ਜਾਪਾਨ ਵਰਗਾ ਸਿੱਖਿਆ ਢਾਂਚਾ ਕਦੋਂ ਅਪਣਾਏਗਾ ਭਾਰਤ?
ਅਸੀਂ ਅਕਸਰ ਅਮਰੀਕਾ, ਆਸਟਰੇਲੀਆ ਅਤੇ ਇੰਗਲੈਂਡ ਦੇ ਸਿੱਖਿਆ ਢਾਂਚੇ ਦੀ ਉੱਤਮਤਾ ਦੀ ਚਰਚਾ ਕਰਦੇ ਰਹਿੰਦੇ ਹਾਂ, ਪਰ ਜੇਕਰ ਵਿਸ਼ਵ ਵਿੱਚ ਜਾਪਾਨ ਦੀ ਤਰੱਕੀ ਦੇ ਅਸਲ ਰਾਜ਼ ਨੂੰ ਡੂੰਘਾਈ ਨਾਲ ਦੇਖੀਏ ਤਾਂ ਇਸ ਦਾ ਮੁੱਖ ਆਧਾਰ ਉੱਥੋਂ ਦਾ ਬੇਮਿਸਾਲ ਸਿੱਖਿਆ ਢਾਂਚਾ...
ਅਸੀਂ ਅਕਸਰ ਅਮਰੀਕਾ, ਆਸਟਰੇਲੀਆ ਅਤੇ ਇੰਗਲੈਂਡ ਦੇ ਸਿੱਖਿਆ ਢਾਂਚੇ ਦੀ ਉੱਤਮਤਾ ਦੀ ਚਰਚਾ ਕਰਦੇ ਰਹਿੰਦੇ ਹਾਂ, ਪਰ ਜੇਕਰ ਵਿਸ਼ਵ ਵਿੱਚ ਜਾਪਾਨ ਦੀ ਤਰੱਕੀ ਦੇ ਅਸਲ ਰਾਜ਼ ਨੂੰ ਡੂੰਘਾਈ ਨਾਲ ਦੇਖੀਏ ਤਾਂ ਇਸ ਦਾ ਮੁੱਖ ਆਧਾਰ ਉੱਥੋਂ ਦਾ ਬੇਮਿਸਾਲ ਸਿੱਖਿਆ ਢਾਂਚਾ ਹੈ। ਜਾਪਾਨ ਦੇ ਵਿੱਦਿਅਕ ਪ੍ਰਬੰਧ ਦੇ ਵਿਸਥਾਰ ਵੱਲ ਪਰਤਣ ਤੋਂ ਪਹਿਲਾਂ, ਭਾਰਤ ਅਤੇ ਜਾਪਾਨ ਦੇ ਸਿੱਖਿਆ ਢਾਂਚੇ ਦੇ ਤੁਲਨਾਤਮਕ ਅਧਿਐਨ ਉੱਤੇ ਝਾਤ ਮਾਰਨੀ ਲਾਜ਼ਮੀ ਹੈ। ਭੂਗੋਲਿਕ ਆਕਾਰ ਵਿੱਚ ਭਾਰਤ ਦੇ ਮੁਕਾਬਲੇ ਕਾਫ਼ੀ ਛੋਟਾ ਹੋਣ ਦੇ ਬਾਵਜੂਦ ਜਾਪਾਨ ਦਾ ਸਿੱਖਿਆ ਪ੍ਰਬੰਧ ਦੁਨੀਆ ਦੀਆਂ ਉੱਤਮ ਪ੍ਰਣਾਲੀਆਂ ਵਿੱਚ ਗਿਣਿਆ ਜਾਂਦਾ ਹੈ। ਜਿੱਥੇ ਭਾਰਤ ਦੀ ਸਾਖਰਤਾ ਦਰ ਲਗਪਗ 77 ਫ਼ੀਸਦੀ ਹੈ, ਉੱਥੇ ਹੀ ਜਾਪਾਨ ਦੀ ਸਾਖਰਤਾ ਦਰ ਲਗਪਗ 100 ਫ਼ੀਸਦੀ ਹੈ, ਜੋ ਉੱਥੋਂ ਦੇ ਨਾਗਰਿਕਾਂ ਵਿੱਚ ਸਿੱਖਿਆ ਪ੍ਰਤੀ ਗੰਭੀਰ ਸੋਚ ਅਤੇ ਜਾਗਰੂਕਤਾ ਨੂੰ ਦਰਸਾਉਂਦੀ ਹੈ।
ਭਾਰਤੀ ਸਿੱਖਿਆ ਪ੍ਰਣਾਲੀ ਦੀਆਂ ਅਨੇਕਾਂ ਖ਼ਾਮੀਆਂ ਕਾਰਨ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗੈਰ-ਹਾਜ਼ਰੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਭਾਰਤ ਵਿੱਚ ਸਕੂਲੀ ਵਿਦਿਆਰਥੀਆਂ ਦੀ ਔਸਤ ਹਾਜ਼ਰੀ ਮਸਾਂ 55 ਫ਼ੀਸਦੀ ਦੇ ਆਸ-ਪਾਸ ਰਹਿੰਦੀ ਹੈ, ਜਦਕਿ ਜਾਪਾਨੀ ਸਕੂਲਾਂ ਵਿੱਚ ਇਹ ਅੰਕੜਾ 99 ਫ਼ੀਸਦੀ ਤੱਕ ਪਹੁੰਚਦਾ ਹੈ। ਭਾਵੇਂ ਭਾਰਤ ਵਿੱਚ ਸਿੱਖਿਆ ਬੋਰਡਾਂ ਅਤੇ ਯੂਨੀਵਰਸਿਟੀਆਂ ਵੱਲੋਂ ਹਾਜ਼ਰੀ ਲਈ 75 ਫ਼ੀਸਦੀ ਦੀ ਸ਼ਰਤ ਲਾਜ਼ਮੀ ਕਰ ਦਿੱਤੀ ਗਈ ਹੈ, ਪਰ ਇਸ ਦੇ ਬਾਵਜੂਦ ਹਾਲਾਤ ਵਿੱਚ ਕੋਈ ਖ਼ਾਸ ਸੁਧਾਰ ਦੇਖਣ ਨੂੰ ਨਹੀਂ ਮਿਲਿਆ। ਸਾਡੇ ਦੇਸ਼ ਵਿੱਚ ਸਿੱਖਿਆ ਦਾ ਮੁੱਖ ਉਦੇਸ਼ ਕੇਵਲ ਹਾਜ਼ਰੀਆਂ ਪੂਰੀਆਂ ਕਰਕੇ ਡਿਗਰੀਆਂ ਹਾਸਲ ਕਰਨਾ ਬਣ ਗਿਆ ਹੈ, ਜਦਕਿ ਜਾਪਾਨ ਵਿੱਚ ਸਿੱਖਿਆ ਦਾ ਅਸਲ ਮਕਸਦ ਵਿਦਿਆਰਥੀਆਂ ਨੂੰ ਗਿਆਨਵਾਨ ਬਣਾਉਣਾ ਹੈ।
ਜਾਪਾਨ ਵਿੱਚ ਵਿਦਿਆਰਥੀ-ਅਧਿਆਪਕ ਅਨੁਪਾਤ ਔਸਤਨ 1:30 ਹੈ, ਜਿਸ ਨਾਲ ਅਧਿਆਪਕ ਹਰ ਬੱਚੇ ਦੇ ਹੁਨਰ ਵੱਲ ਵਿਸ਼ੇਸ਼ ਧਿਆਨ ਦੇ ਸਕਦੇ ਹਨ। ਇਸ ਦੇ ਉਲਟ, ਭਾਰਤ ਵਿੱਚ ਇੱਕ ਅਧਿਆਪਕ ਪਿੱਛੇ 50 ਤੋਂ ਵੱਧ ਅਤੇ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚ ਤਾਂ 75 ਤੱਕ ਵਿਦਿਆਰਥੀ ਬੈਠਦੇ ਹਨ। ਸਾਡੇ ਦੇਸ਼ ਦੇ ਉਲਟ ਜਾਪਾਨ ਵਿੱਚ ਅਨੇਕਾਂ ਸਿੱਖਿਆ ਬੋਰਡਾਂ ਦੀ ਹੋਂਦ ਨਹੀਂ ਹੈ, ਸਗੋਂ ਕੌਮੀ ਪੱਧਰ ਉੱਤੇ ਕੇਵਲ ਇੱਕੋ ਸਿੱਖਿਆ ਬੋਰਡ, ਇੱਕੋ ਜਿਹਾ ਸਿਲੇਬਸ ਅਤੇ ਇੱਕੋ ਜਿਹੀਆਂ ਪਾਠ-ਪੁਸਤਕਾਂ ਲਾਗੂ ਹਨ। ਇਸ ਬੋਰਡ ਨੂੰ ‘ਐੱਮ ਈ ਐੱਸ ਟੀ’ (ਮਨਿਸਟਰੀ ਆਫ਼ ਐਜੂਕੇਸ਼ਨ, ਕਲਚਰਲ, ਸਪੋਰਟਸ ਐਂਡ ਟੈਕਨਾਲੋਜੀ) ਕਿਹਾ ਜਾਂਦਾ ਹੈ। ਜਾਪਾਨੀ ਸਕੂਲਾਂ ਵਿੱਚ ਮੁੱਖ ਤੌਰ ’ਤੇ ਜਾਪਾਨੀ ਅਤੇ ਅੰਗਰੇਜ਼ੀ ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਹਨ, ਪਰ ਵਿਦਿਆਰਥੀ ਆਪਣੀ ਰੁਚੀ ਅਨੁਸਾਰ ਰੂਸੀ, ਕੋਰੀਅਨ ਅਤੇ ਚੀਨੀ ਭਾਸ਼ਾਵਾਂ ਵੀ ਸਿੱਖ ਸਕਦੇ ਹਨ। ਉੱਥੇ ਬੱਚਿਆਂ ਨੂੰ ‘ਕਿਤਾਬੀ ਕੀੜਾ’ ਨਹੀਂ ਬਣਾਇਆ ਜਾਂਦਾ, ਜੇਕਰ ਕੋਈ ਵਿਦਿਆਰਥੀ ਆਪਣੀ ਸੂਝ-ਬੂਝ ਨਾਲ ਕੁਝ ਨਵਾਂ ਸਿਰਜਦਾ ਹੈ ਤਾਂ ਉਸ ਨੂੰ ਹੋਰ ਹੱਲਾਸ਼ੇਰੀ ਦਿੱਤੀ ਜਾਂਦੀ ਹੈ।
ਵਿਦਿਆਰਥੀਆਂ ’ਤੇ ਵੱਡੀਆਂ-ਵੱਡੀਆਂ ਅਸਾਈਨਮੈਂਟਾਂ ਦਾ ਬੋਝ ਪਾ ਕੇ ਉਨ੍ਹਾਂ ਦਾ ਕੀਮਤੀ ਸਮਾਂ, ਊਰਜਾ ਅਤੇ ਕਾਗ਼ਜ਼ ਬਰਬਾਦ ਨਹੀਂ ਕੀਤੇ ਜਾਂਦੇ। ਉੱਥੇ ਸਿੱਖਿਆ ਦਾ ਆਧਾਰ ਰੱਟਾ ਲਗਾਉਣਾ ਨਹੀਂ, ਸਗੋਂ ਖੋਜ, ਪ੍ਰੈਕਟੀਕਲ ਅਤੇ ਤਜਰਬੇ ਰਾਹੀਂ ਗਿਆਨ ਪ੍ਰਾਪਤ ਕਰਨਾ ਹੈ। ਜਾਪਾਨ ਵਿੱਚ ਬੱਚਿਆਂ ਨੂੰ ਇਹ ਨਹੀਂ ਸਿਖਾਇਆ ਜਾਂਦਾ ਕਿ ਪੜ੍ਹਾਈ ਦਾ ਮਕਸਦ ਸਿਰਫ਼ ਨੌਕਰੀ ਹਾਸਲ ਕਰਨਾ ਹੈ, ਸਗੋਂ ਇਹ ਪ੍ਰੇਰਿਤ ਕੀਤਾ ਜਾਂਦਾ ਹੈ ਕਿ ਵੱਧ ਤੋਂ ਵੱਧ ਗਿਆਨ ਹਾਸਿਲ ਕਰਕੇ ਆਪਣੀ ਯੋਗਤਾ ਮੁਤਾਬਿਕ ਖੇਤਰ ਦੀ ਚੋਣ ਕੀਤੀ ਜਾਵੇ। ਇਹ ਜਾਪਾਨੀ ਸਿੱਖਿਆ ਪ੍ਰਣਾਲੀ ਦਾ ਹੀ ਚਮਤਕਾਰ ਹੈ ਕਿ ਉੱਥੋਂ ਦੇ ਸਕੂਲੀ ਬੱਚੇ ਉਹ ਮੌਲਿਕ ਖੋਜਾਂ ਕਰ ਲੈਂਦੇ ਹਨ, ਜੋ ਸਾਡੇ ਦੇਸ਼ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਵੀ ਵਿਦਿਆਰਥੀ ਨਹੀਂ ਕਰ ਪਾਉਂਦੇ।
ਭਾਰਤੀ ਸਿੱਖਿਆ ਪ੍ਰਣਾਲੀ ਦਾ ਮੁੱਖ ਮਕਸਦ ਵਿਦਿਆਰਥੀਆਂ ਵਿੱਚ ਲੀਡਰਸ਼ਿਪ ਦੇ ਗੁਣ ਪੈਦਾ ਕਰਨਾ ਨਹੀਂ ਹੈ, ਜਿਸ ਦਾ ਖ਼ਮਿਆਜ਼ਾ ਇਹ ਭੁਗਤਣਾ ਪੈਂਦਾ ਹੈ ਕਿ ਐੱਮ ਬੀ ਏ ਵਰਗੀਆਂ ਉੱਚ ਡਿਗਰੀਆਂ ਹਾਸਲ ਕਰਨ ਤੋਂ ਬਾਅਦ ਵੀ ਨੌਜਵਾਨ ਮਾਮੂਲੀ ਤਨਖ਼ਾਹ ਵਾਲੀਆਂ ਨੌਕਰੀਆਂ ਤੱਕ ਸੀਮਤ ਰਹਿ ਜਾਂਦੇ ਹਨ। ਇਸ ਦੇ ਉਲਟ, ਜਾਪਾਨ ਵਿੱਚ ਕਾਲਜ ਦੀ ਪੜ੍ਹਾਈ ਤੋਂ ਬਾਅਦ ਵਿਦਿਆਰਥੀਆਂ ਲਈ ਲੀਡਰਸ਼ਿਪ ਪ੍ਰੋਗਰਾਮ ਕਰਨਾ ਲਾਜ਼ਮੀ ਕੀਤਾ ਗਿਆ ਹੈ। ਭਾਰਤ ਜਿੱਥੇ ਜਾਪਾਨ ਨਾਲੋਂ ਖੇਤਰਫਲ ਵਿੱਚ ਲਗਪਗ 9 ਗੁਣਾ ਵੱਡਾ ਹੈ, ਉੱਥੇ ਹੀ ਦੋਵਾਂ ਦੇਸ਼ਾਂ ਵਿੱਚ ਯੂਨੀਵਰਸਿਟੀਆਂ ਦੀ ਗਿਣਤੀ ਲਗਪਗ ਬਰਾਬਰ ਹੈ, ਭਾਰਤ ਵਿੱਚ ਕਰੀਬ 1,000 ਅਤੇ ਜਾਪਾਨ ਵਿੱਚ 786 ਯੂਨੀਵਰਸਿਟੀਆਂ ਹਨ। ਜਾਪਾਨ ਵਿੱਚ ਸਿੱਖਿਆ ਦਾ 6+3+3+4 ਢਾਂਚਾ ਲਾਗੂ ਹੈ, ਜਿਸ ਤਹਿਤ 9 ਸਾਲ ਦੀ ਐਲੀਮੈਂਟਰੀ ਸਿੱਖਿਆ ਤੋਂ ਇਲਾਵਾ ਤਿੰਨ ਸਾਲ ਜੂਨੀਅਰ ਹਾਈ ਸਕੂਲ, ਤਿੰਨ ਸਾਲ ਸੈਕੰਡਰੀ ਅਤੇ ਚਾਰ ਸਾਲ ਦੀ ਯੂਨੀਵਰਸਿਟੀ ਸਿੱਖਿਆ ਸ਼ਾਮਲ ਹੈ। ਪੜ੍ਹਾਈ ਦੀ ਸ਼ੁਰੂਆਤ ਵਿੱਚ ਬੱਚਿਆਂ ਨੂੰ ਕਿਤਾਬੀ ਗਿਆਨ ਦੇਣ ਦੀ ਬਜਾਏ ਸ਼ਿਸ਼ਟਾਚਾਰ, ਚੰਗੇ ਵਿਹਾਰ ਅਤੇ ਮਹਿਮਾਨਨਿਵਾਜ਼ੀ ਦੇ ਗੁਣ ਸਿਖਾਏ ਜਾਂਦੇ ਹਨ।
ਸਕੂਲਾਂ ਵਿੱਚ ਗਣਿਤ, ਵਿਗਿਆਨ, ਸਮਾਜਿਕ ਅਧਿਐਨ ਅਤੇ ਅੰਗਰੇਜ਼ੀ ਦੇ ਨਾਲ-ਨਾਲ ਅਨੁਸ਼ਾਸਨ, ਸਵੱਛਤਾ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਵਿਸ਼ੇਸ਼ ਤਰਜੀਹ ਮਿਲਦੀ ਹੈ। ਉੱਥੇ ਵਿਦਿਆਰਥੀ ‘ਰੈਂਡੋਸੇਰੋ’ ਨਾਂ ਦਾ ਖ਼ਾਸ ਚਮੜੇ ਦਾ ਬੈਗ ਵਰਤਦੇ ਹਨ, ਜਿਸ ਦਾ ਆਕਾਰ ਅਤੇ ਭਾਰ ਵਿਗਿਆਨਕ ਤਰੀਕੇ ਨਾਲ ਨਿਰਧਾਰਿਤ ਹੁੰਦਾ ਹੈ ਤਾਂ ਜੋ ਬੱਚਿਆਂ ਦੀ ਰੀੜ੍ਹ ਦੀ ਹੱਡੀ ’ਤੇ ਬੋਝ ਨਾ ਪਵੇ। ਹਾਈ ਸਕੂਲ ਤੋਂ ਬਾਅਦ ਵਿਦਿਆਰਥੀਆਂ ਕੋਲ ਵੋਕੇਸ਼ਨਲ ਸਿੱਖਿਆ ਦਾ ਬਦਲ ਹੁੰਦਾ ਹੈ ਜਿਸ ਵਿੱਚ ਮੋਚੀ, ਲੁਹਾਰ ਅਤੇ ਖੇਤੀਬਾੜੀ ਵਰਗੇ ਹੁਨਰ ਸਿਖਾਏ ਜਾਂਦੇ ਹਨ। ਜਾਪਾਨੀ ਸਕੂਲਾਂ ਵਿੱਚ ਕੋਈ ਚਪੜਾਸੀ ਜਾਂ ਸਫ਼ਾਈ ਕਰਮਚਾਰੀ ਨਹੀਂ ਹੁੰਦਾ, ‘ਜਿਹੜੀ ਥਾਂ ਤੁਹਾਡੀ ਹੈ, ਉਸ ਦੀ ਸਫ਼ਾਈ ਦੀ ਜ਼ਿੰਮੇਵਾਰੀ ਵੀ ਤੁਹਾਡੀ ਹੈ’ ਦੇ ਸਿਧਾਂਤ ਤਹਿਤ ਬੱਚੇ ਖ਼ੁਦ ਆਪਣੇ ਸਕੂਲ ਅਤੇ ਕਲਾਸਰੂਮ ਦੀ ਸਫ਼ਾਈ ਕਰਦੇ ਹਨ। ਦੁਪਹਿਰ ਵੇਲੇ ਖ਼ੁਦ ਕਤਾਰਾਂ ਬਣਾ ਕੇ ਖਾਣਾ ਵਰਤਾਉਣਾ ਅਤੇ ਭਾਂਡੇ ਧੋਣਾ ਸਮੂਹਿਕ ਸੇਵਾ ਦਾ ਪਾਠ ਪੜ੍ਹਾਉਂਦਾ ਹੈ। ਸਕੂਲਾਂ ਵਿੱਚ ਮੋਬਾਈਲ ਲਿਆਉਣ ਉੱਤੇ ਮੁਕੰਮਲ ਪਾਬੰਦੀ ਹੈ। ਤੀਜੀ ਜਮਾਤ ਤੱਕ ਕੋਈ ਪ੍ਰੀਖਿਆ ਨਹੀਂ ਲਈ ਜਾਂਦੀ, ਕਿਉਂਕਿ ਨੰਬਰਾਂ ਅਤੇ ਰੈਂਕਾਂ ਨਾਲੋਂ ਇਨਸਾਨੀਅਤ ਅਤੇ ਵਿਵਹਾਰਕ ਗਿਆਨ ਨੂੰ ਉੱਤਮ ਮੰਨਿਆ ਜਾਂਦਾ ਹੈ। ਪੜ੍ਹਾਈ ਦੇ ਨਾਲ-ਨਾਲ ਹਰ ਬੱਚੇ ਲਈ ਕਿਸੇ ਨਾ ਕਿਸੇ ਖੇਡ ਜਾਂ ਸਰੀਰਕ ਗਤੀਵਿਧੀ ਵਿੱਚ ਭਾਗ ਲੈਣਾ ਲਾਜ਼ਮੀ ਹੈ, ਜਿਸ ਨਾਲ ਉਨ੍ਹਾਂ ਵਿੱਚ ਟੀਮ ਭਾਵਨਾ, ਸਹਿਣਸ਼ੀਲਤਾ ਅਤੇ ਸਿਹਤਮੰਦ ਫਿਟਨੈੱਸ ਦੇ ਗੁਣ ਪੈਦਾ ਹੁੰਦੇ ਹਨ।
ਜਾਪਾਨੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਵਿਖਾਵੇ ਤੋਂ ਦੂਰ ਕੁਦਰਤੀ ਜੀਵਨ ਜਾਚ ਸਿਖਾਈ ਜਾਂਦੀ ਹੈ; ਇਹੀ ਕਾਰਨ ਹੈ ਕਿ ਉੱਥੇ ਮੇਕਅਪ ਜਾਂ ਸੈਂਟ ਆਦਿ ਲਗਾਉਣ ਦੀ ਮਨਾਹੀ ਹੈ। ਸਕੂਲ ਕੈਂਪਸ ਵਿੱਚ ਜੰਕ ਫ਼ੂਡ, ਚਿਪਸ ਅਤੇ ਕੋਲਡ ਡ੍ਰਿੰਕਸ ਪੂਰੀ ਤਰ੍ਹਾਂ ਬੈਨ ਹਨ। ਵਿਦਿਆਰਥੀ ਜਾਂ ਤਾਂ ਘਰੋਂ ਪੌਸ਼ਟਿਕ ਖਾਣਾ ਲਿਆਉਂਦੇ ਹਨ ਜਾਂ ਸਕੂਲ ਦਾ ਤਿਆਰ ਭੋਜਨ ਖਾਂਦੇ ਹਨ, ਜਿਸ ਨੂੰ ਅਧਿਆਪਕ ਖ਼ੁਦ ਬੱਚਿਆਂ ਨਾਲ ਬੈਠ ਕੇ ਵਰਤਾਉਂਦੇ ਹਨ। ਛੁੱਟੀਆਂ ਦੌਰਾਨ ਵੀ ਸਕੂਲਾਂ ਵਿੱਚ ਜੂਡੋ, ਆਰਟਸ ਅਤੇ ਸੰਗੀਤ ਵਰਗੀਆਂ ਕਲੱਬ ਗਤੀਵਿਧੀਆਂ ਲਾਜ਼ਮੀ ਹੁੰਦੀਆਂ ਹਨ। ਹਰ ਸਕੂਲ ਦੀ ਆਪਣੀ ਨਿਵੇਕਲੀ ਵਰਦੀ ਅਤੇ ਗੀਤ ਹੁੰਦਾ ਹੈ, ਜਿੱਥੇ ਵਰਦੀ ਨੂੰ ਮਹਿਜ਼ ਕੱਪੜਾ ਨਹੀਂ ਸਗੋਂ ਜ਼ਿੰਮੇਵਾਰੀ ਸਮਝਿਆ ਜਾਂਦਾ ਹੈ। ਬੱਚਿਆਂ ਨੂੰ ਸ਼ਾਂਤ ਰਹਿਣਾ, ਅਨੁਸ਼ਾਸਨ ਵਿੱਚ ਬੈਠਣਾ ਅਤੇ ਸਮੇਂ ਦੀ ਪਾਬੰਦੀ ਸਿਖਾਈ ਜਾਂਦੀ ਹੈ। ਜਾਪਾਨ ਦੀ ਇਸ ਬੇਮਿਸਾਲ ਸਿੱਖਿਆ ਪ੍ਰਣਾਲੀ ਨੂੰ ਦੇਖ ਕੇ ਅਕਸਰ ਇਹ ਸਵਾਲ ਉੱਠਦਾ ਹੈ ਕਿ ਸਾਡੇ ਦੇਸ਼ ਦੇ ਹਾਕਮਾਂ ਨੂੰ ਅਜਿਹਾ ਪ੍ਰਬੰਧ ਲਾਗੂ ਕਰਨ ਦੀ ਸੂਝ ਕਦੋਂ ਆਵੇਗੀ?
ਸੰਪਰਕ: 98726-27136

