DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਸੋਇਆਬੀਨ ਦੀ ਸਫ਼ਲ ਕਾਸ਼ਤ ਲਈ ਜ਼ਰੂਰੀ ਨੁਕਤੇ

ਸੋਇਆਬੀਨ ‘ਗੋਲਡਨ ਬੀਨ’ ਦੇ ਨਾਮ ਨਾਲ ਜਾਣੀ ਜਾਣ ਵਾਲੀ ਦੁਨੀਆ ਦੀ ਇੱਕ ਅਹਿਮ ਤੇਲ ਬੀਜ ਵਾਲੀ ਫ਼ਸਲ (ਫਲੀਦਾਰ) ਹੈ। ਸਮੂਹ ਸੋਇਆਬੀਨ ਉਤਪਾਦਕ ਦੇਸ਼ਾਂ ਵਿੱਚੋਂ ਅਮਰੀਕਾ ਪਹਿਲੇ ਸਥਾਨ ’ਤੇ ਹੈ, ਜਿੱਥੇ ਦੁਨੀਆ ਦੀ ਕੁੱਲ 40 ਫ਼ੀਸਦੀ ਸੋਇਆਬੀਨ ਦਾ ਉਤਪਾਦਨ ਹੁੰਦਾ ਹੈ।...

  • fb
  • twitter
  • whatsapp
  • whatsapp
Advertisement

ਸੋਇਆਬੀਨ ‘ਗੋਲਡਨ ਬੀਨ’ ਦੇ ਨਾਮ ਨਾਲ ਜਾਣੀ ਜਾਣ ਵਾਲੀ ਦੁਨੀਆ ਦੀ ਇੱਕ ਅਹਿਮ ਤੇਲ ਬੀਜ ਵਾਲੀ ਫ਼ਸਲ (ਫਲੀਦਾਰ) ਹੈ। ਸਮੂਹ ਸੋਇਆਬੀਨ ਉਤਪਾਦਕ ਦੇਸ਼ਾਂ ਵਿੱਚੋਂ ਅਮਰੀਕਾ ਪਹਿਲੇ ਸਥਾਨ ’ਤੇ ਹੈ, ਜਿੱਥੇ ਦੁਨੀਆ ਦੀ ਕੁੱਲ 40 ਫ਼ੀਸਦੀ ਸੋਇਆਬੀਨ ਦਾ ਉਤਪਾਦਨ ਹੁੰਦਾ ਹੈ। ਭਾਰਤ ਵਿੱਚ ਦੁਨੀਆ ਦੀ 3 ਫ਼ੀਸਦੀ ਸੋਇਆਬੀਨ ਦਾ ਉਤਪਾਦਨ ਹੁੰਦਾ ਹੈ, ਜਿਸ ਦਾ ਉਤਪਾਦਨ ਵਿੱਚ ਪੰਜਵਾਂ ਸਥਾਨ ਹੈ। ਸੋਇਆਬੀਨ ਵਿੱਚ ਤਕਰੀਬਨ 40 ਫ਼ੀਸਦੀ ਪ੍ਰੋਟੀਨ ਅਤੇ 20 ਫ਼ੀਸਦੀ ਤੇਲ ਦੀ ਮਾਤਰਾ ਪਾਈ ਜਾਂਦੀ ਹੈ। ਸੋਇਆਬੀਨ ਦੇ ਦਾਣਿਆਂ ਵਿੱਚ ਆਈਸੋਫਲੇਵੋਨਸ (Isoflavones), ਟੋਕੋਫੇਰੋਲਸ (Tocopherols), ਲੈਸੀਥਿਨ (Lecithin), ਵਿਟਾਮਿਨ, ਖਣਿਜ ਪਦਾਰਥ, ਪ੍ਰੋਟੀਏਜ਼ ਇਨਹਿਬਿਟਰਜ਼ (Protease inhibitors), ਸੈਪੋਨਿਨਜ਼ (Saponins) ਤੇ ਟਰਪੀਨਜ਼ (Terpenes) ਆਦਿ ਹੁੰਦੇ ਹਨ, ਜੋ ਸਿਹਤ ਲਈ ਬਹੁਤ ਲਾਭਕਾਰੀ ਹਨ। ਤੇਲ, ਦੁੱਧ, ਪਨੀਰ, ਬੇਕਰੀ ਦੀਆਂ ਚੀਜ਼ਾਂ, ਦਵਾਈਆਂ ਵਿੱਚ ਅਤੇ ਤਾਜ਼ੀ ਹਰੀ ਸੋਇਆਬੀਨ ਦੇ ਤੌਰ ’ਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀ ਕਾਸ਼ਤ ਹਵਾ ਵਿੱਚੋਂ ਨਾਈਟ੍ਰੋਜਨ ਜ਼ਮੀਨ ਵਿੱਚ ਜਮ੍ਹਾਂ ਕਰਦੀ ਹੈ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ। ਪੰਜਾਬ ਵਿੱਚ ਝੋਨਾ-ਕਣਕ ਦਾ ਫ਼ਸਲੀ ਚੱਕਰ ਕਾਫ਼ੀ ਦਹਾਕਿਆਂ ਤੋਂ ਚੱਲਦਾ ਆ ਰਿਹਾ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈੈ। ਸੋਇਆਬੀਨ ਇੱਕ ਮਹੱਤਵਪੂਰਨ ਫਲੀਦਾਰ ਫ਼ਸਲ ਹੈ ਅਤੇ ਫ਼ਸਲੀ ਵੰਨ-ਸੁਵੰਨਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੀ ਹੈ। ਪੰਜਾਬ ਵਿੱਚ ਇਸ ਫ਼ਸਲ ਦਾ ਚੰਗਾ ਝਾੜ ਲੈਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਿਫ਼ਾਰਿਸ਼ ਕੀਤੀਆਂ ਇਹ ਖੇਤੀ ਵਿਗਿਆਨਕ ਵਿਧੀਆਂ ਅਪਣਾਉਣੀਆਂ ਚਾਹੀਦੀਆਂ ਹਨ:

ਸੁਧਰੀਆਂ ਕਿਸਮਾਂ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਵਿੱਚ ਬਿਜਾਈ ਲਈ ਸੋਇਆਬੀਨ ਦੀਆਂ ਤਿੰਨ ਕਿਸਮਾਂ- ਐੱਸ ਐੱਲ 744, ਐੱਸ ਐੱਲ 525 ਅਤੇ ਐੱਸ ਐੱਲ 295 - ਦੀ ਸਿਫ਼ਾਰਿਸ਼ ਕੀਤੀ ਗਈ ਹੈ। ਇਹ ਕਿਸਮਾਂ 139 ਤੋਂ 144 ਦਿਨਾਂ ਵਿੱਚ ਪੱਕ ਜਾਂਦੀਆਂ ਹਨ ਅਤੇ ਇਨ੍ਹਾਂ ਦਾ ਔਸਤ ਝਾੜ 6.0 ਤੋਂ 7.3 ਕੁਇੰਟਲ ਪ੍ਰਤੀ ਏਕੜ ਹੈ।

Advertisement

ਬੀਜ ਨੂੰ ਟੀਕਾ ਲਾਉਣਾ: ਬੀਜ ਨੂੰ ਬਿਜਾਈ ਤੋਂ ਪਹਿਲਾਂ ਬ੍ਰੈਡੀਰਾਈਜ਼ੋਬੀਅਮ (ਐੱਲ ਐੱਸ ਆਰ ਬੀ 3) ਦੇ ਟੀਕੇ ਨਾਲ ਸੋਧੋ। ਬੀਜ ਨੂੰ ਟੀਕਾ ਲਾਉਣ ਨਾਲ ਝਾੜ ਵਿੱਚ 8 ਫ਼ੀਸਦੀ ਤੱਕ ਵਾਧਾ ਹੁੰਦਾ ਹੈ। ਬੀਜ ਨੂੰ ਟੀਕਾ ਲਾਉਣ ਲਈ ਪਹਿਲਾਂ ਇੱਕ ਏਕੜ ਦੇ ਸਿਫ਼ਾਰਿਸ਼ ਕੀਤੇ ਬੀਜ ਨੂੰ ਘੱਟੋ-ਘੱਟ ਪਾਣੀ ਨਾਲ ਗਿੱਲਾ ਕਰੋ ਅਤੇ ਬ੍ਰੈਡੀਰਾਈਜ਼ੋਬੀਅਮ ਦੇ ਇੱਕ ਪੈਕੇਟ ਨਾਲ ਚੰਗੀ ਤਰ੍ਹਾਂ ਮਿਲਾ ਕੇ ਇਸ ਨੂੰ ਛਾਂ ਵਿੱਚ ਸੁੱਕਣ ਦਿਓ ਤੇ ਫਿਰ ਤੁਰੰਤ ਬੀਜੋ। ਜੀਵਾਣੂ ਖਾਦ ਦਾ ਇਹ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਬੀਜਾਂ ਦੀ ਦੁਕਾਨ, ਗੇਟ ਨੰਬਰ 1 ਅਤੇ ਵੱਖੋ-ਵੱਖਰੇ ਜ਼ਿਲ੍ਹਿਆਂ ਵਿੱਚ ਕ੍ਰਿਸ਼ੀ ਵਿਗਿਆਨ/ ਫਾਰਮ ਸਲਾਹਕਾਰ ਕੇਂਦਰਾਂ ਤੋਂ ਮਿਲਦਾ ਹੈ।

Advertisement

ਬੀਜ ਦੀ ਮਾਤਰਾ, ਬਿਜਾਈ ਦਾ ਸਮਾਂ ਅਤੇ ਢੰਗ: ਪੌਦਿਆਂ ਦੀ ਲੋੜੀਂਦੀ ਗਿਣਤੀ ਪ੍ਰਾਪਤ ਕਰਨ ਲਈ 25-30 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰਨੀ ਚਾਹੀਦੀ ਹੈ। ਸੋਇਆਬੀਨ ਦਾ ਚੰਗਾ ਝਾੜ ਪ੍ਰਾਪਤ ਕਰਨ ਲਈ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਕਰੋ। ਬਿਜਾਈ ਤੋਂ ਬਾਅਦ ਭਾਰੀ ਮੀਂਹ ਸੋਇਆਬੀਨ ਦੇ ਉੱਗਣ ’ਤੇ ਮਾੜਾ ਅਸਰ ਪਾਉਂਦਾ ਹੈ। ਇਸ ਲਈ ਫ਼ਸਲ ਦੀ ਬਿਜਾਈ ਮੌਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਚੰਗੀ ਨਮੀ ਵਾਲੀ ਸਥਿਤੀ ਵਿੱਚ ਕਰੋ। ਬਿਜਾਈ ਦੇ ਵੀ ਕਈ ਢੰਗ ਹਨ:

ਪੱਧਰੀ ਬਿਜਾਈ: ਪੱਧਰੀ ਬਿਜਾਈ ਲਈ ਬੀਜ 2.5 ਤੋਂ 5 ਸੈਂਟੀਮੀਟਰ ਡੂੰਘਾ ਬੀਜੋ ਅਤੇ ਬੂਟਿਆਂ ਤੇ ਕਤਾਰਾਂ ਦਾ ਵਕਫ਼ਾ ਕ੍ਰਮਵਾਰ 4-5 ਸੈਂਟੀਮੀਟਰ ਅਤੇ 45 ਸੈਂਟੀਮੀਟਰ ਰੱਖੋ।

ਜ਼ੀਰੋ ਟਿਲ ਡਰਿੱਲ ਬਿਜਾਈ: ਸੋਇਆਬੀਨ ਦੀ ਬਿਜਾਈ ਜ਼ੀਰੋ ਟਿਲ ਡਰਿੱਲ ਨਾਲ ਵੀ ਕੀਤੀ ਜਾ ਸਕਦੀ ਹੈ। ਇਸ ਨਾਲ ਵਹਾਈ ਦੇ ਖਰਚੇ ਦੀ ਬੱਚਤ ਹੁੰਦੀ ਹੈ।

ਬੈੱਡਾਂ ਉੱਤੇ ਬਿਜਾਈ: ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਸੋਇਆਬੀਨ ਦੀ ਬਿਜਾਈ ਕਣਕ ਦੇ ਬੈੱਡ ਪਲਾਂਟਰ ਦੀ ਵਰਤੋਂ ਕਰਕੇ 67.5 ਸੈਂਟੀਮੀਟਰ ਦੀ ਦੂਰੀ ਵਾਲੇ ਬੈੱਡਾਂ (37.5 ਬੈੱਡ ਟਾਪ, 30 ਸੈਂਟੀਮੀਟਰ ਖ਼ਾਲੀ) ’ਤੇ ਕੀਤੀ ਜਾ ਸਕਦੀ ਹੈ। ਬੀਜ ਅਤੇ ਖਾਦ ਦੀ ਉਹੀ ਮਾਤਰਾ ਵਰਤੋ, ਜੋ ਪੱਧਰੀ ਬਿਜਾਈ ਲਈ ਹੈ। ਅਜਿਹੇ ਬੈੱਡਾਂ ਉੱਤੇ ਸੋਇਆਬੀਨ ਦੀਆਂ ਦੋ ਕਤਾਰਾਂ ਪ੍ਰਤੀ ਬੈੱਡ ਬੀਜੋ। ਬਿਜਾਈ ਕਰਦੇ ਸਮੇਂ ਚੰਗੀ ਨਮੀ ਦੀ ਸਥਿਤੀ ਨੂੰ ਯਕੀਨੀ ਬਣਾਓ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਬਿਜਾਈ ਤੋਂ ਦੋ-ਤਿੰਨ ਦਿਨਾਂ ਦੇ ਅੰਦਰ-ਅੰਦਰ ਖਾਲੀਆਂ ਵਿੱਚ ਸਿੰਜਾਈ ਕਰੋ ਤਾਂ ਕਿ ਬੀਜਾਂ ਦਾ ਉੱਗਣਾ ਯਕੀਨੀ ਬਣਾਇਆ ਜਾ ਸਕੇ। ਸੋਇਆਬੀਨ ਵਿੱਚ ਨਮੀ ਦੀ ਸੰਭਾਲ ਕਣਕ ਦੇ ਨਾੜ ਜਾਂ ਝੋਨੇ ਦੀ ਪਰਾਲੀ ਦੀ ਵਰਤੋਂ ਕਰਕੇ ਕਤਾਰਾਂ ਨੂੰ ਢਕ ਕੇ ਕੀਤੀ ਜਾ ਸਕਦੀ ਹੈ।

ਸੋਇਆਬੀਨ ਲਈ ਵਰਤੀਆਂ ਜਾਣ ਵਾਲੀਆਂ ਖਾਦਾਂ: ੳ) ਜੈਵਿਕ ਖਾਦ: ਦਰਮਿਆਨੀਆਂ ਉਪਜਾਊ ਜ਼ਮੀਨਾਂ ’ਤੇ ਬਿਜਾਈ ਤੋਂ ਪਹਿਲਾਂ 4 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਪਾਓ ਜਾਂ ਸੋਇਆਬੀਨ ਬੀਜਣ ਤੋਂ ਪਹਿਲਾਂ ਖੇਤ ਵਿੱਚ ਹਰੀ ਖਾਦ ਦਬਾਓ। ਹਰੀ ਖਾਦ ਲਈ ਸਣ (20 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ) ਦੀ ਅਪਰੈਲ ਦੇ ਦੂਸਰੇ ਪੰਦਰਵਾੜੇ ਵਿੱਚ ਬਿਜਾਈ ਕਰ ਦਿਓ। ਜਦੋਂ ਹਰੀ ਖਾਦ ਦੀ ਫ਼ਸਲ 40-45 ਦਿਨਾਂ ਦੀ ਹੋ ਜਾਵੇ ਤਾਂ ਸੋਇਆਬੀਨ ਦੀ ਬਿਜਾਈ ਤੋਂ ਪਹਿਲਾਂ ਫ਼ਸਲ ਨੂੰ 5-7 ਦਿਨਾਂ ਲਈ ਦੱਬ ਦਿਓ ਅਤੇ ਗਲਣ ਦਿਓ। ਸੋਇਆਬੀਨ-ਕਣਕ ਫ਼ਸਲੀ ਚੱਕਰ ਵਿੱਚ ਸੋਇਆਬੀਨ ਦਾ ਵੱਧ ਝਾੜ ਲੈਣ ਲਈ ਹਰੀ ਖਾਦ ਦੇ ਨਾਲ-ਨਾਲ 28 ਕਿਲੋ ਯੂਰੀਆ ਪ੍ਰਤੀ ਏਕੜ ਪਾਓ।

ਅ) ਰਸਾਇਣਕ ਖਾਦਾਂ: ਬਿਜਾਈ ਸਮੇਂ 28 ਕਿਲੋ ਯੂਰੀਆ ਅਤੇ 200 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਪਾਓ। ਜੇਕਰ ਸੋਇਆਬੀਨ ਨੂੰ ਕਣਕ ਤੋਂ ਬਾਅਦ ਬੀਜਣਾ ਹੋਵੇ, ਜਿਸ ਨੂੰ ਫਾਸਫੋਰਸ ਦੀ ਪੂਰੀ ਮਾਤਰਾ ਪਾਈ ਗਈ ਹੋਵੇ ਤਾਂ 150 ਕਿਲੋ ਸਿੰਗਲ ਸੁਪਰਫਾਸਫੇਟ ਕਾਫ਼ੀ ਹੈ। ਇਸ ਤੋਂ ਇਲਾਵਾ 2 ਫ਼ੀਸਦੀ ਯੂਰੀਆ (3 ਕਿਲੋ ਯੂਰੀਆ 150 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ) ਬਿਜਾਈ ਤੋਂ 60 ਅਤੇ 75 ਦਿਨਾਂ ਬਾਅਦ ਛਿੜਕਾਅ ਕਰਨ ਨਾਲ ਝਾੜ ਵਿੱਚ ਵਾਧਾ ਹੁੰਦਾ ਹੈ।

ਨਦੀਨਾਂ ਦੀ ਰੋਕਥਾਮ: ਸੋਇਆਬੀਨ ਵਿੱਚ ਨਦੀਨਾਂ ਦੀ ਰੋਕਥਾਮ ਲਈ ਦੋ ਗੋਡੀਆਂ, ਪਹਿਲੀ ਬਿਜਾਈ ਤੋਂ 20 ਅਤੇ ਦੂਜੀ 40 ਦਿਨਾਂ ਬਾਅਦ, ਕਰਨੀਆਂ ਚਾਹੀਦੀਆਂ ਹਨ ਜਾਂ ਸਟੌਂਪ 30 ਈ ਸੀ 600 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 1-2 ਦਿਨਾਂ ਦੇ ਅੰਦਰ-ਅੰਦਰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਬਿਜਾਈ ਦੇ 15-20 ਦਿਨਾਂ ਬਾਅਦ 300 ਮਿਲੀਲਿਟਰ ਪਰੀਮੇਜ਼ 10 ਐੱਸ ਐੱਲ (ਇਮੇਜ਼ਥਾਪਾਇਰ) ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਨਾਲ ਘਾਹ, ਚੌੜੀ ਪੱਤੀ ਅਤੇ ਮੋਥਿਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਸਿੰਜਾਈ: ਜੇਕਰ ਬਾਰਸ਼ ਚੰਗੀ ਹੋਵੇ ਤਾਂ ਫ਼ਸਲ ਦੀ ਸਿੰਜਾਈ ਕਰਨ ਦੀ ਕੋਈ ਲੋੜ ਨਹੀਂ ਪੈਂਦੀ, ਨਹੀਂ ਤਾਂ ਫ਼ਸਲ ਨੂੰ ਤਿੰਨ-ਚਾਰ ਪਾਣੀਆਂ ਦੀ ਲੋੜ ਹੁੰਦੀ ਹੈ। ਫਲੀਆਂ ਵਿੱਚ ਦਾਣੇ ਪੈਣ ਸਮੇਂ ਇੱਕ ਸਿੰਜਾਈ ਬਹੁਤ ਲਾਭਦਾਇਕ ਹੈ ਅਤੇ ਇਸ ਸਮੇਂ ’ਤੇ ਫ਼ਸਲ ਨੂੰ ਪਾਣੀ ਦੀ ਔੜ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ।

ਵਾਢੀ, ਗਹਾਈ ਅਤੇ ਭੰਡਾਰਨ: ਜਦੋਂ ਜ਼ਿਆਦਾਤਰ ਪੱਤੇ ਝੜ ਜਾਂਦੇ ਹਨ ਅਤੇ ਫਲੀਆਂ ਦਾ ਰੰਗ ਬਦਲ ਜਾਂਦਾ ਹੈ ਤਾਂ ਫ਼ਸਲ ਵਾਢੀ ਲਈ ਤਿਆਰ ਹੁੰਦੀ ਹੈ। ਵਾਢੀ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਫਲੀਆਂ ਵਿੱਚੋਂ ਦਾਣੇ ਕਿਰਨ ਲੱਗਦੇ ਹਨ। ਗਹਾਈ ਦੌਰਾਨ ਫ਼ਸਲ ਨੂੰ ਬਹੁਤ ਜ਼ਿਆਦਾ ਕੁੱਟਿਆ ਜਾਂ ਲਿਤਾੜਿਆ ਨਾ ਜਾਵੇ ਕਿਉਂਕਿ ਇਹ ਬੀਜਾਂ ਦੀ ਗੁਣਵੱਤਾ ਅਤੇ ਉੱਗਣ ਦੀ ਸਮਰੱਥਾ ਨੂੰ ਘਟਾਉਂਦਾ ਹੈ।

* ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ।

Advertisement
×