ਵਾਹਗਿਓਂ ਪਾਰ

ਇਮਰਾਨ ਸਰਕਾਰ ਨੂੰ ਬਾਗ਼ੀਆਨਾ ਸੁਰਾਂ ਦਾ ਸਾਹਮਣਾ...

ਇਮਰਾਨ ਸਰਕਾਰ ਨੂੰ ਬਾਗ਼ੀਆਨਾ ਸੁਰਾਂ ਦਾ ਸਾਹਮਣਾ...

ਅਸੈਂਬਲੀ ਵਿਚ ਆਪਣੀ ਗੱਲ ਰੱਖਦਿਆਂ ਨੂਰ ਆਲਮ ਖ਼ਾਨ।

ਕੌਮੀ ਅਸੈਂਬਲੀ ਦੇ ਪਿਸ਼ਾਵਰ ਤੋਂ ਮੈਂਬਰ ਨੂਰ ਆਲਮ ਖ਼ਾਨ ਨੇ ਹੁਕਮਰਾਨ ਪਾਕਿਸਤਾਨ ਤਹਿਰੀਕ-ਇ-ਇਨਸਾਫ਼ (ਪੀ.ਟੀ.ਆਈ.) ਦਾ ਮੈਂਬਰ ਹੋਣ ਦੇ ਬਾਵਜੂਦ ਇਮਰਾਨ ਖ਼ਾਨ ਸਰਕਾਰ ਖ਼ਿਲਾਫ਼ ਝੰਡਾ ਚੁੱਕ ਲਿਆ ਹੈ। ਸ਼ੁੱਕਰਵਾਰ ਰਾਤੀਂ ਕੌਮੀ ਅਸੈਂਬਲੀ ਵਿਚ ਬੋਲਦਿਆਂ ਉਨ੍ਹਾਂ ਨੇ ਇਮਰਾਨ ਖ਼ਾਨ ਸਰਕਾਰ ਉੱਤੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਹਿੱਤ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਅਸੈਂਬਲੀ ਵਿਚ ਹੁਕਮਰਾਨ ਧਿਰ ਦੇ ਬੈਂਚਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਨ੍ਹਾਂ ਬੈਂਚਾਂ ਦੀਆਂ ਪਹਿਲੀਆਂ ਤਿੰਨ ਕਤਾਰਾਂ ਵਿਚ ਬੈਠਣ ਵਾਲਿਆਂ ਦੇ ਨਾਮ ‘ਖਾਰਿਜਾ ਸਰਹੱਦੀ ਨਿਜ਼ਾਮ’ ਭਾਵ ਐਗਜ਼ਿਟ ਕੰਟਰੋਲ ਲਿਸਟ (ਈ.ਸੀ.ਐਲ) ਵਿਚ ਦਰਜ ਕੀਤੇ ਜਾਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਪਹਿਲੀਆਂ ਤਿੰਨ ਕਤਾਰਾਂ ਵਿਚ ਵਜ਼ੀਰੇ ਆਜ਼ਮ, ਕੌਮੀ ਵਜ਼ੀਰ ਤੇ ਹੁਕਮਰਾਨ ਧਿਰ ਦੇ ਹੋਰ ਅਹਿਮ ਆਗੂ ਬੈਠਦੇ ਹਨ। ਈ.ਸੀ.ਐਲ. ਉਹ ਸੂਚੀ ਹੈ ਜਿਸ ਵਿਚ ਸੰਗੀਨ ਜੁਰਮਾਂ ਦੇ ਮੁਲਜ਼ਮਾਂ ਦੇ ਨਾਮ ਦਰਜ ਹੁੰਦੇ ਹਨ ਤਾਂ ਜੋ ਉਹ ਕਿਸੇ ਵੀ ਤਰ੍ਹਾਂ ਮੁਲਕ ਤੋਂ ਬਾਹਰ ਨਾ ਜਾ ਸਕਣ। ਨੂਰ ਆਲਮ ਖ਼ਾਨ ਨੇ ਦਾਅਵਾ ਕੀਤਾ ਕਿ ਸਰਕਾਰ ਦੇ ਇਹ ਸਰਕਰਦਾ ਆਗੂ ਪਿਸ਼ਾਵਰ ਤੇ ਬਾਕੀ ਸਰਹੱਦੀ ਇਲਾਕਿਆਂ ਨਾਲ ਧਰੋਹ ਕਮਾ ਰਹੇ ਹਨ। ਉਨ੍ਹਾਂ ਇਲਾਕਿਆਂ ਨੂੰ ਨਾ ਨਵੇਂ ਗੈਸ ਕੁਨੈਕਸ਼ਨ ਦਿੱਤੇ ਜਾ ਰਹੇ ਹਨ, ਨਾ ਹੀ ਬਿਜਲੀ ਮਿਲ ਰਹੀ ਹੈ। ਉਨ੍ਹਾਂ ਪੁੱਛਿਆ: ‘‘ਜੇਕਰ ਮੀਆਂਵਾਲੀ (ਇਮਰਾਨ ਦੇ ਹਲਕੇ) ਵਿਚ ਗੈਸ ਕੁਨੈਕਸ਼ਨ ਦਿੱਤੇ ਜਾ ਰਹੇ ਹਨ ਤਾਂ ਪਿਸ਼ਾਵਰ ਵਿਚ ਕਿਉਂ ਨਹੀਂ? ਪਿਸ਼ਾਵਰ ਕੀ ਪਾਕਿਸਤਾਨ ਤੋਂ ਬਾਹਰ ਪੈਂਦਾ ਹੈ?’’

ਨੂਰ ਆਲਮ ਖ਼ਾਨ ਤੋਂ ਪਹਿਲਾਂ ਗੈਸ ਤੇ ਬਿਜਲੀ ਦੀ ਥੁੜ੍ਹ ਬਾਰੇ ਰੱਖਿਆ ਮੰਤਰੀ ਪਰਵੇਜ਼ ਖੱਟਕ ਨੇ ਸ਼ੁੱਕਰਵਾਰ ਸਵੇਰੇ ਕੌਮੀ ਕੈਬਨਿਟ ਦੀ ਮੀਟਿੰਗ ਵਿਚ ਮੁੱਦਾ ਉਠਾਇਆ ਸੀ। ਅੰਗਰੇਜ਼ੀ ਅਖ਼ਬਾਰ ‘ਡੇਲੀ ਟਾਈਮਜ਼’ ਦੀ ਰਿਪੋਰਟ ਅਨੁਸਾਰ ਖੱਟਕ ਨੇ ਕਿਹਾ ਸੀ ਕਿ ਜੇਕਰ ਰਸੋਈ ਗੈਸ ਤੇ ਬਿਜਲੀ ਦੀ ਥੁੜ ਦੂਰ ਨਾ ਕੀਤੀ ਗਈ ਤਾਂ ਲੋਕ ਪੀ.ਟੀ.ਆਈ. ਨੂੰ ਵੋਟਾਂ ਨਹੀਂ ਪਾਉਣਗੇ। ਇਸ ’ਤੇ ਇਮਰਾਨ ਖ਼ਾਨ ਨੇ ਜਵਾਬ ਦਿੱਤਾ ਸੀ ਕਿ ਉਹ ‘ਬਲੈਕਮੇਲ’ ਅੱਗੇ ਨਹੀਂ ਝੁਕਣਗੇ। ਉਨ੍ਹਾਂ ਇਹ ਵੀ ਕਿਹਾ ਸੀ ਕਿ ਖ਼ੈਬਰ-ਪਖ਼ਤੂਨਖ਼ਵਾ ਨੂੰ ਸੂਬਾਈ ਕੋਟੇ ਨਾਲੋਂ ਵੱਧ ਗੈਸ ਮਿਲ ਰਹੀ ਹੈ, ਇਸੇ ਲਈ ਨਵੇਂ ਕੁਨੈਕਸ਼ਨ ਦੇਣੇ ਬੰਦ ਕੀਤੇ ਗੲੇ ਹਨ। ਇਮਰਾਨ ਦੇ ਅਜਿਹੇ ਰੁਖ਼ ਦੇ ਬਾਵਜੂਦ ਪੀ.ਟੀ.ਆਈ. ਦੇ ਪਖ਼ਤੂਨ ਆਗੂਆਂ ਦੇ ਬਾਗ਼ੀਆਨਾ ਸੁਰ ਬਰਕਰਾਰ ਹਨ। ਸ਼ਨਿੱਚਰਵਾਰ ਨੂੰ ਬੁਨੇਰ ਤੋਂ ਪਾਰਟੀ ਦੇ ਹਲਕਾ ਇੰਚਰਾਜ ਸ਼ੇਰ ਅਕਬਰ ਖ਼ਾਨ ਨੇ ਮਾਲਾਕੰਦ ਡਿਵੀਜ਼ਨ ਦੇ ਲੋਕਾਂ ਨੂੰ ਬਿਜਲੀ ਤੇ ਗੈਸ ਦੇ ਵੱਧ ਬਿੱਲ ਭੇਜੇ ਜਾਣ ਦੇ ਦੋਸ਼ ਲਾਏ। ਉਨ੍ਹਾਂ ਨੇ ਇਕ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਕਿ ਹਕੂਮਤ-ਇ-ਪਾਕਿਸਤਾਨ ਲੋਕਾਂ ਨਾਲ ਇਨਸਾਫ਼ ਨਹੀਂ ਕਰ ਰਹੀ ਅਤੇ ਵੱਖ-ਵੱਖ ਵਸਤਾਂ ਦੇ ਭਾਅ ਵਧਾ ਕੇ ਲਗਾਤਾਰ ਬੇਇਨਸਾਫ਼ੀ ਕਰ ਰਹੀ ਹੈ। ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੀ ਬਿਆਨਬਾਜ਼ੀ ਦਰਸਾਉਂਦੀ ਹੈ ਕਿ ਹੁਕਮਰਾਨ ਧਿਰ ਦੇ ਆਗੂ ਆਮ ਲੋਕਾਂ ਅੰਦਰਲੇ ਸਰਕਾਰ-ਵਿਰੋਧੀ ਰੋਹ ਨੂੰ ਭਾਂਪ ਚੁੱਕੇ ਹਨ। ਹਕੂਮਤ ਨੂੰ ਇਸ ਹਕੀਕਤ ਸਬੰਧੀ ਖ਼ਬਰਦਾਰ ਕਰ ਰਹੇ ਹਨ। ਅਜਿਹੀਆਂ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨਾ ਹੁਕਮਰਾਨ ਪੀ.ਟੀ.ਆਈ. ਨੂੰ ਮਹਿੰਗਾ ਪੈ ਸਕਦਾ ਹੈ।

ਹਰਗੋਬਿੰਦ ਖੁਰਾਣਾ ਤੇ ਪਾਕਿਸਤਾਨ

ਪਾਕਿਸਤਾਨ ਵਿਚ ਸਾਇੰਸ ਦਾ ਬਹੁਤਾ ਵਿਕਾਸ ਨਾ ਹੋਣ ਅਤੇ ਵਿਗਿਆਨਕ ਖੋਜਾਂ ਦੇ ਖੇਤਰ ਵਿਚ ਪਾਕਿਸਤਾਨ ਦੇ ਚੀਨ ਤੇ ਭਾਰਤ ਤੋਂ ਬਹੁਤ ਪਛੜੇ ਹੋਣ ਦੀ ਵਜ੍ਹਾ ਬਿਆਨ ਕਰਨ ਵਾਲਾ ਇਕ ਮਜ਼ਮੂਨ ਅੰਗਰੇਜ਼ੀ ਅਖ਼ਬਾਰ ‘ਡਾਅਨ’ ਨੇ ਛਾਪਿਆ ਹੈ। ਇਸਲਾਮਾਬਾਦ ਰਹਿੰਦੇ ਭੌਤਿਕ ਵਿਗਿਆਨੀ ਪਰਵੇਜ਼ ਹੁਦੂਭੌਇ ਵੱਲੋਂ ਲਿਖੇ ਇਸ ਮਜ਼ਮੂਨ ਦਾ ਸਿਰਲੇਖ ਹੈ: ‘‘ਹਰਗੋਬਿੰਦ ਖੁਰਾਣਾ ਸਾਡਾ ਵੀ ਹੈ?’’ ਹਰਗੋਬਿੰਦ ਪੁਰਾਣਾ (1922-2011) ਵਿੱਦਿਅਕ ਖੇਤਰ ਵਿਚ ਨਿਹਾਇਤ ਵਕਾਰੀ ਸੰਸਥਾ ਐਮ.ਆਈ.ਟੀ. (ਮੈਸਚਿਊਸੈਟਸ ਇੰਸਟੀਟਿਊਟ ਆਫ਼ ਟੈਕਨਾਲੋਜੀ), ਅਮਰੀਕਾ ਵਿਚ ਬਾਇਓਕੈਮਿਸਟਰੀ ਦੇ ਪ੍ਰੋਫੈਸਰ ਸਨ ਅਤੇ 1968 ਵਿਚ ਨੋਬੇਲ ਪੁਰਸਕਾਰ ਨਾਲ ਨਿਵਾਜ਼ੇੇ ਗਏ ਸਨ। ਉਹ ਲਾਹੌਰੀ ਸਨ; ਇਸੇ ਸ਼ਹਿਰ ਦੇ ਜੰਮਪਲ, ਪੰੰਜਾਬ ਯੂਨੀਵਰਸਿਟੀ ਤੋਂ ਸਾਇੰਸ ਦੇ ਗਰੈਜੂਏਟ ਤੇ ਪੋਸਟ ਗਰੈਜੂਏਟ। 1947 ਵਿਚ ਫਸਾਦਾਂ ਸਮੇਂ ਲਾਹੌਰ ਛੱਡ ਕੇ ਅਮਰੀਕਾ ਚਲੇ ਗਏ। ਉੱਥੇ ਹਾਰਵਰਡ ਤੇ ਸਟੈਨਫਰਡ ਵਰਗੀਆਂ ਯੂਨੀਵਰਸਿਟੀਆਂ ਵਿਚ ਵੀ ਪੜ੍ਹਾਉਂਦੇ ਰਹੇ ਸਨ। ਫ਼ਿਜੀਆਲੋਜੀ ਦੇ ਖੇਤਰ ਵਿਚ ਨਵੀਆਂ ਖੋਜਾਂ ਕੀਤੀਆਂ। ਬੜਾ ਨਾਮ ਕਮਾਇਆ। ਖ਼ੁਦ ਨੂੰ ਲਾਹੌਰੀਆ ਦੱਸਦੇ ਰਹੇ, ਪਰ ਲਾਹੌਰ ਨੇ ਉਨ੍ਹਾਂ ਨੂੰ ਹੁਣ ਤਕ ਨਹੀਂ ਅਪਣਾਇਆ।

ਖੁਰਾਣਾ ਵਾਂਗ ਇਕ ਹੋਰ ਨੋਬੇਲ ਜੇਤੂ ਸੁਬਰਾਮਣੀਅਮ ਚੰਦਰਸ਼ੇਖਰ (1910-1995) ਵੀ ਲਾਹੌਰ ਦੇ ਜੰਮਪਲ ਸਨ। ਉਨ੍ਹਾਂ ਬੀ.ਐੈੱਸਸੀ ਲਾਹੌਰ ਤੋਂ ਕੀਤੀ। ਅਗਲੀ ਪੜ੍ਹਾਈ ਮਦਰਾਸ ਤੇ ਅਮਰੀਕਾ ਵਿਚ। ਤਾਰਿਆਂ ਦੀ ਮੌਤ ਬਾਰੇ ਖੋਜ ਕਰਨ ਸਦਕਾ ਉਨ੍ਹਾਂ ਨੂੰ ਫਿਜ਼ਿਕਸ ਦਾ ਨੋਬੇਲ ਪੁਰਸਕਾਰ ਮਿਲਿਆ। ਅਮਰੀਕੀ ਪੁਲਾੜ ਖੋਜ ੲੇਜੰਸੀ (ਨਾਸਾ) ਨੇ ਉਨ੍ਹਾਂ ਦੇ ਨਾਂਅ ’ਤੇ ‘ਚੰਦਰ’ ਨਾਮ ਦਾ ਇਕ ਉਪਗ੍ਰਹਿ ਵੀ ਦਾਗਿਆ ਜੋ ਕਿ ਹੁਣ ਤੱਕ ਸਰਗਰਮ ਹੈ। ਦਰਅਸਲ, ਕਿਸੇ ਪਾਕਿਸਤਾਨੀ ਮੁਸਲਿਮ ਨੇ ਵਿਗਿਆਨ ਦੇ ਖੇਤਰ ਵਿਚ ਸਿਰਫ਼ ਇਕ ਨੋਬੇਲ ਹਾਸਿਲ ਕੀਤਾ ਹੈ। ਇਹ 1979 ਵਿਚ ਮੁਹੰਮਦ ਅਬਦੁੱਸ ਸਲਾਮ (1926-1996) ਨੂੰ ਮਿਲਿਆ। ਉਹ ਭੌਤਿਕ ਵਿਗਿਆਨੀ ਤੇ ਗਣਿਤ ਸ਼ਾਸਤਰੀ ਸਨ। ਲਾਹੌਰ ਨੇ ਅਬਦੁੱਸ ਸਲਾਮ ਸਕੂਲ ਆਫ਼ ਮੈਥੇਮੈਟੀਕਲ ਸਟੱਡੀਜ਼ ਰਾਹੀਂ ਉਨ੍ਹਾਂ ਦੀ ਯਾਦ ਬਰਕਰਾਰ ਰੱਖੀ ਹੋਈ ਹੈ, ਪਰ ਖੁਰਾਣਾ ਜਾਂ ਚੰਦਰਸ਼ੇਖਰ ਨੂੰ ਯਾਦ ਰੱਖਣਾ ਮੁਨਾਸਿਬ ਨਹੀਂ ਸਮਝਿਆ ਕਿਉਂਕਿ ਉਹ ਹਿੰਦੂ ਸਨ। ਕੀ ਇਹ ਸੋਚ ਵਾਜਬ ਹੈ? ਜਿਹੜੀ ਕੌਮ ਆਪਣੇ ਵਿਰਸੇ ਨੂੰ ਮਹਿਜ਼ ਮਜ਼ਹਬੀ ਆਧਾਰ ’ਤੇ ਵਿਸਾਰ ਦੇਵੇ, ਕੀ ਉਹ ਸਾਇੰਸ ਵਰਗੇ ਖੇਤਰ ਵਿਚ ਤਰੱਕੀ ਕਰ ਸਕੇਗੀ?

ਮਜ਼ਮੂਨ ਵਿਚ ਦੋ ਲਾਹੌਰੀ ਗਣਿਤ ਸ਼ਾਸਤਰੀਆਂ ਸਰਵਦਮਨ ਚੌਵਲਾ ਤੇ ਲਾਲ ਮੁਹੰਮਦ ਚਾਵਲਾ ਦਾ ਵੀ ਜ਼ਿਕਰ ਕੀਤਾ ਗਿਆ ਹੈ। ਸਰਵਦਮਨ 1937 ਤੋਂ 1947 ਤਕ ਪੰਜਾਬ ਯੂਨੀਵਰਸਿਟੀ ਦੇ ਗਣਿਤ ਵਿਭਾਗ ਦੇ ਮੁਖੀ ਰਹੇ। ਉਸ ਮਗਰੋਂ 1970 ਤੱਕ ਅਮਰੀਕਾ ਦੀਆਂ ਅਹਿਮ ਯੂਨੀਵਰਸਿਟੀਆਂ ਵਿਚ ਪ੍ਰੋਫੈਸਰ ਰਹੇ। ਉਨ੍ਹਾਂ ਨੂੰ ਮਹਾਨ ‘ਨੰਬਰ ਥਿਓਰਿਸਟ’ ਵਜੋਂ ਜਾਣਿਆ ਜਾਂਦਾ ਹੈ। ਲਾਲ ਮੁਹੰਮਦ ਚਾਵਲਾ ਨੇ 1955 ਵਿਚ ਆਕਸਫੋਰਡ ਤੋਂ ਗਣਿਤ ਦੀ ਪੋਸਟ ਗਰੈਜੂਏਸ਼ਨ ਮਗਰੋਂ ਸਮੁੱਚੇ ਕਰੀਅਰ ਦੌਰਾਨ ਸਿਰਫ਼ ਇਕ ਜ਼ਿਕਰਯੋਗ ਪਰਚਾ ਲਿਖਿਆ। ਗਣਿਤ ਨੂੰ ਪਰੋਮੋਟ ਕਰਨ ਦੀ ਥਾਂ ਉਹ ਮਜ਼ਹਬੀ ਕਿਤਾਬਾਂ ਲਿਖਦੇ ਰਹੇ। ਚੌਵਲਾ ਦੇ ਮੁਕਾਬਲੇ ਕੌਮਾਂਤਰੀ ਪੱਧਰ ’ਤੇ ਬਹੁਤ ਮਾਮੂਲੀ ਪ੍ਰਸਿੱਧੀ ਹਾਸਲ ਕਰ ਸਕੇ। ਇਸ ਦੇ ਬਾਵਜੂਦ ਗਵਰਨਮੈਂਟ ਕਾਲਜ (ਜੀ.ਸੀ.) ਯੂਨੀਵਰਸਿਟੀ ਦੀ ਗਣਿਤ ਸੁਸਾਇਟੀ ਉਨ੍ਹਾਂ ਦੇ ਨਾਂ ’ਤੇ ਹੈ। ਚੌਵਲਾ ਨੂੰ ਇਸ ਯੂਨੀਵਰਸਿਟੀ ਜਾਂ ਪੰਜਾਬ ਯੂਨੀਵਰਸਿਟੀ ਨੇ ਸਿਰਫ਼ ਇਸ ਕਰਕੇ ਵਿਸਾਰ ਦਿੱਤਾ ਹੈ ਕਿ ਉਹ ਹਿੰਦੂ ਸਨ। ਕੀ ਵਿਗਿਆਨਕ ਪ੍ਰਾਪਤੀਆਂ ਨੂੰ ਸਿਰਫ਼ ਮਜ਼ਹਬੀ ਆਧਾਰ ’ਤੇ ਮਾਨਤਾ ਦੇਣੀ ਸਹੀ ਰੁਝਾਨ ਹੈ? ਕੀ ਇਹ ਮੱਧਯੁੱਗੀ ਸੋਚ ਨਹੀਂ? ਮਜ਼ਮੂਨ ਦੇ ਅਖ਼ੀਰ ਵਿਚ ਚੀਨ ਤੇ ਭਾਰਤ ਦੀਆਂ ਮਿਸਾਲਾਂ ਦੇ ਕੇ ਲਿਖਿਆ ਗਿਆ ਹੈ ਕਿ ਇਨ੍ਹਾਂ ਮੁਲਕਾਂ ਨੇ ਮਜ਼ਹਬਾਂ ਨੂੰ ਵਿਗਿਆਨ ਦੇ ਦਾਇਰੇ ਤੋਂ ਬਾਹਰ ਰੱਖਿਆ। ਇਸੇ ਲਈ ਵਿਗਿਆਨ ਦੇ ਖੇਤਰ ਵਿਚ ਤਰੱਕੀ ਕੀਤੀ।

ਵਿਦੇਸ਼ੀ ਨਿਵੇਸ਼ਕਾਂ ਨੂੰ ਨਾਗਰਿਕਤਾ

ਪਾਕਿਸਤਾਨ ਸਰਕਾਰ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਪਾਕਿਸਤਾਨ ਵਿਚ ਨਿਵੇਸ਼ ਲਈ ਉਤਸ਼ਾਹਿਤ ਕਰਨ ਵਾਸਤੇ ਨਵੀਂ ਯੋਜਨਾ ਐਲਾਨੀ ਹੈ। ਇਸ ਦੇ ਤਹਿਤ ਵਿਦੇਸ਼ੀ ਨਿਵੇਸ਼ਕ, ਨਿਵੇਸ਼ ਬਦਲੇ ਪਾਕਿਸਤਾਨੀ ਨਾਗਰਿਕਤਾ ਜਾਂ ਸਥਾਈ ਰਿਹਾਇਸ਼ੀ ਪਰਮਿਟ ਵਰਗੀ ਸੁਵਿਧਾ ਹਾਸਲ ਕਰ ਸਕਣਗੇ। ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਸ਼ਨਿਚਰਵਾਰ ਨੂੰ ਇਕ ਟਵੀਟ ਰਾਹੀਂ ਦੱਸਿਆ ਕਿ ਕੇਂਦਰੀ ਕੈੈਬਨਿਟ ਨੇ ਇਹ ਫ਼ੈਸਲਾ ਧਨਾਢ ਅਫ਼ਗਾਨਾਂ ਤੇ ਚੀਨੀ ਸਰਮਾਏਦਾਰਾਂ ਨੂੰ ਪਾਕਿਸਤਾਨ ਵਿਚ ਸਰਮਾਇਆਸਾਜ਼ੀ ਵਾਸਤੇ ਆਕਰਸ਼ਿਤ ਕਰਨ ਲਈ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਕੈਨੇਡਾ ਵਿਚ ਸੈਂਕੜੇ ਧਨਾਢ ਅਫ਼ਗਾਨ ਰਹਿੰਦੇ ਹਨ ਜੋ ਕਿ ਆਪਣਾ ਪੈਸਾ ਇਰਾਨ, ਤੁਰਕੀ ਤੇ ਮਲੇਸ਼ੀਆ ਵਿਚ ਲਾ ਰਹੇ ਹਨ। ਉਹ ਇਹੋ ਪੈਸਾ ਪਾਕਿਸਤਾਨ ਵੱਲ ਮੋੜ ਕੇ ਪਾਕਿਸਤਾਨੀ ਨਾਗਰਿਕ ਬਣਨ ਵਰਗਾ ਲਾਭ ਪ੍ਰਾਪਤ ਕਰ ਸਕਦੇ ਹਨ।

ਫ਼ਵਾਦ ਚੌਧਰੀ ਨੇ ਕਿਹਾ ਕਿ ਇਹੋ ਸੁਵਿਧਾ ਅਮਰੀਕਾ, ਕੈਨੇਡਾ ਵਸੇ ਧਨਾਢ ਸਿੱਖਾਂ ਨੂੰ ਵੀ ਦਿੱਤੀ ਜਾਵੇਗੀ। ਸ਼ਰਤ ਸਿਰਫ਼ ਇਕੋ ਹੋਵੇਗੀ ਕਿ ਉਨ੍ਹਾਂ ਕੋਲ ਭਾਰਤੀ ਨਾਗਰਿਕਤਾ ਨਾ ਹੋਵੇ। ‘ਡੇਲੀ ਟਾਈਮਜ਼’ ਦੀ ਰਿਪੋਰਟ ਅਨੁਸਾਰ ਚੌਧਰੀ ਨੇ ਮੰਨਿਆ ਕਿ ਉਪਰੋਕਤ ਖੁੱਲ੍ਹ ਪਾਕਿਸਤਾਨ ਉੱਪਰ ਖਾਲਿਸਤਾਨੀਆਂ ਨੂੰ ਉਤਸ਼ਾਹਿਤ ਕਰਨ ਵਰਗੇ ਦੋਸ਼ ਲਗਵਾ ਸਕਦੀ ਹੈ, ਪਰ ਨਾਲ ਹੀ ਕਿਹਾ, ‘‘ਅਸੀਂ ਅਜਿਹੇ ਦੋਸ਼ਾਂ ਦਾ ਟਾਕਰਾ ਕਰਨ ਲਈ ਤਿਆਰ ਹਾਂ।’’

ਟਿਕ-ਟੌਕ ਸਟਾਰ ਖ਼ਿਲਾਫ਼ ਜਾਂਚ

ਪਾਕਿਸਤਾਨੀ ਟਿਕ-ਟੌਕ ਸਟਾਰ ਹਾਰੀਮ ਸ਼ਾਹ ਖ਼ਿਲਾਫ਼ ਕਾਲਾ ਧਨ ਚਿੱਟਾ ਬਣਾਉਣ (ਮਨੀ ਲਾਂਡਰਿੰਗ) ਦੇ ਦੋਸ਼ਾਂ ਦੀ ਜਾਂਚ-ਪੜਤਾਲ ਸ਼ੁਰੂ ਹੋ ਗਈ। ਪੜਤਾਲ ਸਰਕਾਰੀ ਏਜੰਸੀ ‘ਐੱਫ.ਆਈ.ਏ’ ਵਜੋਂ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ’ਤੇ ਹਾਰੀਮ ਦੀ ਇਕ ਵੀਡੀਓ ਵਾਇਰਲ ਹੋਈ ਸੀ। ਇਸ ਵਿਚ ਉਹ ਪੌਂਡ ਸਟਰਲਿੰਗ ਦੀਆਂ ਦੱਥੀਆਂ ਦੀਆਂ ਦੋ ਢੇਰੀਆਂ ਲੈ ਕੇ ਬੈਠੀ ਦਿਖਦੀ ਹੈ। ਇਸੇ ਵੀਡੀਓ ਵਿਚ ਉਹ ਕਹਿੰਦੀ ਹੈ ਕਿ ਉਹ ਪਾਕਿਸਤਾਨ ਤੋਂ ਨੋਟਾਂ ਦਾ ਬਸਤਾ ਭਰ ਕੇ ਲਿਆਈ ਸੀ। ਉਸ ਬਦਲੇ ਉਸ ਨੂੰ ਇੰਨੇ ਘੱਟ ਪੌਂਡ ਸਟਰਲਿੰਗ ਮਿਲੇ। ਸਰਕਾਰੀ ਹਲਕਿਆਂ ਅਨੁਸਾਰ ਕੋਈ ਵੀ ਬੰਦਾ ਪਾਕਿਸਤਾਨ ਵਿਚ ਜਿੰਨੀ ਮਰਜ਼ੀ ਵਿਦੇਸ਼ੀ ਕਰੰਸੀ ਲਿਆ ਸਕਦਾ ਹੈ, ਪਰ ਪਾਕਿਸਤਾਨ ਤੋਂ ਵਿਦੇਸ਼ ਜਾਣ ਲੱਗਿਆਂ 10 ਹਜ਼ਾਰ ਡਾਲਰਾਂ ਤੋਂ ਵੱਧ ਰਕਮ ਵਿਦੇਸ਼ ਤੇ ਵਿੱਤ ਮੰਤਰਾਲਿਆਂ ਦੀ ਅਗੇਤੀ ਮਨਜ਼ੂਰੀ ਤੋਂ ਬਿਨਾਂ ਨਹੀਂ ਲਿਜਾ ਸਕਦਾ। ਹਾਰੀਮ ਸ਼ਾਹ ਨੇ ਕੋਈ ਪੇਸ਼ਗੀ ਮਨਜ਼ੂਰੀ ਨਹੀਂ ਲਈ। ਨਾ ਹੀ ਇਹ ਦੱਸਿਆ ਹੈ ਕਿ ਉਸ ਕੋਲ ਬਸਤਾ ਭਰ ਨੋਟ ਕਿੱਥੋਂ ਆਏ। ਲਿਹਾਜ਼ਾ, ਉਸ ਖ਼ਿਲਾਫ਼ ਕਾਰਵਾਈ ਹੋਣੀ ਹੀ ਚਾਹੀਦੀ ਹੈ। ਇਹ ਦੂਜੀ ਵਾਰ ਹੈ ਜਦੋਂ ਕਿਸੇ ਵੀਡੀਓ ਨੂੰ ਲੈ ਕੇ ਹਾਰੀਮ ਸ਼ਾਹ ਖ਼ਿਲਾਫ਼ ਕੋਈ ਕੇਸ ਦਰਜ ਹੋਇਆ ਹੈ। ਦੂਜੇ ਪਾਸੇ ਹਾਰੀਮ ਦੇ ਕੁਝ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਹਾਰੀਮ ਪ੍ਰਚਾਰ ਸਟੰਟਾਂ ਰਾਹੀਂ ਖ਼ਬਰਾਂ ਵਿਚ ਬਣੇ ਰਹਿਣ ਦੀ ਮਾਹਿਰ ਹੈ। ਤਾਜ਼ਾ ਵੀਡੀਓ ਇਸੇ ਮੁਹਾਰਤ ਦਾ ਇਕ ਨਮੂਨਾ ਹੈ। ਜਾਂਚ-ਪੜਤਾਲ ਤੋਂ ਕੁਝ ਵੀ ਨਹੀਂ ਨਿਕਲਣ ਵਾਲਾ।

- ਪੰਜਾਬੀ ਟ੍ਰਿਬਿਊਨ ਫੀਚਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All