ਭਾਰਤੀ ਲੋਕਤੰਤਰ : ਦਸ਼ਾ ਅਤੇ ਦਿਸ਼ਾ
ਭਾਰਤ ਅੱਜ ਆਪਣਾ 80ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। 15 ਅਗਸਤ 1947 ਨੂੰ ਪਹਿਲਾ ਆਜ਼ਾਦੀ ਦਿਵਸ ਅਤੇ 26 ਜਨਵਰੀ 1950 ਨੂੰ ਆਜ਼ਾਦ ਭਾਰਤ ਦਾ ਪਹਿਲਾ ਗਣਤੰਤਰ ਦਿਵਸ ਮਨਾਇਆ ਗਿਆ। ਇਉਂ ਹੁਣ ਭਾਰਤ ਇੱਕ ਪ੍ਰਭੂਸੱਤਾ-ਸੰਪੰਨ ਲੋਕਤੰਤਰੀ ਗਣਤੰਤਰ ਹੈ। ਭਾਰਤੀ ਸੰਵਿਧਾਨ ਦੇ...
ਭਾਰਤ ਅੱਜ ਆਪਣਾ 80ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। 15 ਅਗਸਤ 1947 ਨੂੰ ਪਹਿਲਾ ਆਜ਼ਾਦੀ ਦਿਵਸ ਅਤੇ 26 ਜਨਵਰੀ 1950 ਨੂੰ ਆਜ਼ਾਦ ਭਾਰਤ ਦਾ ਪਹਿਲਾ ਗਣਤੰਤਰ ਦਿਵਸ ਮਨਾਇਆ ਗਿਆ। ਇਉਂ ਹੁਣ ਭਾਰਤ ਇੱਕ ਪ੍ਰਭੂਸੱਤਾ-ਸੰਪੰਨ ਲੋਕਤੰਤਰੀ ਗਣਤੰਤਰ ਹੈ। ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਨੇ 1956 ਵਿੱਚ ਲਿਖੇ ਆਪਣੇ ਇੱਕ ਲੇਖ ‘ਭਾਰਤ ਵਿੱਚ ਲੋਕਤੰਤਰ ਦੀਆਂ ਸੰਭਾਵਨਾਵਾਂ’ ਵਿੱਚ ਲਿਖਿਆ ਸੀ ਕਿ ਇਹ ਮੰਨ ਲਿਆ ਜਾਂਦਾ ਹੈ ਕਿ ਜਿੱਥੇ ਗਣਤੰਤਰ ਹੋਵੇਗਾ, ਉੱਥੇ ਲੋਕਤੰਤਰ ਵੀ ਹੋਵੇਗਾ। ਅਰਥਾਤ ਭਾਰਤੀ ਰਾਜ ਪ੍ਰਣਾਲੀ ਵਿੱਚ ਇਹ ਦੋਵੇਂ ਵਿਸ਼ੇਸ਼ਤਾਵਾਂ ਹਨ, ਪਰ ਇਸ ਦੇ ਗੁਣਤੰਤਰ ਹੋਣ ਅੱਗੇ ਸੁਆਲੀਆ ਚਿੰਨ੍ਹ (?) ਹੈ।
ਗੁਣਤੰਤਰ ਤੋਂ ਭਾਵ ਅਜਿਹੀ ਵਿਵਸਥਾ ਤੋਂ ਹੈ, ਜਿੱਥੇ ਗਿਆਨ, ਯੋਗਤਾ, ਸਦਾਚਾਰ ਅਤੇ ਜਨਹਿੱਤ ਨੂੰ ਸਮਾਨ ਸਹਿਮਤੀ ਮਿਲੇ। ਇਸ ਪੱਖੋਂ ਇੱਥੇ ਜਾਤ, ਧਰਮ, ਧਨਬਲ, ਬਾਹੂਬਲ ਅਤੇ ਵੰਸ਼ਵਾਦ ਆਦਿ ਹੋਰ ਪਹਿਲੂ ਭਾਰੂ ਹੋ ਜਾਂਦੇ ਹਨ। ਭਾਵੇਂ ਮਹਿਜ਼ ਗੁਣਤੰਤਰ ਵੀ ਕੁਲੀਨਤੰਤਰ ਬਣ ਜਾਂਦਾ ਹੈ ਜੋ ਆਮ ਲੋਕਾਂ ਨੂੰ ਕਾਕਰੋਚ ਸਮਝਣ ਲੱਗ ਜਾਂਦਾ ਹੈ, ਪਰ ਜੇ ਲੋਕਤੰਤਰ ਨੂੰ ਗੁਣਤੰਤਰ ਦੀ ਦਿਸ਼ਾ ਨਾ ਮਿਲੇ ਤਾਂ ਉੱਥੇ ਭੀੜਤੰਤਰ ਬਣ ਜਾਂਦਾ ਹੈ। ਇਸ ਲਈ ਇਨ੍ਹਾਂ ਵਿੱਚ ਪਰਸਪਰ ਸੰਤੁਲਨ ਹੋਣਾ ਚਾਹੀਦਾ ਹੈ। ਇਸ ਪਿੱਛੇ ਚੇਤਨਾ, ਸਿੱਖਿਆ ਅਤੇ ਸਦਾਚਾਰ ਦੇ ਗੁਣ ਵੀ ਲਾਜ਼ਮੀ ਹਨ। ਲੋਕਤੰਤਰ, ਸਮਾਨਤਾ ਅਤੇ ਸੁਤੰਤਰਤਾ ’ਤੇ ਆਧਾਰਿਤ ਸੰਕਲਪ ਹੈ। ਅਬ੍ਰਾਹਿਮ ਲਿੰਕਨ ਨੇ ਕਿਹਾ ਸੀ ਕਿ ਲੋਕਤੰਤਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਚਲਾਈ ਜਾਣ ਵਾਲੀ ਸਰਕਾਰ ਹੁੰਦੀ ਹੈ। ਭਾਵ ਲੋਕਤੰਤਰ ਸਰਕਾਰ ਦਾ ਉਹ ਰੂਪ ਹੈ ਜਿਸ ਵਿੱਚ ਸਾਰੀ ਸ਼ਕਤੀ ਲੋਕਾਂ ਦੇ ਹੱਥਾਂ ਵਿੱਚ ਹੁੰਦੀ ਹੈ, ਪਰ ਭਾਰਤੀ ਲੋਕਾਂ ਦਾ ਖ਼ਾਸਾ ਇਹ ਰਿਹਾ ਹੈ ਕਿ ਉਹ ਧੜਵੈਲ ਸਿਆਸਤਦਾਨਾਂ ਨੂੰ ਵੋਟਾਂ ਪਾਉਂਦੇ ਆ ਰਹੇ ਹਨ। ਉਨ੍ਹਾਂ ਦੇ ਝੂਠੇ ਸਬਜ਼ਬਾਗ਼ਾਂ ਪਿੱਛੇ ਲੱਗ ਜਾਂਦੇ ਹਨ। ਸਿਆਸਤਦਾਨਾਂ ਦੇ ਅਤੀਤ; ਉਨ੍ਹਾਂ ਦੀਆਂ ਹਰਕਤਾਂ; ਖ਼ਾਸ ਕਰਕੇ ਮੁਲਕ ਦਾ ਸ਼ਾਸਨ ਚਲਾਉਣ ’ਚ ਉਨ੍ਹਾਂ ਦੀ ਨਾਕਾਮੀ ਵੱਲ ਤਵੱਜੋਂ ਉੱਕਾ ਹੀ ਨਹੀਂ ਦਿੰਦੇ। ਦਰਅਸਲ, ਭਾਰਤੀ ਮਨ ਹਰ ਬੰਦੇ ਨੂੰ ਵਰਨਾਂ, ਜਾਤਾਂ, ਫ਼ਿਰਕਿਆਂ ਅਤੇ ਵਰਗਾਂ ਦੀ ਨਜ਼ਰ ਨਾਲ ਵੇਖਦਾ ਹੈ। ਹਰ ਭਾਰਤੀ ਬੰਦੇ ਦਾ ਜਨਮ ਹਿੰਦੂ, ਮੁਸਲਮ, ਸਿੱਖ, ਬ੍ਰਾਹਮਣ, ਸ਼ੂਦਰ ਆਦਿ ਕਿਸੇ ਨਾ ਕਿਸੇ ਵਰਗ-ਧਰਮ ਵਿੱਚ ਹੀ ਹੁੰਦਾ ਹੈ। ਧਾਰਮਿਕਤਾ ਤਾਂ ਭਾਰਤੀਆਂ ਦੇ ਲਹੂ ਰਚਿਆ ਪਰਪੰਚ ਹੈ। ਇਸੇ ਲਈ ਭਾਰਤੀ ਸਿਆਸਤ ਦੀ ਦਿਸ਼ਾ ਧਰਮ ਨਿਰਪੇਖ ਨਹੀਂ ਧਰਮ ਸਾਪੇਖ ਹੀ ਰਹੀ ਹੈ। ਭਾਰਤ ਬਹੁ-ਭਾਸ਼ੀ ਮੁਲਕ ਹੈ। ਇੱਥੇ ਬਹੁ-ਭਾਸ਼ਿਕਤਾ ਵੀ ਭਾਸ਼ਾ ਦੀ ਸਿਆਸਤ ਦਾ ਆਧਾਰ ਰਿਹਾ ਹੈ। ਭਾਸ਼ਾ ਦੀ ਸਿਆਸਤ ਨੇ ਭਾਸ਼ਾਵਾਂ ਨੂੰ ਧਰਮ ਤੇ ਜ਼ਾਤ ਨਾਲ ਜੋੜ ਕੇ ਵਰਤਿਆ ਹੈ।
ਲੋਕਤੰਤਰ ਸਭ ਨੂੰ ਬਰਾਬਰ ਦਾ ਮਹੱਤਵ ਦਿੰਦਾ ਹੈ, ਪਰ ਭਾਰਤ ਦੀ ਪੂਰੀ ਦੀ ਪੂਰੀ ਪਰੰਪਰਾ ਹੀ ਮਨੁੱਖ ਨੂੰ ਸਮਾਨ ਸਵੀਕਾਰ ਨਹੀਂ ਕਰਦੀ। ਇੱਥੇ ਤਾਂ ਜਨਮ ਤੈਅ ਕਰਦਾ ਹੈ ਕਿ ਕੌਣ ਵੱਡਾ ਜਾਂ ਛੋਟਾ ਹੈ। ਧਨ ਤੈਅ ਕਰਦਾ ਕਿ ਕੌਣ ਵੱਡਾ-ਛੋਟਾ ਹੈ। ਇਸ ਤਰ੍ਹਾਂ ਹਰੇਕ ਵਿਅਕਤੀ ਜਨਮ ਤੋਂ ਅਮੀਰ ਜਾਂ ਗ਼ਰੀਬ ਹੈ, ਉੱਚਾ ਜਾਂ ਨੀਵਾਂ ਹੈ। ਜਾਂ ਫਿਰ ਰੁਤਬਾ ਤੈਅ ਕਰਦਾ ਹੈ ਕਿ ਕੌਣ ਵੱਡਾ ਹੈ ਜਾਂ ਕੌਣ ਛੋਟਾ ਹੈ। ਇਹ ਮਾਨਤਾ ਆਪਣੇ ਆਪ ਵਿੱਚ ਗ਼ੈਰ-ਲੋਕਤੰਤਰੀ ਹੈ। ਇਹ ਮਾਨਤਾ ਕੁੱਝ ਲੋਕਾਂ ਨੂੰ ਪੈਦਾਇਸ਼ੀ ਗ਼ੁਲਾਮ ਤੇ ਕੁਝ ਨੂੰ ਪੈਦਾਇਸ਼ੀ ਮਾਲਕ ਹੋਣ ਦਾ ਭਰਮ ਸਿਰਜ ਦਿੰਦੀ ਹੈ। ਇਉਂ ਭਾਰਤੀ ਅਵਚੇਤਨ ਹੀ ਲੋਕਤੰਤਰੀ ਨਹੀਂ ਹੈ। ਬਲਕਿ ਇਹ ਤਾਂ ਲੋਕ ਵਿਰੋਧੀ ਬਣ ਨਿੱਬੜਦਾ ਹੈ। ਉਂਝ ਅਸੀਂ ਕਹਿ ਦਿੰਦੇ ਹਾਂ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਜਦੋਂ ਸਾਡੇ ਮਨ ਹੀ ਲੋਕਤੰਤਰੀ ਨਹੀਂ ਤਾਂ ਫਿਰ ਇਸ ਗੱਲ ਦੇ ਕੀ ਅਰਥ? ਸਾਡੇ ਮਨਾਂ ਵਿੱਚ ਤਾਂ ਲੋਕਤੰਤਰ ਕਿਤੇ ਹੈ ਹੀ ਨਹੀਂ, ਪਰ ਅਸੀਂ ਗੱਲਾਂ ਲੋਕਤੰਤਰ ਦੀਆਂ ਕਰਦੇ ਹਾਂ। ਅਜਿਹੇ ਲੋਕਤੰਤਰ ਦੇ ਦ੍ਰਿਸ਼ ਵਿੱਚ ਜਿੱਥੇ ਸਾਡਾ ਪੂਰਾ ਮਨ, ਸਾਡੀ ਪੂਰੀ ਸੰਸਕ੍ਰਿਤੀ, ਗ਼ੈਰ-ਲੋਕਤੰਤਰੀ ਹੋਵੇ ਤਾਂ ਅਜਿਹਾ ਵਰਤਾਰਾ ਤਾਨਾਸ਼ਾਹੀ ਨੂੰ ਜਨਮ ਦਿੰਦਾ ਹੈ। ਇਸੇ ਲਈ ਜੋ ਆਦਮੀ ਸੱਤਾ ’ਤੇ ਬੈਠ ਜਾਂਦਾ ਹੈ, ਉਹੀ ਤਾਨਾਸ਼ਾਹ ਬਣਨ ਦੀ ਕੋਸ਼ਿਸ਼ ਵਿੱਚ ਲੱਗ ਜਾਂਦਾ ਹੈ। ਚਿੱਤੋ-ਪਹਿਰ ਸਾਡੀਆਂ ਸਿਆਸੀ ਪਾਰਟੀਆਂ ਸੱਤਾ ਪ੍ਰਾਪਤੀ ਦੀ ਦੌੜ ਵਿੱਚ ਰਹਿੰਦੀਆਂ ਹਨ। ਹਰੇਕ ਸਿਆਸੀ ਨੇਤਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ; ਪਾਰਟੀ ਦਾ ਵਫ਼ਾਦਾਰ ਸਿਪਾਹੀ ਬਣਨਾ ਤਾਂ ਉਸ ਨੂੰ ਗਵਾਰਾ ਹੀ ਨਹੀਂ। ਉਹ ਕਾਰਜ ਕਰਤਾ ਨਹੀ; ਕਰਤਾ-ਧਰਤਾ ਬਣਨਾ ਚਾਹੁੰਦਾ ਹੈ। ਸੱਤਾ ’ਤੇ ਬੈਠਣ ਉਪਰੰਤ ਇਸ ਮੁਲਕ ਦਾ ਕੋਈ ਵੀ ਨੇਤਾ ਲੋਕਤੰਤਰਿਕ ਨਹੀਂ ਰਹਿੰਦਾ। ਜਦੋਂ ਤੱਕ ਸੱਤਾ ਨਹੀਂ, ਉਦੋਂ ਤੱਕ ਉਹ ਹੱਥ ਜੋੜ ਕੇ ਲੋਕ-ਦੁਆਰ ’ਤੇ ਦਸਤਕ ਦਿੰਦਾ ਰਹਿੰਦਾ ਹੈ। ਉਸ ਦਾ ਲੋਕਤੰਤਰ ਉਸ ਸਮੇਂ ਤੱਕ ਰਹਿੰਦਾ ਹੈ, ਜਦ ਸੱਤਾ ਤੋਂ ਦੂਰ ਹੈ। ਸੱਤਾਧਾਰੀ ਹੁੰਦਿਆਂ ਹੀ ਉਸ ਦਾ ਲੋਕਤੰਤਰ ਵਿਦਾ ਹੋ ਜਾਂਦਾ ਹੈ। ਇਹ ਬਹੁਤ ਅਜੀਬ ਵਰਤਾਰਾ ਹੈ। 20 ਜੂਨ ਨੂੰ ਦਿੱਲੀ ਦੇ ਜੰਤਰ ਮੰਤਰ ’ਤੇ ਭਾਰਤ ਦੇ ਨੌਜਵਾਨਾਂ ਨਾਲ ਜੋ ਹੋਇਆ ਹੈ, ਉਹ ਤਾਨਾਸ਼ਾਹੀ ਦਾ ਸੰਕੇਤ ਹੈ।
ਆਜ਼ਾਦੀ ਵੇਲੇ ਸਾਡੇ ਸਿਆਸੀ ਨੇਤਾਵਾਂ ਨੇ ਜਿਸ ਸਦਾਚਾਰ ਦੀ ਕਸਮ ਖਾਧੀ ਸੀ; ਉਹ ਤਾਂ ਹੁਣ ਢਹਿ ਢੇਰੀ ਹੀ ਹੋ ਚੁੱਕੀ ਹੈ। ਅੱਜ ਦਾ ਸਦਾਚਾਰ ਸਰਮਾਏ ਦੇ ਬਾਜ਼ਾਰ-ਵਪਾਰ ਉੱਤੇ ਨਿਰਭਰ ਹੈ। ਅਜੋਕੀ ਸਿਆਸਤ ਵਪਾਰਕ ਕਾਰੋਬਾਰ ਬਣ ਗਈ ਹੈ। ਵਪਾਰ ਵਿੱਚ ਹਰ ਸ਼ੈਅ ਨੂੰ ਮੁੱਲ ਨਾਲ ਪਰਖਿਆ ਜਾਂਦਾ ਹੈ। ਤੁਸੀਂ ਗ਼ਰੀਬ ਹੋ, ਬੱਚੇ ਹੋ, ਬੁੱਢੇ ਹੋ; ਤੁਹਾਡੀਆਂ ਲੋੜਾਂ ਕੀ ਹਨ? ਇਸ ਨਾਲ ਵਪਾਰੀ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਬਾਜ਼ਾਰ-ਵਪਾਰ ਦੀ ਸੋਚ ਆਮ ਆਦਮੀ ਨੂੰ ਲੁੱਟਣਾ ਹੀ ਹੁੰਦੀ ਹੈ। ਬਾਜ਼ਾਰੂ ਸੋਚ ਵਿਅਕਤੀ ਕੇਂਦਰਿਤ ਹੁੰਦੀ ਹੈ। ਅਸਲ ਵਿੱਚ ਭਾਰਤੀ ਲੋਕ ਹਮੇਸ਼ਾ ਵਿਅਕਤੀ ਪੂਜਕ ਰਹੇ ਹਨ। ਵਿਅਕਤੀ ਪੂਜਾ ਦਾ ਮਤਲਬ ਹੀ ਇਹ ਹੈ ਕਿ ਇੱਕ ਵਿਅਕਤੀ ਮਹਾਨ ਹੈ ਤੇ ਦੂਜੇ ਲੋਕ ਹੀਣੇ ਹਨ। ਇਸੇ ਲਈ ਜਿਹੜਾ ਵਿਅਕਤੀ ਸਿਆਸੀ ਸੱਤਾ ਹਥਿਆ ਲਵੇ, ਉਹ ਸਾਡੇ ਲਈ ਭਗਵਾਨ ਹੋ ਜਾਂਦਾ ਹੈ। ਲੋਕਾਂ ਦੀਆਂ ਖ਼ੁਸ਼ੀਆਂ ਉਸ ਨੂੰ ਮਿਲ ਜਾਂਦੀਆਂ ਹਨ। ਫਿਰ ਮੁਲਕ ਵਿੱਚ ਹੋਰ ਕੋਈ ਨਹੀਂ ਸਿਰਫ਼ ਉਹੀ ਰਹਿ ਜਾਂਦਾ ਹੈ। ਸਾਰੇ ਅਖ਼ਬਾਰ, ਸਾਰੇ ਟੀ.ਵੀ. ਚੈਨਲ ਉਸੇ ਦੇ ਹੋ ਜਾਂਦੇ ਹਨ, ਸਾਰਾ ਆਦਰਮਾਨ ਉਸੇ ਲਈ ਹੋ ਜਾਂਦਾ ਹੈ। ਇਸੇ ਕਾਰਨ ਇਸ ਮੁਲਕ ਦਾ ਹਰ ਬਸ਼ਿੰਦਾ ਸੱਤਾ ਅਤੇ ਰੁਤਬੇ ਲਈ ਇੰਨਾ ਲਾਲਸੀ ਬਣ ਗਿਆ ਹੈ। ਉਹ ਕੁਝ ਵੀ ਹੋਰ ਸੋਚ ਵਿਚਾਰ ਨਹੀਂ ਕਰਦਾ। ਹਮੇਸ਼ਾ ਇਹੋ ਸੋਚ ਭਾਰੂ ਰਹਿੰਦੀ ਹੈ ਕਿ ਮੈਂ ਐਹ ਬਣ ਜਾਵਾਂ, ਔਹ ਬਣ ਜਾਵਾਂ। ਅਹੁਦਾ-ਭਾਵ ਉਸ ਦੇ ਮਨ ਵਿੱਚੋਂ ਨਿਕਲਦਾ ਹੀ ਨਹੀਂ। ਇਹ ਅਹੰਭਾਵ ਹੈ, ਜੋ ਆਦਮੀ ਦੇ ਮਾਨਸਿਕ ਵਿਕਾਸ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਅਜਿਹੇ ਭਾਵ ਬੰਦੇ ਨੂੰ ਦਿਸ਼ਾਹੀਣ ਕਰ ਦਿੰਦੇ ਹਨ। ਇਹ ਲਾਲਸਾਵਾਂ, ਮਹੱਤਵ ਅਕਾਂਖਿਆਵਾਂ ਸਭ ਗ਼ੈਰ-ਲੋਕਤੰਤਰੀ ਹਨ। ਵਿਚਾਰਧਾਰਾ, ਪ੍ਰਤੀਬੱਧਤਾ, ਸੁਹਿਰਦਤਾ ਖ਼ਤਮ ਹੋ ਗਈ ਹੈ। ਜਿਹੜਾ ਸਿਆਸੀ ਸੰਘਰਸ਼ ਸਾਨੂੰ ਦਿਖਾਈ ਦਿੰਦਾ ਹੈ, ਉਸ ਪਿੱਛੇ ਜੁਰਮ, ਟਕਰਾਓ, ਅਨੈਤਿਕਤਾ ਅਤੇ ਭ੍ਰਿਸ਼ਟਾਚਾਰ ਦੀ ਭਾਵਨਾ ਹੈ।
ਭਾਰਤੀ ਸਿਆਸਤ ਵਿੱਚ ਯੋਗਤਾ ਦਾ ਕੋਈ ਮੁੱਲ ਨਹੀਂ। ਸਿਆਸਤ ਇੱਕ-ਮਾਤਰ ਆਯੋਗ ਬੰਦਿਆਂ ਲਈ ਦੁਆਰ ਹੈ। ਜਿਸ ਕੋਲ ਕੋਈ ਯੋਗਤਾ ਨਹੀਂ, ਉਹ ਸਿਆਸਤਦਾਨ ਦੇ ਯੋਗ ਹੋ ਸਕਦਾ ਹੈ। ਜੋ ਆਦਮੀ ਰੌਲਾ-ਰੱਪਾ ਪਾ ਕੇ, ਝੂਠ ਬੋਲ ਕੇ, ਲੋਕਾਂ ਦੀ ਭੀੜ ਆਪਣੇ ਦੁਆਲੇ ਇਕੱਠੀ ਕਰ ਸਕੇ, ਉਹ ਆਦਮੀ ਸਿਆਸਤ ਦੇ ਯੋਗ ਹੋ ਜਾਂਦਾ ਹੈ। ਉਹ ਮੁੱਖ ਮੰਤਰੀ ਬਣ ਸਕਦਾ ਹੈ; ਸਿੱਖਿਆ ਮੰਤਰੀ ਬਣ ਸਕਦਾ ਹੈ। ਇੱਕ ਅਣ-ਸਿੱਖਿਅਤ ਨੇਤਾ ਸਿੱਖਿਆ ਨੂੰ ਸੰਚਾਲਿਤ ਕਰ ਸਕਦਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਸਿੱਖਿਆ ਸ਼ਾਸਤਰੀ ਉਸ ਦੇ ਅੱਗੇ ਪਿੱਛੇ ਚੱਕਰ ਲਾਉਣ ਲੱਗ ਪੈਂਦੇ ਹਨ। ਸਿਆਸਤ ਵਿੱਚ ਕਿਸੇ ਪ੍ਰਕਾਰ ਦਾ ਵਿਸ਼ੇਸ਼ ਗਿਆਨ, ਕਿਸੇ ਕਿਸਮ ਦੀ ਵਿਸ਼ੇਸ਼ਤਾ ਦੀ ਕੋਈ ਲੋੜ ਨਹੀਂ। ਸਿਆਸਤ ਅਜੀਬੋ-ਗਰੀਬ ਗੋਰਖ ਧੰਦਾ ਹੈ। ਸਿਆਸਤ ਧਨ ਨੂੰ ਵੀ ਆਪਣੇ ਹੱਥ ਵਿੱਚ ਲੈਣਾ ਚਾਹੁੰਦੀ ਹੈ। ਸਾਰਾ ਵਪਾਰ, ਸਾਰਾ ਧਨ, ਸਾਰੇ ਉਤਪਾਦਨ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦੀ ਹੈ। ਲੋਕ ਭਾਵੇਂ ਕੰਗਾਲ ਹੋ ਜਾਣ; ਭੁੱਖੇ ਮਰੀ ਜਾਣ। ਇਹ ਖ਼ੁਦਗ਼ਰਜ਼ ਸਰਮਾਏਦਾਰੀ ਹੈ। ਦਰਅਸਲ, ਇਹ ਭ੍ਰਿਸ਼ਟਾਚਾਰ ਦਾ ਇੱਕ ਰੂਪ ਹੈ ਜੋ ਅਸਮਾਨਤਾ ਨੂੰ ਵਧਾਉਂਦਾ ਹੈ ਅਤੇ ਨਿਰਪੱਖ ਮੁਕਾਬਲੇ ਨੂੰ ਖ਼ਤਮ ਕਰਦਾ ਹੈ; ਜਿਸ ਦਾ ਸਾਰਾ ਵਰਤਾਰਾ ਗ਼ੈਰ-ਲੋਕਤੰਤਰੀ ਹੈ।
ਹੁਣ ਮਾਹਰਤਾ ਦਾ ਜ਼ਮਾਨਾ ਹੈ। ਨੀਮ ਹਕੀਮ ਤਾਂ ਮੁਲਕ ਨੂੰ ਬਰਬਾਦ ਕਰ ਦੇਣਗੇ। ਅਨਾੜੀ ਦੀ ਇੱਛਾ ਹੁੰਦੀ ਹੈ ਕਿ ਸਭ ’ਤੇ ਕਬਜ਼ਾ ਕਰ ਲਓ। ਧਨ ਦੀ ਤਾਕਤ ਮੇਰੇ ਹੱਥ ’ਚ ਹੋਵੇ, ਸਨਅਤ ਵੀ ਮੇਰੇ ਹੱਥ ’ਚ ਹੋਵੇ; ਧਰਮ ਵੀ ਮੇਰੇ ਹੱਥ ’ਚ ਹੋਵੇ, ਵਿਗਿਆਨ ਵੀ ਮੇਰੇ ਹੱਥ ’ਚ ਹੋਵੇ। ਭਾਵ ਕਿ ਸਭ ਕੁਝ ਮੇਰੇ ਹੀ ਹੱਥ ’ਚ ਹੋਵੇ, ਪਰ ਉਸ ਦੀ ਇੱਛਾ ਨੂੰ ਅਵਾਮ ਪੂਰਾ ਹੋਣ ਦੇਵੇ ਤਾਂ ਇਸ ਨਾਲ ਤਾਂ ਬੜੇ ਵੱਡੇ ਖ਼ਤਰੇ ਪੈਦਾ ਹੋਣਗੇ। ਇਸ ਲਈ ਲੋਕਤੰਤਰ ਅਤੇ ਗਣਤੰਤਰ ਦੇ ਨਾਲ-ਨਾਲ ਗੁਣਤੰਤਰ ਵੀ ਚਾਹੀਦਾ ਹੈ। ਜਮਹੂਰੀ ਸਮਾਜ ਵਿੱਚ ਵਿਅਕਤੀ ਯੋਗਤਾ ਦੇ ਰਾਹ ਖੁੱਲ੍ਹੇ ਹੋਣੇ ਚਾਹੀਦੇ ਹਨ। ਸੋਚੇ ਸਮਝੇ ਉਦੇਸ਼ ਨਾਲ ਯੋਗ ਬੰਦੇ ਦੇ ਰਾਹ ਵਿੱਚ ਰੁਕਾਵਟਾਂ ਖੜ੍ਹੀਆਂ ਕਰਨੀਆਂ ਲੋਕਤੰਤਰ ਨੂੰ ਜਾਣਬੁੱਝ ਕੇ ਰੱਦ ਕਰਨਾ ਹੈ। ਜਾਤੀ-ਜਮਾਤੀ ਹਿੱਤ ਲੋਕਤੰਤਰ ਦੇ ਰਾਹ ਵਿੱਚ ਵੱਡੀ ਰੁਕਾਵਟ ਹੈ।
ਲੋਕਤੰਤਰ ਸਾਂਝੇ ਸਮਾਜਿਕ ਜੀਵਨ ਦਾ ਇੱਕ ਢੰਗ ਹੈ। ਭਾਈਚਾਰਾ, ਸਮਾਨਤਾ, ਸਹਿਯੋਗ, ਫ਼ਿਕਰ, ਵਫ਼ਾਦਾਰੀ ਆਦਿ ਸੰਕਲਪ ‘ਸਮਾਜ’ ਸ਼ਬਦ ਦੀ ਭਾਵ ਜੁਗਤ ਵਿੱਚ ਹੀ ਅੰਤਰਨਿਹਿਤ ਹਨ। ਇਸ ਦੀਆਂ ਜੜਾਂ ਲੋਕਾਂ ਵੱਲੋਂ ਸਿਰਜੇ ਸਮਾਜ ਵਿੱਚ ਸਮਾਜਿਕ ਰਿਸ਼ਤਿਆਂ ਅਤੇ ਲੋਕਾਂ ਦੀ ਆਪਸੀ ਸਹਿਹੋਂਦ ਅਤੇ ਸਹਿਚਾਰ ਵਿੱਚ ਪਈਆਂ ਹਨ, ਪਰ ਭਾਰਤੀ ਸਮਾਜ ਜਾਤ-ਪਾਤ ਅਤੇ ਧਰਮ ਦੀ ਦਲਦਲ ਵਿੱਚ ਏਨਾ ਧਸ ਗਿਆ ਹੈ ਕਿ ਇੱਥੇ ਹਰ ਗੱਲ ਜਾਤ ਅਤੇ ਧਰਮ ਦੇ ਆਧਾਰ ’ਤੇ ਹੀ ਕੀਤੀ ਜਾਂਦੀ ਹੈ। ਅਜਿਹਾ ਵਰਤਾਰਾ ਲੋਕਤੰਤਰ ਦੀਆਂ ਜੜਾਂ ਵੱਢ ਦਿੰਦਾ ਹੈ। ਇੱਥੋਂ ਦੇ ਸਿਆਸੀ ਦਲ ਅਕਸਰ ਲੋਕ ਮੁੱਦਿਆਂ ਨੂੰ ਲਾਂਭੇ ਕਰ ਕੇ, ਜਾਤੀ ਤੇ ਜਮਾਤੀ ਪਹੁੰਚ ਅਪਣਾਉਂਦੇ ਹਨ। ਹੁਣ ਵੋਟ ਬੈਂਕ ਪੱਕਾ ਕਰਨ ਲਈ ਨੋਟ ਬੈਂਕ ਦਾ ਵੀ ਪੱਕਾ ਪ੍ਰਬੰਧ ਕਰ ਲਿਆ ਗਿਆ ਹੈ। ਹੁਣ ਭਾਰਤ ਪੂੰਜੀਵਾਦੀ ਲੋਕਤੰਤਰ ਬਣ ਗਿਆ ਹੈ।
ਭਾਰਤੀ ਲੋਕਤੰਤਰ ਸਹੀ ਦਿਸ਼ਾ ਅਖ਼ਤਿਆਰ ਕਰ ਲਵੇ ਤਾਂ ਭਾਰਤੀ ਸਿਆਸਤ ਨਰੋਈ ਅਤੇ ਸੁਖਮਈ ਬਣ ਸਕਦੀ ਹੈ। ਇਸ ਲਈ ਸਿਆਸਤ ਨੂੰ ਸਿੱਧਾ ਹੀ ਸ਼ਾਸਨ ਦਾ ਮਾਲਕ ਨਾ ਹੋਣ ਦਿੱਤਾ ਜਾਵੇ। ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਪਾਰਲੀਮੈਂਟ ਬਣਾਉਣ, ਪਰ ਪਾਰਲੀਮੈਂਟ ਵਿੱਚੋਂ ਮੰਤਰੀ ਮੰਡਲ ਨਾ ਬਣੇ। ਪਾਰਲੀਮੈਂਟ ਵਿੱਚ ਜਿਸ ਪਾਰਟੀ ਦਾ ਬਹੁਮੱਤ ਹੋਵੇ, ਉਹ ਪਾਰਟੀ ਸਾਰੇ ਦੇਸ਼ ਵਿੱਚੋਂ ਬਾਕਿਰਦਾਰ ਇਨਸਾਨ, ਕੁਸ਼ਲ ਪ੍ਰਬੰਧਕ, ਕਾਬਲ ਅਰਥ ਸ਼ਾਸਤਰੀ ਲੱਭ ਕੇ, ਉਸ ਨੂੰ ਪ੍ਰਧਾਨ ਮੰਤਰੀ ਬਣਾਵੇ। ਸਿੱਖਿਆ ਸ਼ਾਸਤਰੀ ਲੱਭ ਕੇ, ਉਸ ਨੂੰ ਸਿੱਖਿਆ ਮੰਤਰੀ ਬਣਾਵੇ। ਗਣਤੰਤਰ ਜਦੋਂ ਤੱਕ ਗੁਣਤੰਤਰ ਨਾਲ ਨਹੀਂ ਜੁੜਦਾ, ਤਦ ਤੱਕ ਗਣਤੰਤਰ ਮੁਲਕ ਨੂੰ ਰਸਾਤਲ ਵੱਲ ਹੀ ਲੈ ਕੇ ਜਾਏਗਾ। ਲੋਕਾਂ ਦਾ ਪ੍ਰਤੀਨਿਧ ਵੋਟਾਂ ਰਾਹੀਂ ਚੁਣਿਆ ਜਾ ਸਕਦਾ ਹੈ, ਪਰ ਮੁਲਕ ’ਤੇ ਰਾਜ ਕਰਨ ਦਾ ਹੱਕ ਕੇਵਲ ਕਾਬਲ ਤੇ ਕਾਮਲ ਇਨਸਾਨਾਂ ਦੇ ਹੱਥ ਹੀ ਹੋਣਾ ਚਾਹੀਦਾ ਹੈ। ਮੁਲਕ ਉਹੀ ਖ਼ੁਸ਼ਹਾਲ ਹੁੰਦੇ ਹਨ, ਜਿੱਥੇ ਸਮਾਨਤਾ ਹੋਵੇ; ਸਭ ਨੂੰ ਸਿੱਖਿਆ ਅਤੇ ਸਿਹਤ ਦੀਆਂ ਸਹੂਲਤਾਂ ਹੋਣ, ਸੋਹਣਾ ਕੁਦਰਤੀ ਵਾਤਾਵਰਣ ਹੋਵੇ। ਬੇਰੁਜ਼ਗਾਰੀ ਅਤੇ ਭੁੱਖਮਰੀ ਨਾ ਹੋਵੇ। ਮੁਲਕ ਉਦੋਂ ਹੀ ਤਰੱਕੀ ਕਰ ਸਕਦੇ ਹਨ ਜਦ ਉਹ ਵਰਤਮਾਨ ਦੀਆਂ ਚੁਣੌਤੀਆਂ ਵੱਲ ਧਿਆਨ ਦੇਣ, ਪਰ ਜੇ ਕੋਈ ਮੁਲਕ ਵਰਤਮਾਨ ਦੇ ਮੁੱਦਿਆਂ ਦੀ ਬਜਾਏ ਗੜੇ ਮੁਰਦੇ ਉਖਾੜਨ ਵਿੱਚ ਹੀ ਲੱਗਿਆ ਰਹੇ ਤਾਂ ਫਿਰ ਮੁਲਕ ਦੀ ਤਰੱਕੀ ਨੂੰ ਖ਼ਤਰੇ ਹੀ ਖ਼ਤਰੇ ਹਨ। ਲੋਕਤੰਤਰ ਸਿੱਖਿਅਤ ਸਮਾਜ ਨਾਲ ਹੀ ਜਿਊਂਦਾ ਰਹਿ ਸਕਦਾ ਹੈ। ਸਿੱਖਿਅਤ ਸਮਾਜ ਆਪਣੇ ਹੱਕਾਂ ਲਈ ਸੰਘਰਸ਼ ਕਰਦਾ ਹੈ। ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕਰਦਾ ਹੈ। ਜੰਤਰ ਮੰਤਰ ਦਾ ਪ੍ਰਦਰਸ਼ਨ ਅਤੇ ਇਸ ਦੀ ਜਿੱਤ ਲੋਕਤੰਤਰ ਦੀ ਮੂਲ ਆਤਮਾ ਦੀ ਬਹਾਲੀ ਲਈ ਸ਼ੁਭ ਸੰਕੇਤ ਹੈ।

