ਮਾ. ਲਖਵਿੰਦਰ ਸਿੰਘ ਰਈਆ
ਕੁਦਰਤ ਨੇ ਧਰਤੀ ’ਤੇ ਜੀਵਨ ਚਲਦਾ ਰੱਖਣ ਲਈ ਜਲ ਚੱਕਰ ਬਣਾਇਆ ਹੋਇਆ ਹੈ। ਸਮੁੰਦਰ ਤੋਂ ਜਲ ਵਾਸ਼ਪੀਕਰਨ ਨਾਲ ਬੱਦਲ ਬਣਨੇ, ਬੱਦਲਾਂ ਦਾ ਵਰਸਣਾ, ਪਹਾੜਾਂ ’ਤੇ ਬਰਫ਼ ਦਾ ਜੰਮਣਾ ਤੇ ਨਦੀਆਂ-ਨਾਲਿਆਂ ਦਾ ਵਹਿਣਾ ਆਦਿ ਦੇ ਵਿਸ਼ਾਲ ਕੁਦਰਤੀ ਜਲ ਚੱਕਰ ਨਾਲ ਹੀ ਧਰਤੀ ਦੇ ਬਹੁਤ ਸਾਰੇ ਖੇਤਰ ਆਪ ਹੀ ਪਾਣੀ ਨਾਲ ਸਰਸ਼ਾਰ ਹੋ ਰਹੇ ਹਨ।
ਪੰਜਾਬ ਅਜਿਹਾ ਖਿੱਤਾ ਹੈ ਜਿਸ ਉਪਰ ਕੁਦਰਤ ਨੇ ਖਾਸ ਮਿਹਰਬਾਨ ਹੁੰਦਿਆਂ ਪੰਜ ਦਰਿਆਵਾਂ ਦੇ ਵਹਿਣ ਚਲਾਏ, ਨਾਲ ਹੀ ਇਸ ਖਿਤੇ ਦੀ ਧਰਤੀ ਹੇਠਾਂ ਵੀ ਵੱਡਾ ਜਲ ਭੰਡਾਰ ਸਥਾਪਿਤ ਕਰ ਦਿੱਤਾ। ਨਿਰੋਈ ਸੋਚ ਨਾਲ ਕੁਦਰਤੀ ਦਰਿਆਵਾਂ ਦੇ ਢੁੱਕਵੇਂ ਥਾਵਾਂ ’ਤੇ ਡੈਮ ਬਣਾ ਕੇ ਜਿਥੇ ਬਿਜਲੀ ਵੀ ਬਣਾਉਣੀ ਸ਼ੁਰੂ ਕਰ ਲਈ ਉਥੇ ਦੂਰ ਦਰਾਡੇ ਇਲਾਕਿਆਂ ਤੱਕ ਸਿੰਜਾਈ ਤੇ ਹੋਰ ਲੋੜਾਂ ਦੀ ਪੂਰਤੀ ਲਈ ਨਹਿਰਾਂ ਰਾਹੀਂ ਪਾਣੀ ਪਹੁੰਚਣ ਦਾ ਪ੍ਰਬੰਧ ਵੀ ਕਰ ਲਿਆ। ਇਸ ਵਕਤ ਸਾਡੇ ਕੋਲ 5 ਹੈੱਡਵਰਕਸ ਤੇ 10 ਨਹਿਰਾਂ ਹਨ ਜਿਨ੍ਹਾਂ ਦੀ ਕੁੱਲ ਲੰਬਾਈ 14500 ਕਿਲੋਮੀਟਰ ਹੈ ਅਤੇ ਅਗਾਂਹ ਸੂਇਆਂ, ਖਾਲਾਂ, ਕੱਸੀਆਂ ਰਾਹੀਂ ਖੇਤਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਹੈ। ਇਸ ਜਲ ਤੰਤਰ ਰਾਹੀਂ ਵਗਦਾ ਪਾਣੀ ਜਿਥੇ ਆਪਣੇ ਆਲਾ-ਦੁਆਲਾ ਠੰਢਾ ਰੱਖਣ ਵਿਚ ਸਹਾਈ ਹੁੰਦਾ ਹੈ ਉਥੇ ਜੀਰ ਕੇ ਜ਼ਮੀਨੀ ਜਲ ਭੰਡਾਰ ਵਿਚ ਵਾਧਾ ਕਰਨ ਦਾ ਸਬਬ ਵੀ ਬਣਦਾ ਹੈ। ਕੋਈ ਸਮਾਂ ਸੀ ਜਦ ਨਹਿਰਾਂ ਦੇ ਨਾਲ ਲੱਗਦੇ ਖੇਤਰਾਂ ਵਿਚ ਹੋਰ ਦੁਰੇਡੇ ਖੇਤਰਾਂ ਨਾਲੋਂ ਵਿਸ਼ੇਸ਼ ਬਹਾਰਾਂ ਹੁੰਦੀਆਂ ਸਨ।
ਹੁਣ ਪੰਜਾਬ ਦੇ ਜਲ ਤੰਤਰ ਉਤੇ ਰਾਜਨੀਤੀ ਭਾਰੂ ਹੋਣ ਕਰਕੇ ਪੰਜਾਬ ਲਈ ਇਹ ਜਲ ਤੰਤਰ ਆਖਰੀ ਸਾਹਾਂ ’ਤੇ ਆਇਆ ਹੋਇਆ ਹੈ। ਲੰਮੇ ਸਮੇਂ ਦੀ ਨਹਿਰਬੰਦੀ ਕਰਕੇ ਪੰਜਾਬ ਦੇ ਖੇਤਾਂ ਦੀ ਪਿਆਸ ਬੁਝਾਉਣ ਵਾਲਾ ਇਸ ਜਲ ਤੰਤਰ ਦਾ ਵੱਡਾ ਹਿੱਸਾ ਖੁਦ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਿਹਾ ਹੈ। ਸਖ਼ਤ ਗਰਮੀ ਵਿਚ ਇਸ ਜਲ ਤੰਤਰ ਦੇ ਆਲੇ-ਦੁਆਲੇ ਦੀ ਬਨਸਪਤੀ ਸੜ ਸੁੱਕ ਰਹੀ ਹੈ ਅਤੇ ਪਿਆਸ ਨਾਲ ਜੀਵ ਜੰਤੂ ਤੜਫ ਤੜਫ ਕੇ ਮਰ ਰਹੇ ਹਨ।
ਸਿਤਮਜ਼ਰੀਫੀ ਵਾਲੀ ਗੱਲ ਹੈ ਕਿ ਪੰਜਾਬ ਤੋਂ ਉਸ ਦਾ ਹੱਕੀ ਪਾਣੀ ਖੋਹਿਆ ਤਾਂ ਜਾ ਹੀ ਰਿਹਾ ਹੈ, ਲੰਘਣ ਵਾਲੀਆਂ ਨਹਿਰਾਂ ਨੂੰ ਇੰਨਾ ਪੱਕਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਰਾਹੀਂ ਵਗਣ ਵਾਲੇ ਪਾਣੀ ਦੀ ਇੱਕ ਬੂੰਦ ਵੀ ਪੰਜਾਬ ਦੀ ਧਰਤੀ ਵਿਚ ਸਮਾ ਨਾ ਸਕੇ। ਇਸ ਤੋਂ ਇਲਾਵਾ ਘਰੇਲੂ, ਕਾਰਖਾਨਿਆਂ, ਧੋਅ-ਧੁਆਈ ਅਤੇ ਹੋਰ ਰਹੀਆਂ ਬਹੁਤ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਵੱਖ ਵੱਖ ਸਾਧਨਾਂ ਦੀ ਵਰਤੋਂ ਕਰਕੇ ਜ਼ਮੀਨੀ ਕੁਦਰਤੀ ਜਲ ਭੰਡਾਰ ਨੂੰ ਖਿਚਣ ਲਈ ਸਭ ਦਾ ਜ਼ੋਰ ਲੱਗਾ ਹੋਇਆ ਹੈ। ਇਸ ਦੀ ਵਰਤੋਂ ਘੱਟ, ਦੁਰਵਰਤੋਂ ਜਿ਼ਆਦਾ ਕੀਤੀ ਜਾ ਰਹੀ ਹੈ।
ਕੁਦਰਤ ਨਾਲ ਛੇੜਛਾੜ ਕਾਰਨ ਬਰਸਾਤਾਂ ਦਾ ਗ੍ਰਾਫ ਹੇਠਾਂ ਜਾ ਰਿਹਾ ਹੈ। ਸਾਡੇ ਅਵੇਸਲੇਪਨ ਕਾਰਨ ਮੀਂਹ ਦਾ ਪਾਣੀ ਸੰਭਾਲਣ ਦੀ ਕੋਈ ਸਾਰਥਿਕ ਯੋਜਨਾ ਨਹੀਂ, ਸਿੱਟੇ ਵਜੋਂ ਇਹ ਪਾਣੀ ਅਜਾਈਂ ਰੁੜ੍ਹ ਜਾਂਦਾ ਹੈ। ਇਉਂ ਇੱਕ ਤਾਂ ਰੀਚਾਰਜਿੰਗ ਘਟ ਰਹੀ ਹੈ; ਦੂਜੇ, ਭੂ-ਜਲ ਦੀ ਨਿਕਾਸੀ ਵਧ ਰਹੀ ਹੈ। ਇਹ ਅਸੰਤੁਲਨ ਵੀ ਭੂ-ਜਲ ਦੇ ਖੋਰੇ ਦਾ ਵੱਡਾ ਕਾਰਨ ਬਣਿਆ ਹੋਇਆ ਹੈ। ਜਲ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇ ਅਜਿਹੇ ਹਾਲਾਤ ਹੀ ਰਹੇ ਤਾਂ 20 ਕੁ ਸਾਲਾਂ ਦੇ ਵਿਚ ਵਿਚ ਹੀ ਭੂ-ਜਲ ਦੀ ਮੰਗ ਅਤੇ ਪੂਰਤੀ ਵਿਚਕਾਰ ਵੱਡਾ ਪਾੜਾ ਪੈਣ ਦਾ ਖ਼ਦਸ਼ਾ ਹੈ। ਇਸ ਨਾਲ ਬਹੁਤ ਖਤਰਨਾਕ ਹਾਲਾਤ ਪੈਦਾ ਹੋ ਜਾਣਗੇ।
ਪੰਜਾਬ ਵਿਚ ਝੋਨਾ ਪਾਣੀ ਦਾ ਖੌਅ ਬਣਿਆ ਹੋਇਆ ਹੈ। ਪਹਿਲਾਂ ਜ਼ਹਿਰਾਂ ਰੂਪੀ ਦਵਾਈਆਂ ਅਤੇ ਖਾਦਾਂ ਦਾ ਭਰਮ ਜਾਲ ਬੁਣ ਕੇ ਵੱਧ ਝਾੜ ਦੀ ਬੀਨ ਵਜਾਈ ਤੇ ਫਿਰ ਇਸ ਦੀ ਖਰੀਦ ਵੀ ਕੀਤੀ। ਹੁਣ ਜਦ ਬਾਕੀ ਫ਼ਸਲਾਂ ਨਾਲੋਂ ਇਸ ਫ਼ਸਲ ਵਿਚ ਕੁਝ ਵੱਧ ਫਾਇਦਾ ਦਿਸਿਆ ਤਾਂ ਕਿਸਾਨਾਂ ਨੇ ਹੋਰ ਬਹੁਤ ਸਾਰੀਆਂ ਮਹੱਤਵਪੂਰਨ ਫਸਲਾਂ ਨੂੰ ਤਿਲਾਂਜਲੀ ਦਿੰਦਿਆਂ ਝੋਨੇ ਦੀ ਫਸਲ ਨਾਲ ਖਾਸ ਮੋਹ (ਭਰਮ) ਪਾਲ ਕੇ ਇਸ ਦੀ ਲਵਾਈ ਨੂੰ ਵੱਡੀ ਪੱਧਰ ’ਤੇ ਅਪਣਾ ਲਿਆ ਹੋਇਆ ਹੈ।
ਪਿਛਲੇ 6 ਕੁ ਦਹਾਕਿਆਂ ਦੇ ਖੇਤੀ ਸਿੰਜਾਈ ਰਿਕਾਰਡ ’ਤੇ ਪੰਛੀ ਝਾਤ ਮਾਰੀ ਜਾਵੇ ਤਾਂ ਨਹਿਰੀ ਪਾਣੀ ਨਾਲ ਸਿੰਜਾਈ ਵਾਲਾ ਖੇਤਰ 58.4% ਤੋਂ ਘਟ ਕੇ 28%ਤੱਕ ਰਹਿ ਗਿਆ ਹੈ ਅਤੇ ਟਿਊਬਵੈੱਲ (ਜਿਨ੍ਹਾਂ ਦੀ ਗਿਣਤੀ ਸਾਢੇ 14 ਲੱਖ ਦੇ ਕਰੀਬ ਹੋ ਚੁੱਕੀ ਹੈ) ਰਾਹੀਂ ਭੂ-ਜਲ ’ਤੇ ਨਿਰਭਰਤਾ 54 ਤੋਂ 90.2% ਤੱਕ ਦਾ ਇਜ਼ਾਫਾ ਹੋ ਚੁੱਕਾ ਹੈ। ਇਸ ਕਰਕੇ ਜ਼ਮੀਨਦੋਜ਼ ਪਾਣੀ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਵਿਚ 10 ਤੋਂ 20 ਮੀਟਰ ਤੱਕ ਪਾਣੀ ਡੂੰਘਾ ਹੋ ਚੁੱਕਾ ਹੈ ਤੇ ਦਿਨੋ-ਦਿਨ ਇਸ ਦਾ ਪੱਧਰ ਹੋਰ ਡਿਗ ਰਿਹਾ ਹੈ।
ਘਰ ਬਾਹਰ ਜਿ਼ੱਦੋ-ਜਿ਼ੱਦੀ ਚਲਦੇ ਬੇਲੋੜੇ ਪੰਪ ਪੰਜਾਬ ਨੂੰ ਬੇਆਬ ਹੋਣ ਵੱਲ ਧੱਕ ਰਹੇ ਹਨ। ਜਦੋਂ ਪੰਜਾਬ ਬੇਆਬ ਹੋ ਗਿਆ ਤਾਂ ਫਸਲਾਂ ਲਈ ਤਾਂ ਕੀ, ਪੀਣ ਲਈ ਪਾਣੀ ਦੇ ਲਾਲੇ ਪੈ ਜਾਣਗੇ। ਇਉਂ ਕਿਸਾਨੀ ਹੱਥੋਂ ਖੇਤੀ ਨਿਕਲ ਜਾਵੇਗੀ। ਇਸ ਲਈ ਹੁਣ ਝੋਨੇ ਦਾ ਮੋਹ ਤਿਆਗ ਕੇ ਹੋਰ ਫਸਲਾਂ ਦੀ ਬੀਜਾਂਦ ਵੱਲ ਮੋੜਾ ਕੱਟੀਏ ਅਤੇ ਪੰਜਾਬ ਲਈ ਨਹਿਰੀ ਪਾਣੀ ਦਾ ਪ੍ਰਬੰਧ ਮੁੜ ਸੁਰਜੀਤ ਕਰਨ ਲਈ ਸਰਕਾਰਾਂ ਉਪਰ ਜ਼ੋਰ ਪਾਈਏ। ਕਿਸਾਨ ਜਥੇਬੰਦੀਆਂ ਦੀਆਂ ਮੁੱਖ ਮੰਗਾਂ ਵਿਚ ਪੰਜਾਬ ਲਈ ਨਹਿਰੀ ਪਾਣੀ ਦੀ ਮੁੱਖ ਮੰਗ ਹੋਣੀ ਚਾਹੀਦੀ ਹੈ ਜਿਸ ਲਈ ਤਹਿਸ ਨਹਿਸ ਹੋ ਚੁੱਕੇ ਜਲ ਤੰਤਰ ਦੀ ਬਹਾਲੀ ਹੋਵੇ ਤਾਂ ਕਿ ਨਹਿਰਾਂ, ਸੂਇਆਂ, ਖਾਲਾਂ ਵਿਚ ਵਗਦਾ ਪਾਣੀ ਹਰ ਖੇਤ ਸਿੰਜ ਸਕੇ। ਸੋ, ਪੰਜਾਬ ਦੀਆਂ ਨਹਿਰਾਂ ਨੂੰ ਬਾਰਾਂਮਾਸੀ ਕਰਨਾ ਸਮੇਂ ਦੀ ਮੁੱਖ ਮੰਗ ਹੈ। ਇਸ ਜਲ ਤੰਤਰ ਦੀ ਸਿਲ/ਸਰਵਾਈ/ਪਾਣੀ ਆਦਿ ਫ਼ਸਲੀ ਰਹਿੰਦ ਖੂੰਹਦ ਨੂੰ ਅੱਗ ਲਾ ਕੇ ਮਚਾਏ ਜਾਂਦੇ ਤਾਂਡਵ ਨਾਚ ਨੂੰ ਅੱਗੇ ਫੈਲਣ ਤੋਂ ਠੱਲ੍ਹਣ ਵਿਚ ਸਹਾਈ ਹੋ ਸਕਦੇ ਹਨ।
ਇਨ੍ਹਾਂ ਨਹਿਰਾਂ ਵਿਚ ਢੁੱਕਵੀਂਆਂ ਥਾਵਾਂ ’ਤੇ ਘਰਾਟ/ਪਣਚੱਕੀਆਂ ਅਤੇ ਛੋਟੇ ਛੋਟੇ ਬਿਜਲੀ ਪ੍ਰਾਜੈਕਟ ਲਾ ਕੇ ਆਲੇ-ਦੁਆਲੇ ਦੇ ਇਲਾਕੇ ਦੀ ਬਿਜਲੀ ਲੋੜ ਨੂੰ ਪੂਰਾ ਕਰਦਿਆਂ ਬਿਜਲੀ ਸਪਲਾਈ ’ਤੇ ਪੈਂਦੇ ਓਵਰਲੋਡ ਨੂੰ ਕੁਝ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਸਿੰਜਾਈ ਤੋਂ ਵਾਧੂ ਅਤੇ ਬਰਸਾਤਾਂ ਸਮੇਂ ਦਰਿਆਵਾਂ ਦੇ ਚੜ੍ਹ ਕੇ ਵਗਦੇ ਪਾਣੀ ਨੂੰ ਭੰਡਾਰ ਕਰਨ ਲਈ ਵੱਖ ਵੱਖ ਪਿੰਡਾਂ ਦੀਆਂ ਸ਼ਾਮਲਾਟ ਥਾਵਾਂ ਵਿਚ ਛੱਪੜ, ਤਲਾਬ, ਜਲਗਾਹਾਂ ਉਸਾਰੀਆਂ ਜਾਣ। ਲੋੜ ਪੈਣ ’ਤੇ ਇਹ ਜਮ੍ਹਾਂ ਪਾਣੀ ਸਿੰਜਾਈ ਅਤੇ ਜਲਗਾਹਾਂ ਨੂੰ ਮੱਛੀ ਪਾਲਣ ਵਜੋਂ ਵੀ ਵਰਤਿਆ ਜਾ ਸਕਦਾ ਹੈ। ਇਸ ਨਾਲ ਪਾਣੀ ਰੀਚਾਰਜ/ਰਿਸਣ ਦਰ ਵਿਚ ਵਾਧਾ ਹੋਵੇਗਾ। ਭੂ-ਜਲ ਦੀ ਨਿਕਾਸੀ ਘਟੇਗੀ। ਨਤੀਜੇ ਵਜੋਂ ਜਲ ਪੱਧਰ ਉਪਰ ਉਠੇਗਾ ਤੇ ਮੁਰਝਾ ਰਹੀ ਬਨਸਪਤੀ ਵਿਚ ਵੀ ਜਾਨ ਪਏਗੀ, ਆਲੇ-ਦੁਆਲੇ ਵਧ ਰਹੀ ਤਪਸ਼ ਤੋਂਂ ਵੀ ਰਾਹਤ ਮਿਲੇਗੀ। ਬਰਸਾਤ ਦੀ ਛਹਬਿਰ ਲਾਉਣ ਵਾਲੇ ਮਾਹੌਲ ਵਿਚ ਵੀ ਵਾਧਾ ਹੋ ਸਕਦਾ ਹੈ ਤੇ ਵੱਧ ਰਹੀ ਆਲਮੀ ਤਪਸ਼ ’ਤੇ ਵੀ ਰੋਕ ਲੱਗੇਗੀ।
ਸੋ ਨਹਿਰੀ/ਦਰਿਆਈ ਪਾਣੀ ਹੀ ਪੰਜਾਬ ਨੂੰ ਕਾਫੀ ਹੱਦ ਤਕ ਬੇਆਬ ਹੋਣ ਤੋਂ ਬਚਾਅ ਸਕਦਾ ਹੈ। ਭਾਂਤ ਭਾਂਤ ਦੀਆਂ ਫਸਲਾਂ ਨਾਲ ਪੰਜਾਬ ਫਿਰ ਤੋਂ ਲਹਿਰਾ ਉਠੇ, ਇਹੀ ਸਭ ਦੀ ਤਮੰਨਾ ਹੋਵੇ। ਇਸ ਵਿਚ ਹੀ ਸਭ ਦਾ ਭਲਾ ਹੈ। ਸੋ ਸਮੇਂ ਦੀਆਂ ਸਰਕਾਰਾਂ ਦੂਰ ਅੰਦੇਸ਼ੀ ਤੋਂ ਕੰਮ ਲੈਣ ਅਤੇ ਪਹਿਲ ਦੇ ਆਧਾਰ ’ਤੇ ਪੰਜਾਬ ਦੇ ਖੇਤਾਂ ਦੀ ਸਿੰਜਾਈ ਲਈ ਨਹਿਰੀ ਪਾਣੀ ਦੇ ਬੰਦੋਬਸਤ ਕਰਨ। ਪੰਜਾਬ ਦੀ ਖੁਸ਼ਹਾਲੀ ਮੁਲਕ ਦੇ ਬਾਕੀ ਸੂਬਿਆਂ ਦੀ ਖੁਸ਼ਹਾਲੀ ਵਿਚ ਮਦਦਗਾਰ ਸਾਬਤ ਹੋ ਸਕਦੀ ਹੈ।
ਸੰਪਰਕ: 98764-74858