DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਜ਼ਰਾਈਲ-ਇਰਾਨ ਜੰਗ, ਦੁਨੀਆ ਅੱਗੇ ਗੰਭੀਰ ਸੰਕਟ

ਪੱਛਮੀ ਏਸ਼ੀਆ ਵਿੱਚ ਵਧ ਰਹੇ ਜੰਗੀ ਤਣਾਅ ਨੇ ਦੁਨੀਆ ਦੇ ਅਰਥਚਾਰੇ ਨੂੰ ਇੱਕ ਵਾਰ ਫਿਰ ਤੋਂ ਗੰਭੀਰ ਅਸਥਿਰਤਾ ਦੇ ਦੌਰ ਵਿੱਚ ਧੱਕ ਦਿੱਤਾ ਹੈ। ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ ਖ਼ਿਲਾਫ਼ ਲਗਾਤਾਰ ਕੀਤੀ ਜਾ ਰਹੀ ਸੈਨਿਕ ਕਾਰਵਾਈ ਨੇ ਇਸ ਸੰਕਟ ਨੂੰ...

  • fb
  • twitter
  • whatsapp
  • whatsapp
Advertisement

ਪੱਛਮੀ ਏਸ਼ੀਆ ਵਿੱਚ ਵਧ ਰਹੇ ਜੰਗੀ ਤਣਾਅ ਨੇ ਦੁਨੀਆ ਦੇ ਅਰਥਚਾਰੇ ਨੂੰ ਇੱਕ ਵਾਰ ਫਿਰ ਤੋਂ ਗੰਭੀਰ ਅਸਥਿਰਤਾ ਦੇ ਦੌਰ ਵਿੱਚ ਧੱਕ ਦਿੱਤਾ ਹੈ। ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ ਖ਼ਿਲਾਫ਼ ਲਗਾਤਾਰ ਕੀਤੀ ਜਾ ਰਹੀ ਸੈਨਿਕ ਕਾਰਵਾਈ ਨੇ ਇਸ ਸੰਕਟ ਨੂੰ ਕਾਫ਼ੀ ਗਹਿਰਾ ਕਰ ਦਿੱਤਾ ਹੈ। ਇਸ ਦੇ ਪ੍ਰਭਾਵ ਵਿਸ਼ਵ ਬਾਜ਼ਾਰਾਂ ਵਿੱਚ ਸਾਫ਼ ਦਿਖਾਈ ਦੇ ਰਹੇ ਹਨ ਕਿਉਂਕਿ ਜਿਉਂ ਹੀ ਇਸ ਟਕਰਾਅ ਨੇ ਗੰਭੀਰ ਰੂਪ ਧਾਰਿਆ ਹੈ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧਦੀਆਂ ਹੋਈਆਂ ਸੌ ਡਾਲਰ ਪ੍ਰਤੀ ਬੈਰਲ ਤੋਂ ਪਾਰ ਪਹੁੰਚ ਗਈਆਂ ਹਨ। ਇਹ ਸਿਰਫ਼ ਊਰਜਾ ਬਾਜ਼ਾਰ ਵਿੱਚ ਪੈਦਾ ਹੋਈ ਹਲਚਲ ਹੀ ਨਹੀਂ ਸਗੋਂ ਵਿਸ਼ਵ ਅਰਥਚਾਰੇ ਲਈ ਇੱਕ ਚਿੰਤਾਜਨਕ ਸੰਕੇਤ ਹੈ ਕਿਉਂਕਿ ਪੱਛਮੀ ਏਸ਼ੀਆ ਸੰਸਾਰ ਦੇ ਸਭ ਤੋਂ ਵੱਡੇ ਊਰਜਾ ਸਪਲਾਈ ਖੇਤਰਾਂ ਵਿੱਚੋਂ ਇੱਕ ਹੈ।

ਦੁਨੀਆ ਦੇ ਕਈ ਉਦਯੋਗਿਕ ਅਤੇ ਵਿਕਾਸਸ਼ੀਲ ਦੇਸ਼ ਆਪਣੀ ਊਰਜਾ ਦੀ ਪੂਰਤੀ ਲਈ ਇਸ ਖੇਤਰ ’ਤੇ ਹੀ ਨਿਰਭਰ ਕਰਦੇ ਹਨ। ਇਸ ਲਈ ਜਿਵੇਂ ਜਿਵੇਂ ਇਜ਼ਰਾਈਲ ਅਤੇ ਇਰਾਨ ਵਿਚਕਾਰ ਟਕਰਾਅ ਵਧ ਰਿਹਾ ਹੈ ਅਤੇ ਅਮਰੀਕਾ ਇਸ ਵਿੱਚ ਸਿੱਧੇ ਜਾਂ ਅਸਿੱਧੇ ਤੌਰ ’ਤੇ ਸ਼ਾਮਲ ਦਿਖਾਈ ਦੇ ਰਿਹਾ ਹੈ ਤਿਵੇਂ ਤਿਵੇਂ ਪੱਛਮੀ ਏਸ਼ੀਆ ਤੋਂ ਤੇਲ ਅਤੇ ਗੈਸ ਦੀ ਸਪਲਾਈ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ। ਖ਼ਾਸ ਕਰਕੇ ਇਸ ਗੱਲ ਨੂੰ ਲੈ ਕੇ ਕਿ ਇਰਾਨ ਨੇ ਜਵਾਬੀ ਕਾਰਵਾਈ ਦੇ ਤੌਰ ’ਤੇ ਖਾੜੀ ਖੇਤਰ ਵਿੱਚ ਮੌਜੂਦ ਕਈ ਊਰਜਾ ਢਾਂਚਿਆਂ ਅਤੇ ਰਣਨੀਤਿਕ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਸਮਰੱਥਾ ਦਿਖਾਈ ਹੈ ਜਿਸ ਕਾਰਨ ਇਹ ਡਰ ਵਧ ਗਿਆ ਹੈ ਕਿ ਜੇਕਰ ਟਕਰਾਅ ਹੋਰ ਤਿੱਖਾ ਹੋਇਆ ਤਾਂ ਦੁਨੀਆ ਦੀ ਸਭ ਤੋਂ ਮਹੱਤਵਪੂਰਨ ਊਰਜਾ ਆਵਾਜਾਈ ਲਾਈਨ ਮੰਨੀ ਜਾਣ ਵਾਲੀ ਹੋਰਮੁਜ਼ ਜਲਡਮਰੂ ਵੀ ਪ੍ਰਭਾਵਿਤ ਹੋ ਸਕਦੀ ਹੈ। ਇਸ ਰਸਤੇ ਰਾਹੀਂ ਹਰ ਰੋਜ਼ ਦੁਨੀਆ ਦੇ ਸਮੁੰਦਰ ਰਾਹੀਂ ਹੋਣ ਵਾਲੇ ਤੇਲ ਵਪਾਰ ਦਾ ਲਗਭਗ ਪੰਜਵਾਂ ਹਿੱਸਾ ਗੁਜ਼ਰਦਾ ਹੈ ਅਤੇ ਜੇਕਰ ਕਿਸੇ ਕਾਰਨ ਕਰਕੇ ਇਹ ਜਲ ਮਾਰਗ ਅਸੁਰੱਖਿਅਤ ਜਾਂ ਬੰਦ ਹੋ ਜਾਂਦਾ ਹੈ ਤਾਂ ਇਸ ਦੇ ਪ੍ਰਭਾਵ ਸਿਰਫ਼ ਤੇਲ ਦੀਆਂ ਕੀਮਤਾਂ ਤੱਕ ਹੀ ਸੀਮਿਤ ਨਹੀਂ ਰਹਿਣਗੇ ਸਗੋਂ ਪੂਰੀ ਦੁਨੀਆ ਵਿੱਚ ਮਹਿੰਗਾਈ ਦੀ ਦਰ ਵਧਣ ਦੇ ਆਸਾਰ ਪੈਦਾ ਹੋ ਸਕਦੇ ਹਨ।

Advertisement

ਸੁਭਾਵਿਕ ਹੈ ਕਿ ਊਰਜਾ ਦੀ ਕੀਮਤ ਵਧਣ ਨਾਲ ਆਵਾਜਾਈ ਦੇ ਖ਼ਰਚੇ ਵਧਦੇ ਹਨ ਜਿਸ ਕਾਰਨ ਉਦਯੋਗਿਕ ਉਤਪਾਦਨ ਮਹਿੰਗਾ ਹੋ ਜਾਂਦਾ ਹੈ ਅਤੇ ਖੇਤੀਬਾੜੀ ਨਾਲ ਜੁੜੀਆਂ ਲਾਗਤਾਂ ਵਿੱਚ ਵੀ ਵਾਧਾ ਹੋ ਜਾਂਦਾ ਹੈ। ਖ਼ਾਸ ਕਰਕੇ ਇਸ ਦਾ ਸਿੱਧਾ ਪ੍ਰਭਾਵ ਖਾਦਾਂ ਦੀਆਂ ਕੀਮਤਾਂ ਉੱਪਰ ਪੈਂਦਾ ਹੈ ਕਿਉਂਕਿ ਨਾਈਟ੍ਰੋਜਨ ਆਧਾਰਿਤ ਖਾਦਾਂ ਦੇ ਉਤਪਾਦਨ ਲਈ ਵੱਡੀ ਮਾਤਰਾ ਵਿੱਚ ਗੈਸ ਅਤੇ ਊਰਜਾ ਦੀ ਲੋੜ ਹੁੰਦੀ ਹੈ। ਇਸ ਸਮੇਂ ਘਰੇਲੂ ਗੈਸ ਦੀ ਆ ਰਹੀ ਕਿੱਲਤ ਅਤੇ ਇਸ ਪ੍ਰਤੀ ਵੱਡੇ ਪੱਧਰ ’ਤੇ ਹੋ ਰਹੇ ਕਾਲਾਬਾਜ਼ਾਰੀ ਦੇ ਧੰਦੇ ਤੋਂ ਆਉਣ ਵਾਲੀਆਂ ਮੁਸ਼ਕਿਲਾਂ ਦਾ ਅੰਦਾਜ਼ਾ ਬੜੀ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ। ਇਸ ਲਈ ਜੇਕਰ ਪੱਛਮੀ ਏਸ਼ੀਆ ਦੀ ਇਹ ਜੰਗ ਲੰਮੇ ਸਮੇਂ ਤੱਕ ਜਾਰੀ ਰਹਿੰਦੀ ਹੈ ਤਾਂ ਇਸ ਦਾ ਨਤੀਜਾ ਸਿਰਫ਼ ਊਰਜਾ ਸੰਕਟ ਹੀ ਨਹੀਂ ਸਗੋਂ ਵਿਸ਼ਵ ਪੱਧਰ ’ਤੇ ਖਾਧ ਸੁਰੱਖਿਆ ਅਤੇ ਮਹਿੰਗਾਈ ਦੇ ਗੰਭੀਰ ਸੰਕਟ ਵਜੋਂ ਵੀ ਸਾਹਮਣੇ ਆ ਸਕਦਾ ਹੈ ਜਿਸ ਦਾ ਸਭ ਤੋਂ ਵੱਡਾ ਝਟਕਾ ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਨੂੰ ਲੱਗੇਗਾ ਜੋ ਪਹਿਲਾਂ ਹੀ ਆਰਥਿਕ ਦਬਾਅ ਕਰਜ਼ੇ ਅਤੇ ਮਹਿੰਗਾਈ ਨਾਲ ਜੂਝ ਰਹੇ ਹਨ।

Advertisement

ਇਸ ਸੰਦਰਭ ਵਿੱਚ ਸਭ ਤੋਂ ਵੱਡਾ ਪ੍ਰਸ਼ਨ ਇਹ ਉੱਠਦਾ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਨੇ ਇਰਾਨ ਉੱਤੇ ਸੈਨਿਕ ਕਾਰਵਾਈ ਕਰਨ ਤੋਂ ਪਹਿਲਾਂ ਇਸ ਦੇ ਸੰਭਾਵਿਤ ਭੂ-ਰਾਜਨੀਤਿਕ ਅਤੇ ਆਰਥਿਕ ਪ੍ਰਭਾਵਾਂ ਦਾ ਪੂਰਾ ਅੰਦਾਜ਼ਾ ਕਿਉਂ ਨਹੀਂ ਲਗਾਇਆ ਕਿਉਂਕਿ ਇਹ ਗੱਲ ਪਹਿਲਾਂ ਤੋਂ ਹੀ ਸਾਫ਼ ਸੀ ਕਿ ਜੇਕਰ ਇਰਾਨ ਨੂੰ ਸਿੱਧਾ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਉਹ ਸਿਰਫ਼ ਸੈਨਿਕ ਕਾਰਵਾਈ ਹੀ ਨਹੀਂ ਕਰੇਗਾ ਸਗੋਂ ਖੇਤਰੀ ਰਣਨੀਤਿਕ ਢਾਂਚਿਆਂ ਅਤੇ ਸਮੁੰਦਰੀ ਮਾਰਗਾਂ ਖਾਸ ਤੌਰ ਤੇ ਹੋਰਮੁਜ਼ ਜਲਡਮਰੂ ਨੂੰ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰੇਗਾ ਜਿਸ ਉੱਤੇ ਖਾੜੀ ਦੇਸ਼ਾਂ ਤੋਂ ਨਿਕਲਣ ਵਾਲੇ ਤੇਲ ਅਤੇ ਗੈਸ ਦੀ ਵੱਡੀ ਮਾਤਰਾ ਨਿਰਭਰ ਕਰਦੀ ਹੈ।

ਇਸ ਲਈ ਇਹ ਸਮਝਣਾ ਮੁਸ਼ਕਿਲ ਹੈ ਕਿ ਦੁਨੀਆ ਦੀ ਸਭ ਤੋਂ ਤਾਕਤਵਰ ਸੈਨਿਕ ਅਤੇ ਆਰਥਿਕ ਸ਼ਕਤੀ ਮੰਨੇ ਜਾਣ ਵਾਲੇ ਅਮਰੀਕਾ ਨੇ ਅਜਿਹੀ ਸਥਿਤੀ ਤੋਂ ਬਚਣ ਲਈ ਪਹਿਲਾਂ ਤੋਂ ਹੀ ਕੋਈ ਵਿਸ਼ੇਸ਼ ਰਣਨੀਤੀ ਕਿਉਂ ਨਹੀਂ ਬਣਾਈ। ਇਸ ਤੋਂ ਵੀ ਵੱਧ ਹੈਰਾਨੀਜਨਕ ਗੱਲ ਇਹ ਹੈ ਕਿ ਇਸ ਸੰਕਟ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਧ ਰਹੀਆਂ ਤੇਲ ਕੀਮਤਾਂ ਅਤੇ ਵਿਸ਼ਵ ਅਰਥਚਾਰੇ ਉੱਤੇ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਜ਼ਿਆਦਾ ਚਿੰਤਤ ਦਿਖਾਈ ਨਹੀਂ ਦੇ ਰਹੇ ਹਨ। ਉਨ੍ਹਾਂ ਦਾ ਇਹ ਕਹਿਣਾ ਕਿ ਇਰਾਨ ਨੂੰ ਪਰਮਾਣੂ ਹਥਿਆਰਾਂ ਤੋਂ ਮੁਕਤ ਕਰਨ ਲਈ ਵਧੀਆਂ ਤੇਲ ਕੀਮਤਾਂ ਇੱਕ ਛੋਟੀ ਕੀਮਤ ਹੀ ਹਨ, ਇਹ ਗੱਲ ਕਈ ਪੱਖਾਂ ਤੋਂ ਗੈਰ-ਜ਼ਿੰਮੇਵਾਰਾਨਾ ਅਤੇ ਚਿੰਤਾਜਨਕ ਲੱਗਦੀ ਹੈ ਕਿਉਂਕਿ ਇੱਕ ਪਾਸੇ ਅਮਰੀਕਾ ਆਪਣੇ ਆਪ ਨੂੰ ਵਿਸ਼ਵ ਵਿਵਸਥਾ ਦੀ ਅਗਵਾਈ ਕਰਨ ਵਾਲਾ ਦੇਸ਼ ਦੱਸਦਾ ਹੈ ਅਤੇ ਦੂਜੇ ਪਾਸੇ ਉਹ ਅਜਿਹੀਆਂ ਨੀਤੀਆਂ ਅਪਣਾ ਰਿਹਾ ਹੈ ਜਿਨ੍ਹਾਂ ਨਾਲ ਪੂਰੇ ਵਿਸ਼ਵ ਵਿੱਚ ਆਰਥਿਕ ਵਿਵਸਥਾ ਵਿੱਚ ਅਸਥਿਰਤਾ ਵਧ ਸਕਦੀ ਹੈ।

ਇੱਥੇ ਇੱਕ ਇਹ ਵੀ ਸੰਕੇਤ ਮਿਲਦਾ ਹੈ ਕਿ ਸੰਭਵ ਹੈ ਕਿ ਅਮਰੀਕਾ ਨੇ ਇਰਾਨ ਦੀ ਫੌਜੀ ਸਮਰੱਥਾ ਅਤੇ ਉਸ ਦੇ ਅੰਦਰੂਨੀ ਰਾਜਨੀਤਿਕ ਢਾਂਚੇ ਦਾ ਪੂਰਾ ਅੰਦਾਜ਼ਾ ਲਗਾਏ ਬਿਨਾਂ ਹੀ ਇਹ ਸੈਨਿਕ ਕਦਮ ਚੁੱਕ ਲਿਆ ਹੋਵੇ। ਸ਼ਾਇਦ ਇਹ ਸੋਚਿਆ ਗਿਆ ਸੀ ਕਿ ਇਰਾਨ ਦੇ ਸਰਵ ਉੱਚ ਨੇਤਾ ਅਯਾਤੁੱਲਾ ਅਲੀ ਖ਼ਮੇਨੇਈ ਦੇ ਹਟਣ ਜਾਂ ਮਾਰੇ ਜਾਣ ਦੀ ਸਥਿਤੀ ਵਿੱਚ ਉੱਥੇ ਰਾਜਨੀਤਿਕ ਅਸਥਿਰਤਾ ਪੈਦਾ ਹੋ ਜਾਵੇਗੀ ਅਤੇ ਸੱਤਾ ਵਿੱਚ ਤੁਰੰਤ ਪਰਿਵਰਤਨ ਆ ਸਕੇਗਾ ਜਿਸ ਨਾਲ ਇਰਾਨ ਦੀ ਸੈਨਿਕ ਅਤੇ ਰਾਜਨੀਤਿਕ ਪ੍ਰਤੀਕਿਰਿਆ ਕਮਜ਼ੋਰ ਪੈ ਜਾਵੇਗੀ, ਪਰ ਹਕੀਕਤ ਇਸ ਦੇ ਉਲਟ ਦਿਖਾਈ ਦੇ ਰਹੀ ਹੈ ਕਿਉਂਕਿ ਇਰਾਨ ਨੇ ਖ਼ਮੇਨੇਈ ਦੇ ਉੱਤਰਾਧਿਕਾਰੀ ਵਜੋਂ ਉਸ ਦੇ ਪੁੱਤਰ ਮੂਜਤਬਾ ਖ਼ਮੇਨੇਈ ਨੂੰ ਅੱਗੇ ਲਿਆ ਕੇ ਇਹ ਸੰਕੇਤ ਦੇ ਦਿੱਤਾ ਹੈ ਕਿ ਦੇਸ਼ ਵਿੱਚ ਸੱਤਾ ਦਾ ਢਾਂਚਾ ਅਜੇ ਵੀ ਮਜ਼ਬੂਤ ਹੈ ਅਤੇ ਅੰਦਰੂਨੀ ਟੁੱਟ ਫੁੱਟ ਦੀ ਸੰਭਾਵਨਾ ਬਹੁਤ ਘੱਟ ਹੈ।

ਕਈ ਵਿਸ਼ਲੇਸ਼ਕ ਮੁਜਤਬਾ ਖ਼ਮੇਨੇਈ ਨੂੰ ਆਪਣੇ ਪਿਤਾ ਨਾਲੋਂ ਵੀ ਜ਼ਿਆਦਾ ਕੱਟੜ ਮੰਨਦੇ ਹਨ ਅਤੇ ਇਹ ਸੰਕੇਤ ਮਿਲ ਰਹੇ ਹਨ ਕਿ ਇਰਾਨ ਇਸ ਟਕਰਾਅ ਤੋਂ ਪਿੱਛੇ ਹਟਣ ਦੀ ਬਜਾਏ ਉਸ ਨੂੰ ਹੋਰ ਵੀ ਅੱਗੇ ਲੈ ਜਾਣ ਲਈ ਤਿਆਰ ਹੈ। ਇਸ ਦੇ ਨਾਲ ਇਰਾਨੀ ਫੌਜ ਦੀ ਹਮਲਾਵਰ ਸਮਰੱਥਾ ਵੀ ਇਸ ਸੰਘਰਸ਼ ਵਿੱਚ ਸਾਹਮਣੇ ਆ ਰਹੀ ਹੈ ਕਿਉਂਕਿ ਉਹ ਸਿਰਫ਼ ਇਜ਼ਰਾਈਲ ਨੂੰ ਹੀ ਨਹੀਂ ਸਗੋਂ ਪੱਛਮੀ ਏਸ਼ੀਆ ਵਿੱਚ ਮੌਜੂਦ ਅਮਰੀਕੀ ਫੌਜੀ ਅੱਡਿਆਂ, ਖਾੜੀ ਦੇਸ਼ਾਂ ਦੀਆਂ ਊਰਜਾ ਸਹੂਲਤਾਂ ਅਤੇ ਰਣਨੀਤਿਕ ਢਾਂਚਿਆਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਸਮਰੱਥਾ ਰੱਖਦੀ ਹੈ ਜਿਸ ਕਾਰਨ ਇਹ ਡਰ ਵਧ ਗਿਆ ਹੈ ਕਿ ਜੇਕਰ ਇਹ ਟਕਰਾਅ ਹੋਰ ਫੈਲਦਾ ਹੈ ਤਾਂ ਪੂਰਾ ਪੱਛਮੀ ਏਸ਼ੀਆ ਇਸ ਦੀ ਲਪੇਟ ਵਿੱਚ ਆ ਸਕਦਾ ਹੈ। ਅਜਿਹੀ ਸਥਿਤੀ ਵਿੱਚ ਨਾ ਸਿਰਫ਼ ਖੇਤਰੀ ਸੁਰੱਖਿਆ ਪ੍ਰਣਾਲੀ ਡਗਮਗਾ ਸਕਦੀ ਹੈ ਸਗੋਂ ਵਿਸ਼ਵ ਪੱਧਰ ਉੱਤੇ ਰਾਜਨੀਤਿਕ ਅਤੇ ਆਰਥਿਕ ਸੰਕਟ ਵੀ ਹੋਰ ਡੂੰਘਾ ਹੋ ਸਕਦਾ ਹੈ ਕਿਉਂਕਿ ਪੱਛਮੀ ਏਸ਼ੀਆ ਵਿੱਚ ਸਥਿਰਤਾ ਸਿਰਫ਼ ਉਸ ਖੇਤਰ ਲਈ ਹੀ ਨਹੀਂ ਸਗੋਂ ਪੂਰੇ ਸੰਸਾਰ ਲਈ ਜ਼ਰੂਰੀ ਹੈ।

ਜੇ ਇਹ ਜੰਗ ਲੰਮੇ ਸਮੇਂ ਤੱਕ ਚੱਲਦੀ ਹੈ ਤਾਂ ਇਸ ਦੇ ਨੁਕਸਾਨ ਸਿਰਫ਼ ਇਰਾਨ ਜਾਂ ਇਜ਼ਰਾਈਲ ਤੱਕ ਸੀਮਤ ਨਹੀਂ ਰਹਿਣਗੇ ਸਗੋਂ ਇਸ ਦਾ ਪ੍ਰਭਾਵ ਅਮਰੀਕਾ ਉੱਪਰ ਵੀ ਪਵੇਗਾ ਜਿਸ ਦੀ ਬਦੌਲਤ ਵਿਸ਼ਵ ਪੱਧਰ ਉੱਤੇ ਉਸ ਦੀ ਰਾਜਨੀਤਿਕ ਸਾਖ਼ ਤੇ ਆਰਥਿਕ ਹਿੱਤਾਂ ਨੂੰ ਵੀ ਝਟਕਾ ਲੱਗ ਸਕਦਾ ਹੈ। ਇਸ ਲਈ ਇਹ ਸਮਾਂ ਜੰਗ ਨੂੰ ਵਧਾਉਣ ਦੀ ਬਜਾਏ ਕੂਟਨੀਤਿਕ ਰਾਹ ਖੋਲ੍ਹਣ ਦਾ ਹੈ ਅਤੇ ਸਬੰਧਤ ਪੱਖਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਇਹ ਟਕਰਾਅ ਬੇਕਾਬੂ ਹੋ ਗਿਆ ਤਾਂ ਇਸ ਦੀ ਕੀਮਤ ਸਿਰਫ਼ ਜੰਗ ਲੜ ਰਹੇ ਦੇਸ਼ ਹੀ ਨਹੀਂ ਸਗੋਂ ਪੂਰੀ ਦੁਨੀਆ ਨੂੰ ਚੁਕਾਉਣੀ ਪਵੇਗੀ। ਇਸ ਲਈ ਵਿਸ਼ਵ ਭਾਈਚਾਰੇ, ਸੰਯੁਕਤ ਰਾਸ਼ਟਰ ਅਤੇ ਵੱਡੀਆਂ ਸ਼ਕਤੀਆਂ ਨੂੰ ਮਿਲ ਕੇ ਅਜਿਹਾ ਰਾਹ ਲੱਭਣਾ ਪਵੇਗਾ ਜਿਸ ਨਾਲ ਪੱਛਮੀ ਏਸ਼ੀਆ ਵਿੱਚ ਤਣਾਅ ਘਟੇ, ਊਰਜਾ ਸਪਲਾਈ ਸੁਰੱਖਿਅਤ ਰਹੇ ਅਤੇ ਵਿਸ਼ਵ ਅਰਥਚਾਰਾ ਆਉਣ ਵਾਲੇ ਇੱਕ ਹੋਰ ਵੱਡੇ ਸੰਕਟ ਤੋਂ ਬਚ ਸਕੇ।

ਸੰਪਰਕ: 94172-41037

Advertisement
×