ਵਾਹਗਿਓਂ ਪਾਰ

ਇਮਰਾਨ ਨੇ ਤੋਰੀ ਚੋਣ ਸੁਧਾਰਾਂ ਦੀ ਗੱਲ...

ਇਮਰਾਨ ਨੇ ਤੋਰੀ ਚੋਣ ਸੁਧਾਰਾਂ ਦੀ ਗੱਲ...

ਕੌਮੀ ਅਸੈਂਬਲੀ ਦੀਆਂ ਦੋ ਸੀਟਾਂ ਦੀ ਜ਼ਿਮਨੀ ਚੋਣ ਵਿਚ ਆਪਣੀ ਪਾਰਟੀ- ਪਾਕਿਸਤਾਨ ਤਹਿਰੀਕ-ਇ-ਇਨਸਾਫ਼ ਦੀ ਹਾਰ ਮਗਰੋਂ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਸਮੁੱਚੀ ਵਿਰੋਧੀ ਧਿਰ ਨੂੰ ਸੱਦਾ ਦਿੱਤਾ ਹੈ ਕਿ ਉਹ ਚੋਣ ਸੁਧਾਰਾਂ ਦਾ ਅਮਲ ਸਿਰੇ ਚਾੜ੍ਹਨ ਲਈ ਸਰਕਾਰ ਨਾਲ ਗੱਲਬਾਤ ਕਰੇ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਚੋਣ ਪ੍ਰਣਾਲੀ ਵਿਚ ਟੈਕਨਾਲੋਜੀ ਦੀ ਵਰਤੋਂ ਵਧਾਉਣ ਅਤੇ ਵੋਟਿੰਗ ਮਸ਼ੀਨਾਂ (ਈਵੀਐਮਜ਼) ਅਪਨਾਉਣ ਦਾ ਸਮਾਂ ਆ ਚੁੱਕਾ ਹੈ। ਰੋਜ਼ਨਾਮਾ ‘ਡਾਅਨ’ ਦੀ ਰਿਪੋਰਟ ਮੁਤਾਬਿਕ ਵਜ਼ੀਰੇ ਆਜ਼ਮ ਨੇ ਦਾਅਵਾ ਕੀਤਾ ਕਿ 1970 ਦੀਆਂ ਚੋਣਾਂ ਦੇ ਸਮੇਂ ਤੋਂ ਪਾਕਿਸਤਾਨੀ ਚੁਣਾਵੀ ਅਮਲ ਵਿਚ ਬੇਕਾਇਦਗੀਆਂ, ਕੁਰੀਤੀਆਂ ਤੇ ਹੇਰਾਫ਼ੇਰੀਆਂ ਦੇ ਦੋਸ਼ ਲੱਗਦੇ ਆ ਰਹੇ ਹਨ। ਹਰ ਚੋਣ ਸਮੇਂ ਅਜਿਹਾ ਹੁੰਦਾ ਹੈ ਅਤੇ ਬਹੁਤੀ ਵਾਰੀ ਦੋਸ਼ ਸਹੀ ਵੀ ਸਾਬਤ ਹੁੰਦੇ ਆਏ ਹਨ। 2013 ਦੀਆਂ ਪਾਰਲੀਮਾਨੀ ਚੋਣਾਂ ਵਿਚ ਕੌਮੀ ਅਸੈਂਬਲੀ ਦੇ 133 ਹਲਕਿਆਂ ਵਿਚ ਸਿੱਧੀਆਂ ਹੇਰਾਫੇਰੀਆਂ ਦੇ ਦੋਸ਼ ਤਹਿਰੀਕ-ਇ-ਇਨਸਾਫ਼ ਨੇ ਲਾਏ ਹਨ। 126 ਹਲਕਿਆਂ ਵਿਚ ਹੇਰਾਫੇਰੀਆਂ ਦੇ ਦੋਸ਼ ਸਾਬਤ ਵੀ ਹੋਏ; ਇਨ੍ਹਾਂ ਵਿਚੋਂ ਚਾਰ ਹਲਕਿਆਂ ਦੀ ਚੋਣ ਅਵੈਧ ਕਰਾਰ ਦਿੱਤੀ ਗਈ। ਇਸ ਦੇ ਬਾਵਜੂਦ ਚੋਣ ਪ੍ਰਣਾਲੀ ਨੂੰ ਸੁਧਾਰਨ ਦਾ ਸੰਜੀਦਾ ਯਤਨ ਕਿਸੇ ਵੀ ਪਾਸਿਓਂ ਨਹੀਂ ਹੋਇਆ।

ਦੂਜੇ ਪਾਸੇ, ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐੱਨ) ਦੀ ਮੀਤ ਪ੍ਰਧਾਨ ਮਰੀਅਮ ਨਵਾਜ਼ ਨੇ ਵਜ਼ੀਰੇ ਆਜ਼ਮ ਦੇ ਸੱਦੇ ਦੀ ਖਿੱਲੀ ਉਡਾਉਂਦਿਆਂ ਕਿਹਾ ਕਿ ਜਿਹੜਾ ਸ਼ਖ਼ਸ ਖ਼ੁਦ ਚੁਣਾਵੀ ਹੇਰਾਫੇਰੀਆਂ ਰਾਹੀਂ ਸੱਤਾ ਵਿਚ ਆਇਆ ਹੋਵੇ, ਉਹ ਹੁਣ ‘‘ਚੋਰ ਤੋਂ ਸਾਧੂ ਬਣਨ ਦਾ ਭੇਖ ਰਚ ਰਿਹਾ ਹੈ।’’ ਮਰੀਅਮ ਨੇ ਦਾਅਵਾ ਕੀਤਾ ਕਿ ਡਸਕਾ (ਪੰਜਾਬ) ਤੇ ਕਰਾਚੀ (ਸਿੰਧ) ਦੀਆਂ ਜ਼ਿਮਨੀ ਚੋਣਾਂ ਵਿਚ ਪੀ.ਟੀ.ਆਈ. ਦੀ ਹਾਰ ਨੇ ਦਰਸਾ ਦਿੱਤਾ ਹੈ ਕਿ ਲੋਕ ਇਮਰਾਨ ਖ਼ਾਨ ਸਰਕਾਰ ਤੋਂ ਅੱਕ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਕਰਾਚੀ (249) ਹਲਕੇ ਦੀ ਜ਼ਿਮਨੀ ਚੋਣ ਵਿਚ ਪਾਕਿਸਤਾਨ ਪੀਪਲਜ਼ ਪਾਰਟੀ ਦਾ ਉਮੀਦਵਾਰ ਅਬਦੁਲ ਕਾਦਿਰ ਮੰਦੋਖੇਲ ਪੀਐਮਐੱਲ-ਐੱਨ ਦੇ ਉਮੀਦਵਾਰ ਮਿਫ਼ਤਾਹ ਇਸਮਾਈਲ ਨੂੰ 653 ਵੋਟਾਂ ਨਾਲ ਪਛਾੜਨ ਵਿਚ ਸਫ਼ਲ ਰਿਹਾ। ਇਸ ਹਲਕੇ ਵਿਚ ਪੀ.ਟੀ.ਆਈ. ਦਾ ਉਮੀਦਵਾਰ ਪੰਜਵੇਂ ਸਥਾਨ ’ਤੇ ਆਇਆ। ਡਸਕਾ (ਸਿਆਲਕੋਟ-ਪੰਜਾਬ) ਵਿਚ ਪੀਐਮਐਲ.-ਐੱਨ ਦੀ ਉਮੀਦਵਾਰ ਨੌਸ਼ੀਨ ਇਫ਼ਤਿਖ਼ਾਰ, ਪੀ.ਟੀ.ਆਈ. ਦੇ ਉਮੀਦਵਾਰ ਅਲੀ ਅਮਜਦ ਮੱਲ੍ਹੀ ਪਾਸੋਂ 16642 ਵੋਟਾਂ ਨਾਲ ਜਿੱਤੀ। ਡਸਕਾ ਦੇ ਨਤੀਜੇ ਉੱਤੇ ਪਾਕਿਸਤਾਨ ਚੋਣ ਕਮਿਸ਼ਨ (ਈਸੀਪੀ) ਨੇ ਮੋਹਰ ਲਾ ਦਿੱਤੀ ਹੈ, ਪਰ ਕਰਾਚੀ (249) ਦੇ ਨਤੀਜੇ ਦੀ ਤਸਦੀਕ ਮਿਫ਼ਤਾਹ ਇਸਮਾਈਲ ਵੱਲੋਂ ਪਾਈ ਪਟੀਸ਼ਨ ਕਾਰਨ ਰੋਕ ਦਿੱਤੀ ਗਈ ਹੈ। ਮਿਫ਼ਤਾਹ ਨੇ ਆਪਣੀ ਹਾਰ ਦੇ ਅੰਤਰ (673 ਵੋਟਾਂ) ਨਾਲੋਂ ਰੱਦ ਵੋਟਾਂ ਦੀ ਗਿਣਤੀ (731) ਜ਼ਿਆਦਾ ਹੋਣ ਦੇ ਆਧਾਰ ਉੱਤੇ ਰੱਦ ਵੋਟਾਂ ਦੀ ਮੁੜ ਪੜਤਾਲ ਅਤੇ ਸਮੁੱਚੀਆਂ ਵੋਟਾਂ ਦੀ ਨਵੇਂ ਸਿਰਿਓਂ ਗਿਣਤੀ ਦੀ ਮੰਗ ਕੀਤੀ ਸੀ। ਇਹ ਮੰਗ ਚੋਣ ਕਮਿਸ਼ਨ ਨੇ ਪ੍ਰਵਾਨ ਕਰ ਲਈ ਹੈ।

‘ਡਾਅਨ’ ਵਿਚ ਪ੍ਰਕਾਸ਼ਿਤ ਸੰਪਾਦਕੀ ਮੁਤਾਬਕ ਦੋਵਾਂ ਹਲਕਿਆਂ ਵਿਚ ਹਾਰ ਨੇ ਇਮਰਾਨ ਖ਼ਾਨ ਦੇ ਅਕਸ ਨੂੰ ਢਾਹ ਲਾਈ ਹੈ। ਡਸਕਾ ਮਾਮਲੇ ਵਿਚ ਤਾਂ ਵਜ਼ੀਰੇ ਆਜ਼ਮ ਦੀ ਬਦਨਾਮੀ ਵੀ ਬਹੁਤ ਹੋਈ ਹੈ। ਉੱਥੇ 19 ਫਰਵਰੀ ਨੂੰ ਹੋਈ ਜ਼ਿਮਨੀ ਚੋਣ, ਹੁਕਮਰਾਨ ਪੀ.ਟੀ.ਆਈ. ਦੀ ਸਿੱਧੀ ਗੁੰਡਾਗਰਦੀ ਕਾਰਨ ਚੋਣ ਕਮਿਸ਼ਨ (ਤੇ ਬਾਅਦ ਵਿਚ ਸੁਪਰੀਮ ਕੋਰਟ) ਨੇ ਰੱਦ ਕਰ ਦਿੱਤੀ ਸੀ। ਉਦੋਂ 20 ਵੋਟ ਕੇਂਦਰਾਂ ਦੇ ਪ੍ਰੀਜ਼ਾਈਡਿੰਗ ਅਫ਼ਸਰ ਵੋਟਾਂ ਦਾ ਅਮਲ ਮੁਕੱਦਿਆਂ ਹੀ ‘ਗ਼ਾਇਬ’ ਕਰ ਦਿੱਤੇ ਗਏ ਸਨ ਤਾਂ ਜੋ ਵੋਟਾਂ ਦੀ ਬੂਥ-ਵਾਰ ਗਿਣਤੀ ਦੀ ਤਸਦੀਕ ਸੰਭਵ ਨਾ ਹੋ ਸਕੇ। ਇਹ ਕੁਝ ਸਾਹਮਣੇ ਆਉਂਦਿਆਂ ਹੀ ਚੋਣ ਕਮਿਸ਼ਨ ਨੂੰ ਜ਼ਿਮਨੀ ਚੋਣ ਮਨਸੂਖ਼ ਕਰਨੀ ਪਈ ਸੀ। ਹੁਣ ਨਤੀਜੇ ਤੋਂ ਸਾਬਤ ਹੋ ਗਿਆ ਹੈ ਕਿ ਪੀਐਮਐੱਲ-ਐੱਨ ਨੇ ਉਸ ਸਮੇਂ ਜਿਹੜੇ ਦੋਸ਼ ਲਾਏ ਸਨ, ਉਹ ਕਿੰਨੇ ਸਹੀ ਸਨ।

ਮਹਿੰਗਾਈ ਦੀ ਵਾਪਸੀ

ਪਾਕਿਸਤਾਨ ਵਿਚ ਮਹਿੰਗਾਈ ਦਰ ਦਾ ਮਾਸਿਕ ਵਾਧਾ ਦੋ ਅੰਕਾਂ ਵਿਚ ਜਾ ਪੁੱਜਾ ਹੈ। ਇਹ ਕੁਝ 12 ਮਹੀਨਿਆਂ ਬਾਅਦ ਵਾਪਰਿਆ ਹੈ। ਅੰਗਰੇਜ਼ੀ ਰੋਜ਼ਨਾਮਾ ‘ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਿਕ ਪਿਛਲੇ ਸਾਲ ਜੂਨ ਮਹੀਨੇ ਕੋਵਿਡ-19 ਦੇ ਕੇਸ ਘਟਣ ਨਾਲ ਮਹਿੰਗਾਈ ਦਰ ਵੀ ਘਟਣੀ ਸ਼ੁਰੂ ਹੋ ਗਈ ਸੀ। ਇਸੇ ਲਈ ਜਨਵਰੀ 2021 ਤੱਕ ਇਹ ਦਰ 5.7 ਫ਼ੀਸਦੀ ’ਤੇ ਆ ਗਈ ਸੀ। ਫਰਵਰੀ ਤੋਂ ਇਸ ਨੇ ਮੁੜ ਤੇਜ਼ੀ ਫੜਨੀ ਸ਼ੁਰੂ ਕੀਤੀ ਅਤੇ ਮਾਰਚ ਵਿਚ ਇਹ 9.1 ਫੀਸਦੀ ’ਤੇ ਪਹੁੰਚ ਗਈ। ਅਪਰੈਲ ਵਿਚ ਇਹ 11.1 ਫ਼ੀਸਦੀ ਦਰਜ ਕੀਤੀ ਗਈ। ਮਾਹਿਰ ਮੰਨਦੇ ਹਨ ਕਿ ਫਰਵਰੀ 2021 ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾਉਣ ਕਾਰਨ ਸਾਰੀਆਂ ਚੀਜ਼ਾਂ ਮਹਿੰਗੀਆਂ ਹੋਈਆਂ। ਸਭ ਤੋਂ ਵੱਧ ਅਸਰ ਚਿਕਨ, ਖੁਰਾਕੀ ਤੇਲਾਂ, ਘੀ, ਸਬਜ਼ੀਆਂ, ਖੰਡ, ਦਾਲਾਂ ਤੇ ਕਣਕ ਦੀਆਂ ਕੀਮਤਾਂ ’ਤੇ ਦੇਖਿਆ ਗਿਆ। ਮਹਿੰਗਾਈ ਦਰ ਵਿਚ ਤੇਜ਼ੀ ਨਾਲ ਵਾਧੇ ਨੇ ਮਰਕਜ਼ੀ ਸਰਕਾਰ ਨੂੰ ਫ਼ਿਕਰਾਂ ਵਿਚ ਪਾ ਦਿੱਤਾ ਹੈ। ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਇਸ ਸਬੰਧ ਵਿਚ ਆਪਣੀ ਕੈਬਨਿਟ ਦੀ ਇਕ ਹੰਗਾਮੀ ਬੈਠਕ ਮੰਗਲਵਾਰ ਨੂੰ ਸੱਦੀ ਹੈ। ਪਰ ਜਿਸ ਕਿਸਮ ਦਾ ਉਛਾਲਾ ਖੁਰਾਕੀ ਤੇਲਾਂ, ਖੰਡ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਿਚ ਦੇਖਿਆ ਗਿਆ ਹੈ, ਉਸ ਨੂੰ ਮੋੜਾ ਦੇਣਾ ਆਸਾਨ ਨਹੀਂ ਜਾਪਦਾ।

ਲਾਇਬਰੇਰੀਆਂ ਹੋਈਆਂ ਗ਼ਾਇਬ

ਕਦੇ ਸਟਰੀਟ ਲਾਇਬਰੇਰੀਆਂ ਲਾਹੌਰ ਦੀ ਸ਼ਾਨ ਹੋਇਆ ਕਰਦੀਆਂ ਸਨ। ਹਰ ਗਲੀ ਵਿਚ ਅਜਿਹੀ ਦੁਕਾਨ ਹੁੰਦੀ ਸੀ ਜਿਸ ਤੋਂ ਪੜ੍ਹਨ ਲਈ ਕਿਤਾਬਾਂ ਤੇ ਰਸਾਲੇ ਕਿਰਾਏ ’ਤੇ ਮਿਲਦੇ ਸਨ। 1989 ਵਿਚ ਸਮੁੱਚੇ ਮਹਾਂਨਗਰ ’ਚ ਅਜਿਹੀਆਂ ਦੁਕਾਨਾਂ ਦੀ ਗਿਣਤੀ 1300 ਤੋਂ ਵੱਧ ਸੀ। ਪਾਨਵਾੜੀਆਂ ਦੇ ਖੋਖਿਆਂ ’ਤੇ ਵੀ ਕਿਤਾਬਾਂ ਕਿਰਾਏ ’ਤੇ ਦੇਣ ਦਾ ਇੰਤਜ਼ਾਮ ਹੁੰਦਾ ਸੀ। ਹੁਣ ਅਜਿਹੀਆਂ ਲਾਇਬਰੇਰੀਆਂ 30 ਦੇ ਆਸ-ਪਾਸ ਵੀ ਨਹੀਂ ਰਹੀਆਂ।

ਰੋਜ਼ਨਾਮਾ ‘ਐਕਸਪ੍ਰੈਸ ਟ੍ਰਿਬਿਊਨ’ ਵਿਚ ਛਪੇ ਫੀਚਰ ਵਿਚ ਟਾਊਨਸ਼ਿਪ ਏਰੀਆ ਵਿਚ ਬਚੀ ਇਕ ਅਜਿਹੀ ‘ਲਾਇਬਰੇਰੀ’ ਦੀਆਂ ਤਸਵੀਰਾਂ ਛਪੀਆਂ ਹਨ। ਇਸ ਲਾਇਬਰੇਰੀ ਦੇ ਮਾਲਕ ਨਦੀਮ ਲੋਧੀ ਦੇ ਦੱਸਣ ਮੁਤਾਬਿਕ ਉਸ ਨੇ 40 ਸਾਲ ਪਹਿਲਾਂ ਇਹ ਲਾਇਬਰੇਰੀ ਕਾਇਮ ਕੀਤੀ ਸੀ। ਉਹ ਆਪਣੀ ਨੌਕਰੀ ਦੇ ਮੁਢਲੇ ਦਿਨਾਂ ਦੌਰਾਨ ਵੱਖ ਵੱਖ ਸ਼ਹਿਰਾਂ ਵਿਚ ਜਾਇਆ ਕਰਦਾ ਸੀ। ਸਫ਼ਰ ਕੱਟਣ ਲਈ ਉਹ ਅਕਸਰ ਕੋਈ ਕਿਤਾਬ ਖ਼ਰੀਦ ਲਿਆ ਕਰਦਾ ਸੀ। ਜਦੋਂ ਉਸ ਨੇ ਉਹ ਨੌਕਰੀ ਛੱਡੀ ਤਾਂ ਕਿਤਾਬਾਂ ਦੀ ਸੰਖਿਆ 200 ਤੋਂ ਵਧ ਚੁੱਕੀ ਸੀ। ਉਸ ਨੇ ਕਰਿਆਨੇ ਦੀ ਦੁਕਾਨ ਖੋਲ੍ਹੀ ਤੇ ਇਕ ਸ਼ੈਲਫ਼ ਕਿਤਾਬਾਂ ਲਈ ਰਾਖਵੀਂ ਰੱਖ ਦਿੱਤੀ। ਕੁਝ ਰਸਾਲੇ ਵੀ ਜਮ੍ਹਾਂ ਕਰਨੇ ਸ਼ੁਰੂ ਕਰ ਦਿੱਤੇ। ਉਦੋਂ ਕਿਤਾਬ ਦਾ ਨਿੱਤ ਦਾ ਕਿਰਾਇਆ ਚਵੰਨੀ ਸੀ। ਦੁਕਾਨ ’ਤੇ ਕਈ ਵਾਰ ਕਿਤਾਬਾਂ ਕਿਰਾਏ ’ਤੇ ਲੈਣ ਵਾਲਿਆਂ ਦੀ ਭੀੜ ਲੱਗ ਜਾਂਦੀ ਸੀ। ਕਈ ਤਾਂ ਨਾਲੋ-ਨਾਲ ਸਾਬਣ-ਤੇਲ ਵੀ ਖ਼ਰੀਦ ਲੈਂਦੇ। ਸਮਾਰਟਫੋਨਾਂ ਦੀ ਆਮਦ ਨੇ ਉਸ ਦੀ ਲਾਇਬਰੇਰੀ ਦਾ ਭੱਠਾ ਬਿਠਾ ਦਿੱਤਾ। ਹੁਣ ਚਾਰ-ਪੰਜ ਗਾਹਕ ਹੀ ਰੋਜ਼ ਆਉਂਦੇ ਹਨ। ਆਮਦਨ ਨਾ ਹੋਣ ਕਾਰਨ ਨਦੀਮ ਨਵੀਆਂ ਕਿਤਾਬਾਂ ਨਹੀਂ ਖ਼ਰੀਦ ਰਿਹਾ। ਪੁਰਾਣੀਆਂ ਹੌਲੀ ਹੌਲੀ ਵੇਚੀ ਜਾ ਰਿਹਾ ਹੈ।

ਇਕ ਹੋਰ ਲਾਇਬਰੇਰੀ ਦੇ ਮਾਲਕ ਮੁਹੰਮਦ ਅਲੀਮ ਬਿਲਾਲ ਨੇ ਦੱਸਿਆ ਕਿ ਕਦੇ ਇਮਰਾਨ ਸੀਰੀਜ਼ ਦੇ ਜਾਸੂਸੀ ਨਾਵਲ ਪਾਠਕਾਂ ਵਿਚ ਬਹੁਤ ਮਕਬੂਲ ਸਨ। ਇਸੇ ਤਰ੍ਹਾਂ ਨਸੀਰ ਹਿਜਾਜ਼ੀ ਦੀਆਂ ਕਿਤਾਬਾਂ ਲੋਕ ਬੜੇ ਸ਼ੌਕ ਨਾਲ ਪੜ੍ਹਿਆ ਕਰਦੇ ਸਨ। ਸਕੂਲੀ ਵਿਦਿਆਰਥੀ ‘ਰੀਡਰਜ਼ ਡਾਈਜੈਸਟ’ ਅਤੇ ਅਜਿਹੇ ਹੋਰ ਰਸਾਲੇ ਅਕਸਰ ਕਿਰਾਏ ’ਤੇ ਲੈ ਜਾਂਦੇ ਸਨ। ਹੁਣ ਕੋਈ ਇਨ੍ਹਾਂ ਦੀ ਮੰਗ ਨਹੀਂ ਕਰਦਾ। ਕਈ ਵੱਡੇ ਬਜ਼ੁਰਗ ਜ਼ਰੂਰ ਕਿਤਾਬਾਂ ਕਿਰਾਏ ’ਤੇ ਲੈਣ ਆ ਜਾਂਦੇ ਹਨ, ਪਰ ਪੜ੍ਹਨ ਦੀ ਰੁਚੀ ਬਹੁਤ ਘਟ ਗਈ ਹੈ। ਉਸ ਦੀ ਇਕ ਟਿੱਪਣੀ ਬੜੀ ਵਿਲੱਖਣ ਸੀ: ‘‘ਬਰਗਰ ਖਾਣ ਵਾਲਿਆਂ ਦਾ ਇਲਮ-ਗਿਆਨ ਨਾਲ ਵਾਸਤਾ ਈ ਨਹੀਂ ਰਿਹਾ।’’

ਬੰਦਸ਼ਾਂ ਵਧੀਆਂ

ਪਾਕਿਸਤਾਨ ਵਿਚ ਕੋਵਿਡ-19 ਦੀ ਲਾਗ ਭਾਵੇਂ ਭਾਰਤ ਦੀ ਬਨਿਸਬਤ ਬਹੁਤ ਘੱਟ ਹੈ, ਫਿਰ ਵੀ ਅਧਿਕਾਰੀ ਇਸ ਦੇ ਪਸਾਰੇ ਤੋਂ ਫ਼ਿਕਰਮੰਦ ਹਨ। ਸਭ ਤੋਂ ਵੱਧ ਕੋਵਿਡ ਪੀੜਤ ਸੂਬਾ ਪੰਜਾਬ ਵਿਚ ਹਨ। ਇੱਥੇ ਐਤਵਾਰ ਨੂੰ 2068 ਨਵੇਂ ਮਰੀਜ਼ ਸਾਹਮਣੇ ਆਏ ਅਤੇ 90 ਮੌਤਾਂ ਹੋਈਆਂ। ਇਸ ਤਰ੍ਹਾਂ ਸੂਬੇ ਵਿਚ ਕੁੱਲ ਕੋਵਿਡ ਕੇਸਾਂ ਦੀ ਗਿਣਤੀ 3,03,180 ’ਤੇ ਜਾ ਪਹੁੰਚੀ। ਅਪਰੈਲ ਮਹੀਨੇ ਦੌਰਾਨ ਮੌਤਾਂ ਦੀ ਗਿਣਤੀ 1925 ਰਹੀ ਜੋ ਕਿ ਮਾਰਚ ਦੌਰਾਨ ਹੋਈਆਂ ਮੌਤਾਂ ਤੋਂ ਦੁੱਗਣੀ ਹੈ। ਸੂਬੇ ਵਿਚ 45134 ਕੋਵਿਡ ਮਰੀਜ਼ ਜ਼ੇਰੇ-ਇਲਾਜ ਹਨ। ਰੋਜ਼ਨਾਮਾ ‘ਦਿ ਨੇਸ਼ਨ’ ਦੀ ਰਿਪੋਰਟ ਮੁਤਾਬਿਕ ਰਾਵਲਪਿੰਡੀ ਵਿਚ ਕੋਵਿਡ ਮਰੀਜ਼ਾਂ ਲਈ ਹਸਪਤਾਲਾਂ ਵਿਚ ਇਕ ਵੀ ਬਿਸਤਰਾ ਖਾਲੀ ਨਹੀਂ ਬਚਿਆ। ਲਾਹੌਰ ਵਿਚ ਵੀ ਸਥਿਤੀ ਬਿਹਤਰ ਨਹੀਂ। ਇਸੇ ਲਈ ਅਧਿਕਾਰੀਆਂ ਨੇ ਸ਼ਨਿਚਰ-ਐਤ ਨੂੰ ਲੌਕ-ਡਾਊਨ ਵਾਲੀ ਪ੍ਰਥਾ ਲਾਗੂ ਕੀਤੀ ਹੋਈ ਹੈ। ਲਾਹੌਰ ਦੇ ਪੁਲੀਸ ਕਮਿਸ਼ਨਰ ਨੇ ਸਕੂਟਰਾਂ-ਮੋਟਰਸਾਈਕਲਾਂ ’ਤੇ ਦੋਹਰੀ ਸਵਾਰੀ ਉੱਤੇ ਪਾਬੰਦੀ ਲਾ ਦਿੱਤੀ ਹੈ। ਕਾਰਾਂ ਤੇ ਹੋਰ ਮੋਟਰ-ਗੱਡੀਆਂ ਦੀ ਆਮਦੋ-ਰਫ਼ਤ ਉੱਤੇ ਵੀ ਲੌਕਡਾਊਨ ਦੌਰਾਨ ਸਖ਼ਤ ਬੰਦਸ਼ਾਂ ਲਾਗੂ ਕੀਤੀਆਂ ਗਈਆਂ ਹਨ। ਫ਼ਿਕਰ ਵਾਲੀ ਗੱਲ ਇਹ ਹੈ ਕਿ ਬਾਲ ਮਰੀਜ਼ਾਂ ਦੀ ਗਿਣਤੀ ਵਿਚ ਇਜ਼ਾਫ਼ਾ ਰੁਕ ਨਹੀਂ ਰਿਹਾ। ਐਤਵਾਰ ਨੂੰ 12 ਵਰ੍ਹਿਆਂ ਤੋਂ ਘੱਟ ਉਮਰ ਵਾਲੇ 22 ਮਰੀਜ਼ ਹਸਪਤਾਲਾਂ ਵਿਚ ਪੁੱਜੇ ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ। ਬੱਚਿਆਂ ਦਾ ਬਿਮਾਰ ਹੋਣਾ ਸੂਰਤੇਹਾਲ ਨੂੰ ਵੱਧ ਡਰਾਵਣਾ ਬਣਾ ਦਿੰਦਾ ਹੈ।

- ਪੰਜਾਬੀ ਟ੍ਰਿਬਿਊਨ ਫੀਚਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All