ਪਾਕਿਸਤਾਨ ਤਹਿਰੀਕ-ਇ-ਇਨਸਾਫ਼ (ਪੀਟੀਆਈ) ਦੇ ਨੇਤਾ ਇਮਰਾਨ ਖ਼ਾਨ, ਹਕੂਮਤ ਤੋਂ ਬਾਹਰ ਹੋਣ ਦੇ ਬਾਵਜੂਦ ਸਿਆਸੀ-ਸਮਾਜਿਕ ਜੀਵਨ ਉੱਪਰ ਲਗਾਤਾਰ ਹਾਵੀ ਹਨ। ਪਿਛਲੇ ਤਿੰਨ ਮਹੀਨਿਆਂ ਤੋਂ ਇਕ ਵੀ ਦਿਨ ਅਜਿਹਾ ਨਹੀਂ ਲੰਘਿਆ ਜਦੋਂ ਉਹ ਕਿਸੇ ਨਾ ਕਿਸੇ ਘਟਨਾ ਕਾਰਨ ਖ਼ਬਰਾਂ ਦਾ ਕੇਂਦਰ ਨਾ ਬਣੇ ਹੋਣ। ਤਾਜ਼ਾ ਘਟਨਾਕ੍ਰਮ ਉਸ ਗੁਪਤ ਸਫ਼ਾਰਤੀ ਦਸਤਾਵੇਜ਼ ਨਾਲ ਜੁੜਿਆ ਹੋਇਆ ਹੈ ਜਿਸ ਦੇ ਆਧਾਰ ’ਤੇ ਉਹ ਦੋਸ਼ ਲਾਉਂਦੇ ਆਏ ਹਨ ਕਿ ਇਕ ਵਿਦੇਸ਼ੀ ਸਾਜ਼ਿਸ਼ ਦੇ ਅਧੀਨ ਉਨ੍ਹਾਂ ਦੀ ਸਰਕਾਰ ਦਾ ਤਖ਼ਤਾ ਪਲਟਿਆ ਗਿਆ। ਵਜ਼ੀਰੇ ਆਜ਼ਮ ਸ਼ਹਬਿਾਜ਼ ਸ਼ਰੀਫ਼ ਦੀ ਸਰਕਾਰ ਨੇ ਸ਼ਨਿੱਚਰਵਾਰ ਨੂੰ ਇਹ ਇਲਜ਼ਾਮ ਲਾਇਆ ਕਿ ਵਜ਼ੀਰੇ ਆਜ਼ਮ ਦੇ ਦਫ਼ਤਰ (ਪੀਐਮਓ) ਵਿਚੋਂ ਉਹ ਗੁਪਤ ਦਸਤਾਵੇਜ਼ (ਸਾਈਫ਼ਰ) ਗਾਇਬ ਹੈ ਜਿਸ ਦਾ ਜ਼ਿਕਰ ਇਮਰਾਨ ਖ਼ਾਨ ਵਾਰ-ਵਾਰ ਕਰਦੇ ਆਏ ਹਨ ਅਤੇ ਆਪਣੀਆਂ ਰੈਲੀਆਂ ਵਿਚ ਜਿਸ ਦੀ ਕਥਿਤ ਨਕਲ ਉਹ ਡੇਢ ਮਹੀਨੇ ਤੱਕ ਵਾਰ-ਵਾਰ ਲਹਿਰਾਉਂਦੇ ਰਹੇ। ਗੁਪਤ ਲਿਪੀ ਵਿਚ ਲਿਖਿਆ ਇਹ ਦਸਤਾਵੇਜ਼ (ਸਾਈਫ਼ਰ) ਚਾਰ ਮਹੀਨੇ ਪਹਿਲਾਂ ਵਾਸ਼ਿੰਗਟਨ ਵਿਚ ਤਤਕਾਲੀ ਪਾਕਿਸਤਾਨੀ ਸਫ਼ੀਰ ਅਸਦ ਮਜੀਦ ਤੇ ਅਮਰੀਕੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਡੋਨਲਡ ਲੂ ਦਰਮਿਆਨ ਹੋਈ ‘ਵਾਰਤਾਲਾਪ’ ਦਾ ਬਿਰਤਾਂਤ ਸੀ। ਸ਼ੁੱਕਰਵਾਰ ਨੂੰ ਮਰਕਜ਼ੀ (ਕੇਂਦਰੀ) ਕੈਬਨਿਟ ਦੀ ਮੀਟਿੰਗ ਦੌਰਾਨ ਇਹ ਦੱਸਿਆ ਗਿਆ ਕਿ ਸਬੰਧਤ ਸਾਈਫ਼ਰ, ਵਜ਼ੀਰੇ ਆਜ਼ਮ ਦੇ ਦਫ਼ਤਰ ਵਿਚੋਂ ਕਿਤੋਂ ਵੀ ਨਹੀਂ ਮਿਲਿਆ ਅਤੇ ਇਸ ਦੇ ਗੁੰਮ ਹੋਣ ਦੀ ਉੱਚ-ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਕੈਬਨਿਟ ਨੇ ਇਸ ਸਾਈਫ਼ਰ ਦੀ ਗੁੰਮਸ਼ੁਦਗੀ ਨੂੰ ‘ਨਾਮੁਆਫ਼ੀਯੋਗ ਜੁਰਮ’ ਕਰਾਰ ਦਿੱਤਾ ਅਤੇ ਫ਼ੈਸਲਾ ਕੀਤਾ ਕਿ ਗੁੰਮਸ਼ੁਦਗੀ ਦੀ ਜ਼ਿੰਮੇਵਾਰੀ ਤੈਅ ਕਰਨ ਵਾਸਤੇ ਵਿਸ਼ੇਸ਼ ਕਮੇਟੀ ਬਣਾਈ ਜਾਵੇ। ਇਸੇ ਕਮੇਟੀ ਨੂੰ ਸਾਬਕਾ ਵਜ਼ੀਰੇ ਆਜ਼ਮ, ਉਨ੍ਹਾਂ ਦੇ ਤਤਕਾਲੀ ਪ੍ਰਮੁੱਖ ਸਕੱਤਰ ਅਤੇ ਕੌਮੀ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੇ ਤੱਤਕਾਲੀਨ ਮੈਂਬਰ ਵਜ਼ੀਰਾਂ ਖ਼ਿਲਾਫ਼ ਕਾਰਵਾਈ ਕਰਨ ਦੇ ਅਖ਼ਤਿਆਰਾਂ ਨਾਲ ਵੀ ਲੈਸ ਕੀਤਾ ਜਾਵੇ।
ਕੈਬਨਿਟ ਦੀ ਕਾਰਵਾਈ ਦੇ ਵੇਰਵੇ ਨਸ਼ਰ ਹੋਣ ਮਗਰੋਂ ਪਾਕਿਸਤਾਨ ਮੁਸਲਿਮ ਲੀਗ (ਪੀਐਮਐਲ-ਐੱਨ) ਦੀ ਨੇਤਾ ਮਰੀਅਮ ਨਵਾਜ਼ ਨੇ ਮੰਗ ਕੀਤੀ ਕਿ ਇਸਲਾਮਾਬਾਦ ਦੇ ਬਾਨੀ ਗਾਲਾ ਇਲਾਕੇ ਵਿਚ ਸਥਿਤ ਇਮਰਾਨ ਦੇ ਬੰਗਲੇ ਦੀ ਤਲਾਸ਼ੀ ਲਈ ਜਾਵੇ। ਉਨ੍ਹਾਂ ਕਿਹਾ ਕਿ ਗੁਪਤ ਸਰਕਾਰੀ ਦਸਤਾਵੇਜ਼ ਗਾਇਬ ਹੋਣਾ ਬਹੁਤ ਸੰਗੀਨ ਮਾਮਲਾ ਹੈ। ਉੱਧਰ, ਖ਼ਜ਼ਾਨਾ ਮੰਤਰੀ ਇਸਹਾਕ ਡਾਰ ਨੇ ਦਾਅਵਾ ਕੀਤਾ ਕਿ ਸਾਬਕਾ ਪ੍ਰਮੁੱਖ ਸਕੱਤਰ ਆਜ਼ਮ ਖ਼ਾਨ ਨੇ ਕਬੂਲ ਕੀਤਾ ਹੈ ਕਿ ਉਸ ਨੇ ਸਾਈਫ਼ਰ ਦੀ ਅਸਲ ਕਾਪੀ ਇਮਰਾਨ ਖ਼ਾਨ ਦੇ ਹਵਾਲੇ ਕੀਤੀ ਸੀ। ਇਸ ਲਈ ਇਮਰਾਨ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਦੱਸੇ ਕਿ ਸਾਈਫ਼ਰ ਗਿਆ ਕਿੱਥੇ। ਗ੍ਰਹਿ ਮੰਤਰੀ ਰਾਣਾ ਸਨਾਅਉੱਲਾ ਨੇ ਵੱਖਰੀ ਸੁਰ ਅਲਾਪਦਿਆਂ ਕਿਹਾ ਕਿ ਸਾਈਫ਼ਰ ਦੀ ਗੁੰਮਸ਼ੁਦਗੀ ਦਾ ਮਾਮਲਾ ਪਾਰਲੀਮੈਂਟ ਦੇ ਧਿਆਨ ਵਿਚ ਲਿਆਂਦਾ ਜਾਵੇਗਾ। ਪਾਰਲੀਮੈਂਟ ਅਜਿਹੇ ਮਾਮਲਿਆਂ ’ਤੇ ਵਿਚਾਰ ਕਰਨ ਦਾ ਸਭ ਤੋਂ ਢੁਕਵਾਂ ਮੰਚ ਹੈ। ਉਹ ਹੀ ਇਹ ਤੈਅ ਕਰ ਸਕਦੀ ਹੈ ਕਿ ਸਾਈਫ਼ਰ ਮਾਮਲੇ ਵਿਚ ਸੰਵਿਧਾਨ ਦੇ 6ਵੇਂ ਅਨੁਛੇਦ ਦੀ ਉਲੰਘਣਾ ਹੋਈ ਜਾਂ ਨਹੀਂ ਹੋਈ। ਅਤੇ ਜੇ ਉਲੰਘਣਾ ਹੋਈ ਤਾਂ ਇਮਰਾਨ ਖ਼ਾਨ ਨੂੰ ਕਿਸੇ ਵੀ ਕੌਮੀ/ਸਰਕਾਰੀ ਅਹੁਦੇ ਦੇ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ ਜਾਂ ਨਹੀਂ।
ਅੰਗਰੇਜ਼ੀ ਅਖ਼ਬਾਰ ‘ਡਾਅਨ’ ਦੀ ਰਿਪੋਰਟ ਅਨੁਸਾਰ ਮਰਕਜ਼ੀ ਕੈਬਨਿਟ ਨੇ ਇਮਰਾਨ ਸਰਕਾਰ ਦੌਰਾਨ ਪੀਐਮਓ ਅੰਦਰ ਹੋਈਆਂ ਗੱਲਾਂ-ਬਾਤਾਂ ਦੀਆਂ ਆਡੀਓ ਰਿਕਾਰਡਿੰਗਜ਼ ਨਸ਼ਰ ਕੀਤੇ ਜਾਣ ਦਾ ਮਾਮਲਾ ਵੀ ਵਿਚਾਰਿਆ ਅਤੇ ਇਸ ਬਾਰੇ ਕਾਰਵਾਈ ਦੇ ਸਾਰੇ ਹੱਕ ਵਿਸ਼ੇਸ਼ ਕਮੇਟੀ ਨੂੰ ਸੌਂਪਣ ਦਾ ਫ਼ੈਸਲਾ ਕੀਤਾ।
ਇਮਰਾਨ ਦੀ ਪੇਸ਼ਗੀ ਜ਼ਮਾਨਤ
ਇਸਲਾਮਾਬਾਦ ਹਾਈ ਕੋਰਟ ਨੇ ਐਤਵਾਰ ਨੂੰ ਵਿਸ਼ੇਸ਼ ਸੁਣਵਾਈ ਦੌਰਾਨ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੂੰ ਅਦਾਲਤੀ ਤੌਹੀਨ ਦੇ ਮਾਮਲੇ ਵਿਚ 7 ਅਕਤੂਬਰ ਤੱਕ ਪੇਸ਼ਗੀ ਜ਼ਮਾਨਤ ਦੇ ਦਿੱਤੀ। ਹਾਈ ਕੋਰਟ ਦੇ ਦੋਹਰੇ ਬੈਂਚ ਨੇ ਹੁਕਮ ਦਿੱਤਾ ਕਿ ਇਸਲਾਮਾਬਾਦ ਦੀ ਹੀ ਇਕ ਅਦਾਲਤ ਵੱਲੋਂ ਇਮਰਾਨ ਖ਼ਾਨ ਖ਼ਿਲਾਫ਼ ਜਾਰੀ ਕੀਤੇ ਗਏ ਗ੍ਰਿਫ਼ਤਾਰੀ ਵਾਰੰਟ 7 ਅਕਤੂਬਰ ਤੱਕ ਅਮਲ ਵਿਚ ਨਾ ਲਿਆਂਦੇ ਜਾਣ। ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਦੀ ਖ਼ਬਰ ਅਨੁਸਾਰ ਐਡੀਸ਼ਨਲ ਸੈਸ਼ਨ ਜੱਜ ਜ਼ੇਬਾ ਚੌਧਰੀ ਖ਼ਿਲਾਫ਼ ਧਮਕੀਆਂ ਤੇ ਤੌਹੀਨੀ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਇਮਰਾਨ ਦੀ ਸ਼ਨਿੱਚਰਵਾਰ ਨੂੰ ਸੀਨੀਅਰ ਸਿਵਲ ਜੱਜ ਰਾਣਾ ਮੁਜਾਹਿਦ ਰਹੀਮ ਦੀ ਅਦਾਲਤ ਵਿਚ ਪੇਸ਼ੀ ਸੀ। ਇਮਰਾਨ ਇਸ ਪੇਸ਼ੀ ’ਤੇ ਹਾਜ਼ਰ ਨਹੀਂ ਹੋਏ। ਇਹ ਦੂਜੀ ਵਾਰ ਸੀ ਜਦੋਂ ਇਮਰਾਨ ਅਦਾਲਤੀ ਪੇਸ਼ੀ ਤੋਂ ਗ਼ੈਰਹਾਜ਼ਰ ਰਹੇ। ਲਿਹਾਜ਼ਾ, ਜੱਜ ਨੇ ਸਾਬਕਾ ਵਜ਼ੀਰੇ-ਆਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਹਾਜ਼ਰ ਕੀਤੇ ਜਾਣ ਦੇ ਹੁਕਮ ਦਿੱਤੇ।
ਜ਼ਿਕਰਯੋਗ ਹੈ ਕਿ ਐਡੀਸ਼ਨਲ ਸੈਸ਼ਨ ਜੱਜ ਜ਼ੇਬਾ ਚੌਧਰੀ ਨੇ ਪਿਛਲੇ ਮਹੀਨੇ ਪੀ.ਟੀ.ਆਈ. ਦੇ ਆਗੂ ਤੇ ਇਮਰਾਨ ਖ਼ਾਨ ਦੇ ਸਲਾਹਕਾਰ ਸ਼ਾਹਬਾਜ਼ ਗਿੱਲ ਦਾ ਦੋ-ਰੋਜ਼ਾ ਜਿਸਮਾਨੀ ਰਿਮਾਂਡ ਦੇ ਦਿੱਤਾ ਸੀ ਜਿਸ ਤੋਂ ਖ਼ਫ਼ਾ ਹੋ ਕੇ ਇਮਰਾਨ ਨੇ ਇਕ ਸਿਆਸੀ ਰੈਲੀ ਵਿਚ ਧਮਕੀ ਦਿੱਤੀ ਸੀ ਕਿ ‘‘ਜ਼ੇਬਾ ਚੌਧਰੀ ਆਪਣੀਆਂ ਹਰਕਤਾਂ ਦਾ ਖ਼ਮਿਆਜ਼ਾ ਭੁਗਤਣ ਲਈ ਤਿਆਰ ਰਹੇ।’’ ਅਜਿਹੀਆਂ ਧਮਕੀਆਂ ਅਤੇ ਸਰਕਾਰੀ ਅਫ਼ਸਰਾਂ ਖ਼ਿਲਾਫ਼ ਟਿੱਪਣੀਆਂ ਦਾ ਇਸਲਾਮਾਬਾਦ ਹਾਈ ਕੋਰਟ ਨੇ ਖ਼ੁਦ-ਬਖ਼ੁਦ ਨੋਟਿਸ ਲੈਂਦਿਆਂ ਇਮਰਾਨ ਨੂੰ ਅਦਾਲਤੀ ਤੌਹੀਨ ਦਾ ਦੋਸ਼ੀ ਠਹਿਰਾਇਆ ਸੀ। ਪਿਛਲੇ ਹਫ਼ਤੇ ਹਾਈ ਕੋਰਟ ਨੇ ਇਸ ਸਬੰਧ ਵਿਚ ਇਮਰਾਨ ਦੇ ਮੁਆਫ਼ੀਨਾਮੇ ਨੂੰ ਸਵੀਕਾਰ ਕਰਦਿਆਂ ਹਦਾਇਤ ਕੀਤੀ ਸੀ ਕਿ ਉਹ ਹੁਣ ਨਿਯਮਿਤ ਜ਼ਮਾਨਤ ਲੈਣ ਲਈ ਜ਼ਿਲ੍ਹਾ ਅਦਾਲਤ ਵਿਚ ਅਰਜ਼ੀ 30 ਸਤੰਬਰ ਤੱਕ ਦਾਖ਼ਲ ਕਰੇ, ਪਰ ਇਮਰਾਨ ਨੇ ਅਜਿਹਾ ਨਹੀਂ ਸੀ ਕੀਤਾ। ਇਸੇ ਲਈ ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ।
ਸਾਬਕਾ ਵਜ਼ੀਰੇ ਆਜ਼ਮ ਨੂੰ ਜੁਰਮਾਨਾ
ਇਸਲਾਮਾਬਾਦ ਦੀ ਇਕ ਸੈਸ਼ਨ ਅਦਾਲਤ ਨੇ ਖ਼ਵਾਜਾ ਆਸਿਫ਼ ਹੱਤਕ ਇੱਜ਼ਤ ਕੇਸ ਵਿਚ ਇਮਰਾਨ ਖ਼ਾਨ ਨੂੰ 25 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਪੀਐਮਐੱਲ-ਐੱਨ ਦੇ ਆਗੂ (ਤੇ ਮੌਜੂਦਾ ਰੱਖਿਆ ਮੰਤਰੀ) ਖ਼ਵਾਜਾ ਆਸਿਫ਼ ਖ਼ਿਲਾਫ ਹੱਤਕ ਇੱਜ਼ਤ ਦਾ ਮੁਕੱਦਮਾ ਇਮਰਾਨ ਖ਼ਾਨ ਨੇ 2012 ਵਿਚ ਦਾਇਰ ਕੀਤਾ ਸੀ। ਇਸ ਵਿਚ ਇਮਰਾਨ ਨੇ 10 ਅਰਬ ਰੁਪਏ ਦੇ ਹਰਜਾਨੇ ਦੀ ਮੰਗ ਕੀਤੀ ਹੋਈ ਹੈ। ਅਖ਼ਬਾਰ ‘ਦਿ ਨਿਊਜ਼’ ਦੀ ਰਿਪੋਰਟ ਮੁਤਾਬਿਕ ਸ਼ਨਿੱਚਰਵਾਰ ਨੂੰ ਇਸ ਕੇਸ ਦੀ ਸੁਣਵਾਈ ਸਮੇਂ ਇਮਰਾਨ ਦੇ ਵਕੀਲ ਨੇ ਦਰਖ਼ਾਸਤ ਕੀਤੀ ਕਿ ਇਕ ਅਹਿਮ ਸਿਆਸੀ ਮੀਟਿੰਗ ਕਰਕੇ ਇਮਰਾਨ ਖ਼ਾਨ ਅਦਾਲਤ ਵਿਚ ਹਾਜ਼ਰ ਨਹੀਂ ਹੋ ਸਕਦਾ। ਇਹ ਲਗਾਤਾਰ ਦੂਜੀ ਪੇਸ਼ੀ ਸੀ ਜਦੋਂ ਇਮਰਾਨ ਦੇ ਵਕੀਲ ਬਾਬਰ ਅਵਾਨ ਨੇ ਸੁਣਵਾਈ ਮੁਲਤਵੀ ਕੀਤੇ ਜਾਣ ਲਈ ਕਿਹਾ। ਖ਼ਵਾਜਾ ਆਸਿਫ਼ ਦੇ ਵਕੀਲ ਨੇ ਇਸ ਦਰਖ਼ਾਸਤ ਦਾ ਵਿਰੋਧ ਕੀਤਾ। ਉਸ ਦਾ ਕਹਿਣਾ ਸੀ ਕਿ ਇਸ ਪੇਸ਼ੀ ਸਮੇਂ ਇਮਰਾਨ ਦੀ ਜਵਾਬੀ ਜਿਰ੍ਹਾ ਹੋਣੀ ਸੀ। ਉਹ ਇਸ ਤੋਂ ਬਚਣ ਲਈ ਬਹਾਨੇਬਾਜ਼ੀ ’ਤੇ ਉਤਰ ਆਇਆ ਹੈ। ਅਦਾਲਤ ਨੇ ਇਸ ਦਲੀਲ ਨਾਲ ਮੁਤਫ਼ਿਕ ਹੁੰਦਿਆਂ ਇਮਰਾਨ ਨੂੰ ਚਿਤਾਵਨੀ ਜਾਰੀ ਕੀਤੀ ਅਤੇ ਨਾਲ ਹੀ ਅਦਾਲਤੀ ਵਕਤ ਜ਼ਾਇਆ ਕਰਨ ਲਈ ਜੁਰਮਾਨਾ ਲਾਇਆ। ਜ਼ਿਕਰਯੋਗ ਹੈ ਕਿ ਇਹ ਦੂਜੀ ਵਾਰ ਹੈ ਜਦੋਂ ਅਦਾਲਤ ਨੇ ਇਮਰਾਨ ਨੂੰ ਜੁਰਮਾਨਾ ਲਾਇਆ ਹੈ। ਇਹ ਵੀ ਜ਼ਿਕਰਯੋਗ ਹੈ ਕਿ ਇਮਰਾਨ ਨੇ ਜਵਾਬੀ ਜਿਰ੍ਹਾ ਤੋਂ ਬਚਣ ਲਈ ਇਸਲਾਮਾਬਾਦ ਹਾਈ ਕੋਰਟ ਵਿਚ ਪਟੀਸ਼ਨ ਪਾਈ ਸੀ ਜੋ ਖਾਰਿਜ ਹੋ ਗਈ। ਹਾਈ ਕੋਰਟ ਨੇ ਆਪਣੇ ਹੁਕਮਾਂ ਵਿਚ ਇਸਲਾਮਾਬਾਦ ਦੀ ਸੈਸ਼ਨ ਅਦਾਲਤ ਨੂੰ ਮੁਕੱਦਮੇ ਦੀ ਸੁਣਵਾਈ ਤੇਜ਼ੀ ਨਾਲ ਕਰਨ ਅਤੇ ਦੋ ਮਹੀਨਿਆਂ ਵਿਚ ਫ਼ੈਸਲਾ ਦੇਣ ਵਾਸਤੇ ਕਿਹਾ ਸੀ। ਸੈਸ਼ਨ ਅਦਾਲਤ ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਮੁੱਦਈ ਧਿਰ ਵੱਲੋਂ ਆਪ ਹੀ ਮੁਕੱਦਮੇ ਨੂੰ ਲਮਕਾਏ ਜਾਣਾ ਕਿਸੇ ਵੀ ਸੂਰਤ ਵਿਚ ਵਾਜਬ ਨਹੀਂ ਠਹਿਰਾਇਆ ਜਾ ਸਕਦਾ। ਮੁਕੱਦਮੇ ਦਾ ਮੁੱਢ ਖ਼ਵਾਜਾ ਆਸਿਫ਼ ਦੇ ਅਗਸਤ 2012 ਦੇ ਉਸ ਬਿਆਨ ਨਾਲ ਬੱਝਾ ਹੈ ਜਿਸ ਵਿਚ ਉਸ ਨੇ ਇਮਰਾਨ ਉੱਪਰ ਸ਼ੌਕਤ ਖ਼ਾਨੁਮ ਮੈਮੋਰੀਅਲ ਟਰੱਸਟ ਦੇ ਫੰਡ ਖੁਰਦ ਬੁਰਦ ਕਰਨ ਦਾ ਇਲਜ਼ਾਮ ਲਾਇਆ ਸੀ।
ਅੰਦਰੂਨ ਲਾਹੌਰ ਦੀ ਸੈਰ
ਲਾਹੌਰ ਦੇ ਫ਼ਸੀਲ ਅੰਦਰਲੇ ਹਿੱਸੇ (ਜਿਸ ਨੂੰ ਅੰਦਰੂਨ ਲਾਹੌਰ ਕਿਹਾ ਜਾਂਦਾ ਹੈ) ਦੀਆਂ ਵਿਰਾਸਤੀ ਇਮਾਰਤਾਂ ਤੇ ਹੋਰ ਆਕਰਸ਼ਣਾਂ ਤੋਂ ਸੈਲਾਨੀਆਂ ਨੂੰ ਜਾਣੂੰ ਕਰਵਾਉਣ ਦੇ ਉਦੇਸ਼ ਨਾਲ ‘ਵਾਲਡ ਸਿਟੀ ਲਾਹੌਰ ਅਥਾਰਿਟੀ’ (ਡਬਲਿਊ.ਸੀ.ਐੱਲ.ਏ.) ਨੇ ‘ਵੇਖ ਅੰਦਰੂਨ ਲਾਹੌਰ’ ਪ੍ਰੋਗਰਾਮ ਸ਼ਨਿਚਰਵਾਰ ਤੋਂ ਸ਼ੁਰੂ ਕੀਤਾ ਹੈ। ਅਖ਼ਬਾਰ ‘ਨਵਾਇ ਵਕਤ’ ਦੀ ਰਿਪੋਰਟ ਅਨੁਸਾਰ ਇਸ ਪ੍ਰੋਗਰਾਮ ਦੇ ਤਹਿਤ ਸੈਲਾਨੀਆਂ ਨੂੰ 14 ਵਿਰਾਸਤੀ ਥਾਵਾਂ ਤੇ ਪ੍ਰਾਚੀਨ ਬਾਜ਼ਾਰ ਦਿਖਾਏ ਜਾਣਗੇ ਅਤੇ ਰਵਾਇਤੀ ਪਾਕ-ਪਕਵਾਨ ਵੀ ਪਰੋਸੇ ਜਾਣਗੇ। ਸ਼ਨਿੱਚਰਵਾਰ ਨੂੰ 150 ਦੇ ਕਰੀਬ ਸੈਲਾਨੀਆਂ ਨੂੰ ਸ਼ਾਹੀ ਹਮਾਮ, ਛਬੀਲ ਵਾਲੀ ਗਲੀ, ਅਕਬਰੀ ਮੰਡੀ, ਤੰਗ ਬਾਜ਼ਾਰ, ਗਲੀ ਸੁਰਜਨ ਸਿੰਘ, ਹਵੇਲੀ ਮੀਆਂ ਸੁਲਤਾਨ, ਚਿੱਟਾ ਗੇਟ, ਦੀਨਾਨਾਥ ਖੂਹ, ਵਜ਼ੀਰ ਖ਼ਾਨ ਮਸਜਿਦ, ਕੋਟ ਵਜ਼ੀਰ ਖ਼ਾਨ ਤੇ ਪਾਕਿਸਤਾਨੀ ਕੱਪੜਾ ਬਾਜ਼ਾਰ ਆਦਿ ਦਾ ਟੂਰ ਕਰਵਾਇਆ ਗਿਆ ਜਿਸ ਦੌਰਾਨ ਉਨ੍ਹਾਂ ਦੀ ਲੱਸੀ, ਹਲੀਮ, ਨਾਨ ਖਤਾਈਆਂ, ਮੁਰੱਬਿਆਂ ਤੇ ਕਈ ਕਿਸਮ ਦੇ ਕਬਾਬਾਂ ਨਾਲ ਟਹਿਲ ਸੇਵਾ ਕੀਤੀ ਗਈ। ਇਸ ਤੋਂ ਇਲਾਵਾ ਢੋਲ ਧਮਾਲ, ਹੀਰਗੋਈ ਤੇ ਹਾਰਮੋਨੀਅਮ-ਤਬਲੇ ਦੀ ਸੰਗਤ ਵਰਗੇ ਆਕਰਸ਼ਣਾਂ ਦੇ ਨਜ਼ਾਰੇ ਵੀ ਦਿਖਾਏ ਗਏ। ਡਬਲਿਊ.ਸੀ.ਐੱਲ.ਏ. ਨੂੰ ਯਕੀਨ ਹੈ ਕਿ ਇਸ ਪ੍ਰੋਗਰਾਮ ਨੂੰ ਸੈਲਾਨੀਆਂ ਤੋਂ ਇਲਾਵਾ ਸਥਾਨਕ ਲੋਕਾਂ ਤੋਂ ਵੀ ਭਰਵਾਂ ਹੁੰਗਾਰਾ ਮਿਲੇਗਾ।
– ਪੰਜਾਬੀ ਟ੍ਰਿਬਿਊਨ ਫੀਚਰ