ਲਾਹੇਵੰਦ ਹੈ ਘਰ ’ਚ ਫਲਾਂ ਦੀ ਕਾਸ਼ਤ

ਲਾਹੇਵੰਦ ਹੈ ਘਰ ’ਚ ਫਲਾਂ ਦੀ ਕਾਸ਼ਤ

ਡਾ. ਤਨਜੀਤ ਸਿੰਘ ਚਾਹਲ*

ਸਾਲ-2020 ’ਚ ਲੌਕਡਾਊਨ, ਸੈਨੇਟਾਈਜੇਸ਼ਨ, ਘਰ ’ਚ ਇਕਾਂਤਵਾਸ ਅਤੇ ਆਰਥਿਕ ਮੰਦਹਾਲੀ ਜਿਹੇ ਮੁੱਦੇ ਛਾਏ ਰਹੇ। ਇਸ ਦੌਰ ਵਿੱਚੋਂ ‘ਸਿਹਤ ਦੀ ਦੌਲਤ’ ਦਾ ਸਭ ਤੋਂ ਅਹਿਮ ਤੱਥ ਉੱਘੜ ਕੇ ਸਾਹਮਣੇ ਆਇਆ। ਹਰ ਜਾਗਰੂਕ ਮਨੁੱਖ ਨੂੰ ਆਪਣੇ ਸਰੀਰ ਅੰਦਰਲੀ ਰੋਗਾਂ ਨਾਲ ਲੜਨ ਵਾਲੀ ਤਾਕਤ (ਰੋਗ-ਪ੍ਰਤੀਰੋਧਕ ਸ਼ਕਤੀ) ਬਾਰੇ ਚਿੰਤਾ ਹੋਈ। ਸਿਹਤ ਮਾਹਿਰਾਂ ਵੱਲੋਂ ਜਾਰੀ ਕੀਤੀਆਂ ਜ਼ਿਆਦਾਤਰ ਸਲਾਹਾਂ ਵਿੱਚ ਇਹੋ ਆਖਿਆ ਜਾਂਦਾ ਰਿਹਾ ਕਿ ਖ਼ੁਰਾਕ ਵਿੱਚ ਵਿਟਾਮਿਨ, ਖਣਿਜ ਪਦਾਰਥਾਂ ਤੇ ਹੋਰ ਜ਼ਰੂਰੀ ਤੱਤਾਂ, ਖ਼ਾਸ ਤੌਰ ’ਤੇ ਵਿਟਾਮਿਨ-ਸੀ ਦਾ ਖ਼ਿਆਲ ਰੱਖਿਆ ਜਾਵੇ। ਵਿਸ਼ਵ ਸਿਹਤ ਸੰਗਠਨ (ਡਬਲਿਯੂਐੱਚਓ) ਦੀਆਂ ਹਦਾਇਤਾਂ ਮੁਤਾਬਕ ਮਨੁੱਖੀ ਸਰੀਰ ਦੀ ਰੋਗ-ਪ੍ਰਤੀਰੋਧਕ ਪ੍ਰਣਾਲੀ ਨੂੰ ਬਹੁਤ ਸਾਰੇ ਪੋਸ਼ਕ ਤੱਤ ਚਾਹੀਦੇ ਹੁੰਦੇ ਹਨ। ਇੱਕ ਤੰਦਰੁਸਤ ਤੇ ਸੰਤੁਲਿਤ ਭੋਜਨ ਲਈ ਕਈ ਸਰੋਤਾਂ ਵਾਲੇ ਖਾਣਿਆਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਤੁਹਾਨੂੰ ਕੋਈ ਇੱਕ ਭੋਜਨ ਕੋਵਿਡ-19 ਦੀ ਲਾਗ ਤੋਂ ਨਹੀਂ ਬਚਾ ਸਕਦਾ, ਸਗੋਂ ਇਸ ਲਈ ਕਈ ਵਿਟਾਮਿਨ ਤੇ ਖਣਿਜ ਪਦਾਰਥਾਂ ਨਾਲ ਭਰਪੂਰ ਫਲਾਂ ਤੇ ਸਬਜ਼ੀਆਂ ਦੀ ਜ਼ਰੂਰਤ ਹੁੰਦੀ ਹੈ। ਫਲ ਤਾਂ ਇਸ ਸੰਤੁਲਿਤ ਖ਼ੁਰਾਕ ਦਾ ਅਟੁੱਟ ਹਿੱਸਾ ਹਨ ਤੇ ਉਨ੍ਹਾਂ ਨੂੰ ਹੋਰ ਸੁਝਾਏ ਭੋਜਨਾਂ ਦੇ ਨਾਲ-ਨਾਲ ਨਿਯਮਤ ਤੌਰ ’ਤੇ ਖਾਣਾ ਚਾਹੀਦਾ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਜ਼ਰੂਰੀ ਪੋਸ਼ਕ ਤੱਤਾਂ ਦੀ ਇੱਛਤ ਮੰਗ ਦੀ ਪੂਰਤੀ ਵਾਸਤੇ ਕਈ ਤਰ੍ਹਾਂ ਦੇ ਸਪਲੀਮੈਂਟਸ (ਭੋਜਨ ਤੋਂ ਇਲਾਵਾ ਹੋਰ ਪੋਸ਼ਕ ਤੱਤ) ਦੀ ਮੰਗ ਬਹੁਤ ਜ਼ਿਆਦਾ ਵਧ ਗਈ ਹੈ। ਇਨ੍ਹਾਂ ਅਹਿਮ ਪੋਸ਼ਕ ਤੱਤਾਂ ਦੇ ਕੁਦਰਤੀ ਸਰੋਤਾਂ ਨੂੰ ਆਮ ਤੌਰ ਉੱਤੇ ਗੋਲੀਆਂ, ਕੈਪਸੂਲਾਂ, ਪੀਣ ਵਾਲੀਆਂ ਦਵਾਈਆਂ ਤੇ ਹੋਰ ਪੈਕਡ ਫਾਰਮੂਲਿਆਂ ਦੀ ਵਰਤੋਂ ਦੇ ਮੁਕਾਬਲੇ ਤਰਜੀਹ ਦਿੱਤੀ ਜਾਂਦੀ ਹੈ। ਉੱਤਰ-ਪੱਛਮੀ ਭਾਰਤ ’ਚ ਕਈ ਤਰ੍ਹਾਂ ਦੇ ਫਲਾਂ ਦੀ ਕਾਸ਼ਤ ਹੋ ਸਕਦੀ ਹੈ। ਇਨ੍ਹਾਂ ਨੂੰ ਆਪਣੀ ਘਰੇਲੂ ਵਰਤੋਂ ਅਤੇ ਵਪਾਰਕ ਵਰਤੋਂ ਲਈ ਉਗਾਇਆ ਜਾ ਸਕਦਾ ਹੈ। ਘਰਾਂ ’ਚ ਉਗਾਏ ਜਾਣ ਵਾਲੇ ਤਾਜ਼ਾ ਫਲਾਂ ਦੀ ਨਿਰੰਤਰ ਸਪਲਾਈ ਨਾਲ ਪਰਿਵਾਰਕ ਮੈਂਬਰਾਂ ਦੀਆਂ ਪੋਸ਼ਕ ਤੱਤਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਹਨ।

ਕਿਨੂੰ, ਅਮਰੂਦ, ਅੰਬ, ਨਾਸ਼ਪਾਤੀ, ਮਾਲਟਾ, ਲੀਚੀ, ਆੜੂ ਤੇ ਬੇਰ ਇਸ ਖੇਤਰ ਵਿੱਚ ਉੱਗਣ ਵਾਲੇ ਪ੍ਰਮੁੱਖ ਫਲ ਹਨ; ਜਦੋਂਕਿ ਆਂਵਲਾ, ਅਲੂਚਾ, ਚਕੋਤਰਾ, ਨਿੰਬੂ, ਅੰਗੂਰ, ਕੇਲਾ, ਅਨਾਰ, ਫਾਲਸਾ, ਚੀਕੂ, ਪਪੀਤਾ ਆਦਿ ਦੀ ਕਾਸ਼ਤ ਕੁਝ ਘੱਟ ਹੁੰਦੀ ਹੈ। ਪਰਿਵਾਰਕ ਮੈਂਬਰਾਂ ਦੀਆਂ ਘਰੇਲੂ ਜ਼ਰੂਰਤਾਂ ਲਈ ਇਨ੍ਹਾਂ ਸਾਰੇ ਘੱਟ ਅਤੇ ਵੱਧ ਮਹੱਤਤਾ ਵਾਲੇ ਫਲਾਂ ਦੀ ਸਫ਼ਲ ਕਾਸ਼ਤ ਸਹਿਜੇ ਹੀ ਕੀਤੀ ਜਾ ਸਕਦੀ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਫਲਾਂ ਵਿੱਚ ਚਿਕਨਾਈ, ਸੋਡੀਅਮ ਤੇ ਕੈਲੋਰੀਆਂ ਕੁਦਰਤੀ ਤੌਰ ’ਤੇ ਹੀ ਘੱਟ ਹੁੰਦੀਆਂ ਹਨ ਪਰ ਫਿਰ ਵੀ ਇਹ ਮਨੁੱਖੀ ਸਰੀਰ ਨੂੰ ਲੋੜੀਂਦੇ ਪੁਟਾਸ਼ੀਅਮ, ਖ਼ੁਰਾਕੀ ਰੇਸ਼ੇ, ਵਿਟਾਮਿਨ-ਸੀ ਤੇ ਫੌਲਿਕ ਐਸਿਡ ਜਿਹੇ ਬਹੁਤ ਸਾਰੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਪੰਜਾਬ ’ਚ ਕਿਨੂੰ, ਮਾਲਟਾ, ਗ੍ਰੇਪ-ਫਰੂਟ ਅਤੇ ਨਿੰਬੂ ਜਿਹੇ ਫਲ ਆਸਾਨੀ ਨਾਲ ਮਿਲ ਜਾਂਦੇ ਹਨ ਤੇ ਇਹ ਕਿਫ਼ਾਇਤੀ ਵੀ ਹੁੰਦੇ ਹਨ। ਇਨ੍ਹਾਂ ਦੇ ਰਸ ਵਿੱਚ ਵਿਟਾਮਿਨ-ਸੀ ਦੀ ਭਰਪੂਰ ਮਾਤਰਾ (ਪ੍ਰਤੀ 100 ਗ੍ਰਾਮ ਜੂਸ ਵਿੱਚ 25 ਤੋਂ 60 ਮਿਲੀਗ੍ਰਾਮ ਵਿਟਾਮਿਨ ‘ਸੀ’ ਦੀ ਮਾਤਰਾ) ਹੁੰਦੀ ਹੈ। ਸੰਤਰੇ, ਮਾਲਟੇ, ਮਿੱਠੇ, ਗ੍ਰੇਪ-ਫਰੂਟ ਦੀਆਂ ਬਹੁਤੀਆਂ ਕਿਸਮਾਂ ਦੀ ਤੁੜਾਈ ਸਤੰਬਰ ਤੋਂ ਮਾਰਚ ਤੱਕ ਕੀਤੀ ਜਾਂਦੀ ਹੈ ਤੇ ਜੇ ਇਹ ਫਲ ਘਰਾਂ ਵਿੱਚ ਉਗਾਏ ਜਾਣ ਤਾਂ ਇਨ੍ਹਾਂ ਫਲਾਂ ਦੀ ਸਪਲਾਈ ਲਗਾਤਾਰ ਮਿਲਦੀ ਰਹਿ ਸਕਦੀ ਹੈ। ਇਸ ਤੋਂ ਇਲਾਵਾ, ਕਾਗਜ਼ੀ ਤੇ ਬਾਰਾਂਮਾਸੀ ਨਿੰਬੂ, ਜੋ ਸਾਡੇ ਘਰ ਦੀ ਪਿਛਲੀ ਬਗ਼ੀਚੀ ਵਿੱਚ ਵੀ ਆਮ ਹੀ ਉਗਾ ਲਏ ਜਾਂਦੇ ਹਨ, ਵੀ ਸਾਨੂੰ ਭਰਪੂਰ ਮਾਤਰਾ ’ਚ ਪੋਸ਼ਕ ਤੱਤ ਪ੍ਰਦਾਨ ਕਰਦੇ ਹਨ। ਅਮਰੂਦ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਉੱਗਦਾ ਹੈ; ਇਹ ਵੀ ਬਹੁਤ ਪੋਸ਼ਕ ਤੱਤਾਂ ਨਾਲ ਭਰਪੂਰ ਫਲ ਹੈ ਤੇ ਇਸ ਦੇ 100 ਗ੍ਰਾਮ ਗੁੱਦੇ ਵਿੱਚ 150 ਤੋਂ 200 ਮਿਲੀਗ੍ਰਾਮ ਵਿਟਾਮਿਨ-ਸੀ ਹੁੰਦਾ ਹੈ। ਅਮਰੂਦ ਵਿੱਚ ਐਂਟੀ-ਆਕਸੀਡੈਂਟ ਦੀ ਮਹੱਤਤਾ ਵਾਲੇ ਤੱਤ ਹੁੰਦੇ ਹਨ ਤੇ ਇਹ ਖ਼ੂਨ ਦਾ ਸਿਸਟੌਲਿਕ (ਉੱਪਰਲਾ) ਬਲੱਡ ਪ੍ਰੈਸ਼ਰ ਠੀਕ ਰੱਖਦਾ ਹੈ। ਜੇ ਅੰਬ ਦੀ ਗੱਲ ਕਰੀਏ, ਤਾਂ ਭਾਰਤ ਦੇ ਜ਼ਿਆਦਾਤਰ ਲੋਕਾਂ ਨੂੰ ਇਹ ਸਭ ਤੋਂ ਵੱਧ ਪਸੰਦ ਹੈ ਤੇ ਇਸ ਦਾ ਗੁੱਦਾ ਵਿਟਾਮਿਨ ਏ, ਬੀ-1 ,ਬੀ-2 ਅਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਇਸ ਫਲ ਵਿੱਚ ਪ੍ਰੋਟੀਨ (0.6%), ਕਾਰਬੋਹਾਈਡ੍ਰੇਟਸ (11.8%) ਅਤੇ ਕੈਲਸ਼ੀਅਮ, ਫਾਸਫੋਰਸ ਅਤੇ ਲੋਹਾ ਜਿਹੇ ਖਣਿਜ ਪਦਾਰਥ ਵੀ ਪਾਏ ਜਾਂਦੇ ਹਨ। ਇਸ ਫਲ ਦੀ ਵਰਤੋਂ ਵਿਕਾਸ ਦੇ ਲਗਭਗ ਸਾਰੇ ਪੜਾਵਾਂ ਉੱਤੇ ਹੀ ਕੀਤੀ ਜਾਂਦੀ ਹੈ। ਇੰਝ ਹੀ, ਨਾਸ਼ਪਾਤੀ ਤੇ ਬੇਰ ਜਿਹੇ ਫਲ ਪ੍ਰੋਟੀਨ, ਵਿਟਾਮਿਨ ਤੇ ਕੈਲਸ਼ੀਅਮ, ਫਾਸਫੋਰਸ ਅਤੇ ਲੋਹਾ ਜਿਹੇ ਖਣਿਜ ਪਦਾਰਥਾਂ ਨਾਲ ਭਰਪੂਰ ਹੁੰਦੇ ਹਨ। ਸਥਾਨਕ ਪੱਧਰ ਉੱਤੇ ਉਗਾਏ ਜਾਣ ਵਾਲੇ ਪਪੀਤਾ, ਆਂਵਲਾ (ਔਲ਼ਾ), ਅਨਾਰ, ਫਾਲਸਾ ਜਿਹੇ ਫਲਾਂ ਵਿੱਚ ਪਾਏ ਜਾਣ ਵਾਲੇ ਸਿਹਤ ਲਈ ਗੁਣਕਾਰੀ ਤੱਤਾਂ ਦੀ ਸੂਚੀ ਕਾਫ਼ੀ ਲੰਮੇਰੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਪੋਸ਼ਕ ਤੱਤਾਂ ਨਾਲ ਭਰਪੂਰ 25X25 ਮੀਟਰ ਆਕਾਰ ਦੀ ਇੱਕ ਆਦਰਸ਼ ਬਗ਼ੀਚੀ ਦੀ ਸਿਫ਼ਾਰਸ਼ ਕੀਤੀ ਹੈ, ਜਿਸ ਵਿੱਚ 26 ਵੱਖੋ-ਵੱਖਰੀ ਕਿਸਮ ਦੇ ਫਲ ਉਗਾਏ ਜਾ ਸਕਦੇ ਹਨ ਤੇ ਉੱਥੋਂ ਤਾਜ਼ੇ ਫਲਾਂ ਦੀ ਜ਼ਰੂਰਤ ਸਾਰਾ ਸਾਲ ਪੂਰੀ ਕੀਤੀ ਜਾ ਸਕਦੀ ਹੈ। ਇਹ ਮਾਡਲ ਯਕੀਨੀ ਤੌਰ ਉੱਤੇ ਤਾਜ਼ਾ ਫਲਾਂ ਦੀ ਨਿਰੰਤਰ ਸਪਲਾਈ ਜਾਰੀ ਰੱਖ ਸਕਦਾ ਹੈ। ਇਸ ਬਗ਼ੀਚੀ ਵਿੱਚ ਉੱਪਰ ਦੱਸੇ ਫਲਾਂ ਤੋਂ ਇਲਾਵਾ ਡੇਜ਼ੀ ਅਤੇ ਡਬਲਿਯੂ ਮਰਕਟ (ਸੰਤਰੇ ਦੀਆਂ ਕਿਸਮਾਂ), ਲੁਕਾਠ, ਜਾਮਣ, ਕਰੌਂਦਾ, ਕੇਲਾ, ਅੰਜੀਰ ਅਤੇ ਬਿੱਲ ਦੇ ਬੂਟੇ ਲਗਾਉਣ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ।

ਇੱਕ ਤੰਦਰੁਸਤ ਖ਼ੁਰਾਕ ਤੇ ਜੀਵਨਸ਼ੈਲੀ ਨਾਲ ਨਾ ਸਿਰਫ਼ ਸਰੀਰ ਚੁਸਤ-ਤੰਦਰੁਸਤ ਰਹਿੰਦਾ ਹੈ, ਸਗੋਂ ਅਸੀਂ ਕੋਵਿਡ-19 ਜਿਹੀਆਂ ਅਣ ਕਿਆਸੀਆਂ ਬਿਮਾਰੀਆਂ ਦਾ ਵੀ ਡਟ ਕੇ ਮੁਕਾਬਲਾ ਕਰ ਸਕਦੇ ਹਾਂ। ਬੇਸ਼ੱਕ ਫਲ ਸਾਡੀ ਖ਼ੁਰਾਕ ਦਾ ਅਨਿੱਖੜਵਾਂ ਅੰਗ ਹੋਣੇ ਚਾਹੀਦੇ ਹਨ ਤੇ ਅਸੀਂ ਪੰਜਾਬ ਦੀ ਜਲਵਾਯੂ ਵਿੱਚ ਬਹੁਤ ਸਾਰੇ ਫਲਾਂ ਦੀ ਕਾਸ਼ਤ ਕਰ ਸਕਦੇ ਹਾਂ। ਅਸੀਂ ਆਪਣੇ ਘਰ ਦੇ ਪਿਛਲੇ ਪਾਸੇ ਬਗ਼ੀਚੀ ਜਾਂ ਟਿਊਬਵੈੱਲ ਦੇ ਖੇਤਰਾਂ, ਖ਼ਾਲੀ ਪਏ ਪਲਾਟਾਂ ਆਦਿ ਵਿੱਚ ਆਪਣੇ ਖ਼ੁਦ ਦੇ ਫਲਾਂ ਦੀ ਕਾਸ਼ਤ ਕਰ ਕੇ ਆਪਣੇ ਘਰਾਂ ਦੀ ਜ਼ਰੂਰਤ ਨਿਯਮਤ ਤੌਰ ’ਤੇ ਪੂਰੀ ਕਰ ਸਕਦੇ ਹਾਂ।

*ਫਲ ਵਿਗਿਆਨੀ, ਪੀਏਯੂ।

ਸੰਪਰਕ: 98141-37547

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All