ਲੋਹੇ ਦਾ ਸੁਹਾਗਾ ਬੰਦਾ ਬਹਾਦਰ

ਲੋਹੇ ਦਾ ਸੁਹਾਗਾ ਬੰਦਾ ਬਹਾਦਰ

ਗੁਲਜ਼ਾਰ ਸਿੰਘ ਸੰਧੂ

ਜਿਸ ਪੰਜਾਬੀ ਜੀਊੜੇ ਦਾ ਜ਼ਿਕਰ ਹੋਣ ਲੱਗਿਆ ਹੈ, ਉਹ ਅੱਧੀ ਦਰਜਨ ਨਾਵਾਂ ਨਾਲ ਜਾਣਿਆ ਜਾਂਦਾ ਹੈ। ਦਰਜਨ ਤੋਂ ਵੱਧ ਮੁਹਿੰਮਾਂ ਦਾ ਜੇਤੂ। ਲੋਕ ਮਨਾਂ ਵਿਚ ਉਸ ਦੇ ਜਨਮ ਸਥਾਨ ਵੀ ਘੱਟ ਨਹੀਂ। ਜੇ ਕੋਈ ਸਹਿਮਤੀ ਹੈ ਤਾਂ ਕੇਵਲ ਇਸ ਗੱਲ ਉੱਤੇ ਕਿ ਉਸ ਦਾ ਜਨਮ ਸੰਨ 1670 ਦੇ ਅਕਤੂਬਰ ਮਹੀਨੇ ਹੋਇਆ। ਏਥੇ ਵੀ ਇਕ ਧਿਰ ਇਹ ਤਿਥੀ 16 ਅਕਤੂਬਰ ਮੰਨਦੀ ਹੈ ਤੇ ਦੂਜੀ 27 ਅਕਤੂਬਰ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਤਾਬਕ 16 ਅਕਤੂਬਰ)। ਉਹ ਲਛਮਣ ਦਾਸ ਪੈਦਾ ਹੋਇਆ, ਫੇਰ ਮਾਧੋ ਦਾਸ ਤੋਂ ਮਾਧੋ ਦਾਸ ਬੈਰਾਗੀ ਅਤੇ ਉਸ ਪਿੱਛੋਂ ਬੰਦਾ ਬੈਰਾਗੀ ਤੋਂ ਬੰਦਾ ਬਹਾਦਰ ਤੇ ਬੰਦਾ ਸਿੰਘ ਬਹਾਦਰ ਬਣਿਆ। ਮੇਰੀ ਜਵਾਨੀ ਸਮੇਂ ਉਹ ਮੇਰੇ ਲਈ ਅਜਿਹਾ ਮਹਾਰਥੀ ਸੀ, ਜਿਸ ਨੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੂੰ ਲਿਤਾੜ ਕੇ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਈ ਸੀ। ਕਵੀਸ਼ਰਾਂ ਦੇ ਬੋਲਾਂ ਅਨੁਸਾਰ:

ਬੰਦਾ ਲੋਹੇ ਦਾ ਸੁਹਾਗਾ ਸੂਬਿਆ

ਤੇਰੀ ਦਿਊਗਾ ਓਇ ਅਲਖ ਮੁਕਾ

ਮੇਰੀ ਮੁਢਲੀ ਉਮਰ ਦੇ ਕਵੀਸ਼ਰਾਂ ਵੱਲੋਂ ਲੋਹੇ ਦਾ ਸੁਹਾਗਾ ਗਰਦਾਨੇ ਜਾਣ ਵਾਲੇ ਇਸ ਮਹਾਰਥੀ ਦੀਆਂ ਜਿੱਤਾਂ ਏਨੀਆਂ ਵਿਲੱਖਣ ਸਨ ਕਿ ਭਾਰਤ ਦੇ ਹਿੰਦੂ ਤੇ ਸਿੱਖ ਉਸ ਨੂੰ ਕੇਵਲ ਤੇ ਕੇਵਲ ਆਪਣਾ ਜਤਾਉਣ ਵਿਚ ਲੱਗੇ ਹੋਏ ਹਨ। ਮੇਰੇ ਸਾਹਮਣੇ ਐਸ.ਐਸ. ਛੀਨਾ ਦੀ ਪੁਸਤਕ ਪਈ ਹੈ, ਜਿਸ ਵਿਚ ਉਸ ਨੇ ਬੰਦੇ ਨੂੰ ਪਾਕਿ ਜੋਧਾ ਕਹਿ ਕੇ ਉਸ ਦਾ ਨਾਂ ਵੀ ਬੰਦਾ ਬੈਰਾਗੀ ਦੀ ਥਾਂ ਬੰਦਾ ਸਿੰਘ ਬੈਰਾਗੀ ਲਿਖਿਆ ਹੈ। ਹੋਰ ਵੀ ਬਹੁਤ ਸਾਰੇ ਸਿੱਖ ਉਸ ਦੇ ਨਾਂ ਨਾਲ ਸਿੰਘ ਲਾ ਕੇ ਖੁਸ਼ ਹੁੰਦੇ ਹਨ। ਇਹ ਤਾਂ ਸਾਰੇ ਮੰਨਦੇ ਹਨ ਕਿ ਉਸ ਨੂੰ ਉਸ ਸਮੇਂ ਦੇ ਜ਼ਾਲਮ ਮੁਗ਼ਲਾਂ ਤੋਂ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਲਈ ਪੰਜਾਬ ਭੇਜਣ ਵਾਲੇ ਗੁਰੂ ਗੋਬਿੰਦ ਸਿੰਘ ਸਨ, ਪਰ ਇਸ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਉਸ ਨੇ ਓਥੋਂ ਕੂਚ ਕਰਨ ਤੋਂ ਪਹਿਲਾਂ ਅੰਮ੍ਰਿਤ ਛਕਿਆ ਸੀ ਜਾਂ ਨਹੀਂ। ਜਦ ਕਿਸੇ ਹਸਤੀ ਦੀਆਂ ਪ੍ਰਾਪਤੀਆਂ ਬੰਦੇ ਵਰਗੀਆਂ ਉੱਘੀਆਂ ਹੋਣ ਤਾਂ ਹਰ ਕੋਈ ਉਸ ਨੂੰ ਆਪਣਾ ਕਹਿ ਕੇ ਮਾਣ ਕਰਦਾ ਹੈ। ਇਹ ਭਾਵਨਾ ਮੁੱਢ ਕਦੀਮੋਂ ਚਲੀ ਆਈ ਹੈ।

ਵਿਨਾਇਕ ਸਾਵਰਕਰ ਵੱਲੋਂ ਉਸ ਨੂੰ ਹਿੰਦੂ ਬੈਰਾਗੀ ਜਤਾਏ ਜਾਣ ਪਿੱਛੋਂ ਤਾਂ ਹਿੰਦੂ ਹਮਖ਼ਿਆਲਾਂ ਦੀ ਵੀ ਲਾਈਨ ਲੱਗ ਚੁੱਕੀ ਹੈ। ਮੋਹਿਆਲ ਬ੍ਰਾਹਮਣ ਭਾਈ ਪਰਮਾਨੰਦ ਨੇ, ਜੋ ਕਿ ਭਾਈ ਮਤੀ ਦਾਸ (ਸ਼ਹੀਦ) ਦੀ ਕੁੱਲ ਵਿਚੋਂ ਸੀ, ਵੀਰ ਬੰਦਾ ਬੈਰਾਗੀ ਨਾਂ ਦੀ ਇਕ ਪੂਰੀ-ਸੂਰੀ ਪੁਸਤਕ ਹੀ ਲਿਖ ਮਾਰੀ ਹੈ। ਪਿੱਛੋਂ ਜਾ ਕੇ ਲਾਲਾ ਲਾਜਪਤ ਰਾਏ ਤੇ ਕਈ ਹੋਰ ਹਿੰਦੂ ਮਹਾਸਭੀਆਂ ਨੇ ਵੀ ਉਸ ਦੇ ਹਿੰਦੂ ਹੋਣ ਦਾ ਸਮਰਥਨ ਕੀਤਾ ਹੈ। ਹੁਣ ਉਸ ਨੂੰ ਸੋਢੀ, ਕਪੂਰ ਤੇ ਮਰਵਾਹ ਖੱਤਰੀ ਵੀ ਆਪਣਾ ਕਹਿੰਦੇ ਹਨ ਤੇ ਰਾਜਸਥਾਨ ਦੇ ਰਾਜਪੂਤ ਤੇ ਪਹਾੜਾਂ ਦੇ ਗੁੱਜਰ ਵੀ। ਮੈਂ ਦੋ ਟੂਕਾਂ ਦੇ ਕੇ ਆਪਣੀ ਗੱਲ ਅੱਗੇ ਤੋਰਾਂਗਾ। ਪਹਿਲੀ ਬਰਤਾਨਵੀ ਇਤਿਹਾਸਕਾਰ ਐਮ.ਏ. ਮੈਕਾਲਫ ਦੀ ਹੈ, ਜਿਸ ਨੇ 16 ਸਾਲ ਦੀ ਖੋਜ ਦੇ ਆਧਾਰ ਉੱਤੇ ਛੇ ਜਿਲਦਾਂ ਵਿਚ ਸਿੱਖ ਧਰਮ ਦਾ ਇਤਿਹਾਸ ਲਿਖਿਆ। ਉਹ ਉਲਾਰ ਨਹੀਂ ਤੇ ਸੰਖੇਪ ਵੀ ਹੈ। ਉਹ ਲਿਖਦਾ ਹੈ, ‘‘ਬੰਦਾ ਜਿਸ ਦਾ ਮੁਢਲਾ ਨਾਂ ਲਛਮਣ ਦੇਵ ਸੀ, ਨਿਚਲੇ ਹਿਮਾਲਿਆ (ਸ਼ਿਵਾਲਿਕ) ਦੇ ਪਹਾੜੀ ਰਾਜ ਪੁਣਛ ਦੇ ਰਾਜੌਰੀ ਪਿੰਡ ਦੇ ਰਾਮ ਦੇਵ ਰਾਜਪੂਤ ਦਾ ਪੁੱਤਰ ਸੀ। ਭਗਵਾਂ ਭੇਸ ਧਾਰਨ ਕਰਨ ਤੋਂ ਪਹਿਲਾਂ ਉਹ ਖੇਤੀਬਾੜੀ ਕਰਦਾ ਸੀ। ਸ਼ੁਰੂ ਦੇ ਸਾਲਾਂ ਵਿਚ ਉਹ ਬੰਦੂਕ ਚਲਾਉਣ ਅਤੇ ਸ਼ਿਕਾਰ ਖੇਡਣ ਦਾ ਸ਼ੌਕੀਨ ਸੀ। ਇਕ ਵੇਰਾਂ ਜਦੋਂ ਉਸ ਨੇ ਇੱਕ ਹਿਰਨੀ ਦਾ ਸ਼ਿਕਾਰ ਕੀਤਾ ਤਾਂ ਉਸ ਦੇ ਪੇਟ ਵਿਚੋਂ ਦੋ ਬੱਚੇ ਨਿਕਲੇ। ਇਸ ਕਾਰੇ ਤੋਂ ਉਹ ਬਹੁਤ ਨਿਰਾਸ਼ ਹੋਇਆ। ਉਸ ਨੇ ਸੰਸਾਰ ਨੂੰ ਤਿਆਰ ਕੇ ਜਾਨਕੀ ਦਾਸ ਫ਼ਕੀਰ ਦਾ ਚੇਲਾ ਬਣਨ ਦਾ ਫੈ਼ਸਲਾ ਕਰ ਲਿਆ। ਫ਼ਕੀਰੀ ਵੇਸ ਵਿਚ ਭ੍ਰਮਣ ਕਰਦਾ-ਕਰਦਾ ਉਹ ਨਾਸਿਕ (ਮਹਾਰਾਸ਼ਟਰ), ਜਿੱਥੇ ਗੋਦਾਵਰੀ ਨਦੀ ਸ਼ੁਰੂ ਹੁੰਦੀ ਹੈ, ਪਹੁੰਚ ਗਿਆ। ਉੱਥੇ ਉਸ ਨੇ ਕੁੱਲੀ ਪਾ ਲਈ ਅਤੇ ਤਪੱਸਿਆ ਕਰਨ ਲੱਗਿਆ। ਉੱਥੇ ਲੂਣੀ ਨਾਂ ਦਾ ਇੱਕ ਜੋਗੀ ਅਚਾਨਕ ਉਸ ਕੋਲ ਆਇਆ ਅਤੇ ਉਸ ਨੇ ਮਾਧੋ ਦਾਸ ਨੂੰ ਯੋਗ ਅਤੇ ਜਾਦੂ-ਟੂਣੇ ਦੇ ਗਿਆਨ ਦੀ ਸਿੱਖਿਆ ਦਿੱਤੀ। ਇਸ ਗਿਆਨ ਦੀ ਪ੍ਰਾਪਤੀ ਅਤੇ ਇਸ ਵਿਚ ਕਮਾਲ ਹਾਸਲ ਕਰਨ ਤੋਂ ਬਾਅਦ ਉਹ ਗੋਦਾਵਰੀ ਨਦੀ ਦੇ ਨਾਲ-ਨਾਲ ਚੱਲਦਾ ਨਾਂਦੇੜ ਪਹੁੰਚ ਗਿਆ। ਉੱਥੇ ਉਹ ਇੱਕ ਅਜਿਹੇ ਸੰਤ ਦੇ ਰੂਪ ਵਿਚ ਮਸ਼ਹੂਰ ਹੋ ਗਿਆ, ਜਿਸ ਦੇ ਵਸ ਵਿਚ ਅਧਿਆਤਮਕ ਅਤੇ ਦੁਨਿਆਵੀ ਦੋਵੇਂ ਸ਼ਕਤੀਆਂ ਸਨ। ਉਹ ਗੋਦਾਵਰੀ ਦੇ ਕੰਢੇ ਇਕ ਟਿੱਲੇ ’ਤੇ ਬੈਠ ਕੇ ਧਿਆਨ ਸਾਧਨਾ ਕਰਦਾ ਅਤੇ ਗਾਹੇ- ਬਗਾਹੇ ਜਦੋਂ ਗੋਦਾਵਰੀ ਵੱਲ ਦੇਖਦਾ ਤਾਂ ਉਸ ਨੂੰ ਇੰਝ ਲਗਦਾ ਜਿਵੇਂ ਗੋਦਾਵਰੀ ਅਤਿ ਢਿੱਲੀ ਰਫ਼ਤਾਰ ਨਾਲ ਵਗ ਰਹੀ ਹੋਵੇ ਅਤੇ ਉਸ ਦਾ ਮਨ ਸਮੁੰਦਰ ਵਿਚ ਖੋ ਜਾਣ ਨੂੰ ਨਾ ਕਰਦਾ ਹੋਵੇ।

ਸੰਨ 1707 ਦੇ ਦੇ ਸਾਉਣ ਮਹੀਨੇ (ਜੁਲਾਈ-ਅਗਸਤ) ਗੁਰੂ ਜੀ (ਗੋਬਿੰਦ ਸਿੰਘ) ਨਾਂਦੇੜ ਪਹੁੰਚੇ ਤਾਂ ਉਨ੍ਹਾਂ ਨਾਲ ਦੋ-ਤਿੰਨ ਸੌ ਘੋੜ ਸਵਾਰ ਸੈਨਿਕ ਅਤੇ ਕੁਝ ਪੈਦਲ ਸੈਨਿਕ ਵੀ ਸਨ। ਗੁਰੂ ਜੀ ਜਦੋਂ ਮਾਧੋ ਦਾਸ ਬੈਰਾਗੀ ਦੇ ਡੇਰੇ ’ਤੇ ਪਹੁੰਚੇ ਤਾਂ ਬੈਰਾਗੀ ਉੱਥੇ ਨਹੀਂ ਸੀ। ਗੁਰੂ ਜੀ ਨੇ ਜਦੋਂ ਇਹ ਸੁਣਿਆ ਕਿ ਮਾਧੋ ਦਾਸ ਕੋਲ ਅਜਿਹੀ ਅਦਭੁਤ ਜਾਦੂਈ ਸ਼ਕਤੀ ਹੈ ਕਿ ਜਿਹੜਾ ਵੀ ਉਸ ਦੀ ਗੱਦੀ ’ਤੇ ਬੈਠ ਜਾਵੇ, ਉਸ ਨੂੰ ਉਹ ਉਲਟਾ ਦਿੰਦਾ ਹੈ ਤਾਂ ਉਹ ਉਥੇ ਗਏ। ਬੈਰਾਗੀ ਪੜਤਾਲ ਲਈ ਉਥੇ ਪਹੁੰਚਿਆ। ਬੈਰਾਗੀ ਨੇ ਕਿਹਾ ਕਿ ਇਹ ਗੱਦੀ ਪਹਿਲਾਂ ਉਸ ਦੀ ਗੁਰੂ ਦੀ ਸੀ। ਗੁਰੂ ਜੀ ਨੇ ਜਵਾਬ ਦਿੱਤਾ ਕਿ ਉਹ ਨਾਂਦੇੜ ਤੋਂ ਥੱਕੇ ਹੋਏ ਆਏ ਸਨ ਅਤੇ ਜਦੋਂ ਉਨ੍ਹਾਂ ਨੂੰ ਉਸ ਦੀ ਉਦਾਰਤਾ, ਪ੍ਰੇਮ ਅਤੇ ਪ੍ਰਾਹੁਣਚਾਰੀ ਵਾਲੇ ਸੁਭਾਅ ਦਾ ਪਤਾ ਲੱਗਿਆ ਤਾਂ ਉਨ੍ਹਾਂ ਉਸ ਦੇ ਇਨ੍ਹਾਂ ਚੰਗੇ ਗੁਣਾਂ ਨੂੰ ਪਰਖਣ ਦਾ ਮਨ ਬਣਾ ਲਿਆ। ਬੈਰਾਗੀ ਗੁਰੂ ਜੀ ਦੀ ਇਸ ਗੱਲਬਾਤ ਤੋਂ ਸੰਤੁਸ਼ਟ ਹੋ ਗਿਆ ਅਤੇ ਉਨ੍ਹਾਂ ਦੀ ਗੱਲਬਾਤ ਅਤੇ ਵਿਹਾਰ ਤੋਂ ਇਹ ਵੀ ਜਾਣ ਗਿਆ ਕਿ ਉਹ ਕੋਈ ਮਹਾਨ ਆਤਮਾ ਹੈ। ਬੈਰਾਗੀ ਨੇ ਗੁਰੂ ਸਾਹਿਬ ਨੂੰ ਆਖਿਆ ਕਿ ਉਹ ਤਾਂ ਉਨ੍ਹਾਂ ਦਾ ਬੰਦਾ ਹੈ। ਫਿਰ ਇਹੀ ਨਾਂ ਉਸ ਨਾਲ ਹਮੇਸ਼ਾ ਲਈ ਜੁੜ ਗਿਆ ਅਤੇ ਉਹ ਇਸੇ ਨਾਂ ਨਾਲ ਜਾਣਿਆ ਜਾਣ ਲੱਗਿਆ।’’

ਦੂਜੀ ਟੂਕ ਦਾ ਪ੍ਰਸੰਗ ਬੰਦਾ ਬਹਾਦਰ ਦੇ ਬੇਟੇ ਰਣਜੀਤ ਸਿੰਘ ਦੇ ਦੇਹਾਂਤ ਨਾਲ ਜੁੜਦਾ ਹੈ। ਜਦ ਉਸ ਦੀ ਪਤਨੀ ਰਾਮ ਦੇਵੀ ਆਪਣੇ ਪਤੀ ਦੇ ਫੁੱਲ ਹਰਿਦੁਆਰ ਜਲ ਪਰਵਾਹ ਕਰਨ ਗਈ ਤਾਂ ਉੱਥੇ ਜਗਤ ਰਾਮ ਨਾਂ ਦੇ ਪਾਂਡੇ ਨੇ ਆਪਣੀ ਬਹੀ ਵਿਚ ਇੰਦਰਾਜ ਦਰਜ ਕਰਨ ਲਈ ਮਰਨ ਵਾਲੇ ਦੀ ਜਾਤ, ਗੋਤ ਤੇ ਕੁਨਬਾ ਪੁੱਛਿਆ। ਰਾਮ ਦੇਵੀ ਨੇ ਦੱਸਿਆ ਕਿ ਮਰਨ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤਰ ਸੀ, ਜੋ ਕਿ ਸੋਢੀ ਵੰਸ਼ ਦੇ ਗੁਰੂ ਗੋਬਿੰਦ ਸਿੰਘ ਦਾ ਸਪੁੱਤਰ ਸੀ। ਇਹ ਸੁਣ ਕੇ ਪਾਂਡਾ ਹੈਰਾਨ ਹੋ ਕੇ ਆਖਣ ਲੱਗਿਆ, ਗੁਰੂ ਗੋਬਿੰਦ ਸਿੰਘ ਦੇ ਤਾਂ ਕੇਵਲ ਚਾਰ ਪੁੱਤਰ ਸਨ। ਇਹ ਪੰਜਵਾਂ ਪੁੱਤਰ ਕਿੱਥੋਂ ਆ ਗਿਆ। ਮਾਤਾ ਜੀ ਨੇ ਸਹਿਜ ਨਾਲ ਆਿਖਆ, ਜੋ ਮੈਂ ਆਖਿਆ ਹੈ ਸੋਈ ਲਿਖੋ। ਉਸ ਅੱਗੇ ਕਿਹਾ ਕਿ ਗੁਰੂ ਜੀ ਦੇ ਘਰ ਸਰੀਰਕ ਸਬੰਧ ਨਾਲ ਚਾਰ ਪੁੱਤਰ ਜਨਮੇ ਸਨ, ਪਰ ਇਹ ਪੰਜਵਾਂ ਉਨ੍ਹਾਂ ਦਾ ਧਰਮ ਪੁੱਤਰ ਸੀ। ਇਹੀ ਤੱਥ ਪਾਂਡੇ ਦੀ ਬਹੀ ਵਿਚ ਲਿਖੇ ਮਿਲਦੇ ਹਨ।

ਬੰਦਾ ਬਹਾਦਰ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਮੇਰੇ ਕੋਲ ਇਕ ਖੋਜ ਭਰੀ ਪੁਸਤਕ ਵੀ ਹੈ, ਜਿਸ ਦਾ ਰਚੇਤਾ ਸੇਵਾਮੁਕਤ ਆਈ.ਏ.ਐਸ. ਅਧਿਕਾਰੀ ਐਮ.ਐਸ. (ਮਨੋਹਰ ਸਿੰਘ) ਚਾਂਦਲਾ ਹੈ। ਉਸ ਨੇ ਉਹ ਥਾਵਾਂ ਹੀ ਨਹੀਂ ਤੱਕੀਆਂ, ਜਿੱਥੇ ਬੰਦੇ ਨੇ ਲੜਾਈਆਂ ਲੜੀਆਂ ਸਗੋਂ ਉਹ ਸਭ ਰਚਨਾਵਾਂ ਵੀ ਪੜ੍ਹੀਆਂ ਹਨ, ਜਿਨ੍ਹਾਂ ਵਿਚ ਬੰਦੇ ਦੇ ਵਿਅਕਤੀਤਵ ਤੇ ਪ੍ਰਾਪਤੀਆਂ ਦਾ ਹਾਲ ਦਰਜ ਹੈ। ਉਸ ਨੇ ਬੰਦੇ ਦੀਆਂ ਜਿੱਤਾਂ ਨਾਲੋਂ ਉਸ ਦੇ ਚਰਿੱਤਰ ਨੂੰ ਉਘਾੜਨ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਉਸ ਦੀ ਧਾਰਨਾ ਹੈ ਕਿ ਬੰਦਾ ਬਹਾਦਰ ਅਖੌਤੀ ਨੀਵੀਂ ਜਾਤੀ ਵਿਚੋਂ ਸੀ, ਜਿਸ ਨੂੰ ਗੁੱਜਰ ਕਹਿੰਦੇ ਹਨ। ਉਸ ਦੀ ਸਰੀਰਕ ਬਣਤਰ ਗੁੱਜਰਾਂ ਵਰਗੀ ਸੀ। ਉਹ ਇੰਨਾ ਚੁਸਤ ਅਤੇ ਫ਼ੁਰਤੀਲਾ ਸੀ ਕਿ ਲੜਾਈ ਦੇ ਮੈਦਾਨ ਵਿਚ ਆਪਣੇ ਤੋਂ ਬਹੁਤ ਤਕੜੇ ਬੰਦੇ ਨੂੰ ਵੀ ਆਪਣੇ ਨੇੜੇ ਨਹੀਂ ਸੀ ਫਟਕਣ ਦਿੰਦਾ। ਉਹ ਇਕ ਤਕੜਾ ਨਿਸ਼ਾਨਚੀ ਸੀ ਅਤੇ ਤੋੜੇਦਾਰ ਬੰਦੂਕ ਉਸ ਦਾ ਪਸੰਦੀਦਾ ਹਥਿਆਰ ਸੀ। ਉਹ ਅਜਿਹਾ ਘੋੜਸਵਾਰ ਸੀ ਕਿ ਕਈ ਦਿਨਾਂ ਤੱਕ ਬਿਨਾਂ ਥੱਕਿਆਂ ਘੋੜੇ ’ਤੇ ਸਵਾਰੀ ਕਰ ਸਕਦਾ ਸੀ।

ਬੰਦੇ ਵੱਲੋਂ ਮੁਗ਼ਲ ਸਲਤਨਤ ਵਿਰੁੱਧ ਪੰਜਾਬ ਵਿਚ ਆਪਣਾ ਸੰਘਰਸ਼ ਪਹਾੜਾਂ ਤੋਂ ਸ਼ੁਰੂ ਕਰਨਾ ਵੀ ਇਕ ਸੋਚਿਆ ਸਮਝਿਆ ਕਦਮ ਸੀ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਦਰਿਆ ਜਮਨਾ ਦੇ ਪਾਰ ਅਤੇ ਇਸ ਦੇ ਕੰਢਿਆਂ ’ਤੇ ਸਹਾਰਨਪੁਰ ਜ਼ਿਲ੍ਹੇ ਵਿਚ ਅਤੇ ਜਗਾਧਰੀ ਅਤੇ ਬੁੜੀਆਂ ਦੇ ਨੇੜੇ-ਤੇੜੇ ਗੁੱਜਰ ਵੱਡੀ ਗਿਣਤੀ ਵਿਚ ਆਬਾਦ ਸਨ। ਉਹ ਗੁੱਜਰਾਂ ਦੀ ਵਿਸ਼ੇਸ਼ ਭਾਸ਼ਾ ਗੋਜਰੀ ਦੇ ਅਜਿਹੇ ਸ਼ਬਦ ਜਾਣਦਾ ਸੀ, ਜਿਨ੍ਹਾਂ ਨੂੰ ਗੁੱਜਰਾਂ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਸਮਝ ਸਕਦਾ।

ਐਮ.ਐਸ. ਚਾਂਦਲਾ ਦੀ ਇਸ ਧਾਰਨਾ ਵਿਚ ਵੀ ਦਮ ਹੈ ਕਿ ਬੰਦੇ ਨੇ ਗੁੱਜਰ ਬਹੁ-ਗਿਣਤੀ ਵਾਲੇ ਸ਼ਿਵਾਲਿਕ ਦੇ ਇਲਾਕੇ ਵਿਚ ਇਕ ਸਿੱਧੀ ਪਹਾੜੀ ਉੱਤੇ ਬਣੇ ਮੁਖਲਿਸਗੜ੍ਹ ਦੇ ਕਿਲ੍ਹੇ ਨੂੰ ਆਪਣੀ ਰਾਜਧਾਨੀ ਬਣਾ ਕੇ ਉਸ ਦਾ ਨਾਂ ਲੋਹਗੜ੍ਹ ਰੱਖ ਲਿਆ ਸੀ। ਇਹ ਵੀ ਜਦੋਂ ਮੁਗ਼ਲ ਫੌਜਾਂ ਦਾ ਦਬਾਅ ਵਧ ਜਾਂਦਾ ਸੀ ਤਾਂ ਉਹ ਪਿੱਛੇ ਹਟ ਕੇ ਸਿਰਮੌਰ, ਗੜ੍ਹਵਾਲ, ਜੰਮੂ ਆਦਿ ਦੇ ਪਰਬਤਾਂ ਵਿਚ ਲੋਪ ਹੋ ਜਾਂਦਾ ਸੀ। ਚੇਤੇ ਰਹੇ ਕਿ ਉਸ ਦੀਆਂ ਛੋਟੀਆਂ-ਵੱਡੀਆਂ ਲੜਾਈਆਂ ਨਾਂਦੇੜ ਤੋਂ ਦਿੱਲੀ ਅਤੇ ਰਾਜਸਥਾਨ ਰਾਹੀਂ ਲੰਘ ਕੇ ਸੋਨੀਪਤ, ਸਮਾਣਾ, ਕੈਥਲ, ਮੁਸਤਫ਼ਾਬਾਦ, ਕਪੂਰੀ, ਸਢੌਰਾ, ਛੱਤ, ਚਮਕੌਰ ਸਾਹਿਬ, ਸਰਹਿੰਦ, ਘੁਡਾਣੀ, ਪਾਇਲ, ਦਿਉਬੰਦ, ਚਲਾਲਾਬਾਦ, ਨਨੌਤਾ, ਬਟਾਲਾ, ਪਠਾਨਕੋਟ, ਕਲਾਨੌਰ, ਗੁਰਦਾਸਪੁਰ, ਰਾਹੋਂ ਤੇ ਸੁਲਤਾਨਪੁਰ ਲੋਧੀ ਤੱਕ ਹੀ ਸੀਮਤ ਨਹੀਂ ਸਨ। ਇਨ੍ਹਾਂ ਵਿਚ ਕਾਹਨੂੰਵਾਨ, ਮੰਡੀ ਤੇ ਚੰਬਾ ਵੀ ਸ਼ਾਮਲ ਸੀ। ਪਰ ਖਾਨਾਬਦੋਸ਼ ਤੇ ਗੁੱਜਰ ਬਿਰਤੀ ਦਾ ਮਾਲਕ ਹੋਣ ਕਾਰਨ ਉਸ ਨੇ ਕਿਸੇ ਵੀ ਖੇਤਰ ਜਾਂ ਪਰਗਣੇ ਉੱਤੇ ਆਪਣਾ ਹੱਕ ਨਹੀਂ ਜਮਾਇਆ, ਸਗੋਂ ਹਰ ਥਾਂ ਆਪਣੇ ਵੱਲੋਂ ਕਿਸੇ ਨਾ ਕਿਸੇ ਨੂੰ ਫੌ਼ਜਦਾਰ ਬਣਾ ਕੇ ਅੱਗੇ ਵਧਦਾ ਗਿਆ।

ਆਮ ਧਾਰਨਾ ਵੀ ਇਹੀਓ ਹੈ ਕਿ ਬੰਦਾ ਬਹਾਦਰ ਨੂੰ ਅੱਗੇ ਤੋਂ ਅੱਗੇ ਤੋਰੀ ਰੱਖਣ ਵਿਚ ਤਿੰਨ ਤਰ੍ਹਾਂ ਦੇ ਲੋਕਾਂ ਦਾ ਹੱਥ ਸੀ। ਉਸ ਦੇ ਅਨਿਨ ਭਗਤ ਸਭ ਤੋਂ ਅੱਗੇ ਹੁੰਦੇ ਸਨ, ਜਿਹੜੇ ਉਹਦੇ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਉਤਸੁਕ ਸਨ। ਉਨ੍ਹਾਂ ਵਾਂਗ ਹੀ ਤਤਪਰ ਉਹ ਲੋਕ ਸਨ, ਜਿਨ੍ਹਾਂ ਨੂੰ ਬੰਦਾ ਤਨਖਾਹਾਂ ਤੇ ਸਹੂਲਤਾਂ ਦਿੰਦਾ ਸੀ। ਕੁਝ ਅਜਿਹੇ ਲੋਕਾਂ ਦੇ ਨਾਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਦਾ ਮੂਲ ਮੰਤਵ ਕੇਵਲ ਤੇ ਕੇਵਲ ਲੁੱਟ-ਮਾਰ ਤੇ ਮਾਰ-ਧਾੜ ਹੋਵੇ।

ਕੁਝ ਵੀ ਹੋਵੇ ਐਮ.ਐਸ. ਚਾਂਦਲਾ ਦਾ ਮੱਤ ਹੈ ਕਿ ਸਾਨੂੰ ਬੰਦਾ ਬਹਾਦਰ ਦੇ ਜੀਵਨ ਤੇ ਪ੍ਰਾਪਤੀਆਂ ਨੂੰ ਜਾਤੀ ਤੇ ਧਾਰਮਿਕ ਸੀਮਾਵਾਂ ਵਿਚ ਸੀਮਤ ਕਰਨ ਦੀ ਥਾਂ ਤੇ ਸੰਕੀਰਣ ਦ੍ਰਿਸ਼ਟੀ ਤੋਂ ਉੱਚਾ ਉੱਠ ਕੇ ਵੇਖਣ ਦੀ ਲੋੜ ਹੈ। ‘‘ਬੰਦਾ ਅਜਿਹੇ ਉੱਚੇ ਧਰਾਤਲ ’ਤੇ ਬਿਰਾਜਮਾਨ ਹੈ, ਜਿੱਥੇ ਅਜਿਹੀਆਂ ਧਾਰਨਾਵਾਂ ਨਿਗੂਣੀਆਂ ਹੋ ਜਾਂਦੀਆਂ ਹਨ। ਚੜ੍ਹਦੀ ਜਵਾਨੀ ਦੇ ਦਿਨਾਂ ਤੋਂ ਹੀ ਉਸ ਦੀ ਤੀਬਰ ਲਾਲਸਾ, (ਭਾਵੇਂ ਉਹ ਕਿੱਥੇ ਵੀ ਅਤੇ ਕਿਵੇਂ ਵੀ ਰਿਹਾ) ਅਜਿਹਾ ਜੀਵਨ ਜਿਉਣ ਅਤੇ ਅਜਿਹੀ ਭਿਅੰਕਰ ਮੌਤ ਮਰਨ ਦੀ ਸੀ, ਜਿਸ ਦੀਆਂ ਕਿ ਆਉਣ ਵਾਲੀਆਂ ਨਸਲਾਂ ਵਾਰਾਂ ਗਾਉਣ ਅਤੇ ਉਹ ਆਪਣੇ ਦੇਸ਼ ਵਾਸੀਆਂ ਦੇ ਮਨਾਂ ਵਿਚ ਅਮਰ ਹੋ ਜਾਵੇ। ਆਪਣੇ ਜੀਵਨ ਦੇ ਸ਼ੁਰੂ ਤੋਂ ਹੀ ਬਹੁਤ ਦੁਖ ਤਕਲੀਫ਼ਾਂ ਦਾ ਸਾਹਮਣਾ ਕਰਨ ਕਰਕੇ ਉਹ ਆਪਣੇ ਬਾਅਦ ਦੇ ਜੀਵਨ ਵਿਚ ਸਰੀਰਕ ਦੁਖਾਂ ਅਤੇ ਮਾਨਸਿਕ ਕਸ਼ਟਾਂ ਤੋਂ ਉਪਰ ਉੱਠ ਗਿਆ ਸੀ। ਇਸੇ ਗੁਣ ਕਾਰਨ ਉਹ ਆਪਣੀ ਜ਼ਿੰਦਗੀ ਦੇ ਖੁਦ ਵੱਲੋਂ ਹੀ ਨਿਰਧਾਰਤ ਮਿਸ਼ਨ ਦੀ ਪ੍ਰਾਪਤ ਕਰਨ ਵਿਚ ਕਾਮਯਾਬ ਰਿਹਾ।

ਬੰਦਾ ਬਹਾਦਰ ਇਤਿਹਾਸ ਘਾੜਾ ਬਣਨਾ ਚਾਹੁੰਦਾ ਸੀ। ਇੱਕ ਚਟਾਨੀ ਇਰਾਦੇ ਵਾਲਾ ਸੱਚਾ ਸਮਾਜਵਾਦੀ। ਉਸ ਦੀ ਹਮਦਰਦੀ ਉਨ੍ਹਾਂ ਮਿਹਨਤਕਸ਼ ਮਜ਼ਦੂਰ ਜਮਾਤਾਂ ਨਾਲ ਸੀ, ਜਿਨ੍ਹਾਂ ਨੂੰ ਉੱਚ ਸ਼੍ਰੇਣੀ ਲੋਕਾਂ ਵੱਲੋਂ ਯੋਜਨਾਬੱਧ ਤਰੀਕੇ ਨਾਲ ਲੁੱਟਿਆ ਜਾਂਦਾ ਸੀ। ਅਜਿਹੇ ਲੋਕਾਂ ਦੇ ਦੁਖ ਹਰਨ ਲਈ ਅਤੇ ਉਨ੍ਹਾਂ ਵਿਚ ਸਵੈ-ਮਾਣ ਅਤੇ ਗੌਰਵ ਭਰਨ ਦੇ ਉਸ ਨੇ ਭਰਪੂਰ ਯਤਨ ਕੀਤੇ।’’

ਖੂਬੀ ਇਹ ਕਿ ਕੋਈ ਵੀ ਇਲਾਕਾ ਫ਼ਤਹਿ ਕਰਨ ਉਪਰੰਤ ਉਸ ਨੇ ਪਿੰਡਾਂ ਤੇ ਕਸਬਿਆਂ ਵਿਚ ਫੌ਼ਜਦਾਰ ਤੇ ਅਧਿਕਾਰੀ ਨਿਯੁਕਤ ਕਰਨ ਸਮੇਂ ਉਸ ਵਿਅਕਤੀ ਦੀ ਜਾਤ-ਪਾਤ, ਕੌਮ ਅਤੇ ਕੁਨਬੇ ਨੂੰ ਕੋਈ ਮਹੱਤਵ ਨਹੀਂ ਦਿੱਤਾ। ਉਹਦੇ ਲਈ ਉਸ ਵਿਅਕਤੀ ਦੀ ਖ਼ਾਲਸਾ ਪੰਥ ਪ੍ਰਤੀ ਵਫ਼ਾਦਾਰੀ ਅਤੇ ਸਭ ਨਾਲ ਬਰਾਬਰੀ ਵਾਲੇ ਸਲੂਕ ਦੀ ਸਹੁੰ ਹੀ ਮੁੱਖ ਯੋਗਤਾਵਾਂ ਸਨ। ਅਖੌਤੀ ਨੀਵੀਆਂ ਜਾਤਾਂ ਦੇ ਗ਼ਰੀਬ ਤੋਂ ਗ਼ਰੀਬ ਵਿਅਕਤੀਆਂ ਨੂੰ ਵੀ ਸਰਦਾਰੀਆਂ ਬਖ਼ਸ਼ੀਆਂ ਗਈਆਂ ਅਤੇ ਜਿਉਂ ਹੀ ਕਿਸੇ ਅਜਿਹੀ ਨਿਯੁਕਤੀ ਦੀ ਸਨਦ ਜਾਰੀ ਹੁੰਦੀ, ਸਭ ਵੱਡੇ-ਛੋਟੇ ਲਈ ਨਿਯੁਕਤ ਕੀਤੇ ਵਿਅਕਤੀ ਦਾ ਹੁਕਮ ਮੰਨਣਾ ਲਾਜ਼ਮੀ ਬਣ ਜਾਂਦਾ।

ਬੰਦਾ ਬਹਾਦਰ ਦੀਆਂ ਸੇਧਾਂ ਤੇ ਸਿਧਾਂਤ ਥੋੜ੍ਹ ਚਿਰੇ ਤੇ ਵਕਤੀ ਤਾਂ ਸਾਬਤ ਹੋਏ, ਪਰ ਐਮ.ਐਸ. ਚਾਂਦਲਾ ਅਨੁਸਾਰ ਪੰਜਾਬ ਦੇ ਕਿਰਸਾਨੀ ਵਿਦਰੋਹ ਨੂੰ ਜੋ ਦਿਸ਼ਾ ਅਤੇ ਦਸ਼ਾ ਉਸ ਨੇ ਦਿੱਤੀ, ਉਸ ਨਾਲ ਕਿਰਸਾਨਾਂ ਦੇ ਮਨਾਂ ਅੰਦਰ ਰਾਜ ਪ੍ਰਾਪਤੀ ਦੀ ਇੱਕ ਅਜਿਹੀ ਚਿੰਗਾੜੀ ਨੇ ਜਨਮ ਲਿਆ, ਜਿਸ ਨੂੰ ਮੁਗ਼ਲ ਹਕੂਮਤ ਦਾ ਜ਼ੁਲਮ ਵੀ ਬੁਝਾ ਨਾ ਸਕਿਆ। ਸਿੱਖਾਂ ਦੇ ਮੂੰਹ ਤਾਕਤ ਦਾ ਨਸ਼ਾ ਲੱਗ ਗਿਆ ਅਤੇ ਉਹ ਹੁਣ ਗ਼ੁਲਾਮੀ ਦਾ ਜੀਵਨ ਜਿਉਣ ਲਈ ਤਿਆਰ ਨਹੀਂ ਸਨ।

ਭਾਵੇਂ ਬੰਦਾ ਬਹਾਦਰ ਦੀ ਸ਼ਹੀਦੀ ਤੋਂ ਪਿੱਛੋਂ ਮੁਗ਼ਲ ਹਾਕਮਾਂ ਨੇ ਆਪਣੀ ਚੌਧਰ ਮੁੜ ਸਥਾਪਤ ਕਰਨ ਲਈ ਪੰਜਾਬ ਵਿਚ ਉੱਠੇ ਕਿਸਾਨ ਵਿਦਰੋਹ ਨੂੰ ਕੁਚਲ ਦਿੱਤਾ, ਪਰ ਜਿਉਂ ਹੀ ਨਾਦਿਰ ਸ਼ਾਹ ਅਤੇ ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਤੇ ਹੱਲੇ ਕਰ ਕੇ ਮੁਗ਼ਲ ਹਕੂਮਤ ਨੂੰ ਲਗਪਗ ਖ਼ਤਮ ਕਰ ਦਿੱਤਾ, ਸਿੱਖ ਇੱਕ ਤਰੋ-ਤਾਜ਼ਾ ਸ਼ਕਤੀ ਨਾਲ ਮੁੜ ਉੱਠੇ ਅਤੇ ਉਨ੍ਹਾਂ ਮੁਗ਼ਲਾਂ ਦੇ ਉੱਤਰ ਅਧਿਕਾਰੀਆਂ ਕੋਲੋਂ ਤਾਕਤ ਖੋਹ ਕੇ ਸਾਂਝਾ ਸਿੱਖ ਰਾਜ ਸਥਾਪਤ ਕਰ ਲਿਆ।

ਪਰ ਇਹ ਤਾਂ ਹੀ ਹੋ ਸਕਿਆ ਜੇ ਬੰਦੇ ਨੇ ਸਿੱਖਾਂ ਦੇ ਮਨਾਂ ਅੰਦਰ ਰਾਜਨੀਤਕ ਸ਼ਕਤੀ ਪ੍ਰਾਪਤ ਕਰਨ ਦੀ ਇੱਛਾ ਪੈਦਾ ਕਰਕੇ ਇਸ ਦਾ ਸਵਾਦ ਉਨ੍ਹਾਂ ਨੂੰ ਚਖਾ ਦਿੱਤਾ ਸੀ। ਇਹ ਵੀ ਸਿਖਾ ਦਿੱਤਾ ਕਿ ਕਿਵੇਂ ਖ਼ੂਨ ਦੇ ਦਰਿਆ ਤਰ ਕੇ ਆਪਣੀ ਹੋਣੀ ਦੇ ਆਪ ਮਾਲਕ ਬਣੀਦਾ ਹੈ। ਮਹਾਰਾਜਾ ਰਣਜੀਤ ਸਿੰਘ ਵੱਲੋਂ ਇੱਕ ਸੁਤੰਤਰ ਸਰਕਾਰੀ ਜ਼ੁਬਾਨ ਫ਼ਾਰਸੀ ਵਾਲਾ ਸਿੱਖ ਰਾਜ ਸਥਾਪਤ ਕਰਨਾ ਇਸ ਜਾਗ੍ਰਿਤੀ ਦੀ ਸਿਖਰ ਸੀ।

ਸ਼ਾਂਤੀ-ਕਾਲ ਹੋਵੇ ਜਾਂ ਯੁੱਧ-ਕਾਲ, ਰਾਜ ਕਰੇਗਾ ਖ਼ਾਲਸਾ ਦੀ ਅਭਿਲਾਸ਼ਾ ਨੂੰ ਬੰਦਾ ਬਹਾਦਰ ਨੇ ਬਲ ਵੀ ਪ੍ਰਦਾਨ ਕੀਤਾ ਤੇ ਦਿਸ਼ਾ ਵੀ। ਕਵੀਸ਼ਰ ਸੱਚ ਕਹਿੰਦੇ ਹਨ, ਉਹ ਲੋਹੇ ਦਾ ਸੁਹਾਗਾ ਸੀ।

ਬੰਦਾ ਬਹਾਦਰ ਜ਼ਿੰਦਾਬਾਦ !

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਫ਼ਸਲੀ ਕਰਜ਼ੇ, ਟਰੈਕਟਰ ਤੇ ਹੋਰ ਸੰਦਾਂ ਲਈ ਕਰਜ਼ਿਆਂ ਨੂੰ ਸਕੀਮ ਦੇ ਘੇਰੇ...

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

* ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਜਾਰੀ ਨਵੇਂ ਆਰਡੀਨੈਂਸ ਨੂੰ ‘ਬਦਲਾਲਊ’ ...

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਪ੍ਰਸ਼ਾਸਨ ਨੇ ਰਿਹਾਇਸ਼ ਦੇ ਬਾਹਰ ਟਰੱਕ ਖੜ੍ਹਾ ਕਰਕੇ ਰਾਹ ਰੋਕਿਆ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਮਾਂ ਦੇ ਗਰਭਵਤੀ ਹੋਣ ਦੀ ਭਿਣਕ ਪੈਣ ਮਗਰੋਂ ਦਿੱਤਾ ਵਾਰਦਾਤ ਨੂੰ ਅੰਜਾਮ, ...

ਸ਼ਹਿਰ

View All