ਅੱਖਾਂ ਦੀ ਤੰਦਰੁਸਤੀ ਲਈ ਮਹੱਤਵਪੂਰਨ ਨੁਕਤੇ
ਅੱਖਾਂ ਸਰੀਰ ਦਾ ਸਭ ਤੋਂ ਮਹੱਤਵਪੂਰਨ ਅਤੇ ਕੋਮਲ ਅੰਗ ਹਨ। ਖ਼ੂਬਸੂਰਤ ਅਤੇ ਤੰਦਰੁਸਤ ਅੱਖਾਂ ਹਰ ਇੱਕ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ। ਸਰੀਰ ਵਿੱਚ ਕਿਸੇ ਪੌਸ਼ਟਿਕ ਤੱਤ ਦੀ ਘਾਟ, ਮਾਨਸਿਕ ਤਣਾਅ, ਲਗਾਤਾਰ ਪੜ੍ਹਦੇ ਰਹਿਣਾ, ਕੰਪਿਊਟਰ/ਮੋਬਾਈਲ ਦੀ ਲੋੜ ਤੋਂ ਵੱਧ ਵਰਤੋਂ,...
ਅੱਖਾਂ ਸਰੀਰ ਦਾ ਸਭ ਤੋਂ ਮਹੱਤਵਪੂਰਨ ਅਤੇ ਕੋਮਲ ਅੰਗ ਹਨ। ਖ਼ੂਬਸੂਰਤ ਅਤੇ ਤੰਦਰੁਸਤ ਅੱਖਾਂ ਹਰ ਇੱਕ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ। ਸਰੀਰ ਵਿੱਚ ਕਿਸੇ ਪੌਸ਼ਟਿਕ ਤੱਤ ਦੀ ਘਾਟ, ਮਾਨਸਿਕ ਤਣਾਅ, ਲਗਾਤਾਰ ਪੜ੍ਹਦੇ ਰਹਿਣਾ, ਕੰਪਿਊਟਰ/ਮੋਬਾਈਲ ਦੀ ਲੋੜ ਤੋਂ ਵੱਧ ਵਰਤੋਂ, ਸਿਲਾਈ-ਕਢਾਈ ਵਰਗੇ ਬਾਰੀਕ ਕੰਮ ਕਰਨਾ, ਉਨੀਂਦਰਾਪਣ ਆਦਿ ਅਜਿਹੇ ਕਾਰਨ ਹਨ, ਜੋ ਅੱਖਾਂ ਦੀ ਤੰਦਰੁਸਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਅੱਖਾਂ ਨੂੰ ਸਿਹਤਮੰਦ ਅਤੇ ਖੂਬਸੂਰਤ ਰੱਖਣ ਲਈ ਹੇਠ ਲਿਖੇ ਨੁਕਤੇ ਤੁਹਾਡੇ ਲਈ ਫ਼ਾਇਦੇਮੰਦ ਸਾਬਤ ਹੋ ਸਕਦੇ ਹਨ:
ਸਫ਼ਾਈ: ਰੋਜ਼ਾਨਾ ਸਵੇਰੇ ਉੱਠਣ ਸਾਰ ਅੱਖਾਂ ਉੱਪਰ ਤਾਜ਼ੇ ਅਤੇ ਸਾਫ਼ ਪਾਣੀ ਦੇ ਛਿੱਟੇ ਮਾਰੋ। ਜੇਕਰ ਮੂੰਹ ’ਚ ਪਾਣੀ ਭਰ ਕੇ ਦੋਹਾਂ ਅੱਖਾਂ ’ਚ ਵਾਰੋ-ਵਾਰੀ ਪੰਜ-ਛੇ ਵਾਰ ਛਿੱਟੇ ਮਾਰੇ ਜਾਣ ਤਾਂ ਇਸ ਨਾਲ ਨਾ ਸਿਰਫ਼ ਅੱਖਾਂ ਹੀ ਸਾਫ਼ ਹੁੰਦੀਆਂ ਹਨ, ਬਲਕਿ ਨਜ਼ਰ ਵੀ ਕਮਜ਼ੋਰ ਨਹੀਂ ਹੁੰਦੀ। ਦਿਨ ਵਿੱਚ ਅੱਖਾਂ ਨੂੰ ਤਿੰਨ-ਚਾਰ ਵਾਰੀ ਸਾਫ਼ ਅਤੇ ਤਾਜ਼ੇ ਪਾਣੀ ਨਾਲ ਧੋਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ਼ ਅੱਖਾਂ ਵਿੱਚ ਪਏ ਧੂੜ-ਮਿੱਟੀ ਦੇ ਕਣ ਬਾਹਰ ਨਿਕਲ ਜਾਂਦੇ ਹਨ ਅਤੇ ਨਾਲ ਹੀ ਅੱਖਾਂ ਦੀ ਥਕਾਵਟ ਵੀ ਦੂਰ ਹੁੰਦੀ ਹੈ ਅਤੇ ਤਾਜ਼ਗੀ ਆਉਂਦੀ ਹੈ। ਅੱਖਾਂ ’ਚ ਗੁਲਾਬ ਜਲ ਦੀਆਂ ਬੂੰਦਾਂ ਪਾਉਣ ਨਾਲ ਵੀ ਅੱਖਾਂ ਸਾਫ਼ ਰਹਿੰਦੀਆਂ ਅਤੇ ਆਸ-ਪਾਸ ਦੇ ਕਾਲੇ ਧੱਬੇ ਦੂਰ ਹੋ ਜਾਂਦੇ ਹਨ।
ਕਸਰਤ: ਅੱਖਾਂ ਨੂੰ ਸਿਹਤਮੰਦ ਰੱਖਣ ਲਈ ਕਸਰਤ ਵੀ ਬਹੁਤ ਜ਼ਰੂਰੀ ਹੈ। ਇਸ ਲਈ ਸਭ ਤੋਂ ਪਹਿਲਾਂ ਅੱਖਾਂ ਨੂੰ ਉੱਪਰ-ਥੱਲੇ ਅਤੇ ਖੱਬੇ-ਸੱਜੇ ਭਾਵ ਗੋਲਾਈ ’ਚ ਘੁੰਮਾਓ। ਇਹ ਯਾਦ ਰਹੇ ਕਿ ਅੱਖਾਂ ਨੂੰ ਜਿੰਨੀ ਵਾਰੀ ਇਕ ਪਾਸੇ ਘੁੰਮਾਇਆ ਜਾਵੇ, ਓਨੀ ਹੀ ਵਾਰੀ ਦੂਸਰੇ ਪਾਸੇ ਘੁੰਮਾਉਣਾ ਚਾਹੀਦਾ ਹੈ। ਅੱਖਾਂ ਸਾਹਮਣੇ ਦੀਵਾਰ, ਮੇਜ਼, ਕੁਰਸੀ ਆਦਿ ਕੁਝ ਵੀ ਹੋਵੇ, ਦੇ ਦੋ ਕਿਨਾਰੇ ਮਿੱਥ ਲਵੋ। ਬਿਨਾਂ ਗਰਦਨ ਘੁਮਾਏ ਲਗਾਤਾਰ ਇਨ੍ਹਾਂ ਕਿਨਾਰਿਆਂ ਨੂੰ ਖੱਬੇ-ਸੱਜੇ ਦੇਖਣ ਦਾ ਯਤਨ ਕਰੋ। ਇਸ ਕਿਰਿਆ ਨੂੰ ਲਗਪਗ 10 ਤੋਂ 12 ਵਾਰ ਦੁਹਰਾਓ। ਜੇਕਰ ਉਪਰੋਕਤ ਕਸਰਤਾਂ ਨਿਯਮ ਅਨੁਸਾਰ ਠੀਕ ਤਰੀਕੇ ਨਾਲ ਕਰਦੇ ਰਹੀਏ ਤਾਂ ਇਸ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਬਣਦੀਆਂ ਹਨ ਅਤੇ ਰੌਸ਼ਨੀ ਵਧਦੀ ਹੈ ਅਤੇ ਅੱਖਾਂ ’ਤੇ ਝੁਰੜੀਆਂ ਤੇ ਲਕੀਰਾਂ ਵੀ ਨਹੀਂ ਪੈਂਦੀਆਂ।
ਮਾਲਿਸ਼: ਅੱਖਾਂ ਦੀ ਥਕਾਨ ਅਤੇ ਸਿਰਦਰਦ ਨੂੰ ਦੂਰ ਕਰ ਕੇ ਦੁਬਾਰਾ ਤਰੋ-ਤਾਜ਼ਾ ਹੋਣ ਅਤੇ ਅਧੂਰਾ ਕੰਮ ਮੁੜ ਸ਼ੁਰੂ ਕਰਨ ਲਈ ਮਾਲਿਸ਼ ਸਭ ਤੋਂ ਉੱਤਮ ਤਰੀਕਾ ਹੈ। ਜਦੋਂ ਅੱਖਾਂ ਬਹੁਤ ਹੀ ਭਾਰੀਪਣ ਮਹਿਸੂਸ ਕਰਨ ਤਾਂ ਪੰਜ-ਸੱਤ ਮਿੰਟ ਇਨ੍ਹਾਂ ਨੂੰ ਬੰਦ ਕਰ ਕੇ ਲੇਟ ਜਾਓ ਅਤੇ ਫਿਰ ਉੱਠ ਕੇ ਇਨ੍ਹਾਂ ਨੂੰ ਤਾਜ਼ੇ ਪਾਣੀ ਨਾਲ ਧੋਵੋ ਅਤੇ ਫਿਰ ਇਨ੍ਹਾਂ ਉੱਪਰ ਜੈਤੂਨ ਦਾ ਤੇਲ ਲਾਓ ਅਤੇ ਦੋਵੇਂ ਹੱਥਾਂ ਦੀਆਂ ਦੋ-ਦੋ ਉਂਗਲੀਆਂ ਨਾਲ ਉੱਪਰ ਤੋਂ ਥੱਲੇ ਪਲਕਾਂ ਨੂੰ ਛੂੰਹਦੇ ਹੋਏ ਗੋਲਾਈ ਵਿੱਚ ਮਾਲਿਸ਼ ਕਰੋ। ਹੁਣ ਇੱਕ ਹੱਥ ਦੇ ਅੰਗੂਠੇ ਤੇ ਪਹਿਲੀ ਉਂਗਲੀ ਨਾਲ ਭਰਵੱਟਿਆਂ ਨੂੰ ਥੋੜ੍ਹਾ ਉੱਪਰ ਚੁੱਕੋ ਅਤੇ ਦੂਸਰੇ ਹੱਥ ਦੇ ਅੰਗੂਠੇ ਤੇ ਉਂਗਲੀ ਨੂੰ ਭਰਵੱਟਿਆਂ ਦੇ ਥੱਲੇ ਵੱਲ ਨੂੰ ਫੇਰਦੇ ਹੋਏ ਮਾਲਿਸ਼ ਕਰੋ, ਫਿਰ ਹਥੇਲੀਆਂ ਨੂੰ ਅੱਖਾਂ ਉੱਪਰ ਰੱਖ ਕੇ ਹਲਕਾ-ਹਲਕਾ ਘੁੰਮਾਓ।
ਖੁਰਾਕ: ਅੱਖਾਂ ਨੂੰ ਸਿਹਤਮੰਦ ਰੱਖਣ ਲਈ ਖੁਰਾਕ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਲਈ ਵਿਟਾਮਿਨ- ਏ, ਵਿਟਾਮਿਨ- ਸੀ, ਵਿਟਾਮਿਨ ਈ ਅਤੇ ਓਮੇਗਾ- 3 ਯੁਕਤ ਖੁਰਾਕ ਵਧੀਆ ਵਿਕਲਪ ਹਨ। ਗਾਜਰ, ਚੁਕੰਦਰ, ਪਾਲਕ, ਸਾਗ, ਆਉਲਾ, ਆਂਡਾ, ਮੱਛੀ ਆਦਿ ਇਸ ਦੇ ਵਧੀਆ ਸਰੋਤ ਹਨ।
ਧਿਆਨ ਦੇਣ ਯੋਗ ਗੱਲਾਂ:
* ਸੂਰਜ ਦੀ ਹਲਕੀ ਧੁੱਪ ਅੱਖਾਂ ਲਈ ਬਹੁਤ ਚੰਗੀ ਹੁੰਦੀ ਹੈ। ਇਸ ਲਈ ਚੜ੍ਹਦੇ ਸੂਰਜ ਦੀਆਂ ਕਿਰਨਾਂ ਸਾਹਮਣੇ ਅੱਖਾਂ ਬੰਦ ਕਰ ਕੇ 15 ਤੋਂ 20 ਮਿੰਟ ਆਰਾਮ ਨਾਲ ਬੈਠ ਜਾਓ। ਇਹੀ ਕਿਰਿਆ ਸ਼ਾਮ ਨੂੰ ਦੁਹਰਾਓ। ਇਸ ਸਮੇਂ ਸੂਰਜ ਦਾ ਸੇਕ ਜ਼ਿਆਦਾ ਤੇਜ਼ ਅਤੇ ਤਿੱਖਾ ਨਹੀਂ ਹੁੰਦਾ।
* ਟੀ ਵੀ, ਮੋਬਾਈਲ ਫੋਨ ਆਦਿ ਦੇਖਣ ਸਮੇਂ ਹਲਕੇ ਰੰਗ ਦੀਆਂ ਐਨਕਾਂ ਦੀ ਵਰਤੋਂ ਜ਼ਰੂਰ ਕਰੋ। ਮੋਬਾਈਲ ਜਾਂ ਟੈਲੀਵਿਜ਼ਨ ਦੇਖਣ ਸਮੇਂ ਅੱਖਾਂ ਸਭ ਤੋਂ ਵੱਧ ਬੇਆਰਾਮ ਹੁੰਦੀਆਂ ਹਨ ਅਤੇ ਇਹ ਚੀਜ਼ਾਂ ਨਜ਼ਰ ਨੂੰ ਵੀ ਕਮਜ਼ੋਰ ਕਰਦੀਆਂ ਹਨ।
* ਲੇਟ ਕੇ ਪੜ੍ਹਨਾ ਜਾਂ ਦੇਖਣਾ ਅੱਖਾਂ ਲਈ ਨੁਕਸਾਨਦੇਹ ਹੈ। ਮੂਧੇ ਮੂੰਹ ਠੋਡੀ ਹੇਠ ਹਥੇਲੀ ਰੱਖ ਕੇ ਪੜ੍ਹਨਾ ਹੋਰ ਵੀ ਖ਼ਤਰਨਾਕ ਹੈ। ਇਸ ਤਰ੍ਹਾਂ ਅੱਖਾਂ ’ਤੇ ਭਾਰੀ ਦਬਾਅ ਪੈਂਦਾ ਹੈ ਅਤੇ ਇਸ ਨਾਲ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੁੰਦੀ ਹੈ।
* ਅੱਖਾਂ ਦੀ ਘਟ ਰਹੀ ਰੌਸ਼ਨੀ ਨੂੰ ਨਜ਼ਰਅੰਦਾਜ਼ ਨਾ ਕਰੋ, ਅੱਖਾਂ ਦੀ ਰੌਸ਼ਨੀ ਚੈੱਕ ਕਰਾ ਕੇ ਐਨਕ ਜ਼ਰੂਰ ਲਗਵਾਓ।
* ਅੱਖਾਂ ਨੂੰ ਸਿਹਤਮੰਦ ਰੱਖਣ ਲਈ ਸਵੇਰ ਦੀ ਸੈਰ, ਨੰਗੇ ਪੈਰੀਂ ਘਾਹ ’ਤੇ ਚੱਲਣ ਅਤੇ ਯੋਗ ਆਸਣ ਕਰਨ ਨਾਲ ਚਮਤਕਾਰੀ ਲਾਭ ਹੁੰਦਾ ਹੈ।

