ਮਨੁੱਖ ਦੀ ਮਾਨਸਿਕ ਬਣਤਰ ਤੇ ਬੌਧਿਕ ਲੁੱਟ

ਮਨੁੱਖ ਦੀ ਮਾਨਸਿਕ ਬਣਤਰ ਤੇ ਬੌਧਿਕ ਲੁੱਟ

ਡਾ. ਵਿਨੋਦ ਕੁਮਾਰ

ਵਿਚਾਰ ਚਰਚਾ

ਵਿਚਾਰ’ ਪੈਦਾ ਹੋਣ ਤੋਂ ਲੈ ਕੇ ਇਸ ਦੇ ‘ਵਿਚਾਰਧਾਰਾ’ ਵਿਚ ਵਟਣ ਤੱਕ ਇਸ ਨੂੰ ਬਹੁਤ ਸਾਰੇ ਵਿਚੋਲੀਏ ਤੱਥਾਂ ਵਿਚੋਂ ਗੁਜ਼ਰਨਾ ਪੈਂਦਾ ਹੈ ਜਿਸ ਵਿਚ ਦਮਨਕਾਰੀ ਤੰਤਰ ਅਕਸਰ ਸਿੱਧੇ-ਅਸਿੱਧੇ ਰੂਪ ਵਿਚ ਅਹਿਮ ਭੂਮਿਕਾ ਨਿਭਾਉਂਦਿਆਂ ਸਾਡੀ ਵਿਚਾਰ ਕਰਨ ਦੀ ਯੋਗਤਾ ਨੂੰ ਅਪਾਹਜ ਬਣਾ ਦਿੰਦਾ ਹੈ। ਮਨੁੱਖ ਸਵੈ-ਨਿਰਭਰ ਵਿਚਾਰਸ਼ੀਲ ਹੋਣ ਦੀ ਬਜਾਏ ਪ੍ਰਚਲਿਤ ਵਿਚਾਰਧਾਰਾ ਦਾ ਉਪਭੋਗੀ ਤੇ ਹਿੱਸੇਦਾਰ ਬਣ ਜਾਂਦਾ ਹੈ। ਫਰਾਂਸੀਸੀ ਵਿਦਵਾਨ ਲੁਈ ਆਲਥੂਸੇਅ ਆਪਣੇ ਪ੍ਰਸਿੱਧ ਲੇਖ ‘ਵਿਚਾਰਧਾਰਾ ਅਤੇ ਵਿਚਾਰਧਾਰਕ ਸਟੇਟ ਐਪਰੇਟਸ’ ਵਿਚ ਲਿਖਦਾ ਹੈ ਕਿ ਵਿਚਾਰਧਾਰਾ ਰਾਹੀਂ ਮਨੁੱਖ ਦਾ ਆਪਣੀਆਂ ਜੀਵਨ ਹਾਲਤਾਂ ਨਾਲ ਕਲਪਿਤ ਰਿਸ਼ਤਾ ਬਣ ਜਾਂਦਾ ਹੈ ਜਿਸ ਵਿਚ ਉਸ ਨੂੰ ‘ਸਭ ਅੱਛਾ’ ਮਹਿਸੂਸ ਹੁੰਦਾ ਹੈ। ਇਸ ਤਰ੍ਹਾਂ ਵਿਚਾਰਧਾਰਕ ਮਨੁੱਖ ਅਕਸਰ ਮਹਿਸੂਸ ਕਰਦਾ ਹੈ ਕਿ ‘ਮੇਰੀ ਤਾਂ ਜੀ ਆਪਣੀ ਸੋਚ ਹੈ’, ‘ਆਪਣੀ ਵੱਖਰੀ ਵਿਚਾਰਧਾਰਾ ਹੈ’, ‘ਆਪਾਂ ਤਾਂ ਜੀ ਆਪਣੀ ਮਰਜ਼ੀ ਅਨੁਸਾਰ ਸੋਚਦੇ ਤੇ ਜਿਉਂਦੇ ਹਾਂ’ ਆਦਿ। ਪਰ ਅਸੀਂ ਇਸ ਤਰ੍ਹਾਂ ਮਹਿਸੂਸ ਕਰਦਿਆਂ ਤੇ ਵਿਵਹਾਰ ਕਰਦਿਆਂ ਅਕਸਰ ਬਹੁਤੀ ਵਾਰ ਦਮਨਕਾਰੀ ਤੰਤਰ ਦੀ ਹੀ ਪ੍ਰੋੜ੍ਹਤਾ ਕਰ ਰਹੇ ਹੁੰਦੇ ਹਾਂ।

ਇਟਾਲੀਅਨ ਫਿਲਾਸਫ਼ਰ ਅੰਤੋਨੀਓ ਗਰਾਮਸ਼ੀ ਆਪਣੀਆਂ ਪਰੀਜ਼ਨ ਨੋਟਬੁਕਸ ਵਿਚ ਲਿਖਦਾ ਹੈ ਕਿ ਦਮਨਕਾਰੀ ਤੰਤਰ ‘ਸਿਵਲ ਸਮਾਜ’ ਅਤੇ ‘ਰਾਜਨੀਤਿਕ ਸਮਾਜ’ ਰਾਹੀਂ ਆਪਣਾ ਸ਼ਾਸਨ ਚਲਾਉਂਦਾ ਹੈ। ਸਿਵਲ ਸਮਾਜ ਵਿਚ ਸਾਡਾ ਪਰਿਵਾਰ, ਧਰਮ, ਵਿੱਦਿਅਕ ਸੰਸਥਾਵਾਂ, ਸਭਿਆਚਾਰ ਆਦਿ ਕਾਰਜਸ਼ੀਲ ਹਨ ਅਤੇ ਰਾਜਨੀਤਿਕ ਸਮਾਜ ਵਿਚ ਪ੍ਰਸ਼ਾਸਨਿਕ ਵਿਵਸਥਾ ਜਿਵੇਂ ਪੁਲੀਸ, ਫ਼ੌਜ, ਕਾਨੂੰਨ ਆਦਿ। ਸਿਵਲ ਸਮਾਜ ਵਿਚ ਅਸਿੱਧੇ ਰੂਪ ਵਿਚ ਸਾਡੀ ਬੌਧਿਕਤਾ ਨੂੰ ਖੁੰਢਾ ਕੀਤਾ ਜਾਂਦਾ ਹੈ। ਵਿਅਕਤੀ ਨੂੰ ਅਗਾਂਹਵਧੂ ਮਨੁੱਖ ਦੀ ਥਾਂ ਰੂੜ੍ਹੀਵਾਦੀ ਤੇ ਸੀਮਿਤ ਸਮਝ ਵਾਲਾ ਮਨੁੱਖ ਬਣਨ ਲਈ ਪ੍ਰੇਰਿਆ ਜਾਂਦਾ ਹੈ। ਦਮਨਕਾਰੀ ਰਾਜਨੀਤਿਕ ਸਮਾਜ ਵਿਚ ਸਿੱਧੇ ਦਮਨ ਰਾਹੀਂ ਬੌਧਿਕ ਤੇ ਸਰੀਰਕ ਗ਼ੁਲਾਮਾਂ ਨੂੰ ਸਿਰਜਿਆ ਜਾਂਦਾ ਹੈ। ਇੱਥੇ ਇਨ੍ਹਾਂ ਦੋਵੇਂ ਦਮਨਕਾਰੀ ਸਾਧਨਾਂ ਵਿਚ ਇਕ ਵਖਰੇਵਾਂ ਹੈ: ਰਾਜਨੀਤਿਕ ਸਮਾਜ ਵਿਚ ਸਿੱਧਾ ਸਿਸਟਮ ਨੂੰ ਤੁਹਾਡੇ ਉਪਰ ਜ਼ਬਰਦਸਤੀ ਥੋਪਿਆ ਜਾਂਦਾ ਹੈ, ਪਰ ਸਿਵਲ ਸਮਾਜ ਵਿਚ ਤੁਹਾਨੂੰ ਸਹਿਮਤ ਕਰਦਿਆਂ ਚਲਾਕੀ ਨਾਲ ਗ਼ੁਲਾਮ ਬਣਾਇਆ ਜਾਂਦਾ ਹੈ।

ਹੁਣ ਦੋ ਮੁੱਖ ਸਵਾਲ ਉੱਭਰਦੇ ਹਨ: ਪਹਿਲਾ, ਜੇਕਰ ਸਾਡੀ ਬੌਧਿਕਤਾ ਇੰਨੀ ਨਿਰਧਾਰਿਤ ਹੈ ਤਾਂ ਕੀ ਸਾਡੇ ਕੋਲ ਸੋਚਣ ਸਮਝਣ ਲਈ ਕੋਈ ਸਪੇਸ ਹੈ? ਦੂਸਰਾ, ਇਹ ਦਮਨਕਾਰੀ ਤੰਤਰ ਕੀ ਹੈ ਤੇ ਕੌਣ ਚਲਾਉਂਦਾ ਹੈ? ਪਹਿਲੇ ਸਵਾਲ ਦਾ ਜਵਾਬ ਤਦ ਹੀ ਮਿਲ ਜਾਂਦਾ ਹੈ ਜਦੋਂ ਅਸੀਂ ਆਪਣੀ ਹੀ ਸੋਚ, ਵਿਚਾਰਧਾਰਾ, ਜਾਂ ਬੌਧਿਕਤਾ ਨੂੰ ਖ਼ੁਦ ਪ੍ਰਸ਼ਨ ਕਰਦੇ ਹਾਂ ਤੇ ਪੜਤਾਲਦੇ ਹਾਂ, ਭਾਵ ਅਸੀਂ ਦਮਨਕਾਰੀ ਹਾਲਾਤ ਵਿਚ ਵੀ ਇਸ ਦੀ ਮਾਰ ਤੋਂ ਬਚਦਿਆਂ ਇਕ ਵਿੱਥ ’ਤੇ ਖੜ੍ਹ ਕੇ ਇਸ ਦਾ ਵਿਸ਼ਲੇਸ਼ਣ ਕਰਦੇ ਹਾਂ (ਇਹ ਲੇਖ ਇਸ ਗੱਲ ਦੀ ਪ੍ਰੋੜਤਾ ਕਰਦਾ ਹੈ)। ਇਸ ਤਰ੍ਹਾਂ ਮਨੁੱਖ ਕੋਲ ਇਹ ਵੱਡੀ ਸਮਰੱਥਾ ਹੈ ਕਿ ਉਹ ਮਾੜੀਆਂ ਤੋਂ ਮਾੜੀਆਂ ਜੀਵਨ ਹਾਲਤਾਂ ਵਿਚ ਵੀ ਉਸਾਰੂ ਸਪੇਸ ਸਿਰਜ ਸਕਦਾ ਹੈ।

ਦਮਨਕਾਰੀ ਤੰਤਰ ਸਾਨੂੰ ਅਦਿੱਖ ਤਾਕਤ ਦੇ ਰੂਪ ਵਿਚ ਟੱਕਰਦਾ ਹੈ। ਅਸੀਂ ਅਕਸਰ ਇਸ ਦੀ ਪਛਾਣ ਕਰਨ ਵਿਚ ਧੋਖਾ ਖਾ ਜਾਂਦੇ ਹਾਂ ਤੇ ਅਕਸਰ ਆਪਣਾ ਦੁਸ਼ਮਣ ਕਿਸੇ ਆਪਣੇ ਹੀ ਵਾਂਗ ਵਰਤੇ ਜਾ ਰਹੇ ਮਨੁੱਖ ਨੂੰ ਸਮਝ ਲੈਂਦੇ ਹਾਂ। ਜਿਵੇਂ ਸਾਨੂੰ ਅਕਸਰ ਪ੍ਰਤੀਤ ਹੁੰਦਾ ਹੈ ਕਿ ਛੋਟੀ ਜਿਹੀ ਦੁਕਾਨ ਵਾਲੇ ਨੇ ਸਾਨੂੰ ਲੋੜੀਂਦਾ ਸਾਮਾਨ ਮਹਿੰਗੇ ਮੁੱਲ ’ਤੇ ਵੇਚ ਕੇ ਲੁੱਟ ਲਿਆ ਹੈ। ਅਸਲ ਵਿਚ ਮਿੱਥਕ ਸ਼ਾਹੂਕਾਰ ਦਾ ਜੀਵਨ ਜਿਊਂ ਰਿਹਾ ਇਹ ਛੋਟਾ ਦੁਕਾਨਦਾਰ ਤਾਂ ਖ਼ੁਦ ਸਰਮਾਏਦਾਰ ਉਤਪਾਦਕਾਂ ਦਾ ਗ਼ੁਲਾਮ ਹੈ ਜਿਸ ਨੂੰ ਇਕ ਉਤਪਾਦ ਵੇਚਣ ਲਈ ਬਹੁਤ ਹੀ ਨਿਗੂਣਾ ਹਿੱਸਾ ਮਿਲਦਾ ਹੈ ਜਦੋਂਕਿ ਮੋਟਾ ਧਨ ਅਦਿੱਖ ਸਰਮਾਏਦਾਰ ਦੇ ਹਿੱਸੇ ਆਉਂਦਾ ਹੈ। ਸਾਡੇ ਸਾਹਮਣੇ ਸਾਡਾ ਦੁਸ਼ਮਣ ਉਹ ਛੋਟਾ ਦੁਕਾਨਦਾਰ ਹੁੰਦਾ ਹੈ। ਇਸ ਗੱਲ ਨੂੰ ਸਮਝਣ ਲਈ ਮਨੁੱਖੀ ਇਤਿਹਾਸ ਦਾ ਅਧਿਐਨ ਜ਼ਰੂਰੀ ਹੈ।

ਪ੍ਰਜਾਤੀਆਂ ਦੀ ਉਤਪਤੀ ਅਤੇ ਵਿਕਾਸ ਦੇ ਇਤਿਹਾਸ ਬਾਰੇ ਚਾਰਲਸ ਡਾਰਵਿਨ ਦੋ ਮੁੱਖ ਸਿਧਾਂਤ ਦਿੰਦਾ ਹੈ ਕਿ (1) ਵੱਖੋ ਵੱਖ ਜੀਵ ਪ੍ਰਜਾਤੀਆਂ ਇਕ ਤਰ੍ਹਾਂ ਦੇ ਜਾਂ ਇਕ ਤੋਂ ਵੱਧ ਤਰ੍ਹਾਂ ਦੇ ਸਾਂਝੇ ਪੂਰਵਜਾਂ ਤੋਂ ਉਪਜਦੀਆਂ ਹਨ ਅਤੇ (2) ਇਹ ਵਿਕਾਸ ਕੁਦਰਤੀ ਚੋਣ ਵਿਧੀ ਰਾਹੀਂ ਅੱਗੇ ਵਧਦਾ ਹੈ। ਜੀਵ ਪ੍ਰਜਾਤੀਆਂ ਦੀ ਕੁਦਰਤੀ ਚੋਣ ਉਨ੍ਹਾਂ ਦੀ ਪ੍ਰਤੀਯੋਗਤਾ ਤੇ ਜੀਵਨ ਬਣਾਏ ਰੱਖਣ ਦੀ ਸਮਰੱਥਾ ਨੂੰ ਵਧਾਉਂਦੀ ਹੈ ਅਤੇ ਨਾਲ ਨਾਲ ਉਸ ਨੂੰ ਪੁਨਰ-ਉਤਪਾਦਿਤ ਵੀ ਕਰਦੀ ਹੈ। ਜਿਨ੍ਹਾਂ ਪ੍ਰਜਾਤੀਆਂ ਨੇ ਚੋਣ ਰਾਹੀਂ ਜੀਵਨ ਲਈ ਸੰਘਰਸ਼ ਕੀਤਾ ਉਨ੍ਹਾਂ ਦਾ ਜੀਵਨ ਬਣਿਆ ਰਿਹਾ ਤੇ ਉਨ੍ਹਾਂ ਵਿਚ ਗੁਣਾਤਮਕ ਤੇ ਗਿਣਾਤਮਕ ਵਾਧਾ ਹੋਇਆ। ਇਨ੍ਹਾਂ ਵਿਚੋਂ ਮਨੁੱਖ ਪ੍ਰਮੁੱਖ ਹੈ। ਮਨੁੱਖ ਦਾ ਸਰੀਰਕ ਤੇ ਬੌਧਿਕ ਵਿਕਾਸ ਉਸ ਨੂੰ ਹੋਰ ਕੁਦਰਤੀ ਜੀਵਾਂ ਤੋਂ ਨਿਖੇੜਦਾ ਗਿਆ। ਫਿਰ ਔਜ਼ਾਰ ਤੇ ਉਤਪਾਦਨ ਦਾ ਵਿਕਾਸ ਹੋਇਆ। ਉਤਪਾਦਨ ਦੇ ਨਾਲ ਨਾਲ ਵਾਧੂ ਉਤਪਾਦਨ ਤੇ ਫਿਰ ਨਿੱਜੀ ਜਾਇਦਾਦ ਦਾ ਮਸਲਾ ਉਭਰਦਾ ਹੈ। ਇੱਥੋਂ ਹੀ ਦਮਨਕਾਰੀ ਤੰਤਰ ਤੇ ਅਸਮਾਨਤਾ ਦਾ ਮੁੱਢ ਬੱਝਦਾ ਹੈ। ਇਸ ਸਾਰੇ ਵਿਕਾਸ ਬਾਰੇ ਬਹੁਤ ਸਾਰੇ ਅਧਿਐਨ ਸਾਨੂੰ ਪੜ੍ਹਨ ਤੇ ਸਮਝਣ ਲਈ ਮਿਲਦੇ ਹਨ ਜਿਨ੍ਹਾਂ ਵਿਚੋਂ ਜਰਮਨ ਫਿਲਾਸਫ਼ਰ ਫਰੈਡਰਿਕ ਏਂਗਲਜ਼ ਦੀ ਪਰਿਵਾਰ, ਨਿੱਜੀ ਜਾਇਦਾਦ ਤੇ ਸਟੇਟ ਦੀ ਉਤਪਤੀ ਅਤੇ ਜਾਰਜ ਥਾਮਸਨ ਦੀ ਮਨੁੱਖੀ ਤੱਤ ਮਹੱਤਵਪੂਰਨ ਕਿਤਾਬਾਂ ਹਨ। ਫਿਰ ਇਸ ਤਰ੍ਹਾਂ ਸਰਮਾਏਦਾਰ ਵਰਗ ਵੱਲੋਂ ਆਪਣੀ ਇਜ਼ਾਰੇਦਾਰੀ ਬਣਾ ਕੇ ਰੱਖਣ ਲਈ ਸਮੇਂ ਸਮੇਂ ਉਪਰ ਨਵੇਂ ਤੋਂ ਨਵੇਂ ਔਜ਼ਾਰ ਘੜੇ ਜਾਂਦੇ ਹਨ। ਇਸ ਸਾਰੇ ਵਰਤਾਰੇ ਨੂੰ ਆਮ ਮਨੁੱਖੀ ਪੱਧਰ ਉੱਪਰ ਕਿਵੇਂ ਸਮਝਿਆ ਜਾਵੇ ਤੇ ਕਿਵੇਂ ਨਿਸ਼ਚਿਤ ਕੀਤਾ ਜਾਵੇ ਕਿ ਚੰਗਾ ਜੀਵਨ ਕੀ ਹੈ, ਕਿਵੇਂ ਪ੍ਰਾਪਤ ਕਰਨਾ ਹੈ ਤੇ ਕਿਵੇਂ ਜੀਣਾ ਹੈ। ਜਾਰਜ ਥਾਮਸਨ ਆਪਣੀ ਉਪਰੋਕਤ ਕਿਤਾਬ ਵਿਚ ਲਿਖਦਾ ਹੈ ਕਿ ਮਨੁੱਖੀ ਇਤਿਹਾਸ ਵਿਚ ਬਾਂਦਰ ਦੇ ਮਨੁੱਖ ਵਿਚ ਵਟ ਜਾਣ ਨਾਲੋਂ ਵੱਧ ਕੋਈ ਵੀ ਹੋਰ ਮਹੱਤਵਪੂਰਨ ਘਟਨਾ ਨਹੀਂ ਹੈ। ਜੇਕਰ ਅਸੀਂ ਗੱਲ ਨੂੰ ਹੋਰ ਅੱਗੇ ਤੋਰੀਏ ਤਾਂ ਅਗਲੇਰੇ ਪੜਾਅ ਵਿਚ ਆਖਿਆ ਜਾ ਸਕਦਾ ਹੈ ਕਿ ਸਵੈ-ਨਿਰਭਰ, ਸੁਤੰਤਰ ਤੇ ਉਸਾਰੂ ਸੋਚ ਮਨੁੱਖ ਦੇ ਹਿੱਸੇ ਆਉਣਾ ਅਗਲੀ ਮਹੱਤਵਪੂਰਨ ਤੇ ਕ੍ਰਾਂਤੀਕਾਰੀ ਪ੍ਰਾਪਤੀ ਹੈ। ਇਹ ਵੀ ਸਰਬ-ਵਿਆਪੀ ਸੱਚ ਹੈ ਕਿ ਇਸ ਵਿਚ ਵਿੱਦਿਆ ਦੀ ਅਹਿਮ ਭੂਮਿਕਾ ਹੈ ਅਤੇ ਨਾਲੋ ਨਾਲ ਮਨੁੱਖ ਨੂੰ ਗੁਮਰਾਹ ਕਰਨ ਵਿਚ ਅਵਿੱਦਿਆ ਦੀ। ਵਿੱਦਿਆ ਕੇਵਲ ਉਹ ਨਹੀਂ ਹੁੰਦੀ ਜੋ ਤੁਹਾਨੰ ਸਕੂਲ, ਕਾਲਜ ਜਾਂ ਯੂਨੀਵਰਸਿਟੀ ਦੇ ਸਿਲੇਬਸ ਵਿਚ ਪੜ੍ਹਨ ਨੂੰ ਮਿਲਦੀ ਹੈ। ਇਸ ਬਾਰੇ ਫ਼ੈਸਲਾ ਕਰਨ ਤੋਂ ਪਹਿਲਾਂ ਗਹਿਰੇ ਚਿੰਤਨ ਦੀ ਲੋੜ ਹੈ।

ਵਿੱਦਿਆ ਇਸ ਸਵਾਲ ਨੂੰ ਮੁਖਾਤਿਬ ਹੁੰਦੀ ਹੈ ਕਿ ਜੀਵਨ ਕੀ ਹੈ ਤੇ ਇਸ ਨੂੰ ਜਿਉਣ ਜੋਗਾ ਤੇ ਹੋਰ ਬਿਹਤਰ ਕਿਵੇਂ ਬਣਾਉਣਾ ਹੈ। ਇਸ ਤਰ੍ਹਾਂ ਇਹ ਸਾਨੂੰ ਜਿਉਣਾ ਸਿਖਾਉਂਦੀ ਹੈ। ਪਰ ਜਿਉਣਾ ਸਿੱਖਣ ਤੋਂ ਪਹਿਲਾਂ ਸਾਨੂੰ ਉਹ ਸਭ ਭੁੱਲਣਾ (unlearn) ਪਵੇਗਾ ਜੋ ਸਾਨੂੰ ਜੀਵਨ ਫ਼ਲਸਫ਼ੇ ਤੋਂ ਦੂਰ ਲੈ ਕੇ ਜਾਂਦਾ ਹੈ।

ਹੁਣ ਸਵਾਲਾਂ ਦੀ ਲੜੀ ਸ਼ੁਰੂ ਹੁੰਦੀ ਹੈ। ਵਿੱਦਿਆ ਦੇ ਨਾਂ ਉਪਰ ਜੋ ਸਾਨੂੰ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਾਇਆ ਜਾਂਦਾ ਹੈ, ਕੀ ਉਹ ਵਿੱਦਿਆ ਹੈ? ਕੀ ਉਹ ਸਿਹਤਮੰਦ ਮਨੁੱਖੀ ਜੀਵਨ ਦੀਆਂ ਲੋੜਾਂ ਅਨੁਸਾਰ ਹੈ? ਕਿਤੇ ਉਹ ਮਨੁੱਖੀ ਸਮਰੱਥਾਵਾਂ ਨੂੰ ਸੀਮਿਤ ਅਤੇ ਗੁਮਰਾਹ ਤਾਂ ਨਹੀਂ ਕਰ ਰਿਹਾ? ਕੀ ਉਹ ਉਸਾਰੂ ਜੀਵਨ ਜਾਚ ਵੱਲ ਪ੍ਰੇਰਿਤ ਕਰਦਾ ਹੈ? ਇਹ ਬਹੁਤ ਹੀ ਮੁੱਢਲੇ ਅਤੇ ਜ਼ਰੂਰੀ ਪ੍ਰਸ਼ਨ ਹਨ ਭਾਵੇਂ ਕਿ ਇਸ ਤੋਂ ਪਿੱਛੇ ਵੀ ਸਵਾਲਾਂ ਦੀ ਇੱਕ ਅੰਤਹੀਣ ਲੜੀ ਲਟਕ ਰਹੀ ਹੈ ਜਿਵੇਂ ਸਿਲੇਬਸ ਕਿਵੇਂ ਨਿਰਧਾਰਿਤ ਹੁੰਦਾ ਹੈ? ਉਸ ਦਾ ਤਤਕਰਾ ਕੀ ਹੈ? ਉਸ ਵਿਚ ਖ਼ਾਸ ਤਰ੍ਹਾਂ ਦੀਆਂ ਰਚਨਾਵਾਂ ਨੂੰ ਹੀ ਵਧੇਰੇ ਮਹੱਤਤਾ ਕਿਉਂ ਦਿੱਤੀ ਜਾਂਦੀ ਹੈ? ਪ੍ਰੀਖਿਆ ਪ੍ਰਣਾਲੀ ਕਿਵੇਂ ਕਾਰਜ ਕਰਦੀ ਹੈ? ਮਨੁੱਖੀ ਜੀਵਨ ਤੋਂ ਹਟ ਕੇ ਖ਼ਾਸ ਤਰ੍ਹਾਂ ਦੇ ਮਹਿੰਗੇ ਪ੍ਰੋਫੈਸ਼ਨਲ/ਟੈਕਨੀਕਲ ਕੋਰਸਾਂ ਉਪਰ ਵਧੇਰੇ ਜ਼ੋਰ ਕਿਉਂ ਦਿੱਤਾ ਜਾਂਦਾ ਹੈ, ਆਦਿ। ਇਨ੍ਹਾਂ ਸਾਰੇ ਸਵਾਲਾਂ ਦੇ ਪਨਪਣ ਪਿੱਛੇ ਵੱਡਾ ਕਾਰਨ ਹੈ। ਉਹ ਕਾਰਨ ਹੈ ਦਮਨਕਾਰੀ ਤੰਤਰ ਦੁਆਰਾ ਵਿੱਦਿਆ ਦੇ ਖੇਤਰ ਵਿਚ ਘੁਸਪੈਠ ਅਤੇ ਮਨੁੱਖ ਦੀ ਵਿੱਦਿਆ ਦੇ ਨਾਂ ਹੇਠ ਹੋ ਰਹੀ ਬੌਧਿਕ ਲੁੱਟ।

ਮੌਜੂਦਾ ਸਿੱਖਿਆ ਤੰਤਰ ਦਾ ਵਿਸ਼ਲੇਸ਼ਣ ਦੱਸਦਾ ਹੈ ਕਿ ਹੁਣ ਸਿੱਖਿਆ ਉਸਾਰੂ ਹੋਣ ਦੀ ਬਜਾਇ ਬਾਜ਼ਾਰੂ ਬਣਦੀ ਜਾ ਰਹੀ ਹੈ। ਲੋਕਾਂ ਨੂੰ ਇਸ ਦੀ ਪ੍ਰਾਪਤੀ ਲਈ ਮਹਿੰਗਾ ਆਰਥਿਕ ਤੇ ਬੌਧਿਕ ਮੁੱਲ ਤਾਰਨਾ ਪੈਂਦਾ ਹੈ। ਸਕੂਲ, ਕਾਲਜ, ਯੂਨੀਵਰਸਿਟੀਆਂ ਭਾਵੇਂ ਹਰ ਚੁਰਾਹੇ ’ਤੇ ਖੁੱਲ੍ਹ ਗਏ ਹਨ, ਪਰ ਇਨ੍ਹਾਂ ਵਿਚ ਪੜ੍ਹਨਾ ਗ਼ਰੀਬ ਤੇ ਮੱਧਵਰਗੀ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਨਾਲੋ ਨਾਲ ਦਿੱਤੀ ਜਾ ਰਹੀ ਸਿੱਖਿਆ ਉਸਾਰੂ ਜੀਵਨ-ਜਾਚ ਦੀ ਬਜਾਇ ਬਾਜ਼ਾਰਵਾਦ ਹੇਠ ਬੌਧਿਕਤਾ ਤੋਂ ਊਣੇ ਕਿਰਤੀ ਵਰਗ ਦੀ ਪੈਦਾਵਾਰ ਉਪਰ ਕੇਂਦਰਿਤ ਹੈ। ਅਸੀਂ ਵਿੱਦਿਆ ਤੋਂ ਅਵਿੱਦਿਆ ਵੱਲ ਵਧ ਰਹੇ ਹਾਂ। ਸਿੱਖਿਆ ਵਪਾਰ ਬਣ ਰਹੀ ਹੈ, ਵਿਦਿਆਰਥੀ ਕੇਵਲ ਖਪਤਕਾਰ ਬਣਦਾ ਜਾ ਰਿਹਾ ਹੈ, ਅਤੇ ਦਮਨਕਾਰੀ ਤੰਤਰ ਅਕਾਦਮਿਕ ਅਮਲੇ ਨੂੰ ਆਪਣੇ ਹਿੱਤਾਂ ਲਈ ਮੋਹਰੇ ਵਜੋਂ ਵਰਤ ਰਿਹਾ ਹੈ। ਸਿੱਖਿਆ ਦੇ ਨਾਂ ਉਪਰ ਥਾਂ ਥਾਂ ’ਤੇ ਖੁੱਲ੍ਹ ਰਹੀਆਂ ਦੁਕਾਨਦਾਰੀਆਂ ਇਸ਼ਤਿਹਾਰਬਾਜ਼ੀ ਰਾਹੀਂ ਲੋਕਾਂ ਨੂੰ ਖੁਸ਼ਹਾਲ ਜ਼ਿੰਦਗੀ ਦੀ ਮਿੱਥ ਵੇਚ ਰਹੀਆਂ ਹਨ। ਇਕ ਪਾਸੇ ਅਧਿਆਪਕਾਂ ਨੂੰ ਨਿਗੂਣੀਆਂ ਤਨਖ਼ਾਹਾਂ ਤੇ ਕੱਚੇ ਤੌਰ ਉਪਰ ਜਾਂ ਕੇਵਲ ਮੁੱਢਲੀ ਤਨਖ਼ਾਹ ਉਪਰ ਭਰਤੀ ਕਰ ਕੇ ਉਨ੍ਹਾਂ ਦੀ ਸਰੀਰਕ, ਮਾਨਸਿਕ ਤਬਾਹੀ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਆਮ ਲੋਕਾਂ ਵਿਚ ਉਨ੍ਹਾਂ ਨੂੰ ਵਿਹਲੜ ਤੇ ਭ੍ਰਿਸ਼ਟ ਗਰਦਾਨਦਿਆਂ ਇਕ ਪੜ੍ਹੇ-ਲਿਖੇ ਵਰਗ, ਜੋ ਸੋਹਣਾ ਸਮਾਜ ਸਿਰਜ ਸਕਦਾ ਹੈ, ਤੇ ਸਾਧਾਰਨ ਸਮਾਜ ਵਿਚ ਪਾੜਾ ਸਿਰਜ ਕੇ ਬੌਧਿਕ ਨਿਘਾਰ ਨੂੰ ਦਿਨ ਪ੍ਰਤੀ ਦਿਨ ਹੋਰ ਡੂੰਘਾ, ਤੇਜ਼ ਅਤੇ ਵਿਆਪਕ ਕੀਤਾ ਜਾ ਰਿਹਾ ਹੈ। ਮਨੁੱਖਤਾ ਨੂੰ ਅਜਿਹੇ ਤਾਕਤਵਰ ਤੰਤਰ ਤੋਂ ਬਚਾਉਣ ਦੀ ਲੋੜ ਹੈ ਜੋ ਮਨੁੱਖਾਂ ਨੂੰ ਵੀ ਵਸੀਲਿਆਂ ਵਜੋਂ ਦੇਖਦਾ ਹੈ। ਇਸ ਉਪਰਾਲੇ ਲਈ ਵਿਸ਼ਵ-ਪੱਧਰ ਉੱਪਰ ਵਿਦਿਆਰਥੀਆਂ, ਅਧਿਆਪਕਾਂ ਅਤੇ ਚਿੰਤਕਾਂ ਵੱਲੋਂ ਵੱਡਾ ਸੰਘਰਸ਼ ਵਿੱਢਣ ਦੀ ਲੋੜ ਹੈ।

ਸੰਪਰਕ: 94631-53296

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All