ਸਿਆਸਤ ਗਰਮ ਹੈ? ਪਰਲੋ ਵੀ ਆ ਰਹੀ ਹੈ

ਸਿਆਸਤ ਗਰਮ ਹੈ? ਪਰਲੋ ਵੀ ਆ ਰਹੀ ਹੈ

ਐੱਸ ਪੀ ਸਿੰਘ

ਦਿੱਲੀ ਦੀਆਂ ਬਰੂਹਾਂ ’ਤੇ ਧੜਕ ਰਹੇ ਕਿਸਾਨ ਅੰਦੋਲਨ ਨੇ ਹੁਣ ਲੋਕਤੰਤਰ ਦੇ ਕੇਂਦਰੀ ਮੰਚ, ਸੰਸਦ, ਦੇ ਸਾਹਵੇਂ ਕਵਾਇਦ ਕਰਨ ਅਤੇ ਵਿਰੋਧੀ ਧਿਰਾਂ ਨੇ ਸਦਨ ਵਿੱਚ ਕਿਸਾਨੀ ਮੰਗਾਂ ਦੀ ਗੱਲ ਕਰਨ ਦੇ ਫ਼ੈਸਲੇ ਕੀਤੇ ਹਨ। ਸਵਾਲ ਇਹ ਹੈ ਕਿ ਜੇ ਤਿੰਨ ਖੇਤੀ ਬਿੱਲ ਵਾਪਸ ਹੋ ਗਏ ਤਾਂ ਕੀ ਅੰਦੋਲਨ ਜਿੱਤ ਦਾ ਐਲਾਨ ਕਰਕੇ ਵਲ੍ਹੇਟ ਦਿੱਤਾ ਜਾਵੇਗਾ ਅਤੇ ਕਿਸਾਨ ਵਾਪਸ ਆ ਕੇ ਮੁੜ ਕਿਸੇ ਲਾਹੇਵੰਦੀ ਖੇਤੀ ਵਿੱਚ ਲੱਗ ਜਾਣਗੇ।

ਅਸਲ ਵਿੱਚ ਮੁਕਾਮੀ ਰਾਜਨੀਤਕ ਮੌਸਮ ਸਾਡੇ ਉੱਤੇ ਇੰਨਾ ਹਾਵੀ ਹੋ ਜਾਂਦਾ ਹੈ ਕਿ ਦੂਰ-ਦੁਰਾਡੇ ਦੀਆਂ ਘਟਨਾਵਾਂ ਗਰਮਾ-ਗਰਮ ਸਥਾਨਕ ਖ਼ਬਰਾਂ ਹੇਠਾਂ ਦਬ ਜਾਂਦੀਆਂ ਹਨ। ਜਾਪਦਾ ਹੈ ਕਿ ਜਰਮਨੀ ਦੀਆਂ ਗਲੀਆਂ ਵਿੱਚ ਅੱਜ ਜਿਹੜਾ ਗੋਡੇ-ਗੋਡੇ ਚਿੱਕੜ ਆਣ ਪਿਆ ਹੈ, ਉਹਦਾ ਕਿਸਾਨ ਅੰਦੋਲਨ ਨਾਲ ਕੀ ਸਬੰਧ? ਜਦੋਂ ਮੌਨਸੂਨ ਖੁੱਲ੍ਹ ਕੇ ਵਰ੍ਹੇਗੀ ਤਾਂ ਸਿੰਘੂ-ਟਿੱਕਰੀ ਦੇ ਨਜ਼ਾਰੇ ਵੇਖਿਓ!

ਬੀਤੇ ਹਫ਼ਤੇ ਮਹਿਜ਼ ਘੰਟਿਆਂ ਵਿਚ ਹੀ ਜਰਮਨੀ ਵਿੱਚ ਘਰ-ਕਾਰਾਂ-ਦੁਕਾਨਾਂ-ਗਲੀਆਂ-ਸੜਕਾਂ-ਪੁਲ ਅਚਾਨਕ ਆਏ ਹੜ੍ਹ ਵਿਚ ਵਹਿ ਗਏ। ਕੋਈ 120 ਲਾਸ਼ਾਂ ਮਿਲ ਗਈਆਂ ਹਨ ਪਰ ਡੇਢ ਹਜ਼ਾਰ ਲੋਕ ਹਾਲੇ ਗਾਇਬ ਹਨ। ਮੌਸਮ ਵਿਗਿਆਨੀਆਂ ਕਿਹਾ ਹੈ ਕਿ ਇਹੋ ਜਿਹੇ ਹੜ੍ਹ ਪਿਛਲੇ 1,000 ਸਾਲ ਵਿੱਚ ਵੀ ਨਹੀਂ ਸਨ ਆਏ।

ਹੜ੍ਹ ਕਿਹੜਾ ਪਟਵਾਰੀਆਂ ਤੋਂ ਪਿੰਡ ਦਾ ਲੱਠਾ ਮੰਗ ਕੇ ਆਪਣਾ ਰਸਤਾ ਬਣਾਉਂਦੇ ਹਨ? ਜਰਮਨੀ, ਬੈਲਜੀਅਮ, ਸਵਿਟਜ਼ਰਲੈਂਡ, ਨੀਦਰਲੈਂਡ ਥੀਂ ਤਬਾਹੀ ਮਚਾਉਂਦੇ ਔਹ ਗਏ-ਔਹ ਗਏ! ਦੋ ਕੁ ਦਰਜਨ ਲਾਸ਼ਾਂ ਬੈਲਜੀਅਮ ਵਾਲਿਆਂ ਨੂੰ ਵੀ ਲੱਭ ਗਈਆਂ ਹਨ। ਸਮੇਂ ਸਿਰ ਚਿਤਾਵਨੀ ਦੇਣ ਵਾਲੇ ਘੁੱਗੂ ਵੱਜੇ ਜ਼ਰੂਰ ਪਰ ਇੰਨਾ ਸਮਾਂ ਹੀ ਨਹੀਂ ਸੀ ਕਿ ਕੋਈ ਕੁਝ ਕਰ ਸਕਦਾ। ਹਾਂ, ਵਿਗਿਆਨੀ ਥੋੜ੍ਹੀ ਜਿਹੀ ਅਗਾਊਂ ਚਿਤਾਵਨੀ ਦੇਣ ਲਈ ਜ਼ਰੂਰ ਅੱਗੇ ਆਏ ਹਨ। ਉਨ੍ਹਾਂ ਹੁਣੇ ਹੀ ਕਹਿ ਦਿੱਤਾ ਹੈ ਕਿ ਇਹੋ ਜਿਹੀ ਸਿਆਸਤ ਕਰਦੇ ਰਹਿਣਾ ਹੈ ਤਾਂ ਇਹੋ ਜਿਹੇ ਸੈਂਕੜੇ ਹੜ੍ਹਾਂ ਦੀ ਤਵੱਕੋਂ ਰੱਖਣਾ।

ਜੋ ਹਾਲ ਇਸ ਸਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਹੋਇਆ ਹੈ, ਉਹਨੂੰ ਪਰਲੋ ਆਖਦੇ ਹਨ। ਅਤਿ ਦੀ ਗਰਮੀ ਨਾਲ ਤਾਪਮਾਨ ਵਧਿਆ, ਪੂਰਾ ਲਿਟਨ ਪਿੰਡ ਸੜ ਗਿਆ। ਅਮਰੀਕਾ ਦਾ ਉੱਤਰੀ ਕੈਲੇਫੋਰਨੀਆ ਅੱਗ ਦੀ ਜ਼ੱਦ ਵਿੱਚ ਹੈ। ਪਿਛਲੇ ਸਾਲ 40 ਲੱਖ ਏਕੜ ਅੱਗ ਦੀ ਭੇਂਟ ਚੜ੍ਹੇ ਸਨ, ਇਸ ਸਾਲ ਰਿਕਾਰਡ ਟੁੱਟਦਾ ਨਜ਼ਰ ਆਉਂਦਾ ਹੈ। ਕੋਈ ਵੀ ਵਰਤਾਰਾ ਹਾਦਸਾ ਨਹੀਂ, ਇਹ ਤਰੱਕੀਪਸੰਦ ਮਨੁੱਖਾਂ ਦੇ ਕੀਤੇ ਕਾਰੇ ਹਨ।

ਤਰੱਕੀ-ਵਿਕਾਸ-ਖੁਸ਼ਹਾਲੀ ਬਾਰੇ ਸਾਡੀ ਸਮਝ ਸਾਨੂੰ ਉਸ ਮੁਹਾਣੇ ’ਤੇ ਲੈ ਆਈ ਹੈ ਜਿੱਥੋਂ ਖੜ੍ਹ ਕੇ ਇਹ ਵੀ ਸਮਝ ਨਹੀਂ ਆ ਰਿਹਾ ਕਿ ਖ਼ੁਸ਼ੀ ਕਿਸ ਨੂੰ ਕਹਿੰਦੇ ਹਨ? ਸਵੇਰ ਤੋਂ ਸ਼ਾਮ ਤਕ ਅਸੀਂ ਇੱਕ ਸਿਆਸਤ ਵੇਖਦੇ ਹਾਂ- ਕੌਣ ਕਿਸੇ ਪਾਰਟੀ ਦਾ ਪ੍ਰਧਾਨ ਬਣ ਰਿਹਾ ਹੈ, ਕਿਸ ਨੂੰ ਹਾਈਕਮਾਨ ਖੁੱਡੇ-ਲਾਈਨ ਲਾ ਰਹੀ ਹੈ ਜਾਂ ਟੀਸੀ ’ਤੇ ਚੜ੍ਹਾ ਰਹੀ ਹੈ- ਪਰ ਇਹ ਦੇਖਣ ਤੋਂ ਆਤੁਰ ਹਾਂ ਕਿ ਦਰਅਸਲ ਸਾਡੀ ਸਿਆਸਤ ਨੇ ਹੀ ਸਿਆਸਤ ਤੋਂ ਕਿਨਾਰਾਕਸ਼ੀ ਕੀਤੀ ਹੋਈ ਹੈ। ਇਉਂ ਲੱਗਦਾ ਹੈ ਜਿਵੇਂ ਅਸੀਂ ਕਿਸੇ ਮਜ੍ਹਮੇ ਵਿੱਚ ਸ਼ਮੂਲੀਅਤ ਕਰ ਰਹੇ ਹੋਈਏ ਅਤੇ ਕੋਈ ਅਸਾਨੂੰ ਹੀ ਨਚਾ ਰਿਹਾ ਹੋਵੇ।

ਪਰ ਸਿੰਘੂ-ਟਿੱਕਰੀ ਉੱਤੇ ਭਖੇ ਮੋਰਚੇ ਲਈ ਇਹ ਦੂਰ-ਦੁਰਾਡੇ ਦੇਸ਼ਾਂ ਤੋਂ ਆਉਣ ਵਾਲੀਆਂ ਸੁਰਖੀਆਂ ਮਾਤਰ ਨਹੀਂ। ਉੱਥੇ ਕਈ ਘੋਲਾਂ ਦੇ ਤਜਰਬੇਕਾਰ ਲੀਡਰਾਂ ਦੀ ਅਗਵਾਈ ਥੱਲੇ ਹਜ਼ਾਰਾਂ-ਲੱਖਾਂ ਕਿਸਾਨ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਦੀ ਕਵਾਇਦ ਵਿੱਚ ਜੁਟੇ ਹੋਏ ਸੰਘਰਸ਼ਸ਼ੀਲ ਹਨ।

ਇਸ ਸਾਲ ਦੇ ਆਰਥਿਕ ਸਰਵੇਖਣ ਵਿੱਚ ਸਰਕਾਰ ਨੇ ਮੰਨਿਆ ਹੈ ਕਿ ਧਨਸ੍ਰੋਤਾਂ ਦੀ ਘਾਟ ਕਾਰਨ ਵਾਤਾਵਰਣ ਸੁਧਾਰਨ ਲਈ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਅਤੇ ਯੋਜਨਾਵਾਂ ਪਿੱਛੇ ਪੈ ਗਈਆਂ ਹਨ। ਜਿਸ ਕੇਂਦਰੀ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਸੀ, ਉਸੇ ਨੇ 2018 ਦੇ ਆਰਥਿਕ ਸਰਵੇਖਣ ਵਿਚ ਦੱਸਿਆ ਸੀ ਕਿ ਜਲਵਾਯੂ ਬਦਲਾਅ ਕਾਰਨ ਕਿਸਾਨਾਂ ਦੀ ਆਮਦਨ 15-18 ਫ਼ੀਸਦ ਘਟ ਜਾਵੇਗੀ ਜਦੋਂਕਿ ਬਰਾਨੀ ਇਲਾਕਿਆਂ ਵਿੱਚ ਇਹ ਘਾਟਾ 20-25 ਫ਼ੀਸਦ ਹੋਵੇਗਾ। ਯਾਦ ਰਹੇ ਕਿ ਹਿੰਦੋਸਤਾਨ ਦੇ ਵਾਹੀ ਥੱਲੇ ਰਕਬੇ ਦਾ 52 ਫ਼ੀਸਦ ਸਿੰਜਾਈ ਸ੍ਰੋਤਾਂ ਤੋਂ ਵਿਰਵਾ ਅਤੇ ਸਿਰਫ਼ ਮੀਂਹ ਉੱਤੇ ਨਿਰਭਰ ਹੈ।

ਸਾਰੇ ਟੁਕੜੇ ਜੋੜ ਕੇ ਤਸਵੀਰ ਬਣਾ ਕੇ ਵੇਖੋ- ਅਮਰੀਕਾ, ਕੈਨੇਡਾ, ਯੂਰਪ ਤੋਂ ਲੈ ਕੇ ਤੁਹਾਡੇ ਘਰ ਤੀਕ ਜਲਵਾਯੂ ਤਬਦੀਲੀ, ਵਿਕਾਸ-ਖੁਸ਼ਹਾਲੀ-ਉਤਪਾਦਨ ਬਾਰੇ ਸਾਡੀ ਸਮਝ ਅਤੇ ਸਿਆਸਤ ਵਿੱਚੋਂ ਸਾਡੀ ਜ਼ਿੰਦਗੀ-ਮੌਤ ਬਾਰੇ ਮਨਫ਼ੀ ਹੋਏ ਸਵਾਲ ਸਾਡੇ ਸਮਿਆਂ ਨੂੰ ਪਰਿਭਾਸ਼ਿਤ ਕਰ ਰਹੇ ਹਨ। ਇਨ੍ਹਾਂ ਹੀ ਸਮਿਆਂ ਵਿੱਚ ਮੰਜ਼ਰ-ਏ-ਆਮ ’ਤੇ ਉੱਠੇ ਅੰਦੋਲਨ ਕੁਝ ਹੌਸਲਾ ਦਿੰਦੇ ਹਨ।

ਕੋਈ ਦੋ ਸਾਲ ਪਹਿਲਾਂ ਦੁਨੀਆ ਭਰ ਵਿੱਚ ਕਰੋੜਾਂ ਲੋਕ ਜਲਵਾਯੂ ਬਦਲਾਅ ਬਾਰੇ ਨੀਤੀਆਂ ਦੇ ਸਵਾਲ ਉੱਤੇ ਸੜਕਾਂ ’ਤੇ ਉਤਰ ਆਏ ਸਨ, ਉਨ੍ਹਾਂ ਗ੍ਰੇਟਾ ਥਨਬਰਗ ਦੇ ਸੋਹਲੇ ਗਾਏ ਸਨ, ਪਰ ਹਾਲ ਹੀ ਵਿਚ ਸ਼ਾਇਆ ਹੋਈਆਂ ਬਹੁਤ ਸਾਰੀਆਂ ਰਿਪੋਰਟਾਂ/ਕਿਤਾਬਾਂ ਨੇ ਇਹ ਇੰਕਸ਼ਾਫ਼ ਕੀਤੇ ਹਨ ਕਿ ਪਥਰਾਟ ਬਾਲਣ ਬੁਨਿਆਦੀ ਢਾਂਚੇ ਵਿੱਚ ਸਰਮਾਏਦਾਰੀ ਸਗੋਂ ਹੋਰ ਵਧ ਗਈ ਹੈ।

ਨਿਊਯੌਰਕ ਟਾਈਮਜ਼ ਦੇ ਡੇਵਿਡ ਪੌਗ (David Pogue) ਨੇ ਤਾਂ ਕਿਤਾਬ ਹੀ ਲਿਖ ਮਾਰੀ ਹੈ- How to prepare for climate change? ‘ਜਲਵਾਯੂ ਬਦਲਾਅ ਲਈ ਕਿਵੇਂ ਤਿਆਰੀ ਕਰਨੀ ਹੈ’ ਨਾਮ ਦੀ ਇਹ ਬਹੁਚਰਚਿਤ ਕਿਤਾਬ ਦੱਸਦੀ ਹੈ ਕਿ ਘਰ ਵਿੱਚ ਰਸਦ ਕਿਵੇਂ ਸਟੋਰ ਕਰੋ, ਜਾਨ ਕਿਵੇਂ ਬਚਾਉਣੀ ਹੈ ਅਤੇ ਆਪਣਾ ਪੂੰਜੀ ਨਿਵੇਸ਼ ਕਿਵੇਂ ਐਸੇ ਧੰਦਿਆਂ ਵਿੱਚ ਕਰੋ ਕਿ ਜਦੋਂ ਸਾਮਰਾਜੀ ਨਿਜ਼ਾਮ ਢਹਿਢੇਰੀ ਹੋਵੇ ਤਾਂ ਤੁਹਾਡਾ ਕੁਝ ਬਚਾਅ ਰਹੇ। ਉਹਦਾ ਕਹਿਣਾ ਹੈ ਕਿ ਤਬਾਹੀ ਯਕੀਨੀ ਹੈ, ਇਸ ਲਈ ਸਰਦੇ ਪੁੱਜਦੇ ਧਨਾਢ ਵਕਤ ਰਹਿੰਦਿਆਂ ਫਲਾਂ-ਫਲਾਂ ਸ਼ਹਿਰਾਂ ਵੱਲ ਕੂਚ ਕਰ ਜਾਣ, ਪਰਲੋ ਆ ਰਹੀ ਹੈ।

ਪਰ ਸਵੀਡਨ ਦਾ ਜਲਵਾਯੂ ਘੁਲਾਟੀਆ ਅਤੇ ਹਿਊਮਨ ਇਕੌਲੋਜੀ ਦਾ ਪ੍ਰੋਫ਼ੈਸਰ ਐਂਡਰੈਅਸ ਮਾਮ (Andreas Malm) ਤੁਹਾਨੂੰ ਸਿੱਧੇ-ਸਿੱਧੇ ਘੋਲ ਵਿੱਚ ਬੁਲਾ ਰਿਹਾ ਹੈ। ਉਹਦਾ ਬੁਲਾਵਾ ਬਹੁਤਾ ਮਾਸੂਮ ਵੀ ਨਹੀਂ। ਉਹਦੀ ਕਿਤਾਬ ਨੇ ਕੁੱਲ ਦੁਨੀਆਂ ਵਿੱਚ ਧੁੰਮਾਂ ਪਾਈਆਂ ਹੋਈਆਂ ਹਨ। ਸਿਰਨਾਵਾਂ ਹੈ- How to Blow Up a Pipeline. ਹੌਸਲਾ ਰੱਖੋ, ਕਿਤਾਬ ਵਿੱਚ ਕਿਤੇ ਵੀ ਇਹ ਨਹੀਂ ਦੱਸਿਆ ਗਿਆ ਕਿ ਵੱਡੀਆਂ ਪੈਟਰੋਲੀਅਮ ਕੰਪਨੀਆਂ ਦੀਆਂ ਪਾਈਪ ਲਾਈਨਾਂ ਨੂੰ ਬੰਬ ਲਾ ਕੇ ਕਿਵੇਂ ਉਡਾਉਣਾ ਹੈ, ਪਰ ਲੇਖਕ ਇਹਦੇ ਲਈ ਖੁੱਲ੍ਹਾ ਸੱਦਾ ਪੱਤਰ ਦੇ ਰਿਹਾ ਹੈ। ਉਹਦਾ ਕਹਿਣਾ ਹੈ ਕਿ ਵਿਸ਼ਾਲ ਸ਼ਾਂਤਮਈ ਅੰਦੋਲਨਾਂ ਦਾ ਭੋਰਾ ਵੀ ਅਸਰ ਨਹੀਂ ਹੋ ਰਿਹਾ। ਪਥਰਾਟ ਬਾਲਣ ਉਦਯੋਗ ਉੱਤੇ ਡਾਕਟਰੇਟ ਕਰਨ ਵਾਲੇ ਲੇਖਕ ਨੇ ਰੇਖਾਂਕਿਤ ਕੀਤਾ ਹੈ ਕਿ ਕੁੱਲ ਸੰਸਾਰ ਦੇ ਪਥਰਾਟ ਬਾਲਣ ਸਾੜ ਕੇ ਊਰਜਾ ਪੈਦਾ ਕਰਨ ਵਾਲੇ ਢਾਂਚੇ ਦਾ 49 ਫ਼ੀਸਦ 2004 ਤੋਂ ਬਾਅਦ ਹੋਂਦ ਵਿਚ ਆਇਆ ਹੈ ਅਤੇ ਮਨੁੱਖੀ ਸਭਿਅਤਾ ਦੇ ਸਭ ਤੋਂ ਘਟੀਆ ਬਾਲਣ, ਕੋਲੇ, ਦੀ ਮੰਗ ਰਿਕਾਰਡ ਤੋੜ ਰਹੀ ਹੈ। ਪਿਛਲੇ 25 ਸਾਲਾਂ ਵਿੱਚ ਉਸ ਤੋਂ ਪਹਿਲਾਂ ਦੇ 75 ਸਾਲਾਂ ਨਾਲੋਂ ਵੀ ਜ਼ਿਆਦਾ ਕਾਰਬਨ ਡਾਇਆਕਸਾਈਡ ਵਾਤਾਵਰਨ ਵਿੱਚ ਘੋਲੀ ਗਈ ਹੈ।

ਉਹ ਪੁੱਛਦਾ ਹੈ ਕਿ ਤੁਸਾਂ ਸ਼ਾਂਤ ਹੀ ਰਹਿਣਾ ਹੈ ਕਿ ਕੁਝ ਕਰਨਾ ਹੈ? ‘‘ਜੇ ਅਸੀਂ ਭੋਰਾ ਵੀ ਤਰਕਸੰਗਤ ਹੁੰਦੇ ਤਾਂ ਅੱਜ ਬੈਰੀਕੇਡਾਂ ਉੱਤੇ ਹੁੰਦੇ, ਵੱਡੀਆਂ ਵੱਡੀਆਂ ਗੱਡੀਆਂ ’ਚੋਂ ਧੂਹ ਕੇ ਡਰਾਈਵਰਾਂ ਨੂੰ ਬਾਹਰ ਕੱਢਦੇ, ਥਰਮਲ ਪਲਾਂਟਾਂ ਉੱਤੇ ਕਬਜ਼ੇ ਕਰ ਕੇ ਉਨ੍ਹਾਂ ਨੂੰ ਬੰਦ ਕਰਦੇ... ਵਾਤਾਵਰਨ ਜ਼ਹਿਰੀਲਾ ਕਰਦੇ ਉਦਯੋਗਾਂ ਮਸ਼ੀਨਾਂ ਨੂੰ ਠੱਲ੍ਹ ਪਾ ਦਿਓ, ਤੋੜ ਦਿਓ, ਸਾੜ ਦਿਓ, ਉਡਾ ਦਿਓ। ਇਸ ਤੋਂ ਘੱਟ ਨਾ ਕਰਿਓ।’’

ਐਂਡਰੈਅਸ ਮਾਮ ਨੇ ਅਮਰੀਕੀ ਨਾਗਰਿਕ ਅਧਿਕਾਰਾਂ ਦੇ ਅੰਦੋਲਨ ਤੋਂ ਲੈ ਕੇ ਵੱਡੇ ਇਤਿਹਾਸਕ ਯੁੱਗ-ਪਲਟਾਊ ਅੰਦੋਲਨਾਂ ਦਾ ਜ਼ਿਕਰ ਕਰਕੇ ਪੁੱਛਿਆ ਹੈ ਕਿ ਜਦੋਂ ਹਰ ਸ਼ਾਂਤਮਈ ਅੰਦੋਲਨ ਦਾ ਇੱਕ ਮਹੱਤਵਪੂਰਨ ਹਿੱਸਾ ਇਨਕਲਾਬੀ ਗਰਮ ਧੜਾ ਰਿਹਾ ਹੈ ਤਾਂ ਜਲਵਾਯੂ ਬਦਲਾਅ ਵਾਲੇ ਅੰਦੋਲਨ ਦਾ ਇਨਕਲਾਬੀ ਹਿੱਸਾ ਕਿੱਥੇ ਹੈ?

ਵੈਸੇ ਤੁਸੀਂ ਚਾਹੋ ਤਾਂ ਅਮਰੀਕਾ ਦੇ ਵੱਡੇ ਲੇਖਕ ਅਤੇ ‘ਟਾਈਮ’ ਮੈਗਜ਼ੀਨ ਵੱਲੋਂ ‘ਗਰੇਟ ਅਮੈਰੀਕਨ ਨਾਵਲਿਸਟ’ ਵਜੋਂ ਨਿਵਾਜੇ ਜੌਨਾਥਨ ਫਰਾਂਜ਼ਨ ਦੀ ਸਲਾਹ ਵੀ ਮੰਨ ਸਕਦੇ ਹੋ ਜਿਸ ਆਖਿਆ ਹੈ ਕਿ ਇਸ ਮੁੱਦੇ ਉੱਤੇ ਸਾਰੇ ਅੰਦੋਲਨ ਬੰਦ ਕਰ ਦਿਓ ਕਿਉਂਜੋ ਬਹੁਤ ਦੇਰ ਹੋ ਚੁੱਕੀ ਹੈ ਅਤੇ ਹੁਣ ਸਾਰੀ ਦੁਨੀਆ ਦੀਆਂ ਸਰਕਾਰਾਂ ਰਲ ਕੇ ਵੀ ਜਲਵਾਯੂ ਬਦਲਾਅ ਬਾਰੇ ਕੁਝ ਨਹੀਂ ਕਰ ਸਕਦੀਆਂ। ਸਿਰਫ਼ ਪਰਲੋ ਦਾ ਇੰਤਜ਼ਾਰ ਕਰੋ।

ਜਾਂ ਤੁਹਾਡੇ ਕੋਲ ਇਹ ਰਸਤਾ ਬਚਦਾ ਹੈ ਕਿ ਹੁਣ ਸਿੰਘੂ-ਟਿੱਕਰੀ ਤੋਂ ਘਰ ਵਾਪਸੀ ਦਾ ਕੋਈ ਰਸਤਾ ਨਹੀਂ ਬਚਦਾ। ਲੜਾਈ ਬਹੁਤ ਵਡੇਰੀ ਹੈ। ਖੇਤੀ, ਉਤਪਾਦਨ, ਪਾਣੀ, ਖਾਦਾਂ, ਉਦਯੋਗ, ਵਿਕਾਸ ਅਤੇ ਸਿਆਸਤ - ਸਭ ਕੁਝ ਬਾਰੇ ਹੀ ਆਪਣੀ ਸਮਝ ਬਦਲਣ ਵਾਲੀ ਹੈ। ਇਸ ਲਈ ਕਿਸੇ ਪਾਰਟੀ ਦਾ ਕੋਈ ਪ੍ਰਧਾਨ ਲੱਗੇ, ਕੋਈ ਰੁੱਸੇ, ਪਰਲੋ ਤਾਂ ਲੋਕਾਂ ਨੇ ਆਪ ਹੀ ਰੋਕਣੀ ਹੈ। ਇਸ ਕਾਰਜ ਹਿੱਤ ਮਨਾਂ ਵਿੱਚ ਲੱਗੇ ਕਈ ਬੈਰੀਕੇਡ ਪੁੱਟਣੇ ਪੈਣਗੇ, ਨਵੀਆਂ ਸਿਆਸਤਾਂ ਲੱਭਣੀਆਂ ਪੈਣਗੀਆਂ।

(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਮੁਕਾਮੀ ਸਿਆਸਤ ਵਿੱਚ ਹਾਲੀਆ ਤੂਫ਼ਾਨ ਦੀ ਥਾਂ ਦੂਰੋਂ ਆਉਂਦੀ ਪਰਲੋ ਤੋਂ ਡਰਿਆ ਕਿਸੇ ਨਵੀਂ ਸਿਆਸਤ ਦੀ ਦੁਹਾਈ ਦੇ ਰਿਹਾ ਹੈ।)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All