ਵਿਰਸੇ ਦੀ ਸਾਂਝ ਤੇ ਹੋਰ ਸੁਨੇਹੇ...

ਵਿਰਸੇ ਦੀ ਸਾਂਝ ਤੇ ਹੋਰ ਸੁਨੇਹੇ...

ਸੁਰਿੰਦਰ ਸਿੰਘ ਤੇਜ

ਸੁਰਿੰਦਰ ਸਿੰਘ ਤੇਜ
ਪੜ੍ਹਦਿਆਂ-ਸੁਣਦਿਆਂ

ਹਕੀਕਾ ਕਿਆਨੀ ਤੇ ਆਲੀਆ ਰਸ਼ੀਦ ਦੀ ਗਾਇਕੀ ਤੋਂ ਅਸੀਂ ਭਾਰਤੀ ਬਹੁਤੇ ਵਾਕਫ਼ ਨਹੀਂ। ਦੋਵੇਂ ਬਹੁਵਿਧਾਈ ਪਾਕਿਸਤਾਨੀ ਗਾਇਕਾਵਾਂ ਹਨ। ਅੱਜਕੱਲ੍ਹ ਭਾਰਤੀ ਸ਼ਾਸਤਰੀ ਸੰਗੀਤ ਵੱਲ ਵੱਧ ਰੁਚਿਤ ਹਨ ਜਿਸ ਨੂੰ ਪਾਕਿਸਤਾਨ ਵਿਚ ਹੁਣ ਸਿਰਫ਼ ‘ਕਲਾਸਿਕੀ ਮੌਸਿਕੀ’ ਕਿਹਾ ਜਾਂਦਾ ਹੈ। ਇਸ ਨਾਲ ਭਾਰਤੀ, ਹਿੰਦੋਸਤਾਨੀ ਜਾਂ ਇੰਡੀਅਨ ਸ਼ਬਦ ਜੋੜਨ ਤੋਂ ਪਰਹੇਜ਼ ਕੀਤਾ ਜਾਂਦਾ ਹੈ। ਹਕੀਕਾ ਅਤੇ ਆਲੀਆ ਸ਼ਾਸਤਰੀ ਸੰਗੀਤ ਦੇ ਆਪੋ-ਆਪਣੇ ਪ੍ਰੋਗਰਾਮਾਂ ਦਾ ਆਗਾਜ਼ ਸਰਸਵਤੀ ਵੰਦਨਾ ਨਾਲ ਕਰਦੀਆਂ ਹਨ। ਪ੍ਰਬੰਧਕਾਂ ਤੇ ਕੱਟੜਪੰਥੀਆਂ ਦੇ ਵਿਰੋਧ ਤੇ ਧਮਕੀਆਂ ਦੇ ਬਾਵਜੂਦ। ਦੋਵਾਂ ਦਾ ਤਰਕ ਹੈ ਕਿ ਸਰਸਵਤੀ ਦੀ ਅਰਾਧਨਾ ਤੋਂ ਬਿਨਾਂ ਸ਼ਾਸਤਰੀ ਸੰਗੀਤ ਅਧੂਰਾ ਹੈ। ਆਲੀਆ ਜਿਓਤੀਹੀਣ ਹੈ। ਉਹ ਧਰੁਪਦ ਗਾਇਕਾ ਹੈ। ਭੁਪਾਲ ਦੇ ਗੁੰਡੇਚਾ ਬੰਧੂਆਂ (ਉਮਾਕਾਂਤ ਤੇ ਰਮਾਕਾਂਤ) ਦੀ ਸ਼ਾਗਿਰਦ ਰਹੀ ਹੈ। ਗੁੰਡੇਚਾ ਬੰਧੂ ਭੁਪਾਲ ਦੇ ਹੀ ਡਾਗਰ ਘਰਾਣੇ ਤੋਂ ਹਨ- ਉਸਤਾਦ ਜ਼ਿਆ ਫ਼ਰੀਦੂਦੀਨ ਡਾਗਰ ਤੇ ਉਸਤਾਦ ਜ਼ਿਆ ਮੋਹੀਊਦੀਨ ਡਾਗਰ ਦੇ ਪੱਕੇ ਮੁਰੀਦ। ਧਰੁਪਦ ਗਾਇਕੀ ਦੀ ਡਾਗਰਵਾਣੀ ਦੇ ਪ੍ਰਚਾਰਕ-ਪ੍ਰਸਾਰਕ। ਆਲੀਆ ਹੁਣ ਪਾਕਿਸਤਾਨ ਵਿਚ ਡਾਗਰਵਾਣੀ ਦੀ ਪਰਚਮਬਰਦਾਰ ਹੈ।

ਹਕੀਕਾ ਤੇ ਆਲੀਆ ਸਮੇਤ ਹੋਰ ਪਾਕਿਸਤਾਨੀ ਗਾਇਕਾਵਾਂ ਬਾਰੇ ਬੜੇ ਕਿੱਸੇ ਸ਼ਾਮਲ ਹਨ। ਫੌ਼ਜ਼ੀਆ ਅਸਲਮ-ਖ਼ਾਨ ਦੀ ਕਿਤਾਬ ‘ਸਾਇਰਨ ਸੌਂਗ’ (ਆਕਸਫੋਰਡ ਯੂਨੀਵਰਸਿਟੀ ਪ੍ਰੈੱਸ, ਕਰਾਚੀ) ਵਿਚ। ਲਾਹੌਰ ਦੀ ਜੰਮਪਲ, ਪਰ ਹੁਣ ਅਮਰੀਕਾ ਵਿਚ ਵਸੀ ਹੋਈ ਫੌ਼ਜ਼ੀਆ ਖ਼ੁਦ ਵੀ ਗਾਇਕਾ ਹੈ। ਉਂਜ ਬੁਨਿਆਦੀ ਤੌਰ ’ਤੇ ਉਹ ਫ਼ਿਲਮਸਾਜ਼ ਹੈ। ਉਸ ਦੀ ਕਿਤਾਬ ਉਨ੍ਹਾਂ ਪਾਕਿਸਤਾਨੀ ਗਾਇਕਾਵਾਂ ਬਾਰੇ ਹੈ ਜਿਨ੍ਹਾਂ ਨੇ ਆਪਣੀ ਗਾਇਕੀ ਰਾਹੀਂ ਪਾਕਿਸਤਾਨੀ ਸਮਾਜਿਕ ਜੀਵਨ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਔਰਤ ਜ਼ਾਤ ਬਾਰੇ ਕਈ ਭਰਮ ਤੋੜੇ। ਕਿਤਾਬ ਵਿਚ ਕਲਕੱਤਾ ਤੋਂ ਦਿੱਲੀ ਤੇ ਬੰਬਈ ਗਈ ਅਤੇ ਫਿਰ ਬਟਵਾਰੇ ਮਗਰੋਂ ਬੰਬਈ ਤੋਂ ਲਾਲਾਮੂਸਾ (ਗੁਜਰਾਤ, ਪਾਕਿਸਤਾਨ) ਪੁੱਜੀ ਰੌਸ਼ਨ ਆਰਾ ਬਾਰੇ ਵੀ ਅਧਿਆਇ ਸ਼ਾਮਲ ਹੈ ਅਤੇ ਮਲਿਕਾ-ਇ-ਤਰਨੁੰਮ ਨੂਰ ਜਹਾਂ, ਮਲਿਕਾ ਪੁਖ਼ਰਾਜ, ਫ਼ਰੀਦਾ ਖ਼ਾਨੁਮ, ਆਬਿਦਾ ਪਰਵੀਨ ਤੇ ਇਕਬਾਲ ਬਾਨੋ ਬਾਰੇ ਵੀ ਨਿੱਗਰ ਜਾਣਕਾਰੀ ਹੈ। ਇਨ੍ਹਾਂ ਸਾਰੀਆਂ ਗਾਇਕਾਵਾਂ ਨੇ ਪਾਕਿਸਤਾਨੀ ਸੰਗੀਤ ਨੂੰ ਦੁਨੀਆਂ ਭਰ ਵਿਚ ਮਕਬੂਲ ਬਣਾਇਆ। ਇਸੇ ਤਰ੍ਹਾਂ ਲੋਕ ਗਾਇਕਾ ਰੇਸ਼ਮਾ ਨਾਲ ਲੰਮੀ ਮੁਲਾਕਾਤ ਵੀ ਇਸ ਕਿਤਾਬ ਦਾ ਪ੍ਰਮੁੱਖ ਹਿੱਸਾ ਹੈ। ਇਸ ਵਾਰਤਾਲਾਪ ਦੌਰਾਨ ਉਹ ਦਾਅਵਾ ਕਰਦੀ ਹੈ ਕਿ ਉਸ ਨੇ ਕਦੇ ਵੀ ਰਿਆਜ਼ ਨਹੀਂ ਕੀਤਾ। ਜਦੋਂ ਉਸ ਨੂੰ ਦੱਸਿਆ ਜਾਂਦਾ ਹੈ ਕਿ ਹੋਰ ਨਾਮਵਰ ਗਾਇਕਾਵਾਂ ਤਾਂ ਰੋਜ਼ ਘੰਟਿਆਂਬੱਧੀ ਰਿਆਜ਼ ਕਰਦੀਆਂ ਹਨ ਤਾਂ ਰੇਸ਼ਮਾ ਬੜੇ ਸਹਿਜ-ਭਾਅ ਜਵਾਬ ਦਿੰਦੀ ਹੈ: ‘‘ਉਨ੍ਹਾਂ ਨੂੰ ਤਿੰਨ ਟਾਈਮ ਢੇਰ ਸਾਰੀਆਂ ਰੋਟੀਆਂ ਨਹੀਂ ਪਕਾਉਣੀਆਂ ਪੈਂਦੀਆਂ।’’

ਮੈਨੂੰ ਇਸ ਕਿਤਾਬ ਵਿਚ ਨਾਰਵੇ ਵਸੀ ਹੋਈ ਗਾਇਕਾ ਦੀਆ ਖ਼ਾਨ, 1960ਵਿਆਂ ਵਿਚ ‘ਐ ਵਤਨ ਕੇ ਸਜੀਲੇ ਜਵਾਨੋਂ’ ਅਤੇ ‘ਸੋਹਣੀ ਧਰਤੀ ਅੱਲ੍ਹਾ ਰੱਖੇ’ ਵਰਗੇ ਦੇਸ਼ ਭਗਤੀ ਦੇ ਗੀਤ ਗਾਉਣ ਵਾਲੀ ਸ਼ਹਿਨਾਜ਼ ਬੇਗ਼ਮ, 1965 ਵਿਚ ਨੂਰ ਜਹਾਂ ਦੇ ਨਾਲ ‘ਪ੍ਰਾਈਡ ਆਫ ਪਾਕਿਸਤਾਨ’ (ਪਾਕਿਸਤਾਨ ਦੀ ਗੌਰਵ) ਦੇ ਐਜਾਜ਼ ਨਾਲ ਸਨਮਾਨੀ ਗਈ ਫ਼ਿਰਦੌਸੀ ਬੇਗ਼ਮ ਅਤੇ ਗ਼ਜ਼ਲ ਗਾਇਕਾ ਸੁਰੱਈਆ ਮੁਲਤਾਨੀਕਰ ਬਾਰੇ ਲੇਖਣੀਆਂ ਚੰਗੀਆਂ ਲੱਗੀਆਂ। ਨਵੀਂ ਜਾਣਕਾਰੀ ਦਿੰਦੀਆਂ ਹਨ ਇਹ ਰਚਨਾਵਾਂ। ਸ਼ਹਿਨਾਜ਼ ਬੇਗ਼ਮ ਤੇ ਫ਼ਿਰਦੌਸੀ ਬੇਗ਼ਮ ਹੁਣ ਬੰਗਲਾਦੇਸ਼ ਵਿਚ ਰਹਿੰਦੀਆਂ ਹਨ। ਦੋਵੇਂ ਢਾਕਾ ਵਿਚ ਆਪੋ ਆਪਣੀਆਂ ਸੰਗੀਤ ਅਕੈਡਮੀਆਂ ਚਲਾਉਂਦੀਆਂ ਹਨ। ਇਕ ਅਧਿਆਇ ਇੰਦੂ ਮਿੱਠਾ ਅਤੇ ਸ਼ਮਾ ਕਿਰਮਾਨੀ ਬਾਰੇ ਹੈ ਜਿਨ੍ਹਾਂ ਨੇ ਪਾਕਿਸਤਾਨ ਵਿਚ ਭਾਰਤੀ ਸ਼ਾਸਤਰੀ ਨਰਿੱਤਾਂ- ਭਰਤ ਨਾਟਿਅਮ ਤੇ ਓੜੀਸ਼ੀ ਦਾ ਪਰਚਮ ਬੁਲੰਦ ਰੱਖਿਆ ਹੋਇਆ ਹੈ। ਫੈ਼ਜ਼ ਅਹਿਮਦ ਫੈ਼ਜ਼ ਦੀਆਂ ਨਜ਼ਮਾਂ ਗਾਉਣ ਵਾਲੀ ਦੀਨਾ ਸਾਨੀ ਨੂੰ ਵੀ ਕਾਫ਼ੀ ਪ੍ਰਮੁੱਖਤਾ ਮਿਲੀ ਹੈ, ਪਰ ਨਿਆਰਾ ਨੂਰ ਬਾਰੇ ਕੁਝ ਵੀ ਦਰਜ ਨਹੀਂ ਹਾਲਾਂਕਿ ਫੈ਼ਜ਼ ਦੇ ਕਲਾਮ ਨੂੰ ਸਭ ਤੋਂ ਵੱਧ ਉਸ ਨੇ ਗਾਇਆ ਅਤੇ ਪੂਰੇ ਜਲਾਲ ਨਾਲ ਗਾਇਆ।

ਕਿਤਾਬ ਅਜੇ ਭਾਰਤ ’ਚ ਉਪਲੱਬਧ ਨਹੀਂ। ਦੋ ਮਹੀਨੇ ਬਾਅਦ ਮਾਰਕੀਟ ’ਚ ਆਏਗੀ। ਮੈਨੂੰ ਇਸ ਦੀ ਪੀਡੀਐਫ ਫਾਈਲ ਨਿਊਜ਼ੀਲੈਂਡ ਵਸੇ ਇਕ ਪਾਕਿਸਤਾਨੀ ਮਿੱਤਰ ਨੇ ਭੇਜੀ; ਇਸ ਸੁਨੇਹੇ ਨਾਲ ਕਿ ਬਟਵਾਰਾ ਹੋਰ ਵੀ ਸ਼ਦੀਦ ਹੋਣ ਤੋਂ ਰੋਕੀਏ। ਸਾਂਝੇ ਵਿਰਸੇ ਦੀ ਬਰਕਰਾਰੀ ਦੇ ਯਤਨ ਜਾਰੀ ਰੱਖੀਏ। ਬੜਾ ਪਿਆਰਾ ਹੈ ਇਹ ਸੁਨੇਹਾ।

* * *

‘ਕੈਰੋਂ’ ਤੇ ‘ਕੁਰਕੀ’ ਸ਼ਬਦਾਂ ਨਾਲ ਮੇਰੀ ਜਾਣ-ਪਛਾਣ ਸੱਠ ਸਾਲ ਪੁਰਾਣੀ ਹੈ। ਉਦੋਂ ਮੈਂ ਪੰਜ ਵਰ੍ਹਿਆਂ ਦਾ ਸੀ। ਇਸੇ ਲਈ ‘ਪਰਤਾਪ ਸਿੰਘ ਕੈਰੋਂ: ਏ ਵਿਜ਼ਨਰੀ’ ਕਿਤਾਬ ਸ਼ਿੱਦਤ ਨਾਲ ਪੜ੍ਹੀ। ਇਸ ਬਾਰੇ ਲਿਖਿਆ ਵੀ, ਪਰ ਸੁਭਾਸ਼ ਪਰਿਹਾਰ (ਪੰਜਾਬੀ ਟ੍ਰਿਬਿਊਨ, 13 ਸਤੰਬਰ) ਬਾਜ਼ੀ ਮਾਰ ਗਏ। ਲਿਖਤ ਸਾਂਭ ਲਈ ਹੈ, ਮਾਂਜ-ਸੰਵਾਰ ਕੇ ਕਦੇ ਫਿਰ ਪੇਸ਼ ਕਰਾਂਗਾ।

* * *

ਸਾਹਿਤ ਸਿਰਜਣਾ ਦੇ ਕਾਰਖਾਨੇ ਵਰਗਾ ਹੈ ਦਾਊਂ ਪਰਿਵਾਰ। ਸਿਰਜਣਸ਼ੀਲਤਾ ਦਾ ਪਰਵਾਹ ਲਗਾਤਾਰ ਚਲਦਾ ਰਹਿੰਦਾ ਹੈ ਇਨ੍ਹਾਂ ਦੇ ਘਰ ’ਚ। ਕਿਤਾਬਾਂ ਦੀ ਗਿਣਤੀ ਪੱਖੋਂ ਤਾਂ ਇਹ ਪ੍ਰਭਾਵ ਬਣਦਾ ਹੈ ਕਿ ਜਿਵੇਂ ਮਨਮੋਹਨ ਸਿੰਘ ਦਾਊਂ ਤੇ ਦਲਜੀਤ ਕੌਰ ਦਾਊਂ ਦਰਮਿਆਨ ਮੁਕਾਬਲਾ ਚੱਲ ਰਿਹਾ ਹੋਵੇ, ਵੱਧ ਲਿਖਣ ਦਾ। ਹੁਣ ਤਾਂ ਬੇਟਾ ਉੱਤਮਵੀਰ ਸਿੰਘ ਦਾਊਂ ਵੀ ਇਸੇ ਅਮਲ ਦਾ ਹਿੱਸਾ ਬਣ ਗਿਆ ਹੈ।

ਰਫ਼ਤਾਰ ਬਹੁਤੀ ਵਾਰੀ ਰਚਨਾਕਾਰੀ ਦਾ ਮਿਆਰ ਘਟਾ ਦਿੰਦੀ ਹੈ, ਪਰ ਦਾਊਂ ਪਰਿਵਾਰ ’ਤੇ ਇਹ ਸਿਧਾਂਤ ਲਾਗੂ ਨਹੀਂ ਹੁੰਦਾ। ਦਲਜੀਤ ਕੌਰ ਦਾਊਂ ਦਾ ਕਾਵਿ-ਸੰਗ੍ਰਹਿ ‘ਜੀਰਾਂਦਿ’ (ਲੋਕਗੀਤ ਪ੍ਰਕਾਸ਼ਨ; 250 ਰੁਪਏ) ਇਸ ਦੀ ਨਵੀਂ ਨਕੋਰ ਮਿਸਾਲ ਹੈ। ਥੋੜ੍ਹਾ ਜਿਹਾ ਫ਼ਰਕ ਵੀ ਹੈ। ਸਾਰੀਆਂ ਕਵਿਤਾਵਾਂ ਨਵੀਆਂ ਨਹੀਂ। ਔਰਤ ਮਨ ਦੀ ਸਰਬਕਾਲੀ ਵਿਅਥਾ ਨੂੰ ਜ਼ੁਬਾਨ ਦੇਣ ਵਾਲੀਆਂ ਕਈ ਪੁਰਾਣੀਆਂ ਕਵਿਤਾਵਾਂ ਨੂੰ ਨਵੀਆਂ ਕਵਿਤਾਵਾਂ ਨਾਲ ਮਿਲਾ ਕੇ ਚੰਗੇਰੀ ਤਰਤੀਬ ਦਿੱਤੀ ਗਈ ਹੈ ‘ਜੀਰਾਂਦਿ’ ਵਿਚ। ਸਾਡੇ ਸਮਾਜਿਕ-ਪਰਿਵਾਰਕ ਪਰਿਵੇਸ਼ ਵਿਚ ਔਰਤ-ਜ਼ਾਤ ਨਾਲ ਦੁਜੈਲੇ ਵਰਤਾਓ ਤੋਂ ਉਪਜੀ ਪੀੜਾ ਦੀ ਇਹੋ ਕਾਵਿਕ ਤਰਤੀਬ ‘ਜੀਰਾਂਦਿ’ ਨੂੰ ਜ਼ਿਕਰਯੋਗ ਬਣਾਉਂਦੀ ਹੈ।

* * *

ਸੁਨੀਲ ਦੱਤ ਕਮਜ਼ੋਰ ਅਦਾਕਾਰ ਪਰ ਸੰਵੇਦਨਸ਼ੀਲ ਫਿਲਮਸਾਜ਼ ਸੀ। ਆਪਣੀ ਪਤਨੀ ਨਰਗਿਸ ਦੇ ਜੀਊਂਦੇ ਜੀਅ ਉਸ ਨੇ ਚਾਰ ਫਿਲਮਾਂ ‘ਯਿਹ ਰਾਸਤੇ ਹੈਂ ਪਿਆਰ ਕੇ’ (1962), ‘ਮੁਝੇ ਜੀਨੇ ਦੋ’ (1963), ‘ਯਾਦੇਂ’ (1964) ਅਤੇ ‘ਰੇਸ਼ਮਾ ਔਰ ਸ਼ੇਰਾ’ (1971) ਦਾ ਨਿਰਮਾਣ ਕੀਤਾ। ਆਖ਼ਰੀ ਦੋਵਾਂ ਦਾ ਨਿਰਦੇਸ਼ਨ ਵੀ ਉਸ ਨੇ ਖ਼ੁਦ ਕੀਤਾ। ਚੌਹੇਂ ਫਿਲਮਾਂ ਲੀਕ ਤੋਂ ਕੁਝ ਹਟਵੀਆਂ ਸਨ। ਕੁਝ ਨਵਾਂ ਦਿਖਾਉਣ ਦੀ ਇੱਛਾ ਉਨ੍ਹਾਂ ਦੇ ਨਿਰਮਾਣ ਵਿਚ ਮੌਜੂਦ ਸੀ। ‘ਰੇਸ਼ਮਾ ਔਰ ਸ਼ੇਰਾ’ ਰਾਹੀਂ ਤਾਂ ਸੁਨੀਲ ਦੱਤ ਨੇ ਹਿੰਦੀ ਦੇ ਦੋ ਨਵ-ਉਭਰਦੇ ਕਵੀਆਂ- ਬਾਲਕਵੀ ਬੈਰਾਗੀ ਤੇ ਊਧਵ ਕੁਮਾਰ ਨੂੰ ਫਿਲਮ ਜਗਤ ਵਿਚ ਦਾਖ਼ਲਾ ਦਿੱਤਾ। ਦੋਵਾਂ ਨੇ ਗੀਤ ਵੀ ਕਮਾਲ ਦੇ ਲਿਖੇ: ‘ਤੂ ਚੰਦਾ ਮੈਂ ਚਾਂਦਨੀ’, ‘ਨਫ਼ਰਤ ਕੀ ਏਕ ਹੀ ਠੋਕਰ ਨੇ’ (ਬਾਲਕਵੀ); ‘ਮੈਂ ਆਜ ਪਵਨ ਮੇਂ ਪਾਊਂ’ (ਊਧਵ ਕੁਮਾਰ)। ਬਾਕੀ ਤਿੰਨ ਗੀਤ ਰਵਾਇਤੀ ਗੀਤਕਾਰ ਰਾਜਿੰਦਰ ਕ੍ਰਿਸ਼ਨ ਦੇ ਸਨ। ਦੋ ਕੌਮੀ ਐਵਾਰਡ ਜਿੱਤਣ ਦੇ ਬਾਵਜੂਦ ਫਿਲਮ ਫਲੌਪ ਹੋਈ। ਲੋਕ ਫਿਲਮ ਨੂੰ ਭੁੱਲ ਗਏ, ਪਰ ਜੈਦੇਵ (ਵਰਮਾ) ਦਾ ਸੰਗੀਤ ਅਤੇ ਤਿੰਨੋਂ ਸਾਹਿਤਕ ਗੀਤ ਅੱਜ ਤਕ ਨਹੀਂ ਭੁੱਲੇ। ਸ਼ਬਦਾਂ ਦੀ ਸੁਹਜ ਤੇ ਸੁਰਾਂ ਦੀ ਮਿਠਾਸ ਦਾ ਸ਼ਾਨਦਾਰ ਸੁਮੇਲ ਹਨ ਇਹ ਗੀਤ। ਸਦਜਵਾਂ ਰਹਿੰਦਾ ਹੈ ਅਜਿਹਾ ਸੁਮੇਲ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All