ਪੁਰਾਲੇਖ ਤੇ ਪੁਰਾਲੇਖਕਾਂ ਦੇ ਮੁਹਾਫ਼ਿਜ਼ਾਂ ਦੇ ਅਦਬ ਵਿਚ

ਪੁਰਾਲੇਖ ਤੇ ਪੁਰਾਲੇਖਕਾਂ ਦੇ ਮੁਹਾਫ਼ਿਜ਼ਾਂ ਦੇ ਅਦਬ ਵਿਚ

ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬਰੇਰੀ, ਨਵੀਂ ਦਿੱਲੀ ਦੀ ਇਮਾਰਤ

ਰਾਮਚੰਦਰ ਗੁਹਾ

ਸਾਲ ਪਹਿਲਾਂ ਜਨਵਰੀ 2020 ਦੇ ਤੀਜੇ ਹਫ਼ਤੇ ਮੈਂ ਨਵੀਂ ਦਿੱਲੀ ਵਿਚ ਸਾਂ ਤੇ ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬਰੇਰੀ (ਐੱਨਐੱਮਐੱਮਐੱਲ) ਦੀਆਂ ਕੁਲੈਕਸ਼ਨਾਂ ਤੇ ਕੰਮ ਕਰ ਰਿਹਾ ਸਾਂ। ਮੈਨੂੰ ਪਹਿਲੀ ਵਾਰ 1980ਵਿਆਂ ਦੇ ਸ਼ੁਰੂ ਵਿਚ ਐੱਨਐੱਮਐੱਮਐੱਲ ਦੇ ਪੁਰਾਲੇਖੀ (ਆਰਕਾਈਵ) ਖਜ਼ਾਨਿਆਂ ਬਾਰੇ ਪਤਾ ਲੱਗਿਆ ਸੀ, ਫਿਰ 1988 ਤੋਂ 1994 ਤੱਕ ਦਿੱਲੀ ਵਿਚ ਰਹਿੰਦਿਆਂ ਮੈਂ ਇਨ੍ਹਾਂ ਦਾ ਖੂਬ ਅਧਿਐਨ ਕੀਤਾ। ਉਨ੍ਹਾਂ ਸਾਲਾਂ ਦੌਰਾਨ ਮੈਂ ਹਫ਼ਤੇ ਦੇ ਕੁਝ ਦਿਨ ਐੱਨਐੱਮਐੱਮਐੱਲ ਵਿਚ ਬਿਤਾਉਂਦਾ ਸਾਂ ਤੇ ਆਧੁਨਿਕ ਭਾਰਤੀ ਇਤਿਹਾਸ ਦੀਆਂ ਵੱਡੀਆਂ-ਛੋਟੀਆਂ ਹਸਤੀਆਂ ਦੇ ਨਿੱਜੀ ਕਾਗਜ਼ਾਤ ਦੇ ਖਜ਼ਾਨਿਆਂ ਦਾ ਅਧਿਐਨ ਕਰਦਾ ਸਾਂ ਤੇ ਪੁਰਾਣੇ ਅਖ਼ਬਾਰਾਂ ਵਿਚ ਇਨ੍ਹਾਂ ਦੀਆਂ ਤੰਦਾਂ ਖੋਜਦਾ ਰਹਿੰਦਾ ਸਾਂ।

1994 ਵਿਚ ਮੈਂ ਬੰਗਲੌਰ ਚਲਿਆ ਗਿਆ ਅਤੇ ਐੱਨਐੱਮਐੱਮਐੱਲ ਤੱਕ ਰੋਜ਼ਾਨਾ ਰਸਾਈ ਦਾ ਸਿਲਸਿਲਾ ਖਤਮ ਹੋ ਗਿਆ ਪਰ ਸਾਲ ਵਿਚ ਕੁਝ ਚੱਕਰ ਲਾ ਲੈਂਦਾ। ਇਹ ਚੱਕਰ ਆਮ ਤੌਰ ਤੇ ਜਨਵਰੀ, ਅਪਰੈਲ, ਸਤੰਬਰ ਤੇ ਨਵੰਬਰ ਵਿਚ ਲਗਦੇ। ਮੈਂ ਹਫ਼ਤੇ ਦਸ ਦਿਨ ਲਈ ਨਵੀਂ ਦਿੱਲੀ ਦਾ ਕੋਈ ਬੋਰਡਿੰਗ ਹਾਊਸ ਕਰ ਲੈਂਦਾ ਸਾਂ ਜੋ ਐੱਨਐੱਮਐੱਮਐੱਲ ਦੇ ਨੇੜੇ ਪੈਂਦਾ ਸੀ। ਸਵੇਰੇ 9 ਵਜੇ ਮੈਨੂਸਕਰਿਪਟਸ (ਹੱਥਲਿਖਤ ਖਰੜੇ) ਰੂਮ ਖੁੱਲ੍ਹਣ ਸਾਰ ਉੱਥੇ ਪਹੁੰਚ ਜਾਂਦਾ, ਖਿੜਕੀ ਦੇ ਨੇੜਲੇ ਡੈਸਕ ਤੇ ਕਬਜ਼ਾ ਜਮਾ ਕੇ ਬੈਠ ਜਾਂਦਾ, ਆਪਣੀਆਂ ਫਾਈਲਾਂ ਮੰਗਵਾਈ ਜਾਂਦਾ ਅਤੇ ਦਿਨ ਭਰ ਦੇ ਕੰਮ ਵਿਚ ਖੁਭਿਆ ਰਹਿੰਦਾ। ਦੁਪਹਿਰ ਦੇ ਖਾਣੇ ਅਤੇ ਚਾਹ ਦੀ ਛੋਟੀ ਜਿਹੀ ਬਰੇਕ ਤੋਂ ਬਿਨਾਂ ਸ਼ਾਮੀਂ ਪੰਜ ਵਜੇ ਤੱਕ ਨੋਟਸ ਲੈਂਦਾ ਰਹਿੰਦਾ ਤੇ ਬੋਰਡਿੰਗ ਹਾਊਸ ਮੁੜ ਆਉਂਦਾ। ਅਗਲੀ ਸਵੇਰ ਫਿਰ ਇਹੀ ਸਿਲਸਿਲਾ ਚੱਲ ਪੈਂਦਾ।

ਮੈਂ ਦੁਨੀਆ ਭਰ ਦੇ ਦਰਜਨਾਂ ਪੁਰਾਲੇਖ-ਘਰਾਂ ਵਿਚ ਕੰਮ ਕੀਤਾ ਹੈ ਪਰ ਐੱਨਐੱਮਐੱਮਐੱਲ ਖੋਜ ਕਾਰਜ ਲਈ ਹਮੇਸ਼ਾ ਮੇਰੀ ਪਸੰਦੀਦਾ ਥਾਂ ਰਹੀ ਹੈ। ਇਸ ਦੇ ਕਈ ਕਾਰਨ ਹਨ/ਸਨ - ਥਾਂ, ਦਰੱਖਤਾਂ ਤੇ ਪੰਛੀਆਂ ਨਾਲ ਭਰਿਆ ਕੈਂਪਸ, ਪਿਛਲੇ ਪਾਸੇ ਸ਼ਾਨਦਾਰ ਤੀਨ ਮੂਰਤੀ ਭਵਨ, ਸਾਡੇ ਇਤਿਹਾਸ ਦੇ ਸਾਰੇ ਪੱਖਾਂ ਬਾਰੇ ਪ੍ਰਾਥਮਿਕ ਸਮੱਗਰੀ ਦੀ ਲੜੀ, ਸਮੱਰਥ ਤੇ ਮਦਦਗਾਰ ਸਟਾਫ, ਇੱਥੇ ਆਉਂਦੇ ਰਹਿੰਦੇ ਹੋਰਨਾਂ ਵਿਦਵਾਨਾਂ ਨਾਲ ਸਮੇਂ ਸਮੇਂ ਤੇ ਹੁੰਦੀਆਂ ਰਹਿੰਦੀਆਂ ਰਸਮੀ ਤੇ ਗ਼ੈਰਰਸਮੀ ਮੁਲਾਕਾਤਾਂ।

ਪਿਛਲੇ ਪੱਚੀ ਕੁ ਸਾਲਾਂ ਦੌਰਾਨ ਮੈਂ ਇਤਿਹਾਸਕ ਖੋਜਕਾਰ ਦੇ ਤੌਰ ਤੇ ਇਸ ਧਾਮ ਦੀ ਹਰ ਸਾਲ ਘੱਟੋ-ਘੱਟ ਚਾਰ, ਅਕਸਰ ਪੰਜ ਜਾਂ ਕਦੇ ਕਦਾਈਂ ਛੇ ਵਾਰ ਵੀ ਯਾਤਰਾ ਕਰਦਾ ਰਿਹਾ ਹਾਂ। ਪਿਛਲੀ ਜਨਵਰੀ ਵਿਚ ਜਦੋਂ ਮੈਂ ਉੱਥੇ ਗਿਆ ਸਾਂ ਤਾਂ ਮੈਨੂੰ ਕੋਈ ਚਿੱਤ ਚੇਤਾ ਨਹੀਂ ਸੀ ਕਿ 2020 ਵੱਖਰਾ ਸਾਲ ਸਾਬਤ ਹੋਵੇਗਾ। ਫਿਰ ਮਹਾਮਾਰੀ ਦਾ ਦੌਰ ਸ਼ੁਰੂ ਹੋ ਗਿਆ ਤੇ ਪੂਰਾ ਸਾਲ ਮੈਂ ਦੱਖਣ ਤੱਕ ਸਿਮਟ ਕੇ ਰਹਿ ਗਿਆ। ਜੇ ਕਦੇ ਨਵੀਂ ਦਿੱਲੀ ਲਈ ਹਵਾਈ ਉਡਾਣ ਦਾ ਸਬਬ ਬਣਿਆ ਤਾਂ ਐੱਨਐੱਮਐੱਮਐੱਲ ਦੇ ਦਰਵਾਜ਼ੇ ਬੰਦ ਹੁੰਦੇ।

ਕੁਝ ਵੀ ਹੋਵੇ ਪਰ ਸਾਲ ਭਰ ਮੇਰੇ ਇਸ ਚਹੇਤੇ ਪੁਰਾਲੇਖ-ਘਰ ਨਾਲ ਮੇਰਾ ਸਾਥ ਬਣਿਆ ਰਿਹਾ। ਸੁਤੰਤਰਤਾ ਸੰਗਰਾਮ ਵਿਚ ਹਿੱਸਾ ਲੈਣ ਵਾਲੇ ਵਿਦੇਸ਼ੀਆਂ ਬਾਰੇ ਕਿਤਾਬ ਪੂਰੀ ਕਰ ਲਈ ਜੋ ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬਰੇਰੀ ਵਿਚ ਪਹਿਲਾਂ ਕੀਤੇ ਗਏ ਖੋਜ ਕਾਰਜ ਤੇ ਆਧਾਰਿਤ ਹੈ; ਤੇ ਮੈਂ ਯੁਵਾ ਖੋਜਕਾਰਾਂ ਦੇ ਖਰੜੇ ਵੀ ਪੜ੍ਹਦਾ ਰਿਹਾ ਸਾਂ ਜੋ ਐੱਨਐੱਮਐੱਮਐੱਲ ਦੀਆਂ ਕੁਲੈਕਸ਼ਨਾਂ ਤੋਂ ਲਾਹਾ ਲੈਂਦੇ ਹਨ। 2020 ਦੀਆਂ ਗਰਮੀਆਂ ਤੇ ਪਤਝੜ ਵਿਚ ਮੈਂ ਰਾਹੁਲ ਰਾਮਾਗੁੰਡਮ ਦੀ ਸਮਾਜਵਾਦੀ ਆਗੂ ਜਾਰਜ ਫਰਨਾਂਡਿਜ਼ ਦੀ ਜੀਵਨੀ, ਅਭਿਸ਼ੇਕ ਚੌਧਰੀ ਦੀ ਲਿਖੀ ਅਟਲ ਬਿਹਾਰੀ ਵਾਜਪਾਈ ਦੀ ਜੀਵਨੀ ਦੇ ਚੈਪਟਰਾਂ ਦੇ ਖਰੜੇ ਪੜ੍ਹਦਾ ਰਿਹਾ ਹਾਂ। ਮੈਂ ਅਕਸ਼ਯ ਮੁਕੁਲ ਨਾਲ ਵੀ ਲੰਮੀਆਂ ਮੁਲਾਕਾਤਾਂ ਕੀਤੀਆਂ ਜੋ ਜੈਪ੍ਰਕਾਸ਼ ਨਰਾਇਣ ਦੀ ਨਵੀਂ ਜੀਵਨੀ ਤੇ ਕੰਮ ਕਰ ਰਿਹਾ ਹੈ।

ਇਨ੍ਹਾਂ ਤਿੰਨ ਕਿਤਾਬਾਂ ਦੇ ਪ੍ਰਾਜੈਕਟ ਵਿਚ ਚਾਰ ਚੀਜ਼ਾਂ ਸਾਂਝੀਆਂ ਹਨ। ਪਹਿਲੀ, ਜਦੋਂ ਇਹ ਸਾਰੀਆਂ ਕਿਤਾਬਾਂ ਛਪ ਗਈਆਂ ਤਾਂ ਇਹ ਸਬੰਧਿਤ ਵਿਅਕਤੀਆਂ ਬਾਰੇ ਪ੍ਰਮੁੱਖ ਅਤੇ ਸ਼ਾਇਦ ਨਿਸ਼ਚਤ ਜੀਵਨੀਆਂ ਹੋਣਗੀਆਂ। ਦੂਜੀ, ਇਹ ਕਿਤਾਬਾਂ ਕਿਉਂਕਿ ਅਹਿਮ (ਤੇ ਵਿਵਾਦਗ੍ਰਸਤ ਵੀ) ਇਤਿਹਾਸਕ ਹਸਤੀਆਂ ਬਾਰੇ ਹੋਣਗੀਆਂ, ਇਸ ਲਈ ਇਨ੍ਹਾਂ ਦੇ ਪਾਠਕਾਂ ਦੀ ਸੰਖਿਆ ਬਹੁਤ ਵਿਆਪਕ ਹੋਵੇਗੀ। ਤੀਜੀ, ਇਨ੍ਹਾਂ ਕਿਤਾਬਾਂ ਦੀਆਂ ਜੀਵਨੀਆਂ ਦੇ ਵਿਸ਼ਾ ਵਸਤੂ ਕਾਂਗਰਸ ਪਾਰਟੀ ਤੇ ਇਸ ਦੇ ਪ੍ਰਮੁੱਖ ਆਗੂ ਜਵਾਹਰਲਾਲ ਨਹਿਰੂ ਦੇ ਵਿਰੋਧੀ (ਕਦੇ ਕਦਾਈਂ ਸੁਲ੍ਹਾ ਵਾਲੇ) ਰਹੇ ਹਨ। ਚੌਥੀ, ਇਨ੍ਹਾਂ ਵਿਚੋਂ ਕੋਈ ਵੀ ਕਿਤਾਬ ਪੁਰਾਤਤਵ-ਘਰ ਵਿਚ ਸਥਿਤ ਸਾਂਝੇ ਸਿਆਸੀ ਵਿਰੋਧੀਆਂ ਦੇ ਖ਼ਾਨੇ ਵਿਚ ਮਿਲਦੇ ਫਰਨਾਂਡਿਜ਼, ਵਾਜਪਾਈ ਅਤੇ ਜੈਪ੍ਰਕਾਸ਼ ਨਰਾਇਣ ਨਾਲ ਸਬੰਧਤ ਦੁਰਲੱਭ ਅਤੇ ਭਰਪੂਰ ਸਮੱਗਰੀ ਤੱਕ ਰਸਾਈ ਤੋਂ ਬਿਨਾਂ ਸੋਚੀ, ਖੋਜੀ ਜਾਂ ਲਿਖੀ ਜਾਣੀ ਸੰਭਵ ਨਹੀਂ ਸੀ।

ਇਹ ਮਹਿਜ਼ ਸਬਬ ਨਹੀਂ ਸੀ ਕਿ ਇਸ ਦਾ ਨਾਂ ਨਹਿਰੂ ਦੇ ਨਾਂ ‘ਤੇ ਰੱਖਿਆ ਗਿਆ ਸੀ ਸਗੋਂ ਐੱਨਐੱਮਐੱਮਐੱਲ ਨੇ ਕਦੇ ਵੀ ਪੱਖਪਾਤੀ ਰਵੱਈਆ ਨਹੀਂ ਅਪਨਾਇਆ। ਇਸੇ ਕਰ ਕੇ ਜੇਪੀ, ਫਰਨਾਂਡਿਜ਼ ਅਤੇ ਵਾਜਪਾਈ ਦੇ ਜੀਵਨੀਕਾਰਾਂ ਨੇ ਆਪਣਾ ਬਹੁਤਾ ਖੋਜ ਕਾਰਜ ਇੱਥੇ ਹੀ ਕੀਤਾ ਸੀ। ਇਹੀ ਨਹੀਂ, ਸ਼ਿਆਮਾ ਪ੍ਰਸ਼ਾਦ ਮੁਖਰਜੀ ਅਤੇ ਸੀ ਰਾਜਾਗੋਪਾਲਾਚਾਰੀ ਜਿਹੇ ਨਾਮੀ-ਗਰਾਮੀ ਕਾਂਗਰਸ ਵਿਰੋਧੀ (ਤੇ ਨਹਿਰੂ ਵਿਰੋਧੀ) ਆਗੂਆਂ ਦੇ ਜੀਵਨੀਕਾਰਾਂ ਨੇ ਵੀ ਇੰਜ ਹੀ ਕੀਤਾ ਸੀ। ਕਈ ਹੋਰਨਾਂ ਭਾਰਤੀ ਸੰਸਥਾਵਾਂ ਤੋਂ ਉਲਟ, ਐੱਨਐੱਮਐੱਮਐੱਲ ਇਸ ਗੱਲੋਂ ਖੁਸ਼ਕਿਸਮਤ ਹੈ ਕਿ ਇਸ ਦਾ ਨਿਰਮਾਣ ਕਰਨ ਵਾਲੇ ਵਿਅਕਤੀਆਂ ਦੀ ਲੜੀ ਬਹੁਤ ਲੰਮੀ ਹੈ। ਇਸ ਦੇ ਪਹਿਲੇ ਦੋ ਡਾਇਰੈਕਟਰ ਬੀਆਰ ਨੰਦਾ ਅਤੇ ਰਵਿੰਦਰ ਕੁਮਾਰ ਕਮਾਲ ਦੇ ਵਿਦਵਾਨ ਤੇ ਪ੍ਰਸ਼ਾਸਕ ਸਨ। ਨੰਦਾ ਤੇ ਕੁਮਾਰ ਦੇ ਨਾਲ ਪੁਰਾਲੇਖਕਾਂ ਦੀ ਸ਼ਾਨਦਾਰ ਟੀਮ ਸੀ ਜਿਸ ਨੇ ਦੇਸ਼ ਭਰ ਵਿਚੋਂ ਹੱਥਲਿਖਤ ਖਰੜੇ ਅਤੇ ਅਖ਼ਬਾਰਾਂ ਇਕੱਤਰ ਕੀਤੀਆਂ, ਉਨ੍ਹਾਂ ਨੂੰ ਤਰਤੀਬ ਤੇ ਸੁਚੱਜੇ ਢੰਗ ਨਾਲ ਸਾਂਭਿਆ ਅਤੇ ਵਿਦਵਾਨਾਂ ਲਈ ਮੁਹੱਈਆ ਕਰਵਾਇਆ।

ਡਾ. ਹਰੀ ਦੇਵ ਸ਼ਰਮਾ

ਪਿਛਲੇ ਕਈ ਦਹਾਕਿਆਂ ਦੌਰਾਨ ਐੱਨਐੱਮਐੱਮਐੱਲ ਦੀਆਂ ਕੁਲੈਕਸ਼ਨਾਂ ਦੇ ਆਧਾਰ ਤੇ ਹਜ਼ਾਰਾਂ ਕਿਤਾਬਾਂ ਅਤੇ ਖੋਜ ਕਾਰਜ ਰਚੇ ਜਾ ਚੁੱਕੇ ਹਨ। ਆਧੁਨਿਕ ਭਾਰਤੀ ਇਤਿਹਾਸ ਦੇ ਕਿਸੇ ਵੀ ਪਹਿਲੂ ਤੇ ਕਿਸੇ ਵੀ ਕਿਸਮ ਦੀ ਸੰਜੀਦਗੀ ਨਾਲ ਕੰਮ ਕਰਨ ਵਾਲੇ ਹਰ ਸ਼ਖਸ ਨੂੰ ਕੁਝ ਨਾ ਕੁਝ ਸਮਾਂ ਉੱਥੇ ਬਿਤਾਉਣਾ ਪਿਆ ਹੈ। ਦੇਸੀ ਹੋਵੇ ਜਾਂ ਕੋਈ ਵਿਦੇਸ਼ੀ, ਬਜ਼ੁਰਗ ਹੋਵੇ ਜਾਂ ਅਧਖੜ, ਸਮਾਜਿਕ ਇਤਿਹਾਸਕਾਰ ਹੋਵੇ ਜਾਂ ਫਿਰ ਵਿਗਿਆਨਕ, ਸਭਿਆਚਾਰਕ ਜਾਂ ਖੇਡ ਇਤਿਹਾਸਕਾਰ ਤੇ ਨਾਰੀਵਾਦ ਦਾ ਵਿਦਿਆਰਥੀ ਹੋਵੇ ਜਾਂ ਫਿਰ ਵਾਤਾਵਰਨਵਾਦ, ਸਮਾਜਵਾਦ ਜਾਂ ਫਿਰਕਾਪ੍ਰਸਤੀ ਦੀਆਂ ਪਰਤਾਂ ਫਰੋਲਣ ਵਾਲਾ ਵਿਦਿਆਰਥੀ, ਅਕਸਰ ਉਸ ਦੀ ਖੋਜ ਐੱਨਐੱਮਐੱਮਐੱਲ ਜਾ ਕੇ ਹੀ ਖਤਮ ਹੁੰਦੀ ਹੈ।

ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬਰੇਰੀ ਦੇ ਉਥਾਨ ਵਿਚ ਯੋਗਦਾਨ ਪਾਉਣ ਵਾਲੀਆਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਹਨ ਪਰ ਇਹਦੀ ਰੂਹ ਤੇ ਕਿਰਦਾਰ ਨੂੰ ਸਾਕਾਰ ਕਰਨ ਵਾਲੇ ਸ਼ਾਇਦ ਇਕ ਹੀ ਵਿਦਵਾਨ ਦਾ ਨਾਂ ਚੇਤੇ ਆਉਂਦਾ ਹੈ ਜੋ ਸਨ ਡਾ. ਹਰੀ ਦੇਵ ਸ਼ਰਮਾ। ਉਹ ਪੰਜਾਬ ਦੇ ਇਤਿਹਾਸਕਾਰ ਸਨ ਤੇ ਉਹ 1966 ਵਿਚ ਐੱਨਐੱਮਐੱਮਐੱਲ ਦੀ ਸਥਾਪਨਾ ਤੋਂ ਥੋੜ੍ਹੀ ਦੇਰ ਬਾਅਦ ਹੀ ਇਸ ਨਾਲ ਜੁੜ ਗਏ ਸਨ ਤੇ ਲਗਭਗ ਸਾਢੇ ਤਿੰਨ ਦਹਾਕੇ ਇੱਥੇ ਕਾਰਜਸ਼ੀਲ ਰਹੇ ਸਨ। ਐੱਨਐੱਮਐੱਮਐੱਲ ਦੀਆਂ ਜ਼ਿਆਦਾਤਰ ਅਤੇ ਸਭ ਤੋਂ ਮਹੱਤਵਪੂਰਨ ਕੁਲੈਕਸ਼ਨਾਂ ਹਰੀ ਦੇਵ ਸ਼ਰਮਾ ਹੋਰਾਂ ਦੇ ਹੁਨਰ, ਉਦਮ ਅਤੇ ਨਿਰਸਵਾਰਥ ਭਾਵ ਸਦਕਾ ਹਾਸਲ ਕੀਤੀਆਂ ਜਾ ਸਕੀਆਂ। ਇਨ੍ਹਾਂ ਵਿਚ ਫਰਨਾਂਡਿਜ਼, ਜੇਪੀ ਅਤੇ ਰਾਜਾਗੋਪਾਲਾਚਾਰੀ ਦੇ ਪੇਪਰਾਂ ਤੋਂ ਇਲਾਵਾ ਮਹਾਤਮਾ ਗਾਂਧੀ ਵਲੋਂ ਖੁਦ ਇਕੱਤਰ ਕੀਤੇ ਪੇਪਰਾਂ ਦੇ ਕੁਲੈਕਸ਼ਨਾਂ ਦਾ ਜ਼ਖੀਰਾ ਵੀ ਸ਼ਾਮਲ ਹੈ। ਇਹ ਵੀ ਹਰੀ ਦੇਵ ਸ਼ਰਮਾ ਹੀ ਸਨ ਜਿਨ੍ਹਾਂ ਜ਼ੁਬਾਨੀ ਇਤਿਹਾਸ ਦੀਆਂ ਕੁਲੈਕਸ਼ਨਾਂ ਦੀ ਨਿਗਰਾਨੀ ਕੀਤੀ ਅਤੇ ਇਨ੍ਹਾਂ ਵਿਚ ਬਹੁਤੀਆਂ ਉਨ੍ਹਾਂ ਮੁਲਾਕਾਤਾਂ ਤੇ ਆਧਾਰਿਤ ਸਨ ਜੋ ਉਨ੍ਹਾਂ ਸੁਤੰਤਰਤਾ ਸੰਗਰਾਮੀਆਂ ਨਾਲ ਖੁਦ ਕੀਤੀਆਂ ਸਨ।

ਫਰਵਰੀ ਤੋਂ ਦਸੰਬਰ 2020 ਤੱਕ ਮੈਂ ਐੱਨਐੱਮਐੱਮਐੱਲ ਵਿਚ ਸਿੱਧੀ ਰਸਾਈ ਤੋਂ ਤਾਂ ਵਾਂਝਾ ਰਿਹਾ ਪਰ ਇਸ ਦੇ ਹੱਥਲਿਖਤ ਖਰੜਿਆਂ ਦੀ ਪੜ੍ਹਤ ਰਾਹੀਂ ਇਸ ਮਹਾਨ ਸੰਸਥਾ ਨਾਲ ਜੁੜਿਆ ਰਿਹਾ ਸਾਂ। ਰਾਹੁਲ ਰਾਮਾਗੁੰਡਮ ਨਾਲ ਫਰਨਾਂਡਿਜ਼ ਜਾਂ ਅਭਿਸ਼ੇਕ ਚੌਧਰੀ ਨਾਲ ਵਾਜਪਾਈ ਜਾਂ ਫਿਰ ਅਕਸ਼ਯ ਮੁਕੁਲ ਨਾਲ ਜੇਪੀ ਬਾਰੇ ਚਰਚਾ ਕਰਦਿਆਂ ਹਰੀ ਦੇਵ ਸ਼ਰਮਾ ਦੀ ਹਸਤੀ ਕਈ ਵਾਰ ਮੇਰੇ ਦਿਮਾਗ ਵਿਚ ਘੁੰਮਦੀ ਰਹਿੰਦੀ। ਇਨ੍ਹਾਂ ਵਿਦਵਾਨਾਂ ਦੀ ਉਮਰ ਇੰਨੀ ਛੋਟੀ ਹੈ ਕਿ ਉਹ ਉਸ ਸ਼ਖ਼ਸ ਨੂੰ ਕਦੇ ਨਹੀਂ ਮਿਲ ਸਕੇ, ਹਾਲਾਂਕਿ ਉਹ ਜਾਣਦੇ ਹਨ ਕਿ ਇਹ ਉਨ੍ਹਾਂ ਵਰਗੇ ਪੁਰਾਲੇਖਕ ਸਨ ਜਿਨ੍ਹਾਂ ਉਨ੍ਹਾਂ ਦੀ ਵਿਦਵਾਨੀ ਨੂੰ ਪ੍ਰਵਾਨ ਚੜ੍ਹਾਇਆ ਹੈ। ਮੈਂ ਇਸ ਗੱਲੋਂ ਖੁਸ਼ਕਿਸਮਤ ਹਾਂ ਕਿ ਮੈਂ ਨਾਕੇਵਲ ਡਾ. ਸ਼ਰਮਾ ਨੂੰ ਜਾਣਦਾ ਹਾਂ ਸਗੋਂ ਉਨ੍ਹਾਂ ਦੇ ਖੋਜ ਕਾਰਜ ਅਤੇ ਗਿਆਨ ਦਾ ਸਿੱਧੇ ਤੌਰ ਤੇ ਲਾਭਪਾਤਰੀ ਵੀ ਰਿਹਾ ਹਾਂ।

ਹਰੀ ਦੇਵ ਜੀ ਛੋਟੀ ਕੱਦ ਕਾਠੀ ਵਾਲੇ ਸ਼ਖ਼ਸ ਸਨ ਤੇ ਹਰ ਵੇਲੇ ਖੱਦਰ ਦਾ ਸਫੇਦ ਕੁੜਤਾ ਪਜਾਮਾ ਪਹਿਨ ਕੇ ਰੱਖਦੇ ਸਨ। ਉਹ ਆਪਣੇ ਸਕੂਟਰ ਤੇ ਦਫ਼ਤਰ ਆਉਂਦੇ ਸਨ ਤੇ ਸਰਕਾਰੀ ਟਰਾਂਸਪੋਰਟ ਦੀ ਪੇਸ਼ਕਸ਼ ਸਖ਼ਤੀ ਨਾਲ ਮਨ੍ਹਾ ਕਰ ਦਿੰਦੇ। ਮੈਂ ਜਦੋਂ ਇਹ ਲਿਖ ਰਿਹਾ ਹਾਂ ਤਾਂ ਜਨਵਰੀ ਮਹੀਨੇ ਦੀ ਠੰਢੀ ਸਵੇਰ ਲਾਇਬਰੇਰੀ ਭਵਨ ਦੀਆਂ ਪੌੜੀਆਂ ਤੇ ਉਨ੍ਹਾਂ ਨਾਲ ਬੈਠਿਆਂ ਦੀ ਤਸਵੀਰ ਬਣਾ ਸਕਦਾ ਹਾਂ। ਮੈਂ ਆਟੋ ਰਿਕਸ਼ਾ ਵਿਚੋਂ ਅਜੇ ਉੱਤਰਿਆ ਹੀ ਸੀ ਕਿ ਸਾਹਮਣੇ ਉਹ ਆਪਣਾ ਵੈਸਪਾ ਸਕੂਟਰ ਸਟੈਂਡ ਤੇ ਲਾ ਕੇ ਆਪਣਾ ਹੈਲਮਟ ਉਤਾਰ ਰਹੇ ਸਨ। ਇਕ ਦੂਜੇ ਦਾ ਖ਼ੈਰ-ਮਕਦਮ ਕਰਨ ਤੋਂ ਬਾਅਦ ਗੱਲਬਾਤ ਕੁਝ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ:

ਪੁਰਾਲੇਖ-ਕਾਰ: (ਸ਼ੁੱਧ ਹਿੰਦੀ ਵਿਚ): ਕਹੋ ਰਾਮ, ਕੈਸੇ ਹੋ? ਬੰਗਲੌਰ ਸੇ ਕਬ ਆਏ?

ਖੋਜਕਾਰ: (ਲੰਗੜੀ ਹਿੰਦੀ ਵਿਚ): ਮੇਰੀ ਫਲਾਈਟ ਕੱਲ੍ਹ ਰਾਤ ਕੋ ਪਹੁੰਚੀ, ਹਰੀਦੇਵ ਜੀ।

ਪੁਰਾਲੇਖ-ਕਾਰ: ਤੋ ਇਸ ਬਾਰ ਕਯਾ ਦੇਖ ਰਹੇ ਹੋ?

ਖੋਜਕਾਰ: ਮੈਂ ਗਾਂਧੀ ਜੀ ਕੇ ਡਿਸਾਇਪਲਜ਼ (ਸ਼ਾਗਿਰਦਾਂ) ਪਰ ਕੁਛ ਕਾਮ ਸਟਾਰਟ ਕਰਨਾ     ਚਾਹਤਾ ਹੂੰ।

ਪੁਰਾਲੇਖ-ਕਾਰ: ਤਬ ਆਓ ਮੇਰੇ ਸਾਥ ਕਮਰੇ ਮੇਂ।

ਸੋਚਦਾ ਹਾਂ ਕਿ ਜੇ ਮੈਂ ਹਰੀਦੇਵ ਜੀ ਨਾਲ ਲਾਇਬਰੇਰੀ ਦੀਆਂ ਪੌੜੀਆਂ ਦੌੜ ਕੇ ਨਾ ਚੜ੍ਹਿਆ ਹੁੰਦਾ ਤਾਂ ਮੈਂ ਮੈਨੂਸਕਰਿਪਟਸ ਰੂਮ ਵਿਚ ਜਾ ਵੜਨਾ ਸੀ ਤੇ ਹਨੇਰੇ ਵਿਚ ਤੀਰ ਚਲਾਉਂਦੇ ਰਹਿਣਾ ਸੀ, ਬਿਨਾਂ ਕਿਸੇ ਮਾਰਗ ਦਰਸ਼ਨ ਤੋਂ ਆਪਣੀ ਖੋਜ ਦੇ ਔਝੜ ਰਾਹ ਪੈ ਜਾਣਾ ਸੀ। ਉਨ੍ਹਾਂ ਪੁੱਛਿਆ: ਕੀ ਮੈਂ ਜਾਣਨਾ ਚਾਹੁੰਦਾ ਹਾਂ ਕਿ ਗਾਂਧੀ ਜੀ ਦੀ ਹੱਤਿਆ ਤੋਂ ਬਾਅਦ ਉਨ੍ਹਾਂ ਦੇ ਸਭ ਤੋਂ ਕਰੀਬੀ ਸ਼ਾਗਿਰਦਾਂ ਨੇ ਕੀ ਕੀਤਾ ਸੀ? ਉਸ ਸੂਰਤ ਵਿਚ ਮੈਨੂੰ ਅਰਥ ਸ਼ਾਸਤਰੀ ਜੇਸੀ ਕੁਮਾਰੱਪਾ ਦੀ ਕੁਲੈਕਸ਼ਨ ਤੱਕ ਰਸਾਈ ਕਰਨੀ ਪੈਣੀ ਹੈ ਅਤੇ ਵਿਨੋਬਾ ਭਾਵੇ ਤੇ ਮੀਰਾ ਬਹਿਨ ਨਾਲ ਉਨ੍ਹਾਂ ਦੀ ਖ਼ਤੋ-ਕਿਤਾਬਤ ਤੇ ਧਿਆਨ ਕੇਂਦਰਤ ਕਰਨਾ ਪੈਣਾ ਹੈ। ਫਿਰ ਮੈਨੂੰ ਫਰੰਟੀਅਰ ਗਾਂਧੀ ਖ਼ਾਨ ਅਬਦੁਲ ਗਫ਼ਾਰ ਖ਼ਾਨ ਦੀ ਸਮੱਗਰੀ ਵਾਚਣੀ ਚਾਹੀਦੀ ਹੈ ਜੋ ਡੀਜੀ ਤੇਂਦੁਲਕਰ ਅਤੇ      ਕਮਲਾਨਯਨ ਬਜਾਜ ਦੇ ਪੇਪਰਾਂ ਵਿਚ ਦਰਜ ਹੈ; ਇਕ ਨਹੀਂ ਸਗੋਂ ਇਸ ਤਰ੍ਹਾਂ ਦੀਆਂ ਸੇਧਾਂ ਦਾ ਪ੍ਰਵਾਹ ਵਗ ਤੁਰਿਆ ਜਿਸ ਸਦਕਾ ਖੋਜਕਾਰ ਦਾ ਕਾਰਜ ਬਹੁਤ  ਸੌਖਾ ਹੋ ਗਿਆ।

ਹਰੀ ਦੇਵ ਸ਼ਰਮਾ 2000 ਦੇ ਸ਼ੁਰੂ ਵਿਚ ਐੱਨਐੱਮਐੱਮਐੱਲ ਦੇ ਡਿਪਟੀ ਡਾਇਰੈਕਟਰ ਵਜੋਂ ਸੇਵਾਮੁਕਤ ਹੋਏ ਸਨ ਅਤੇ ਉਸ ਸਾਲ ਦੇ ਅਖੀਰ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਜਦੋਂ ਵੀ ਮੈਂ ਐੱਨਐੱਮਐੱਮਐੱਲ ਵਿਚ ਦਾਖ਼ਲ ਹੁੰਦਾ ਹਾਂ ਤਾਂ ਹੈਲਮਟ ਹੱਥ ਵਿਚ ਫੜੀ ਉਨ੍ਹਾਂ ਦਾ ਮੈਨੂੰ ਆਪਣੇ ਕਮਰੇ ਵਿਚ ਲੈ ਕੇ ਜਾਣ ਦੀ ਤਸਵੀਰ ਚੇਤਿਆਂ ਵਿਚ ਉਭਰ ਆਉਂਦੀ ਹੈ। ਉਂਜ, 2020 ਦੇ ਪਿਛਲੇ ਗਿਆਰਾਂ ਮਹੀਨੇ ਮੇਰੇ ਚਹੇਤੇ ਪੁਰਾਲੇਖ-ਘਰ ਦੇ ਦੀਦਾਰ ਤੋਂ ਬਿਨਾਂ ਲੰਘ ਗਏ। ਮੈਂ ਨਹੀਂ ਜਾਣਦਾ ਕਿ 2021 ਵਿਚ ਵੀ ਮੈਨੂੰ ਉੱਥੇ ਜਾਣ ਦਾ ਮੌਕਾ ਮਿਲ ਸਕੇਗਾ ਜਾਂ ਨਹੀਂ। ਸ਼ਾਇਦ ਇਸ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬਰੇਰੀ ਵਿਚ ਲਗਾਤਾਰ ਤੇ ਸ਼ਾਇਦ ਨਾ ਮੋੜਿਆ ਜਾਣ ਵਾਲਾ ਨਿਘਾਰ ਹੋ ਆ ਰਿਹਾ ਹੈ। ਨਫ਼ੀਸ ਪੁਰਾਲੇਖਕ ਸੇਵਾਮੁਕਤ ਹੋ ਜਾਂਦੇ ਹਨ ਤੇ ਉਨ੍ਹਾਂ ਦੀ ਭਰਪਾਈ ਨਹੀਂ ਹੋ ਰਹੀ ਜਦਕਿ ਨੇਕਦਿਲ ਭਾਰਤੀਆਂ ਵਲੋਂ ਦਾਨ ਕੀਤੀਆਂ ਗਈਆਂ ਕੁਲੈਕਸ਼ਨਾਂ ਖਿੰਡੀਆਂ ਪਈਆਂ ਧੂੜ ਚੱਟ ਰਹੀਆਂ ਹਨ। ਐੱਨਐੱਮਐੱਮਐੱਲ ਦਾ ਪ੍ਰਸ਼ਾਸਨ ਆਪਣੇ ਸਿਆਸੀ ਆਕਾਵਾਂ ਦੇ ਇਸ਼ਾਰੇ ਤੇ ਵਿਦਵਾਨਾਂ ਤੇ ਵਿਦਵਤਾ, ਦੋਵਾਂ ਦਾ ਤਿਰਸਕਾਰ ਕਰ ਰਿਹਾ ਹੈ ਅਤੇ ਸਾਰਾ ਧਿਆਨ ਲਾਅਨ ਤੇ ਨਵੀਂ ਇਮਾਰਤ ਉਸਾਰਨ ਤੇ ਲਾ ਰਿਹਾ ਹੈ। ਦੇਖਣ ਪੱਖੋਂ ਇਹ ਭਾਰਤ ਦੇ ਸਾਰੇ ਪ੍ਰਧਾਨ ਮੰਤਰੀਆਂ ਦੇ ਮਾਣ ਵਿਚ ਉਸਾਰਿਆ ਗਿਆ ਅਜਾਇਬਘਰ ਹੈ ਪਰ ਨਵੀਂ ਦਿੱਲੀ ਅਰਧ-ਉਸਰੇ ਹੋਰ ਬਹੁਤ ਸਾਰੇ ਕੁਚੱਜੇ ਢਾਂਚਿਆਂ ਵਾਂਗ ਇਹ ਹੁਣ ਅਸਲ ਵਿਚ ਮੌਜੂਦਾ ਪ੍ਰਧਾਨ ਮੰਤਰੀ ਦੀ ਖ਼ੁਦਫਰੇਬੀ ਦੀ ਤਾਬੀਰ ਬਣ ਕੇ ਰਹਿ ਗਿਆ ਹੈ।

ਕੋਈ ਨਹੀਂ ਜਾਣਦਾ ਕਿ ਐੱਨਐੱਮਐੱਮਐੱਲ ਮੋਦੀ ਕਾਲ ਦੇ ਘਮਸਾਣ ਵਿਚ ਆਪਣੀ ਹੋਂਦ ਬਚਾ ਸਕੇਗਾ ਜਾਂ ਨਹੀਂ। ਬੌਧਿਕਤਾ ਦਾ ਅਜਿਹਾ ਕੇਂਦਰ ਜੋ ਕਦੇ ਹਰੀ ਦੇਵ ਸ਼ਰਮਾ ਜਿਹੇ ਮੁਹਾਫ਼ਿਜ਼ਾਂ ਨਾਲ ਭਰਿਆ ਪਿਆ ਸੀ ਤੇ ਹਰ ਪੀੜ੍ਹੀ, ਵਿਚਾਰਧਾਰਾਵਾਂ ਅਤੇ ਕੌਮੀਅਤਾਂ ਦੇ ਵਿਦਵਾਨਾਂ ਦਾ ਖੁੱਲ੍ਹੀਆਂ ਬਾਹਾਂ ਨਾਲ ਸਵਾਗਤ ਕਰਦਾ ਹੁੰਦਾ ਸੀ, ਹੁਣ ਸੁੰਨਸਾਨ ਤੇ ਲਾਚਾਰ ਜਗ੍ਹਾ ਵਿਚ ਬਣਾ ਦਿੱਤਾ ਗਿਆ ਹੈ ਜਿੱਥੇ ਰਚਨਾਤਮਿਕਤਾ ਜਾਂ ਸਵੈ-ਨਵੀਨੀਕਰਨ ਦੀ ਕੋਈ ਕਣ ਨਜ਼ਰ ਨਹੀਂ ਪੈਂਦਾ। ਐੱਨਐੱਮਐੱਮਐੱਲ ਨੂੰ ਆਪਣੇ ਸਿਖਰ ਤੇ ਦੇਖਿਆ ਹੋਣ ਕਰ ਕੇ ਮੈਂ ਇਸ ਗੱਲੋਂ ਖੁਦ ਨੂੰ ਖੁਸ਼ਨਸੀਬ ਗਿਣਦਾ ਹਾਂ ਕਿ ਇੱਥੋਂ ਲਏ ਨੋਟਸ ਦੇ ਦੱਥਿਆਂ ਨੇ ਮੈਨੂੰ ਉਮਰ ਭਰ ਹੰਢਣਸਾਰ ਬਣਾਈ ਰੱਖਿਆ ਹੈ ਪਰ ਨਾਲ ਹੀ ਗੁਨਾਹ ਦਾ ਅਹਿਸਾਸ ਵੀ ਹੁੰਦਾ ਹੈ ਕਿ ਨੌਜਵਾਨ ਅਤੇ ਅਜੇ ਗਰਭ ਵਿਚ ਪਏ ਸਕਾਲਰਾਂ ਨੂੰ ਇਸ ਮਹਾਨ ਪੁਰਾਲੇਖ ਭਵਨ ਦੀਆਂ ਗਹਿਰਾਈਆਂ ਵਿਚ ਉਵੇਂ ਉਤਰਨ ਦਾ ਮੌਕਾ ਕਦੇ ਨਹੀਂ ਮਿਲ ਸਕੇਗਾ ਜਿਵੇਂ ਮੈਨੂੰ ਮਿਲਿਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਸਿਨੇਮਾ ਹਾਲ, ਜਿਮ, ਕੋਚਿੰਗ ਸੈਂਟਰ ਬੰਦ; ਕਰਫਿਊ ਦੀ ਮਿਆਦ ਵਧਾਈ; ਕਰੋਨਾ...

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪਰਵਾਸੀਆਂ ਨੂੰ ਦਿੱਲੀ ਨਾ ਛੱੜਣ ਦੀ ਅਪੀਲ...

ਸ਼ਹਿਰ

View All