ਡਾ. ਕਰਮਜੀਤ ਸਿੰਘ ਧਾਲੀਵਾਲ
ਵਿਗਿਆਨੀ, ਕਵੀ ਅਤੇ ਚਿੱਤਰਕਾਰ ਕੁਦਰਤ ਵੱਲੋਂ ਬ੍ਰਹਿਮੰਡ ਦੀ ਕੈਨਵਸ ਤੇ ਵਿਖਰੇ ਰੰਗਾਂ ਦੇ ਮੁਰੀਦ ਹੁੰਦੇ ਹਨ। ਰੰਗਾਂ ਦੀ ਰੰਗੀਨੀ ਜ਼ਿੰਦਗੀ ਨੂੰ ਵਿਸਮਾਦਮਈ ਬਣਾਈ ਰੱਖਦੀ ਹੈ। ਵਿਗਿਆਨੀ ਕੁਦਰਤੀ ਰਹੱਸਾਂ ਦੀਆਂ ਅਨੰਤ ਪੇਚੀਦਗੀਆਂ ਨੂੰ ਸਮਝਣ ਦੇ ਆਹਰੇ ਲੱਗੇ ਕਲਾ, ਸੁਹਜ ਅਤੇ ਵਿਗਿਆਨ ਦੇ ਸਬੰਧਾਂ ਵਿਚਲੀਆਂ ਤੰਦਾਂ ਨੂੰ ਲੱਭਦੇ ਹੋਏ ਚੌਗਿਰਦੇ ਦੇ ਰੰਗਾਂ ਅਤੇ ਸੰਗੀਤ ਵਿੱਚ ਸਰਸ਼ਾਰ ਰਹਿੰਦੇ ਹਨ। ਮਹਾਨ ਭਾਰਤੀ ਵਿਗਿਆਨੀ ਚੰਦਰਸ਼ੇਖਰ ਵੈਂਕਟ ਰਮਨ ਰੰਗਾਂ ਤੇ ਸੰਗੀਤਕ ਧੁਨਾਂ ਦੇ ਰਹੱਸਾਂ ਦੀ ਜਗਿਆਸਾ ਦਾ ਜਨੂੰਨੀ ਸੀ। ਉਸ ਦਾ ਜਨਮ 7 ਨਵੰਬਰ 1888 ਨੂੰ ਤਾਮਿਲਨਾਡੂ (ਉਸ ਸਮੇਂ ਮਦਰਾਸ ਪ੍ਰੈਜ਼ੀਡੈਂਸੀ) ਦੇ ਸ਼ਹਿਰ ਤ੍ਰਿਚਨਾਪਲੀ ਨੇੜੇ ਇਕ ਪਿੰਡ ਆਈਨਪਟਾਏ ਵਿੱਚ ਹੋਇਆ। ਉਸ ਦੇ ਪਿਤਾ ਚੰਦਰਸ਼ੇਖਰ ਰਾਮਾਨਾਥਨ ਅਈਅਰ ਹਿਸਾਬ ਅਤੇ ਭੌਤਿਕ ਵਿਗਿਆਨ ਦੇ ਅਧਿਆਪਕ ਸਨ ਅਤੇ ਮਾਤਾ ਪਾਰਵਤੀ ਅਮਲ ਘਰੇਲੂ ਸੁਆਣੀ ਸੀ। ਰਮਨ ਅੱਠ ਭੈਣ ਭਰਾਵਾਂ ਵਿੱਚੋਂ ਦੂਜੇ ਸਥਾਨ ’ਤੇ ਸੀ। ਅਜੇ ਰਮਨ ਚਾਰ ਸਾਲ ਦਾ ਹੀ ਹੋਇਆ ਸੀ, ਜਦੋਂ ਉਸ ਦੇ ਪਿਤਾ ਨੂੰ ਵਿਸ਼ਾਖਾਪਟਨਮ ਦੇ ਕਾਲਜ ਵਿੱਚ ਲੈਕਚਰਾਰ ਵਜੋਂ ਨੌਕਰੀ ਮਿਲਣ ਕਰਕੇ ਸਾਰਾ ਪਰਿਵਾਰ ਵਿਸ਼ਾਖਾਪਟਨਮ ਜਾ ਕੇ ਰਹਿਣ ਲੱਗ ਪਿਆ। ਰਮਨ ਨੂੰ ਬਚਪਨ ਤੋਂ ਹੀ ਵਿਗਿਆਨ ਵਿੱਚ ਬਹੁਤ ਰੁਚੀ ਸੀ। ਉਹ ਘਰ ਵਿੱਚ ਪਿਤਾ ਦੀਆਂ ਵਿਦਿਆਰਥੀ ਜੀਵਨ ਸਮੇਂ ਦੀਆਂ ਪਈਆਂ ਕਿਤਾਬਾਂ ਪੜ੍ਹਦਾ ਰਹਿੰਦਾ ਅਤੇ ਕਦੇ ਉਨ੍ਹਾਂ ਦੇ ਕਾਲਜ ਦੀ ਲਾਇਬਰੇਰੀ ਵਿੱਚੋਂ ਵਿਗਿਆਨ ਦੀਆਂ ਕਿਤਾਬਾਂ ਲੈ ਕੇ ਪੜ੍ਹਨ ਲੱਗ ਜਾਂਦਾ। ਉਹ ਆਪਣੇ ਪਿਤਾ ਤੋਂ ਵਿਗਿਆਨ ਦੇ ਵੱਖ ਵੱਖ ਰਹੱਸਾਂ ਸਬੰਧੀ ਅਕਸਰ ਪੁੱਛਦਾ ਰਹਿੰਦਾ। ਖੇਡਣ ਅਤੇ ਕਸਰਤ ਵਿੱਚ ਰੁਚੀ ਨਾ ਹੋਣ ਕਰਕੇ ਉਹ ਮਾੜਚੂ ਜਿਹੇ ਸਰੀਰ ਵਾਲਾ ਸੀ ਪਰ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ, ਉਸ ਨੇ ਗਿਆਰ੍ਹਾਂ ਸਾਲ ਦੀ ਉਮਰ ਵਿੱਚ ਦਸਵੀਂ ਅਤੇ ਤੇਰ੍ਹਾਂ ਸਾਲ ਦੀ ਉਮਰ ਵਿੱਚ ਵਜ਼ੀਫ਼ੇ ਨਾਲ ਐੱਫ.ਏ. ਦੀ ਪ੍ਰੀਖਿਆ ਪਾਸ ਕਰਨ ਉਪਰੰਤ ਮਦਰਾਸ ਦੇ ਪ੍ਰੈਜ਼ੀਡੈਂਸੀ ਕਾਲਜ ਵਿੱਚ ਬੀ.ਏ. ਵਿੱਚ ਦਾਖ਼ਲਾ ਲੈ ਲਿਆ।
ਸੰਨ 1904 ਵਿੱਚ ਭੌਤਿਕ ਵਿਗਿਆਨ ਅਤੇ ਅੰਗਰੇਜ਼ੀ ਦੇ ਵਿਸ਼ਿਆਂ ਵਿੱਚ ਮੈਡਲ ਪ੍ਰਾਪਤ ਕਰਦਿਆਂ ਉਸ ਨੇ ਪਹਿਲੇ ਦਰਜੇ ਵਿਚ ਬੀ. ਏ. ਦੀ ਪ੍ਰੀਖਿਆ ਪਾਸ ਕੀਤੀ। ਬ੍ਰਿਟਿਸ਼ ਪ੍ਰੋਫ਼ੈਸਰਾਂ ਨੇ ਉਸ ਦੀ ਕਾਬਲੀਅਤ ਨੂੰ ਦੇਖਦਿਆਂ ਉਸ ਨੂੰ ਵਲਾਇਤ ਤੋਂ ਐਮ. ਏ. ਕਰਨ ਲਈ ਬਹੁਤ ਜ਼ੋਰ ਪਾਇਆ ਪਰ ਮਦਰਾਸ ਦੇ ਸਿਵਲ ਸਰਜਨ ਨੇ ਉਸ ਦੀ ਕਮਜ਼ੋਰ ਸਿਹਤ ਨੂੰ ਦੇਖਦਿਆਂ ਸਲਾਹ ਦਿੱਤੀ ਕਿ ਵਲਾਇਤ ਦਾ ਠੰਢਾ ਮੌਸਮ ਉਸ ਲਈ ਸਾਜ਼ਗਾਰ ਨਹੀਂ ਰਹੇਗਾ, ਇਸ ਕਰਕੇ ਉਸ ਨੂੰ ਭਾਰਤ ਵਿਚ ਹੀ ਰਹਿਣਾ ਚਾਹੀਦਾ ਹੈ। ਰਮਨ ਨੇ ਵਜ਼ੀਫੇ ਨਾਲ ਪ੍ਰੈਜ਼ੀਡੈਂਸੀ ਕਾਲਜ ਦੀ ਐੱਮ.ਏ. ਭੌਤਿਕ ਵਿਗਿਆਨ ਵਿੱਚ ਦਾਖਲਾ ਲੈ ਲਿਆ। ਵਿਗਿਆਨ ਪ੍ਰਤੀ ਉਸਦੇ ਜਨੂੰਨ ਨੂੰ ਦੇਖਦਿਆਂ ਕਾਲਜ ਵਿੱਚ ਕਿਸੇ ਵੀ ਸਮੇਂ ਲੈਬਾਰਟਰੀ ਵਿੱਚ ਜਾ ਕੇ ਤਜਰਬੇ ਕਰਨ ਜਾਂ ਲਾਇਬਰੇਰੀ ਵਿੱਚੋਂ ਕਿਤਾਬਾਂ ਪੜ੍ਹਨ ਦੀ ਉਸ ਨੂੰ ਪੂਰੀ ਤਰ੍ਹਾਂ ਖੁੱਲ੍ਹ ਸੀ। ਐਮ.ਏ. ਦੀ ਪੜ੍ਹਾਈ ਦੌਰਾਨ ਹੀ ਉਸ ਨੇ ਆਪਣਾ ਪਹਿਲਾ ਖੋਜ ਪੱਤਰ ਸੰਨ 1906 ਵਿਚ ਵਿਸ਼ਵ ਦੇ ਪ੍ਰਸਿੱਧ ਖੋਜ ਰਸਾਲੇ ਫਿਲਾਸਫੀਕਲ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਕੀਤਾ। ਸੰਨ 1907 ਵਿੱਚ ਉਸ ਨੇ ਰਿਕਾਰਡ ਸਥਾਪਤ ਕਰਦਿਆਂ ਪਹਿਲੇ ਦਰਜੇ ਵਿੱਚ ਐਮ.ਏ. ਦੀ ਡਿਗਰੀ ਪ੍ਰਾਪਤ ਕੀਤੀ। ਇਸ ਉਪਰੰਤ ਘਰ ਦੀ ਕਮਜ਼ੋਰ ਮਾਲੀ ਹਾਲਤ ਨੂੰ ਸੁਧਾਰਨ ਵਾਸਤੇ ਭਰਾ ਦੀ ਸਲਾਹ ਉਪਰ ਇੰਡੀਅਨ ਫਾਇਨਾਂਸ ਸਰਵਿਸ (ਆਈ. ਐੱਫ. ਐੱਸ.) ਦੀ ਵੱਕਾਰੀ ਪ੍ਰੀਖਿਆ ਦਿੱਤੀ ਅਤੇ ਦੇਸ਼ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ, ਉਹ ਦੇਸ਼ ਦਾ ਸਭ ਤੋਂ ਛੋਟੀ ਉਮਰ ਦਾ ਅਸਿਸਟੈਂਟ ਅਕਾਊਂਟੈਂਟ ਜਨਰਲ ਬਣਿਆ।
ਜੂਨ 1907 ਵਿੱਚ ਉਸਦੀ ਪਹਿਲੀ ਨਿਯੁਕਤੀ ਕਲਕੱਤਾ ਵਿੱਚ ਹੋਈ, ਇਸੇ ਹੀ ਸਾਲ ਉਸਦਾ ਵਿਆਹ ਲੋਕਸੁੰਦਰੀ ਅਮਲ ਨਾਲ ਹੋਇਆ, ਜੋ ਇੱਕ ਵਧੀਆ ਵੀਨਾ ਵਾਦਕ ਸੀ। ਰਮਨ ਬਚਪਨ ਤੋਂ ਹੀ ਸੰਗੀਤ ਦਾ ਰਸੀਆ ਸੀ, ਕਿਉਂਕਿ ਉਸ ਦੇ ਪਿਤਾ ਜੀ ਸੰਗੀਤ ਦੇ ਸ਼ੌਕੀਨ ਹੋਣ ਕਰਕੇ ਘਰ ਵਿੱਚ ਸੰਗੀਤ ਸਮਾਗਮ ਕਰਵਾਉਂਦੇ ਰਹਿੰਦੇ ਸਨ। ਵਿਆਹ ਉਪਰੰਤ ਉਸ ਦੀ ਪਤਨੀ ਨੇ ਸੰਗੀਤ ਪ੍ਰਤੀ ਉਸਨੂੰ ਹੋਰ ਵਧੇਰੇ ਰੁਚਿਤ ਕਰ ਦਿੱਤਾ। ਉਸਦਾ ਤਰਕਸ਼ੀਲ ਸੁਭਾਅ ਸੰਗੀਤਕ ਧੁਨਾਂ ਦਾ ਵਿਗਿਆਨ ਸਮਝਣ ਨੂੰ ਤਾਂਘਦਾ ਰਹਿੰਦਾ। ਇੱਕ ਦਿਨ ਸ਼ਾਮ ਨੂੰ ਉਹ ਦਫ਼ਤਰ ਤੋਂ ਟਰਾਮ ਰਾਹੀਂ ਘਰ ਆ ਰਿਹਾ ਸੀ, ਰਸਤੇ ਵਿੱਚ ਉਸ ਨੇ ਇੱਕ ਥਾਂ ਇੰਡੀਅਨ ਐਸੋਸੀਏਸ਼ਨ ਫਾਰ ਕਲਟੀਵੇਸ਼ਨ ਆਫ ਸਾਇੰਸ ਨਾਂ ਦੀ ਸੰਸਥਾ ਦਾ ਬੋਰਡ ਲੱਗਿਆ ਦੇਖਿਆ, ਉਹ ਉਸੇ ਸਮੇਂ ਚੱਲਦੀ ਟਰਾਮ ’ਚੋਂ ਛਾਲ ਮਾਰ ਕੇ ਉਸ ਸੰਸਥਾ ਵਿੱਚ ਜਾ ਪੁੱਜਿਆ। ਉੱਥੋਂ ਦੇ ਪ੍ਰਬੰਧਕਾਂ ਨੂੰ ਬੇਨਤੀ ਕਰਕੇ ਉਸਨੇ ਦਫ਼ਤਰੀ ਸਮੇਂ ਤੋਂ ਬਾਅਦ ਉੱਥੇ ਜਾ ਕੇ ਖੋਜਾਂ ਕਰਨੀਆਂ ਆਰੰਭ ਕਰ ਦਿੱਤੀਆਂ।
ਸੰਨ 1909 ਤੋਂ 1911 ਦੌਰਾਨ ਕੁਝ ਸਮੇਂ ਲਈ ਉਸ ਦੀ ਬਦਲੀ ਪਹਿਲਾਂ ਰੰਗੂਨ ਅਤੇ ਫਿਰ ਨਾਗਪੁਰ ਹੋਈ, ਸੰਨ 1911 ਵਿੱਚ ਹੀ ਉਹ ਅਕਾਉਂਟੈਂਟ ਜਨਰਲ ਬਣ ਕੇ ਫਿਰ ਕਲਕੱਤੇ ਆ ਗਿਆ। ਉਹ ਸੰਗੀਤਕ ਯੰਤਰਾਂ ਦੇ ਧੁਨੀ ਵਿਗਿਆਨ ਤੇ ਨਿੱਠ ਕੇ ਕੰਮ ਕਰਦਿਆਂ ਥੋੜ੍ਹੇ ਹੀ ਸਮੇਂ ਵਿੱਚ ਵਿਗਿਆਨ ਜਗਤ ਦੇ ਉੱਚਕੋਟੀ ਦੇ ਵਿਗਿਆਨੀ ਵਜੋਂ ਪ੍ਰਸਿੱਧ ਹੋ ਗਿਆ। ਹੁਣ ਅਨੇਕਾਂ ਯੂਨੀਵਰਸਿਟੀਆਂ ਦੇ ਖੋਜਾਰਥੀ ਉਸ ਕੋਲ ਆ ਕੇ ਖੋਜ ਕਾਰਜਾਂ ਲਈ ਸੇਧ ਲੈਣ ਲੱਗੇ। ਕਲਕੱਤਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਆਸ਼ੂਤੋਸ਼ ਮੁਖਰਜੀ ਨੇ ਉੱਘੇ ਸਮਾਜਸੇਵੀ ਅਤੇ ਦਾਨੀ ਸਰ ਤਾਰਕਨਾਥ ਪਾਲਿਤ ਦੇ ਨਾਂ ’ਤੇ ਸਥਾਪਤ ਪਾਲਿਤ ਪ੍ਰੋਫ਼ੈਸਰ ਆਫ ਫਿਜ਼ਿਕਸ ਦੀ ਪਦਵੀ ’ਤੇ ਰਮਨ ਨੂੰ ਪ੍ਰੋਫ਼ੈਸਰ ਵਜੋਂ ਕਾਰਜਭਾਰ ਸੰਭਾਲਣ ਲਈ ਬੇਨਤੀ ਕੀਤੀ।
ਸੰਨ 1917 ਵਿੱਚ ਵਿਗਿਆਨ ਦੀ ਖੋਜ ਦੀ ਖਿੱਚ ਕਰਕੇ ਰਮਨ ਨੇ ਆਈ.ਐੱਫ.ਐੱਸ. ਦੀ ਐਸ਼ੋ-ਆਰਾਮ ਵਾਲੀ ਨੌਕਰੀ ਤਿਆਗ ਕੇ ਲਗਭਗ ਅੱਧੀ ਤਨਖ਼ਾਹ ਵਾਲੀ ਪ੍ਰੋਫੈਸਰ ਦੀ ਪਦਵੀ ਸਵੀਕਾਰ ਕਰ ਲਈ, ਹੁਣ ਉਹ ਪ੍ਰੋਫੈਸਰ ਬਣ ਕੇ ਦਿਨ ਰਾਤ ਖੋਜਾਂ ਵਿੱਚ ਰੁੱਝਿਆ ਰਹਿੰਦਾ। ਕਲਕੱਤਾ ਯੂਨੀਵਰਸਿਟੀ ਨੇ ਉਸ ਨੂੰ ਆਨਰੇਰੀ ਡੀ.ਐੱਸ.ਸੀ. ਡਿਗਰੀ ਨਾਲ ਸਨਮਾਨਿਤ ਕੀਤਾ। ਰਮਨ ਨੂੰ ਆਪਣੀ ਕਾਬਲੀਅਤ ’ਤੇ ਬਹੁਤ ਜ਼ਿਆਦਾ ਭਰੋਸਾ ਸੀ, ਜਦੋਂ ਉਸਨੂੰ ਪਾਲਿਤ ਪ੍ਰੋਫੈਸਰ ਦੀ ਪਦਵੀ ਮਿਲੀ ਤਾਂ ਇਸ ਪਦਵੀ ’ਤੇ ਲਾਗੂ ਸ਼ਰਤਾਂ ਵਿੱਚੋਂ ਇੱਕ ਸ਼ਰਤ ਸੀ ਕਿ ਇਸ ਪਦਵੀ ’ਤੇ ਸੁਸ਼ੋਭਿਤ ਵਿਅਕਤੀ ਖੋਜ ਮੁਹਾਰਤ ਲੈਣ ਵਾਸਤੇ ਕੁਝ ਸਮੇਂ ਵਾਸਤੇ ਦੂਸਰੇ ਦੇਸ਼ਾਂ ਵਿੱਚ ਜਾਵੇਗਾ ਪਰ ਰਮਨ ਨੇ ਇਹ ਸ਼ਰਤ ਮੰਨਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਬਾਹਰਲੇ ਦੇਸ਼ਾਂ ਤੋਂ ਵਿਦਿਆਰਥੀਆਂ ਨੂੰ ਉਸ ਕੋਲ ਮੁਹਾਰਤ ਲੈਣ ਵਾਸਤੇ ਆਉਣਾ ਚਾਹੀਦਾ ਹੈ।
ਸੰਨ 1921 ਵਿੱਚ ਕਲਕੱਤਾ ਯੂਨੀਵਰਸਿਟੀ ਤਰਫੋਂ ਉਹ ਆਕਸਫ਼ੋਰਡ (ਇੰਗਲੈਂਡ) ਵਿਖੇ ਬ੍ਰਿਟਿਸ਼ ਯੂਨੀਵਰਸਿਟੀਆਂ ਦੀ ਕਾਂਗਰਸ ਵਿੱਚ ਹਿੱਸਾ ਲੈਣ ਲਈ ਜਦੋਂ ਦੇਸ਼ ਵਿੱਚੋਂ ਪਹਿਲੀ ਵਾਰ ਬਾਹਰ ਜਾਣ ਵਾਸਤੇ ਸਮੁੰਦਰੀ ਜਹਾਜ਼ ਰਾਹੀਂ ਸਫ਼ਰ ਕਰ ਰਿਹਾ ਸੀ ਤਾਂ ਉਸ ਨੇ ਸਮੁੰਦਰ ਦੇ ਪਾਣੀ ਵੱਲ ਨੀਝ ਨਾਲ ਤੱਕਦਿਆਂ ਇਸ ਦੇ ਨੀਲੇ ਰੰਗ ਦਾ ਹੋਣ ਦੇ ਕਾਰਨ ਬਾਰੇ ਸੋਚਣਾ ਸ਼ੁਰੂ ਕੀਤਾ। ਉਸ ਸਮੇਂ ਤੱਕ ਸੰਸਾਰ ਪ੍ਰਸਿੱਧ ਵਿਗਿਆਨੀ ਰੇਲੇ ਦੇ ਕਹਿਣ ਅਨੁਸਾਰ ਸਮੁੰਦਰੀ ਪਾਣੀ ਦੇ ਨੀਲੇ ਰੰਗ ਦਾ ਕਾਰਨ, ਅਸਮਾਨੀ ਰੰਗ ਦੇ ਆਕਾਸ਼ ਦੀ ਸਮੁੰਦਰੀ ਪਾਣੀ ਵਿੱਚ ਝਲਕ ਪੈਣਾ ਮੰਨਿਆ ਜਾਂਦਾ ਸੀ ਪਰ ਰਮਨ ਨੂੰ ਰੇਲੇ ਦਾ ਤਰਕ ਠੀਕ ਨਾ ਜਾਪਿਆ, ਉਸਨੇ ਸਫਰ ਦੀ ਵਾਪਸੀ ਮੌਕੇ ਪ੍ਰਿਜ਼ਮ ਦੀ ਮੱਦਦ ਨਾਲ ਨੀਲੇ ਆਕਾਸ਼ ਦੀ ਝਲਕ ਦੀ ਕਾਟ ਕਰਦਿਆਂ ਦੇਖਿਆ ਕਿ ਪਾਣੀ ਦਾ ਰੰਗ ਨੀਲਾ ਹੀ ਰਹਿੰਦਾ ਹੈ। ਉਸ ਨੇ ਇਸ ਲੱਭਤ ਬਾਰੇ ਪ੍ਰਸਿੱਧ ਖੋਜ ਰਸਾਲੇ ਨੇਚਰ ਨੂੰ ਪੱਤਰ ਲਿਖਿਆ ਅਤੇ ਵਾਪਿਸ ਕਲਕੱਤੇ ਪੁੱਜਕੇ ਆਪਣੇ ਖੋਜ ਵਿਦਿਆਰਥੀਆਂ ਸਮੇਤ ਸੂਰਜੀ ਰੌਸ਼ਨੀ ਦੇ ਪਦਾਰਥਾਂ ਨਾਲ ਟਕਰਾਓ ਦੇ ਵਰਤਾਰੇ ਨੂੰ ਵਿਸਥਾਰਿਤ ਰੂਪ ਵਿੱਚ ਘੋਖਣ ਲਈ ਰੁੱਝ ਗਿਆ। ਉਹ ਲਗਾਤਾਰ ਅਗਲੇ ਸੱਤ ਸਾਲ ਇਨ੍ਹਾਂ ਵਰਤਾਰਿਆਂ ਨੂੰ ਖੋਜਦੇ ਰਹੇ, ਅਨੇਕਾਂ ਦ੍ਰਵਾ, ਠੋਸਾਂ ਤੇ ਗੈਸਾਂ ’ਤੇ ਤਜਰਬੇ ਕਰਦਿਆਂ ਰੋਸ਼ਨੀ ਦੇ ਖਿੰਡਾਓ ਨੂੰ ਭਾਂਪਦਿਆਂ, ਉਨ੍ਹਾਂ ਨੇ ਦੇਖਿਆ ਕਿ ਪਦਾਰਥ ਨਾਲ ਟਕਰਾਉਣ ਤੋਂ ਬਾਅਦ ਰੋਸ਼ਨੀ ਦਾ ਰੰਗ ਬਦਲ ਜਾਂਦਾ ਹੈ। ਉਸ ਦੀਆਂ ਇਨ੍ਹਾਂ ਲੱਭਤਾਂ ਦੀ ਚਰਚਾ ਦੁਨੀਆਂ ਭਰ ਵਿੱਚ ਹੋਣ ਲੱਗੀ।
ਸੰਨ 1927 ਦੇ ਅਖੀਰ ਵਿੱਚ ਰਮਨ ਅਤੇ ਉਸਦੇ ਖੋਜਾਰਥੀਆਂ ਨੇ ਰੌਚਕ ਵਰਤਾਰਾ ਦੇਖਿਆ, ਜਦੋਂ ਸੂਰਜ ਦੀ ਰੋਸ਼ਨੀ ਅਤਿ ਸ਼ੁੱਧ ਗਲਿਸਰੀਨ ਤੋਂ ਖਿੰਡੀ ਤਾਂ ਆਮ ਨੀਲੇ ਰੰਗ ਦੀ ਬਜਾਏ ਬਹੁਤ ਹੀ ਸੰਘਣਾ ਹਰਾ ਰੰਗ ਨਜ਼ਰ ਆਇਆ। ਉਹ ਇਨ੍ਹਾਂ ਤਜਰਬਿਆਂ ਨੂੰ ਹੋਰ ਵਧੇਰੇ ਬਾਰੀਕੀ ਨਾਲ ਕਰਦਿਆਂ ਵੱਖ-ਵੱਖ ਪਹਿਲੂਆਂ ਤੋਂ ਪਰਖ ਕਰਨ ਲੱਗੇ। 28 ਫਰਵਰੀ 1928 ਵਾਲੇ ਦਿਨ ਮਰਕਰੀ ਲੈਂਪ ਨਾਲ ਤਜਰਬੇ ਕਰਦਿਆਂ ਉਨ੍ਹਾਂ ਨੇ ਦੇਖਿਆ ਕਿ ਜਦੋਂ ਰੋਸ਼ਨੀ ਦੇ ਕਣ ਪਦਾਰਥ ਦੇ ਪ੍ਰਮਾਣੂਆਂ ਨਾਲ ਟਕਰਾਉਂਦੇ ਹਨ ਤਾਂ ਰੌਸ਼ਨੀ ਦੇ ਕਣ ਜਾਂ ਤਾਂ ਕੁਝ ਊਰਜਾ ਪ੍ਰਮਾਣੂਆਂ ਨੂੰ ਦੇ ਦਿੰਦੇ ਹਨ ਜਾਂ ਪਦਾਰਥ ਦੇ ਪਰਮਾਣੂਆਂ ਤੋਂ ਕੁਝ ਊਰਜਾ ਪ੍ਰਾਪਤ ਕਰ ਲੈਂਦੇ ਹਨ, ਜਿਸ ਕਰਕੇ ਰੋਸ਼ਨੀ ਦੇ ਕਣਾਂ ਦੀ ਊਰਜਾ ਘਟਣ ਜਾਂ ਵਧਣ ਕਰਕੇ ਰੋਸ਼ਨੀ ਦਾ ਰੰਗ ਬਦਲ ਜਾਂਦਾ ਹੈ। ਇਹ ਵਿਗਿਆਨ ਦੀ ਇੱਕ ਵਿਲੱਖਣ ਲੱਭਤ ਸੀ। ਉਸੇ ਦਿਨ ਰਮਨ ਨੇ ਇਸ ਖੋਜ ਬਾਰੇ ਪ੍ਰੈਸ ਨੂੰ ਦੱਸਿਆ। ਐਸੋਸੀਏਟ ਪ੍ਰੈੱਸ ਆਫ ਇੰਡੀਆ ਨੇ ਅਗਲੇ ਦਿਨ ਇਸ ਖੋਜ ਦੀ ਖ਼ਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ। ਰਮਨ ਅਤੇ ਉਸ ਦੇ ਸਾਥੀ ਕੇ. ਐੱਸ. ਕ੍ਰਿਸ਼ਨਨ ਨੇ ਇਸ ਅਦਭੁੱਤ ਲੱਭਤ ਨੂੰ ਨੇਚਰ ਰਸਾਲੇ ਵਿੱਚ ਛਾਪਿਆ। ਇਸ ਖੋਜ ਦੀ ਪੂਰੀ ਦੁਨੀਆਂ ਵਿੱਚ ਧੁੰਮ ਪੈ ਗਈ, ਸੰਸਾਰ ਦੇ ਵਿਗਿਆਨੀਆਂ ਨੇ ਇਸ ਖੋਜ ਨੂੰ ‘ਰਮਨ ਪ੍ਰਭਾਵ’ ਦਾ ਨਾਂ ਦਿੱਤਾ।
ਸੰਨ 1929 ਵਿੱਚ ਰਮਨ ਨੂੰ ‘ਸਰ’ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ। 10 ਦਸੰਬਰ 1930 ਵਾਲੇ ਦਿਨ ਸਰ ਸੀ. ਵੀ. ਰਮਨ ਨੂੰ ਸਟਾਕਹੋਮ (ਸਵੀਡਨ) ਦੇ ਕਨਸਰਟ ਹਾਲ ਵਿੱਚ ‘ਉਸਦੇ ਰੌਸ਼ਨੀ ਖਿੰਡਾਓ ਸਬੰਧੀ ਕੀਤੇ ਖੋਜ ਕਾਰਜਾਂ ਅਤੇ ਰਮਨ ਪ੍ਰਭਾਵ ਦੀ ਲੱਭਤ’ ਵਾਸਤੇ ਨੋਬਲ ਇਨਾਮ ਨਾਲ ਨਿਵਾਜਿਆ ਗਿਆ। ਉਸ ਸਮੇਂ ਉਹ ਵਿਗਿਆਨ ਵਿੱਚ ਨੋਬਲ ਇਨਾਮ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ, ਪਹਿਲਾ ਏਸ਼ੀਆਈ ਅਤੇ ਪਹਿਲਾ ਗੈਰ-ਗੋਰਾ ਵਿਅਕਤੀ ਸੀ। ਇੰਸਟੀਚਿਊਟ ਆਫ਼ ਸਾਇੰਸ ਤੋਂ ਸੰਨ 1948 ਵਿੱਚ ਸੇਵਾਮੁਕਤੀ ਤੋਂ ਦੋ ਸਾਲ ਪਹਿਲਾਂ ਉਸ ਨੇ ਬੰਗਲੌਰ ਵਿੱਚ ਆਪਣਾ ਨਿੱਜੀ ਰਮਨ ਰਿਸਰਚ ਇੰਸਟੀਚਿਊਟ ਬਣਾਉਣਾ ਸ਼ੁਰੂ ਕਰ ਦਿੱਤਾ। ਉਸ ਨੂੰ ਨੋਬਲ ਇਨਾਮ ਸਮੇਤ ਦੁਨੀਆਂ ਦੇ ਅਨੇਕਾਂ ਵੱਕਾਰੀ ਇਨਾਮ ਮਿਲੇ, ਜਿਨ੍ਹਾਂ ਵਿੱਚ ਅਮਰੀਕਾ ਦਾ ਫਰੈਂਕਲਿਨ ਮੈਡਲ, ਸੋਵੀਅਤ ਯੂਨੀਅਨ ਦਾ ਲੈਨਿਨ ਸ਼ਾਂਤੀ ਪੁਰਸਕਾਰ ਅਤੇ ਭਾਰਤ ਰਤਨ ਸ਼ਾਮਲ ਹਨ। ਉਸ ਨੂੰ ਆਜ਼ਾਦ ਭਾਰਤ ਦੇ ਪਹਿਲੇ ਨੈਸ਼ਨਲ ਪ੍ਰੋਫੈਸਰ ਵਜੋਂ ਨਿਯੁਕਤੀ ਦਾ ਮਾਣ ਵੀ ਪ੍ਰਾਪਤ ਹੋਇਆ।
ਮਨੁੱਖਤਾ ਦੇ ਭਲੇ ਲਈ ਕੰਮ ਆਉਣ ਵਾਲੀਆਂ ਵਿਲੱਖਣ ਖੋਜਾਂ ਦਾ ਖੋਜੀ ਸਰ ਸੀ. ਵੀ. ਰਮਨ 21 ਨਵੰਬਰ 1970 ਵਾਲੇ ਦਿਨ ਦਿਲ ਦੀ ਬਿਮਾਰੀ ਕਾਰਨ ਇਸ ਫ਼ਾਨੀ ਸੰਸਾਰ ਤੋਂ ਵਿਦਾ ਹੋ ਗਿਆ। ਭਾਰਤ ਵਿੱਚ ਉਸ ਦੀ ਯਾਦ ਨੂੰ ਸਮਰਪਿਤ ਰਮਨ ਪ੍ਰਭਾਵ ਦੀ ਖੋਜ ਵਾਲੇ ਦਿਨ ਨੂੰ ਯਾਦ ਕਰਦਿਆਂ 28 ਫਰਵਰੀ ਨੂੰ ਹਰ ਸਾਲ ਰਾਸ਼ਟਰੀ ਵਿਗਿਆਨ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਸੰਪਰਕ: 94640-77434