਾ?’ ਅਤੇ ਇਹੋ ਜਿਹੇ ਕਈ ਹੋਰ ਸਵਾਲ ਸਿਰ ਉਠਾਉਂਦੇ ਅਤੇ ਸਾਨੂੰ ਲੂੰਹਦੇ ਹਨ। ਇਸ ਬਾਰੇ ਲਹਿੰਦੇ ਪੰਜਾਬ ਦੇ ਦੋ ਚਿੰਤਕਾਂ ਦੇ ਵਿਚਾਰ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ।

ਯੂਨੀਅਨਿਸਟ ਪਾਰਟੀ ਦੇ ਸਰ ਸਿਕੰਦਰ ਹਯਾਤ ਖ਼ਾਂ ਸਾਂਝੇ ਪੰਜਾਬ ਦੇ ਪਹਿਲੇ ਪ੍ਰੀਮੀਅਰ ਸਨ। ਉਨ੍ਹਾਂ ਦੀ ਪਾਰਟੀ ਪੰਜਾਬ ਨੂੰ ਇਕੱਠਿਆਂ ਰੱਖਣਾ ਚਾਹੁੰਦੀ ਸੀ। ਪਾਰਟੀ ਨੇ 1937 ਦੀਆਂ ਚੋਣਾਂ ਵਿਚ ਮੁਸਲਿਮ ਲੀਗ ਨੂੰ ਕਰਾਰੀ ਹਾਰ ਦਿੱਤੀ। ਪੇਸ਼ ਹੈ ਸਰ ਸਿਕੰਦਰ ਹਯਾਤ ਖ਼ਾਂ ਦੇ ਦੋਹਤੇ ਅਤੇ ਉੱਘੇ ਚਿੰਤਕ ਤਾਰਿਕ ਅਲੀ ਨਾਲ ਕੀਤੀ ਗੱਲਬਾਤ ਦੇ ਕੁਝ ਅੰਸ਼:

* ਤੁਸੀਂ ਕੀ ਸੋਚਦੇ ਹੋ, ਕਿ ਤੁਹਾਡੇ ਨਾਨਾ ਜੀ ਸਰ ਸਿਕੰਦਰ ਹਯਾਤ ਖ਼ਾਂ ਦੀ ਜੋ ਪਾਰਟੀ ਸੀ, ਯੂਨੀਅਨਿਸਟ ਪਾਰਟੀ, ਉਸ ਦਾ ਸਾਂਝੇ ਪੰਜਾਬ ਬਾਰੇ ਅਤੇ ਪੰਜਾਬ ਦੀ ਵੰਡ ਨਾ ਹੋਵੇ, ਇਸ ਬਾਰੇ ਕੋਈ ਤਸੱਵੁਰ ਸੀ?

- ਵੇਖੋ! ਉਨ੍ਹਾਂ ਦਾ ਜਿਹੜਾ ਇਹ ਖ਼ਿਆਲ ਸੀ ਕਿ ਪੰਜਾਬ ਡਿਵਾਈਡ ਨਾ ਹੋਵੇ, ਬਿਲਕੁਲ ਮੁਤੱਹਿਦ ਰਵ੍ਹੇ, ਬਿਲਕੁਲ ਇਕ ਹੋ ਕੇ ਰਵ੍ਹੇ, ਉਹ ਤਾਂ ਬਹੁਤ ਚੰਗਾ ਸੀ ਪਰ ਹੋਰਨਾਂ ਮਾਮਲਿਆਂ ਵਿਚ ਪਾਰਟੀ ਦੀਆਂ ਕਮਜ਼ੋਰੀਆਂ ਤਾਂ ਬਹੁਤ ਸਨ। ਆਖ਼ਰ ਲੈਂਡ-ਲਾਰਡਾਂ (ਭੂ-ਪਤੀਆਂ), ਜਗੀਰਦਾਰਾਂ ਦੀ ਪਾਰਟੀ ਸੀ। ... ਤੇ ਅਗਰ ਇਸ ਕਿਸਮ ਦੀ ਪਾਰਟੀ ਤੱਲੋਂ (ਥੱਲਿਓਂ) ਬਣਦੀ ਜਿਹੜੀ ਕਿਸਾਨਾਂ, ਮਜ਼ਦੂਰਾਂ, ਇੰਟਲੈਕਚੂਅਲਜ਼ (ਬੁੱਧੀਜੀਵੀਆਂ) ਨੂੰ ਯੂਨਾਈਟ (ਸੰਗਠਤ) ਕਰਦੀ, ਉਹਦਾ ਬੜਾ ਫ਼ਰਕ ਪੈਣਾ ਸੀ। ਇਨ੍ਹਾਂ ਉੱਤੋਂ ਕੀਤਾ ਨਾ...। ਇਹ ਹੋਏ, ਸਰ ਛੋਟੂ ਰਾਮ ਹੋਏ, ਹੋਰ ਹੋਏ। ਕਮਿਊਨਲ ਬਿਲਕੁਲ ਨਹੀਂ ਸੀ ਇਹ ਪਾਰਟੀ...। ... ਮੇਰਾ ਖ਼ਿਆਲ ਐ ਜੇ ਉਹ ਜ਼ਿੰਦਾ ਰਹਿੰਦੇ ਤਾਂ ਬਹੁਤ ਲੜਦੇ... ਪੰਜਾਬ ਦੀ ਵੰਡ ਦੇ ਖ਼ਿਲਾਫ਼। ਇਹਦਾ ਮੈਨੂੰ ਕੋਈ ਸ਼ੱਕ ਨੲ੍ਹੀਂ...। ਕੀ ਕਰੀਏ...? ...ਰੱਬ ਦੀ ਮਰਜ਼ੀ। ...ਮੈਂ ਸੋਚਦਾਂ ਗੁਰਮੁਖੀ ਸਕ੍ਰਿਪਟ (ਲਿੱਪੀ) ਜੇ ਸਾਰਾ ਪੰਜਾਬ ਸਿੱਖ ਜਾਂਦਾ ਤਾਂ ਕਿੰਨਾ ਆਰਾਮ ਰਹਿਣਾ ਸੀ...!

* ਤੁਹਾਡਾ ਕੀ ਖ਼ਿਆਲ ਐ, ਕਿ ਵੰਡ ਨਾ ਹੁੰਦੀ ਤਾਂ ਪੰਜਾਬ ਕਿੱਦਾਂ ਦਾ ਹੁੰਦਾ?

- ਪੰਜਾਬ ਹੁੰਦਾ, ਜੋ ਸਦੀਆਂ ਤੋਂ ਸੀ, ਜਿੱਥੇ ਸਾਰੇ ਇਕੱਠੇ ਰਹਿੰਦੇ ਸੀ। ਵਾਰਿਸ ਸ਼ਾਹ ਦਾ ਪੰਜਾਬ ਹੁੰਦਾ... ਬੁੱਲ੍ਹੇ ਸ਼ਾਹ ਦਾ ਪੰਜਾਬ ਹੁੰਦਾ, ਗੁਰੂ ਨਾਨਕ ਦਾ ਪੰਜਾਬ ਹੁੰਦਾ। ਉਨ੍ਹਾਂ ਦਾ ਪੰਜਾਬ... ਉਨ੍ਹਾਂ ਦੀ ਬੜੀ ਅੱਛੀ ਵਿਜ਼ਨ (ਨਜ਼ਰੀਆ) ਸੀ। ਐ... ਜਿਹੜੇ ਸਾਡੇ ਸਾਰੇ ਸ਼ਾਇਰ ਸਨ, ਉਨ੍ਹਾਂ ਵਕਤਾਂ ਦੇ... - ਉਹ ਆਮ ਲੋਕਾਂ ਲਈ ਲਿਖਦੇ ਸਨ... ਤੁਸੀਂ ਵੀ ਸਮਝ ਲਉ, ਮੈਂ ਵੀ ਸਮਝ ਲਵਾਂ...। ਸਾਰੇ ਦਿਹਾਤ ਵਿਚ ਮਸ਼ਹੂਰੀ ਹੁੰਦੀ ਸੀ ਇਨ੍ਹਾਂ ਦੀ....। ਇਨ੍ਹਾਂ ਦਾ ਤੁਸੀਂ ਉਰਦੂ ਸ਼ਾਇਰਾਂ ਨਾਲ ਮੁਕਾਬਲਾ ਕਰੋ ਨਾ... ਮੁਸ਼ਾਇਰੇ ਹੁੰਦੇ ਸਨ, ਪਰ ਜ਼ਿਆਦਾਤਰ ਸ਼ਹਿਰਾਂ ਵਿਚ। ਆਮ ਲੋਕਾਂ ਦੀ ਜ਼ੁਬਾਨ ਨਹੀਂ ਸੀ, ਉਰਦੂ...। ਇਸੇ ਲਈ... ਬੁੱਲ੍ਹੇ ਸ਼ਾਹ ’ਤੇ ਉਰਸ ਹਾਲੇ ਤੱਕ ਹੁੰਦੇ ਨੇ, ਕਸੂਰ ਵਿਚ, ਹਜ਼ਾਰਾਂ ਲੋਕ ਆਉਂਦੇ ਨੇ...।

* ਮੈਨੂੰ ਯਾਦ ਐ, ਤੁਸੀਂ ਸਲਮਾਨ ਰਸ਼ਦੀ ਦੀ ਕਿਤਾਬ ਦਾ ਰੀਵਿਊ ਕੀਤਾ ਸੀ, ‘‘ਮਿਡ ਨਾਈਟ’ਜ਼ ਚਿਲਡਰਨ’ ਦਾ, ਸਾਡੇ ਇਧਰ ਵੀ ਮੇਨ ਸਟ੍ਰੀਮ ’ਚ ਛਪਿਆ ਸੀ...। ਉਹਦੇ ’ਚ ਤੁਸੀਂ ਅੰਮ੍ਰਿਤਾ ਪ੍ਰੀਤਮ ਹੋਰਾਂ ਦੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਦੀ ਟ੍ਰਾਂਸਲੇਸ਼ਨ (ਅਨੁਵਾਦ) ਕੀਤੀ ਸੀ, ਤੇ ਉਹਨੂੰ ਰਸ਼ਦੀ ਦੀ ਕਿਤਾਬ ਦੇ ਬਰਾਬਰ ਰੱਖਿਆ ਸੀ।

- ਉਹ ਵੀ ਕਿਆ ਨਜ਼ਮ ਸੀ...। ਓ...ਹੋ...ਹੋ... (ਹਉਕਾ ਲੈ ਕੇ), ਸੁਣਿਐ ਬੜੇ ਲੋਕ ਰੋਏ ਸਨ ਜਦ ਇਹ ਨਜ਼ਮ ਛਪੀ ਸੀ। ਮੇਰੇ ਵਾਲਿਦ ਦੱਸਦੇ ਨੇ, ਜਦ ਇਹ ਲਾਹੌਰ ਵਿਚ ਛਪੀ ਸੀ ਤਾਂ ਉਹਨੂੰ ਪੜ੍ਹ ਕੇ ਸਾਰਾ ਲਾਹੌਰ ਰੋ ਰਿਹਾ ਸੀ... ਤੇ ਉਹ ਵੀ ਰੋ ਰਹੀ ਸੀ ਵਿਚਾਰੀ...।

ਬਹੁਤ ਨਜ਼ਮਾਂ ਨੇ ਪਾਰਟੀਸ਼ਨ (ਵੰਡ) ’ਤੇ, ਪਰ ਇਹਦਾ ਕੋਈ ਮੁਕਾਬਲਾ ਨਹੀਂ...। ਫ਼ੈਜ਼ ਸਾਹਿਬ ਦੀਆਂ ਵੀ ਸਨ। ‘‘ਯੇ ਦਾਗ਼-ਦਾਗ਼ ਉਜਾਲਾ’’ ਲੇਕਿਨ ਅੰਮ੍ਰਿਤਾ ਦੀ ਨਜ਼ਮ... ਇਹ ਬਿਲਕੁਲ ਦਿਲ ਦੀ ਗੱਲ ਏ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’। ਹੁਣ ਤੁਸੀਂ ਦੱਸੋ ਕਿ ਕੀ ਫ਼ਾਇਦਾ ਹੋਇਆ ਇਸ ਪਾਰਟੀਸ਼ਨ ਦਾ। ਆਮ ਲੋਕਾਂ ਨੂੰ... ਬਿਲਕੁਲ ਕੁਝ ਨ੍ਹੀਂ...। ਬੜੀਆਂ ਗ਼ਲਤੀਆਂ ਉਸ ਵਕਤ ਹੋਈਆਂ। ਜਿਨਾਹ ਨੇ ਦੱਸਿਆ ਕਿ ਮੈਂ ਤਾਂ ਸੋਚਿਆ ਈ ਨਹੀਂ ਸੀ ਕਿ ਇਹ ਹਾਲ ਹੋਣੈ...! ਬਈ ਜੇ ਤੁਸੀਂ ਮੁਲਕ ਡਿਵਾਈਡ ਕਰਦੇ ਓ... ਤੇ ਇਹ ਸੋਚਦੇ ਹੋ ਕਿ ਮੁਸਲਮਾਨਾਂ ਦੀ ਮੈਜਾਰਿਟੀ (ਬਹੁਗਿਣਤੀ) ਹੋਣੀ ਚਾਹੀਦੀ ਐ ਤਾਂ ਤੁਸੀਂ ਕੀ ਸੋਚਦੇ ਸੀ, ਕਿ ਇਹ ਨਹੀਂ ਹੋਏਗਾ... ਕਿਉਂ ਨਹੀਂ ਸੋਚਿਆ...? ਔਰ ਸੁਣਿਐ ਰਫਿਊਜੀ ਜਦ ਦੋਵੇਂ ਪਾਸੇ ਜਾ ਰਹੇ ਸਨ ਤਾਂ ਜਿਨਾਹ ਕੰਬ ਪਿਆ। ਕਹਿੰਦਾ, ਮੈਂ ਤਾਂ ਸੋਚਿਆ ਸੀ ਕਿ ਅਸੀਂ ਇੰਡੀਆ ਵਾਂਗ ਹੋਵਾਂਗੇ ਪਰ ਥੋੜ੍ਹੇ ਜਿਹੇ ਛੋਟੇ। ਇਹ ਚੱਕਰ ਸੀ... ਤਾਂ ਕਿਉਂ ਨ੍ਹੀਂ ਸੋਚਿਆ...?

ਮੈਨੂੰ ਚੰਗੀ ਤਰ੍ਹਾਂ ਯਾਦ ਐ, ਜਦ ਮੈਂ 10-12 ਸਾਲਾਂ ਦਾ ਹੁੰਦਾ ਸੀ ਜਾਂ ਉਸ ਤੋਂ ਵੀ ਛੋਟਾ... ਤਾਂ ਲਾਹੌਰ, ਕਾਰ ’ਚ ਫਿਰ ਰਹੇ ਹੁੰਦੇ ਸੀ। ਅੱਗੇ ਮੇਰੇ ਮਾਂ-ਪਿਉ ਬੈਠੇ ਹੋਏ, ਪਿੱਛੇ ਅਸੀਂ। ਬੱਚੇ ਸਾਂ... ਚੰਗੀ ਤਰ੍ਹਾਂ ਸਮਝ ਨਹੀਂ ਸੀ ਆਉਂਦੀ। ਉਹ ਹਮੇਸ਼ਾ ਇਹੀ ਗੱਲਾਂ ਕਰਦੇ ਸਨ। ਏਥੇ ਉਹ ਰਹਿੰਦਾ ਸੀ... ਓਥੇ ਉਹ ਰਹਿੰਦਾ ਸੀ...। ਸਾਰੇ ਹਿੰਦੂ ਤੇ ਸਿੱਖ ਨਾਂ... ਤੇ ਮੇਰੇ ਪਿਤਾ ਇਸ ਤੋਂ ਅੱਛੀ ਤਰ੍ਹਾਂ ਕਦੇ ਰਿਕਵਰ ਨਹੀਂ ਹੋਏ। ਉਨ੍ਹਾਂ ਦੇ ਨਜ਼ਦੀਕੀ ਦੋਸਤ, ਸਭ ਤੋਂ ਜ਼ਿਆਦਾ ਨਜ਼ਦੀਕੀ ਦੋਸਤ ਸਿੱਖ ਸਨ, ਜਾਂ ਹਿੰਦੂ ਵੀ ਹੋਣਗੇ ਪਰ ਮੁਸਲਮਾਨ ਥੋੜ੍ਹੇ ਸਨ। ਵੈਸੇ ਵੀ ਪ੍ਰੋਗਰੈਸਿਵ ਮੂਵਮੈਂਟ (ਪ੍ਰਗਤੀਵਾਦੀ ਲਹਿਰ) ਵਿਚ ਸਿੱਖਾਂ ਤੇ ਹਿੰਦੂਆਂ ਦੀ ਤਾਦਾਦ ਬਹੁਤ ਜ਼ਿਆਦਾ ਸੀ ਤੇ ਉਹ ਸਾਰੇ ਚਲੇ ਗਏ। ਉਹ ਸਾਨੂੰ ਕਹਿੰਦੇ ਸਨ, ‘‘ਤੁਹਾਨੂੰ ਪਤਾ ਈ ਨਹੀਂ, ਕਿ ਲਾਹੌਰ ਸ਼ਹਿਰ ਕੈਸਾ ਹੁੰਦਾ ਸੀ! ਉਹ ਅਸੀਂ ਦੇਖਿਆ ਸੀ। ਜਦੋਂ ਤੁਸੀਂ ਵੱਡੇ ਹੋਏ ਓਂ ਤਾਂ ਸ਼ਹਿਰ ਮੋਨੋਕਲਚਰਲ ਬਣ ਗਿਆ।’’ ਤੁਸੀਂ ਮੇਰਾ ਸਫ਼ਰ ਦੇਖੋ! ... ਹਿੰਦੂ, ਸਿੱਖ ਮੈਂ ਪਹਿਲੀ ਵਾਰ ਵੇਖੇ... ਜਦੋਂ ਮੈਂ ਆਕਸਫੋਰਡ ਗਿਆ। ਬੜਾ ਜ਼ੁਲਮ ਸੀ। ਚਲੋ ਤੁਸੀਂ ਡਿਵਾਈਡ (ਵੰਡ) ਕਰ ਦਿੱਤੈ... ਪਰ ਬਾਰਡਰ ਤਾਂ ਖੁੱਲ੍ਹੇ ਰੱਖੋ।

ਮੈਂ ਕੋਈ 15 ਕੁ ਸਾਲ ਦਾ ਸੀ ਤੇ ਪਾਕਿਸਤਾਨ ਦੇ ਪਹਾੜਾਂ ਵੱਲ ਘੁੰਮਣ ਗਿਆ, ਨੱਥਿਆਂ ਗਲੀ... ਓਥੇ ਸੜੇ ਹੋਏ ਘਰ ਸਨ। ਮੈਂ ਪਹਾੜੀਆਂ ਤੋਂ ਪੁੱਛਿਆ ਕਿ ਇਹ ਘਰ ਕਿਨ੍ਹਾਂ ਦੇ ਹਨ? ਕਹਿੰਦੇ, ਜੀ... ਇਹ ਸਾਰੇ ਸਿੱਖਾਂ ਦੇ ਘਰ ਸਨ...। ਅਸਾਂ ਸਾੜ ਦਿੱਤੇ...। ਮੈਂ ਪੁੱਛਿਆ ਕਿਉਂ... ਕਿਉਂ ਸਾੜ ਦਿੱਤੇ...? ਕਹਿੰਦੇ, ਜੀ... ਪਤਾ ਨਈਂ...।

* ਇਹ ਗੱਲ ਲਿਟਰੇਚਰ (ਸਾਹਿਤ) ’ਚ ਵੀ ਵਾਰ-ਵਾਰ ਆਉਂਦੀ ਐ, ਜਿਵੇਂ ਅਸੀਂ ਮੰਟੋ ਨੂੰ ਪੜ੍ਹਦੇ ਆਂ...

- ਮੰਟੋ ਦਾ ਕੋਈ ਮੁਕਾਬਲਾ ਨਹੀਂ...। ਉਹਦੀ ਟੋਭਾ ਟੇਕ ਸਿੰਘ ਦਾ ਮੁਕਾਬਲਾ ਈ ਨਹੀਂ...।

* ਪਰ ਇਕ ਗੱਲ ਐ ਮੰਟੋ ਦੀਆਂ ਕਹਾਣੀਆਂ ਵਿਚ... ਹੋਰਨਾਂ ਦੀਆਂ ਕਹਾਣੀਆਂ ਜੋ ਬਹੁਤ ਸੈਲੀਬ੍ਰੇਟ ਹੋਈਆਂ...। ਉਨ੍ਹਾਂ ਵਿਚ ਅਸੀਂ ਕਈ ਗੱਲਾਂ ਕਰਦੇ ਆਂ ਕਿ ... ਸਾਡਾ ਸਭ ਕੁਝ ਸਾਂਝਾ ਸੀ, ਸਾਡਾ ਮੁਆਸ਼ਰਾ ਸਾਂਝਾ ਸੀ, ਸਾਡਾ ਖਾਣਾ-ਪੀਣਾ ਸਾਂਝਾ ਸੀ... ਪਰ ਜਦ ਅਸੀਂ ਕਸੂਰ ਕੱਢਦੇ ਆਂ ਤਾਂ low life ’ਤੇ... ਪਿੰਡ ਜਾਂ ਸ਼ਹਿਰ ਦੇ ਆਮ ਗੁੰਡੇ ’ਤੇ...। ਕੀ ਇਹ ਉਹਦਾ ਕਸੂਰ ਸੀ? ਇਹ ਗੱਲ ਤਹਾਨੂੰ ਕਿੱਥੋਂ ਤੱਕ ਠੀਕ ਲੱਗਦੀ ਆ... ਕੀ ਇਹ ਉਹਦਾ ਈ ਕਸੂਰ ਸੀ... ਜਾਂ ਇਹ ਗੱਲ ਸਾਡੇ ਦਿਲਾਂ ਦਿਮਾਗ਼ਾਂ ਵਿਚ ਕਾਫ਼ੀ ਦੇਰ ਤੋਂ ਉੱਬਲ ਰਹੀ ਸੀ?

- ਇਹ ਗੱਲ ਉੱਬਲ ਨਹੀਂ ਰਹੀ ਸੀ। ਲੇਕਿਨ ਜਦ ਤੁਸੀਂ ਫ਼ੈਸਲਾ ਕਰ ਲੈਂਦੇ ਓਂ... ਸਾਰੀ ਦੁਨੀਆ ਵੱਲ ਵੇਖੋ! ਯੂਗੋਸਲਾਵੀਆ ਵੱਲ ਵੇਖੋ... 90ਵਿਆਂ ’ਚ ਕੀ ਹੋਇਆ...? ਜੰਗ ਹੋਈ। ਸਿਵਲ ਵਾਰ ਹੋਈ। ਇਕ ਦੂਜੇ ਨਾਲ ਲੜੇ... ਇਵੇਂ ਜਿਵੇਂ ਸਾਡੇ ਪਾਰਟੀਸ਼ਨ ਵੇਲੇ ਹੋਇਆ ਸੀ। ਤੇ ਮੈਂ ਇਕ ਯੂਗੋਸਲਾਵ ਦੋਸਤ ਕੋਲੋਂ ਪੁੱਛਿਆ। ਮੈਂ ਕਿਹਾ- ‘‘ਇਹ ਗੱਲ ਤੂੰ ਮੈਨੂੰ ਕਿਵੇਂ ਸਮਝਾਉਨੈ... ਕਿ ਤੁਸੀਂ ਸਾਰੇ ’ਕੱਠੇ ਰਹਿੰਦੇ ਸੀ... ਦੋਵੇਂ ਹਮਸਾਏ... ਇਕ ਆਰਥੋਡੌਕਸ ਗਿਰਜੇ ਦਾ... ਦੂਜਾ ਕੈਥੋਲਿਕ ਗਿਰਜੇ ਦਾ...। ... ਸਾਲਾਂ ਤੋਂ ਇਕ ਦੂਜੇ ਨਾਲ ਰਹਿ ਰਹੇ, ਆਪੋ ਵਿਚ ਵਿਆਹ ਹੋਏ... ਬੱਚੇ ਹੋਣੇ...। ਤੇ ਫਿਰ ਇਹ ਗੱਲ ਹੁੰਦੀ ਐ, ਅਸੀਂ ਆਪਣੇ-ਆਪਣੇ ਛੋਟੇ-ਛੋਟੇ ਮੁਲਖ਼ ਬਣਾਉਣੇ ਨੇ...। ਤੇ ਬੱਚੇ ਬੰਦੇ ਜਿਹੜੇ ਇਕ ਦੂਜੇ ਨਾਲ ਇਕੱਠੇ ਰਹਿ ਰਹੇ ਹੁੰਦੇ ਨੇ... ਉਹ ਇਕ ਦੂਜੇ ਨੂੰ ਮਾਰ ਦਿੰਦੇ ਨੇ...। ਮੇਰੇ ਦੋਸਤ ਦਾ ਮੂੰਹ ਵਿਗੜ ਗਿਆ। ਕਹਿੰਦੈ... ‘‘Insanity, ... political insanity’’ (ਪਾਗਲਪਣ, ਸਿਆਸੀ ਪਾਗਲਪਣ)। ਮੈਂ ਕਿਹਾ, ਇਹ ਮੈਂ ਸਮਝਨਾਂ... ਪਰ ਇਹ ਇਕ ਦੂਜੇ ਨੂੰ ਮਾਰ ਦੇਣਾ, ਇਹਦਾ ਕੀ ਮਤਲਬ ਐ...। ਉਹ ਕਹਿੰਦਾ, ਜਦੋਂ ਇਕ ਵਾਰ ਉੱਪਰੋਂ ਹੁਕਮ ਆ ਜਾਣ ਕਿ ਮੁਲਕ ਹੁਣ ਆਪਣੇ ਵੱਖਰੇ ਬਣ ਰਹੇ ਨੇ ਤਾਂ ਬੰਦਿਆਂ ਦੇ ਦਿਮਾਗ਼ਾਂ ਵਿਚ ਹੋਰ-ਹੋਰ ਗੱਲਾਂ ਆ ਜਾਂਦੀਆਂ ਨੇ...। ਇਨ੍ਹਾਂ ਨਾਲ ਰਹਿੰਦਿਆਂ ਨੂੰ ਕਿਵੇਂ ਕੱਢੀਏ...? ਇਨ੍ਹਾਂ ਦੇ ਘਰਾਂ ’ਤੇ ਕਬਜ਼ਾ ਕਰੀਏ, ਇਨ੍ਹਾਂ ਦੇ ਪੈਸੇ ਲਈਏ, ਇਨ੍ਹਾਂ ਦੀਆਂ ਜ਼ਮੀਨਾਂ ਖਿੱਚੀਏ...। ਫਿਰ ਜਿਹੜੀਆਂ ਸਭ ਤੋਂ base ’ਤੇ primitive instincts (ਘਟੀਆ, ਪੁਰਾਣੀਆਂ ਭੁੱਸਾਂ) ਹੁੰਦੀਆਂ ਨੇ ਨਾ... ਉਹ ਉੱਤੇ ਆ ਜਾਂਦੀਆਂ ਨੇ। ਤੇ... ਐ ਮੈਨੂੰ ਕੋਈ ਦੱਸ ਰਿਹਾ ਸੀ, ਸਾਡੇ ਬਜ਼ੁਰਗਾਂ ’ਚੋਂ... ਲਾਹੌਰ ਈ... ਕਿ ਕਹਿੰਦੇ ਨੇ... ਜਦੋਂ ਇਕ-ਦੂਜੇ ਨੂੰ ਮਾਰਿਆ ਤਾਂ ਉਨ੍ਹਾਂ ਦੀਆਂ ਸ਼ਕਲਾਂ ਵਿਗਾੜ ਦਿੱਤੀਆਂ, ਅਸੀਂ ਉਹ ਸ਼ਕਲ ਨਹੀਂ ਵੇਖਣਾ ਚਾਹੁੰਦੇ ਜਿਸ ਨਾਲ ਰਹਿ ਰਹੇ ਆਂ ਸਦੀਆਂ ਤੋਂ...। ਇਹ ਇਕ ਤਰ੍ਹਾਂ ਦਾ ਪਾਗਲਪਣ ਈ ਹੁੰਦਾ, ਪਰ ਇਹਦੀਆਂ ਮੈਟੀਰੀਅਲ ਕੰਸਨਡ੍ਰੇਸ਼ਨਜ਼ (ਭੌਤਿਕ ਬਿਸਾਤ) ਵੀ ਹੋਣਗੀਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਸ਼ਹਿਰ

View All