ਵਾਹਗਿਓਂ ਪਾਰ

ਮਹਿੰਗਾਈ ਨੇ ਵਧਾਈ ਇਮਰਾਨ ਸਰਕਾਰ ਦੀ ਅਸਥਿਰਤਾ...

ਮਹਿੰਗਾਈ ਨੇ ਵਧਾਈ ਇਮਰਾਨ ਸਰਕਾਰ ਦੀ ਅਸਥਿਰਤਾ...

ਫ਼ਵਾਦ ਚੌਧਰੀ, ਸ਼ੋਏਬ ਅਖ਼ਤਰ ਅਤੇ ਨੌਮਾਨ ਨਿਆਜ਼

ਮਹਿੰਗਾਈ ਤੇ ਰਾਜਸੀ ਅਸਥਿਰਤਾ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਲਈ ਵੱਡੀ ਸਿਰਦਰਦੀ ਬਣਦੇ ਜਾ ਰਹੇ ਹਨ। ਅੰਗਰੇਜ਼ੀ ਅਖ਼ਬਾਰ ‘ਡਾਅਨ’ ਦੀ ਐਤਵਾਰ ਦੀ ਸੰਪਾਦਕੀ ਮੁਤਾਬਿਕ ਪਾਕਿਸਤਾਨ ਤਹਿਰੀਕ-ਇ-ਇਨਸਾਫ਼ (ਪੀ.ਟੀ.ਆਈ.) ਸਰਕਾਰ ਹੁਣ ਲਗਾਤਾਰ ਡੋਲਦੀ ਨਜ਼ਰ ਆ ਰਹੀ ਹੈ। ਸੁਚੱਜਾ ਰਾਜ-ਪ੍ਰਬੰਧ ਤੇ ਸਿਆਸੀ ਸਥਿਰਤਾ ਯਕੀਨੀ ਬਣਾਉਣ ਦੇ ਇਸ ਦੇ ਦਾਅਵਿਆਂ ਦੀ ਫ਼ੂਕ ਨਿਕਲਦੀ ਜਾ ਰਹੀ ਹੈ। ਪਾਕਿਸਤਾਨ ਨੂੰ ਮਾਇਕ ਸੰਕਟ ਨਾਲ ਵੀ ਜੂਝਣਾ ਪੈ ਰਿਹਾ ਹੈ ਜਿਸ ਦਾ ਹੱਲ ਇਮਰਾਨ ਸਰਕਾਰ ਨੂੰ ਅਹੁੜ ਨਹੀਂ ਰਿਹਾ। ... ਮਹਿੰਗਾਈ ਛਾਲਾਂ ਮਾਰ ਕੇ ਵਧ ਰਹੀ ਹੈ। ਸਰਕਾਰ ਨੇ ਪੈਟਰੋਲ, ਡੀਜ਼ਲ, ਬਿਜਲੀ ਤੇ ਖ਼ੁਰਾਕੀ ਵਸਤਾਂ ਦੀਆਂ ਦਰਾਂ ਵਿਚ ਇਜ਼ਾਫ਼ਾ ਕੀਤਾ। ਇਸ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਸਰਕਾਰੀ ਅਹਿਲਕਾਰਾਂ ਤੇ ਵਜ਼ੀਰਾਂ ਵੱਲੋਂ ਇਸ ਇਜ਼ਾਫ਼ੇ ਦੇ ਕਾਰਨ ਤੇ ਸਰਕਾਰ ਦੀਆਂ ਮਜਬੂਰੀਆਂ ਗਿਣਾਈਆਂ ਜਾ ਰਹੀਆਂ ਹਨ। ਪਰ ਇਹ ਅਮਲ ਲੋਕਾਂ ਦੀ ਨਾਖ਼ੁਸ਼ੀ ਘਟਾਉਣ ਵਾਲਾ ਸਾਬਤ ਨਹੀਂ ਹੋ ਰਿਹਾ। ਜਦੋਂ ਸਰਕਾਰ ਦੀ ਮਕਬੂਲੀਅਤ ਖੁਰਦੀ ਜਾ ਰਹੀ ਹੋਵੇ, ਉਦੋਂ ਵਿਰੋਧੀ ਧਿਰ ’ਚ ਨਵੀਂ ਜਾਣ ਪੈਣੀ ਸੁਭਾਵਿਕ ਹੀ ਹੈ। ਉਪਰੋਂ ਵਜ਼ੀਰੇ ਆਜ਼ਮ ਤੇ ਫ਼ੌਜ ਦਰਮਿਆਨ ਸਬੰਧ ਵੀ ਪਹਿਲਾਂ ਵਰਗੇ ਨਹੀਂ ਰਹੇ। ਖ਼ੁਫ਼ੀਆ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈ.ਐੱਸ.ਆਈ.) ਦੇ ਮੁਖੀ ਦੀ ਨਿਯੁਕਤੀ ਤੋਂ ਸਰਕਾਰ ਤੇ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦਰਮਿਆਨ ਜੋ ਤਨਾਜ਼ਾ ਪੈਦਾ ਹੋਇਆ, ਉਹ ਸਿਰਫ਼ ਸਤਹੀ ਤੌਰ ’ਤੇ ਹੀ ਮੱਠਾ ਪਿਆ ਹੈ। ਫ਼ੌਜ ਆਪਣੀ ਨਾਰਾਜ਼ਗੀ ਜ਼ਾਹਿਰ ਕਰਨ ਦਾ ਕੋਈ ਵੀ ਮੌਕਾ ਨਹੀਂ ਖੁੰਝਾ ਰਹੀ।

ਇਸੇ ਸੰਪਾਦਕੀ ਮੁਤਾਬਿਕ ਕੌਮੀ ਅਸੈਂਬਲੀ ਵਿਚ ਸਰਕਾਰ ਦੇ ਦੋ ਸਹਿਯੋਗੀਆਂ- ਮੁਤਾਹਿਦਾ ਕੌਮੀ ਮੁਹਾਜ਼ (ਐਮ.ਕਿਊ.ਐਮ.) ਅਤੇ ਪਾਕਿਸਤਾਨ ਮੁਸਲਿਮ ਲੀਗ (ਕੌਮੀ) ਨੇ ਵੀ ਆਪੋ-ਆਪਣੀ ਸੁਰ ਬਦਲ ਲਈ ਹੈ। ਦੋਵੇਂ ਪਾਰਟੀਆਂ ਸਰਕਾਰ ਦਾ ਸਾਥ ਦੇਣ ਦੀ ਥਾਂ ਇਸ ਦੀ ਨੁਕਤਾਚੀਨੀ ਕਰਨ ਦੇ ਰਾਹ ਤੁਰ ਪਈਆਂ ਹਨ। ਇਸ ਤੋਂ ਉਤਸ਼ਾਹਿਤ ਹੋ ਕੇ ਸਮੁੱਚੀ ਵਿਰੋਧੀ ਧਿਰ ਕੌਮੀ ਅਸੈਂਬਲੀ ਦਾ ਸਪੀਕਰ ਅਤੇ ਸੈਨੇਟ ਦੇ ਚੇਅਰਮੈਨ ਬਦਲਣ ਦੀਆਂ ਗੱਲਾਂ ਕਰਨ ਲੱਗੀ ਹੈ। ਉੱਪਰੋਂ ਤਹਿਰੀਕ-ਇ-ਲਾਬਾਇਕ ਪਾਕਿਸਤਾਨ (ਟੀ.ਐਲ.ਪੀ.) ਨਾਲ ਸਰਕਾਰ ਦੇ ਸਮਝੌਤੇ ਅਤੇ ਇਸ ਪਾਰਟੀ ਤੋਂ ਦਹਿਸ਼ਤਗਰਦ ਜਮਾਤ ਵਾਲਾ ਠੱਪਾ ਹਟਾਏ ਜਾਣ ਨੇ ਕੌਮਾਂਤਰੀ ਮਾਲੀ ਫੰਡ (ਆਈ.ਐਮ.ਐਫ.) ਤੋਂ ਕਰਜ਼ੇ ਦੀ ਨਵੀਂ ਖੇਪ ਮਿਲਣ ਦੀਆਂ ਸੰਭਾਵਨਾਵਾਂ ਵੀ ਮੱਧਮ ਪਾ ਦਿੱਤੀਆਂ ਹਨ। ਅਜਿਹੇ ਆਲਮ ਵਿਚ ਜੇਕਰ ਮੁਲਕ ਵਿਚ ਮੱਧਕਾਲੀ ਚੋਣਾਂ ਹੋਣ ਦੀ ਚਰਚਾ ਤੁਰ ਪਈ ਹੈ ਤਾਂ ਇਹ ਆਪਣੇ ਆਪ ਵਿਚ ਕੋਈ ਅਨਹੋਣੀ ਗੱਲ ਨਹੀਂ।

ਮੰਤਰੀ ਨੇ ਕਰਵਾਈ ਸੁਲ੍ਹਾ

ਰਾਵਲਪਿੰਡੀ ਐਕਸਪ੍ਰੈਸ ਵਜੋਂ ਜਾਣੇ ਜਾਂਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਤੇ ਉੱਘੇ ਟੈਲੀਵਿਜ਼ਨ ਐਂਕਰ ਡਾ. ਨੌਮਾਨ ਨਿਆਜ਼ ਦਰਮਿਆਨ ਆਖ਼ਿਰ ਸੁਲ੍ਹਾ ਹੋ ਗਈ ਹੈ। ਇਹ ਸੁਲ੍ਹਾ ਕੌਮੀ ਸੂਚਨਾ ਤੇ ਪ੍ਰਸਾਰਨ ਮੰਤਰੀ ਫ਼ਵਾਦ ਚੌਧਰੀ ਦੀ ਵਿਚੋਲਗਿਰੀ ਨੇ ਸੰਭਵ ਬਣਾਈ। ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਫ਼ਵਾਦ ਚੌਧਰੀ ਨੇ ਦੋਵਾਂ ਨੂੰ ਆਪਣੀ ਇਸਲਾਮਾਬਾਦ ਸਥਿਤ ਰਿਹਾਇਸ਼ ’ਤੇ ਬੁਲਾਇਆ ਅਤੇ ਕੌਮੀ ਮੁਫ਼ਾਦਾਂ ਦਾ ਵਾਸਤਾ ਪਾ ਕੇ ਆਪੋ-ਆਪਣਾ ਹਓਮੈ ਤਿਆਗਣ ਦੀ ਅਪੀਲ ਕੀਤੀ। ਡਾ. ਨਿਆਜ਼ ਨੇ ਆਪਣੀ ਭੁੱਲ-ਚੁੱਕ ਲਈ ਮੁਆਫ਼ੀ ਮੰਗ ਲਈ ਅਤੇ ਸ਼ੋਇਬ ਨੇ ‘ਵੱਡੇ ਦਿਲ ਵਾਲਾ’ ਹੋਣ ਵਾਲੇ ਜਜ਼ਬੇ ਦਾ ਮੁਜ਼ਾਹਰਾ ਕਰਦਿਆਂ ਮੁਆਫ਼ੀ ਸਵੀਕਾਰ ਕਰ ਲਈ। ਮੰਤਰੀ ਨੇ ਇਸ ਰਾਜ਼ੀਨਾਮੇ ਦੇ ਜ਼ਿਕਰ ਸਮੇਤ ਇਕ ਸਾਂਝੀ ਤਸਵੀਰ ਇੰਸਟਾਗ੍ਰਾਮ ’ਤੇ ਪਾ ਦਿੱਤੀ। ਬਾਅਦ ਵਿਚ ਸ਼ੋਇਬ ਨੇ ਵੀ ਟਵੀਟ ਕਰ ਕੇ ਸੁਲ੍ਹਾ-ਸਫਾਈ ਦੀ ਪੁਸ਼ਟੀ ਕਰ ਦਿੱਤੀ। ਡਾ. ਨਿਆਜ਼ ਨੇ ਖ਼ਾਮੋਸ਼ੀ ਐਤਵਾਰ ਸ਼ਾਮ ਤਕ ਨਹੀਂ ਸੀ ਤਿਆਗੀ। ਉਂਜ, ਉਹ ਹਫ਼ਤਾ ਪਹਿਲਾਂ ਹੀ ਆਪਣੇ ਟਵੀਟਸ ਰਾਹੀਂ ਸ਼ੋਇਬ ਤੋਂ ਜਨਤਕ ਤੌਰ ’ਤੇ ਮੁਆਫ਼ੀ ਮੰਗ ਚੁੱਕੇ ਹਨ।

ਡਾ. ਨਿਆਜ਼ ਤੇ ਸ਼ੋਇਬ ਦਰਮਿਆਨ ਤਲਖ਼ੀ ਵਾਲਾ ਮਾਜਰਾ ਪੀ.ਟੀ.ਵੀ.-ਸਪੋਰਟਸ ਦੇ ਪ੍ਰੋਗਰਾਮ ‘ਗੇਮ ਔਨ ਹੈ’ ਦਰਮਿਆਨ ਵਾਪਰਿਆ। ਟੀ-20 ਵਿਸ਼ਵ ਕੱਪ ਦੇ ਪਾਕਿਸਤਾਨ-ਨਿਊਜ਼ੀਲੈਂਡ ਮੈਚ ਤੋਂ ਬਾਅਦ ਇਹ ਪ੍ਰੋਗਰਾਮ ਲਾਈਵ ਚੱਲ ਰਿਹਾ ਸੀ। ਡਾ. ਨਿਆਜ਼ ਇਸ ਪ੍ਰੋਗਰਾਮ ਦੇ ਮੇਜ਼ਬਾਨ ਹਨ ਤੇ ਸ਼ੋਇਬ ਮਾਹਿਰ ਦੇ ਰੂਪ ਵਿਚ ਇਸ ਪ੍ਰੋਗਰਾਮ ਦਾ ਮੁੱਖ ਧੁਰਾ ਬਣਿਆ ਰਿਹਾ ਹੈ। ਪੀਟੀਵੀ ਵੱਲੋਂ ਉਸ ਨਾਲ ਹੋਏ ਇਕਰਾਰ ਮੁਤਾਬਿਕ ਉਸ ਨੂੰ ਹਰ ਮਹੀਨੇ ਮੋਟੀ ਤਨਖ਼ਾਹ ਦਿੱਤੀ ਜਾਂਦੀ ਹੈ। ਪ੍ਰਸਾਰਨ ਵੇਲੇ ਇਸ ਪ੍ਰੋਗਰਾਮ ਦੇ ਮਹਿਮਾਨਾਂ ਵਿਚ ਵੈਸਟ ਇੰਡੀਜ਼ ਦੇ ਸਾਬਕਾ ਕਪਤਾਨ ਵਿਵਿਅਨ ਰਿਚਰਡਜ਼, ਇੰਗਲੈਂਡ ਦੇ ਸਾਬਕਾ ਕਪਤਾਨ ਡੇਵਿਡ ਗੋਵਰ, ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਸਾਨਾ ਮੀਰ ਤੇ ਸਾਬਕਾ ਤੇਜ਼ ਗੇਂਦਬਾਜ਼ ਉਮਰ ਗੁਲ ਬਤੌਰ ਮਹਿਮਾਨ ਹਾਜ਼ਰ ਸਨ। ਆਪਸੀ ਵਿਚਾਰ ਚਰਚਾ ਦੌਰਾਨ ਸ਼ੋਇਬ ਨੇ ਦੋ ਪਾਕਿਸਤਾਨੀ ਤੇਜ਼ ਗੇਂਦਬਾਜ਼ਾਂ- ਸ਼ਾਹੀਨ ਸ਼ਾਹ ਅਫ਼ਰੀਦੀ ਤੇ ਹੈਰਿਸ ਰਊਫ਼ ਦੀ ਖੋਜ ਤੇ ਸਿਖਲਾਈ ਲਈ ਪਾਕਿਸਤਾਨ ਸੁਪਰ ਲੀਗ ਦੇ ਕਲੱਬ ਲਾਹੌਰ ਕਲੰਦਰਜ਼ ਦੀ ਤਾਰੀਫ਼ ਦੇ ਪੁਲ ਬੰਨ੍ਹਣੇ ਸ਼ੁਰੂ ਕਰ ਦਿੱਤੇ। ਡਾ. ਨਿਆਜ਼ ਨੇ ਉਸ ਨੂੰ ਟੋਕਿਆ, ਪਰ ਸ਼ੋਇਬ ਨੇ ਬੋਲਣਾ ਜਾਰੀ ਰੱਖਿਆ। ਸ਼ੋਇਬ ਲਾਹੌਰ ਕਲੰਦਰਜ਼ ਦਾ ਬ੍ਰਾਂਡ ਅੰਬੈਸਡਰ ਹੈ। ਡਾ. ਨਿਆਜ਼ ਨੂੰ ਜਾਪਿਆ ਕਿ ਉਹ ਜਿਵੇਂ ਆਪਣੇ ਕਲੱਬ ਨੂੰ ਲੋੜੋਂ ਵੱਧ ਪਰੋਮੋਟ ਕਰ ਰਿਹਾ ਹੈ। ਉਨ੍ਹਾਂ ਨੇ ਤੈਸ਼ ਵਿਚ ਆ ਕੇ ਕਿਹਾ, ‘‘ਤੁਸੀਂ ਜ਼ਿਆਦਾ ਹੀ ਚੁਸਤ ਬਣ ਰਹੇ ਹੋ। ਮੇਰੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ। ਜੇਕਰ ਆਪਣੇ ਰੰਗ-ਢੰਗ ਨਹੀਂ ਬਦਲਣੇ ਤਾਂ ਇੱਥੋਂ ਜਾ ਸਕਦੇ ਹੋ।’’ ਨਾਲ ਹੀ ਉਨ੍ਹਾਂ ਨੇ ਬ੍ਰੇਕ ਦਾ ਐਲਾਨ ਕਰ ਦਿੱਤਾ। ਬ੍ਰੇਕ ਤੋਂ ਬਾਅਦ ਸ਼ੋਇਬ ਨੇ ਬਾਕੀ ਪੈੈਨਲਿਸਟਾਂ ਤੋਂ ਮੁਆਫ਼ੀ ਮੰਗੀ, ਪਰ ਨਾਲ ਹੀ ਕਿਹਾ ਕਿ ਉਸ ਨਾਲ ਜੋ ਸਲੂਕ ਹੋਇਆ ਹੈ, ਉਸ ਦੇ ਮੱਦੇਨਜ਼ਰ ਉਹ ਪੀਟੀਵੀ ਤੋਂ ਅਸਤੀਫ਼ਾ ਦੇ ਰਿਹਾ ਹੈ। ਫਿਰ ਉਹ ਉੱਠ ਕੇ ਸਡੂਟੀਓ ਤੋਂ ਬਾਹਰ ਚਲਾ ਗਿਆ।

ਇਹ ਸਮੁੱਚਾ ਕਾਂਢ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਡਾ. ਨਿਆਜ਼ ਨੇ ਦੋ ਦਿਨ ਬਾਅਦ ਜਨਤਕ ਤੌਰ ’ਤੇ ਮੁਆਫ਼ੀ ਮੰਗ ਲਈ ਅਤੇ ਕਿਹਾ ਕਿ ਜੋ ਕੁਝ ਵਾਪਰਿਆ, ਉਸ ਵਾਸਤੇ ਉਹ ਵੱਧ ਦੋਸ਼ੀ ਹਨ। ਇਸ ਦੇ ਬਾਵਜੂਦ ਸ਼ੋਇਬ ਨੇ ਨਾਰਾਜ਼ਗੀ ਵਾਲੀ ਸੁਰ ਬਰਕਰਾਰ ਰੱਖੀ। ਇਸੇ ਕਾਰਨ ਫ਼ਵਾਦ ਚੌਧਰੀ ਨੂੰ ਦਖ਼ਲ ਦੇਣਾ ਪਿਆ। ਪ੍ਰੋਗਰਾਮ ਦੌਰਾਨ ਵਾਕ-ਆਊਟ ਕਰਨ ਅਤੇ ਇਕਰਾਰਨਾਮਾ ਤੋੜਨ ਦੇ ਦੋਸ਼ਾਂ ਹੇਠ ਪੀਟੀਵੀ ਨੇ ਸ਼ੋਇਬ ਨੂੰ ਕਾਨੂੰਨੀ ਨੋਟਿਸ ਭੇਜ ਕੇ 10 ਕਰੋੜ ਰੁਪਏ ਦਾ ਹਰਜ਼ਾਨਾ ਮੰਗਿਆ। ਇਸ ਬਾਰੇ ਪੁੱਛੇ ਜਾਣ ’ਤੇ ਫ਼ਵਾਦ ਚੌਧਰੀ ਨੇ ਜਵਾਬ ਦਿੱਤਾ: ‘‘ਪੀਟੀਵੀ ਦੇ ਮੈਨੇਜਿੰਗ ਡਾਇਰੈਕਟਰ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਉਹ ਫ਼ੈਸਲਾ ਕਰਨਗੇ ਕਿ ਕਾਨੂੰਨੀ ਨੋਟਿਸ ਦਾ ਕੀ ਕਰਨਾ ਹੈ। ਮੇਰੀ ਜ਼ਾਤੀ ਰਾਇ ਹੈ ਕਿ ਸਭ ਕੁਝ ਰਫ਼ਾ-ਦਫ਼ਾ ਹੋ ਜਾਣਾ ਚਾਹੀਦਾ ਹੈ।’’

ਲਾਹੌਰ ਤੇ ਪ੍ਰਦੂਸ਼ਣ

ਲਾਹੌਰ ਦਾ ਆਕਾਸ਼ ਅੱਜਕਲ੍ਹ ਧੁਆਂਖਿਆ ਹੋਇਆ ਹੈ। ਲੋਕ ਇਸ ਦੀ ਤੁਲਨਾ ਭਾਰਤੀ ਰਾਜਧਾਨੀ ਦਿੱਲੀ ਵਿਚ ਫੈਲੇ ਪ੍ਰਦੂਸ਼ਣ ਨਾਲ ਕਰਦੇ ਹਨ। ਪਿਛਲੇ ਇਕ ਹਫ਼ਤੇ ਤੋਂ ਹਵਾ ਦੇ ਪ੍ਰਦੂਸ਼ਣ ਦੇ ਅੰਕੜੇ ਇਸ ਨੂੰ ਮਨੁੱਖੀ ਜੀਵਨ ਲਈ ਖ਼ਤਰਨਾਕ ਦੱਸਦੇ ਆ ਰਹੇ ਹਨ। ਰੋਜ਼ਾਨਾ ਅਖ਼ਬਾਰ ‘ਦਿ ਨਿਊਜ਼’ ਦੀ ਰਿਪੋਰਟ ਅਨੁਸਾਰ ਸ਼ਨਿਚਰਵਾਰ ਨੂੰ ਲਾਹੌਰ ਦੇ ਕਮਿਸ਼ਨਰ ਮੁਹੰਮਦ ਉਸਮਾਨ ਨੇ ਇਕ ਮੀਟਿੰਗ ਬੁਲਾ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਉਮਰ ਸ਼ੇਰ ਚੱਠਾ ਨੂੰ ਹਦਾਇਤ ਕੀਤੀ ਕਿ ਪੰਜ ਦਸਤੇ ਬਣਾ ਕੇ ਰੋਜ਼ਾਨਾ ਦੀ ਸਥਿਤੀ ਵਿਚਾਰੀ ਜਾਵੇ ਅਤੇ ਸਮੌਗ (ਧੁਆਂਖੀ ਧੁੰਦ) ਘਟਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ। ਇਨ੍ਹਾਂ ਦਸਤਿਆਂ ਵਿਚ ਵੱਖ ਵੱਖ ਐੱਸ.ਡੀ.ਐਮਜ਼. ਤੋਂ ਇਲਾਵਾ ਵਾਤਵਰਨ ਵਿਭਾਗ, ਲਾਹੌਰ ਮੈਟਰੋਪੋਲੀਟਨ ਕਾਰਪੋਰੇਸ਼ਨ, ਜਲ ਤੇ ਸਫ਼ਾਈ ਏਜੰਸੀ (ਵਾਸਾ), ਪੁਲੀਸ ਅਤੇ ਲਾਹੌਰ ਬਿਜਲੀ ਸਪਲਾਈ ਕੰਪਨੀ (ਲੈਸਕੋ) ਦੇ ਪ੍ਰਤੀਨਿਧ ਸ਼ਾਮਲ ਕੀਤੇ ਜਾਣ। ਉਨ੍ਹਾਂ ਨੇ ਜ਼ਿਆਦਾ ਧੂੰਆਂ ਪੈਦਾ ਕਰਨ ਵਾਲੀਆਂ ਸਨਅਤੀ ਇਕਾਈਆਂ ਅਗਲੇ ਇਕ ਪਖਵਾੜੇ ਲਈ ਬੰਦ ਕਰਵਾਏ ਜਾਣ ਦਾ ਹੁਕਮ ਵੀ ਦਿੱਤਾ ਅਤੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਸਾੜਨ ਤੋਂ ਗੁਰੇਜ਼ ਕਰਨ।

ਮਰਹੂਮ ਸੋਹੇਲ ਅਸਗ਼ਰ

ਸੋਹੇਲ ਅਸਗ਼ਰ ਦਾ ਦੇਹਾਂਤ

ਉੱਘੇ ਅਦਾਕਾਰ ਸੋਹੇਲ ਦਾ ਸ਼ਨਿਚਰਵਾਰ ਨੂੰ ਲਾਹੌਰ ਵਿਚ ਇੰਤਕਾਲ ਹੋ ਗਿਆ। ਉਹ ਪਿਛਲੇ ਡੇਢ ਸਾਲ ਤੋਂ ਬਿਸਤਰੇ ’ਤੇ ਸਨ ਅਤੇ ਹਫ਼ਤਾ ਪਹਿਲਾਂ ਹਾਲਤ ਵਿਗੜ ਜਾਣ ਕਾਰਨ ਹਸਪਤਾਲ ਪਹੁੰਚਾਏ ਗਏ ਸਨ। ਅਸਗ਼ਰ ਲਾਹੌਰ ਦੇ ਜੰਮਪਲ ਸਨ। ਪੰਜਾਬ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਮਗਰੋਂ ਉਨ੍ਹਾਂ 1978 ਤੋਂ 1988 ਤਕ ਰੇਡੀਓ ਪਾਕਿਸਤਾਨ ਵਿਚ ਅਨਾਊਂਸਰ ਤੇ ਪੇਸ਼ਕਾਰ ਵਜੋਂ ਕੰਮ ਕੀਤਾ। ਫਿਰ ਅਦਾਕਾਰੀ ਦੀ ਦੁਨੀਆਂ ਵਿਚ ਟੀ.ਵੀ. ਡਰਾਮਿਆਂ ਰਾਹੀਂ ਦਾਖ਼ਲ ਹੋਏ। 2003 ਵਿਚ ‘ਮੁਰਾਦ’ ਫਿਲਮ ਵਿਚ ਉਨ੍ਹਾਂ ਹੀਜੜੇ ਦੀ ਭੂਮਿਕਾ ਨਿਭਾਈ। ਇਸ ਭੂਮਿਕਾ ਲਈ ਉਨ੍ਹਾਂ ਨੂੰ ਕਈ ਇਨਾਮ-ਸਨਮਾਨ ਮਿਲੇ। ਉਨ੍ਹਾਂ ਦੀ ਆਖ਼ਰੀ ਫਿਲਮ 2019 ਵਿਚ ਬਣੀ ‘ਵਿਕਟਿਮ ਆਫ ਐਨ ਆਨਰ ਕਿਲਿੰਗ’ (ਅਣਖ ਦੀ ਖ਼ਾਤਿਰ ਕਤਲ ਦਾ ਸ਼ਿਕਾਰ) ਸੀ। ਇਹ ਬ੍ਰਿਟਿਸ਼ ਫਿਲਮ ਸੀ। ਸੋਹੇਲ ਦੇ ਚਲਾਣੇ ’ਤੇ ਸੋਗ ਪ੍ਰਗਟਾਉਣ ਵਾਲਿਆਂ ਵਿਚ ਵਜ਼ੀਰੇ ਆਜ਼ਮ ਇਮਰਾਨ ਖ਼ਾਨ, ਕਈ ਮਰਕਜ਼ੀ ਵਜ਼ੀਰ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਾਰ ਸ਼ਾਮਲ ਹਨ।

- ਪੰਜਾਬੀ ਟ੍ਰਿਬਿਊਨ ਫੀਚਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All