ਡਿਜੀਟਲ ਦੁਨੀਆ ਦੇ ਅਦਿੱਖ ਸ਼ਿਕਾਰੀ
ਸੂਚਨਾ ਕ੍ਰਾਂਤੀ ਦੇ ਇਸ ਦੌਰ ਵਿੱਚ ਸਾਡਾ ਜੀਵਨ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਪੂਰੀ ਤਰ੍ਹਾਂ ਡਿਜੀਟਲ ਪਲੈਟਫਾਰਮਾਂ ਨਾਲ ਘਿਰਿਆ ਹੋਇਆ ਹੈ। ਸਵੇਰੇ ਉੱਠਦਿਆਂ ਹੀ ਖ਼ਬਰਾਂ ਦੇਖਣ ਤੋਂ ਲੈ ਕੇ ਰਾਤ ਨੂੰ ਖਾਣਾ ਆਰਡਰ ਕਰਨ ਤੱਕ, ਸਭ...
ਸੂਚਨਾ ਕ੍ਰਾਂਤੀ ਦੇ ਇਸ ਦੌਰ ਵਿੱਚ ਸਾਡਾ ਜੀਵਨ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਪੂਰੀ ਤਰ੍ਹਾਂ ਡਿਜੀਟਲ ਪਲੈਟਫਾਰਮਾਂ ਨਾਲ ਘਿਰਿਆ ਹੋਇਆ ਹੈ। ਸਵੇਰੇ ਉੱਠਦਿਆਂ ਹੀ ਖ਼ਬਰਾਂ ਦੇਖਣ ਤੋਂ ਲੈ ਕੇ ਰਾਤ ਨੂੰ ਖਾਣਾ ਆਰਡਰ ਕਰਨ ਤੱਕ, ਸਭ ਕੁਝ ਇੱਕ ਕਲਿੱਕ ਦੀ ਦੂਰੀ ’ਤੇ ਹੈ ਪਰ ਇਸ ਸੁਵਿਧਾਜਨਕ ਪਰਦੇ ਦੇ ਪਿੱਛੇ ਇੱਕ ਅਜਿਹੀ ਹਨੇਰੀ ਦੁਨੀਆ ਵੀ ਹੈ, ਜਿਸ ਬਾਰੇ ਅਸੀਂ ਅਕਸਰ ਸੋਚ ਵੀ ਨਹੀਂ ਸਕਦੇ ਜਾਂ ਫਿਰ ਅਕਸਰ ਹੀ ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ। ਜਿਸ ਤਕਨੀਕ ਨੇ ਸਾਨੂੰ ਇਹ ਅਸੀਮ ਸਹੂਲਤਾਂ ਦਿੱਤੀਆਂ ਹਨ, ਉਸੇ ਨੇ ਹੀ ਬੇਹੱਦ ਗੁੰਝਲਦਾਰ ਅਤੇ ਖ਼ਤਰਨਾਕ ਅਪਰਾਧਾਂ ਲਈ ਵੀ ਰਾਹ ਪੱਧਰਾ ਕਰ ਦਿੱਤਾ ਹੈ। ਇਹ ਅਪਰਾਧ ਹੁਣ ਸਿਰਫ਼ ਕਿਸੇ ਵਾਇਰਸ ਜਾਂ ਅਕਾਊਂਟ ਹੈਕਿੰਗ ਤੱਕ ਸੀਮਤ ਨਹੀਂ ਰਹੇ ਸਗੋਂ ਇਹ ਸਾਡੀ ਹਕੀਕਤ ਅਤੇ ਸਾਡੀ ਮਾਨਸਿਕਤਾ ਨਾਲ ਖਿਲਵਾੜ ਵੀ ਕਰ ਰਹੇ ਹਨ।
ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ/ ਮਸਨੂਈ ਬੁੱਧੀ) ਅਤੇ ਮਾਨਸਿਕ ਗ਼ੁਲਾਮੀ
ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਇੱਕ ਦੋ-ਧਾਰੀ ਤਲਵਾਰ ਹੈ, ਜਿੱਥੇ ਸਾਡਾ ਨਿੱਜੀ ਡੇਟਾ ਇਸ ਤਕਨੀਕ ਲਈ ਤੇਲ ਵਾਂਗ ਕੰਮ ਕਰਦਾ ਹੈ। ਜਿਵੇਂ ਇੱਕ ਸ਼ਕਤੀਸ਼ਾਲੀ ਇੰਜਣ ਬਿਨਾਂ ਤੇਲ ਤੋਂ ਸਿਰਫ਼ ਲੋਹੇ ਦਾ ਢੇਰ ਹੈ, ਉਸੇ ਤਰ੍ਹਾਂ ਏ ਆਈ ਸਾਡੀ ਹਰ ਪਸੰਦ, ਕਲਿੱਕ ਅਤੇ ਖੋਜ ਤੋਂ ਸਿੱਖ ਕੇ ਹੋਰ ਵੀ ਸਮਝਦਾਰ ਅਤੇ ਤਾਕਤਵਰ ਬਣ ਰਹੀ ਹੈ। ਇਸ ਪ੍ਰਕਿਰਿਆ ਦਾ ਸਭ ਤੋਂ ਖ਼ਤਰਨਾਕ ਪਹਿਲੂ ‘ਮਾਨਸਿਕ ਗ਼ੁਲਾਮੀ’ ਹੈ। ਜਦੋਂ ਅਸੀਂ ਆਪਣੇ ਜੀਵਨ ਦੇ ਹਰ ਛੋਟੇ-ਵੱਡੇ ਫ਼ੈਸਲੇ, ਚਾਹੇ ਉਹ ਰਾਹ ਚੁਣਨਾ ਹੋਵੇ, ਕੀ ਖਾਣਾ ਹੈ ਜਾਂ ਕਿਹੜੀ ਫਿਲਮ ਦੇਖਣੀ ਹੈ, ਮਸ਼ੀਨ ਦੇ ਸੁਝਾਵਾਂ ’ਤੇ ਛੱਡ ਦਿੰਦੇ ਹਾਂ ਤਾਂ ਹੌਲੀ-ਹੌਲੀ ਸਾਡੀ ਫ਼ੈਸਲਾ ਲੈਣ ਦੀ ਸਮਰੱਥਾ ਕਮਜ਼ੋਰ ਹੋਣ ਲੱਗਦੀ ਹੈ। ਅਸੀਂ ਮਸ਼ੀਨ ਦੇ ਸੁਝਾਵਾਂ ਦੇ ਇੰਨੇ ਆਦੀ ਹੋ ਜਾਂਦੇ ਹਾਂ ਕਿ ਸਮੇਂ ਦੇ ਨਾਲ ਆਪਣੀ ਸੂਝ-ਬੂਝ ’ਤੇ ਭਰੋਸਾ ਕਰਨਾ ਛੱਡ ਦਿੰਦੇ ਹਾਂ, ਜਿਸ ਨਾਲ ਸਾਨੂੰ ਗੁੰਮਰਾਹ ਕਰਨਾ ਬਹੁਤ ਸੌਖਾ ਹੋ ਜਾਂਦਾ ਹੈ।
ਬਣਾਵਟੀ ਹਕੀਕਤ ਅਤੇ ਡੀਪਫੇਕ ਦਾ ਖ਼ਤਰਾ
ਅੱਜ ਦੇ ਦੌਰ ਵਿੱਚ ‘ਬਣਾਵਟੀ ਹਕੀਕਤ’ (Manufactured Reality) ਇੱਕ ਵੱਡਾ ਖ਼ਤਰਾ ਬਣ ਕੇ ਉੱਭਰ ਰਹੀ ਹੈ, ਜਿੱਥੇ ਅਸੀਂ ਆਪਣੀਆਂ ਅੱਖਾਂ ਅਤੇ ਕੰਨਾਂ ’ਤੇ ਵੀ ਭਰੋਸਾ ਨਹੀਂ ਕਰ ਸਕਦੇ। ‘ਡੀਪਫੇਕ’ ਤਕਨੀਕ ਰਾਹੀਂ ਏ ਆਈ ਦੀ ਵਰਤੋਂ ਕਰਕੇ ਕਿਸੇ ਵੀ ਵਿਅਕਤੀ ਦੀ ਆਵਾਜ਼ ਜਾਂ ਤਸਵੀਰ ਦੀ ਹੂ-ਬ-ਹੂ ਨਕਲ ਤਿਆਰ ਕੀਤੀ ਜਾ ਸਕਦੀ ਹੈ। ਅਪਰਾਧੀ ਇਸ ਦੀ ਵਰਤੋਂ ਹੁਣ ਏ ਆਈ ਜੈਨਰੇਟਿਡ ਸਮੱਗਰੀ ਤਹਿਤ ਇੱਕ ਸੋਚੇ-ਸਮਝੇ ਬਿਜ਼ਨਸ ਮਾਡਲ ਵਾਂਗ ਇਸਤੇਮਾਲ ਕਰ ਰਹੇ ਹਨ। ਲੋਕਾਂ ਦੀਆਂ ਫਰਜ਼ੀ ਇਤਰਾਜ਼ਯੋਗ ਵੀਡੀਓਜ਼ ਬਣਾ ਕੇ ਉਨ੍ਹਾਂ ਤੋਂ ਮੋਟੀ ਰਕਮ ਵਸੂਲਣਾ ਹੁਣ ਇੱਕ ਸੰਗਠਿਤ ਅਪਰਾਧ ਬਣ ਚੁੱਕਿਆ ਹੈ।
ਇਸੇ ਤਰ੍ਹਾਂ ‘ਡਿਜੀਟਲ ਅਰੈਸਟ’ ਰਾਹੀਂ ਲੋਕਾਂ ਨੂੰ ਮਨੋਵਿਗਿਆਨਕ ਤੌਰ ’ਤੇ ਬੰਧਕ ਬਣਾਇਆ ਜਾਂਦਾ ਹੈ। ਅਪਰਾਧੀ ਪੁਲੀਸ ਜਾਂ ਕਿਸੇ ਜਾਂਚ ਏਜੰਸੀ ਦੇ ਅਧਿਕਾਰੀ ਬਣ ਕੇ ਵੀਡੀਓ ਕਾਲ ਕਰਦੇ ਹਨ ਅਤੇ ਡਰ, ਇਕੱਲਤਾ ਤੇ ਅਧਿਕਾਰ ਦੇ ਭਰਮ ਦੀ ਵਰਤੋਂ ਕਰਕੇ ਪੀੜਤ ਨੂੰ ਘੰਟਿਆਂ ਤੱਕ ਕੈਮਰੇ ਸਾਹਮਣੇ ਰਹਿਣ ਲਈ ਮਜਬੂਰ ਕਰ ਦਿੰਦੇ ਹਨ। ਉਹ ਪੀੜਤ ਨੂੰ ਕਿਸੇ ਹੋਰ ਨਾਲ ਗੱਲ ਕਰਨ ਤੋਂ ਸਖ਼ਤੀ ਨਾਲ ਮਨ੍ਹਾਂ ਕਰਦੇ ਹਨ, ਜਿਸ ਨਾਲ ਪੀੜਤ ਮਾਨਸਿਕ ਦਬਾਅ ਹੇਠ ਆ ਕੇ ਖ਼ੁਦ ਕੋਈ ਫ਼ੈਸਲਾ ਲੈਣ ਦੀ ਥਾਂ ਉਨ੍ਹਾਂ ਦੇ ਦੱਸੇ ਉਪਾਅ ਤਹਿਤ ਪੈਸੇ ਟਰਾਂਸਫਰ ਕਰਨ ਵਰਗੇ ਕਦਮ ਚੁੱਕ ਲੈਂਦਾ ਹੈ। ਥੋੜ੍ਹੇ ਦਿਨ ਪਹਿਲਾਂ ਦਿੱਲੀ ਦੇ ਇੱਕ ਬਜ਼ੁਰਗ ਜੋੜੇ ਨੂੰ ਡਰਾ ਧਮਕਾ ਕੇ ਡਿਜੀਟਲ ਨੌਸਰਬਾਜ਼ਾਂ ਨੇ ਕਰੋੜਾਂ ਰੁਪਏ ਠੱਗ ਲਏ। ਇਸ ਬਜ਼ੁਰਗ ਜੋੜੇ ਦੇ ਬੱਚੇ ਅਮਰੀਕਾ ’ਚ ਵਸਦੇ ਹਨ ਤੇ ਇਹ ਦੋਵੇਂ ਜੀਅ ਦਿੱਲੀ ਵਿੱਚ ਇਕੱਲੇ ਰਹਿੰਦੇ ਹਨ। ਹਾਲਾਂਕਿ ਠੱਗਾਂ ਦੀਆਂ ਧਮਕੀਆਂ ਬਾਰੇ ਪਹਿਲਾਂ ਹੀ ਪੁਲੀਸ ਨੂੰ ਸੂਚਿਤ ਨਾ ਕਰਨ ਨੂੰ ਇਨ੍ਹਾਂ ਦੋਵਾਂ ਨੇ ਆਪਣੀ ਸਭ ਤੋਂ ਵੱਡੀ ਗ਼ਲਤੀ ਮੰਨਿਆ, ਪਰ ਵੇਲਾ ਵਿਹਾਅ ਜਾਣ ਕਾਰਨ ਇਨ੍ਹਾਂ ਦੋਵੇਂ ਪੱਲੇ ਕੁਝ ਨਾ ਰਿਹਾ। ਫਿਰ ਵੀ ਇਨ੍ਹਾਂ ਦੋਵਾਂ ਦੀ ਉਦਾਹਰਣ ਹੋਰਾਂ ਲਈ ਸਬਕ ਬਣ ਸਕਦੀ ਹੈ।
ਸਾਡੀ ਜੇਬ ਵਿੱਚ ਮੌਜੂਦ ‘ਅਦਿੱਖ ਜਾਸੂਸ’
ਸਾਡਾ ਫੋਨ ਹੀ ਸਾਡੇ ਖ਼ਿਲਾਫ਼ ਇੱਕ ਅਦਿੱਖ ਜਾਸੂਸ ਵਜੋਂ ਕੰਮ ਕਰ ਰਿਹਾ ਹੈ। ਸਾਡੇ ਫੋਨ ਵਿੱਚ ਮੌਜੂਦ ਦਰਜਨਾਂ ਐਪਲੀਕੇਸ਼ਨਾਂ ਬੈਕਗ੍ਰਾਊਂਡ ਵਿੱਚ ਮਾਈਕ੍ਰੋਫੋਨ ਦੀ ਵਰਤੋਂ ਕਰਕੇ ਸਾਡੀ ਨਿੱਜੀ ਗੱਲਬਾਤ ਸੁਣਦੀਆਂ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਜਿਸ ਬ੍ਰਾਂਡ ਜਾਂ ਚੀਜ਼ ਬਾਰੇ ਅਸੀਂ ਸਿਰਫ਼ ਆਪਣੇ ਦੋਸਤਾਂ ਨਾਲ ਗੱਲ ਕੀਤੀ ਹੁੰਦੀ ਹੈ, ਉਸੇ ਦੇ ਇਸ਼ਤਿਹਾਰ ਸਾਡੇ ਸੋਸ਼ਲ ਮੀਡੀਆ ਅਕਾਊਂਟ ’ਤੇ ਦਿਸਣ ਲੱਗਦੇ ਹਨ। ਇਸ ਤੋਂ ਇਲਾਵਾ, ਆਮ ਲੱਗਣ ਵਾਲੀਆਂ ਲਾਪਰਵਾਹੀਆਂ, ਜਿਵੇਂ ਕਿ ਕਿਸੇ ਦੁਕਾਨ ’ਤੇ ਆਧਾਰ ਕਾਰਡ ਦੀ ਫੋਟੋਕਾਪੀ ਦੇਣਾ ਜਾਂ ਔਨਲਾਈਨ ਭੁਗਤਾਨ ਵੇਲੇ ਪਬਲਿਕ ਵਾਈ-ਫਾਈ ਦੀ ਵਰਤੋਂ ਕਰਨਾ, ਕਿਸੇ ਨੂੰ ਵੀ ਵਿੱਤੀ ਤੌਰ ’ਤੇ ਬਰਬਾਦ ਕਰਨ ਲਈ ਕਾਫ਼ੀ ਹਨ।
ਬਚਾਅ ਦਾ ਰਾਹ: ਜਾਗਰੂਕਤਾ ਅਤੇ ਨਵੀਂ ਜੀਵਨ ਸ਼ੈਲੀ
ਇਸ ਜਾਲ ਤੋਂ ਬਚਣ ਦਾ ਹੱਲ ਕਿਸੇ ਨਵੇਂ ਐਂਟੀ-ਵਾਇਰਸ ਸੌਫਟਵੇਅਰ ਵਿੱਚ ਨਹੀਂ ਸਗੋਂ ਸਾਡੀ ਮਾਨਸਿਕਤਾ ਦੀ ਬੁਨਿਆਦੀ ਤਬਦੀਲੀ ਵਿੱਚ ਹੈ। ਸੁਰੱਖਿਆ ਹੁਣ ਕਿਸੇ ਤਕਨੀਕ ਨਾਲ ਨਹੀਂ ਸਗੋਂ ਸਾਵਧਾਨੀ ਨਾਲ ਆਵੇਗੀ। ਸਾਨੂੰ ‘ਸਾਵਧਾਨੀ, ਸ਼ੱਕ ਅਤੇ ਤਸਦੀਕ’ ਦੀ ਇੱਕ ਨਵੀਂ ਜੀਵਨ ਸ਼ੈਲੀ ਅਪਣਾਉਣ ਦੀ ਲੋੜ ਹੈ। ਇੰਟਰਨੈੱਟ ’ਤੇ ਦੇਖੀ ਜਾਂ ਸੁਣੀ ਹਰ ਚੀਜ਼ ’ਤੇ ਤੁਰੰਤ ਵਿਸ਼ਵਾਸ ਕਰਨ ਦੀ ਥਾਂ ਉਸ ਨੂੰ ਚੰਗੀ ਤਰ੍ਹਾਂ ਘੋਖਣ ਅਤੇ ਉਸ ਪਿਛਲੇ ਅਸਲੀ ਉਦੇਸ਼ ਬਾਰੇ ਸਵਾਲ ਪੁੱਛਣ ਦੀ ਆਦਤ ਪਾਉਣੀ ਚਾਹੀਦੀ ਹੈ।
ਸਾਨੂੰ ਆਪਣੇ ਡੇਟਾ ਦੇ ਰਾਖੇ ਖ਼ੁਦ ਬਣਨਾ ਪਵੇਗਾ। ਕਿਸੇ ਵੀ ਐਪ ਨੂੰ ਆਪਣੀ ਲੋਕੇਸ਼ਨ, ਸੰਪਰਕ ਜਾਂ ਨਿੱਜੀ ਜਾਣਕਾਰੀ ਦੀ ਪਹੁੰਚ ਦੇਣ ਤੋਂ ਪਹਿਲਾਂ ਦਸ ਵਾਰ ਸੋਚਣਾ ਚਾਹੀਦਾ ਹੈ। ਇੰਟਰਨੈੱਟ ਕਦੇ ਸੌਂਦਾ ਨਹੀਂ ਅਤੇ ਕਦੇ ਕੁਝ ਭੁੱਲਦਾ ਨਹੀਂ; ਇੱਕ ਵਾਰ ਕੋਈ ਚੀਜ਼ ਔਨਲਾਈਨ ਚਲੀ ਗਈ ਤਾਂ ਉਸ ਨੂੰ ਪੂਰੀ ਤਰ੍ਹਾਂ ਹਟਾਉਣਾ ਲਗਪਗ ਅਸੰਭਵ ਹੈ। ਤੁਹਾਡਾ ਇੱਕ ਗ਼ਲਤ ਕਲਿੱਕ ਤੁਹਾਡੇ ਸਨਮਾਨ ਅਤੇ ਉਮਰ ਭਰ ਦੀ ਮਿਹਨਤ ਦੀ ਕਮਾਈ ਦਾ ਭਵਿੱਖ ਤੈਅ ਕਰ ਸਕਦਾ ਹੈ। ਇਸ ਡਿਜੀਟਲ ਯੁੱਗ ਵਿੱਚ ਏ ਆਈ, ਡੀਪਫੇਕ ਅਤੇ ਮਾਨਸਿਕ ਗ਼ੁਲਾਮੀ ਦਾ ਖ਼ਤਰਾ ਇੱਕ ਤਰ੍ਹਾਂ ਦਾ ਯੁੱਧ ਹੈ, ਜਿਸ ਬਾਰੇ ਤੁਹਾਡੀ ਜਾਗਰੂਕਤਾ ਹੀ ਤੁਹਾਡਾ ਸਭ ਤੋਂ ਵੱਡਾ ਅਤੇ ਪ੍ਰਭਾਵਸ਼ਾਲੀ ਹਥਿਆਰ ਹੈ।
ਸੰਪਰਕ: 95011-01818

