ਕੌਮਾਂਤਰੀ ਫਿਲਮ ਮੇਲਾ ਸ਼ੁਰੂ
ਕਸ਼ਮੀਰ ਵਿੱਚ ਫਿਲਮ ਸੱਭਿਆਚਾਰ ਨੂੰ ਸੁਰਜੀਤ ਕਰਨ ਲਈ ਤਿੰਨ ਰੋਜ਼ਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਸ਼ੁਰੂ ਹੋ ਗਿਆ ਹੈ। ਦਿ ਇੰਟਰਨੈਸ਼ਨਲ ਫਿਲਮ ਫੈਸਟੀਵਲ ਸ੍ਰੀਨਗਰ (ਟੀ ਆਈ ਐੱਫ ਐੱਫ ਐੱਸ) ਵੋਮੇਧ ਸਮੂਹ ਵੱਲੋਂ ਸੱਭਿਆਚਾਰ ਭਾਈਵਾਲ ਵਜੋਂ ਕਰਵਾਇਆ ਜਾ ਰਿਹਾ ਹੈ ਜਿਸ ਦਾ ਉਦੇਸ਼ ਫਿਲਮ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਅਤੇ ਘਾਟੀ ਦੇ ਨੌਜਵਾਨਾਂ ਨੂੰ ਇਕ ਮੰਚ ਮੁਹੱਈਆ ਕਰਵਾਉਣਾ ਹੈ। ਜ਼ਿਕਰਯੋਗ ਹੈ ਕਿ ਵੋਮੇਧ ਗਰੁੱਪ ਇੰਟਰਨੈਸ਼ਨਲ ਫਿਲਮ ਫੈਸਟੀਵਲ ਸ੍ਰੀਨਗਰ ਕਰਵਾਉਂਦਾ ਹੈ। ਇਸ ਦਾ ਉਦੇਸ਼ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਤੇ ਫਿਲਮ ਨਿਰਮਾਣ ਲਈ ਮੰਚ ਮੁਹੱਈਆ ਕਰਵਾਉਣਾ ਹੈ। ਫਿਲਮ ਫੈਸਟੀਵਲ ਦੌਰਾਨ ਸਿਨੇਮਾ ਤੋਂ ਪ੍ਰੇਰਿਤ ਵਿਦਿਆਰਥੀਆਂ ਵੱਲੋਂ ਬਣਾਈਆਂ ਕੌਮਾਂਤਰੀ ਅਤੇ ਸਥਾਨਕ ਫਿਲਮਾਂ ਸਥਾਨਕ ਟੈਗੋਰ ਹਾਲ ਵਿੱਚ ਦਿਖਾਈਆਂ ਜਾਣਗੀਆਂ। ਫੈਸਟੀਵਲ ਦੇ ਪਹਿਲੇ ਦਿਨ ਕੁਝ ਵਿਦਿਆਰਥੀਆਂ ਵੱਲੋਂ ਬਣਾਈਆਂ ਕਲਾ ਆਧਾਰਤ ਫਿਲਮਾਂ ਨੇ ਨੌਜਵਾਨਾਂ ਨੂੰ ਕੀਲ ਕੇ ਰੱਖ ਦਿੱਤਾ, ਜੋ ਫਿਲਮ ਨਿਰਮਾਣ ਵਿੱਚ ਘਾਟੀ ਦੇ ਨੌਜਵਾਨਾਂ ਵਿੱਚ ਜਨੂੰਨ ਨੂੰ ਦਰਸਾਉਂਦਾ ਹੈ। ਇਸ ਦੌਰਾਨ ਨੌਜਵਾਨਾਂ ਨੂੰ ਫਿਲਮ ਸੱਭਿਆਚਾਰ ਨਾਲ ਜੋੜਨ ਲਈ ਕੁਝ ਕੌਮਾਂਤਰੀ ਲਘੂ ਫਿਲਮਾਂ ਵੀ ਦਿਖਾਈਆਂ ਗਈਆਂ। ਵਿਦਿਆਰਥਣ ਨਿਬਾਹ ਫਾਤਿਮਾ ਨੇ ਕਿਹਾ, ‘‘ਫਿਲਮ ਫੈਸਟੀਵਲ ਹਰੇਕ ਵਿਅਕਤੀ ਲਈ ਇਕ ਸ਼ਾਨਦਾਰ ਮੌਕਾ ਹੈ। ਮੈਂ ਇੱਥੇ ਆ ਕੇ ਬਹੁਤ ਖੁਸ਼ ਹਾਂ। ਆਮ ਤੌਰ ’ਤੇ ਸਾਨੂੰ ਪੜ੍ਹਾਈ ਦੌਰਾਨ ਆਰਾਮ ਨਹੀਂ ਮਿਲਦਾ। ਇਸ ਲਈ ਅਜਿਹੀਆਂ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਮਹੱਤਵਪੂਰਨ ਹੁੰਦੀਆਂ ਹਨ।’’ ਜ਼ਿਕਰਯੋਗ ਹੈ ਕਿ ਫੈਸਟੀਵਲ ਵਿੱਚ 20 ਦੇਸ਼ਾਂ ਦੀਆਂ 100 ਫਿਲਮਾਂ ਰਜਿਸਟਰ ਕੀਤੀਆਂ ਗਈਆਂ ਸਨ, ਜਿਨ੍ਹਾਂ ’ਚੋਂ 30 ਨੂੰ ਸਕ੍ਰੀਨਿੰਗ ਲਈ ਚੁਣਿਆ ਗਿਆ ਹੈ।
